ਸੰਜੋਗੀ ਮੇਲਾ

ਪਾਰਟੀ ਪੂਰੇ ਜ਼ੋਰਾਂ ‘ਤੇ ਸੀ। ਸੁਖਬੀਰ ਅਤੇ ਅੰਮ੍ਰਿਤ ਨੇ ਆਕੇ ਸਾਰਿਆਂ ਨੂੰ ਨਮਸਤੇ ਆਖੀ। ਕੁਝ ਪ੍ਰਾਹੁਣਿਆਂ ਨੇ ਹੱਥ ਹਿਲਾ ਕੇ ਸੁਆਗਤ ਕੀਤਾ।

“ਆ ਬਈ ਆ। ਐਧਰ ਆ ਜਾ ਲੇਟ ਲਤੀਫ਼ਾ। ਕਦੇ ਤਾਂ ਟੈਮ ਸਿਰ ਆ ਜਾਇਆ ਕਰ।” ਅਨਿਲ ਕੁਮਾਰ ਨੇ ਆਖਿਆ।

“ਬਾਈ, ਜੇਕਰ ਤੂੰ ਐਦਾਂ ਹਫ਼ਤੇ ਦੇ ਅੱਧ ਵਿਚ ਬੁਲਾਏਂਗਾ ਤਾਂ ਲੇਟ ਹੋਣਾ ਸੁਭਾਵਕ ਹੀ ਹੈ। ਕੰਮਾਂ ਤੋਂ ਆ ਕੇ ਹੱਥ ਮੂੰਹ ਧੋਂਦਿਆਂ ਦੇਰ ਹੋ ਗਈ। ਚਲ ਮੁਆਫ਼ ਕਰ ਦੇ ਯਾਰਾ। ਅਗਲੀ ਵੇਰ ਸਮੇਂ ਸਿਰ ਆਵਾਂਗੇ।” ਆਖ ਕੇ ਸੁਖਬੀਰ ਸਭ ਨਾਲ ਹੱਥ ਮਿਲਾਉਣ ਲੱਗ ਪਿਆ। ਅੰਮ੍ਰਿਤ ਜ਼ਨਾਨੀਆਂ ਦੀ ਟੋਲੀ ਵਿਚ ਜਾ ਬੈਠੀ।

ਅਨਿਲ ਨੇ ਸੁਖਬੀਰ ਦੀ ਮੁਲਾਕਾਤ ਆਪਣੇ ਬਾਹਰੋਂ ਆਏ ਮਹਿਮਾਨ ਨਾਲ ਕਰਵਾਈ ਤੇ ਆਖਿਆ,” ਇਹ ਗੁਰਪ੍ਰੀਤ ਹੈ। ਅਸੀਂ ਸੀਗੇਟ ਵਿਚ ਇਕੱਠੇ ਕੰਮ ਕਰਦੇ ਸਾਂ। ਓਕਲੋਹੋਮਾ ਸ਼ਹਿਰ ਵਿਚ ਪੰਜ ਸਾਲ ਇਕ ਦਫ਼ਤਰ ਵਿਚ ਹੀ ਚੰਗਾ ਸਮਾਂ ਬਿਤਾਇਆ ਹੈ। ਇਹ ਸੁਖਬੀਰ ਮਾਹਲੀ ਹੈ, ਮੇਰਾ ਜਮਾਤੀ। ਹੋਸਟਲ ‘ਚ ਅਸੀਂ ਇਕੇ ਕਮਰੇ ਵਿਚ ਰਹਿੰਦੇ ਸਾਂ। ਬਹੁਤ ਮਜ਼ੇਦਾਰ ਦਿਨ ਸਨ। ਦਾਣੇ ਪਾਣੀ ਦਾ ਹੀ ਖੇਲ੍ਹ ਹੈ। ਕਿਸ ਨੂੰ ਪਤਾ ਸੀ ਕਿ ਫੇਰ ਬਦਲੀ ਸੁਖਬੀਰ ਦੇ ਸ਼ਹਿਰ ਵਿਚ ਹੀ ਹੋ ਜਾਏਗੀ।”

“ਭਾਈ, ਸਾਡੀ ਡੋਰੀ ਤਾਂ ਰੱਬ ਦੇ ਹੱਥ ਹੀ ਹੈ।” ਸੁਖਬੀਰ ਨੇ ਆਖਿਆ, ਇਕ ਪੈੱਗ ਵਿਸਕੀ ਦਾ ਬਣਾਇਆ, ਦੋ ਘੁੱਟਾਂ ਸਿੱਪ ਕੀਤੀਆਂ ਤੇ ਪਾਰਟੀ ਵਿਚ ਮਸਤ ਹੋ ਗਿਆ।

“ਗੁਰਪ੍ਰੀਤ, ਤੁਹਾਡਾ ਚਕੱਰ ਇਥੇ ਕਿਵੇਂ ਲੱਗਿਆ? ਆਹ ਸਟੇਟ ਤਾਂ ਰੱਬ ਨੇ ਛੇਟੀ ਹੋਈ ਐ। ਤੁਸੀਂ ਕੀ ਵੇਖਣਾ ਐ ਇਸ ਨਰਕ ਵਿਚ-ਨਿਰੀ ਬਰਫ਼।” ਸੁਖਬੀਰ ਨੇ ਮਹਿਮਾਨ ਨਾਲ ਗੱਲਬਾਤ ਚਾਲੂ ਰੱਖੀ।

