ਧਰੁਵ ਤਾਰਾ

ਰਾਤ ਦੇ ਅਖੀਰਲੇ ਪਹਿਰ ਵੀ ਮੈਨੂੰ ਨੀਂਦ ਨਹੀਂ ਆ ਰਹੀ, ਬਿਸਤਰੇ ‘ਚੋਂ ਨਿਕਲ ਕੇ ਮੈਂ ਖਿੜਕੀ ਵਿੱਚ ਆ ਖੜੀ ਹੋਈ। ਪੋਹ ਦੇ ਮਹੀਨੇ ਦੀ ਲੰਮੀ ਰਾਤ ਬੀਤਣ ਵਿੱਚ ਅਜੇ ਦੋ ਕੁ ਘੰਟੇ ਬਾਕੀ ਸਨ। ਰਾਜ ਨੇ ਅੱਜ ਸਵੇਰ ਏਅਰਪੋਰਟ ਲਈ ਰਵਾਨਾ ਹੋ ਜਾਣਾ ਹੈ। ਦਿਲ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਮੇਰਾ ਲਾਡਲਾ ਅੱਜ ਮੈਨੂੰ ਮਤਲਬ ਕਿ ਆਪਣੀ ਮਾਂ ਨੂੰ ਇਕੱਲੀ ਛੱਡ ਕੇ ਵਲੈਤ ਜਾ ਰਿਹਾ ਹੈ। ਮੇਰੀਆਂ ਅੱਖੀਆਂ ਦੀ ਨੀਂਦ ਤਾਂ ਜਿਵੇਂ ਕਿਸੇ ਖੋ ਹੀ ਲਈ ਹੋਵੇ। ਅੱਖੀਆਂ ‘ਚੋਂ ਵਹਿ ਰਹੇ ਗਰਮ ਹੰਝੂਆਂ ਦੀ ਝੜੀ ਟੁੱਟਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਉਮਰ ਦੇ ਉਸ ਮੋੜ ਤੇ ਜੱਦ ਮਾਂਪਿਆਂ ਦੀਆਂ ਸੱਧਰਾਂ ਪੂਰੀਆਂ ਹੋਣ ਦਾ ਵੇਲਾ ਆ ਗਿਆ ਸੀ, ਸਾਡਾ ਅੱਖੀਆਂ ਦਾ ਤਾਰਾ, ਸਾਡੇ ਲਈ ਵਿਦੇਸ਼ੀ ਨੋਟਾਂ ਨਾਲ ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰ ਫਿਰੰਗੀ ਅਸਮਾਨ ਵੱਲ ਕਦਮ ਵਧਾ ਰਿਹਾ ਸੀ। ਪਰ ਤਾਰੇ ਤੋੜਕੇ ਲਿਆਉਣ ਦੀ ਹੁੜਕ ਵੀ ਤਾਂ ਅਸੀਂ ਹੀ ਜਗਾਈ ਸੀ ਉਸ ਵਿੱਚ, ਉਸ ਦੀ ਹਰ ਇੱਕ ਰੀਝ ਪੂਰੀ ਕਰ ਕੇ, ਕੀ ਨਹੀਂ ਕੀਤਾ ਸੀ ਅਸੀਂ ਉਸ ਲਈ……………

