ਹਾਸੇ ਤੇ ਹੰਝੂ – ਸ਼ਾਲਾ! ਮੇਰੇ ਦੇਸ਼ ਦਾ ਹਰ ਪਿੰਡ ਹਿਵਰੇ ਬਾਜ਼ਾਰ ਬਣ ਜਾਵੇ

ਆਪਣੇ ਬਜਟ ‘ਚ ਹੁਣੇ-ਹੁਣੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਦਾ ਐਲਾਨ ਕੀਤਾ ਹੈ, ਜਿਸ ‘ਚ ਇਕ ਹਜ਼ਾਰ ਪਿੰਡਾਂ ਦੇ ਸਮੁੱਚੇ ਵਿਕਾਸ ਦਾ ਟੀਚਾ ਮਿੱਥਿਆ ਗਿਆ ਹੈ। ਜੇ ਸ਼੍ਰੀ ਮੁਖਰਜੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਕ ਵਾਰ ਹਿਵਰੇ ਬਾਜ਼ਾਰ ਘੁੰਮ ਆਉਣ ਇਸ ਯੋਜਨਾ ਦਾ ਲਾਭ ਤਾਂ ਹੀ ਹੈ,। ਫਿਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਕੀਤਾ ਜਾ ਸਕੇਗਾ। ਮੱਧ ਮਹਾਰਾਸ਼ਟਰ ‘ਚ ਹਿਵਰੇ ਬਾਜ਼ਾਰ ਉਥੋਂ ਸਿਰਫ਼ 30 ਕਿਲੋਮੀਟਰ ਦੀ ਦੂਰੀ ‘ਤੇ ਹੀ ਹੈ -ਇਸ ਪਿੰਡ ਦੇ ਵਿਕਾਸ ਲਈ ਕਈ ਰਾਜ ਪੱਧਰ ਦੇ ਅਤੇ ਕੌਮੀ ਐਵਾਰਡ ਜਿੱਤੇ ਹਨ ਤੇ ਇਹ ਉਨ੍ਹਾਂ ਲੋਕਾਂ ਲਈ ਇਕ ਤੀਰਥ ਅਸਥਾਨ ਬਣ ਗਿਆ ਹੈ, ਜੋ ਦਿਹਾਤੀ ਖੇਤਰਾਂ ਦਾ ਬਹੁਪੱਖੀ ਵਿਕਾਸ ਕਰਨਾ ਚਾਹੁੰਦੇ ਹਨ।

ਹਿਵਰੇ ਬਾਜ਼ਾਰ ਦਿਹਾਤੀ ਵਿਕਾਸ ਦੇ ਮਾਮਲੇ ‘ਚ ਇਕ ਚਮਤਕਾਰ ਤੋਂ ਘੱਟ ਨਹੀਂ – ਇਸ ਪਿੰਡ ਦੀ 1400 ਲੋਕਾਂ ਦੀ ਆਬਾਦੀ ਦਾ ਅੱਧਾ ਹਿੱਸਾ ਗਰਮੀਆਂ ਦੇ ਮਹੀਨਿਆਂ ‘ਚ ਰੋਜ਼ੀ-ਰੋਟੀ ਲਈ ਮੁੰਬਈ ਤੇ ਪੁਣੇ ਚਲਾ ਜਾਂਦਾ ਸੀ। ਇਹ ਇਕ ਛੋਟਾ ਜਿਹਾ ਪਿੰਡ ਹੈ, ਜਿਥੇ 257 ਪਰਿਵਾਰ ਰਹਿੰਦੇ ਹਨ। ਪਿੰਡ ਦੇ ਇਕ ਆਦਰਸ਼ਵਾਦੀ ਪੋਪਟਰਾਓ ਪਵਾਰ, ਜਿਸ ਨੇ ਉਨ੍ਹੀਂ ਦਿਨੀਂ ਪੁਣੇ ‘ਚ ਆਪਣੀ ਪੋਸਟ ਗ੍ਰੈਜੂਏਸ਼ਨ ਮੁਕੰਮਲ ਕੀਤੀ ਸੀ, ਨੇ ਆਪਣੇ ਪਿੰਡ ਹਿਵਰੇ ਬਾਜ਼ਾਰ ਪਰਤਣ ਅਤੇ ਇਸ ਦੀ ਦਸ਼ਾ ਸੁਧਾਰਨ ਦਾ ਫ਼ੈਸਲਾ ਕੀਤਾ। ਇਹ ਉਸ ਦੀ ਦੋ ਦਹਾਕਿਆਂ ਦੀ ਮਿਹਨਤ ਹੀ ਹੈ ਕਿ ਪਿੰਡ ਅੱਜ ਹਰਿਆ-ਭਰਿਆ ਲੱਗਦਾ ਹੈ।

