ਬੀਚ ਦੀ ਸੈਰ

“ ਹੈਲੋ ਹਰਜੀਤ, ਸਤਿ ਸ੍ਰੀ ਅਕਾਲ।  ਮੈਂ ਗੁਰਮੇਲ ਬੈਦਵਾਣ ਆਂ। ਪਛਾਣਿਆਂ? ਅਪਣੀ ਦੋ ਕੁ ਹਫਤੇ ਪਹਿਲਾਂ ਤੁਹਾਡੀ ਯੁਨੀਵਰਸਿਟੀ ਦੇ ਕੈਫਟੀਰੀਏ ਵਿੱਚ ਮੁਲਾਕਾਤ ਹੋਈ ਸੀ। ਲੰਚ ’ਕੱਠੇ ਖਾਧਾ ਸੀ। ਸਪੈਗੈਟੀ ਖਾਧੀ ਸੀ। ਯਾਦ ਆਇਆ?” ਹਰਜੀਤ ਨੂੰ ਬੈਦਵਾਣ ਦਾ ਫੋਨ ਸਵੇਰੇ ਹੀ ਆਇਆ।

“ ਵਾਹ ਬਈ ਵਾਹ! ਗੁਰਮੇਲ ਬਾਈ ਅੱਜ ਗਰੀਬਾਂ ਨੂੰ ਕਿਵੇਂ ਯਾਦ ਕੀਤਾ।” ਹਰਜੀਤ ਨੇ ਉੱਤਰ ਦੇਂਦਿਆਂ ਹੈਰਾਨੀ ਪ੍ਰਗਟਾਈ।

“ ਅੱਜ ਮਨ ਥੋੜ੍ਹਾ ਉਚਾਟ ਜਿਹਾ ਹੋ ਰਿਹਾ ਸੀ। ਘਰ ਵੱਢ ਖਾਣ ਨੂੰ ਆਉਂਦਾ ਐ। ਸੋਚਿਆ ਵਿਦਿਆਰਥੀ ਨਾਲ਼ ਹੀ ਗੱਪਾਂ ਮਾਰ ਲੱਈਏ। ਤੇਰੀ ਭਾਬੀ ਕੱਲ੍ਹ ਦੀ ਮੂੰਹ ਮਰੋੜੀ ਬੈਠੀ ਐ। ਬਲਾਉਂਦਾ ਹਾਂ, ਅੱਗਿਓਂ ਔਖੀ ਔਖੀ ਹੀ ਬੋਲਦੀ ਐ। ਐਡਾ ਕੁੱਝ ਖਾਸ ਕਿਹਾ ਵੀ ਨਹੀਂ। ਪਤਾ ਨਹੀਂ ਇਹ ਔਰਤਾਂ ਕਦੋਂ ਸਮਝਣਗੀਆਂ ਪੰਡਤਾਂ ਦੀਆਂ ਚੰਗੀਆਂ ਸਿੱਖਿਆਵਾਂ। ਪਤੀ ਤਾਂ, ਕਹਿੰਦੇ ਨੇ, ਪਰਮੇਸ਼ਰ ਬਰਾਬਰ ਸਮਝਣਾ ਚਾਹੀਦਾ ਹੈ। ਦੇਖ ਰਸੋਈ ’ਚ ਖੜ੍ਹੀ ਕਿੱਦਾਂ ਘੂਰਦੀ ਹੈ। ਅੱਜ ਅੱਧੇ ਕੁ ਗਲਾਸ ਤਾਂ ਭੰਨ ਦਿੱਤੇ ਹੋਣੇ ਐਂ।” ਗੁਰਮੇਲ ਬੈਦਵਾਣ ਨੇ ਦਿਲ ਦਾ ਉਬਾਲ ਉਛਾਲ਼ ਹੀ ਦਿੱਤਾ।

“ ਫੜਾਓ ਤਾਂ ਜ਼ਰਾ ਮੈਨੂੰ ਫੋਨ। ਕੌਣ ਛੇੜ ਲਿਆ ਅੱਜ ਭਲਕੇ ਹੀ। ਘਰ ਦਾ ਕਲੇਸ਼ ਬਾਹਰ ਵੰਡਣ ਦੀ ਕੀ ਲੋੜ ਪੈ ਗਈ?” ਹਰਜੀਤ ਨੂੰ ਸਾਫ ਸਾਫ ਸੁਣ ਰੱਹੀਆਂ ਸਨ, ਬੈਦਵਾਣ ਨੂੰ, ਪੈ ਰਹੀਆਂ ਝਿੜਕਾਂ।

“ ਹੈਲੋ ਵੀਰ ਜੀ, ਅਸਲੀ ਗੱਲ ਤਾਂ ਇਹ ਹੈ ਕਿ ਕੱਲ੍ਹ਼, ਛੋਟੇ ਕਾਕੇ ਬੰਟੀ ਨੇ, ਇਹਨਾਂ ਤੋਂ ਅਪਣੇ ਹੋਮ ਵਰਕ ਵਿੱਚ ਮਦਦ ਮੰਗੀ ਸੀ। ਉਸ ਨੇ ਇੱਕ ਸੌਖੀ ਜਿਹੀ ਗੱਲ ਪੁੱਛੀ ਸੀ। ਸੂਰਜ ਦੇ ਗਿਰਦ ਘੁੰਮਣ ਵਾਲ਼ੇ ਸਿਤਾਰਿਆਂ ਦੇ ਨਾਂ। ਇਹਨਾ ਨੇ ਐਵੇਂ ਹੀ ਗਲਤ-ਮਲਤ ਜੁਆਬ ਦੇ ਦਿੱਤਾ। ਕਹਿੰਦੇ ਚੰਦ, ਧਰਤੀ, ਵੀਨਸ ਆਦਿ ਕਈ ਸਿਤਾਰੇ ਘੁੰਮਦੇ ਨੇ ਸੂਰਜ ਦੇ ਦੁਆਲ਼ੇ। ਤੂੰ ਲੱਡੂ ਲੈਣੇ ਉਹਨਾਂ ਤੋਂ, ਕਿਤਾਬ ਵਿੱਚ ਜੋ ਲਿਖਿਆ ਉਹੀ ਠੀਕ ਹੈ, ਧਿਆਨ ਨਾਲ਼ ਪੜ੍ਹ। ਮੈਂ ਇਹਨਾਂ ਨੂੰ ਟੋਕ ਦਿੱਤਾ। ਮੈਂ ਕਿਹਾ ਚੰਦ ਧਰਤੀ ਦੁਆਲ਼ੇ ਘੁੰਮਦਾ ਹੈ ਸੂਰਜ ਦੇ ਨਹੀਂ। ਚੰਦ ਧਰਤੀ ਦਾ ਸਿਤਾਰਾ ਹੈ , ਸੂਰਜ ਦਾ ਨਹੀਂ। ਜਿੰਨਾ ਕੁ ਦੱਸਿਆ ਹੈ ਉਹ ਤਾ ਸਹੀ ਦੱਸ ਦਿੰਦੇ।  ਬੱਸ ਐਨੀ ਗੱਲ ਤੇ ਹੀ ਚੜ੍ਹ ਗਿਆ ਇਹਨਾਂ ਦਾ ਪਾਰਾ। ਕਹਿੰਦੇ ਮੈਂ ਤੈਥੋਂ ਜਿ਼ਆਦਾ ਪੜ੍ਹਿਆ ਹੋਇਆ ਹਾਂ ਕਿ ਤੂੰ ਮੈਥੋਂ। ਬੰਟੀ ਵੀ ਤਾਂ ਉੱਲੂ ਪੁੱਛ-ਪੁੱਛਾ ਕੇ ਕੰਮ ਸਾਰਦਾ ਫਿਰਦਾ ਹੈ। ਕਿਤਾਬ ਨੂੰ ਹੱਥ ਨਹੀਂ ਲਗਾਕੇ ਰਾਜ਼ੀ। ਪਿਓ ਤੇ ਹੀ ਗਿਆ ਹੈ।” ਹਰਜੀਤ ਨੂੰ ਲੜਾਈ ਦੀ ਕਥਾ ਸੁਣਨੀ ਹੀ ਪਈ।

“ ਚੁੱਪ ਕਰੇਂਗੀ ਕਿ ਨਹੀਂ, ਲਿਆ ਫੜਾ ਵਾਪਸ ਫੋਨ।” ਬੈਦਵਾਣ ਨੇ ਫੋਨ ਖੋਹ ਲਿਆ।

“ ਹਰਜੀਤ ਗੁੱਸਾ ਨਾ ਕਰੀਂ। ਪਾਗਲ ਜਿਹੀ ਨਾ ਹੋਵੇ ਤੇ। ਐਵੇਂ ਬਿਨਾ ਸੋਚੇ ਸਮਝੇ ਬਕੀ ਜਾਂਦੀ ਐ। ਭਲਾਂ ਇਹ ਦੱਸ ਜਿੱਥੇ ਜਿੱਥੇ ਬੱਸ ਜਾਂਦੀ ਐ ਸਵਾਰੀਆਂ ਵੀ ਤਾਂ ਓਥੇ ਹੀ ਜਾਣਗੀਆਂ। ਇਹਨੂੰ ਇਹ ਸਮਝ ਨਹੀਂ ਆਉਂਦੀ ਕਿ ਜਿੱਥੇ ਧਰਤੀ ਜਾਂਦੀ ਐ ਚੰਦ ਵੀ ਤਾਂ ਜਾਏਗਾ ਹੀ। ਜਦ ਧਰਤੀ ਸੂਰਜ ਦੀ ਪਰਕਰਮਾਂ ਕਰਦੀ ਐ ਤਾਂ ਚੰਦ ਨੂੰ ਕਿਸੇ ਬੇਬੀ-ਸਿੱਟਰ ਕੋਲ਼ ਤਾਂ ਨਹੀਂ ਛੱਡਦੀ। ਚੰਦ ਨੂੰ ਸੂਰਜ ਦੇ ਦੁਆਲ਼ੇ ਘੁੰਮਣਾ ਹੀ ਪਏਗਾ। ਸਾਧਾਰਣ ਜਿਹਾ ਤਰਕ ਹੈ। ਨਾਲ਼ੇ ਇਹਨੂੰ ਕਿੰਨੀ ਵੇਰ ਦੱਸਿਆ ਕਿ ਮੈਂ ਭੂਗੋਲ ਵਿੱਚ ਮਸਾਂ ਹੀ ਪਾਸ ਹੁੰਦਾ ਸਾਂ। ਬੰਟੀ ਵੀ ਕਦੇ ਮਾਂ ਤੋਂ ਨਹੀਂ ਪੁੱਛਦਾ। ਛੱਡ ਯਾਰ, ਮੈਂ ਫੋਨ ਤਾਂ ਇਸ ਕਰਕੇ ਕੀਤਾ ਸੀ ਕਿ ਵਿਨੀਪੈਗ ਵਿੱਚ ਗਰਮੀਆਂ ਦੇ ਚੰਗੇ ਦਿਨ ਮਸਾਂ ਮਸਾਂ ਨਸੀਬ ਹੁੰਦੇ ਨੇ। ਆਪਾਂ ਨੂੰ ਥੋੜ੍ਹੀ ਮਸਤੀ ਵੀ ਮਾਰਨੀ ਚਾਹੀਦੀ ਐ। ਚਲ ਤੈਨੂੰ ਬੀਚ ਤੇ ਘੁਮਾ ਲਿਆਵਾਂ। ਬਹੁੱਤ ਮਜ਼ਾ ਆਏਗਾ। ਕੱਲ੍ਹ ਚੱਲੀਏ?” ਗੁਰਮੇਲ ਜੁਆਬ ਹਾਂ ਵਿੱਚ ਹੀ ਚਾਹੁੰਦਾ ਸੀ।

“ ਚੱਲਾਂਗੇ ਬਾਈ। ਹਰਨੇਕ ਅਤੇ ਬੰਟੀ ਵੀ ਜਾਣਗੇ? ਪਰੌਂਠੇ ਬੰਨ੍ਹ ਲਿਓ ਨਾਲ਼।” ਹਰਜੀਤ ਨੇ ਹਾਂ ਕਰਦਿਆਂ ਆਖਿਆ।

“ ਨਹੀਂ ਅਸੀਂ ਦੋਵੇਂ ਹੀ ਜਾਵਾਂਗੇ। ਅਪਣੇ ਨਿਆਣਿਆਂ ਅਤੇ ਔਰਤਾਂ ਵਾਸਤੇ ਓਥੇ ਵੇਖਣ ਲਈ ਕੁੱਝ ਨਹੀਂ ਹੁੰਦਾ। ਅਸੀਂ ਤਾਂ ਵੇਖਣ ਜਾ ਰਹੇ ਹਾਂ ਵਖਾਉਣ ਲਈ ਤਾਂ ਨਹੀਂ। ਆਪਾਂ ਦੋਵੇਂ ਜਿ਼ਆਦਾ ਮਸਤੀ ਮਾਰਾਂਗੇ। ਬੀਚ ਤੇ ਜਾ ਕੇ ਤੂੰ ਆਪੇ ਸਮਝ ਜਾਏਂਗਾ।” ਬੈਦਵਾਣ ਨੇ ਬੜੇ ਦਾਹਵੇ ਨਾਲ਼ ਆਖਿਆ।

