ਜਬ ਇਹ ਗਹੈ ਬਿਪ੍ਰਨ ਕੀ ਰੀਤ

ਸੰਨ 1699 ਈ. ਦੀ ਵਿਸਾਖੀ ਦਾ ਦਿਨ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਕਿ ਅਚਾਨਕ ਕਲਗੀਧਰ ਪਿਤਾ ਜੀ ਹੱਥ ਵਿੱਚ ਲਿਸ਼ਕਦੀ ਹੋਈ ਸ਼ਮਸ਼ੀਰ ਲੈ ਕੇ ਸਟੇਜ ਤੇ ਆਏ ਅਤੇ ਐਸਾ ਸਵਾਲ ਪੁਛਿਆ ਕਿ ਹਰ ਪਾਸੇ ਚੁੱਪ ਵਰਤ ਗਈ । ਦਸਮੇਸ਼ ਪਿਤਾ ਪੂਰੇ ਜਾਹੋ-ਜਲਾਲ ਨਾਲ ਕਹਿ ਰਹੇ ਸਨ ਕਿ ਕੋਈ ਸਿੱਖ ਪਿਆਰਾ ਹੈ ਜੋ ਆਪਣਾ ਸੀਸ ਅੱਜ ਮੈਨੂੰ ਭੇਂਟ ਕਰ ਸਕੇ ? ਇਹ ਕਿਸ ਤਰ੍ਹਾਂ ਦੀ ਮੰਗ ? ਹਰ ਪਾਸੇ ਹੈਰਾਨੀ, ਉਤਸੁਕਤਾ ਛਾ ਗਈ ਬਈ ਇਹ ਕੀ? ਕਿ ਅਚਾਨਕ ਸੰਗਤ ਵਿੱਚੋਂ (ਸਿਰੁ ਧਰਿ ਤਲੀ ਗਲੀ ਮੇਰੀ ਆਉ ਅਤੇ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਂਨਿਐ ਪਾਈਐੇ ਦੇ ਮਹਾਂਵਾਕ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਕ ਸਿੱਖ ਦੀ ਆਵਾਜ਼ ਆਈ “ਗੁਰੂ ਪਿਤਾ ਜੀ ਦੇਰੀ ਲਈ ਮੁਆਫੀ, ਮੇਰਾ ਸੀਸ ਪ੍ਰਵਾਨ ਕਰੋ।
         
ਇਸ ਤਰ੍ਹਾਂ ਪੰਜ ਵਾਰ ਮੰਗ ਕਰਨ ਤੇ ਪੰਜ ਸਿੱਖ ਤਿਆਰ ਹੋਏ, ਜ੍ਹਿਨਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੁਰੂ ਜੀ ਨੇ ਖਾਲਸੇ ਦਾ ਖ਼ਿਤਾਬ ਦਿੱਤਾ । ਇੱਕ ਐੈਸੇ ਮਨੁੱਖ ਦੀ ਸਿਰਜਨਾ ਕੀਤੀ ਜਿਸਦੀ ਤਿਆਰੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਇੱਕ ਸੰਪੂਰਨ ਮਨੁੱਖ ਸੀ ।ਜਿਸਨੂੰ ਗੁਰੂ ਜੀ ਨੇ ਖਾਲਸਾ ਕਿਹਾ । ਫਿਰ ਉਸੇ ਖਾਲਸੇ ਕੋਲੋਂ ਅਮ੍ਰਿਤ ਦੀ ਦਾਤ ਮੰਗਦਿਆ ਕਿਹਾ ਕਿ :

 ਖ਼ਾਲਸਾ ਜੀ ! ਹੁਣ ਇਹ ਅੰਮ੍ਰਿਤ ਦੀ ਦਾਤ, ਗੋਬਿੰਦ ਰਾਏ ਨੂੰ ਵੀ ਬਖਸ਼ ਕੇ ਗੋਬਿੰਦ ਸਿੰਘ ਬਣਾਉ !
ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ  ਅਤੇ
ਖ਼ਾਲਸਾ ਮੇਰੋ ਰੂਪ ਹੈ ਖਾਸ ।। ਖਾਲਸੇ ਮੈਂਹੋ ਕਰਉਂ ਨਿਵਾਸ ।।
ਖਾਲਸਾ ਮੇਰੋ ਪਿੰਡ ਪ੍ਰਾਨ ।। ਖਾਲਸਾ ਮੇਰੀ ਜਾਨ ਕੀ ਜਾਨ ।। ਅਤੇ ਇਥੋਂ ਤੱਕ ਕਹਿ ਦਿੱਤਾ ਕਿ ਖ਼ਾਲਸਾ ਮੇਰੋ ਸਤਿਗੁਰ ਪੂਰਾ ।। ਐੇਨਾ ਮਾਨ ਇਸ ਖਾਲਸੇ ਨੂੰ ਬਖਸ਼ਿਆ ਕਿ ਹੱਦ ਹੀ ਹੋ ਗਈ ਜਦੋਂ “ਇਨਹੀ ਕੀ ਕ੍ਰਿਪਾ ਕੇ ਸਜੈ ਹਮ ਹੈਂ ਨਹੀਂ ਮੋ ਸੋ ਗਰੀਬ ਕ੍ਰੋਰ ਪਰੇ” ਕਹਿ ਦਿੱਤਾ ।
       
ਫਿਰ ਸਭ ਕੁਝ ਕਹਿਣ ਤੱਕ ਹੀ ਸੀਮਿਤ ਨਹੀਂ ਰੱਖਿਆ ਖ਼ਾਲਸੇ ਨੂੰ ਆਪਣੇ ਪੁੱਤਰਾਂ ਦਾ ਇੱਕ ਜੌੜਾ ਕਿਤੇ, ਇੱਕ ਜੋੜਾ ਕਿਤੇ ਸ਼ਹੀਦ ਕਰਵਾਉਣ ਤੋਂ ਬਾਅਦ ਆਪਣੇ ਪੁੱਤਰਾਂ ਦਾ ਮਾਣ ਦਿੱਤਾ ।
     
ਖ਼ਾਲਸੇ ਨੂੰ  ਹਰ ਤਰ੍ਹਾਂ ਦੇ ਜ਼ਾਤ-ਪਾਤ, ਊਚ-ਨੀਚ, ਫੋਕਟ ਕਰਮਕਾਂਢਾਂ, ਮੜ੍ਹੀਆਂ, ਮਸਾਣਾ, ਦੇਵੀ ਦੇਵਤਾ, ਵਹਿਮ ਭਰਮ, ਅੰਧ-ਵਿਸ਼ਵਾਸ, ਅਨੇਕਤਾ ਦੀ ਪੂਜਾ ਤੋਂ ਨਿਰਲੇਪ ਨਿਡਰ, ਸੂਰਬੀਰ, ਯੋਧਾ, ਭਗਤ ਦੇ ਰੂਪ ਵਿੱਚ ਪੇਸ਼ ਕੀਤਾ । ਜਿਸਨੇ ਬਿਖੜੇ ਸਮੇਂ ਵਿੱਚ ਆਪਣੀ ਸੂਰਬੀਰਤਾ ਇੱਕ ਪ੍ਰਮਾਤਮਤਾ ਵਿੱਚ ਵਿਸ਼ਵਾਸ, ਸਿੱਖੀ ਸਪਿਰਿਟ ਨੂੰ ਕਾਇਮ ਰੱਖਦਿਆਂ, ਗੁਰੂ ਸਾਹਿਬਾਨ ਦੇ ਅਮਲੀ ਜੀਵਨ ਅਤੇ ਉਪਦੇਸ਼ਾਂ ਨੂੰ ਆਪਣਾ ਆਧਾਰ ਬਣਾ ਕੇ ਬੇਅੰਤ ਤਸ਼ੱਦਦ ਅਤੇ ਅਥਾਹ ਕੁਰਬਾਨੀਆਂ ਦੇ ਕੇ ਆਪਣਾ ਅਕਸ ਬਚਾ ਕੇ ਰੱਖਿਆ ਅਤੇ ਗੁਰੂ ਪਿਤਾ ਵੱਲੋਂ ਕੀਤੀ ਗਈ ਤਾੜਨਾ ਕਿ:
   