ਹਿਵਰੇ ਬਾਜ਼ਾਰ ਦੇ ਲੋਕਾਂ ਦੀ 1991 ‘ਚ ਪ੍ਰਤੀ ਵਿਅਕਤੀ ਆਮਦਨ 832 ਰੁਪਏ ਸੀ, ਹੁਣ ਵੱਧ ਕੇ 28000 ਰੁਪਏ ਹੋ ਗਈ ਹੈ। ਪਿੰਡ ਦੇ ਲੱਗਭਗ 50 ਪਰਿਵਾਰ ਲੱਖਪਤੀ ਬਣ ਗਏ ਹਨ। 1980 ‘ਚ ਇਸ ਪਿੰਡ ‘ਚ ਸਿਰਫ਼ ਇਕ ਮੋਟਰ ਸਾਈਕਲ ਹੁੰਦਾ ਸੀ, ਜਦਕਿ ਹੁਣ ਪਿੰਡ ‘ਚ 270 ਮੋਟਰ ਸਾਈਕਲ, 25 ਫੋਰਵ੍ਹੀਲਰ ਅਤੇ 17 ਟਰੈਕਟਰ ਹਨ। ਪਵਾਰ ਨੇ ਪਾਣੀ ਦੇ ਸੋਮਿਆਂ ਦੀ ਸੰਭਾਲ ਕਰਨ ਦਾ ਮਹੱਤਵਪੂਰਨ ਕੰਮ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਪਿੰਡ ‘ਚ ਅਤੇ ਪਿੰਡ ਦੇ ਨੇੜੇ ਪਹਾੜੀਆਂ ‘ਤੇ ਵੱਡੇ ਪੱਧਰ ‘ਤੇ ਰੁੱਖ ਲਗਾਏ ਅਤੇ ਪਾਣੀ ਦੀ ਸੰਭਾਲ ਲਈ ਪਹਾੜੀਆਂ ‘ਚ ਨਾਲੀਆਂ ਤੇ ਕੰਧਾਂ ਆਦਿ ਬਣਵਾਈਆਂ। ਇਸ ਨਾਲ ਪਹਾੜਾਂ ਤੋਂ ਖੁਰਨ ਵਾਲੀ ਮਿੱਟੀ ‘ਤੇ ਰੋਕ ਲੱਗ-ਇਲਾਕੇ ‘ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੱਧ ਗਿਆ ਹੈ। ਪਿੰਡ ਦੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਮਿਲਣ ਲੱਗਾ ਤੇ ਨਾਲ ਹੀ 12 ਮਹੀਨੇ ਹਰੇਕ ਘਰ ਨੂੰ ਪਾਈਪਾਂ ਰਾਹੀਂ ਭਰਪੂਰ ਸਾਫ-ਸੁਥਰਾ ਪੀਣ ਵਾਲਾ ਪਾਣੀ ਵੀ ਮਿਲਣ ਲੱਗਾ। ਪਿੰਡ ‘ਚ ਪਹਿਲਾਂ ਇਕ ਹੀ ਫਸਲ ਹੁੰਦੀ ਸੀ ਤੇ ਉਸ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ ਸੀ। ਹੁਣ ਇਥੇ ਕਿਸਾਨ ਸਾਲ ‘ਚ ਤਿੰਨ ਤੇ ਕਦੇ-ਕਦੇ ਚਾਰ ਫਸਲਾਂ ਵੀ ਪੈਦਾ ਕਰ ਲੈਂਦੇ ਹਨ। ਪਿੰਡ ‘ਚ ਸਿੱਖਿਆ, ਸਿਹਤ, ਚੌਗਿਰਦੇ ਦੀ ਸੰਭਾਲ ਅਤੇ ਸੱਭਿਆਚਾਰਕ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਮਹਾਰਾਸ਼ਟਰ ਦੇ ਹਜ਼ਾਰਾਂ ਪਿੰਡਾਂ ‘ਚ ਬੀਤੇ ਦਹਾਕਿਆਂ ‘ਚ ਆਰਥਿਕ ਖੁਸ਼ਹਾਲੀ ਆਈ ਹੈ ਪਰ ਤਿੰਨ ਗੱਲਾਂ ਕਾਰਨ ਹਿਵਰੇ ਬਾਜ਼ਾਰ ਦਾ ਪ੍ਰਯੋਗ ਕਾਫੀ ਮਹੱਤਵਪੂਰਨ ਰਿਹਾ ਹੈ। ਆਰਥਿਕ ਵਿਕਾਸ ਹੀ ਪਿੰਡ ਦਾ ਆਖਰੀ ਟੀਚਾ ਨਹੀਂ ਹੈ ਸਗੋਂ ਇਸ ਨੂੰ ਵੀ ਇਕ ਜ਼ਰੀਆ ਬਣਾ ਕੇ ਪਿੰਡ ਦੇ ਚਹੁੰ-ਮੁਖੀ ਵਿਕਾਸ ਦਾ ਆਧਾਰ ਬਣਾਇਆ ਜਾ ਰਿਹਾ ਹੈ।

