ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ਸ਼ਹੀਦ ਭਾਈ ਮਨੀ ਸਿੰਘ ਜੀ

ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਹਨਾਂ ਨੇ ਕੇਵਲ ਆਪਣੇ ਤੱਕ ਹੀ ਨਹੀਂ ਸ਼ਹੀਦੀ ਪ੍ਰਾਪਤ ਕੀਤੀ ਸਗੋਂ ਉਹਨਾਂ ਦਾ ਪੂਰਾ ਪਰਵਾਰ ਵੀ ਸ਼ਹਾਦਤਾਂ ਪੀਣ ਵਾਲਾ ਸੀ। ਜਿਸਦੀ ਮਿਸਾਲ ਸੰਸਾਰ ਭਰ ਦੇ ਇਤਿਹਾਸ ਵਿੱਚ ਲੱਭਣੀ ਮੁਸ਼ਕਿਲ ਹੈ। ਸਿੱਖੀ ਨੂੰ ਨੇਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ, ਅਨੇਕਾਂ ਤਰ੍ਹਾਂ ਦੇ ਆਮਾਣਵੀ ਤਸੀਹੇ ਗੁਰੂ ਦੇ ਸਿੱਖਾਂ ਨੂੰ ਦਿੱਤੇ ਗਏ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਗੁਰੂ ਨੂੰ ਗੁੜ ਕਹਿਣ ਦਾ ਹੁਕਮ ਤੱਕ ਦਿੱਤਾ ਗਿਆ, ਪਰ ਧੰਨ ਸੀ, ਉਸ ਸਮੇਂ ਦੀ ਸਿੱਖੀ, ਸਿੱਖੀ ਸਿਦਕ ਅਤੇ ਗੁਰੂ ਦੇ ਸਿੱਖ। ਜਿਨਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਾ ਕੀਤਾ ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ। ਭਾਈ ਮਨੀ ਸਿੰਘ ਜੀ ਦੇ ਜਨਮ ਮਿਤੀ ਬਾਰੇ ਵਿਦਵਾਨਾਂ ਵਿੱਚ ਕਾਫੀ ਮਤਭੇਦ ਪਾਏ ਜਾ ਰਹੇ ਹਨ। ਸੇਵਾ ਸਿੰਘ ਜੀ ਦੀ ਲਿਖਤ ਸਸ਼ਹੀਦ ਬਿਲਾਸ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈ: (1 ਚੇਤ, ਸੁਦੀ ਦੁਆਦਸ਼ੀ, ਐਤਵਾਰ, ਸੰਮਤ 1701) ਨੂੰ ਪਿੰਡ ਅਲੀਪੁਰ, ਜਿਲ੍ਹਾ ਮੁਜੱਫਰਗੜ੍ਹ, ਪੱਛਮੀ ਪਾਕਿਸਤਾਨ ਵਿੱਚ ਭਾਈ ਮਾਈਦਾਸ ਦੇ ਗ੍ਰਹਿ ਵਿਖੇ ਮਾਤਾ ਮਧਰੀ ਬਾਈ ਦੀ ਕੁਖੋਂ ਹੋਇਆ। ਆਪ ਜੀ ਦੇ ਦਾਦਾ ਭਾਈ ਬਲੂ ਰਾਇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗਬਿੰਦ ਸਾਹਿਬ ਜੀ ਨਾਲ ਸੰਨ 1628 ਨੂੰ ਤੁਰਕਾਂ ਨਾਲ ਜੰਗ ਕਰਦੇ ਅੰਮ੍ਰਿਤਸਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਭਾਈ ਮਨੀ ਸਿੰਘ ਜੀ ਦੇ 12 ਭਰਾਵਾਂ ਵਿੱਚੋਂ ਅਮਰ ਚੰਦ ਨੂੰ ਛੱਡ ਕੇ (ਕਿਉਂਕਿ ਉਹ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।) 11 ਭਰਾਵਾਂ ਨੇ ਸਿੱਖੀ ਸਿਧਾਂਤਾਂ ਦੀ ਖ਼ਾਤਿਰ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇੱਥੇ ਹੀ ਬੱਸ ਨਹੀਂ ਸਿੱਖੀ ਦੀ ਖਾਤਰ ਆਪ ਜੀ ਦੇ 10 ਸਪੁੱਤਰਾਂ ਵਿੱਚੋਂ ਵੀ 7 ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਂਦਿਆਂ ਇਸ ਗੁਰੂ ਵਾਕ ਨੂੰ ਸੱਚ ਕਰ ਵਿਖਾਇਆ

ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ॥

(ਸਲੋਕ ਵਾਰਾਂ ਤੇ ਵਧੀਕ, ਮਃ 1, ਪੰਨਾ 1412)

ਇਹ ਹੈ ਸਿੱਖ ਇਤਿਹਾਸ ਦੀਆਂ ਅਦੁੱਤੀ ਅਤੇ ਲਾ-ਮਿਸਾਲ ਸ਼ਹਾਦਤਾਂ ਵਿੱਚੋਂ ਇੱਕ ਜਿਸ ਵਿੱਚ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸ਼ਹੀਦ, 11 ਭਰਾ ਸ਼ਹੀਦ, 7 ਪੁੱਤਰ ਸ਼ਹੀਦ। ਇਹੀ ਕਾਰਣ ਹੈ ਕਿ ਅੱਜ ਇੱਕ ਸਾਬਤ ਸੂਰਤ ਦਸਤਾਰਧਾਰੀ ਸਿੱਖ ਦਾ ਸਿਰ ਫ਼ਖਰ ਨਾਲ ਉੱਚਾ ਰਹਿੰਦਾ ਹੈ ਅਤੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦਾ ਹੋਇਆ, ਇਹਨਾਂ ਮਹਨਾ ਸ਼ਹਾਦਤਾਂ ਦੇ ਅੱਗੇ ਸਿਰ ਝੁਕਾਉਂਦਾ ਹੈ। ਭਾਈ ਮਨੀ ਸਿੰਘ ਜੀ ਇੱਕ ਅਜਿਹੀ ਸਖਸ਼ੀਅਤ ਸਨ ਜਿਹਨਾਂ ਦੀ ਜੀਵਣ ਜੁਗਤ ਤੋਂ ਸਾਨੂੰ ਸਿਰਫ ਇੱਕ ਸੁਚੱਜੇ, ਉਸਾਰੂ ਜੀਵਣ ਦੀ ਹੀ ਸੇਧ ਨਹੀਂ ਮਿਲਦੀ, ਸਗੋਂ ਧਰਮ, ਕੌਮ, ਸਿਧਾਂਤਾਂ, ਗੁਰੂ ਸਾਹਿਬਾਨ ਦੁਆਰਾ ਪ੍ਰਾਪਤ ਹੋਈ ਸਿੱਖੀ ਖਾਤਰ ਸੁਚੱਜੇ ਮਰਨ ਦਾ ਢੰਗ ਵੀ ਦੱਸਦੀ ਹੈ। ਆਪ ਜੀ ਨੇ ਗੁਰੂ ਹਰਰਾਇ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ। ਆਪ ਜੀ ਦਾ ਪਹਿਲਾ ਨਾਮ ਮਨੀਆ ਸੀ, ਜੋ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਰੂਪ ਵਿੱਚ ਬਦਲਿਆ। ਦਸਮੇਸ਼ ਪਿਤਾ ਜੀ ਨੇ ਆਪ ਜੀ ਨੂੰ ਦੀਵਾਨ ਦੀ ਉਪਾਧੀ ਬਖਸ਼ਸ਼ ਕੀਤੀ। ਜਦ ਸਤਿਗੁਰੂ ਜੀ ਨੇ ਆਪ ਜੀ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਅੰਮਿਰਤਸਰ ਭੇਜਿਆ ਤਾਂ ਆਪ ਜੀ ਨੇ ਸੱਭ ਤੋਂ ਪਹਿਲਾਂ ਉੱਥੇ ਚੱਲਦੀ ਸੋਢੀਆਂ ਦੀ ਮਰਿਯਾਦਾ ਬੰਦ ਕਰਵਾ ਕੇ ਗੁਰੂ ਮਰਿਯਾਦਾ ਆਰੰਭ ਕਰਵਾਈ। ਆਪ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਤੀਸਰੇ ਗ੍ਰੰਥੀ ਸਿੰਘ ਸਨ । ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਅਤੇ ਤੀਸਰੇ ਆਪ ਜੀ ਸਨ।

ਜਦੋਂ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਾ-ਕਮਾਲ ਸ਼ਹਾਦਤ ਤੋਂ ਬਾਅਦ ਕੌਮ ਦੋ ਹਿੱਸਿਆਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿੱਚ ਵੰਡੀ ਗਈ। ਕਿਉਂਕਿ ਸ਼ਰਧਾ ਵੱਸ ਕੁੱਝ ਸਿੰਘਾਂ ਨੇ ਬਾਬਾ ਬੰਦਾ ਸਿੰਘ ਜੀ ਨੂੰ ਗਿਆਰਵਾਂ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਬੰਦਈ ਖ਼ਾਲਸਾ ਕਹਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਲਹਿਰ ਦਾ ਮੁੱਖ ਆਗੂ ਭਾਈ ਅਮਰ ਸਿੰਘ ਮਹੰਤ ਖੇਮਕਰਨੀਆਂ ਸਨ। ਇਹ ਇੱਕ ਦੂਜੇ ਨੂੰ ਮਿਲਣ ਸਮੇਂ ‘ਫ਼ਤਹਿ ਦਰਸ਼ਨ’ ਬੁਲਾਉਂਦੇ ਸਨ। ਦੂਜੇ ਪਾਸੇ ਤੱਤ ਖ਼ਾਲਸੇ ਵਾਲੇ ਸੀ, ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਗੁਰ ਫ਼ਤਹਿ ਦੀ ਸਾਂਝ ਹੀ ਪਾਉਂਦੇ ਸਨ। ਦੋਵੇਂ ਧਿਰਾਂ ਆਪਣੇ ਆਪ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣ ਲਈ ਦਾਅਵੇਦਾਰ ਬਣ ਚੁੱਕੀਆਂ ਸਨ। ਹਕੁਮਤ ਵੀ ਸਮਝਦੀ ਸੀ ਕਿ ਹੁਣ ਸਿੰਘ ਆਪਸ ਵਿੱਚ ਲੜ ਮਰਨਗੇ ਅਤੇ ਸਾਡੀ ਚਿੰਤਾ ਮੁਕੂਗੀ। ਜਦ ਅੰਦਰ ਖਾਤੇ ਚੱਲ ਰਹੇ ਇਸ ਝਗੜੇ ਦੀ ਸੂਹ ਮਾਤਾ ਸੁੰਦਰ ਕੌਰ ਜੀ ਨੂੰ ਲੱਗੀ ਤਾਂ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਸਦੀਵੀਂ ਹੱਲ ਲੱਭਣ ਦੀ ਡਿਊਟੀ ਸੌਂਪੀ। ਭਈ ਮਨੀ ਸਿੰਘ ਜੀ ਨੇ ਦੋਵੇਂ ਧਿਰਾਂ ਨੂੰ ਹਰਿ ਕੀ ਪਉੜੀ ਸੱਦਾ ਭੇਜਿਆ ਤਾਂ ਕਿ ਕੋਈ ਯੋਗ ਫੈਂਸਲਾ ਕੀਤਾ ਜਾ ਸਕੇ। ਭਾਈ ਮਨੀ ਸਿੰਘ ਜੀ ਨੇ ਇੱਕ ਪਰਚੀ ਤੇ ਬੰਦਈ ਖਾਲਸੇ ਦਾ ਨਾਅਰਾ ‘ਫ਼ਤਹਿ ਦਰਸ਼ਨ’ ਅਤੇ ਦੂਜੀ ਪਰਚੀ ਤੇ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ ਲਿਖ ਕੇ ਅੰਮ੍ਰਿਤ ਸਰੋਵਰ ਵਿੱਚ ਸੁੱਟ ਦਿੱਤੀਆਂ ਅਤੇ ਫੈਂਸਲਾ ਕੀਤਾ ਕਿ ਜਿਸਦੀ ਪਰਚੀ ਪਹਿਲਾਂ ਤਰ ਕੇ ਉੱਪਰ ਆਵੇਗੀ, ੳਸੁਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮੰਨ ਲਿਆ ਜਾਵੇਗਾ।