ਪੰਝੀ ਵਰ੍ਹੇ ਪਹਿਲਾਂ ਦਾ ਦ੍ਰਿਸ਼ ਮੇਰੇ ਅੱਗੇ ਅੱਜ ਦੀ ਬਾਤ ਬਣ ਕੇ ਘੁੰਮਣ ਲੱਗਣ ਪਿਆ, ਜੱਦ ਮੈਂ ਰਾਜ ਨੂੰ ਸਕੂਲੇ ਪਹਿਲੇ ਦਿਨ ਛੱਡਣ ਗਈ ਸਾਂ। ਉਸ ਰੋ-ਰੋ ਕੇ ਮੈਨੂੰ ਵੀ ਆਪਣੇ ਨਾਲ ਰੁਆ ਦਿੱਤਾ ਸੀ। ਉਹ ਵਾਰ-ਵਾਰ ਕਹਿ ਰਿਹਾ ਸੀ-“ਮੰਮੀ, ਮੰਮੀ! ਮੈਨੂੰ ਛੱਡ ਕੇ ਨਾ ਜਾ। ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ। ਮੈਨੂੰ ਆਪਣੇ ਨਾਲ ਘਰ ਲੈ ਜਾ। ਮੈਡਮ ਮਾਰਦੀ ਐ।” ਮੈਂ ਸਕੂਲ ਦੇ ਬਾਹਰ ਲੁੱਕ ਕੇ ਉਸ ਨੂੰ ਵੇਖ ਰਹੀ ਸਾਂ, ਉਸ ਦੇ ਚੁੱਪ ਹੋਣ ਦੀ ਉਡੀਕ ਕਰਦੀ ਦੇ ਕੱਦੋਂ ਨਾਲ-ਨਾਲ ਰੋਂਦੇ ਹੋਏ ਦੋ ਘੰਟੇ ਬੀਤੇ ਕੁੱਝ ਪਤਾ ਹੀ ਨਹੀਂ ਚੱਲਿਆ। ਉਸ ਨੂੰ ਚੁੱਪ ਨਾ ਕਰਦਾ ਵੇਖ ਮੈਂ ਉਸ ਨੂੰ ਘਰੇ ਵਾਪਸ ਲੈ ਆਈ। ਰੋ-ਰੋ ਕੇ ਉਸ ਨੇ ਅੱਖੀਆਂ ਸੁਜਾ ਲਈਆਂ ਸਨ। ਮੈਂ ਰਾਜ ਦੇ ਪਾਪਾ ਨੂੰ ਮਨਾ ਲਿਆ ਕਿ ਕੋਈ ਗੱਲ ਨਹੀਂ ਆਪਾਂ ਅੱਗਲੇ ਵਰ੍ਹੇ ਇਸ ਨੂੰ ਸਕੂਲੇ ਪੜਣੇ ਪਾ ਦਿਆਂਗੇ। ਹਾਏ ਰੀ ਮਮਤਾ! ਜਿਸ ਨੇ ਕਦੇ ਆਪਣੀ ਅੱਖ ਦਾ ਤਾਰਾ ਅੱਖੀਆਂ ਤੋਂ ਉਹਲੇ ਹੋਣ ਨਹੀਂ ਦਿੱਤਾ ਸੀ ਅੱਜ ਉਹ ਕਿਵੇਂ ਜਰੂਗੀ ਕਿਸੇ ਸੋਚਿਆ ਹੀ ਨਹੀਂ ਸੀ। ਬਸ ਰਾਜ ਨੇ ਪਿਛਲੇ ਮਹੀਨੇ ਸ਼ਾਮੀ ਘਰੇ ਪਰਤਣ ਤੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਕਿ ਉਸ ਦਾ ਕਾਰੋਬਾਰ ਇੱਥੇ ਜੰਮ ਨਹੀਂ ਰਿਹਾ ਇਸ ਲਈ ਉਹ ਵਲੈਤ ਜਾ ਰਿਹੈ। ਵੀੰਜਾ ਲੱਗ ਗਿਐ ਤੇ ਆਉਂਦੀ ਵੀਹ ਤਾਰੀਖ ਨੂੰ ਉਹ ਜਹਾਜ ਵਿੱਚ ਬਹਿ ਜਾਊਗਾ।