“ਭਾ ਜੀ ਅਨਿਲ ਦੀ ਬਲਦੀ ਇਥੇ ਹੋ ਗਈ। ਮੇਰੀ ਵਹੁਟੀ ਸੁਮੀਤ ਜਿ਼ੱਦ ਕਰਨ ਲੱਗੀ ਕਿ ਹੁਣ ਵਧੀਆ ਮ,ੌਕਾ ਹੈ ਮਾਲ ਔਫ਼ ਅਮਰੀਕਾ ਵੇਖਣ ਦਾ। ਸਾਰੀ ਦੁਨੀਆਂ ‘ਚ ਮਸ਼ਹੂਰ ਮਾਲ ਹੈ। ਮੈਂ ਵ ਿਸੋਚਿਆ ਕਿ ਇਸੇ ਬਹਾਨੇ ਵੀਰੇ ਨੂੰ ਵ ਿਮਿਲ ਆਉਂਦੇ ਹਾਂ। ਇਹ ਇਥੇ ਨਾ ਹੁੰਦੇ ਸ਼ਾਇਦ ਨਾ ਵੀ ਆਉਂਦੇ।” ਗੁਰਪ੍ਰੀਤ ਨੇ ਵਿਸਕੀ ਦਾ ਘੁੱਟ ਭਰਿਆ ਤੇ ਜੁਆਬ ਦਿੱਤਾ।

ਗੱਲਬਾਤ ਅਟੁੱਟ ਚਲਦੀ ਰਹੀ। ਹੌਲੀ ਹੌਲੀ ਸ਼ਰਾਬ ਦਾ ਅਸਰ ਹੋਣ ਲੱਗ ਪਿਆ। ਅੰਮ੍ਰਿਤ ਜ਼ਨਾਨੀਆਂ ‘ਚੋਂ ਉੱਟ ਕੇ ਆਈ। ਸੁਖਬੀਰ ਦਾ ਮੋਢਾ ਫੜ ਕੇ ਹਿਲਾਇਆ ਤੇ ਬੋਲੀ, “ਪਲੀਜ਼ ਹੋਰ ਸ਼ਰਾਬ ਨਾ ਪੀਓ। ਦੋ ਪੈੱਗ ਤੁਸੀਂ ਪੀ ਚੁੱਕੇ ਹੋ। ਨਾਲੇ ਤੁਸੀਂ ਕਾਰ ਵੀ ਤਾਂ ਚਲਾਉਣੀ ਹੈ।” ਅੰਮ੍ਰਿਤ ਮੁੜ ਔਰਤਾਂ ਵਿਚ ਜਾ ਬੈਠੀ।

“ਯਾਰ, ਸਾਡੀਆਂ ਔਰਤਾਂ ਨੂੰ ਪਤਾ ਨਹੀਂ ਕੀ ਹੋਇਆ? ਘਰ ‘ਚ ਵਿਸਕੀ ਦੇ ਔਨਸ ਗਿਣਦੀਆਂ ਨੇ ਤੇ ਪਾਰਟੀਆਂ ‘ਚ ਪੈੱਗ। ਚੱਜ ਨਾਲ ਪੀਣ ਵੀ ਨਹੀਂ ਦਿੰਦੀਆਂ।” ਗੁਰਪ੍ਰੀਤ ਨੇ ਪੈੱਗ ਖ਼ਤਮ ਕਰਕੇ ਇਕ ਹੋਰ ਬਣਾਉਂਦਿਆਂ ਆਖਿਆ।

“ਵੇਖੋ, ਵੀਰੇ ਦੀ ਸੁਧ ਕਿੰਨੀ ਚੰਗੀ ਹੈ। ਦੋ ਵੇਰ ਆਈ ਐ ਵਿਚਾਰੀ ਪਕੌੜੇ ਲੇ ਕੇ ਹੀ ਆਈ ਹੈ। ਬਹੁਤ ਚੰਗੀ ਕੱਕ ਐ।” ਸੁਖਬੀਰ ਨੇ ਆਖਿਆ।

“ਭਾਈ ਸਾਹਿਬ, ਤੁਸੀਂ ਇਨ੍ਹਾਂ ਕੋਲੋਂ ਸ਼ਰਾਬ ਚੁੱਕ ਲਵੋ। ਜੇ ਆਊਟ ਹੋ ਗਏ ਤਾਂ ਪਾਰਟੀ ਦਾ ਮਜ਼ਾ ਖ਼ਰਾਬ ਹੋ ਜਾਏਗਾ।” ਸੁਮੀਤ ਨੇ ਡਰਦਿਆਂ ਦਿਲ ਦੀ ਭੜਾਸ ਕੱਢ ਲਈ।

“ਨਹੀਂ ਸੁਮੀਤ ਇਹ ਤਾਂ ਸਿਆਣੇ, ਪੜ੍ਹੇ ਲਿਖੇ ਜੱਟ ਨੇ। ਪਿੰਡਾਂ ਦੇ ਅਨਪੜ੍ਹਾਂ ਵਰਗੇ ਥੋੜ੍ਹਾ ਨੇ।” ਅਨਿਲ ਨੇ ਸੁਮੀਤ ਨੂੰ ਉੱਤਰ ਦੇ ਕੇ ਚੁੱਪ ਕਰਾ ਦਿੱਤਾ।