ਸਵੇਰੇ ਅੱਠ ਵਜੇ, ਮਿੱਥੇ ਦਿਨ, ਮਿੱਥੇ ਸਮੇ, ਗੁਰਮੇਲ ਕਾਰ ਲੈ ਕੇ ਹਰਜੀਤ ਕੋਲ਼ ਪਹੁੰਚ ਗਿਆ। ਚਾਹ ਪੀਤੀ ਅਤੇ ਚਲ ਪਏ। ਰਸਤੇ ਵਿੱਚ ਕੁੱਝ ਉਰਲੀਆਂ ਅਤੇ ਕੁੱਝ ਪਰਲੀਆ ਭੋਰਦੇ ਰਹੇ। ਗੁਰਮੇਲ ਕਿਵੇਂ ਪਹੁੰਚਿਆ ਕੈਨੇਡਾ, ਕਿੰਨੀ ਘਾਲਣਾ ਕਰਨੀ ਪਈ ਆਦਿ ਸਫਰ ਵਿੱਚ ਇਹੋ ਰੁਝਾਵਾਂ ਵਿਸ਼ਾ ਮੁੱਖ ਰਿਹਾ। ਦੋ ਕੁ ਘੰਟਿਆਂ ਦਾ ਸਫਰ ਹਾਸੀ ਮਜ਼ਾਕ ਵਿੱਚ ਹੀ ਤਹਿ ਕਰ ਲਿਆ। ਕਾਰ ਪਾਰਕ ਕੀਤੀ, ਕੋਕ ਦੇ ਦੋ ਕੈਨ ਖਰੀਦੇ ਅਤੇ ਚਲ ਪਏ ਧੁੱਪ ’ਚ ਚਮਕ ਰਹੀ ਰੇਤ ਵੱਲ। ਪਾਣੀ ਦੇ ਉੱਤੋਂ ਆ ਰਹੇ ਹਵਾ ਦੇ ਬੁੱਲੇ, ਗਰਮੀ ਦੀ ਤਿੱਖ ਨੂੰ ਲਗਾਤਾਰ ਸਹਿਣਸ਼ੀਲ ਬਣਾਈ ਜਾ ਰਹੇ ਸਨ। ਮਹੌਲ ਖੁਸ਼ਗਵਾਰ ਸੀ।

“ ਹਰਜੀਤ, ਤੂੰ ਦਰਖਤਾਂ ਵੱਲ ਹੀ ਕਿਉਂ ਝਾਕੀ ਜਾਂਦਾ ਏਂ, ਕਦੇ ਪੇੜ ਨਹੀਂ ਵੇਖੇ? ਓਧਰ ਦੇਖ ਕਿਵੇਂ ਲੰਮੀਆਂ ਪੱਈਆ ਨੇ ਗੋਰੀਆਂ, ਗਿੱਲੇ ਰੇਤ ਤੇ। ਇੱਕ ਤੋਂ ਦੂਜੀ ਵਧਕੇ ਸੁਹਣੀ ਐ। ਪੱਕੀਆਂ ਫੁੱਟਾਂ ਵਰਗੇ ਸ਼ਰੀਰ ਨੇ! ਰੱਬ ਨੇ ਹੁਸਨ ਦੀ ਪੰਡ ਐਥੇ ਹੀ ਢੇਰੀ ਕਰ ਦਿੱਤੀ ਲਗਦੀ ਐ। ਬੁਝਾ ਲੈ ਅੱਖਾਂ ਦੀ ਪਿਆਸ, ਤੂੰ ਵੀ।”

“ ਪਰ ਯਾਰ ਗੋਰੇ ਵੀ ਤਾਂ ਬਹੁੱਤ ਪਏ ਨੇ।” ਹਰਜੀਤ ਨੇ ਮਜ਼ਾਕ ਕੀਤਾ।

“ ਅਸੀਂ ਇਸੇ ਕਰਕੇ ਅਪਣੀਆਂ ਜਨਾਨੀਆਂ ਨੂੰ ਨਾਲ਼ ਲਿਆਉਣਾ ਪਸੰਦ ਨਹੀਂ ਕਰਦੇ, ਆਈ ਸਮਝ। ਤੂੰ ਅਪਣੇ ਮਤਲਬ ਦੀਆਂ ਚੀਜ਼ਾ ਵੇਖ ਲੈ। ਗੋਰਿਆ ਤੋਂ ਕੀ ਲੈਣਾ,ਯਾਰ।” ਬੈਦਵਾਣ ਨੇ ਸਲਾਹ ਦਿੱਤੀ।

“ ਇਹ ਲੋਗ ਖਾਹਮਖਾਹ ਅਪਣਾ ਸਮਾਂ ਬਰਬਾਦ ਕਰ ਰਹੇ ਨੇ। ਰੇਤੇ ਵਿੱਚੋਂ ਇਹਨਾਂ ਨੂੰ ਕੀ ਲੱਭਦਾ ਹੈ। ਐਵੇਂ ਰੰਗ ਮੱਧਮ ਹੀ ਕਰਦੇ ਪਏ ਨੇ।” ਹਰਜੀਤ ਨੇ ਪੜ੍ਹਾਕੂਆਂ ਵਾਲ਼ੀ ਚੁਸਤੀ ਨਾਲ਼ ਜੁਆਬ ਦੇ ਕੇ ਗੁਰਮੇਲ ਦੀ ਮਨੋਵਿਰਤੀ ਟੋਹੀ।

“ ਨਹੀਂ, ਨਹੀਂ, ਇਹ ਟਾਇਮ ਖਰਾਬ ਨਹੀਂ ਕਰਦੇ। ਇਹਨਾਂ ਨੂੰ ਐਥੋਂ ਉਹ ਮਿਲ ਜਾਂਦਾ ਹੈ ਜੋ ਇਹਨਾਂ ਨੂੰ ਰੱਬ ਨੇ ਨਹੀਂ ਦਿੱਤਾ। ਤੂੰ ਠੀਕ ਹੀ ਕਿਹਾ ਹੈ। ਇਹ ਟੈਨਿੰਗ ਲਈ ਹੀ ਆਉਂਦੇ ਨੇ। ਰੰਗ ਥੋੜ੍ਹਾ ਖਾਕੀ ਖਾਕੀ ਹੋ ਜਾਂਦਾ ਹੈ, ਗੱਤੇ ਵਰਗਾ। ਅਸੀਂ ਤਾਂ ਟੈਨ ਹੋ ਕੇ ਹੀ ਆਉਂਦੇ ਆਂ ਰੱਬ ਕੋਲ਼ੋਂ। ਇਸੇ ਕਰਕੇ ਤੁਰ ਫਿਰ ਕੇ ਚਲੇ ਜਾਈਦਾ ਹੈ।”

“  ਟੈਨਿੰਗ ਦਾ ਲਾਭ?” ਹਰਜੀਤ ਨੇ ਗੱਲ ਚਾਲੂ ਰੱਖੀ।

“ ਹੱਦ ਹੋ ਗਈ! ਤੂੰ ਇਸ ਦੁਨੀਆਂ ’ਚ ਨਹੀਂ ਰਹਿੰਦਾ? ਅਪਣੇ ਦੇਸ਼ ਵਿੱਚ ਮੁਸ਼ਕੀ ਰੰਗ ਦਿਲ ਖਿੱਚਵਾਂ ਮੰਨਿਆਂ ਜਾਂਦਾ ਹੈ। ਟੈਨਿੰਗ ਨਾਲ਼ ਗੋਰੀਆਂ ਦਾ ਰੰਗ ਵੀ ਮਸਤ ਹੋ ਜਾਦਾ ਹੈ। ਮੁਸ਼ਕੀ ਰੰਗ ਤੇ ਲੋਕੀਂ ਬਹੁੱਤ ਮਰਦੇ ਨੇ।” ਗੁਰਮੇਲ ਨੇ ਅਪਣੇ ਵੱਲੋਂ ਬੜੀ ਵਜ਼ਨਦਾਰ ਗੱਲ ਕੀਤੀ ਪਰ ਹਰਜੀਤ ਸ਼ਸ਼ੋਪੰਜ ਵਿੱਚ ਪੈ ਗਿਆ।