ਜਬ ਇਹ ਗਹੈ ਬਿਪ੍ਰਨ ਕੀ ਰੀਤ ।। ਮੈਂ ਨ ਕਰਉਂ ਇਨਕੀ ਪ੍ਰਤੀਤ ।। ਨੂੰ ਹਮੇਸ਼ਾਂ ਯਾਦ ਰੱਖਿਆ, ਕਿਉਂਕਿ ਗੁਰੂ ਪਿਤਾ ਜੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਮੇਰੇ ਖ਼ਾਲਸੇ ਦਾ ਨਿਆਰਾਪਣ ਕਾਇਮ ਰਹੇਗਾ ਮੈਂ ਇਸਦੀ ਪਰਤੀਤ (ਪਰਵਾਹ) ਕਰਾਂਗਾ, ਪਰ ਜੇਕਰ ਇਹ ਸਿੱਖੀ ਸਿਧਾਂਤਾਂ , ਗੁਰਮਤਿ ਵੀਚਾਰਧਾਰਾ, ਤੱਤ ਗੁਰਮਤਿ ਨੂੰ ਹੀ ਛਿੱਕੇ ‘ਤੇ ਟੰਗ ਕੇ ਬਿਪ੍ਰਨ ਦੀਆਂ ਰੀਤਾਂ ਵਿੱਚ ਮਸ਼ਰੂਫ ਹੋ ਗਿਆ ਤਾਂ ਮੈਂ ਵੀ ਇਸਦੀ ਪੁੱਛ-ਪੜਤਾਲ ਨਹੀਂ ਕਰਾਂਗਾ। ਇੱਕ ਹੋਰ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਬਿਪ੍ਰ ਕੀ ਹੈ ਅਤੇ ਉਸਦੀ ਇਹ ਰੀਤ ਕਿਹੜੀ ਹੈ, ਜਿਸਤੋਂ ਚੋਜੀ ਪ੍ਰੀਤਮ, ਕਲਗੀਧਰ ਪਿਤਾ ਜੀ ਨੇ ਖ਼ਾਲਸੇ ਨੂੰ ਸਖ਼ਤ ਹਦਾਇਤ ਦਿੱਤੀ ਸੀ ਕਿ ਇਸ ਰੀਤ ਦਾ ਧਾਰਨੀ ਕਦੇ ਵੀ ਨਾ ਹੋਈ ਨਹੀਂ ਤਾਂ ਮੇਰਾ ਵਿਸ਼ਵਾਸ਼ ਆਪਣੇ ਤੋਂ ਗੁਆ ਬੈਠੇਂਗਾ। ਬਿੱਪ੍ਰ ਦਾ ਅਰਥ ਹੈ ਬ੍ਰਾਹਮਣ ਅਤੇ ਇੱਕ ਤੋਂ ਵੱਧ ਬ੍ਰਹਾਮਣਾਂ ਨੂੰ ਕਿਹਾ ਜਾਂਦਾ ਹੈ ਬਿਪ੍ਰਨ। ਭਾਵ ਕਿ ਬਹੁਵਚਨ ਬਿਪ੍ਰ ਤੋਂ ਬਣਿਆ ਬਿਪ੍ਰਨ ਅਤੇ ਬਿਪ੍ਰਨ ਕੀ ਰੀਤ ਤੋਂ ਭਾਵ ਅਖੌਤੀ ਬ੍ਰਹਾਮਣਾਂ ਦੀਆਂ ਰੀਤਾਂ (ਕਰਮਕਾਢੀ ਮਰਿਯਾਦਾਵਾਂ, ਧਰਮ ਦੇ ਨਾਮ ਹੇਠ ਕੀਤੀ ਜਾ ਰਹੀ ਲੁੱਟ, ਅੰਧ ਵਿਸ਼ਵਾਸ਼ ਆਦਿ ਹੋਰ ਅਨੇਕਾਂ ਬ੍ਰਹਾਮਣਵਾਦੀ ਰਸਮਾਂ ਸ਼ਾਮਿਲ ਹਨ।)
     
ਅੱਜ ਆਪਣੇ ਮਨਾਂ ਅੰਦਰ ਝਾਤ ਮਾਰ ਕੇ ਵੇਖੀਏ ਕਿ ਅੱਜ ਵੀ ਸਾਡਾ ਗੁਰੂ ਸਾਡੇ ਨਾਲ ਹੈ ਜਾਂ ਅਸੀਂ ਬੇ-ਮੁੱਖ ਹੋ ਚੁੱਕੇ ਹਾਂ। ਕਿਉਂਕਿ ਅੱਜ ਸਿੱਖਾਂ ਦੀ ਬਹੁੱਤ ਵੱਡੀ ਗਿਣਤੀ ਬਿਪਰਨ ਦੀਆਂ ਰੀਤਾਂ ਦੀ ਧਾਰਨੀ ਹੋ ਚੁੱਕੀ ਹੈ। ਮੈ ਸਾਰੀਆਂ ਦਾ ਣਿਕਰ ਵਿਸਥਾਰ ਨਾਲ ਤਾਂ ਨਹੀਂ ਕਰਦਾ ਪਰ ਦੱਸਣ ਮਾਤਰ ਸੰਕੇਪ ਰੂਪ ਵਿੱਚ ਦੱਸ ਦੇਣਾ ਚਾਹੁੰਦਾ ਹਾਂ ਤਾਂ ਕਿ ਅਸੀਂ ਆਪਾ ਪੜਚੋਲ ਤਾਂ ਕਰ ਸਕੀਏ ਅਤੇ ਸੋਚਣ ਲਈ ਮਜਬੂਰ ਹੋ ਸਕੀਏ ਕਿ ਅਸੀ ਵਾਕੇਈ ਸਿੱਖ ਅਖਵਾਉਣ ਦੇ ਅਧਿਕਾਰੀ ਹਾਂ ਜਾਂ ਹੋ ਚੁੱਕੇ ਹਾਂ ਬਿਪਰਵਾਦੀ ਰੀਤਾਂ ਦੇ ਧਾਰਨੀ।

ਅੱਜ ਸਿੱਖ ਬੁੱਤ ਪੂਜਾ, ਮੜੀਆ ਮਸਾਣਾ, ਵਰਤਾਂ, ਕਬਰਾਂ, ਟੱਲ ਖੜਕਾਉਂਦੇ, ਭੋਗ ਲਾਉਣੇ, ਸਾਹਾ ਕਢਵਾਉਂਦੇ, ਜ਼ਾਤ-ਪਾਤ, ਵਹਿਮ ਭਰਮ, ਜੋਤਸ਼ਿ ਦੇ ਅੰਧ-ਵਿਸ਼ਵਾਸ਼ਾਂ, ਕਰਮਕਾਂਢਾਂ ਆਦਿ ਵਿੱਚ ਇਤਨੀ ਬੁਰੀ ਤਰ੍ਹਾਂ ਗਲਤਾਨ ਹੋ ਚੁੱਕੇ ਹਨ ਕਿ ਮੈਂ ਨਿੱਜੀ ਤੌਰ ਤੇ ਅਜਿਹੇ ਗੁਰਦੁਆਰਿਆ ਨੂੰ ਜਾਣਦਾ ਹਾਂ ਜਿੱਥੇ ਅੱਜ ਵੀ ਸ਼ਿਵਲਿੰਗ, ਮੂਰਤੀਆਂ, ਸਮਾਧਾਂ ਆਦਿ ਦਾ ਪ੍ਰਵੇਸ਼ ਕਰਵਾ ਕੇ ਉਹਨਾਂ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਹੈ ਅਤੇ ਚਿੱਟੇ ਚੋਲੇ, ਕ੍ਰਿਪਾਨਾ ਪਾ ਕੇ, ਗੁਰਦੂਆਰੇ ਦੇ ਪ੍ਰਧਾਨ ਦੀ ਕੁਰਸੀ ਤੇ ਬੈਠੇ ਆਪਣੇ ਸਿੱਖ ਹੋਣ ਦਾ ਦਾਅਵਾ ਕਰ ਰਹੇ ਹਾਂ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਢੱਠੇ ਖੂਹ ਵਿੱਚ ਸੁੱਟ ਦਿੱਤਾ ਹੈ। ਅੱਜ ਕਿਸੇ ਸ਼ਹਿਰ ਵਿੱਚ ਐਤਵਾਰ ਦੇ ਦਿਨ ਜੇਕਰ ਸਾਰੀਆਂ ਬੀਬੀਆਂ ਘਰਾਂ ਵਿੱਚ ਇੱਕੱਠੇ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਅਤੇ ਤਾਂ ਉਹਨਾਂ ਵਿੱਚੋਂ ਹੀ 50 % ਬੀਬੀਆਂ ਆਉਂਦੇ ਵੀਰਵਾਰ ਨੂੰ ਪੀਰਾਂ ਦੀ ਜਗ੍ਹਾ ਤੇ ਤੇਲ ਪਾ ਰਹੀਆਂ ਹੁੰਦੀਆਂ ਹਨ।
      