“ਪੜ੍ਹੇ ਲਿਖੇ ਜੱਟ ਕਹਿੰਦੇ ਸੋਲਾਂ ਦੂਣੀ ਅੱਠ। ਖਾਸ ਕਰ ਜਦੋਂ ਪੈੱਗ ਗਿਣਦੇ ਨੇ।” ਕਿਚਨ ਚੋਂ ਆਵਾਜ਼ ਆਈ।

“ਯਾਰ ਬਾਂਸਲ ਤੂੰ ਵਾਕਿਆ ਹੀ ਬਹੁਤ ਕਿਸਮਤ ਵਾਲਾ ਏਂ। ਸੁਧਾ ਤਾਂ ਨਿਰੀ ਗਊ ਹੈ। ਕਦੇ ਨਹੀਂ ਲੜਦੀ। ਸਾਡਾ ਤਾਂ ਦਾਰੂ ਪਿੱਛੇ ਹੀ ਕਲੇਸ਼ ਪਿਆ ਰਹਿੰਦਾ ਹੈ।” ਗੁਰਪ੍ਰੀਤ ਨੇ ਸੁਖਬੀਰ ਵੱਲ ਤੱਕਦਿਆਂ ਆਖਿਆ।

“ਸਾਡੀਆਂ ਚੁਗਲੀਆਂ ਹੋ ਰਹੀਆਂ ਨੇ। ਸਾਡੇ ਕੰਨ ਤੁਹਾਡੇ ਵੱਲ ਹੀ ਨੇ।” ਸੁਧਾ ਦੂਰੋਂ ਹੀ ਬੋਲੀ। ਸਾਰੀਆਂ ਔਰਤਾਂ ਮਰਦਾਂ ਕੋਲ ਆ ਬੈਠੀਆਂ ਅਤੇ ਗੱਲਾਂ ਵਿਚ ਹਿੱਸਾ ਪਾਉਣ ਲੱਗ ਪਈਆਂ।

“ਵੈਸੇ, ਸੁਧਾ ਹੈ ਬਹੁਤ ਚੰਗੀ, ਇਹਦੇ ਵਿਚ ਕੋਈ ਸ਼ੱਕ ਨਹੀਂ। ਮੈਂ ਤਾਂ ਇਕੋ ਕੁੜੀ ਹੀ ਵੇਖੀ ਸੀ ਅਤੇ ਉਸਨੇ ਨੂੰ ਹੀ ਪਸੰਦ ਕਰ ਲਿਆ ਸੀ।” ਅਨਿਲ ਨੇ ਸੁਧਾ ਨੂੰ ਥੋੜ੍ਹਾਂ ਮਸਕਾ ਲਗਾਉਣਾ ਹੀ ਠੀਕ ਸਮਝਿਆ।

“ਪਰ ਭਰਾਵਾ, ਤੇਰੀ ਗੱਲ ਹੋਰ ਸੀ। ਤੇਰੀ ਤਾਂ ਮਾਤਾ ਜੀ ਨੇ ਸ਼ਰਤ ਰੱਖੀ ਸੀ ਕਿ ਜਿਹੜੀ ਕੁੜੀ ਪਹਿਲੀ ਵੇਰ ਵੇਖੇਂਗਾ ਉਸ ਨਾਲ ਵਿਆਹ ਵੀ ਕਰਵਾਉਣਾ ਪਏਗਾ। ਜੇਕਰ ਕੁੜੀ ਨੂੰ ਮਨਜ਼ੂਰ ਹੋਇਆ। ਤੈਨੂੰ ਤੇ ਪਤਾ ਹੀ ਹੈ ਕਿ ਆਪਣੀ ਭੈਣ ਨਿਰਮਲਾ ਦਾ ਕਿੰਨੀ ਵੇਰ ਮੁੰਡਿਆਂ ਨੇ ਦਿਲ ਤੋੜਿਆ ਸੀ। ਕੌਣ ਮਾਂ ਹੈ ਜੋ ਆਪਣੀ ਧੀ ਦਾ ਦਿਲ ਟੁੱਟਦਾ ਵੇਖ ਸਕਦੀ ਹੈ? ਪਹਿਲੇ ਰਿਵਾਜ ਚੰਗੇ ਸੀ। ਵੇਖ ਵਖਾਈ ਹੁੰਦੀ ਹੀ ਨਹੀਂ ਸੀ।” ਸੁਖਬੀਰ ਨੇ ਗੱਲ ਸਪਸ਼ਟ ਕੀਤੀ।

“ਮੈਂ ਤਾਂ ਆਪ ਇਕੋ ਹੀ ਵੇਖੀ ਸੀ, ਸੁਮੀਤ। ਪਹਿਲੀ ਝਲਕ ‘ਚ ਹੀ ਦਿਲ ਫਿਦਾ ਹੋ ਗਿਆ। ਗੱਲ ਬਣ ਗਈ।” ਗੁਰਪ੍ਰੀਤ ਨੇ ਆਪਣੀ ਵੀ ਗੱਲ ਦੱਸੀ।

“ਮੈਂ ਤਾਂ ਬਈ ਇਕ ਕੁੜੀ ਵੇਖੀ ਸੀ। ਚੰਡੀਗੜ੍ਹ। ਉਹ ਫੌਜੀ ਅਫ਼ਸਰਾਂ ਦੀਆਂ ਕੋਠੀਆਂ ਵਿਚ ਰਹਿੰਦੇ ਸਨ। ਕਮਾਲ ਦੀ ਚੀਜ਼ ਸੀ। ਮੇਰਾ ਖਿਆਲ ਹੈ ਉਹ ਬੀ ਐਸ ਸੀ ਕਰਨ ਹੀ ਵਾਲੀ ਸੀ। ਉਹ ਚਾਹ ਲੈ ਕੇ ਆਈ, ਥੋੜ੍ਹੀ ਮੁਸਕਰਾਈ, ਦੋ ਕੁ ਗੱਲਾਂ ਕੀਤੀਆਂ ਤੇ ਭੱਜ ਗਈ। ਪਰ ਮੇਰਾ ਦਿਲ ਕਦੇ ਐਨਾ ਨਹੀਂ ਧੜਕਿਆ। ਜਿੰਨਾ ਉਸ ਕੁੜੀ ਨੂੰ ਵੇਖ ਕੇ ਉਸ ਦਿਨ। ਸ਼ਾਇਦ ਮੈਂ ਪਹਿਲਾਂ ਕਿਸੇ ਕੁੜੀ ਨੂੰ ਉਸ ਨਜ਼ਰੀਏ ਨਾਲ ਵੇਖਿਆ ਹੀ ਨਹੀਂ ਸੀ। ਮੈਂ ਤਾਂ ਉਸੇ ਨਾਲ ਵਿਆਹ ਕਰਨ ਦੇ ਵਿਚਾਰ ਬਣਾ ਲਿਆ ਸੀ। ਮੇਰੀਆਂ ਅੱਖਾਂ ਹੀ ਚੁੰਧਿਆ ਗਈਆਂ ਇਕ ਥੋੜ੍ਹੀ ਜਿਹੀ ਝਲਕ ਪੈਣ ਸਾਰ। ਮੈਂ ਮਨ ਵਿਚ ਸੋਚਿਆ ਕਿ ਜੇ ਇਹ ਸੱਤ ਜਨਮਾਂ ਦਾ ਸਾਥ ਹੁੰਦਾ ਹੈ ਤਾਂ ਰੱਬ ਕਰੇ ਇਹ ਪਹਿਲਾ ਹੀ ਜਨਮ ਹੋਵੇ।” ਸੁਖਬੀਰ ਨੇ ਵੀ ਇਕ ਮੁਲਾਕਾਤ ਬਾਰੇ ਦੱਸਿਆ।

“ਹੁਣ ਕਿਸੇ ਹੋਰ ਨੂੰ ਵੀ ਗੱਲ ਕਰ ਲੈਣ ਦਿਓ। ਆਪਣੀਆਂ ਹੀ ਭੋਰੀ ਜਾਓਗੇ। ਤੁਹਾਨੂੰ ਲਗਦਾ ਸ਼ਰਾਬ ਚੜ੍ਹ ਗਈਐ।” ਅੰਮ੍ਰਿਤ ਨੇ ਸੁਖਬੀਰ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ।

“ਲੈ ਸੱਚੀਆਂ ਕਹਿਣ ‘ਚ ਕਾਹਦਾ ਡਰ ਐ।” ਸੁਖਬੀਰ ਨੇ ਅੰਮ੍ਰਿਤ ਨੂੰ ਚੁੱਪ ਕਰਾ ਦਿੱਤਾ।

“ਇਹ ਦੱਸ ਤੂੰ ਅਫ਼ਸਰ ਦੀ ਕੁੜੀ ਨੂੰ ਹਾਂ ਕਿਉਂ ਨਹੀਂ ਕੀਤੀ? ਗਲਤੀ ਤਾਂ ਤੇਰੀ ਹੀ ਹੈ।” ਗੁਰਪ੍ਰੀਤ ਨੇ ਆਖਿਆ।

“ਅਸਲ ਵਿਚ ਸਾਡਾ ਇਕ ਨਜ਼ਦੀਕੀ ਰਿਸ਼ਤੇਦਾਰ ਝਮੇਲਾ ਪਾਈ ਬੈਠਾ ਸੀ। ਉਹ ਆਪਣੇ ਕਿਸੇ ਰਿਸ਼ਤੇਦਾਰਾਂ ਦੀ ਕੁਝ ਨਾਲ ਗੱਲ ਬਾਤ ਚਲਾ ਰਹੇ ਸਨ। ਕੁੜੀ ਦੇ ਪਿਉ ਕੋਲ ਸੱਠ ਕੀਲੇ ਜ਼ਮੀਨ ਸੀ ਅਤੇ ਉਸਦੀ ਉਹ ਇਕਲੌਤੀ ਧੀ ਸੀ। ਮੈਨੂੰ ਸਾਰੇ ਕਹਿੰਦੇ ਕਿ ਐਨੀ ਜ਼ਮੀਨ ਨੰਬਰ ਦੋ ਦੀ ਕਮਾਈ ਨਾਲ ਵੀ ਨਹੀਂ ਖਰੀਦੀ ਜਾਣੀ। ਐਸ ਡੀ ਓ ਲ ਕੇ ਵੀ ਕੁਝ ਨਹੀਂ ਬਣਨਾਂ।” ਸੁਖਬੀਰ ਨੇ ਇਕ ਪੈੱਗ ਹੋਰ ਬਣਾਇਆ ਅਤੇ ਘੁੱਟ ਭਰਕੇ ਇਕ ਡੂੰਘਾ ਸਾਹ ਲਿਆ।