“ ਭਲਾਂ ਮੁਸ਼ਕੀ ਵੀ ਕੋਈ ਰੰਗ ਹੁੰਦਾ ਐ? ਤੂੰ ਕਿਤੇ ਮਸਕੀ ਰੰਗ ਦੀ ਗੱਲ ਤਾਂ ਨਹੀਂ ਕਰ ਰਿਹਾ।” ਹਰਜੀਤ ਨੇ ਵੀ ਯੱਭਲੀ ਮਾਰ ਦਿੱਤੀ।

ਦੋਵੇਂ ਕੁੱਝ ਨਾ ਕੁੱਝ ਕਹਿੰਦੇ ਸੁਣਦੇ ਦੂਰ ਤੱਕ ਚਲੇ ਗਏ। ਬੂਟ ਰੇਤੇ ਵਿੱਚ ਅਤੇ ਰੇਤਾ ਬੂਟਾਂ ਵਿੱਚ ਧਸਦਾ ਚਲਾ ਗਿਆ। ਇਹ ਲੋਕਾਂ ਵੱਲ ਅਤੇ ਲੋਕ ਸ਼ਇਦ ਇਹਨਾਂ ਦੇ ਕੱਪੜਿਆਂ ਵੱਲ ਵੇਖਦੇ ਰਹੇ। ਨੰਗੇ ਪਿੰਡੇ, ਕੱਛੀਆਂ ਪਹਿਨੇ, ਧੁੱਪ ਸੇਕ ਰਹੇ ਲੋਕ ਕਮੀਜ਼ ਪੈਂਟ ਪਹਿਨ ਕੇ ਬੀਚ ਦੀ ਸੈਰ ਕਰ ਰਹੇ ਦੋ ਦੇਸੀਆਂ ਨੂੰ ਵੇਖ ਕੇ ਹੈਰਾਨ ਤਾਂ ਹੋ ਹੀ ਰਹੇ ਹੋਣਗੇ।

“ ਗੁਰਮੇਲ, ਤੂੰ ਪਹਿਲਾਂ ਵੀ ਆਇਆ ਹੋਣਾ ਐਥੇ, ਕਈ ਵੇਰ?” ਹਰਜੀਤ ਨੇ ਬੋਲਿਆ।

“ ਮੇਰਾ ਤਾਂ ਗੇੜਾ ਲਗਦਾ ਹੀ ਰਹਿੰਦਾ ਐ। ਅੱਜ ਸੋਚਿਆ ਤੈਨੂੰ ਵੀ ਨਜ਼ਾਰੇ ਵੇਖਾ ਲਿਆਵਾਂ। ਕਿਤਾਬਾਂ ਤੋਂ ਵੀ ਥੋੜ੍ਹੀ ਦੇਰ ਲਈ ਛੁਟਕਾਰਾ ਮਿਲੂ, ਤੇਰਾ ਦਿਮਾਗ਼ ਤਾਜ਼ਾ ਹੋ ਜਾਊ।” ਗੁਰਮੇਲ ਨੇ ਫਖ਼ਰ ਨਾਲ਼ ਸਿਰ ਊਚਾ ਕਰਕੇ ਦੱਸਿਆ।

“ ਤੂੰ ਤਾਂ ਬਹੁੱਤ ਐਸ਼ ਕਰਦਾ ਏਂ ਯਾਰਾ। ਕਦੇ ਕਿਸੇ ਗੋਰੀ ਨਾਲ਼ ਵੀ ਤਾਂ ਗੱਲਾ ਬਾਤਾਂ ਕੀਤੀਆਂ ਹੋਣਗੀਆਂ।” ਹਰਜੀਤ ਨੇ ਜਾਣਨਾ ਚਾਹਿਆ।

“ ਨਾ ਬਾਈ ਨਾ। ਮੈਂ ਡਰਦਾ ਤਾਂ ਨਹੀਂ ਪਰ ਐਵੇਂ ਜਿਝਕ ਕਾਰਨ ਹੀ ਅੱਧ-ਨਗਨ ਗੋਰੀਆਂ ਦੇ ਨੇੜੇ ਨਹੀਂ ਜਾਈਦਾ। ਨਾਲ਼ੇ ਅਪਣੇ ਕੋਲ਼ ਰੱਬ ਦਾ ਦਿੱਤਾ ਸਭ ਕੁੱਝ ਘਰੇ ਹੈ।” ਗੁਰਮੇਲ ਨੇ ਗੱਲ ਬੇਧਿਆਨੀ ਕਰ ਦਿੱਤੀ।

ਕੁੱਝ ਦੇਰ ਗਰੁਮੇਲ ਚੁੱਪ ਰਿਹਾ ਜਿਵਂੇ ਸੋਚ ਰਿਹਾ ਹੋਵੇ ਕਿ ਅੱਜ ਕਿਸੇ ਗੋਰੀ ਨਾਲ਼ ਗੱਲ ਬਾਤ ਕਰ ਹੀ ਲੈਣੀ ਚਾਹੀਦੀ ਐ। ਫੇਰ ਅਚਾਨਕ ਉਸਦੇ ਮਨ ਵਿੱਚ ਕੀ ਆਇਆ, ਰੱਬ ਜਾਣੇ। ਹਰਜੀਤ ਦੀ ਬਾਂਹ ਫੜਕੇ ਉਸਦੇ ਮੁਹਰੇ ਖਲੋ ਕੇ ਬੋਲਿਆ, “ ਤੂੰ ਬਹੁੱਤ ਖੱਬੀਖਾਨ ਸਮਝਦਾ ੲਂੇ ਅਪਣੇ ਆਪ ਨੂੰ ਤਾਂ ਜਾਹ ਉਸ ਸਾਹਮਣੇ ਪਈ ਗੋਰੀ ਨਾਲ਼ ਗੱਲਾਂ ਕਰਕੇ ਵਿਖਾ। ਨਾਲ਼ੇ ਹੈ ਵੀ ਇਕੱਲੀ।” ਗੁਰਮੇਲ ਨੇ ਵੱਟ ਖਾਧਾ ਲਗਦਾ ਸੀ, ਕਿਸੇ ਗੱਲੋਂ। ਉਸ ਦੇ ਜੁਆਬ ਦੇ ਲਹਿਜ਼ੇ ਤੋਂ ਹਰਜੀਤ ਨੂੰ ਲੱਗਿਆ ਜਿਵੇਂ ਉਹ ਗੁਰਮੇਲ ਤੋਂ ਗ਼ਲਤ ਸੁਆਲ ਪੁੱਛ ਬੈਠਾ ਹੋਵੇ। ਦੋਵੇਂ ਥੋੜ੍ਹੀ ਦੇਰ ਚੁੱਪ ਖਲੋਤੇ ਰਹੇ।