ਅੱਜ ਗੁਰਦੁਆਰੇ ਜਾਤਾਂ ਪਾਤਾਂ ਤੇ ਅਧਾਰਿਤ ਬਣ ਚੁੱਕੇ ਹਨ, ਵੋਟਾਂ ਧਾਰਮਿਕ ਹੋਣ ਜਾਂ ਰਾਜਨੀਤਿਕ ਜਾਂ ਗੁਰਦੂਆਰਾ ਕਮੇਟੀ ਦੀਆਂ ਹੋਣ ਸ਼ਰਾਬਾਂ ਦੀਆਂ ਪੇਟੀਆਂ ਸ਼ਰੇਆਮ ਵੰਡੀਆਂ ਜਾਂਦੀਆਂ ਹਨ।ਸਿੱਖ ਇਸਤਰੀਆਂ ਕਰਵਾ ਚੌਥ ਦੇ ਵਰਤ, ਪੂਰਨਮਾਸ਼ੀ ਦਾ ਵਰਤ, ਸੋਮਵਾਰ ਦਾ ਵਰਤ, ਵੀਰਵਾਰ ਦਾ ਵਰਤ, ਪਤੀ ਦੀ ਲੰਮੀ ਉਮਰ ਦੀ ਕਾਮਨਾ, ਘਰਾਂ ਵਿੱਚ ਜੋਤਾਂ ਜਗਾਉਣੀਆਂ, ਗੁਰਦੁਆਰਿਆਂ ਵਿੱਚ ਸ਼ਨੀਵਾਰ ਨੂੰ ਕਾਲੇ ਛੋਲੇ ਲਈ ਫਿਰਨੇ ਨਹੀਂ ਤਾਂ ਸ਼ਨੀਵਾਰ ਨੂੰ ਗੁਰਦੁਆਰਾ ਰਾਮਸਰ ਸਾਹਿਬ, ਸਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਆਇਉ, ਤਿਉਹਾਰਾਂ ਦੀ ਗੱਲ ਕਰੀਏ ਤਾਂ ਲੋਹੜੀ, ਰੱਖੜੀ, ਹੋਲੀ, ਕੰਜਕਾਂ, ਦੁਸ਼ਹਿਰਾ, ਦੀਵਾਲੀ ਤੋਨ ਅਗਲੇ ਦਿਨ ਵਿਸ਼ਵਕਰਮਾ ਦੀ ਪੂਜਾ, ਟਿੱਕਾ ਭਾਈ ਦੂਜ, ਲਕਸ਼ਮੀ ਪੂਜਾ ਸਿੱਖਾਂ ਦੇ ਘਰਾ ਵਿੱਚ ਕੀਤੀ ਜਾਂਦੀ ਹੈ, ਸਿੱਖ ਲੀਡਰ ਹਵਨ ਕਰਵਾਉਂਦੇ, ਟਿੱਕੇ ਲਗਵਾਉਂਦੇ, ਮਰਤੀਆਂ ਅਗੇ ਮੱਥੇ ਟੇਕਦੇ ਨੱਕ ਰਗੜਦੇ ਵੇਖੇ ਜਾ ਸਕਦੇ ਹਨ। ਇਹ ਸੱਭ ਬਿਪਰਨ ਦੀਆਂ ਰੀਤਾਂ ਨਹੀਂ ਤਾਂ ਹੋਰ ਕੀ ਹਨ। ਇਸਤੋਂ ਵੀ ਅੱਗੇ ਜਾ ਕੇ ਇਹਨਾਂ ਨੇ ਵੀ ਬ੍ਰਹਾਮਣਵਾਦੀ ਤਰੀਕਿਆਂ ਨੂੰ ਅਪਨਾਉਂਦਿਆਂ ਗੁਰਬਾਣੀ ਦਾ ਤੋਤਾ ਰਟਨ, ਗਿਣਤੀਆਂ-ਮਿਣਤੀਆਂ ਦੇ ਪਾਠ, ਇਕੋਤਰੀਆਂ, ਜਪ-ਤਪ ਸਮਾਗਮ, ਚੌਪਹਿਰੇ, ਅਖੰਡਪਾਠਾਂ ਦੀਆਂ ਲੜੀਆਂ (101 ਪਾਠ, 501 ਪਾਠ, 1001 ਪਾਠ ਆਦਿਕ), ਰੇਡੀਮੇਡ ਅਖੰਡਪਾਠ (ਡਾਕ ਰਾਹੀਂ ਪੈਸੇ ਭੇਜ ਕੇ ਪਾਠ ਦਾ ਮਹਾਤਮ ਖਰੀਦ ਲੈਣਾ।), ਸੰਪਟ ਪਾਠ (ਕਿਸੇ ਤੁੱਕ ਨੂੰ ਭਾਵਨਾ ਅਨੁਸਾਰ ਫਲ ਦੇਣ ਵਾਲੀ ਮੰਨ ਕੇ ਹਰੇਕ ਸ਼ਬਦ ਅਤੇ ਪਉੜੀ ਸ਼ਲੋਕ ਦੇ ਆਸਿ ਅੰਤ ਦੇ ਕੇ ਪਾਠ ਕਰਨਾ ਸੰਪਟ ਪਾਠ ਕਰਨਾ ਹੈ।) ਦਰਸ਼ਨ ਪਾਠ ਜਾਂ ਨੇਤ੍ਰ ਪਾਠ (ਅੱਖਾਂ ਨਾਲ ਹੀ ਸਾਰੇ ਸਰੂਪ ਦੇ ਦਰਸ਼ਨ ਕਰਨੇ), ਭੋਰ ਪਾਠ (ਸਾਰੇ ਮੂੰਹ ਉਤੇ ਕੱਪੜਾ ਜਾਂ ਹਜੂੀਰੀਆ ਲਪੇਟ ਕੇ ਬੱਸ ਮੂੰਹ ਨਾਲ ਹੀ ਭੂੰ……ਅੰ………..ਭੂੰਅੂੰ…… ਕਰੀ ਜਾਣਾ), ਫਲਾਣੇ ਸ਼ਬਦ ਨਾਲ ਫਲਾਣੀ ਇੱਛਾ ਪੂਰੀ ਹੋਣ ਦਾ ਭਰਮ ਜੋ ਕਿ ਸਰਾਸਰ ਗੁਰਬਾਣੀ ਦੀ ਨਿਰਾਦਰੀ ਹੈ। ਵਰ, ਸਰਾਪ ਆਸੀਸ, ਬਦ ਆਸੀਸ, ਸੁੱਖਣਾ, ਆਰਤੀਆਂ, ਤੀਰਥ ਯਾਤਰਾ, ਤੀਰਥ ਇਸ਼ਨਾਨ, ਟੇਵੇ ਬਣਵਾਉਣਾ, ਵਸਤੂ ਸ਼ਾਸਤਰ, ਸ਼ਰਾਧਾਂ, ਵੰਨ ਸੁਵੰਨੇ ਨਗਾਂ ਦੀਆਂ ਮੁੰਦਰੀਆਂ ਹੱਥਾਂ ਵਿੱਚ ਪਾਈ ਫਿਰਦਾ ਗੁਰੂ ਦਾ ਅਖੌਤੀ ਸਿੱਖ, ਮੰਗਲੀਕ ਦਾ ਵੀਚਾਰ, ਸਿੱਖਾਂ ਦੀਆਂ ਦੁਕਾਨਾਂ ਅੱਗੇ ਨਿੰਬੂ-ਮਿਰਚਾਂ ਬੰਨੇ ਆਮ ਵੇਖੇ ਜਾ ਸਕਦੇ ਹਨ। ਕੋਈ ਸਿੱਖ ਕਿਸੇ ਦੇਵੀ ਦੇ ਸਥਾਨ ਤੇ ਸੁੱਖਣਾ ਲਾਹੁਣ ਹਾ ਰਿਹਾ ਹੈ ਅਤੇ ਕੋਈ ਕਿਸੇ ਦੇਵੀ ਦਾ ਆਸ਼ੀਰਵਾਦ ਲੈਣ ਜਾ ਰਿਹਾ ਹੈ। ਅੱਜ ਦਾ ਨੌਜਵਾਨ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਤੇ ਵੱਡੇ ਵੱਡੇ ਖਾਲਸਾ ਮਾਰਚ, ਲੰਗਰਾਂ, ਨਗਰ ਕੀਰਤਨਾਂ, ਕੀਰਤਨ ਦਰਬਾਰਾਂ ਵਿੱਚ ਹੀ ਗੁਰੁ ਨੂੰ ਖੁਸ਼ ਹੋਇਆ ਸਮਝ ਰਿਹਾ ਹੈ ਜਦਕਿ ਆਪ ਸਿਰੋਂ ਮੋਨਾ, ਪਤਿਤ, ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ। ੳੋਏ ਨੌਜਵਾਨੋ! ਸਿਰਫ ਸਿਰ ਤੇ ਖੰਡੇ ਵਾਲੇ ਪਟਕੇ, ਗਲੇ ਵਿੱਚ ਖੰਡੇ ਵਾਲੀਆਂ ਮੋਟੀਆਂ ਚੈਨੀਆਂ, ਸਕੂਟਰਾ- ਮੋਟਰਸਾਇਕਲਾਂ ਤੇ “ਸਿੰਘ ਇਜ਼ ਕਿੰਗ” ਲਿਖਵਾ ਕੇ ਹੀ ਨਹੀਂ ਕੋਈ ਗੁਰੂ ਵਾਲਾ ਬਣ ਜਾਂਦਾ। ਗੁਰੂ ਵਾਲਾ ਬਣਨ ਲਈ ਸਾਬਤ ਸੂਰਤਤਾ, ਗੁਰੁ ਨਾਲ ਪਿਆਰ, ਗੁਰੁ ਨੂੰ ਅੰਗ-ਸੰਗ ਸਮਝਨ ਵਾਲਾ ਭਰੋਸਾ ਸਿਦਕ, ਗੁਰਬਾਣੀ ਵਿੱਚ ਪੱਕਾ ਵਿਸ਼ਵਾਸ਼ ਅਤੇ ਅੰਦਰੂਨੀ ਰਹਿਤ ਵੀ ਬਹੁੱਤ ਜ਼ਰੂਰੀ ਹੈ। ਪਰ ਅੱਜ ਭਾਣਾ ਕੀ ਵਰਤ ਰਿਹਾ ਹੈ ਤਕ ਕੇ ਰੋਣਾ ਆ ਰਿਹਾ ਹੈ। ਤਾਂਹੀਉ ਕਿਸੇ ਕਵੀ ਨੇ ਲਿਖਿਆ ਹੈ

ਦੁਸ਼ਮਨਾਂ ਤੇ ਕੀ ਗਿਲਾ ਈ ? ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ । 

ਅੱਜ ਦੀ ਧਾਰਮਿਕ ਅਖੌਤੀ ਲੀਡਰਸ਼ਿਪ ਵੀ ਰਾਜਨੀਤੀ ਦੀ ਡੂੰਘੀ ਖੱਡ ਵਿੱਚ ਡਿੱਗ ਕੇ ਕੌਮ ਦੀਆਂ ਜੜਾਂ ਨੂੰ ਤੇਲ ਦੇ ਰਹੀ ਹੈ। ਦਸਮੇਸ਼ ਪਿਤਾ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਇਸ ਕਦਰ ਮਿਟੀ ਵਿੱਚ ਰੋਲ ਰਹੀ ਹੈ ਕਿ ਇਕ ਸੱਚਾ ਸਿੱਖ ਦਾ ਇਹ ਸਭ ਕੁਝ ਵੇਖ, ਸੁਣ, ਪੜ੍ਹ ਕੇ ਕਲੇਜਾ ਮੂੰਹ ਵਿੱਚ ਆ ਜਾਂਦਾ ਹੈ ਕਿ ਅੱਜ ਹਾਲਾਤ ਐਨੇ ਬੱਤਰ ਹੋ ਚੁੱਕੇ ਹਨ ਕਿ ਕੁਝ ਨਕਲੀ ਸਿੱਖ ਆਪ ਤਾਂ ਬਿਪਰਵਾਦੀ ਰੀਤਾ ਦੇ ਧਾਰਨੀ ਹੋਏ ਹੀ ਹਨ ‘ਤੇ ਹੁਣ “ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ-ਪਵਿੱਤਰ ਸ਼ਖਸ਼ੀਅਤ ਨੂੰ ਵੀ ਬਿਪਰਵਾਦੀ ਰੀਤਾਂ ਦਾ ਧਾਰਨੀ ਸਾਬਤ ਕਰਨ ਲਈ ਕਿਸੇ ਵਿਰੋਧੀ ਅਤੇ ਸਾਕਤਮਤੀ ਵੱਲੋਂ ਲਿਖੇ ਅਸਲੀਲ਼ ਅਤੇ ਕਾਮੁਕ ਗ੍ਰੰਥ ਨੂੰ ਦਸ਼ਮ ਪਿਤਾ ਦਾ ਨਾਮ ਨਾਲ ਜੋੜਨ ਲਈ ਉਠ ਖੜੇ ਹੋਏ ਹਨ।”