ਸਿੱਖ ਨੌਜਵਾਨਾਂ ਲਈ ਖ਼ਤਰਨਾਕ ਸਾਬਤ ਹੋ ਰਿਹੈ “ਅਜੋਕਾ ਮੀਡੀਆ”

ਅੱਜ ਤੁਸੀਂ ਕੋਈ ਵੀ ਚੈਨਲ ਲਗਾ ਕੇ ਵੇਖ ਲਵੋ, ਹਰ ਪਾਸੇ ਲੱਚਰਤਾ, ਅਸ਼ਲੀਲਤਾ, ਕਾਮੁਕਤਾ ਭਰੇ ਸੀਨ ਧੀ-ਭੈਣਾਂ ਦੀ ਇੱਜ਼ਤ ਦਾ ਦੀਵਾਲਾ ਕੱਢਦੇ ਹੋਏ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕਰ ਰਹੇ ਹਨ। ਅਧ-ਨੰਗੀਆਂ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼, ਸ਼ਿਸ਼ਟਾਚਾਰ ਅਤੇ ਨੈਤੀਕਤਾ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਹੀਰੋ-ਹੀਰੋਇਨਾਂ ਦੇ ਗੰਦੇ ਸੀਨ ਪੰਜਾਬੀ ਸੱਭਿਆਚਾਰ ਦਾ ਬੇੜਾ ਗਰਕ ਕਰ ਰਹੇ ਹਨ । ਅਜੋਕੇ ਗਾਇਕ ਬਿਨ੍ਹਾਂ ਕਿਸੇ ਸਖ਼ਤ ਰਿਆਜ਼ ਅਤੇ ਉਸਤਾਦ ਦੇ ਜਾਂ ਸਖਤ ਘਾਲਣਾ ਦੇ, ਆਪਣੇ ਪਿਉ ਦੀ ਜੱਦੀ-ਪੁਸ਼ਤੀ ਜ਼ਮੀਨ ਵੇਚ ਕੇ, ਕੰਨੀ ਨੱਤੀਆਂ ਗੱਲਾਂ ਵਿੱਚ ਸੰਗਲ ਪਾ ਕੇ, ਟੁੱਟੇ ਹੱਥਾਂ ਨਾਲ ਕੈਮਰੇ ਵੱਲ ਇਸ਼ਾਰੇ ਕਰ ਕੇ, ਟੁਕੜ ਬੋਚ ਗੀਤਕਾਰਾਂ ਕੋਲੋਂ ਬਗਾਨੀ ਧੀ-ਭੈਣ ਦੇ ਸੰਬੰਧ ਵਿੱਚ ਘਟੀਆ ਗੀਤ ਲਿਖਵਾ ਕੇ ਆਪਣੀ ਕੈਸਿਟ ਨੂੰ ਹਿੱਟ ਕਰਵਾਉਣ ਲਈ ਨੰਗੀਆਂ ਲੱਤਾਂ ਅਤੇ ਛਾਤੀਆਂ ਤੇ ਕੈਮਰੇ ਮਾਰ-ਮਾਰ ਕੇ ਸੱਭਿਆਚਾਰ ਦਾ ਗਲਾ ਘੁੱਟ ਰਹੇ ਹਨ। ਪਰ ਧੰਨ ਸਾਡੇ ਜਿਗਰੇ ਕਿ ਬੜੇ ਫ਼ਖਰ ਨਾਲ ਪਰਿਵਾਰ ਵਿੱਚ ਬੈਠ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਹੈ। ਕੋਈ ਪ੍ਰਤੀਕਰਮ ਜਾਂ ਵਿਰੋਧ ਜਬਰਦਸਤ ਰੂਪ ਵਿੱਚ ਕਿਸੇ ਪਾਸਿਉਂ ਵੀ ਸਾਹਮਣੇ ਨਹੀਂ ਆ ਰਿਹਾ। ਹਰ ਪਾਸੇ ਤੇਜੀ ਨਾਲ ਫੈਲ ਰਹੀ ਲੱਚਰਤਾ ਜੋ ਲੋਕਾਈ ਧਰਮ ਤੋਂ ਦੂਰ (ਭਾਵ ਰਾਮ ਤੋਂ ਦੂਰ ਅਤੇ ਕਾਮ ਦੇ ਨੇੜ)ੇ ਕਰ ਰਹੀ ਹੈ। ਕੁਝ ਸੁਚੇਤ ਲੋਕ ਇ੍ਹਨਾਂ ਗਾਇਕਾਂ ਦੀ ਕਿਸੇ ਕੈਸਿਟ ਨੂੰ ਤਵੱਜੋਂ ਨਹੀਂ ਦੇਂਦੇ ਤਾਂ ਇਹ ਬਾਂਦਰ ਵਾਂਗ ਟਪੂਸੀਆਂ ਮਾਰਨ ਵਾਲੇ, ਦਾੜ੍ਹੀ ਕੱਟੇ ਗਾਇਕ ਸਿਰ ਤੇ ਕੇਸਕੀ ਸਜਾ, ਉਤੇ ਖੰਡਾ ਲਗਾ ਅਤੇ ਹੱਥ ਵਿੱਚ ਕਿਰਪਾਨ ਫੜ ਕੇ ਧਾਰਮਿਕ ਕੈਸਿਟ ਕੱਢ ਮਾਰਦੇ ਹਨ। ਕਹਿਣ ਤੋਂ ਭਾਵ ਕਿ ਆਪਣਾ ਤੋਰੀ ਫੁਲਕਾ ਚਲਾਉਣ ਲਈ ਇਹ ਧਰਮ ਨੂੰ ਵੀ ਵੇਚਣਾ ਸ਼ੁਰੂ ਕਰ ਦੇਂਦੇ ਹਨ। ਨਹੀਂ ਤਾਂ ਸੱਭਿਆਚਾਰ ਨੂੰ ਤਾਂ ਗੰਦਲਾ ਕਰ ਹੀ ਰਹੇ ਨੇ। ਮੈਂ ਯਕੀਨ ਨਾਲ ਕਹਿ ਸਕਦਾਂ ਕਿ ਇੱਕ ਦਿਨ ਸਾਨੂੰ ਸੱਭਿਆਚਾਰ ਸ਼ਬਦ ਤੋਂ ਵੀ ਨਫ਼ਰਤ ਹੋ ਜਾਵੇਗੀ। ਕਿਸੇ ਵੀ ਧਰਮ ਬਾਰੇ ਕੈਸਿਟ ਕੱਢਣ ਵੇਲੇ ਇਹਨਾਂ ਤੇ ਫਿਲਮਾਏ ਦ੍ਰਿਸ਼ਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਕਿ ਸਬੰਧਿਤ ਧਰਮ ਪ੍ਰਤੀ ਇਹਨਾਂ ਦੇ ਦਿਲ ਵਿੱਚ ਬਹੁੱਤ ਹੀ ਸਤਿਕਾਰ, ਸ਼ਰਧਾ ਅਤੇ ਦਰਦ ਹੈ ਜਦਕਿ ਸਾਚਾਈ ਕੁੱਝ ਹੋਰ ਹੀ ਹੰਦੀ ਹੈ।

ਹੁਣ ਪਿਛਲੇ ਲੰਮੇ ਸਮੇਂ ਤੋਂ ਇੱਕ ਹੋਰ ਨਵਾਂ ਡਰਾਮਾਂ ਸ਼ੁਰੂ ਹੋਇਆ ਪਿਆ ਹੈ। ਜਿਸ ਵਿੱਚ ਵੱਖ-ਵੱਖ ਚੈਨਲਾਂ ਵਾਲਿਆਂ ਨੇ ਗਾਇਕ ਪੈਦਾ ਕਰਨ ਦਾ ਠੇਕਾ ਆਪਣੇ ਸਿਰ ਲੈ ਲਿਆ ਹੈ। ਹੋਰ ਤਾਂ ਹੋਰ ਕੁਝ ਟੀ.ਵੀ. ਚੈਨਲਾਂ ਵਲੋਂ ਮਸ਼ਕਰੇ ਵੀ ਪੈਦਾ ਕੀਤੇ ਜਾ ਰਹੇ ਹਨ। ਜਿਹਨਾਂ ਨੂੰ ਮਹਾਨ ਕਮੇਡੀਅਨ ਕਹਿੰਦੇ ਹਨ ਅਤੇ ਇਹ ਵੀ ਕਮੇਡੀ ਕਰਦੇ-2 ਆਪਣੀ ਔਕਾਤ ਨੂੰ ਭੁੱਲ ਅਸ਼ਲੀਲ ਚੁੱਟਕਲੇ, ਅਤੇ ਧਰਮਾਂ ਉਪਰ ਖ਼ਾਸਕਰ ਸਿੱਖ ਧਰਮ ਦੇ ਸਿਧਾਂਤਾਂ ਤੇ ਵੀ ਹਮਲੇ ਕਰਨ ਵਿੱਚ ਕਸਰ ਨਹੀਂ ਛੱਡਦੇ। ਅਤੇ ਅੱਗੇ ਸਿੱਖੀ ਬਾਣੇ ਵਿੱਚ ਬੈਠੇ ਜੱਜ ਵੀ ਦੰਦੀਆਂ ਕੱਢਣ ਤੋਂ ਵੱਧ ਕੁਝ ਨਹੀਂ ਕਰਦੇ ਅਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰੇ ਪ੍ਰੌਗਰਾਮ ਰਿਐਲਟੀ ਸ਼ੋਅ ਦਾ ਨਾਮ ਹੇਠ ਚੱਲ ਰਹੇ ਹਨ। ਅਤੇ ਅੱਜ ਕੱਲ ਇੱਕ ਨਿੱਕੀ ਆਵਾਜ਼ ਪੰਜਾਬ ਦੀ ਸੂਰੂ ਕੀਤਾ ਗਿਆ ਹੈ, ਜਿਸ ਵਿੱਚ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ-ਬੱਚੀਆਂ ਲਏ ਗਏ ਹਨ  ਹੱਦ ਤੋਂ ਉਦੋਂ ਹੋ ਜਾਂਦੀ ਹੈ ਜਦੋਂ 9-10 ਸਾਲ ਦੀ ਉਮਰ ਦਾ ਬੱਚਾ ਸਟੇਜ ਤੇ ਆ ਕੇ ਗਾਉਂਦਾ ਹੈ “ਚੰਡੀਗੜ੍ਹ ਕਰੇ ਆਸ਼ਕੀ, ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ।” ਅਤੇ ਨਿੱਕੀਆਂ ਬੱਚੀਆਂ ਵੀ ਕਈ ਵਾਰ ਜਾਣੇ-ਅਣਜਾਣੇ ਵਿੱਚ ਅਸ਼ਲੀਲ ਗੀਤ ਜਾਂ ਟੱਪੇ ਗਾ ਜਾਂਦੀਆਂ ਹਨ। ਇਹ ਪ੍ਰੋਗਰਾਮ ਅੱਲੜ੍ਹ ਉੇਮਰ ਅਤੇ ਨਾਜ਼ੁਕ ਮਨਾਂ ਵਾਲੇ ਬੱਚਿਆਂ ੳਦਾ ਭਵਿੱਖ ਕਿਸ ਤਰ੍ਹਾਂ ਦਾ ਬਣਾਉਣਗੇ ਇਹ ਤਾਂ ਬੱਚਿਆਂ ਨੂੰ ਇਹਨਾਂ ਸੀਰੀਅਲਾਂ ਵਿੱਚ ਭੇਜਣ ਵਾਲੇ ਮਾਪੇ ਹੀ ਦੱਸ ਸਕਦੇ ਹਨ। ਅਤੇ ਮਾਤਾ ਪਿਤਾ ਵੀ ਬੱਚਿਆਂ ਨਾਲ ਪ੍ਰਤਿਯੋਗੀਆਂ ਵਾਲ ਵਿਉਹਾਰ ਹੀ ਕਰਦੇ ਹਨ। ਅੱਗੇ ਬੈਠੇ ਜੱਜ ਵੀ ਬੱਚਿਆਂ ਨੂੰ ਸ਼ਾਬਾਸ਼ ਦੇਂਦੇ ਹਨ ਬਈ ਇਸੇ ਤਰ੍ਹਾਂ ਹੀ ਸੱਭਿਆਚਾਰ ਨੂੰ ਰੋਂਦਦੇ ਰਹੋ ਪੈਰਾਂ ਹੇਠ, ਬਹੁੱਤ ਵਧੀਆ। ਅੱਜ ਨੌਜਵਾਨ ਕੁੜੀਆਂ-ਮੁੰਢਿਆਂ ਦੇ ਸੁੰਦਰ ਸਰੀਰਾਂ ਦੀ ਖੁਬਸੂਰਤੀ ਦੇ ਨਾਮ ਹੇਠ ਮੁਕਾਬਲਿਆਂ ਦੇ ਨਾਮ ਹੇਠ ਉਹਨਾਂ ਦੇ ਨੰਗੇਪਣ ਦਾ ਕੁਲ੍ਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੀਡੀਆ ਵੱਲੋਂ ਟੀ.ਵੀ. ਤੇ ਦਿੱਤੀ ਜਾ ਰਹੀ ਮਸ਼ਹੂਰੀ ਵਿੱਚ ਐਡ ਭਾਵੇਂ ਕਿਸੇ ਮਰਦ ਦੇ ਵਰਤੋਂ ਵਾਲੀ ਵਸਤੂ ਦੀ ਕਿਉਂ ਨਾ ਹੋਵੇ, ਉਹ ਵੀ ਇੱਕ ਅੱਧ-ਨੰਗੀ ਮੁਟਿਆਰ ਕੋਲੋਂ ਹੀ ਕਰਵਾਈ ਜਾਂਦੀ ਹੈ ਤਾਂਕਿ ਉਹਨਾਂ ਦਾ ਸਬੰਧਿਤ ਪ੍ਰੋਡੈਕਟ ਵੱਧ ਤੋਂ ਵੱਧ ਵਿਕ ਸਕੇ। ਹਨ ਦੂਜਾ ਸਿੱਖ ਧਰਮ ਦੇ ਧਾਰਮਿਕ ਨਾਵਾਂ ਉਪਰ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਜਦਕਿ ਵਿੱਚ ਸਿੱਖੀ, ਧਰਮ ਆਦਿ ਦੀ ਕੋਈ ਗੱਲ ਨਹੀਂ ਹੁੰਦੀ। ਜੋ ਕਿ ਸਿਰਫ ਮੋਟੇ ਰੂਪ ਵਿੱਚ ਪੈਸਾ ਕਮਾਉਣ ਦੀ ਸਾਜਿਸ਼ ਤੋਂ ਵੱਧ ਕੁਝ ਨਹੀਂ ਹੈ। ਜੈਸਾ ਕਿ ਫਿਲਮ “ਬੋਲੇ ਸੋ ਨਿਹਾਲ”, “ਸਿੰਘ ਇਜ਼ ਕਿੰਗ” ਆਦਿਕ ਹੋਰ ਕਈ ਫਿਲਮਾਂ ਹਨ।

ਜੇਕਰ ਬੱਚਿਆਂ ਦੇ ਮਾਪਿਆਂ ਨੂੰ ਕਿਤੇ ਇਹ ਕਹਿ ਦੇਈਏ ਕਿ ਬੱਚਿਆਂ ਨੂੰ ਧਾਰਮਿਕ ਪ੍ਰਖਿਆ ਲਈ ਤਿਆਰ ਕਰੋ, ਗੁਰਮਤਿ ਕੈਪਾਂ ਵਿੱਚ, ਗੁਰਮਤਿ ਕਲਾਸਾਂ ਵਿੱਚ ਬੱਚਿਆਂ ਨੂੰ ਭੇਜਿਆਂ ਕਰੋ ਤਾਂ ਜਵਾਬ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ ਬੜੀ ਔਖੀ ਹੈ। ਸਿਲੇਬਸ ਔਖਾ ਹੋ ਜਾਂਦਾ ਹੈ, ਪੇਪਰਾਂ ਦਾ ਬੋਝ ਵੀ ਬੱਚੇ ਉਪਰ ਆ ਪੈਦਾ ਹੈ। ਪਰ ਹੋਰ ਊਲ-ਜਲੂਲ ਮੁਕਾਬਲਿਆਂ ਵਾਸਤੇ ਇਹਨਾਂ ਦੇ ਬੱਚੇ ਹਮੇਸ਼ਾਂ ਤਿਆਰ ਰਹਿੰਦੇ ਹਨ ਅਤੇ ਫਿਰ ਤਾਂ ਮਾਂ-ਬਾਪ ਆਪ ਵੀ ਬੱਚਿਆਂ ਦੇ ਨਾਲ ਹੀ ਜਾਂਦੇ ਹੈ। ਫਿਰ ਭਾਵੇ ਪੰਜਾਬ ਤੋਂ ਦਿੱਲੀ ਜਾਂ ਮੁੰਬਈ ਤੱਕ ਦਾ ਸਫਰ ਵੀ ਕਿਉਂ ਨਾ ਕਰਨਾ ਪਵੇ। ਅਫਸੋਸ ਇਸ ਗੱਲ ਦਾ ਹੈ ਕਿ ਮੀਡੀਆ ਜੋ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ, ਨੌਜਵਾਨਾਂ ਦੇ ਹਿੱਤ ਵਿੱਚ, ਉਹਨਾਂ ਦੀ ਸੋਚ ਨੂੰ ਅਗਾਂਹਵਧੂ ਬਣਾਉਣ ਲਈ ਵਧੀਆ ਉਪਰਾਲੇ ਕਰ ਸਕਦਾ ਹੈ, ਅੱਜ ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਸੀਗਰੇਟ, ਬੀੜੀਆਂ, ਸ਼ਰਾਬਾਂ ਦੀਆਂ ਮਸ਼ਹੂਰੀਆਂ ਦੇ-ਦੇ ਕੇ ਜਵਾਨੀ ਨੂੰ ਨਸ਼ਿਆਂ ਵੱਲ ਧਕੇਲ ਰਿਹਾ ਹੈ। ਲੱਚਰਤਾ, ਅਸ਼ਲੀਲਤਾ ਵਿਖਾ-2 ਕੇ ਨੌਜਵਾਨਾਂ ਨੁੰ ਵਹਿਸ਼ੀਪੁਣਾ ਕਰਨ ਲਈ ਉਕਸਾ ਰਿਹਾ ਹੈ। ਇਸਦਾ ਸਭ ਤੋਂ ਵੱਧ ਬੁਰਾ ਪ੍ਰਭਾਵ ਅਲ੍ਹੜ ਸਿੱਖ ਬੱਚਿਆਂ ਤੇ ਵੀ ਪੈ ਰਿਹਾ ਹੈ। ਇਹੀ ਟੀ.ਵੀ. ਚੈਨਲ ਅੱਜ ਨੌਜਵਾਨਾ ਨੂੰ ਗਲੈਮਰ, ਅਸਲੀਲਤਾ, ਕਾਮਉਕਸਾਊ ਸੀਨ ਦਿਖਾ ਕੇ ਉਹਨਾਂ ਦੇ ਅੰਦਰ ਦੇ ਸ਼ਿਸ਼ਟਾਚਾਰ ਨੂੰ ਖਤਮ ਕਰ ਰਹੇ ਹਨ। ਸ਼ਰਾਬ, ਸਿਗਰੇਟ ਆਦਿ ਜਿਹੇ ਨਸ਼ਿਆਂ ਵੱਲ ਨੌਜਵਾਨਾ ਨੂੰ ਪ੍ਰੇਰਿਤ ਕਰਨ ਵਿੱਚ ਵੀ ਇਲੈਕਟ੍ਰਿਕ ਮੀਡੀਆ ਅਹਿਮ ਰੋਲ ਅਦਾ ਕਰ ਰਿਹਾ ਹੈ। ਕਿਉਂਕਿ ਸਿੱਖੀ ਬਾਰੇ ਪਹਿਲਾਂ ਹੀ ਕੋਈ ਗਿਆਨ ਨਹੀਂ ਹੁੰਦਾ ਅਤੇ ਬਾਰ-ਬਾਰ ਟੀ.