ਪੈਰਿਸ ਵਿੱਚ ਇੱਕ ਪੰਜਾਬੀ ਦੀ ਹੱਡਬੀਤੀ

ਵੀਰ ਜੀ ਆਪ ਪਾਕਸਤਾਨੀ ਹੋ ?

ਨਹੀ ਮੈਂ ਇੰਡੀਅਨ ਪੰਜਾਬੀ ਹਾਂ।

ਤੁਹਾਡੇ ਕੋਲ ਟੈਲੀਫੋਨ ਹੋਵੇਗਾ, ਇੱਕ ਕਾਲ ਕਰਨੀ ਏ,ਮੈਨੂੰ ਇਥੇ ਮੈਟਰੋ ਦੇ ਸਟੇਸ਼ਨ ਤੇ ਕਿਸੇ ਨੇ ਮਿਲਣ ਆਉਣਾ ਸੀ ਹਾਲੇ ਤੱਕ ਆਇਆ ਨਹੀ।ਮੈਰਾ ਫੋਨ ਚਾਰਜ਼ ਨਹੀ ਇਹ ਨਾਲ ਹੀ ਐਸ ਟੀ ਡੀ ਹੈ ਪਬਲਿਕ ਫੋਨ ਵੀ ਹੈ ਇਥੋਂ ਕਰ ਲਵੋ। ਵੀਰੇ ਦੁੱਖ ਤਾਂ ਇਸੇ ਗੱਲ ਦਾ ਕੋਈ ਪੈਸਾ ਕੋਲ ਨਹੀ।

ਫਰਾਂਸ ਵਿੱਚ ਨਵੇਂ ਆਏ ਹੋ ?

ਨਹੀ ਜੀ ਆਏ ਨੂੰ ਸੱਤ ਸਾਲ ਹੋ ਗਏ ਨੇ।ਇਹ ਕਿਵੇ ਕੇ ਤੁਹਾਡੇ ਕੋਲ ਟੈਲੀਫੋਨ ਕਰਨ ਲਈ ਵੀ ਪੈਸੇ ਨਹੀ।ਮੈਂ ਪੈਰਿਸ ਦੀ ਸਭ ਤੋਂ ਵੱਡੀ ਜੇਲ ਫਰੈਨਸ ਵਿੱਚੋਂ ਅੱਜ ਹੀ ਬਾਹਰ ਆਇਆ ਹਾਂ।( ਮੋਢੇ ਵਿੱਚ ਬੈਗ ਤੇ ਹੱਥ ਵਿੱਚ ਕਪੜਿਆ ਨਾਲ ਭਰਿਆ ਪਲਾਸਟਿੱਕ ਦਾ ਥੈਲਾ ਫੜੀ ਕੋਈ ਤੀਹ ਬੱਤੀ ਸਾਲ ਦਾ ਨੌਜੁਆਨ ਠੋਸ ਤੇ ਦਰਦ ਭਰੀ ਅਵਾਜ਼ ਵਿੱਚ ਬਲਿਆ)

ਤੁੰ ਪ੍ਰਦੇਸਾਂ ਵਿੱਚ ਇਹੋ ਜਿਹਾ ਕੀ ਕੰਮ ਕੀਤਾ ਜਿਹੜਾ ਜੇਲ ਦੀ ਹਵਾ ਖਾਦਾਂ ਫਿਰਦਾ।

ਪੰਜਾਬ ਵਿੱਚੋਂ ਜਿਹੜਾ ਵੀ ਬਾਹਰ ਆਉਦਾ ਘਰ ਦੀਆ ਆਰਥਿਕ ਤੰਗੀਆਂ ਦਾ ਸਤਾਇਆ ਹੋਇਆ ਹੀ ਨਿਕਲਦਾ , ਪੈਸੇ ਵਾਲੇ ਤਾ ਇਥੇ ਮੇਟਰੋ ਦੇ ਸ਼ਟੇਸ਼ਨ ਤੇ ਨਹੀ ਫਾਈਵ ਸਟਾਰ ਹੋਟਲਾਂ ਵਿੱਚ ਖੜਦੇ ਨੇ।( ਕੋਈ 50 ਸਾਲ ਦਾ ਆਦਮੀ ਉਸ ਨੁੰ ਸੁਆਲਾਂ ਦੇ ਨਾਲ ਨਸੀਹਤਾਂ ਵੀ ਦੇ ਰਿਹਾ ਸੀ।)ਉਹ ਨੌਜੁਆਨ ਉਸ ਦੀ ਸਿਆਣਪ ਦੇ ਤਕਾਜ਼ੇ ਨੂੰ ਬਿਨਾਂ ਅੱਖ ਝਮਕੇ ਇੱਕ ਟੱਕ ਤੋਲ ਰਿਹਾ ਸੀ।