“ਤੁਹਾਨੂੰ ਉਸ ਕੁੜੀ ‘ਤੇ ਵੀ ਝਾਤੀ ਮਾਰ ਲੈਣੀ ਚਾਹੀਦੀ ਸੀ। ਖ਼ਬਰੇ ਕੁੜੀ ਚੰਗੀਓ ਸੀ। ਕਿਤੇ ਤੇਰੀ ਪਤਨੀ ਉਹੋ ਕੁੜੀ ਤਾਂ ਨਹੀਂ?” ਗੁਰਪ੍ਰੀਤ ਨੇ ਗੱਲ ‘ਚ ਗੱਲ ਮਿਲਾਈ।

“ਹਾਂ ਅਸੀਂ ਗਏ ਸੀ। ਅਨਿਲ ਨੂੰ ਵੀ ਨਾਲ ਲੈ ਗਿਆ ਸਾਂ। ਇਹ ਹਮੇਸ਼ਾਂ ਸਹੀ ਸਲਾਹ ਦਿੰਦਾ ਹੈ।”

“ਕੁੜੀ ਤਾਂ ਬਹੁਤ ਸੋਹਣੀ ਸੀ ਪਰ ਕੁੜੀ ਨੇ ਮਾਂ ਨੇ ਹੀ ਗੜਬੜ ਕਰ ਦਿੱਤੀ। ਉਸ ਨੇ ਤਾਂ ਆਪਣੇ ਵੱਲੋਂ ਕੁੜੀ ਦੀ ਸਿਫ਼ਤ ਕੀਤੀ ਸੀ। ਕਹਿੰਦੀ ਸੀ ਕਿ ਕੁੜੀ ਘਰ ਦੇ ਕੰਮ ਕਾਰ ਵਿਚ ਤਾਂ ਬਹੁਤ ਚੁਸਤ ਬਣਾ ਦਿੱਤੀ ਹੈ। ਜੇ ਨੰਬਰ ਲਾਉਣ ਵਾਲੇ ਮਾਸਟਰ ਮੇਰੀ ਧੀ ਨਾਲ ਖਾਰ ਨਾ ਖਾਂਦੇ ਤਾਂ ਅੱਜ ਇਹ ਵੀ ਦਸਵੀਂ ਪਾਸ ਹੁੰਦੀ। ਸੁਖਬੀਰ ਪੁੱਤ ਕੀ ਫ਼ਰਕ ਪੈਂਦਾ ਹੈ। ਮੇਰੀ ਧੀ ਨੇ ਦਸਵੀ ਤੱਕ ਦੀਆਂ ਕਿਤਾਬਾਂ ਤਾਂ ਪੜ੍ਹ ਹੀ ਲਈਆਂ ਨੇ ਵਿਚਾਰੀ ਮਾਂ ਨੇ ਸੁਖਬੀਰ ਨੂੰ ਆਪਣਾ ਸਮਝ ਕੇ ਹੀ ਸੱਚ ਦੱਸਿਆ ਸੀ।” ਅਨਿਲ ਬੋਲ ਕੇ ਹੱਸ ਪਿਆ।

“ਬਹੁਤ ਭੋਲੇ ਹੁੰਦੇ ਨੇ ਪਿੰਡਾਂ ਦੇ ਲੋਕ”। ਸੁਧਾ ਬੋਲੀ।

“ਭੋਲੇ ਕੋਈ ਨਹੀਂ ਹੁੰਦੇ। ਦੁਸ਼ਮਣੀ ਪਾ ਕੇ ਬਹਿ ਜਾਂਦੇ ਨੇ ਨਿੱਕੀ ਜਿਹੀ ਗੱਲ ਪਿਛੇ, ਐਨਾ ਰੌਲਾ ਪਿਆ ਕਿ ਸਾਰੇ ਘਰਦਿਆਂ ਨੇ ਵੀ ਮੇਰੇ ਨਾਲ ਬੋਲ ਚਾਲ ਬੰਦ ਕਰ ਦਿੱਤੀ। ਜੇ ਬੇਬੇ ਤੇ ਬਾਪੂ ਜਿਉਂਦੇ ਹੁੰਦੇ ਫੇਰ ਤਾਂ ਗੱਲ ਓਦੋਂ ਹੀ ਬਣ ਜਾਣੀ ਸੀ, ਅਫ਼ਸਰ ਦੀ ਕੁੜੀ ਨਾਲ। ਆਖਿ਼ਰ ਮੈਨੂੰ ਘਰਦਿਆਂ ਦੇ ਖਿਲਾਫ਼ ਹੀ ਕਦਮ ਉਠਾਉਣਾ ਪਿਆ। ਨਹੀਂ ਤਾਂ ਸ਼ਾਇਦ ਕੁਆਰਾ ਹੀ ਫਿਰਦਾ, ਹੁਣ ਤੱਕ। ਮੈਂ ਤਾਂ ਅਮਰੀਕਾ ਆਉਣਾ ਸੀ। ਕੁੜੀ ਨੂੰ ਥੋੜ੍ਹੀ ਬਹੁਤ ਅੰਗ੍ਰੇਜ਼ੀ ਤਾਂ ਆਉਣੀ ਚਾਹੀਦੀ ਸੀ।”