ਕਾਰਣ ਕਰਤੇ ਵਸਿ ਹੈ……… ਦੇ ਮਹਾਂਵਾਕ ਅਨੁਸਾਰ ਰੱਬ ਵੱਲੋਂ ਹੀ ਵਾਹਿਗੁਰੂ ਜੀ ਕੀ ਫ਼ਤਹਿ ਵਾਲੀ ਪਰਚੀ ਪਹਿਲਾਂ ਤਰ ਕੇ ਉੱਪਰ ਆ ਗਈ । ਜੈਕਾਰੇ ਛੱਡੇ ਗਏ ਅਤੇ ਭਾਈ ਜੀ ਦੀ ਸਿਆਣਲ ਦੀ ਬਦੌਲਤ ਭਰਾਵਾਂ ਹੱਥੋਂ ਭਰਾਵਾਂ ਦਾ ਖੁਨ ਡੁਲਣੋਂ ਬੱਚ ਗਿਆ। ਇਸ ਸੀ ਭਾਈ ਮਨੀ ਸਿੰਘ ਜੀ ਵਰਗੇ ਕੌਮ ਦੇ ਆਗੂਆਂ ਦੀ ਸਿੱਖ ਕੌਮ ਨੂੰ ਇੱਕ ਮੁੱਠ ਕਰਨ ਅਤੇ ਕੌਮ ਵਿੱਚ ਏਕਤਾ ਪੈਦਾ ਕਰਨ ਲਈ ਕੀਤੀ ਗਈ ਯੋਗ ਅਗਵਾਈ।

ਭਾਈ ਮਨੀ ਸਿੰਘ ਜੀ ਨੇ ਦੀਵਾਲੀ ਦੇ ਮੌਕੇ ਸਰਬੱਤ ਖ਼ਾਲਸਾ ਸੱਦਣ ਦਾ ਮੰਨ ਬਣਾਇਆ ਤਾਂ ਕਿ ਕੌਮ ਦੇ ਉਸਾਰੂ ਹਿੱਤ ਲਈ ਸੋਚਦਿਆਂ ਕੁੱਝ ਨਵੇਂ ਉਪਰਾਲੇ ਸਾਂਝੇ ਰੂਪ ਵਿੱਚ ਕੀਤੇ ਜਾ ਸਕਣ। ਅਤੇ ਕੌਮ ਦੀ ਚੜ੍ਹਦੀ ਕਲਾ ਲਈ ਠੋਸ ਪ੍ਰੋਗਰਾਮ ਉਲੀਕਿਆ ਜਾ ਸਕੇ। ਇਸ ਲਈ ਆਪ ਜੀ ਨੇ ਇਸ ਸਬੰਧੀ ਸਮੇਂ ਦੇ ਹਾਕਮ ਜ਼ਕਰੀਆ ਖਾਨ ਨਾਲ ਗੱਲਬਾਤ ਕੀਤੀ ਅਤੇ ਦੀਵਾਲੀ ਮੌਕੇ ਮੇਲਾ ਲਗਾਉਣ ਦੀ ਇਜ਼ਾਜ਼ਤ ਮੰਗੀ। ਜ਼ਕਰੀਆ ਖਾਨ ਨੇ ਇਜ਼ਾਜ਼ਤ ਦਿੰਦਿਆਂ ਮੇਲੇ ਦੇ ਬਦਲੇ ਵਿੱਚ 10 ਹਜ਼ਾਰ ਟਕੇ (ਰੁਪਏ) ਮੇਲੇ ਦਾ ਟੈਕਸ ਮੰਗਿਆ ਅਤੇ 10 ਦਿਨਾਂ ਤੱਕ ਮੇਲਾ ਲਾਉਣ ਦੀ ਇਜ਼ਾਜ਼ਤ ਦਿੱਤੀ ਗਈ।