ਵੀਰ ਜੀ ਸੁਪਨੇ ਤਾਂ ਮੈ ਵੀ ਬਹੁਤ ਲੈਕੇ ਆਇਆ ਸੀ।ਕਈ ਵਾਰੀ ਕਿਸਮਤ ਗੇੜਾ ਹੀ ਇਸ ਤਰ੍ਹਾਂ ਦਿੰਦੀ ਆ ਜੋ ਵੀ ਕਰੋ ਪੁਠਾ ਪੈ ਜਾਦਾਂ ਹੈ।ਕਿਸਮਤ ਨੂੰ ਕੋਸਣ ਤੋਂ ਪਹਿਲਾਂ ਆਪਣਾ ਵੀ ਸੁਧਾਰ ਕਰਨ ਦੀ ਲੋੜ ਹੈ।ਅਗਰ ਤੁਹਾਡੇ ਕੋਲ ਟਾਈਮ ਹੋਵੇ ਤਾਂ ਤਹਾਨੂੰ ਇਸ ਦਾ ਵੀ ਖੁਲਾਸਾ ਕਰ ਦਿੰਦਾ ਹਾਂ।( ਇਹ ਬੋਲਦਿਆ ਹੀ ਉਸ ਨੇ ਹੱਥ ਵਾਲ ਥੈਲਾ ਧਰਤੀ ਤੇ ਰੱਖ  ਕੇ ਕਾਗਜ਼ਾ ਨਾਲ ਭਰਿਆ ਹੋਇਆ, ਮੌਢੇ ਵਾਲਾ ਥੈਲਾ ਖੋਲ ਲਿਆ। ਸਾਰੇ ਪਰੂਫ ਰੱਖੇ ਨੇ ਵੀਰ ਜੀ, ਮੈਂ ਸਾਲ 2002 ਵਿੱਚ ਇੰਡੀਆ ਤੋਂ ਏਜੰਟ ਰਾਹੀ ਅਸਟਰੀਆ ਆਇਆ ਸੀ।ਉਥੇ ਆਕੇ ਮੈਂ ਏਜੰਟ ਦੇ ਕਹੇ ਮੁਤਾਬਕ ਪਾਸਪੋਰਟ ਪਾੜ ਕੇ ਰੀਫੂਜੀ ਅਪਲਾਈ ਕਰ ਦਿੱਤੀ।ਕੰਮ ਕਾਰ ਤਾਂ ਉਥੇ ਕੋਈ ਮਿਲਿਆ ਨਹੀ।ਵਿਹਲੇ ਘੁੰਮਦੇ ਰਹੇ।ਇੱਕ ਦੋਸਤ ਦਾ ਇਟਲੀ ਤੋਂ ਫੋਨ ਆ ਗਿਆ, ਕੇ ਇਥੇ ਆ ਜਾਓ ਪੇਪਰ ਖੁਲਣ ਦੇ ਅਸਾਰ ਲਗਦੇ ਨੇ।ਮੈਂ ਇਟਲੀ ਪਹੁੰਚ ਗਿਆ।ਉਥੇ ਨਾ ਹੀ ਪੇਪਰਾਂ ਦਾ ਨਾ ਹੀ ਕੰਮ ਦਾ ਜੁਗਾੜ ਬਣਿਆ।ਕਈ ਮਹੀਨੇ ਵਿਹਲਾ ਬਹਿ ਕੇ ਖਾਦਾਂ ਰਿਹਾ।ਫਿਰ ਸੋਚਿਆ ਫਰਾਂਸ ਚਲਦੇ ਆਂ, ਸ਼ਾਇਦ ਉਥੇ ਹੀ ਕੋਈ ਕੰਮ ਕਾਰ ਮਿਲ ਜਾਵੇ।ਬਸ ਫਿਰ ਇਥੇ ਆ ਵੜਿਆ।ਪਰ ਮੈਨੂੰ ਇਥੇ ਆ ਕੇ ਥੋੜਾ ਮੋਟਾ ਰੈਸਟੋਰੈਂਟ ਤੇ ਪੇਪਰ ਵੰਡਣ ਦਾ (ਪਬਲਿਸਟੀ) ਦਾ ਕੰਮ ਮਿਲ ਗਿਆ ਸੀ। ਦਿੱਨ ਵੇਲੇ ਪੇਪਰ ਵੰਡਣੇ ਤੇ ਸ਼ਾਮ ਨੂੰ ਰੈਸਟੋਰੈਂਟ ਵਿੱਚ ਕੰਮ ਕਰਨਾ।ਰੱਬ ਦੀ ਕ੍ਰਿਪਾ ਨਾਲ ਦਿੱਨ ਸੋਹਣੇ ਖਿੜਣ ਲੱਗ ਪਏ।ਥੋੜੇ ਘਣੇ ਪੈਸੇ ਜੋੜ ਕੇ ਘਰ ਵੀ ਭੇਜ ਦਿੱਤੇ।ਕਰਜ਼ੇ ਦੀ ਪੰਡ ਥੋੜੀ ਹੋਲੀ ਹੋ ਗਈ।

