ਜਥੇ: ਅਵਤਾਰ ਸਿੰਘ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਦੌਰਾਨ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 174 ਮੈਂਬਰਾਂ ਦੇ ਹਾਊਸ ’ਚੋਂ ਪ੍ਰਧਾਨਗੀ ਪਦ ਲਈ ਜਥੇਦਾਰ ਅਵਤਾਰ ਸਿੰਘ ਆਪਣੇ ਵਿਰੋਧੀ ਸ. ਭਜਨ ਸਿੰਘ ਤੋਂ 23 ਵੋਟਾਂ ਦੇ ਮੁਕਾਬਲੇ 133 ਵੋਟਾਂ ਲੈ ਕੇ ਜੇਤੂ ਰਹੇ ਅਤੇ ਉਹ ਲਗਾਤਾਰ ਛੇਵੀਂ ਵਾਰ ਪ੍ਰਧਾਨਗੀ ਪਦ ਲਈ ਚੁਣੇ ਗਏ ਹਨ।
ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਨੇ ਜਥੇਦਾਰ ਅਵਤਾਰ ਸਿੰਘ ਦਾ ਨਾਮ ਪ੍ਰਧਾਨਗੀ ਪਦ ਵਜੋਂ ਪੇਸ਼ ਕੀਤਾ, ਜਿਸ ਦੀ ਤਾਈਦ ਸ. ਮੱਖਣ ਸਿੰਘ ਨੰਗਲ ਨੇ ਅਤੇ ਤਾਈਦ ਮਜ਼ੀਦ ਸ. ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ। ਦੂਜੀ ਧਿਰ ਵਲੋਂ ਸ. ਦੀਦਾਰ ਸਿੰਘ ਨਲਵੀ ਨੇ ਮੁਕਾਬਲੇ ਲਈ ਸ. ਭਜਨ ਸਿੰਘ ਦਾ ਨਾਮ ਪ੍ਰਧਾਨਗੀ ਪਦ ਵਜੋਂ ਪੇਸ਼ ਕੀਤਾ, ਜਿਸ ਦੀ ਤਾਈਦ ਸ. ਹਰਬੰਸ ਸਿੰਘ ਕੰਧੋਲਾ ਅਤੇ ਤਾਈਦ ਮਜ਼ੀਦ ਸ. ਸਨਮੁਖ ਸਿੰਘ ਮੋਖਾ ਨੇ ਕੀਤੀ। ਪੋਲਿੰਗ ਦੋਰਾਨ ਜਥੇਦਾਰ ਅਵਤਾਰ ਸਿੰਘ ਨੂੰ 133 ਅਤੇ ਸ. ਭਜਨ ਸਿੰਘ ਨੂੰ 23 ਵੋਟਾਂ ਪਈਆਂ। ਇਸ ਤਰ੍ਹਾਂ ਜਥੇਦਾਰ ਅਵਤਾਰ ਸਿੰਘ 110 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਹਾਊਸ ਦੇ ਕੁੱਲ 185 ਮੈਂਬਰਾਂ ਵਿਚੋਂ 11 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ, 156 ਮੈਂਬਰ ਹਾਊਸ ਵਿਚ ਹਾਜ਼ਰ ਸਨ।
ਹਾਊਸ ਵਿਚ ਮੌਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈ¤ਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਹਾਊਸ ਦੀ ਧਾਰਮਿਕ ਪ੍ਰੰਪਰਾ ਨੂੰ ਨਿਭਾਇਆ।
ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਮੁਕਾਬਲੇ ਵਜੋਂ ਵਿਰੋਧੀ ਧਿਰ ਵਲੋਂ ਕੋਈ ਨਾਮ ਪੇਸ਼ ਨਾ ਹੋਣ ’ਤੇ ਸ. ਰਘੂਜੀਤ ਸਿੰਘ ਕਰਨਾਲ, ਸ. ਕੇਵਲ ਸਿੰਘ ਬਾਦਲ ਤੇ ਸ. ਸੁਖਦੇਵ ਸਿੰਘ ਭੌਰ ਸਰਬ ਸੰਮਤੀ ਨਾਲ ਕਰਮਵਾਰ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣੇ ਗਏ। 