“ਜੇ ਚੰਡੀਗੜ੍ਹ ਵਾਲੀ ਕੁੜੀ ਬਹੁਤ ਪਸੰਦ ਸੀ ਤਾਂ ਉਨ੍ਹਾਂ ਕੋਲ ਦੁਬਾਰਾ ਫਰਿਆਦ ਲੈ ਕੇ ਕਿੳਂੁ ਨਹੀਂ ਗਿਆ।?”

“ਅਨਿਲ ਨੇ ਪਤਾ ਕੀਤਾ ਸੀ। ਕੁੜੀ ਕਿਸੇ ਅਮਰੀਕਾ ਤੋਂ ਆਏ ਮੁੰਡੇ ਨਾਲ ਵਿਆਹੀ ਗਈ ਸੀ।”

ਚੰਡੀਗੜ੍ਹ ਵਾਲੀ ਕੁੜੀ ਤੁਹਾਡੇ ਆਪਣਿਆਂ ਨੇ ਕਿਉਂ ਪਸੰਦ ਨਹੀਂ ਕੀਤੀ? ਸਿਰਫ਼ ਜ਼ਮੀਨ ਦੇ ਲਾਲਚ ਕਰਕੇ?”

“ਯਾਰੇ ਛੱਡੋ ਕਹਾਣੀ। ਹੋਰ ਬਥੇਰਾ ਕੁਝ ਕਹਿੰਦੇ ਸਨ। ਅਮੀਰਾਂ ਦੀ ਕੁੜੀ ਐ ਰੋਟੀ ਉਹਨੇ ਬਨਾਉਣੀ ਨਹੀਂ। ਬਹੁਤੀ ਪੜ੍ਹੀ ਹੋਈ ਫਿੱਟ ਨਹੀਂ ਬੈਠਣੀ। ਖਰਚਾ ਬਹੁਤ ਕਰੇਗੀ। ਕੋਈ ਪੈਸਾ ਬਚਣ ਨਹੀਂ ਦੇਣਾ ਆਦਿ ਆਦਿ।”

“ਤੁਸੀਂ ਅਮਰੀਕਾ ਸਟੂਡੈਂਟ ਬਣਕੇ ਆਏ ਸੀ।” ਸੁਮੀਤ ਨੇ ਵਿਸ਼ਾ ਬਦਲਿਆ।

“ਹਾਂ, ਸਟੂਡੈਂਟ- ਪਰ- ਕੈਨੇਡਾ-ਸਟੈਡੈਂਟ-ਕੈਨੇਡਾ।” ਸੁਖਬੀਰ ਸ਼ਰਾਬ ਦੇ ਨਸ਼ੇ ਵਿਚ ਥੋੜ੍ਹਾ ਅਟਕ ਅਕਟ ਕੇ ਬੋਲਣ ਲੱਗ ਪਿਆ।

“ਗੁਰਪ੍ਰੀਤ ਦੇਖ- ਤੂੰ ਓਕਲੋਹੋਮਾ ਤੋਂ ਆਇਆ- ਏਂ-, -ਹੈ ਨਾਂ। – ਸਾਡਾ ਮਹਿਮਾਨ ਹੋਇਆ ਨਾ- ਠੀਕ। ਇੱਜ਼ਤ ਕਰਨੀ ਪੈਂਦੀ ਐ ਮਹਿਮਾਨ ਦੀ। -ਠੀਕ। ਦੇਖ ਬਾਈ ਮੇਰਾ ਦਿਲ – ਕਿੰਨਾਂ ਬੋਝ ਹੈ। ਦਿਲ ਕੀ ਕਰੂਗਾ- ਵਿਚਾਰਾ ਚੰਡੀਗੜ੍ਹ ਵਾਲੀ ਕੁੜੀ- ਬਹੁਤ ਸੋਹਣੀ- ਯਾਰ- ਬਹੁਤ ਵਧੀਆ- ਮੈਂ ਬੁਧੂ- ਹੈਂ ਨਾ ਬੱਈ- ਹਾਂ ਕਰਨੀ ਸੀ। ਤੁਰੰਤ ਹਾਂ। ਦੇਰ ਹੋ ਗਈ- ਠੀਕ ਵੀਟਿਆ।” ਸੁਖਬੀਰ ਥੋੜ੍ਹੀ ਜਿ਼ਆਦਾ ਪੀ ਗਿਆ ਲਗਦਾ ਸੀ।