ਇਹਨਾਂ ਦਿਨਾਂ ਵਿੱਚ ਹੀ ਮੇਰੀ ਇੱਕ ਪੁਰਤਗਾਲ ਦੀ ਲੜਕੀ ਨਾਲ ਮੁਲਾਕਾਤ ਹੋ ਗਈ।ਮੇਰੇ ਕੋਲ ਕੋਈ ਫਰਾਂਸ ਵਿੱਚ ਰਹਿਣ ਦੇ ਪੇਪਰ ਨਹੀ ਸਨ।ਸੋਚਿਆ ਕਿਉ ਨਾ ਵਿਆਹ ਕਰਾ ਕੇ ਪੇਪਰ ਬਣਾ ਲਏ ਜਾਣ।ਵਿਆਹ ਹੀ ਕਰਾਉਣਾ ਹੈ ਕਿਤੇ ਵੀ ਸੀ।ਨਾਲੇ ਦੋਨੋ ਕੰਮ ਇੱਕਠੇ ਹੋ ਜਾਣ।ਉਹ ਵੀ ਕੰਮ ਕਰਦੀ ਸੀ, ਤੇ ਮੈਂ ਵੀ ਕੰਮ ਕਰਦਾ ਸੀ।ਅਸੀ ਪੈਰਿਸ ਦੇ ਵਧੀਆਂ ਇਲਾਕੇ ਵਿੱਚ ਘਰ ਕਿਰਾਏ ਤੇ ਲੈ ਲਿਆ।ਛੋਟੇ ਜਿਹੇ ਘਰ ਵਿੱਚ ਅਸੀ ਜਿੰਦਗੀ ਦੀ ਹਰ ਸਹੂਲਤ ਵਾਲੀ ਚੀਜ਼ ਮਹੁਈਆ ਕਰ ਲਈ।ਮੈਂ ਵਿਆਹ ਕਰਾਉਣ ਲਈ ਸਾਰੇ ਕਾਗਜ਼ਾਤ ਆਪਣੇ ਘਰਦਿਆਂ ਤੋਂ ਮੰਗਵਾ ਲਏ।ਉਸ ਲੜਕੀ ਨੇ ਵੀ ਸਾਰੇ ਪੇਪਰ ਤਿਆਰ ਕਰ ਲਏ।ਉਸ ਦਾ ਵਿਚਾਰ ਸੀ , ਕੇ ਮੈਂ ਪੁਰਤਗਾਲ ਜਾ ਕੇ ਆਪਣੇ ਪ੍ਰੀਵਾਰ ਵਿੱਚ ਸ਼ਾਦੀ ਕਰਨੀ ਹੈ।ਮੈ ਉਸ ਨਾਲ ਸਹਿਮਤੀ ਪ੍ਰਗਟਾਈ।ਮੇਰੀ ਖੁਸ਼ੀ ਦੀ ਵੀ ਕੋਈ ਹੱਦ ਨਾ ਰਹੀ।ਪੱਕੇ ਹੋਣ ਦੀ ਕਿਰਨ ਜਾਗ ਪਈ।ਉਹਨਾਂ ਦਿਨਾਂ ਵਿੱਚ ਮੇਰਾ ਇੱਕ ਪੰਜਾਬੀ ਦੋਸਤ ਘਰੇ ਮਿਲਣ ਲਈ ਆਇਆ, ਅਸੀ ਬਾਹਰ ਘੁੰਮਣ ਲਈ ਨਿੱਕਲ ਗਏ।ਮੇਰੇ ਘਰ ਵਾਲੀ ਦਵਾਈ ਖਾਦੀ ਸੀ।ਉਹ ਅਰਾਮ ਕਰਨ ਲਈ ਘਰ ਹੀ ਰਹਿ ਪਈ।ਜਦੋਂ ਸ਼ਾਮ ਨੂੰ ਮੈਂ ਘਰ ਮੁੜਿਆ ਤਾਂ ਮੇਰੇ ਘਰ ਵਾਲੀ ੁਪਿਛਲੇ ਕਮਰੇ ਵਿੱਚ ਸੁੱਤੀ ਪਈ ਸੀ,ਮੈਂ ਸੋਚਿਆ ਅਰਾਮ ਕਰਨ ਦਿਓ,ਮੈਂ ਡਰਾਇੰਗ ਰੂਮ ਵਿੱਚ ਬੈਠ ਕੇ ਫਿਲਮੀ ਗਾਣੇ ਲਾ ਕੇ ਸੁਣਨ ਲੱਗ ਪਿਆ।ਵੇਖਦੇ ਵੇਖਦੇ ਕੇਸਟ ਖਤਮ ਹੋ ਗਈ ਪਰ ਉਸ ਸੁੱਤੀ ਪਈ ਨਾ ਉਠੀ।ਮੈਂ ਉਸ ਦੇ ਕਮਰੇ ਵਿੱਚ ਜਾ ਕੇ ਅਵਾਜ਼ ਮਾਰੀ। ਅੱਗੋ ਕੋਈ ਜਬਾਬ ਨਾ ਆਇਆ।ਜਦੋਂ ਮੈਂ ਉਸ ਦੇ ਮੂੰਹ ਤੋਂ ਕਪੜਾ ਉਤਾਰਿਆ,ਤਾਂ ਉਹ ਦੰਦਾਂ ਵਿੱਚ ਜੀਭ ਘੁੱਟ ਕੇ ਮਰੀ ਪਈ ਸੀ।ਉਸ ਦੀਆਂ ਬਾਹਾਂ ਤੇ ਨੀਲੇ ਥੱਬੇ ਬਣੇ ਪਏ ਸਨ।ਮੈਂ ਇੱਕ ਦਮ ਤ੍ਰਬਕ ਗਿਆ। ਉਸੇ ਵਕਤ ਹੀ ਐਬੂਲੈਂਸ ਨੂੰ ਫੋਨ ਕੀਤਾ।

ਪੁਲੀਸ ਐਬੂਲੈਸ ਸਭ ਇੱਕਠੇ ਹੀ ਆ ਗਏ।ਐਬੂਲੈਂਸ ਉਸ ਨੂੰ ਹਸਪਤਾਲ ਲੈ ਗਈ।ਪਰ ਪੁਲੀਸ ਨੇ ਮੇਰੇ ਪੂਰੇ ਘਰ ਦੀ ਛਾਣ ਬੀਣ ਬਾਰੀਕੀ ਨਾਲ ਸ਼ੁਰੂ ਕਰ ਦਿੱਤੀ।ਜੋ ਵੀ ਉਹਨਾਂ ਨੂੰ ਛੱਕੀ ਲੱਗਿਆ, ਉਹ ਸਾਰੇ ਕਾਗਜ਼ਾਤ ਕਬਜ਼ੇ ਵਿੱਚ ਲੈਕੇ ਤੇ ਮੈਨੂੰ ਗੱਡੀ ਵਿੱਚ ਬਿਠਾ ਕੇ ਠਾਣੇ ਲੈ ਗਈ।ਉਥੇ ਪੁਲੀਸ ਨੇ ਮੇਰੇ ਉਪਰ ਸੁਆਲਾਂ ਦੀ ਝੜੀ ਲਾ ਦਿੱਤੀ।ਮੈਨੂੰ ਵੱਖੋ ਵੱਖਰੇ ਪੁਲੀਸ ਵਾਲੇ ਸੁਆਲ ਪੁਛਦੇ ਰਹੇ।ਫਿਰ ਉਹੀ ਸੁਆਲ ਅਗਲੇ ਦਿੱਨ ਪੁਛਦੇ ਰਹੇ ਇਹ ਸਿਲਸਲਾ ਕਈ ਵਾਰੀ ਚੱਲਿਆ।ਜਦੋਂ ਤੱਕ ਉਹਨਾਂ ਦੀ ਤਸੱਲੀ ਨਾਂ ਹੋ ਗਈ ਮੈਨੂੰ ਠਾਣੇ ਵਿੱਚ ਹੀ ਰੱਖੀ ਰੱਖਿਆ।ਤਸੱਲੀ ਹੋਣ ਤੋਂ ਬਾਅਦ ਹੀ ਮੈਨੂੰ ਜਾਣ ਲਈ ਕਿਹਾ।ਉਹ ਵੀ ਕਈ ਸ਼ਰਤਾਂ ਲਗਾ ਕੇ।ਜਿਵੇਂ ਮੈਨੂੰ ਉਸ ਏਰੀਏ ਤੇ ਘਰ ਵਿੱਚ ਜਾਣ ਤੇ ਪਾਬੰਦੀ ਲਾ ਦਿੱਤੀ।ਪੁਲੀਸ ਨੇ ਕਿਹਾ ਕੇ ਤੇਰੇ ਕੋਲ ਫਰਾਂਸ ਵਿੱਚ ਰਹਿਣ ਦੇ ਪੱਕੇ ਪੇਪਰ ਨਹੀ ਹਨ।ਇਹ ਘਰ ਕੌਸਲ ਦਾ ਹੈ ੁਇਹ ਵੀ ਉਸ ਦੇ ਨਾਂ ਹੈ।ਹੁਣ ਕੌਸਲ ਇਸ ਘਰ ਨੂੰ ਵਾਪਸ ਲੈ ਲਵੇਗੀ।ਬਸ ਫਿਰ ਕੀ ਸੀ ਮੈਂ ਸ਼ੜਕ ਸ਼ਾਪ ਬਣ ਗਿਆ।

ਮੈਂ ਘਰ ਦੀ ਭਾਲ ਵਿੱਚ ਇਧਰ ਉਧਰ ਭਟਕਣ ਲੱਗ ਪਿਆ।ਕਦੇ ਕਿਤੇ ਕਦੇ ਕਿਤੇ ਦਿੱਨ ਕਟੀ ਕਰਦਾ ਰਿਹਾ।ਇਹਨਾਂ ਦਿਨਾਂ ਵਿੱਚ ਹੀ ਮੇਰੀ ਇੱਕ ਸਾਊਥ ਇੰਡੀਅਨ ਫੈਮਲੀ ਨਾਲ ਵਾਕਫੀਅਤ ਹੋ ਗਈ।ਉਹ ਕੋਈ 50 ਸਾਲ ਦੀ ਸਿੱਧ ਪੱਧਰੀ ਔਰਤ 14-15 ਸਾਲ ਦੀ ਧੀ ਨਾਲ ਰਹਿ ਰਹੀ ਸੀ।ਮੈਨੂੰ ਤਾਂ ਛੱਤ ਦੀ ਜਰੂਰਤ ਸੀ।ਜਦੋ ਮੈਂ ਉਸ ਔਰਤ ਨੂੰ ਦੱਸਿਆ ਕੇ ਮੈਂ ਬੇ ਘਰਾ ਹਾਂ।ਤਾਂ ਉਸ ਨੇ ਹਮਦਰਦੀ ਜਤਾਉਦਿਆਂ ਆਪਣੇ ਘਰ ਰੱਖ ਲਿਆ।ਗੋਰਿਆਂ ਨਾਲ ਰਹਿਣ ਕਰਕੇ ਮੇਰੇ ਪੰਜਾਬੀ ਭਾਈਚਾਰੇ ਨਾਲ ਮੇਲ ਮਿਲਾਪ ਘਟ ਗਏ ਸਨ।ਜਿਸ ਨਾਲ ਥੋੜੀ ਜਿਤਨੀ ਵੀ ਜਾਣ ਪਹਿਚਾਣ ਸੀ ਉਹ ਮਿਲਣ ਲਈ ਘਰ ਆ ਜਾਦਾ।ਜਿਹਨਾਂ ਵਿੱਚੋਂ ਇੱਕ ਨੇ ਮੇਰੇ ਪੈਰ ਕੁਹਾੜਾ ਮਾਰਿਆ,ਆਪਣੇ ਨੰਬਰ ਬਣਾਉਣ ਲਈ ਜਾਂ ਮੇਰੀ ਇਜ਼ਤ ਪਲੀਤ ਕਰਨ ਲਈ ਉਸ ਨੇ ਔਰਤ ਤੇ ਲੜਕੀ ਨੂੰ ਥੋੜੇ ਘਣੇ ਪੈਸੇ ਉਹਨਾਂ ਦੀ ਆਰਥਿੱਕ ਮੱਦਦ ਲਈ ਦੇਣੇ ਸ਼ੁਰੂ ਕਰ ਦਿੱਤੇ।ਉਸ ਲੜਕੀ ਦਾ ਮੇਰੇ ਦੋਸਤ ਵੱਲ ਜਿਆਦਾ ਝੁਕਾਅ ਹੋ ਗਿਆ, ਕੋਈ ਗਲਤ ਤਰੀਕੇ ਵਾਲੇ ਪਾਸੇ ਨਹੀ, ਸਿਰਫ ਆਦਰ ਸਤਿਕਾਰ ਸਹਿਤ ਹੀ।ਨਾਲੇ ਉਹ ਤਾਂ ਵੈਸੇ ਵੀ ਨਬਾਲਗ ਸੀ।ਪਤਾ ਨਹੀ ਮੇਰੇ ਦੋਸਤ ਦੇ ਦਿੱਲ ਵਿੱਚ ਕੀ ਸੀ।ਲੜਕੀ ਉਸ ਦੇ ਹੀ ਗੁਣ ਗਾਉਣ ਲੱਗ ਪਈ।ਉਸ ਦੋਸਤ ਦੇ ਤੌਰ ਤਰੀਕੇ ਵੇਖ ਕੇ ਮੈਂ ਉਸ ਨੂੰ ਘਰੇ ਆਉਣਾ ਬੰਦ ਕਰ ਦਿੱਤਾ।ਕੁਝ ਉਸ ਦੀਆਂ ਚਾਲਾਂ ਵੀ ਠੀਕ ਨਹੀ ਸਨ। ਸਾਇਦ ਮੈਨੂੰ ਉਹ ਘਰੋਂ ਕਢਵਾਉਣਾ ਚਾਹੁੰਦਾ ਸੀ।