ਹਿਵਰੇ ਬਾਜ਼ਾਰ ‘ਚ ਅੱਜ ਸਿਰਫ਼ ਇਕੋ-ਇਕ ਕੱਚਾ ਮਕਾਨ ਹੈ, ਜਿਸ ਨੂੰ ‘ਮਿਊਜ਼ੀਅਮ ਪੀਸ’ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਪਿੰਡ ‘ਚ ਕੋਈ ਵੀ ਪਰਿਵਾਰ ਕੱਚੇ ਮਕਾਨ ‘ਚ ਨਹੀਂ ਰਹਿੰਦਾ। ਪਿੰਡ ਦੇ ਲੱਗਭਗ 60 ਪਰਿਵਾਰ, ਜੋ ਰੋਜ਼ੀ-ਰੋਟੀ ਦੀ ਭਾਲ ਲਈ ਇਸ ਪਿੰਡ ‘ਚੋਂ ਕਿਤੇ ਹੋਰ ਚਲੇ ਗਏ ਸਨ, ਆਪਣੇ ਪਿੰਡ ਪਰਤ ਆਏ ਹਨ।  ਪਵਾਰ ਜੋ ਇਸ ਪਿੰਡ ਦਾ ਸਰਪੰਚ ਵੀ ਹੈ, ਦਾ ਕਹਿਣਾ ਹੈ ਕਿ ‘‘ਇਸ ਪਿੰਡ ‘ਚ ਸਮੁੱਚੀ ਆਬਾਦੀ ‘ਚੋਂ ਸਿਰਫ਼ 3 ਪਰਿਵਾਰ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਸਾਡੀ ਕੋਸਿ਼ਸ਼ ਹੈ ਕਿ ਉਨ੍ਹਾਂ ਨੂੰ ਵੀ ਛੇਤੀ ਜ਼ਮੀਨ ਮਿਲ ਜਾਵੇ ਤੇ ਉਨ੍ਹਾਂ ਦੀ ਆਮਦਨ ‘ਚ ਵਾਧਾ ਹੋਵੇ।’’

ਇਥੇ ਸਭ ਤੋਂ ਜਿ਼ਆਦਾ ਪ੍ਰਭਾਵਿਤ ਕਰਨ ਵਾਲੀ ਚੀਜ਼ ਪਿੰਡ ਦੀ ਸਫ਼ਾਈ ਦਾ ਪੱਧਰ ਹੈ। ਇਥੇ ਖੁੱਲ੍ਹੇ ਆਸਮਾਨ ਹੇਠ ਰਫ਼ਾ-ਹਾਜ਼ਤ ਲਈ ਜਾਣਾ ਬੀਤੇ ਦੀ ਗੱਲ ਬਣ ਕੇ ਰਹਿ ਗਿਆ ਹੈ ਤੇ ਹਿਵਰੇ ਬਾਜ਼ਾਰ ਪਿੰਡ ਦੇ ਹਰੇਕ ਘਰ ‘ਚ ਹੁਣ ਟਾਇਲਟ ਅਤੇ ਇਸ਼ਨਾਨ ਘਰ ਹੈ। ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਲਈ ਉਥੇ ਮਕਾਨਾਂ ਦੀ ਮਾਲਕੀ ਔਰਤਾਂ ਨੂੰ ਦਿੱਤੀ ਗਈ ਹੈ। ਸਕੂਲ, ਫੁੱਲਾਂ ਦੀ ਨਰਸਰੀ, ਜਿਮਨੇਜ਼ੀਅਮ, ਕਮਿਊਨਿਟੀ ਸੈਂਟਰ, ਲਾਇਬ੍ਰੇਰੀ, ਆਡੀਟੋਰੀਅਮ ਅਤੇ ਸੌਰ ਊਰਜਾ ਨਾਲ ਚੱਲਣ ਵਾਲੀਆਂ ਸਟ੍ਰੀਟ ਲਾਈਟਾਂ ਦੇਖ ਕੇ ਬੰਦਾ ਬਹੁਤ ਪ੍ਰਭਾਵਿਤ ਹੁੰਦਾ ਹੈ।