ਗੋਰੀ ਨੇ ਕਰਵਟ ਲੀਤੀ। ਮੂੰਹ ਘੁਮਾ ਕੇ ਦੋਨਾ ਦੋਸਤਾਂ ਵੱਲ ਕੁੱਝ ਇਸਤਰਾਂ ਤੱਕਿਆ ਜਿਵੇਂ ਉਹ ਗੱਲ ਕਰਨਾ ਚਾਹੁੰਦੀ ਹੋਵੇ। ਹਰਜੀਤ ਦਾ ਵਾਹ ਤਾਂ ਹਰਰੋਜ਼ ਹੀ ਪੈਂਦਾ ਸੀ ਗੋਰੀਆਂ ਨਾਲ਼, ਯੁਨੀਵਰਸਟੀ ਵਿੱਚ। ਉਸ ਨੇ ਗੋਰੀ ਨੂੰ ਹੱਥ ਹਿਲਾ ਕੇ ਹੈਲੋ ਕੀਤੀ ਅਤੇ ਨੇੜੇ ਜਾ ਖਲੋਤਾ। ਗੋਰੀ ਬੈਠ ਗਈ। ਗੁਰਮੇਲ ਦੂਰ ਖਲੋਤਾ ਉਸਦਾ ਇਮਤਿਹਾਨ ਲੈ ਰਿਹਾ ਸੀ।

“ ਹੈਲੋ। ਮੈਂ ਹੈਰੀ ਹਾਂ। ਤੁਸੀਂ ਬਹੁੱਤ ਸੁਹਣਾ ਦਿਨ ਚੁਣਿਆ ਹੈ ਟੈਨਿੰਗ ਵਾਸਤੇ। ਆਪ ਹੋ?”

“ ਹਾਏ, ਮੈਂ ਐਂਜਲਾ ਹਾਂ। ਤੂੰ ਕਿਤੇ ਇੰਡੀਆ ਤੋਂ ਤਾਂ ਨਹੀਂ?” ਕੁੜੀ ਨੇ ਠੀਕ ਅੰਦਾਜ਼ਾ ਲਗਾ ਲਿਆ।

“ ਤੁਸੀਂ ਸਹੀ ਕਿਹਾ। ਮੈਂ ਇੰਡੀਆ ਤੋਂ ਹੀ ਹਾਂ।”

“ ਮੈਂ ਤੁਹਾਨੂੰ ਯੁਨੀਵਰਸਟੀ ਵਿੱਚ ਕਈ ਵੇਰ, ਇੰਡੀਅਨ ਮੁੰਡਿਆਂ ਨਾਲ਼ ਬੈਠੇ ਵੇਖਿਆ ਹੈ। ਮੈਂ ਵੀ ਓਥੇ ਹੀ ਪੜ੍ਹਦੀ ਹਾਂ।”

“ ਬਹੁੱਤ ਚੰਗਾ ਲਗਿਆ ਆਪ ਨੂੰ ਮਿਲ ਕੇ।” ਹਰਜੀਤ ਨੇ ਗੱਲ ਅੱਗੇ ਤੋਰੀ ਅਤੇ ਬੈਠ ਗਿਆ।

“ ਮੇਰਾ ਨਵਾਂ ਬੌਆਏ ਫਰੈਂਡ ਇੱਕ ਪੰਜਾਬੀ ਮੁੰਡਾ ਹੀ ਐ। ਉਹ ਸੀਖ ਨੇ। ਤੂੰ ਹਿੰਦੂ ਹੈਂ ਕਿ ਸੀਖ ਹੈਂ?”

“ ਸਿੱਖ।”

“ ਬਾਈ ਦੀ ਵੇਅ,ਮੈਂ ਇੰਡੀਆ ਦੀ ਸੈਰ ਕਰਕੇ ਵੀ ਆਈ ਹਾਂ। ਕਲਕੱਤੇ ਤੋਂ ਦਿੱਲੀ ਹੁੰਦੇ ਹੋਏ ਅਸੀਂ ਅਮ੍ਰਿਤਸਰ ਵੀ ਗਏ ਸੀ।”

“ ਤੁਸੀਂ ਕਿਸੇ ਗਰੁੱਪ ਨਾਲ਼ ਗਏ ਸੀ?”

“ ਨਹੀਂ। ਮੈਂ ਅਤੇ ਮੇਰੀ ਫਰੈਂਡ, ਪੱਕੀ ਮਿੱਤਰ।”

“ ਟਰਿੱਪ ਚੰਗਾ ਰਿਹਾ?”

“ ਹਾਂ ਠੀਕ ਹੀ ਸੀ। ਕਲਕੱਤਿਓਂ ਦਿੱਲੀ ਆਉਂਦਿਆਂ ਸਾਨੂੰ ਇੱਕ ਥਾਂ ਹੋਟਲ ਵਿੱਚ ਰਾਤ ਗੁਜ਼ਾਰਨੀ ਪਈ। ਹੋਟਲ ਦਾ ਮੈਨੇਜਰ ਸੀ ਜਾਂ ਕੋਈ ਨੌਕਰ, ਮੇਰੇ ਕਮਰੇ ਵਿੱਚ ਕਈ ਵੇਰ ਆਇਆ ਅਤੇ ਬਦਮਾਸ਼ੀ ਕਰਨ ਦੀ ਕੋਸਿ਼ਸ਼ ਵੀ ਕਰਦਾ ਰਿਹਾ। ਆਖਿ਼ਰ ਮੈਨੂੰ ਖੱਪ ਪਾਉਣੀ ਪਈ ਤੇ ਉਹ ਭੱਜ ਗਿਆ। ਸ਼ੁਕਰ ਹੈ ਉਹ ਮੁੜ ਨਹੀਂ ਅਇਆ। ਮੈਂ ਬਾਕੀ ਦੀ ਰਾਤ ਜਾਗਦੀ ਰਹੀ। ਮੇਰੀ ਦੋਸਤ ਨੂੰ ਵੀ ਮੇਰੇ ਕਮਰੇ ਵਿੱਚ ਹੀ ਆ ਕੇ ਰਾਤ ਬਿਤਾਉਣੀ ਪਈ। ਅਗਲੇ ਦਿਨ ਕਿਸੇ ਨੇ ਸਾਥੋਂ ਕਮਰੇ ਦਾ ਕਿਰਾਇਆ ਵੀ ਨਹੀਂ ਲਿਆ। ਡਰਦੇ ਹੋਣਗੇ ਕਿਤੇ ਪੁਲਿਸ ਰਿਪੋਰਟ ਹੀ ਨਾ ਹੋ ਜਾਵੇ।”