ਉਸ ਨੇ ਉਸ ਲੜਕੀ ਦੇ ਮੇਰੇ ਵਿਰੁਧ ਕੰਨ ਭਰ ਦਿੱਤੇ ਸਨ।ਇੱਕ ਦਿੱਨ ਉਹ ਲੜਕੀ ਵੱਡੀ ਰਾਤ ਗਈ ਘਰੇ ਆਈ।ਉਸ ਦੀ ਮਾਂ ਨੇ ਉਸ ਨੂੰ ਦੇਰ ਆਉਣ ਦਾ ਕਾਰਨ ਪੁਛਿਆ।ਅਸੀ ਉਸ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ।ਲਗਦਾ ਸੀ ਜਿਵੇ ਉਸ ਨੂੰ ਪੁੱਠੀ ਪੱਟੀ ਪੜ੍ਹਾਈ ਆ।ਹੱਲਾ ਲੱਲਾ ਕਰਕੇ ਸਾਨੂੰ ਪੈ ਗਈ ਤੇ ਉਸ ਨੇ ਘਰ ਦਾ ਸਮਾਨ ਜਿਵੇਂ ਟੀ ਵੀ ਆਦਿ ਭੰਨਣਾ ਸ਼ੁਰੂ ਕਰ ਦਿੱਤਾ।ਨਾਲ ਹੀ ਚੀਕ ਚਿਹਾੜਾ ਪਾਉਣ ਲੱਗ ਪਈ।ਸਾਡੇ ਗੁਆਢੀ ਜਾਗ ਪਏ।ਉਹਨਾਂ ਉਸ ਕੁੜੀ ਦੀਆ ਚੀਖਾਂ ਸੁਣ ਕੇ ਪੁਲੀਸ ਨੂੰ ਫੋਨ ਕਰ ਦਿੱਤਾ।ਕੁੜੀ ਨੇ ਪੁਲੀਸ ਨੂੰ ਕਿਹਾ ਕੇ ਇਹ ਤੇ ਮੇਰੀ ਮਾਂ ਮੈਨੂੰ ਰਲ ਕੇ ਕੁੱਟਦੇ ਮਾਰਦੇ ਨੇ।ਇਹ ਤਾਂ ਮੈਂ ਤੇ ਮੇਰਾ ਭਗਵਾਨ ਹੀ ਜਾਣਦਾ ਕਿ ਮੈਂ ਉਸ ਨੂੰ ਕੀ ਕਿਹਾ ਤੇ ਕੀ ਮਾਰਿਆ।ਅਖੀਰ ਮੈਨੁੰ ਤੇ ਉਸ ਕੁੜੀ ਦੀ ਮਾਂ ਨੂੰ ਪੁਲੀਸ ਹੱਥਕੜੀ ਲਾਕੇ ਠਾਣੇ ਲੈ ਗਈ।ਕੁੜੀ ਦੀ ਮਾਂ ਨੂੰ ਤਾਂ ਉਹਨਾਂ ਥੋੜੀ ਦੇਰ ਬਾਅਦ ਛੱਡ ਦਿੱਤਾ।ਪਰ ਉਹਨਾਂ ਮੈਨੂੰ ਕਿਹਾ ਕੇ ਤੇਰਾ ਇਸ ਘਰ ਨਾਲ ਕੋਈ ਤੁਆਲੱਕ ਨਹੀ ਹੈ,ਉਸ ਨਬਾਲਗ ਕੁੜੀ ਦਾ ਬਿਆਨ ਹੈ ਕੇ ਤੁਸੀ ਉਸ ਨੂੰ ਮਾਰਿਆ ਹੈ।ਇਸ ਕੇਸ ਦੀ ਤਾਂ ਬਕਾਇਦਾ ਛਾਣਬੀਣ ਤੇ ਡਾਕਟਰੀ ਜਾਂਚ ਹੋਵੇਗੀ।ਪੁਲੀਸ ਨੇ ਮੈਨੂੰ ਜੱਜ ਅੱਗੇ ਪੇਸ਼ ਕਰ ਦਿੱਤਾ।ਜੱਜ ਨੇ ਕਿਹਾ ਤੇਰੇ ਕੋਲ ਫਰਾਂਸ ਵਿੱਚ ਪੱਕੀ ਰਹਾਇਸ਼ ਨਹੀ ਹੈ।ਆਪਣੀ ਪੱਕੀ ਰਹਾਇਸ਼ ਦਾ ਪਤਾ ਦੇਹ ਜਿਥੋਂ ਤੈਨੂੰ ਦੁਆਰਾ ਬੁਲਾ ਸਕੀਏ।