ਭਾਈ ਮਨੀ ਸਿੰਘ ਜੀ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਮ ਸੰਦੇਸ਼ ਰਾਹੀਂ ਸਰਬੱਤ ਖ਼ਾਲਸਾ ਇੱਕਠਾ ਕਰਨ ਲਈ ਦੁਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ। ਦੂਸਰੇ ਪਾਸੇ ਜ਼ਕਰੀਆ ਖਾਨ ਦੇ ਮਨ ਵਿੱਚ ਮੈਲ ਆ ਗਈ ਅਤੇ ਆਪਣੀ ਔਕਾਤ ਤੇ ਆਉਂਦਿਆ ਉਸਨੇ ਵਿਉਂਤ ਘੜ ਲਈ ਕਿ ਕਿਉਂ ਨਾ ਦੀਵਾਲੀ ਦੀ ਰਾਤ ਇੱਕਠੇ ਹੋਏ ਸਮੂਹ ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਜਾਵੇ। ਸੋ ਸੂਬੇ ਦੀ ਗੰਦੀ ਸੋਚ ਵਿੱਚ ਉਪਜੀ ਇਹ ਵਿਉਂਤ ਤਿਆਰ ਹੋ ਚੁੱਕੀ ਸੀ ਅਤੇ ਇੱਧਰ ਭਾਈ ਮਨੀ ਸਿਮਘ ਜੀ ਅਤੇ ਸਿੰਘਾਂ ਨੂੰ ਸੂਬੇ ਦੀ ਸਾਜ਼ਸ ਦਾ ਪਤਾ ਚੱਲ ਗਿਆ। ਭਾਈ ਮਨੀ ਸਿੰਘ ਜੀ ਨੇ ਤੁਰੰਤ ਇਕੱਠ ਵਿੱਚ ਇਕੱਠੇ ਹੋਣ ਵਾਲੇ ਗੁਰਸਿੱਖਾਂ ਨੂੰ ਮੁੱੜ ਸੁਨੇਹੇ ਭੇਜ ਦਿੱਤੇ ਅਤੇ ਸੂਬੇ ਦੀ ਨੀਅਤ ਤੋਂ ਜਾਣੂ ਕਰਵਾ ਦਿੱਤਾ। ਪਰ ਫਿਰ ਵੀ ਦੂਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹਾ ਨਾ ਪੁੱਜਣ ਕਰਕੇ ਉਹਦੀਵਾਲੀ ਤੇ ਗੁਰ ਅਸਥਾਨ ਦੇ ਦਰਸ਼ਨਾ ਨੂੰ ਆ ਗਏ ਅਤੇ ਚਾਲ ਅਨੁਸਾਰ ਜ਼ਕਰੀਆਂ ਖਾਨ ਨੇ ਲਖਪਤ ਰਾਇ ਦੇ ਰਾਹੀਂ ਇੱਕਠੇ ਹੋਏ ਸਿੰਘਾਂ ਤੇ ਹੱਲਾ ਬੋਲ ਦਿੱਤਾ। ਦੀਵਾਨ ਨਾ ਲੱਗ ਸਕਿਆ। ਬੇਅਮਤ ਸਿੱਖ ਸ਼ਹੀਦੀਆਂ ਪਰਾਪਤ ਕਰ ਗਏ। ਭਾਈ ਮਨੀ ਸਿੰਘ ਜੀ ਨੇ ਇਸ ਗੱਲ ਦਾ ਜ਼ਕਰੀਆ ਕਾਨ ਨਾਲ ਰੋਸ ਮਨਾਇਆ ਅਤੇ ਇਸ ਕਾਰੇ ਦੀ ਸਖ਼ਤ ਨਿਖੇਧੀ ਕੀਤੀ, ਪਰ ਇਸਦੇ ਉਲਟ ਜ਼ਕਰੀਆ ਖ਼ਾਨ ਨੇ 10000 ਟਕੇ ਰਕਮ ਦੀ ਮੰਗ ਕੀਤੀ। ਭਾਈ ਜੀ ਨੇ ਕਿਹਾ ਜਦੋਂ ਇਕੱਠ ਹੀ ਨਹੀਂ ਹੋਇਆ ਤਾਂ ਰੁਪਏ ਕਾਹਦੇ ਤਾਂ ਇਸਦੇ ਇਵਜ਼ ਵਜੋਂ ਭਾਈ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜ਼ਬਰੀਂ ਧਰਮ ਬਦਲਣ ਨੂੰ ਕਿਹਾ ਕਿ ਸਿੱਖੀ ਛੱਡ ਕੇ ਮੁਸਲਮਾਨ ਬਣ ਜਾ।