: ਬੇਸ਼ੱਕ ਬਹੁੱਤ ਘੱਟ ਮਾਤਰਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਉਸ ਗ੍ਰੰਥ ਵਿੱਚ ਦਰਜ ਹੈ, ਪਰ ਉਸਦਾ ਵੱਡਾ ਹਿੱਸਾ ਕਾਮ ਲੀਲਾਵਾਂ, ਨਸ਼ਿਆਂ ਵੱਲ ਪ੍ਰਰਿਤ ਕਰਨ ਵਾਲਾ, ਭੋਗ ਆਸਣਾਂ, ਅਸਲੀਲਤਾ ਨਾਲ ਭਰਿਆ ਪਿਆ ਹੈ। ਤਾਹੀਓਂ ਅੱਜ ਸਿੱਖ ਦੀ ਸੋਚ ਦਾ ਦੀਵਾਲਾ ਨਿਕਲ ਚੁੱਕਾ ਹੈ ਕਿਉਂਕਿ ਗੁਰੂ ਦੀ ਪ੍ਰਤੀਤ ਨਹੀਂ ਰਹੀ ।
       
ਅੱਜ ਸਾਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ । ਮੁੜ ਆਉ ਵਾਪਿਸ ਅਜੋਕੀ ਤੜਕ ਭੜਕ ਵਾਲੀ ਮਾਇਆ ਨਾਲ ਗਲਤਾਨ ਦੁਨੀਆਂ ਵਿੱਚੋਂ ਅਜੇ ਸਮਾਂ ਜੇ, ਜੇਕਰ ਸਮਾਂ ਲੰਘ ਗਿਆ ਤਾਂ ਫਿਰ ਪਾਤਸ਼ਾਹ ਨੇ ਵੀ ਸਪੱਸ਼ਟ ਕਰ ਦਿਤਾ ਜੇ
ਮੈਂ ਨ ਕਰਉਂ ਇਨਕੀ ਪ੍ਰਤੀਤ ਅਤੇ ਨਾਲ ਗੁਰਬਾਣੀ ਵੀ ਕਹਿ ਰਹੀ ਜੇ:-
ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਿ ਉਸਕਾ ਬਿਸ੍ਵਾਸੁ ਨ ਹੋਵੈ ॥ (ਗਉੜੀ ਸੁਖਮਨੀ ਮ.5, ਪੰਨਾ 268)
          
ਆਉ “ਵਖਤੁ ਵੀਚਾਰੇ ਸੋ ਬੰਦਾ ਹੋਇ” (ਪੰਨਾ 84) ਦੇ ਮਹਾਂਵਾਕ ਅਨੁਸਾਰ ਦਸ਼ਮ ਪਿਤਾ ਦੀ ਦੱਸੀ ਰਹਿਤ ਦੇ  ਧਾਰਨੀ ਹੋ ਕੇ, ਬਿਪਰਵਾਦ ਦਾ ਜਾਲ ਖਦੇੜ ਦੇਈਏ, ਅਤੇ ਦਸਮੇਸ਼ ਪਿਤਾ ਨਾਲ ਜੁੜੀਏ ਅਤੇ ਸਿਰਫ ਸ਼ਬਦ ਗੁਰੂ ਜੀ ਵੱਲ ਕੇਂਦਰਿਤ ਹੋ ਕੇ ਮੁੜ ਗੁਰੂ ਦੀ ਪ੍ਰਤੀਤ ਹਾਸਿਲ ਕਰੀਏ ਅਤੇ ਆਪਣਾ ਜੀਵਨ ਸਵਾਰੀਏ । ਕਿਉਂਕਿ : ਰਹਿਤ ਪਿਆਰੀ ਮੁਝ ਕਉ, ਸਿੱਖ ਪਿਆਰਾ ਨਾਹਿ ।।(ਗੁਰੁ ਗੋਬਿੰਦ ਸਿੰਘ ਜੀ)

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>