ਜਾਂ ਤੇਰੀ ਕੋਈ ਜਮਾਨਤ ਦਿੰਦਾ ਹੈ। ਫਿਰ ਹੀ ਤੈਨੂੰ ਛੱਡਿਆ ਜਾ ਸਕਦਾ ਹੈ।ਮੈਂ ਜੱਜ ਨੂੰ ਕਿਹਾ ਕੇ ਮੈ ਤਾਂ ਇਸੇ ਘਰ ਵਿੱਚ ਹੀ ਰਹਿੰਦਾ ਸੀ।ਹੋਰ ਮੇਰੀ ਕੋਈ ਰਹਾਇਸ਼ ਨਹੀ ਹੈ।ਨਾ ਹੀ ਜਮਾਨਤ ਦੇਣ ਵਾਲਾ ਕੋਈ ਸਕਾ ਸਬੰਧੀ ਹੈ।ਜੱਜ ਨੇ ਕੇਸ ਦੀ ਪੈਰਵੀ ਤੱਕ ਆਰਜ਼ੀ ਤੌਰ ਤੇ ਜੇਲ ਵਿੱਚ ਭੇਜਣ ਦਾ ਹੁਕਮ ਸੁਣਾ ਦਿੱਤਾ।

ਬਸ ਫਿਰ ਕੀ ਸੀ ਮੇਰੀਆਂ ਤਰੀਕਾਂ ਪੈਣੀਆਂ ਸ਼ੁਰੂ ਹੋ ਗਈਆਂ।ਜਦੋਂ ਵੀ ਮੇਰੀ ਤਰੀਕ ਹੁੰਦੀ ਉਹ ਲੜਕੀ ਤਰੀਕ ਤੇ ਨਾ ਪਹੁੰਚਦੀ।ਜੱਜ ਅੱਗੇ ਦੀ ਤਰੀਕ ਪਾ ਦਿੰਦਾ।ਬਹੁਤ ਦੇਰ ਇਸ ਤਰ੍ਹਾਂ ਹੀ ਸਿਲਸਲਾ ਚਲਦਾ ਰਿਹਾ।ਨਾਲੇ ਮੇਰੇ ਕੋਲ ਕਿਹੜਾ ਪੈਸੇ ਸੀ ਜੋ ਵਕੀਲ ਕਰ ਲੈਦਾਂ।ਉਤਨਾ ਚਿਰ ਮੈਨੂੰ ਆਰਜ਼ੀ ਤੌਰ ਉਪਰ ਬੰਦ ਰੱਖਿਆ ਗਿਆ, ਕਿ ਭੱਜ ਨਾ ਜਾਵਾ।ਜੇਲ ਤਾਂ ਇੱਕ ਨਾਂ ਦੀ ਸੀ।ਵੈਸੇ ਖਾਣਾ ,ਮੰਜਾ ਨਾਲ ਟੀ ਵੀ ਤੱਕ ਵੇਖਣ ਨੂੰ ਮਿਲਦਾ ਸੀ।ਥੋੜਾ ਮੋਟਾ ਕੰਮ ਵੀ ਜੇਲ ਵਿੱਚ ਕਰਦਾ ਰਹਿੰਦਾ ਸੀ।ਕੱਲ ਮੇਰੀ ਅਖੀਰਲੀ ਤਰੀਕ ਸੀ।ਉਹ ਲੜਕੀ ਵੀ ਇਸ ਤਰੀਕ ਤੇ ਪੇਸ਼ ਹੋ ਗਈ।ਜੱਜ ਨੇ ਉਸ ਦੇ ਤੇ ਮੇਰੇ ਕਲਮਬੰਧ ਕੀਤੇ ਹੋਏ ਬਿਆਨ ਸੁਣਾ ਕੇ ਰਿਹਾ ਕਰ ਦਿੱਤਾ।ਉਥੇ ਉਸ ਵਕਤ ਹੀ ਨਹੀ ਛੱਡ ਦਿੰਦੇ। ਕੈਦੀਆਂ ਨੂੰ ਵਾਪਸ ਬੈਰਕਾਂ ਵਿੱਚ ਲੈ ਕੇ ਆਉਦੇ ਨੇ।ਉਥੇ ਪਿਆ ਸਮਾਨ ਵਗੈਰਾ ਵੀ ਚੁੱਕਣਾ ਹੁੰਦਾ।ਜੇਲ ਛੱਡਣ ਦੇ ਕਾਗਜ਼ਾਂ ਤੇ ਸਾਈਨ ਵੀ ਕਰਨੇ ਹੁੰਦੇ ਆ।ਕਚਿਹਿਰੀਆਂ ਵਿੱਚ ਕਾਫੀ ਹਨੇਰਾ ਹੋ ਗਿਆ ਸੀ।