ਇਸ ਸਮੇਂ ਭਾਈ ਸਾਹਿਬ ਜੀ ਦੇ ਉਮਰ 90ਵਿਆਂ ਦੇ ਲਗਭਗ ਪੁੱਜ ਚੁੱਕੀ ਹੋਈ ਸੀ। ਆਪ ਜੀ ਦੇ ਸਾਹਮਣੇ ਅਨੇਕਾਂ ਸਿੱਖਾਂ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਕਿ ਆਪ ਜੀ ਦਾ ਮਨ ਬਦਲਿਆ ਜਾ ਸਕੇ, ਪਰ ਐਸਾ ਕੁੱਝ ਵੀ ਨਾ ਹੋ ਸਕਿਆ। ਇਸ ਮੌਕੇ ਆਪ ਜੀ ਨੂੰ ਨਖਾਸ ਚੌਂਕ ਲਾਹੋਰ ਵਿਖੇ ਸਾਰੀ ਖਲਕਤ ਦੇ ਸਾਹਮਣੇ ਆਪ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਦੇ ਦਿੱਤਾ ਗਿਆ। ਕਮਾਲ ਦੀ ਗੱਲ ਸੀ ਭਾਈ ਮਨੀ ਸਿੰਘ ਜੀ ਵਿੱਚ, ਉਹਨਾਂ ਦੇ ਜੋਸ਼ ਵਿੱਚ, ਉਹਨਾਂ ਦੇ ਸਿੱਖੀ ਸਿਦਕ ਵਿੱਚ। ਕਹਿੰਦੇ ਨੇ ਜਦ ਆਪ ਜੀ ਨੂੰ ਸ਼ਹੀਦ ਕੀਤਾ ਜਾਣ ਲੱਗਿਆ ਤਾਂ ਕਾਜ਼ੀ ਨੇ ਇੱਕ ਵਾਰ ਫਿਰ ਅਸਫਲ ਕੋਸ਼ਿਸ਼ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਭਾਈ ਮਨੀ ਸਿੰਘ ਨੂੰ ਡੋਲਾਇਆ ਜਾ ਸਕੇ। ਕਾਜ਼ੀ ਕਹਿਣ ਲੱਗਾ ਕਿ ਮੈਂ ਸੁਣਿਆ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਏਂ, ਤੇ ਗੁਰਬਾਣੀ ਦੀ ਹਰ ਗੱਲ ਨੂੰ ਵੀ ਸਤਿ ਸਤਿ ਕਰਕੇ ਮੰਨਦਾ ਹੈ ਤਾਂ ਕੀ ਤੈਨੂੰ ਗੁਰਬਾਣੀ ਦਾ ਇਹ ਹੁਕਮ ਭੁੱਲ ਗਿਆ ਕਿ ਤੇਰਾ ਗੁਰੂ ਤਾਂ ਕਹਿੰਦਾ ਹੈ:

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥

ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥30॥

(ਸਲੋਕ, ਭਗਤ ਕਬੀਰ ਜੀ, ਪੰਨਾ 1361)

ਕਿ ਇਹ ਜਨਮ ਬਾਰ ਬਾਰ ਨਹੀਂ ਮਿਲਣਾ ਤਾਂ ਫਿਰ ਕਿਉਂ ਆਪੋਣਾ ਜਨਮ ਅਜਾਈਂ ਗੁਵਾਉਂਦਾ ਹੈ। ਤਾਂ ਭਾਈ ਸਾਹਿਬ ਜੀ ਦਾ ਜੁਆਬ ਸੀ ਕਹਿਣ ਲੱਗੇ ਕਾਜ਼ੀ ਸਾਹਿਬ ਮੈਨੂੰ ਪਤਾ ਹੈ ਕਿ ਮੇਰਾ ਗੁਰੂ ਮੈਨੂੰ ਕੀ ਕਹਿੰਦਾ ਹੈ। ਮੇਰੇ ਗੁਰੂ ਦਾ ਫੁਰਮਾਣ ਹੈ:

ਜੀਵਿ ਜੀਵਿ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥

ਆਗੈ ਪਾਛੈ ਗਨਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥

(ਵਾਰ-ਸਾਰਗ, ਮਃ 1, ਪੰਨਾ 1238)

ਮੈਨੂੰ ਪਤਾ ਹੈ ਕਿ ਹੋ ਸਕਦਾ ਹੈ ਕਿ ਦੁਬਾਰਾ ਮੈਨੂੰ ਇੱਕ ਜਨਮ ਹੋਰ ਮਿਲ ਜਾਵੇ, ਪਰ ਇਸ ਦਾ ਪੱਕਾ ਪਤਾ ਨਹੀਂ ਕਿ ਅਗਲੇ ਜਨਮ ਵਿੱਚ ਮੈਨੂੰ ਗੁਰੂ ਦੀ ਪਿਆਰਥੀ ਸਿੱਖੀ ਨਸੀਬ ਹੋਵੇ ਕਿ ਨਾ। ਇਸ ਲਈ ਤੁਸੀ ਆਪਣਾ ਕੰਮ ਕਰੋ। ਅਤੇ ਤਦ ਹੀ ਜੱਲਾਦ ਨੇ ਭਾਈ ਸਾਹਿਬ ਜੀ ਦੇ ਗੁੱਟ ਦਾ ਨਿਸ਼ਾਨਾ ਬਣਾ ਕੇ ਗੰਡਾਸਾ ਉਤਾਂਹ ਨੂੰ ਚੁੱਕਿਆ, ਤਾਂ ਭਾਈ ਜੀ ਨੇ ਰੋਕ ਦਿੱਤਾ। ਕਹਿਣ ਲੱਗੇ, ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਅਤੇ ਤੂੰ ਗੁੱਟ ਦਾ ਨਿਸਾਨਾ ਸਾਧ ਲਿਆ ਹੈ ਤੂੰ ਆਪਣੇ ਹੁਕਮ ਦੀ ਤਾਮੀਲ ਚੰਗੀ ਤਰ੍ਹਾਂ ਕਰ। ਜਿਸ ਤਰ੍ਹਾਂ ਮੈਂ ਆਪਣੇ ਗੁਰੂ ਦੇ ਹੁਕਮ ਦੀ ਤਾਮੀਲ ਕਰ ਰਿਹਾ ਹਾਂ। ਕੋਲ ਖੜ੍ਹਾ ਕਾਜ਼ੀ ਫਿਰ ਬੋਲਿਆ, ਬਾਈ ਸਾਹਿਬ! ਘੱਲਾਂ ਕਰਨੀਆਂ ਸੌਖੀਆਂ ਨੇ, ਜਦ ਬੰਦ-ਬੰਦ ਕੱਟਿਆ ਜਾਣ ਲੱਗਾ ਤਾਂ ਆਪੇ ਹੀ ਸਿੱਖੀ ਛੱਡ ਦਿਉਗੇ। ਪਰ ਐਸਾ ਕੁੱਝ ਵੀ ਨਾ ਹੋਇਆ ਅਤੇ ਭਾਈ ਮਨੀ ਸਿੰਘ ਜੀ ਗੁਰੂ ਸਿਧਾਂਤਾਂ, ਸਿੱਖੀ ਸਿਦਕ ਅਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇ ਦੀ ਰੋਜ਼ਾਨਾ ਅਰਦਾਸ ਨੂੰ ਅਮਲੀ ਜਾਮਾ ਪਹਿਣਾ ਕੇ ਸ਼ਹਾਦਤ ਦਾ ਜਾਮ ਹੱਸਦਿਆਂ ਹੋਏ ਪੀ ਗਏ।