ਹਿਵਰੇ ਬਾਜ਼ਾਰ ਪਿੰਡ ‘ਚ ਤੁਹਾਨੂੰ ਕਿਤੇ ਵੀ ਖੁੱਲ੍ਹਾ ਨਾਲਾ ਨਜ਼ਰ ਨਹੀਂ ਆਵੇਗਾ ਜਿਵੇਂ ਕਿ ਭਾਰਤ ਦੇ ਹਰੇਕ ਪਿੰਡ ਜਾਂ ਸ਼ਹਿਰੀ ਬਸਤੀਆਂ ‘ਚ ਨਜ਼ਰ ਆਉਂਦੇ ਹਨ ਅਤੇ ਜਿਨ੍ਹਾਂ ਕਰਕੇ ਲੋਕਾਂ ਨੂੰ ਗੰਭੀਰ ਬੀਮਾਰੀਆਂ ਦਾ ਸਿ਼ਕਾਰ ਹੋਣਾ ਪੈਂਦਾ ਹੈ।ਪਸ਼ੂਆਂ ਦੇ ਗੋਹੇ ਨਾਲ ਪਿੰਡ ‘ਚ 112 ਗੋਬਰ ਗੈਸ ਪਲਾਂਟ ਚੱਲ ਰਹੇ ਹਨ ਜਿਨ੍ਹਾਂ ਨਾਲ ਬਿਜਲੀ ਪੈਦਾ ਕਰਨ ਤੋਂ ਇਲਾਵਾ ਖਾਦ ਵੀ ਬਣਾਈ ਜਾਂਦੀ ਹੈ। ਪਵਾਰ ਬੜੇ ਮਾਣ ਨਾਲ ਕਹਿੰਦੇ ਹਨ, ‘‘ਅਸੀਂ ਅੰਡਰਗਰਾਊਂਡ ਨਾਲੀਆਂ ਬਣਵਾ ਕੇ ਮੱਖੀਆਂ-ਮੱਛਰ ਪੈਦਾ ਹੋਣ ‘ਤੇ ਰੋਕ ਲਗਾਈ ਹੈ ਤਾਂ ਕਿ ਲੋਕਾਂ ਦੀ ਸਿਹਤ ਤੰਦਰੁਸਤ ਰਹੇ। ਅਸੀਂ ਇਥੇ ਆਉਣ ਵਾਲਿਆਂ ਨੂੰ ਚੈਲੰਜ ਕਰਦੇ ਹਾਂ ਕਿ ਸਾਨੂੰ ਪਿੰਡ ‘ਚ ਕੋਈ ਵੀ ਮੱਛਰ ਦਿਖਾ ਦਿਓ ਤੇ 100 ਰੁਪਏ ਨਕਦ ਇਨਾਮ ਜਿੱਤ ਲਓ।’’ ਪਿੰਡ ‘ਚ ਸਾਂਝਾ ਵਣ ਪ੍ਰਬੰਧ ਆਪਣੇ-ਆਪ ‘ਚ ਇਕ ਅਨੋਖੀ ਯੋਜਨਾ ਹੈ। ਇਸ ਪਿੰਡ ਦੇ ਲੋਕਾਂ ਨੇ ਪਿਛਲੇ 25 ਸਾਲਾਂ ‘ਚ ਲੱਗਭਗ 35 ਲੱਖ ਰੁੱਖ ਉਗਾਏ ਹਨ। ਉਥੇ ਆਲੇ-ਦੁਆਲੇ ਪਹਾੜੀਆਂ ‘ਤੇ ਹਿਰਨ ਬੇਖ਼ੌਫ਼ ਘੁੰਮਦੇ ਹਨ। ਪਵਾਰ ਨੇ ਦੱਸਿਆ ਕਿ ‘‘ਅਸੀਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਕੁਝ ਪੰਛੀ ਵੀ ਇਥੇ ਲਿਆ ਕੇ ਰੱਖੇ ਹੋਏ ਹਨ ਅਤੇ ਪਹਾੜੀਆਂ ‘ਤੇ ਘਾਹ ਉਗਾਇਆ ਹੋਇਆ ਹੈ, ਜਿਥੇ ਪਿੰਡ ਦੀਆਂ ਗਊਆਂ-ਮੱਝਾਂ ਹਰਾ ਚਾਰਾ ਚਰਦੀਆਂ ਹਨ ਅਤੇ ਪਿੰਡ ‘ਚ ਰੋਜ਼ਾਨਾ 5 ਹਜ਼ਾਰ ਲੀਟਰ ਦੁੱਧ ਦੀ ਪੈਦਾਵਾਰ ਹੁੰਦੀ ਹੈ।’’

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>