ਜੇਲਰ ਨੇ ਮੈਥੋ ਜੇਲ ਵਿੱਚੋ ਚਲੇ ਜਾਣ ਦੇ ਕਾਗਜ਼ਾਂ ਉਪਰ ਸਾਈਨ ਕਰਾ ਲਏ।ਮੈ ਕਿਹਾ ਇਤਨੀ ਰਾਤ ਕਿਥੇ ਜਾਉਗਾ ਟਿਕਾਣਾ ਤਾ ਕੋਈ ਹੈ ਨਹੀ।ਹੁਣ ਤਾਂ ਸਵੇਰੇ ਹੀ ਜਾਉਗਾ, ਵੈਸੇ ਕਨੂੰਨੀ ਤੌਰ ਉਪਰ ਉਹ ਰੱਖ ਨਹੀ ਸਕਦੇ।ਇਹ ਉਹਨਾਂ ਦੀ ਭਲਮਾਣਸੀ ਹੀ ਕਹਿ ਲਵੋ ਮੈਨੰਂੂ ਉਥੇ ਸੌਣ ਲਈ ਜਗ੍ਹਾ ਦੇ ਦਿੱਤੀ।ਅੱਜ ਸਵੱਖਤੇ ਹੀ ਲੀੜੇ ਕਪੜੇ ਲੈਕੇ ਪੈਰਿਸ ਦੀਆਂ ਗਲੀਆਂ ਵਿੱਚ ਆ ਗਿਆ ਹਾਂ।ਇਥੇ ਮੇਰਾ ਹੁਣ ਕੋਈ ਖਾਸ ਨਹੀ।ਮੇਰੇ ਕੋਲ ਨਾ ਹੀ ਕੋਈ ਪੈਸਾ ਤੇ ਨਾ ਹੀ ਘਰ ਹੈ।ਟੈਲੀਫੋਨ ਕਰਨ ਲਈ ਕਾਰਡ ਵੀ ਨਹੀ ਹੈ।ਇਸ ਸ਼ਟੇਸ਼ਨ ਤੇ ਮੈਨੂੰ ਇੱਕ ਆਦਮੀ ਨੇ ਪੈਸੇ ਦੇਣ ਆਉਣਾ ਸੀ।ਉਹ ਵੀ ਨਹੀ ਆਇਆ।ਇਹ ਆਪ ਜੀ ਦੀ ਮੇਹਰਬਾਨੀ ਹੋਵੇਗੀ ਅਗਰ ਆਪ ਮੇਰਾ ਟੈਲੀਫੋਨ ਕਰਾ ਦੇਵੋ।ਵੀਰ ਜੀ ਤੁਸੀ ਮੇਰੀ ਗੱਲ ਦਾ ਯਕੀਨ ਕਰੋ ਜਾ ਨਾ ਕਰੋ, ਮੈਂ ਭਗਵਾਨ ਨੂੰ ਜਾਣ ਕੇ ਕਹਿੰਦਾ ਹਾਂ।ਬਿਲਕੁਲ ਨਿਰਦੋਸ਼ ਹਾਂ।ਮੇਰੇ ਘਰ ਦੇ ਵੀ ਕਹਿੰਦੇ ਸੀ,ਅਗਰ ਪੁੱਤ ਤੂੰ ਬੇਕਸੂਰ ਹੈ, ਰੱਬ ਤੇਰਾ ਭਲਾ ਕਰੇਗਾ।ਇੱਕ ਗੱਲ ਜਰੂਰ ਹੈ ਵੀਰ ਜੀ, ਅੱਜ ਮੈਂ ਕਿਸੇ ਕੋਲ ਢਿੱਡ ਦਾ ਦੁੱਖ ਫੋਲਕ ੇ ਹਲਕਾ ਹਲਕਾ ਮਹਿਸੂਸ ਕਰ ਰਿਹਾ ਹਾਂ।ਆਹ ਲਵੋ ਪੰਜ਼ ੲੈਰੋ ਜਾਕੇ ਉਥੇ ਫੋਨ ਕਰ ਲੈਣਾ। ਵੀਰ ਜੀ ਮੈਂ ਆਪ ਦੇ ਇਹ ਪੰਜ਼ ੲੈਰੋ ਵਾਪਸ ਕਰਾਗਾ ਦੱਸਣਾ ਤਹਾਨੂੰ ਕਿਥੇ ਮਿਲਾਂ।ਉਹ ਨੌਜੁਆਨ ਧੰਨਵਾਦ ਕਰਦਾ ਹੋਇਆ ਐਸ ਟੀ ਡੀ ਵੱਲ ਸਿੱਧਾ ਹੋ ਗਿਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>