ਵੀ. ਤੇ ਚਲ ਰਹੇ ਪ੍ਰੋਗਰਾਮਾਂ ਨੂੰ ਵੇਖ ਕੇ ਉਹਨਾਂ ਵਰਗਾ ਬਣਨ ਨੂੰ ਜੀਅ ਕਰਦਾ ਹੈ ਜਿਸਦੇ ਸਿੱਟੇ ਵੱਜੋਂ ਬੱਚਾ ਗੁਰੁ ਤੋਂ ਬੇ-ਮੁੱਖ ਹੋ ਕੇ ਆਪਣੇ ਕੇਸਾਂ ਨੂੰ ਤਿਲਾਂਜਲੀ ਦੇ ਕੇ ਘਰ ਆ ਵੜਦਾ ਹੈ ਫਿਰ ਸਾਡੇ ਪੱਲੇ ਸਿਵਾਏ ਦੁੱਖੀ ਹੋਣ ਦੇ ਕੋਈ ਚਾਰਾ ਨਹੀਂ ਹੁੰਦਾ। ਮੁੜ ਬੱਚਿਆਂ ਨੂੰ ਸਿੱਖੀ ਦੀ ਦਾਰਾ ਵਿੱਚ ਸ਼ਾਮਿਲ ਕਰਨ ਲਈ ਵੀ ਸਾਡੀਆਂ ਸਿੱਖ ਜਥੇੁਬੰਦੀਆਂ, ਸੰਸਥਾਵਾਂ ਕੁੱਜ ਖਾਸ ਉਦੱਮ ਨਹੀਂ ਕਰਦੀਆਂ। ਅਤੇ ਨੌਜਵਾਨ ਆਪਣੇ ਵਿਰਸੇ ਨੂੰ ਕਲੰਕਿਤ ਕਰ ਕੇ ਘਰ ਆ ਵੜਦਾ ਹੈ ਅਤੇ ਮਾਡਰਨ ਅਖਵਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ। ਇੱਥੇ ਮੈਂ ਇੱਕ ਗੱਲ ਕਹਿ ਦਿਆਂ ਕਿ ਜਿਹੜੇ ਮੇਰੇ ਵੀਰ ਖਾਸਕਰ ਸਿੱਖਾਂ ਦੇ ਬੱਚੇ ਜਿਹੜੇ ਗੁਰੁ ਨੂੰ ਬੇਦਾਵਾ ਦੇ ਕੇ ਕੰਨੀ ਨੱਤੀਆਂ ਪੁਆ ਕੇ ਆਪਣੇ ਵਿਰਸੇ ਨੂੰ ਕਲੰਕਿਤ ਕਰ ਰਹੇ ਹਨ ਜਾਂ ਤਾਂ ਸਮੇਂ ਸਿਰ ਗੁਰੂੁ ਕੋਲੋਂ ਭੁੱਲ ਬਖਸ਼ਾਂ ਲੈਣ ਜਾਂ ਫਿਰ ਸ੍ਰੀ ਦਰਬਾਰ ਸਾਹਿਬ ਆ ਕੇ ਇੱਕ ਅਰਦਾਸ ਜਰੂਰ ਕਰਨ ਕਿ ਸਤਿਗੁਰੂ ਜੀਉੁ ਸਾਨੂੰ ਅਗਲਾ ਜਨਮ ਜਨਾਨੀ ਦਾ ਹੀ ਦਿਉ, ਕਿਉਂਕਿ ਐਤਕੀ ਤਾਂ ਸਾਨੂੰ ਨੱਤੀਆਂ ਪਾ ਕੇ ਆਪ ਹੀ ਬੀਬੀ ਬਣਨਾ ਪਿਆ ਹੈ। ਤਾਹੀਓਂ ਤਾਂ ਕਿਸੇ ਕਵੀ ਨੇ ਲਿਖਿਆ ਹੈ :-

ਗੱਲ ਦੱਸਾ ਕੀ ਸਿੱਖਾਂ ਦੇ ਮੁੰਡਿਆਂ ਦੀ, ਜਵਾਨੀ ਨਸ਼ਿਆਂ ਦੇ ਵਿੱਚ ਖਪਾਈ ਜਾਂਦੇ ।
ਬੀੜੀ, ਗੁਟਖੇ, ਤੰਬਾਕੂ ਦਾ ਨਾਮ ਪੁੱਛ ਲਉ, ਵਿਰਸਾ ਆਪਣਾ ਮਨੋਂ ਭੁਲਾਈ ਜਾਂਦੇ ।
ਗੁਰੁ ਸਾਹਿਬਾਂ ਦੀ ਬਾਣੀ ਤੋਂ ਹੋ ਬੇਮੁੱਖ, ਅਸਲੀਲ਼ ਗੀਤਾਂ ਨੂੰ ਟੇਪ ਕਰਾਈ ਜਾਂਦੇ ।