ਭਾਈ ਸਾਹਿਬ ਦੀ ਸ਼ਹਾਦਤ ਅੱਜ ਵੀ ਸਾਡੇ ਅੰਦਰ ਗੌਰਵ ਮਹਿਸੂਸ ਕਰਦੀ ਹੈ ਜਿਹਨਾਂ ਨੇ ਸਿੱਖੀ ਸਿਧਾਂਤਾਂ ਦੀ ਖਾਤਿਰ ਆਪਾ ਲੁਰਬਾਣ ਕਰ ਦਿੱਤਾ। ਪਰ ਐ! ਨੌਜਵਾਨ ਵੀਰੋ! ਭੈਣੋ ਅੱਜ ਤੁਸੀਂ ਆਪਣੀ ਹਾਲਤ ਕੀ ਬਣਾ ਲਈ ਹੈ? ਮੁੰਡਿਆਂ ਦੇ ਸਿਰ ਤੇ ਕੇਸ ਨਹੀਂ, ਮੂੰਹ ਉੱਤੇ ਦਾਹੜੀਆਂ ਨਹੀਂ, ਕੰਨਾਂ ਵਿੱਚ ਮੁੰਦਾ ਪੁਆ ਲਈਆਂ, ਆ ਕੀ ਹਾਲਤ ਬਣਾ ਛੱਡੀ ਜੇ ਵੀਰਿਊ? ਕੀ ਤੁਹਾਨੂੰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਕੋਈ ਕਦਰ ਨਹੀਂ, ਕੀ ਕਦੇ ਬਾਬਾ ਬੰਦਾ ਸਿੰਘ ਬਹਾਦਰ, ਸੁਬੇਗ ਸਿੰਘ, ਸਾਹਬਾਜ਼ ਸਿੰਘ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਸ਼ਹੀਦ ਭਾਈ ਤਾਰੂ ਸਿੰਘ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਾਦੇ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਬਿਲਕੁੱਲ ਤਹਾਡੇ ਮਨ ਵਿੱਚ ਕਦੇ ਨਹੀਂ ਆਈ? ਜੇ ਹਾਂ ਤਾਂ ਕਿਉਂ ਸਿੱਖੀ ਤੋਂ ਬਾਗੀ ਹੋ ਗਏ ਜੇ? ਕੌਮ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹੁੰਦਾ ਹੈ ਜੇ ਨੌਜਵਾਨ ਹੀ ਅਜਿਹੇ ਹੋਣਗੇ ਜੋ ਗੁਰੂ ਤੋਂ ਬੇਮੁੱਖ ਹੋ ਚੁੱਕੇ ਹੋਣ ਤਾਂ ਕੌਮ ਦਾ ਕੀ ਬਣੇਗਾ? ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਆਪਣੇ ਸਪੁੱਤਰ ਕਿਹਾ ਸੀ ਅੱਜ ਉਹਨਾਂ ਪੁੱਤਰਾਂ ਦਾ ਖ਼ੂਨ ਚਿੱਟਾ ਕਿਵੇਂ ਹੋ ਗਿਆ? ਬੱਸ ਇੱਕੋ ਹੀ ਬਨੇਤੀ ਹੈ ਨੌਜਵਾਨੋ ਅੱਜ ਕੌਮ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕਿਤੇ ਨਕਲੀ ਗੁਰੂ ਬਣ ਰਹੇ ਨੇ, ਕੋਈ ਗੁਰੂ ਸਾਹਿਬਾਨ ਦੀ ਬਰਾਬਰੀ ਕਰ ਰਿਹਾ ਹੈ, ਕੋਈ ਨਵੇਂ ਨਵੇਂ ਗ੍ਰੰਥਾਂ ਨੂੰ ਸ਼ਬਦ ਗੁਰੂ ਦੀ ਬਰਾਬਰੀ ਦਿਵਾਉਣ ਲਈ ਉਤਾਵਲਾ ਹੈ, ਕੋਈ ਨਕਲੀ ਹਰਿਮੰਦਰ ਸਾਹਿਬ ਬਣਾ ਰਿਹਾ ਹੈ? ਇਸੇ ਤਰ੍ਹਾਂ ਕਿੰਨੇ ਹੌ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਤੁਸੀਂ ਵੀ ਘੱਟ ਨਹੀਂ ਕਰ ਰਹੇ। ਆਉ ਰਲ ਮਿਲ ਕੇ ਹੁਣ ਪੰਥ ਬਚਾਈਏ ਅਤੇ ਸਿੱਖੀ ਨੂੰ ਸਵਾਰੀਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>