“ ਤੁਸੀਂ ਪੁਲਿਸ ਨੂੰ ਰਿਪੋਰਟ ਕਿਉਂ ਨਹੀਂ ਕੀਤੀ?” ਹਰਜੀਤ ਨੇ ਕਿਹਾ ਪਰ ਉਹ ਸ਼ਰਮ ਨਾਲ਼ ਧਰਤੀ ਵਿੱਚ ਨਿੱਘਰਦਾ ਜਾ ਰਿਹਾ ਸੀ। ਸੋਚ ਰਿਹਾ ਸੀ ਕਿ ਗੋਰੀ ਸ਼ਾਇਦ ਪੁਰੀ ਗੱਲ ਦੱਸਣੋਂ ਝਿਜਕ ਗਈ।

“ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ। ਪੁਲਿਸ ਤੇ ਵੀ ਕੀ ਯਕੀਨ ਕਰ ਸਕਦੀਆਂ ਸਾਂ? ਸੁਣਿਆਂ ਸੀ ਕਿ ਪੁਲਿਸ ਵੀ ਐਵੇਂ ਹੀ ਹੈ।” ਗੋਰੀ ਨੇ ਗੱਲ ਮੁਕਾਉਣੀ ਚਾਹੀ ਅਤੇ ਗੱਲ ਦਾ ਰੁਖ ਬਦਲਦੀ ਬੋਲੀ, “ ਉਸ ਤੋਂ਼ ਬਾਅਦ ਅਸੀਂ ਚੰਡੀਗੜ੍ਹ ਗੱਈਆਂ। ਖ਼ੂਬਸੂਰਤ ਸ਼ਹਿਰ ਹੈ। ਓਥੋਂ ਇੱਕ ਸੀਖ ਜੈਂਟਲਮੈਨ ਦੀ ਟੈਕਸੀ ਲੈ ਕੇ, ਲੁਧਿਆਨਾ, ਜਲੰਧਰ ਅਤੇ ਅਮ੍ਰਿਤਸਰ ਗੱਈਆਂ। ਟੈਕਸੀ ਵਾਲ਼ਾ ਰਸਤੇ ਵਿੱਚ ਇੱਕ ਪਿੰਡ ਵਿੱਚ ਰੁਕਿਆ। ਪਹਿਲਾਂ ਤਾਂ ਅਸੀਂ ਬਹੁੱਤ ਡਰੀਆਂ ਪਰ ਜਦੋਂ ਉਸ ਨੇ ਸਾਨੂੰ ਅਪਣੇ ਘਰ ਅਪਣੇ ਮੰਮੀ ਡੈਡੀ ਨਾਲ਼ ਮਿਲਾਇਆ ਤਾਂ ਸਾਹ ਵਿੱਚ ਸਾਹ ਆਇਆ। ਓਥੇ ਸਾਡੀ ਬਹੁੱਤ ਸੇਵਾ ਹੋਈ। ਖਾਣਾ ਵੀ ਖਾਧਾ। ਉਸ ਦਾ ਪਿਤਾ ਰਿਟਾਇਰਡ ਫੌਜੀ ਸੀ, ਬਹੁੱਤ ਚੰਗਾ ਬੰਦਾ। ਮੇਰੇ ਕੋਲ਼ ਉਹਨਾਂ ਦੇ ਟੱਬਰ ਦੀ ਫੋਟੋ ਵੀ ਹੈ। ਯੁਨਿਵਰਸਟੀ ਵਿੱਚ ਲਿਆ ਕੇ ਵਖਾਵਾਂਗੀ।”

“ ਅਮ੍ਰਿਤਸਰ ਗੋਲਡਨ ਟੈਂਪਲ ਗਏ ਸੀ?”

“ ਹਾਂ। ਓਥੇ ਪੌਂਡ ( ਸਰੋਵਰ ) ਵਿੱਚ ਪਾਣੀ ਨਹੀਂ ਸੀ। ਕਹਿੰਦੇ ਪੌਂਡ ਦੀ ਸਫਾਈ ਕੀਤੀ ਜਾ ਰਹੀ ਸੀ। ਪਤਾ ਨਹੀਂ ਕਿਉਂ ਕੁੱਝ ਬੱਚਿਆਂ ਨੇ, ਵਾਪਸ ਮੱਥਾ ਟੇਕ ਕੇ ਆ ਰਹੀਆਂ ਤੇ, ਵੱਟੇ ਸੁੱਟਣੇ ਸ਼ੁਰੂ ਕਰ ਦਿੱਤੇ। ਭਲਾ ਹੋਵੇ ਟੈਕਸੀ ਵਾਲ਼ੇ ਦਾ ਜਿਸਨੇ ਉਹਨਾ ਨੂੰ ਡਰਾਇਆ।” ਉਹ ਹੋਰ ਦੱਸਣਾ ਚਾਹੁੰਦੀ ਸੀ ਪਰ ਹਰਜੀਤ ਨੇ ਉਸ ਦੀ ਗੱਲ ਵਿੱਚੇ ਹੀ ਟੋਕ ਦਿੱਤੀ।

“ ਬਹੁੱਤ ਬੁਰੀ ਗੱਲ ਹੈ। ਬੱਚੇ ਤਾਂ ਕਈ ਵੇਰ ਬਿਨਾ ਸੋਚੇ ਸਮਝੇ ਹੀ ਸ਼ਰਾਰਤਾਂ ਕਰ ਦਿੰਦੇ ਨੇ। ਮੈਂ ਬੱਚਿਆਂ ਵੱਲੋਂ ਮੁਆਫੀ ਮੰਗਦਾ ਹਾਂ। ਮੈਨੂੰ ਅਫਸੋਸ ਹੈ।” ਹਰਜੀਤ ਨੇ ਦਿਲੋਂ ਪਸਚਾਤਾਪ ਕਰਨ ਦੀ ਕੋਸਿ਼ਸ਼  ਕੀਤੀ ਅਤੇ ਐਂਜਲਾ ਤੋਂ ਵਿਦਾਇਗੀ ਮੰਗਦਿਆਂ ਕਿਹਾ, ” ਐਂਜਲਾ ਮੇਰਾ ਦੋਸਤ ਲਗਦਾ ਕਾਹਲ਼ਾ ਪੈ ਰਿਹਾ ਹੈ। ਮੈਨੂੰ ਜਾਣਾ ਚਾਹੀਦਾ ਹੈ। ਦੂਜੀ ਮੁਲਾਕਾਤ ਵਿੱਚ ਹੋਰ ਗੱਲਾਂ ਸੁਣਾਂਗਾ। ਅੱਜ ਦੀ ਮੁਲਾਕਾਤ ਬਹੁੱਤ ਦਿਲਚਸਪ ਰਹੀ।” ਹਰਜੀਤ ਨੇ ਮੁਸਕੁਰਾ ਕੇ ਬਾਈ ਬਾਈ ਕੀਤੀ ਅਤੇ ਅਪਣੇ ਦੋਸਤ ਵੱਲ ਚਲ ਪਿਆ। ਉਹ ਸ਼ਰਮਸਾਰ ਹੋਇਆ ਰੇਤੇ ਵਿੱਚ ਨਿੱਘਰ ਰਿਹਾ ਸੀ। ਸੋਚ ਰਿਹਾ ਸੀ ਕਿ ਸਾਨੂੰ ਅਪਣੇ ਦੇਸ਼ ਦੀ ਇੱਜ਼ਤ ਦਾ ਖਿ਼ਆਲ ਰੱਖਣਾ ਚਾਹੀਦਾ ਹੈ।

