ਵਸਿ਼ਗਟਨ- ਸੈਨੇਟਰ ਹਿਲਰੀ ਕਲਿੰਟਨ ਦੇ ਨਾਂ ਦੀ ਪੁਸ਼ਟੀ ਦੋ ਦੇ ਮੁਕਾਬਲੇ 94 ਵੋਟਾਂ ਨਾਲ ਕੀਤੇ ਜਾਣ ਤੇ ਇਕ ਘੰਟੇ ਦੇ ਵਿਚ ਹੀ ਉਸਨੇ ਵਿਦੇਸ਼ਮੰਤਰੀ ਦੇ ਤੌਰ ਤੇ ਸਹੁੰ ਚੁਕੀ। ਹਿਲਰੀ ਦੇ ਸਹੁੰ ਚੁਕਣ ਸਮੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਪਵਿਤਰ ਬਾਈਬਲ ਪਕੜ ਕੇ ਖੜ੍ਹੇ ਸਨ। ਕੋਂਡੋਲੀਜਾ ਰਾਈਸ ਵਾਲਾ ਅਹੁਦਾ ਗ੍ਰਹਿਣ ਕਰਕੇ ਹਿਲਰੀ 67ਵੀਂ ਵਿਦੇਸ਼ਮੰਤਰੀ ਬਣ ਗਈ ਹੈ। ਉਸਨੂੰ ਵਿਦੇਸ਼ ਮੰਤਰੀ ਨਿਯੁਕਤ ਕਰਨ ਬਾਰੇ ਸੇਨਟ ਵਿਚ ਪਹਿਲਾਂ ਬਹਿਸ ਹੋਈ। ਇਸ ਤੋਂ ਬਾਅਦ ਵੋਟਾਂ ਪਈਆਂ। ਹਿਲਰੀ ਦੇ ਪੱਖ ਵਿਚ 94 ਵੋਟਾਂ ਪਈਆਂ ਜਦ ਕੇ ਖਿਲਾਫ 2 ਵੋਟਾਂ ਪਈਆਂ। ਉਸਦੇ ਖਿਲਾਫ ਵੋਟਾਂ ਪਾਉਣ ਵਾਲੇ ਦੋਵੇਂ ਸੇਨੇਟਰ ਰੀਪਬਲਕਿਨ ਹਨ। ਇਨ੍ਹਾਂ ਵਿਚ ਜਿੰਮ ਡੇ ਮਿੰਟ ਸਾਊਥ ਕੈਰੋਲਿਨਾ ਤੋਂ ਅਤੇ ਡੇਵਿਡ ਵਿਟਰ ਲੂਸਿਆਨਾ ਤੋਂ ਸੇਨੇਟਰ ਹਨ। ਟੈਕਸਸ ਦੇ ਰੀਪਬਲਕਿਨ ਸੇਨੇਟਰ ਜਾਨ ਕਾਰਨਨ ਨੇ ਮੰਗ ਕੀਤੀ ਸੀ ਕਿ ਹਿਲਰੀ ਦੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਅਗਵਾਈ ਵਾਲੇ ਗੈਰ ਲਾਭਕਾਰੀ ਕਲਿੰਟਨ ਫਾਊਂਡੇਸ਼ਨ ਦੇ ਬਾਰੇ ਹਿਲਰੀ ਨੂੰ ਜਿਆਦਾ ਪਾਰਦਰਸ਼ੀ ਹੋਣਾ ਚਾਹੀਦਾ ਹੈ। ਇਸ ਤੋਂ ਇਕ ਦਿਨ ਬਾਅਦ ਵੋਟਾਂ ਪਈਆਂ। ਮਜੇ ਵਾਲੀ ਗੱਲ ਇਹ ਹੈ ਕਿ ਕਾਰਨੇਨ ਨੇ ਹਿਲਰੀ ਦੇ ਹਕ ਵਿਚ ਵੋਟ ਦਿਤੀ।
ਬਹਿਸ ਵਿਚ ਹਿਸਾ ਲੈਂਦੇ ਹੋਏ ਸੈਨਟ ਦੀ ਵਿਦੇਸ਼ ਸਬੰਧੀ ਕਮੇਟੀ ਦੇ ਪ੍ਰਧਾਨ ਸੇਨੇਟਰ ਜਾਨ ਕੈਰੀ ਨੇ ਕਿਹਾ ਕਿ ਹਿਲਰੀ ਨੇ ਜਟਿਲ ਵਿਦੇਸ਼ ਨੀਤੀ ਦੇ ਸਬੰਧ ਵਿਚ ਆਪਣੇ ਵਿਚਾਰ ਸਪਸ਼ਟ ਕੀਤੇ ਹਨ। ਉਸਨੇ ਵਿਖਾ ਦਿਤਾ ਹੈ ਕਿ ਉਹ ਪ੍ਰਭਾਵਸ਼ਾਲੀ ਵਿਦੇਸ਼ ਮੰਤਰੀ ਹੋ ਸਕਦੀ ਹੈ। ਕੈਰੀ ਨੇ ਕਿਹਾ ਕਿ ਹਿਲਰੀ ਅਮਰੀਕੀ ਨੇਤਰਤਵ ਨੂੰ ਵਿਸ਼ਵ ਵਿਚ ਚੰਗੀ ਤਰ੍ਹਾਂ ਪੇਸ਼ ਕਰ ਸਕਦੀ ਹੈ। ਉਹ ਦੇਸ਼ ਅਤੇ ਵਿਦੇਸ਼ ਵਿਚ ਸਹਿਯੋਗੀ ਬਣਾਉਣ ਵਿਚ ਸਹਾਇਕ ਸਾਬਿਤ ਹੋ ਸਕਦੀ ਹੈ, ਜੋ ਆਉਣ ਵਾਲੇ ਸਮੇ ਵਿਚ ਸਾਡੀ ਸਫਲਤਾ ਲਈ ਬਹੁਤ ਜਰੂਰੀ ਹੋਵੇਗਾ। ਕੈਰੀ ਨੇ ਆਪਣੇ ਸਹਿਯੋਗੀਆਂ ਨੂੰ ਹਿਲਰੀ ਦੇ ਪੱਖ ਵਿਚ ਵੋਟ ਪਾਉਣ ਦੀ ਵੀ ਅਪੀਲ ਕੀਤੀ। ਕਾਰਨੇਨ ਨੇ ਕਿਹਾ ਕਿ ਮੈਨੂੰ ਇਹ ਚਿੰਤਾ ਨਹੀ ਸੀ ਕਿ ਹਿਲਰੀ ਵਿਦੇਸ਼ ਮੰਤਰੀ ਬਣਨ ਦੇ ਯੋਗ ਹੈ ਜਾਂ ਨਹੀ, ਉਹ ਯੋਗ ਹੈ। ਮੈਂ ਉਸਦੇ ਹੱਕ ਵਿਚ ਵੋਟ ਦੇਣੀ ਚਾਹੁੰਦਾ ਸੀ।