ਇੱਕ ਵਾਰੀ ਵੀ ਉਸ ਆਪਣਾ ਦਿਲ ਮਾਂ ਨਾਲ ਸਾਂਝਾ ਕਰਨ ਦੀ ਲੋੜ ਨਹੀਂ ਸਮਝੀ ਸੀ, ਮੇਰੇ ਅੰਦਰ ਝਾਤੀ ਮਾਰਨ ਦੀ ਖੇਚਲ ਵੀ ਨਹੀਂ ਕੀਤੀ। ਅੱਜ ਉਸਨੂੰ ਸਿਰਫ ਆਪਣਾ ਭਵਿੱਖ ਨਜ਼ਰ ਆ ਰਿਹਾ ਸੀ, ਮਾਂ ਨਹੀਂ, ਉਸ ਦੀਆਂ ਆਂਦਰਾਂ ਨਹੀਂ। ਕਿੰਨੀਆਂ ਰੀਝਾਂ ਨਾਲ ਪਾਲ-ਪੋਸ ਕੇ ਵੱਡਾ ਕੀਤਾ ਸੀ। ਕੀ ਇਸ ਦਿਨ ਲਈ ਕਿ ਉਹ ਮੈਨੂੰ ਅੰਤ ਵੇਲੇ ਇਕੱਲਿਆਂ ਛੱਡ ਕੇ ਚਲੇ ਜਾਵੇ? ਪਰ ਮੈਂ ਤਾਂ ਮਾਂ ਹਾਂ ਤਿਆਗ ਦੀ ਮੂਰਤ। ਔਰਤ ਹਾਂ ਜਿਸ ਦੇ ਆਂਚਲ ਵਿੱਚ ਦੁੱਧ ਤੇ ਅੱਖੀਆਂ ਵਿੱਚ ਪਾਣੀ, ਜਿਸਦੀ ਸਾਰ ਨਾ ਮਾਂ-ਪਿਉ ਲੈਂਦਾ ਤੇ ਨ ਹੀ ਔਲਾਦ। ਜਿਸ ਅੱਗੇ ਹਮੇਸ਼ਾ ਹੀ ਵਾਸਤਾ ਪਾ ਦਿੱਤਾ ਜਾਂਦੈ। ਔਰਤ ਤਾਂ ਉਹ ਜ਼ਮੀਨ ਹੈ ਜਿਸਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਹੱਲ ਤੇਰੀ ਛਾਤੀ ਨੂੰ ਚੀਰ ਤਾਂ ਨਹੀਂ ਰਿਹਾ। ਰਾਜ ਨੂੰ ਚੰਗੀ ਸਿੱਖਿਆ ਤੇ ਤਰਬੀਅਤ ਵਾਸਤੇ ਮੈਂ ਕੰਨੋ ਵੀ ਸਦਾ ਬੁੱਚੀ ਹੀ ਰਹੀ, ਟੂੰਬਾਂ ਤਾਂ ਇਸ ਦੀ ਪੜ੍ਹਾਈ ਦੀ ਭੇਟਾਂ ਚੜ੍ਹ ਗਈਆਂ। ਇਸ ਦੇ ਕਾਰੋਬਾਰ ਲਈ ਮਕਾਨ ਵੀ ਵੇਚ ਦਿੱਤਾ ਤੇ ਅੱਜ ਉਹੀ ਮਾਂ ਨੂੰ ਸਹਾਰਾ ਦੇਣ ਲਈ ਉਸ ਨੂੰ ਬੇਸਹਾਰਾ ਕਰ ਕੇ ਜਾ ਰਿਹਾ ਸੀ, ਕਿਹੋ ਜਿਹਾ ਸਹਾਰਾ ਦੇਣ ਲਈ? ਮੈਂ ਤਾਂ ਉਸ ਨੂੰ ਕਦੇ ਨਹੀਂ ਸੀ ਆਖਿਆ-“ਮੈਨੂੰ ਕੋਠੀ ਚਾਹੀਦੀ ਹੈ, ਫਲਾਣੀ ਕਾਰ ਲੋੜੀਂਦੀ ਹੈ।” ਮੈਨੂੰ ਤਾਂ ਗੰਢੇ ਦੀ ਕੁੱਟੀ ਚਟਨੀ ਵਿੱਚ ਹੀ ਸੰਤੋਖ ਸੀ। ਬਸ ਉਹ ਮੇਰੀ ਅੱਖੀਆਂ ਅੱਗੇ ਹੀ ਰਹੇ ਬਸ ਇਹੀ ਇਕੋ ਅਰਜ ਸੀ ਮੇਰੀ ਜੋ ਉਸਨੇ ਨਕਾਰ ਦਿੱਤੀ ਸੀ। ਅੱਜ ਉਸਦਾ ਦਿਲ ਇਨ੍ਹਾਂ ਕਠੋਰ ਕਿਉਂ ਹੋ ਗਿਆ ਸੀ?