11 ਮੈਂਬਰੀ ਅੰਤ੍ਰਿੰਗ ਕਮੇਟੀ ਲਈ ਸਰਬ ਸੰਮਤੀ ਨਾਲ ਸ. ਰਜਿੰਦਰ ਸਿੰਘ ਮਹਿਤਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਸੁਰਜੀਤ ਸਿੰਘ ਗੜ੍ਹੀ, ਸ. ਨਿਰਮੈਲ ਸਿੰਘ ਜੌਲਾਂਕਲਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਸੂਬਾ ਸਿੰਘ ਡੱਬਵਾਲਾ, ਸ. ਮੋਹਨ ਸਿੰਘ ਬੰਗੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਮੰਗਲ ਸਿੰਘ ਤੇ ਸ. ਭਜਨ ਸਿੰਘ ਮੈਂਬਰ ਚੁਣੇ ਗਏ।
ਜਨਰਲ ਅਜਲਾਸ ਦੀ ਅਰੰਭਤਾ ਤੋਂ ਪਹਿਲਾਂ ਪੰਥ ਤੋਂ ਵਿਛੜ ਚੁਕੀਆਂ ਸਖ਼ਸ਼ੀਅਤਾਂ ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਬਲਵੰਤ ਸਿੰਘ ਬੀੜ ਬਹਿਮਣ, ਸ. ਉਂਕਾਰ ਸਿੰਘ ਸ਼ਰੀਫਪੁਰਾ, ਸ. ਸੁਖਬੀਰ ਸਿੰਘ ਅਵਾਦਾਨ, ਸ. ਟੇਕ ਸਿੰਘ ਮਾਣੂੰਕੇ ਤੇ ਸ. ਕਾਬਲ ਸਿੰਘ ਠੀਂਡਾ, ਸਾਬਕਾ ਮੈਂਬਰਾਨ ਸ. ਹਰਭਿੰਦਰਦੀਪ ਸਿੰਘ ਲਾਇਲਪੁਰੀ, ਜਥੇਦਾਰ ਮੁਖਤਿਆਰ ਸਿੰਘ ਟਾਂਡੀਆਂ ਤੇ ਸ. ਜ਼ੋਰਾ ਸਿੰਘ ਨੂੰ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰਧਾਨਗੀ ਪਦ ਸੰਭਾਲਣ ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਹਾਊਸ ਵਿਚ ਇਹ ਮਤੇ ਪੇਸ਼ ਕੀਤੇ:-
ਮਤਾ -ਦੇਸ਼ ਦੀ ਅਜ਼ਾਦੀ ਅਤੇ ਤਰੱਕੀ ’ਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਸਿੱਖ ਦੇਸ਼ ਦੇ ਜਿਸ ਵੀ ਸੂਬੇ ’ਚ ਵੱਸੇ ਘੱਟ-ਗਿਣਤੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਉਥੋਂ ਦੇ ਵਿਕਾਸ ’ਚ ਵੱਡਾ ਯੋਗਦਾਨ ਪਾਇਆ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਭਾਰਤ ਦੇ ਹੀ ਸੂਬੇ ਕਸ਼ਮੀਰ ’ਚ ਸਦੀਆਂ ਤੋਂ ਵੱਸਦੇ ਘੱਟ-ਗਿਣਤੀ ਵੱਸਦੇ ਸਿੱਖ ਭਾਈਚਾਰੇ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਆਏ ਦਿਨ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ, ਜਿਸ ਨਾਲ ਸਮੁੱਚਾ ਸਿੱਖ ਭਾਈਚਾਰਾ ਚਿੰਤਾਗ੍ਰਸਤ ਹੈ। ਇਸ ਸਬੰਧੀ ਰਾਜ ਦੇ ਮੁੱਖ ਮੰਤਰੀ ਨੂੰ ਮਿਲ ਕੇ ਗੱਲਬਾਤ ਕਰਨ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਜਾਣ ਦੇ ਬਾਵਜੂਦ ਵੀ ਸਿੱਖਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਅੱਜ ਦਾ ਇਹ ਇਜਲਾਸ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਕਸ਼ਮੀਰ ’ਚ ਵਸਦੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਵਿਚ ਬੇਗਾਨਗੀ ਨਾਂ ਪਨਪੇ।

ਮਤਾ- ਅੰਤਰ-ਰਾਸ਼ਟਰੀ ਏਅਰਪੋਰਟ ਰਾਜਾਸਾਂਸੀ ਅੰਮ੍ਰਿਤਸਰ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮਪੁਰ ਰੱਖੇ ਜਾਣ ਦੀ ਸ਼ਲਾਘਾ ਕਰਦਾ ਹੈ।ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਰਾਜਾਸਾਂਸੀ ਏਅਰਪੋਰਟ ਦਾ ਨਾਮ ਚੌਥੇ  ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਵਲੋਂ ਅੰਮ੍ਰਿਤਸਰ ਸ਼ਹਿਰ ਵਰੋਸਾਇਆ ਗਿਆ ਸੀ, ਦੇ ਨਾਮ ਪੁਰ ਰੱਖਿਆ ਜਾਵੇ। ਇਸ ਸਬੰਧ ’ਚ ਕਈ ਵਾਰ ਜਨਰਲ ਹਾਊਸ ’ਚ ਮਤੇ ਪਾਸ ਕਰਕੇ ਵੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਰਹੀ। ਪਰ ਕੇਂਦਰ ਸਰਕਾਰ ਵਲੋਂ ਇਸ ਨੂੰ ਅਣਗੌਲਿਆਂ ਰੱਖਿਆ ਜਾਂਦਾ ਰਿਹਾ। ‘ਦੇਰ ਆਏ ਦਰੁਸਤ ਆਏ’ ਅਨੁਸਾਰ ਕੇਂਦਰ ਸਰਕਾਰ ਵਲੋਂ ਭਾਵੇਂ ਦੇਰ ਨਾਲ ਹੀ ਇਹ ਫੈਸਲਾ ਕੀਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਅੱਜ ਦਾ ਇਹ ਜਨਰਲ ਇਜਲਾਸ ਰਾਜਾਸਾਂਸੀ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ਰੱਖੇ ਜਾਣ ਦਾ ਸਵਾਗਤ ਕਰਦਾ ਹੈ।

ਮਤਾ- ਮਹਾਨ ਕੁਰਬਾਨੀਆਂ ਉਪਰੰਤ ਹੋਂਦ ’ਚ ਆਈ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਮਾਚਲ, ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਇਸ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਵੱਡੇ ਉਪਰਾਲੇ ਕੀਤੇ ਹਨ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਖ-ਵੱਖ ਸੂਬਿਆਂ ’ਚ ਸਿੱਖ ਮਿਸ਼ਨ ਸਥਾਪਤ ਕੀਤੇ ਹਨ। ਹਰਿਆਣਾ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਨੂੰ ਹੋਰ ਸਰਲ ਅਤੇ ਪਾਰਦਰਸ਼ੀ ਬਨਾਉਣ ਲਈ ਜਥੇਦਾਰ ਅਵਤਾਰ ਸਿੰਘ ਦੀ ਸੁਯੋਗ ਅਗਵਾਈ ’ਚ ਕੁਰੂਕਸ਼ੇਤਰ ਵਿਖੇ ਸ਼੍ਰੋਮਣੀ ਕਮੇਟੀ ਦਾ ਸਬ-ਆਫਿਸ ਸਥਾਪਤ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਅੱਜ ਦਾ ਇਹ ਇਜਲਾਸ ਪੰਥ ਦੋਖੀਆਂ ਦੇ ਇਸ਼ਾਰੇ ’ਤੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਨ ਵਾਲਿਆਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਵਲੋਂ ਕੀਤੇ ਕਾਰਜ ਦੀ ਸ਼ਲਾਘਾ ਕਰਦਾ ਹੈ।

ਮਤਾ- ਦਸਤਾਰ ਅਣਖ, ਗ਼ੈਰਤ ਤੇ ਸਵੇਮਾਨ ਦਾ ਪ੍ਰਤੀਕ ਅਤੇ ਸਿੱਖ ਦੀ ਸਖਸ਼ੀਅਤ ਦਾ ਅਨਿੱਖੜਵਾਂ ਅੰਗ ਹੈ। ਇਸ ਨੂੰ ਕਿਸੇ ਵਿਅਕਤੀ ਵਲੋਂ ਸ਼ੱਕ ਦੀ ਨਿਗਾਹ ਨਾਲ ਤਲਾਸ਼ੀ ਵਲੋਂ ਦਸਤਾਰ ਨੂੰ ਹੱਥ ਲਾਉਣ, ਭਾਰਤੀ ਸਭਿਆਚਾਰ ਤੇ ਸਿੱਖੀ ਰਵਾਇਤਾਂ ਅਨੁਸਾਰ ਅਪਮਾਨ ਦੇ ਤੁਲ ਹੈ। ਅਮਰੀਕੀ ਟਰਾਂਸਪੋਰਟ ਸੁਰੱਖਿਆ ਅਥਾਰਟੀ ਵਲੋਂ ਸੁਰੱਖਿਆ ਦੀ ਆੜ ’ਚ ਅਮਰੀਕੀ ਹਵਾਈ ਅੱਡੇ ’ਤੇ ਦਸਤਾਰ ਦੀ ਵਿਸ਼ੇਸ਼ ਜਾਂਚ ਲਈ ਜਾਰੀ ਕੀਤੀਆਂ ਹਦਾਇਤਾਂ ਸਿੱਖ ਭਾਈਚਾਰੇ ਨਾਲ ਵਿਤਕਰਾ, ਨੀਵਾਂ ਵਿਖਾਉਣ ਦੇ ਸਮਾਨ ਹੈ। ਜਦ ਕਿ ਸਿਖ ਸੰਸਾਰ ਦੇ ਜਿਸ ਵੀ ਮੁਲਕ ’ਚ ਵਸੇ ਉਥੇ ਆਪਣੇ ਉਦਮੀ ਤੇ ਮੇਹਨਤੀ ਸੁਭਾਅ ਸਦਕਾ ਉਸ ਦੇਸ਼ ਦੀ ਉਨਤੀ ’ਚ ਵੱਡਾ ਯੋਗਦਾਨ ਪਾਇਆ ਤੇ ਆਪਣੀ ਵਿਲੱਖਣ ਪਹਿਚਾਣ ਵੀ ਸਥਾਪਤ ਕੀਤੀ। ਸਿੱਖਾਂ ਨੇ ਅਮਰੀਕਾ ਦੇ ਅਰਥਚਾਰੇ ਤੇ ਵਿਕਾਸ ’ਚ ਵੀ ਵੱਡਾ ਯੋਗਦਾਨ ਪਾਇਆ ਹੈ। ਪਰ ਆਪਣੇ-ਆਪਣੇ ਨੂੰ ਸੰਸਾਰ ਦਾ ਸਭ ਤੋਂ ਵਧ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਅਖਵਾਉਣ ਵਾਲਾ ਅਤੇ ਧਰਮ ਦੀ ਅਜ਼ਾਦੀ ਦਾ ਮੁਦੱਈ ਅਖਵਾਉਣ ਵਾਲਾ ਅਮਰੀਕੀ ਰਾਜਤੰਤਰ ਜੋ ਯੂ.ਐ¤ਸ.ਏ. ’ਚ ਵੱਡੀ ਗਿਣਤੀ ’ਚ ਵੱਸਦੇ ਸਿੱਖਾਂ ਦੇ ਸਭਿਆਚਾਰ ਤੇ ਰਵਾਇਤਾਂ ਤੋਂ ਭਲੀ ਭਾਂਤ ਜਾਣੂੰ ਹੈ, ਵਲੋਂ ਅਜਿਹੀਆਂ ਹਦਾਇਤਾਂ ਜਾਰੀ ਕਰਨੀਆਂ ਹੋਰ ਵੀ ਦੁਖਦਾਈ ਹਨ। ਉਚੇਚੇ ਤੌਰ ’ਤੇ ਦਸਤਾਰ ਦੀ ਤਲਾਸ਼ੀ ਲਏ ਜਾਣ ਨਾਲ ਸਿੱਖਾਂ ਦੀ ਸਖਸ਼ੀਅਤ ਦਾ ਪ੍ਰਭਾਵ ਸਮੁੱਚੇ ਸੰਸਾਰ ’ਚ ਵਿਗੜੇਗਾ ਜੋ ਸ਼ਾਂਤੀ ਪਸੰਦ ਤੇ ਕਾਨੂੰਨ ਦੇ ਪਾਬੰਦ ਸਿੱਖਾਂ ਲਈ ਬਹੁਤ ਹੀ ਦੁਖਦਾਈ ਹੈ। ਅੱਜ ਦਾ ਇਹ ਅਜਲਾਸ  ਇਸ ਫੈਸਲੇ ਦੀ ਜ਼ੋਰਦਾਰ ਨਿੰਦਾ ਕਰਦਾ ਹੋਇਆ ਭਾਰਤ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਉਹ ਯੂ.