“ ਪੜ੍ਹਾਕੂਆ ਤੂੰ ਤੇ ਗੋਰੀ ਨਾਲ਼ ਪਿਆਰ ਹੀ ਪਾ ਕੇ ਬਹਿ ਗਿਆ। ਆਪਾਂ ਨੇ ਘਰ ਵੱਲ ਵੀ ਮੋੜੇ ਪਾਉਣੇ ਐਂ। ਧਿਆਨ ਰੱਖਿਆ ਕਰ। ਗੋਰੀਆਂ  ਵਿਦਿਆਰਥੀਆਂ ਤੇ ਡੋਰੇ ਪਾ ਲੈਂਦੀਆਂ ਨੇ।” ਗੁਰਮੇਲ ਨੇ ਦੋਸਤ ਨੂੰ ਉਦਾਸ ਹੋਇਆ ਵੇਖ ਖੁਸ਼ ਕਰਨ ਦੀ ਕੋਸਿ਼ਸ਼ ਕੀਤੀ। ਦੋਵੇਂ ਹੌਲ਼ੀ ਹੌਲੀ ਕਾਰ ਵੱਲ ਪਧਾਰੇ। ਹਰਜੀਤ ਗੱਲਾਂ ਸੁਣਦਾ ਗਿਆ। ਉਸ ਨੂੰ ਕੁੱਝ ਔਹੜ ਹੀ ਨਹੀਂ ਸੀ ਰਿਹਾ। ਦੇਸ਼ ਦੇ ਸਵੈਮਾਨ ਅਤੇ ਹਰਜੀਤ ਦੇ ਅਪਣੇ ਮਾਨ ਨੂੰ ਧੱਕਾ ਲੱਗਾ।

“ ਦੇਖ ਬਾਈ ਉਹ ਕਾਲ਼ੀਆਂ ਕੁੜੀਆਂ ਵੀ ਲੰਮੀਆਂ ਪੱਈਆਂ ਨੇ।” ਗੁਰਮੇਲ ਨੇ ਜਿਵੇਂ ਦੋਸਤ ਦੇ ਉਦਾਸ ਮਨ ਵਾਸਤੇ ਇੱਕ ਨਵੀਂ ਖੁਸ਼ੀ ਲੱਭ ਲਈ ਹੋਵੇ।

“ ਪਰ ਇਹਨਾਂ ਨੂੰ ਤੇ ਟੈਨਿੰਗ ਦਾ ਕੋਈ ਲਾਭ ਨਹੀਂ।”

“ ਕਿਉਂ ਨਹੀਂ। ਇਹਨਾਂ ਦਾ ਰੰਗ ਧੁੱਪ ਵਿੱਚ ਫਿੱਕਾ ਪੈ ਜਾਂਦਾ ਹੈ। ਮੁਸ਼ਕੀ ਹੋ ਜਾਂਦਾ ਹੈ। ਜਿਵੇਂ ਅਪਣੇ ਪਿੰਡਾਂ ਵਿੱਚ ਧੁੱਪੇ ਪਈਆਂ ਦਰੀਆਂ ਦਾ ਰੰਗ ਉਡ ਕੇ ਹੋ ਜਾਦਾ ਹੈ।” ਗੁਰਮੇਲ ਬੋਲਿਆ ਅਤੇ ਹੱਸਿਆ। ਹਰਜੀਤ ਮੁਸਕੁਰਾਇਆ।

“ ਹੁਣ ਵਾਪਸ ਚਲਦੇ ਹਾਂ, ਨਹੀਂ ਤਾਂ ਕਵੇਲ਼ਾ ਹੋ ਜਾਵੇਗਾ। ਜੰਕ ਫੂਡ ਕਾਫੀ ਖਾ ਚੁਕੇ ਹਾਂ। ਅੱਖਾਂ ਵੀ ਥਕਾਵਟ ਮਹਿਸੂਸ ਕਰਨ ਲਗ ਪੱਈਆਂ ਨੇ।”

“ ਵਿਦਿਆਰਥੀ ਬਾਈ, ਲੈ ਫੜ ਕਾਰ ਦੀਆਂ ਚਾਬੀਆਂ।  ਮੈਂ ਥੱਕ ਗਿਆ ਹਾਂ। ਕਾਰ ਤੂੰ ਹੀ ਚਲਾਏਂਗਾ। ਨਾਲ਼ੇ ਤੇਰੀ ਪ੍ਰੈਕਟਿਸ ਵੀ ਹੋ ਜਾਊ। ਮੇਰਾ ਕਾਰ ਚਲਾਉਣ ਦਾ ਉੱਕਾ ਹੀ ਮਨ ਨਹੀਂ।”

“ ਹਾਂ ਠੀਕ ਹੈ।” ਹਰਜੀਤ ਨੇ ਕਾਰ ਸਟਾਰਟ ਕਰ ਲਈ। ਕੋਈ ਅੱਧੇ ਕੁ ਘੰਟੇ ਬਾਅਦ ਹੀ ਗੁਰਮੇਲ ਨੇ ਹਦਾਇਤ ਦੇਣੀ ਸ਼ੁਰੂ ਕਰ ਦਿੱਤੀ।

“ ਥੋੜ੍ਹੀ ਦੂਰ ਜਾ ਕੇ ਆਪਾਂ ਖੱਬੇ ਮੁੜਨਾ ਹੈ। ਮੀਲ ਕੁ ਤੇ ਇੱਕ ਸ਼ਰਾਬ ਦਾ ਸਟੋਰ ਹੈ। ਬਿਅਰ ਸਸਤੀ ਮਿਲ ਜਾਦੀ ਹੈ। ਪੰਜ ਸੱਤ ਕਰੇਟ ਲੈਂਦੇ ਚਲਾਂਗੇ।”

“ ਬਾਈ ਇਹ ਸੀ ਅਸਲ ਕਾਰਨ,ਬੀਚ ਦੀ ਸੈਰ ਕਰਨ ਦਾ। ਘੱਟ ਪੀਆ ਕਰ। ਲੋਕੀਂ ਕਹਿੰਦੇ ਨੇ ਤੂੰ ਕੁੱਝ ਜਿ਼ਆਦਾ ਹੀ ਪੀਣ ਲਗ ਪਿਆ ਏਂ।”