“ਐਦਾਂ ਦੇ ਮਾਮਲਿਆਂ ਵਿਚ ਦੇਰ ਕਰਨੀ ਅਗਲੇ ਨਾਂਹ ਦੇ ਬਰਾਬਰ ਮੰਨਦੇ ਨੇ। ਤੁਸੀਂ ਹੁਣ ਭੁੱਲ ਜਾਓ।” ਅਨਿਲ ਨੇ ਕਿਹਾ। ਤੇ ਸੁਧਾ ਨੂੰ ਰੋਟੀ ਟੇਬਲ ‘ਤੇ ਲਗਾਉਣ ਲਈ ਇਸ਼ਾਰਾ ਕੀਤਾ।

“ਭੁੱਲ ਜਾਵਾਂ! ਬੋਝ ਹੈ- ਬੋਝ ਮੇਰੇ ਦਿਲ ‘ਤੇ! -ਮਨੁੱਖ ਵੀ ਕੀ ਐ? ‘ਔਕੜਾਂ ਨਾਲ ਘੁਲਦਾ ਘੁਲਦਾ- ਔਕੜਾਂ ਵਿਚ ਜਾ ਵੜਦਾ ਹੈ।

“ਚਲੋ ਬਈ, ਰੋਟੀ ਛੱਕੋ।” ਅਨਿਲ ਨੇ ਸਭ ਨੂੰ ਕਿਹਾ।

ਰੋਟੀ ਖਾਣ ਲੱਗ ਪਏ।” ਮੈਂ ਬੁੱਧੂ-ਚੰਡੀਗੜ੍ਹ ਵਾਲੀ ਕੁੜੀ- ਹਾਂ ਕਰਨੀ ਸੀ। ਬੰਦੇ ਦੇ – ਅਰਮਾਨ-! ਬੋਝ-।” ਸੁਖਬੀਰ ਘੜੀ ਮੁੜੀ ਇਕੋ ਗੱਲ ਬੋਲਦਾ ਗਿਆ।

ਪਾਰਟੀ ਖ਼ਤਮ ਹੋ ਗਈ। ਦੋ ਦਿਹਾੜੇ ਹੋਰ ਨਿਕਲ ਗਏ। ਅੰਮ੍ਰਿਤ ਨੇ ਆਪਣੀ ਨਰਾਜ਼ਗੀ ਕਈ ਵੇਰ ਦਰਸਾਈ। ਸੁਖਬੀਰ ਨੇ ਵੀ ਜਿ਼ਆਦਾ ਪੀ ਜਾਣ ਦਾ ਪਛਤਾਵਾ ਕੀਤਾ। ਪਹਿਲਾਂ ਵਾਂਗ ਅੱਜ ਵੀ ਸੁਖਬੀਰ ਅਤੇ ਅੰਮ੍ਰਿਤ ਗੁਰਦੁਆਰਾ ਐਤਵਾਰ ਦਾ ਕੀਰਤਨ ਸੁਣਨ ਲਈ ਗਏ। ਅੰਮ੍ਰਿਤ ਸੰਗਤ ਵਿਚ ਜਾ ਬੈਠੀ। ਸੁਖਬੀਰ ਕਾਰ ਪਾਰਕ ਕਰਕੇ, ਬਾਹਰ ਖਲੋਤਾ ਆਪਣੇ ਪਰਸ ਚੋਂ ਡਾਲਰ ਲੱਭਣ ਲੱਗ ਪਿਆ। ਉਹ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀ, “ਕਿੰਨੀ ਵੇਰ ਕਿਹਾ ਹੈ ਅੰਮ੍ਰਿਤ ਨੂੰ ਕਿ ਇਕ ਇਕ ਦੇ ਦਸ ਵੀਹ ਨੋਟ ਮੇਰੇ ਪਰਸ ‘ਚ ਪਾ ਦਿਆ ਕਰੇ। ਸੁਣਦੀ ਹੀ ਨਹੀਂ। ਚਲੋ ਬਾਬੇ ਦੀ ਮਰਜ਼ੀ। ਅੱਜ ਪੰਜ ਦਾ ਨੋਟ ਹੀ ਚੜ੍ਹਾ ਦਿੰਦੇ ਆਂ।”

ਅਚਾਨਕ ਸਾਹਮਣੇ ਆ ਕੇ ਸੁਮੀਤ ਨੇ ਸਤਿ ਸ੍ਰੀ ਅਕਾਲ ਬੁਲਾਈ। “ਸੁਖਬੀਰ ਵੀਰ ਜੀ ਕਿਹੜੇ ਡਾਲਰਾਂ ਦਾ ਹਿਸਾਬ ਕਿਤਾਬ ਹੋ ਰਿਹਾ ਹੈ?”

“ਬਾਬੇ ਦਾ ਹਿੱਸਾ ਲੱਭ ਰਿਹਾ ਸਾਂ।” ਉਸਨੇ ਸੁਮੀਤ ਵੱਲ ਟਿਕਟਿਕੀ ਲਗਾਕੇ ਵੇਖਿਆ ਫੇਰ ਪੁਛਿਆ, “ਗੁਰਪ੍ਰੀਤ ਨਜ਼ਰ ਨਹੀਂ ਆ ਰਿਹਾ?”

