ਸ਼੍ਰੋਮਣੀ ਕਮੇਟੀ ਵਿਦਿਆ ਦੇ ਪ੍ਰਸਾਰ ਲਈ ਵੱਡੇ ਸਾਧਨ ਜੁਟਾਵੇਗੀ- ਜਥੇ. ਅਵਤਾਰ ਸਿੰਘ

ਚੰਡੀਗੜ੍ਹ: – ਵਿਦਿਆ ਬਿਨਾ ਮਨੁੱਖ ਅਧੂਰਾ ਹੈ ਅਤੇ ਗਿਆਨ ਵਿਹੂਣਾ ਮਨੁੱਖ ਦੇਸ਼ ਕੌਮ ਜਾਂ ਧਰਮ ਦੀ ਤਰੱਕੀ ਲਈ ਯੋਗਦਾਨ ਨਹੀਂ ਪਾ ਸਕਦਾ। ਇਸ ਲਈ ਭਵਿੱਖ ਦੇ ਵਾਰਸਾਂ ਨੂੰ ਵਿਦਿਆ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦਿਆ ਦੇ ਪ੍ਰਸਾਰ ਲਈ ਆਪਣੇ ਸਾਰੇ ਵਸੀਲੇ ਲਗਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਯੂਨੀਵਰਸਿਟੀ ਦੇ ਚਾਂਸਲਰ ਜਥੇ. ਅਵਤਾਰ ਸਿੰਘ ਨੇ ਸਥਾਨਕ ਕਲਗੀਧਰ ਨਿਵਾਸ ਦੀ ਬੈਸਮੈਂਟ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਯੋਜਨਾਂ ਵਿੰਗ ਦੇ ਉਦਘਾਟਨ ਉਪਰੰਤ ਇਕ ਪ੍ਰੈਸ ਰਲੀਜ਼ ’ਚ ਕੀਤਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦੋ ਸਾਲਾਂ ਵਿਚ ਪੰਜਾਬ ਭਰ ਵਿਚ 13 ਦੇ ਕਰੀਬ ਉਚਪਾਏ ਦੇ ਸਕੂਲ ਸਥਾਪਤ ਕੀਤੇ ਹਨ ਜੋ ਸਫ਼ਲਤਾ ਪੂਰਵਕ ਚਲ ਰਹੇ ਹਨ ਅਤੇ ਉਚਪਾਏ ਦੀ ਵਿਦਿਆ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੁਹਿਰਦ ਯਤਨਾਂ ਸਦਕਾ ਬੀਤੇ ਸਾਲ ਪਹਿਲੀ ਸਤੰਬਰ ਨੂੰ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਅਰੰਭ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਉਸਾਰੀ ਦਾ ਕਾਰਜ ਪੂਰੇ ਜੋਰਾਂ ਨਾਲ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਯੂਨੀਵਰਸਿਟੀ ਦੇ ਯੋਜਨਾ ਵਿੰਗ ਦੀ ਅਰੰਭਤਾ ਕੀਤੀ ਗਈ ਹੈ। ਜਿਥੇ ਪ੍ਰੋਜੈਕਟ ਇੰਜੀ., ਡੀਨ ਅਕੈਡਮਿਕ, ਅਸਿਸਟੈਂਟ ਡੀਨ ਅਕੈਡਮਿਕ, ਐਡਮਨਿਸਟਰੇਟਰ ਆਫੀਸਰ, ਫਾਇਨੈਂਸ ਆਫੀਸਰ, ਅਕਾਊਂਟੈਂਟ ਅਤੇ ਉਨ੍ਹਾਂ ਦਾ ਸਹਿਯੋਗੀ ਸਟਾਫ ਬੈਠ ਕੇ ਯੂਨੀਵਰਸਿਟੀ ਦੇ ਕੰਮ-ਕਾਜ ਦੀ ਦੇਖ-ਰੇਖ ਕਰ ਸਕਣਗੇ। ਉਨ੍ਹਾਂ ਯੂਨੀਵਰਸਿਟੀ ਦੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਆਸ ਪ੍ਰਗਟ ਕੀਤੀ ਕਿ ਇਹ ਯੂਨੀਵਰਸਿਟੀ ਬਹੁਤ ਛੇਤੀ ਅਧਿਆਪਨ ਅਤੇ ਖੋਜ ਦਾ ਕੰਮ ਆਰੰਭ ਕਰ ਦੇਵੇਗੀ।

ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੇਂ ਉਸਾਰੇ ਗਏ ਇਸ ਕੰਪਲੈਕਸ ਵਿਚ ਯੂਨੀਵਰਸਿਟੀ ਦੇ ਯੋਜਨਾ ਵਿੰਗ ਨਾਲ ਸੰਬੰਧਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਧੁਨਿਕ ਸਹੂਲਤਾਂ ਸਹਿਤ ਆਪਣੇ-ਆਪਣੇ ਕਾਰਜ ਨਿਭਾਉਣਗੇ। ਯੋਜਨਾ ਵਿੰਗ ਇਸ ਵੇਲੇ ਫ਼ਤਹਿਗੜ੍ਹ ਸਾਹਿਬ ਵਿਖੇ ਇਮਰਜਿੰਗ ਟੈਕਨੋਲੋਜੀ ਕੰਪਲੈਕਸ ਦੀ ਉਸਾਰੀ ਦਾ ਕੰਮ ਵੇਖ ਰਿਹਾ ਹੈ ਅਤੇ ਨਾਲ ਹੀ ਛੇਤੀ ਤੋਂ ਛੇਤੀ ਖੋਜ ਅਤੇ ਅਧਿਆਪਨ ਲਈ ਅਕਾਦਮਿਕ ਯੋਜਨਾਬੰਦੀ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਉੱਚ-ਪੱਧਰੀ ਖੋਜ ਦੇ ਨਾਲ-ਨਾਲ ਵਿਸ਼ਵ ਦੇ ਹੋਰ ਧਰਮਾਂ ਦਾ ਅਧਿਐਨ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨਫਾਰਮੇਸ਼ਨ ਟੈਕਨੌਲੋਜੀ, ਨੈਨੋਟੈਕਨੌਲੋਜੀ, ਬਾਇਓਟੈਕਨੌਲੋਜੀ ਅਤੇ ਬਿਜ਼ਨੈੱਸ ਮੈਨੇਜਮੈਂਟ ਦੇ ਆਧੁਨਿਕ ਕੋਰਸਿਜ਼ ਦੇ ਪੋਸਟ-ਗਰੈਜੂਏਟ ਪੱਧਰ ਅਤੇ ਡਾਕਟਰੇਟ ਪੱਧਰ ਦਾ ਅਧਿਆਪਨ ਹੋਵੇਗਾ। ਉਨ੍ਹਾਂ ਹੋਰ ਦੱਸਿਆ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਐਕਟ ਦੇ ਅੰਤਰਗਤ ਵਿਦੇਸ਼ਾਂ ਵਿਚ ਯੂਨੀਵਰਸਿਟੀ ਦੇ ਕੇਂਦਰ ਸਥਾਪਿਤ ਕਰਨ ਦੀ ਵੀ ਵਿਵਸਥਾ ਹੈ। ਡਾ. ਆਹਲੂਵਾਲੀਆ ਨੇ ਕਿਹਾ ਕਿ ਇਸ ਸਬੰਧੀ ਵੀ ਵਿਦੇਸ਼ਾਂ ਦੀਆਂ ਉੱਚ-ਪੱਧਰੀ ਵਿੱਦਿਅਕ ਅਤੇ ਅਕਾਦਮਿਕ ਸੰਸਥਾਵਾਂ ਨਾਲ ਤਾਲਮੇਲ ਜਾਰੀ ਹੈ ਅਤੇ ਅਗਲੇ ਸਾਲ ਵਿਦੇਸ਼ਾਂ ਵਿਚ ਵੀ ਯੂਨੀਵਰਸਿਟੀ ਦੇ ਕੇਂਦਰ ਚਾਲੂ ਹੋ ਜਾਣਗੇ। ਇਸ ਤੋਂ ਪਹਿਲਾਂ ਸ੍ਰੀ ਕਲਗੀਧਰ ਨਿਵਾਸ ਦੇ ਗੁਰਦੁਆਰਾ ਸਾਹਿਬ ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕੀਤੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਸਬ-ਆਫਿਸ ਸ਼੍ਰੋਮਣੀ ਕਮੇਟੀ ਚੰਡੀਗੜ੍ਹ ਦੇ ਮੀਤ ਸਕੱਤਰ ਸ. ਅਵਤਾਰ ਸਿੰਘ, ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਸ.ਬੀ.ਐਸ. ਮਾਨ, ਪ੍ਰੋਜੈਕਟ ਇੰਜੀ. ਸ੍ਰੀ ਆਰ.ਕੇ. ਗੁਪਤਾ, ਸ਼੍ਰੋਮਣੀ ਕਮੇਟੀ ਐਜ਼ੂਕੇਸ਼ਨਲ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ. ਗੁਰਮੋਹਣ ਸਿੰਘ ਵਾਲੀਆ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਗੁਰੂ ਨਾਨਕ ਗਰਲਜ਼ ਕਾਲਜ ਮੁਕਤਸਰ ਦੀ ਪ੍ਰਿੰਸੀਪਲ ਡਾ. ਤਜਿੰਦਰ ਕੌਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀ ਪ੍ਰਿੰਸੀਪਲ ਡਾ. ਇੰਦਰਜੀਤ ਕੌਰ, ਕਲਗੀਧਰ ਨਿਵਾਸ ਦੇ ਇੰਚਾਰਜ ਸ. ਮਨਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

This entry was posted in ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>