“ ਹਰਜੀਤ, ਹਰਜੀਤ, ਸਾਵਧਾਨ। ਐਥੋਂ ਖੱਬੇ ਲੈ ਲੈ। ਗੱਲਾਂ ’ਚ ਅੱਗੇ ਲੰਘ ਜਾਣਾ ਸੀ। ਉਹ ਦੇਖ ਠੇਕਾ ਐਥੋਂ ਵੀ ਦਿੱਸਦਾ ਹੈ।”

“ ਬਾਈ ਮੈਨੂੰ ਤਾਂ ਦਿਖਿਆ ਨਹੀਂ।”

“ ਵਿਦਿਆਰਥੀਆਂ ਨੂੰ ਦਿਖਣਾ ਵੀ ਨਹੀਂ ਚਾਹੀਦਾ। ਥੋੜ੍ਹਾ ਹੋਰ ਅੱਗੇ ਚਲ।”

ਹਰਜੀਤ ਨੇ ਠੇਕੇ ਦੇ ਸਾਹਮਣੇ ਕਾਰ ਲਗਾ ਦਿੱਤੀ। ਗੁਰਮੇਲ ਦੇ ਡਾਲਰ ਘਟ ਗਏ। ਘਾਟਾ ਹਰਜੀਤ ਨੇ ਪੂਰਾ ਕੀਤਾ ਅਤੇ ਚਲ ਪਏ ਫੇਰ ਵਾਪਸ ਘਰ ਵੱਲ।

“ ਗੱਲ ਸੁਣ ਬਾਈ। ਤੂੰ ਬੀਅਰ ਦੇ ਕਰੇਟਾਂ ਬਾਰੇ ਅਪਣੇ ਪਿੰਡ ਵਾਲ਼ੇ ਗੁਰਨਾਮ ਨੂੰ ਨਾ ਦੱਸੀਂ। ਉਸ ਨੇ ਵੀਹ ਕੈਨ ਤਾਂ ਅੱਜ ਹੀ ਖਾਲੀ ਕਰ ਜਾਣੇ ਐਂ। ਬਹੁੱਤ ਦਾਰੂ ਪੀਂਦਾ ਐ।” ਗੁਰਮੇਲ ਨੇ ਚੇਤਾਵਨੀ ਦਿੱਤੀ। ਗੱਡੀ ਪੈਂਡਾ ਕੱਟਦੀ ਗਈ। ਫੇਰ ਅਚਾਨਕ, ਗੁਰਮੇਲ ਨੇ ਪੰਦਰਾਂ ਵੀਹ ਮਿੰਟ ਤੋਂ ਧਿਆਾਈ ਹੋਈ ਚੁੱਪ ਤੋੜੀ।

“ ਯਾਰ ਥਕਾਵਟ ਜਿ਼ਆਦਾ ਹੀ ਹੋ ਗਈ ਹੈ। ਘੁੱਟ ਲਾ ਹੀ ਲੈਂਦਾ ਹਾਂ। ਤੂੰ ਚੰਗਾ ਏਂ ਨਸ਼ੇ ਦੀ ਆਦਤ ਹੀ ਨਹੀਂ ਪਾਈ। ਇਹ ਭੈੜੀ ਲੱਤ ਹੈ। ਜਿੰਨੀ ਦੇਰ ਨਹੀਂ ਪੀਏਂਗਾ ਖੁਸ਼ ਰਹੇਂਗਾ।” ਗੁਰਮੇਲ ਪੀਂਦਾ ਗਿਆ, ਬੋਲਦਾ ਰਿਹਾ। ਸ਼ਰਾਬੀ ਦੀ ਬੋਲੀ ਤੋਤਲੀ ਹੋ ਗਈ। ਹਰਜੀਤ ਜਿੰਨੀ ਗੱਲ ਸਮਝਦਾ ਉਸ ਦਾ ਕਦੇ ਜੁਆਬ ਦੇ ਦਿੰਦਾ ਕਦੇ ਚੁੱਪ ਨਾਲ਼ ਹੀ ਸਾਰ ਦਿੰਦਾ।

ਸ਼ਹਿਰ ਦੇ ਬਿਜਲੀ ਦੇ ਲਾਟੂ ਬਲਦੇ ਨਜ਼ਰ ਆਉਣ ਲਗ ਪਏ। ਹਨੇਰਾ ਹੋ ਗਿਆ ਸੀ। ਵਿਨੀਪੈੱਗ ਸ਼ਹਿਰ ’ਚ ਆ ਵੜੇ। ਗੁਰਮੇਲ ਗੁੱਟ ਹੋਇਆ ਬੀਅਰ ਹੋਰ ਪੀ ਰਿਹਾ ਸੀ। ਹਰਜੀਤ ਅੱਗੇ ਰਸਤੇ ਤੋਂ ਜਾਣੂ ਨਹੀਂ ਸੀ।

“ ਬਾਈ ਗੁਰਮੇਲ ਐਥੋਂ ਕਿੱਧਰ ਮੁੜਨਾ ਹੈ? ” ਹਰਜੀਤ ਨੇ ਰਸਤਾ ਪੁੱਛਿਆ।

“ ਹਾਂ, ਸੱਜੇ। ਹੁਣ ਖੱਬੇ। ਇੱਕ ਵੇਰ ਫੇਰ ਖੱਬੇ। ਠੀਕ ਐ ਚਲੀ ਚਲ। ਘਰ ਹੁਣ ਬਹੁਤ ਨੇੜੇ ਹੀ ਐ।” ਗੁਰਮੇਲ ਸੀਟ ਨਾਲ਼ ਸਿਰ ਜੋੜਕੇ ਪੈ ਗਿਆ।

“ ਬਾਈ, ਬੈਦਵਾਣ ਸਾਹਿਬ, ਅੱਖਾਂ ਖੋਲ੍ਹੋ, ਜੀ। ਮੈਂ ਤਾਂ ਡੈੱਡ ਐਂਡ ਸਟਰੀਟ ਤੇ ਆ ਖੜ੍ਹਾ ਹੋਇਆ ਹਾਂ। ਐਥੋਂ ਕਿੱਧਰ ਜਾਵਾਂ? ਅੱਗੇ ਤਾਂ ਰਸਤਾ ਹੀ ਨਹੀਂ।” ਹਰਜੀਤ ਨੇ ਪੁੱਛਿਆ।

“ ਮੈਨੂੰ ਤਾਂ ਐਥੋਂ ਤੱਕ ਹੀ ਪਤਾ ਸੀ। ਤੂੰ ਪੜ੍ਹਿਆ ਲਿਖਿਆ ਬੰਦਾ ਏਂ ਨਕਸ਼ਾ ਵੇਖ ਲੈ।” ਗੁਰਮੇਲ ਫੇਰ ਸੌਂ ਗਿਆ।

ਹਰਜੀਤ ਕਾਰ ’ਚ ਰੋਸ਼ਨੀ ਕਰਕੇ ਨਕਸ਼ਾ ਲੱਭਣ ਲਗ ਪਿਆ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>