“ਮੈਂ ਤੇ ਸੁਧਾ ਹੀ ਆਈਆਂ ਹਾਂ। ਤੁਸੀਂ ਮੈਨੂੰ ਹੋਰ ਨੇੜੇ ਹੋ ਕੇ ਧਿਆਨ ਨਾਲ ਵੇਖੋ। ਮੈਂ ਓਹੀ ਕੁੜੀ ਆਂ ਚੰਡੀਗੜ੍ਹ ਵਾਲੀ, ਜਿਸ ਦਾ ਢੰਡੋਰਾ ਤੁਸੀਂ ਕੱਲ੍ਹ ਸੁਧਾ ਜੀ ਦੇ ਘਰ ਪਿਟਿਆ ਸੀ। ਮੈਂ ਤਾਂ ਤੁਹਾਨੂੰ ਪਹਿਚਾਣ ਲਿਆ ਸੀ ਪਰ ਤੁਸੀਂ ਸ਼ਰਾਬ ‘ਚ ਮਸਤ ਹੋ ਗਏ। ਅੱਜ ਮੈਂ ਤੁਹਾਡੇ ਦਿਲ ਦਾ ਬੋਝ ਹਲਕਾ ਕਰ ਹੀ ਜਾਂਦੀ ਆਂ। ਮੈਂ ਤਾਂ ਆਪਣੇ ਡੈਡੀ ਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਪਸੰਦ ਹੀ ਨਹੀਂ ਸੀ।” ਸੁਮੀਤ ਨੇ ਥੋੜ੍ਹਾ ਮੁਸਕਰਾ ਕੇ ਆਖਿਆ।

“ਮਾਈ ਗੌਡ! ਮੈਂ ਤਾਂ ਐਵੇਂ ਆਪਣੇ ਆਪ ਨੂੰ ਦੋਸ਼ ਦਿੰਦਾ ਰਿਹਾ।” ਸੁਖਬੀਰ ਕੁਝ ਪਲਾਂ ਲਈ ਚੁੱਪ ਤਾਂ ਰਿਹਾ ਪਰ ਮੁਸਕਰਾ ਕੇ ਬੋਲਿਆ। ਉਸਦੇ ਸਵੈਮਾਨ ਨੂੰ ਥੋੜ੍ਹਾਂ ਧੱਕਾ ਜ਼ਰੂਰ ਲੱਗਾ ਜੋ ਉਸਦੇ ਚਿਹਰੇ ‘ਤੇ ਸਾਫ਼ ਨਜ਼ਰ ਆ ਰਿਹਾ ਸੀ।

“ਸੁਮੀਤ ਆ ਹੁਣ ਮੱਥਾ ਵੀ ਟੇਕ ਲਈਏ।” ਸੁਧਾ ਨੇ ਸੁਮੀਤ ਨੂੰ ਆਵਾਜ਼ ਦਿੱਤੀ ਅਤੇ ਗੁਰਦੁਆਰੇ ਅੰਦਰ ਚਲੀ ਗਈ।

“ਸੁਖਬੀਰ ਸੱਚੀ ਗੱਲ ਤਾਂ ੋਿੲਹ ਹੈ ਕਿ ਅਸੀਂ ਤੁਹਾਡਾ ਬਹੁਤ ਇੰਤਜ਼ਾਰ ਕੀਤਾ। ਮੇਰੇ ਡੈਡੀ ਵੀ ਤੁਹਾਨੂੰ ਬਹੁਤ ਪਸੰਦ ਕਰਦੇ ਸਨ।” ਸੁਮੀਤ ਨੇ ਸੁਖਬੀਰ ਦਾ ਹੱਥ ਫੜਕੇ ਆਖਿਆ, ਮੁਸਕਰਾਈ ਅਤੇ ਚਲੀ ਗਈ।

ਸੁਖਬੀਰ ਹੱਕਾ ਬੱਕਾ ਖਲੋਤਾ ਰਿਹਾ। ਸੁਮੀਤ ਨੇ ਉਸਦਾ ਹੱਥ ਕੀ ਫੜਿਆ ਜਿਵੇਂ ਬਿਜਲੀ ਦੀ ਤਾਰ ਹੱਥ ਨਾਲ ਚਿਪਕਾ ਗਈ ਹੋਵੇ। ਕਮਾਲ ਹੋ ਗਈ। ਕੁੜੀ ਫੇਰ ਆਈ ਦੋ ਗੱਲਾਂ ਕੀਤੀਆਂ, ਉਹੀ ਚੁੰਧਿਆਲੀ ਝਲਕਾ ਦਿਖਾ ਕੇ ਚਲੀ ਗਈ। ਦਿਲ ਦਾ ਬੋਝ ਹੋਰ ਬੋਝਲ ਕਰ ਗਿਆ ਇਹ ਸੰਜੋਗੀ ਮੇਲਾ। ਸੁਖਬੀਰ ਮਨ ਹੀ ਮਨ ਸੋਚਕੇ ਪਰੇਸ਼ਾਨ ਹੋ ਰਿਹਾ ਸੀ। ਉਸਦਾ ਦਿਲ ਜਿਵੇਂ ਕਮਜ਼ੋਰ ਜਿਹਾ ਹੋ ਗਿਆ ਹੋਵੇ। ਫੇਰ ਧੜਕਣ ਲੱਗਾ ਓਦਾਂ ਹੀ ਜਿੱਦਾਂ ਪਹਿਲੀ ਮੁਲਾਕਾਤ ਵੇਲੇ।

This entry was posted in ਕਹਾਣੀਆਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>