ਕੰਨੀ ਪਾ ਮੁੰਦਰਾਂ, ਮੁਨਾ ਕੇ ਕੇਸ ਦਾੜ੍ਹੀ, ਫਿਰ ਵੀ ਸਿੱਖਾਂ ਦੇ ਮੁੰਡੇ ਕਹਾਈ ਜਾਂਦੇ ।

ਕੁੱਲ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਜੋ ਕੁੱਝ ਵੀ ਮੀਡੀਏ ਦੇ ਰਾਹੀਂ ਸਮਾਜ ਨੂੰ ਵਿਖਾਇਆ ਜਾ ਰਿਹਾ ਹੈ, ਉਹ ਕੋਈ ਬਹੁੱਤਾ ਵਧੀਆ ਜਾ ਉਸਾਰੂ ਨਹੀਂ ਹੈ। ਜਿਸ ਕਰਕੇ ਖਾਸਕਰ ਨੌਜਵਾਨ ਇਸ ਨੂੰ ਰਿਐਲਟੀ ਭਾਵ ਸੱਚਾਈ ਸਮਝ ਕੇ ਅਪਨਾ ਰਹੇ ਹਨ ਜੋ ਉਹਨਾਂ ਲਈ ਹੀ ਖ਼ਤਰਨਾਕ ਸਾਬਿਤ ਹੁੰਦਾ ਹੈ। ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਨੌਜਵਾਨ ਕੌਮ ਦਾ ਭਵਿੱਖ ਹੁੰਦੇ ਹਨ ਪਰ ਜੇਕਰ ਨੌਜਵਾਨ ਹੀ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਗੁਰੂਆਂ ਅਤੇ ਸਿੱਖਾਂ ਦੀ ਕੁਰਬਾਨੀਆਂ ਨੂੰ ਭੁਲਾ ਕੇ ਹੋਰਨਾਂ ਹੀ ਵਿਅਰਥ ਕਾਰਜਾਂ ਵਿੱਚ ਫਸ ਕੇ ਆਪਣਾ ਧਰਮ ਖਤਰੇ ਵਿੱਚ ਪਾ ਦੇਣਗੇ ਤਾਂ ਕੌਮ ਦਾ ਤਾਂ ਰੱਬ ਹੀ ਰਾਖਾ ਹੋਵੇਗਾ। ਅਜੇ ਵੀ ਜੇ ਸਿੱਖ ਲੀਡਰਸ਼ਿਪ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਸੁਹਿਰਦ ਹੋ ਜਾਣ ਤਾਂ ਨੌਜਵਾਨਾਂ ਨੂੰ ਇਸ ਮੀਡੀਏ ਦੇ ਮੱਕੜ ਜਾਲ ਤੋਂ ਬਚਾ ਕੇ ਦੇਸ਼, ਕੌਮ, ਧਰਮ ਦੇ ਭਲੇ ਵਿੱਚ ਲਾ ਸਕਦੀ ਹੈ । ਆੳੋ ਧਰਮ ਪ੍ਰਚਾਰ ਨੂੰ ਤੇਜ਼ ਕਰਦਿਆਂ ਨੌਜਵਾਨਾਂ ਨੂੰ ਗੁਰ-ਇਤਿਹਾਸ ਨਾਲ ਜੋੜਨ ਲਈ ਉਹਨਾਂ ਤੱਕ ਪਹੁੰਚ ਕਰੀਏ ਤਾਂ ਕਿ ਨੌਜਵਾਨਾਂ ਨੂੰ ਆਪਣੇ ਵਿੱਰਸੇ ਨਾਲ ਜੋੜਿਆ ਜਾ ਸਕੇ । ਗੁਰੂ ਭਲੀ ਕਰੇ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>