ਸ਼ਾਇਦ ਮੇਰੀ ਤਰਬੀਅਤ ਵਿੱਚ ਹੀ ਕਿਤੇ ਖੋਟ ਸੀ, ਮੇਰੀ ਉਂਗਲ ਫੜੇ ਬਿਨਾ ਉਹ ਤੁਰਦਾ ਨਹੀਂ ਸੀ, ਰਾਤ ਨੂੰ ਅਨ੍ਹੇਰੇ ਤੋਂ ਡਰਦਾ  ‘ਕੱਲਾ ਕਿਤੇ ਦਰਵਾਜੇ ਤੋਂ ਬਾਹਰ ਪੈਰ ਨਹੀਂ ਕੱਢਦਾ ਸੀ, ਅੱਜ ਉਹ ਸੱਤ ਸਮੁੰਦਰੋ ਪਾਰ ਜਾਣ ਦੀ ਤਿਆਰੀ ਵੱਟ ਚੁੱਕਾ ਸੀ। ਕਿਉਂ ਉਸ ਨੂੰ ਆਪਣੀ ਮਾਂ ਨਜ਼ਰੀ ਨਹੀਂ ਆ ਰਹੀ ਸੀ? ਜਿਸ ਦੀਆਂ ਖੁਸ਼ੀਆਂ ਪੂਰੀਆਂ ਕਰਨ ਲਈ ਅਸੀਂ ਇੱਕੋ ਬੱਚਾ ਰੱਖਿਆ ਸੀ, ਅੱਜ ਉਹੀ ਮੇਰੀ ਖੁਸ਼ੀ ਲੁਟ ਕੇ ਲਿਜਾ ਰਿਹਾ ਸੀ। ਮੇਰੀਆਂ ਸੱਧਰਾਂ ਦਾ ਤਾਂ ਕੋਈ ਮੁੱਲ ਹੀ ਨਹੀਂ ਸੀ। ਪਰਮਾਤਮਾ ਨੂੰ ਵੀ ਮੇਰੀ ਲੋੜ ਹੀ ਨਹੀਂ ਸੀ, ਜੋ ਇਹ ਦਿਨ ਵੇਖਣ ਲਈ ਮੈਨੂੰ ਧਰਤ ਤੇ ਜਿਉਂਦਾ ਛੱਡ ਰਿਹਾ ਸੀ। ਮੇਰੀ ਕੁੱਖ ਉੱਜੜ ਰਹੀ ਹੈ ਤੇ ਉਹ ਉਪਰ ਤਮਾਸ਼ਾ ਵੇਖ ਰਿਹਾ ਹੈ। ਉਹ ਵੀ ਕੀ ਕਰੇ ਜੱਦ ਢਿੱਡੋਂ ਜਾਇਆ ਹੀ ਆਂਦਰਾਂ ਨੂੰ ਨਾ ਜਾਣ ਸੱਕਿਆ ਤਾਂ ਉਹ ਵੀ ਕੀ ਕਰੇ। ਉੱਤੋਂ ਜਾਂਦੀ ਵਰੀ ਦਾ ਪੁੱਤਰ ਦਾ ਫੁਰਮਾਨ- “ਡੈਡੀ ਤੇ ਮੰਮੀ ਜੀ, ਤੁਸੀਂ ਮੈਨੂੰ ਏਅਰਪੋਰਟ ਛੱਡਣ ਲਈ ਨਹੀਂ ਆਵੋਗੇ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਰੋ ਕੇ ਵਿਦਾ ਕਰੋ।”

ਅੱਜ ਮੇਰਾ ਪੁੱਤਰ ਧਰੁਵ ਤਾਰਾ ਬਣ ਜਾਵੇਗਾ ਮੇਰੇ ਲਈ ਜੋ ਮੱਸਿਆ ਨੂੰ ਹੀ ਵਿੱਖਦੈ। ਪਰ ਮੇਰੀ ਮੱਸਿਆ ਕੱਦ ਆਊਗੀ ਇਹ ਤਾਂ ਮੇਰਾ ਅੱਖੀਆਂ ਦਾ ਤਾਰਾ ਹੀ ਦੱਸ ਸਕਦੈ, ਮੇਰਾ ਧਰੁਵ ਤਾਰਾ। ਜਾ ਰਿਹੈ ਜੋ ਆਪਣੀਆਂ ਸੱਧਰਾਂ ਦਾ ਤਾਜਮਹਲ ੳਸਾਰਨ ਲਈ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>