ਐ¤ਸ.ਏ. ਪਾਸ ਸਿੱਖਾਂ ਦੇ ਸੱਭਿਆਚਾਰ ਤੇ ਰਵਾਇਤਾਂ ਦੀ ਤਰਜਮਾਨੀ ਕਰੇ ਅਤੇ ਦਸਤਾਰ ਦੀ ਜਾਂਚ ਸਬੰਧੀ ਜਾਰੀ ਹਦਾਇਤਾਂ ਨੂੰ ਵਾਪਸ ਲੈਣ ਲਈ ਯਕੀਨੀ ਬਣੇ।

ਮਤਾ- ਪੰਜਾਬ ਵਿਚ ਵੱਡੀ ਗਿਣਤੀ ’ਚ ਖਾਸ ਕਰਕੇ ਦੋਆਬਾ ਖੇਤਰ ’ਚੋਂ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਪੰਜਾਬ ਪੁੱਜਣ ’ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ। ਇਹੀ ਕਾਰਨ ਹੈ ਕਿ ਯੂ.ਐ¤ਸ.ਏ. ਕਨੇਡਾ, ਯੂ.ਕੇ. ਤੇ ਸੰਸਾਰ ਦੇ ਹੋਰ ਪ੍ਰਮੁੱਖ ਦੇਸ਼ਾਂ ’ਚ ਵਸਦੇ ਪੰਜਾਬੀ ‘ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ’ ’ਤੇ ਉਤਰਨ ਨੂੰ ਤਰਜੀਹ ਦਿੰਦੇ ਹਨ। ਅੰੋਿਮ੍ਰਤਸਰ ਵਿਖੇ ਉਤਰਨ ਤੇ ਸ਼ਰਧਾਲੂ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਤਮਿਕ ਅਨੰਦ ਮਹਿਸੂਸ ਕਰਦੇ ਹਨ ਉਥੇ ਉਨ੍ਹਾਂ ਨੂੰ ਆਪਣੇ ਘਰ ਪੰਜਾਬ ਦੇ ਉਹ ਚਾਹੇ ਕਿਸੇ ਵੀ ਕੋਨੇ ’ਚ ਕਿਉਂ ਨਾਂ ਹੋਵੇ ਪੁੱਜਣਾ ਬਹੁਤ ਆਸਾਨ ਹੈ, ਇਹੀ ਕਾਰਨ ਹੈ ਕਿ ਟੋਰਾਂਟੋ ਤੋਂ ਲੰਡਨ ਤੇ ਹੋਰਨਾਂ ਦੇਸ਼ਾਂ ਤੋਂ ਸਿੱਧੀਆਂ ਅੰਮ੍ਰਿਤਸਰ ਅੰਤਰ-ਰਾਸ਼ਟਰੀ ਏਅਰਪੋਰਟ ’ਤੇ ਪੁੱਜਣ ਵਾਲੀਆਂ ਫਲਾਈਟਾਂ ’ਚ ਭਾਰੀ ਰੱਸ਼ ਰਹਿੰਦਾ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਏਅਰ ਪੋਰਟ ਦਾ ਵਿਸਥਾਰ ਕਰਨ ਉਪਰੰਤ ਬਜਾਏ ਇਸ ਦੇ ਕੇ ਫਲਾਈਟਾਂ ਹੋਰ ਵਧਾਈਆਂ ਜਾਣ ਸਗੋਂ ਕਿਸੇ ਸਾਜਿਸ਼ ਵੱਸ ਟੋਰਾਂਟੋ ਤੋਂ ਵਾਇਆ ਲੰਡਨ ਅੰਮ੍ਰਿਤਸਰ ਆਉਣ ਵਾਲੀ ਏਅਰ ਇੰਡੀਆ ਦੀ ਸਿੱਧੀ ਉਡਾਣ ਨੂੰ ਰੱਦ ਕਰਕੇ ਵਾਇਆ ਦਿੱਲੀ ਕਰ ਦਿਤਾ ਗਿਆ ਹੈ, ਜਿਸ ਨਾਲ ਪੰਜਾਬ ਆਉਣ ਵਾਲੇ ਯਾਤਰੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਸਬੰਧੀ ਬੀਤੇ ਕਈ ਦਿਨਾਂ ਤੋਂ ਟੋਰਾਂਟੋ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੂਆਂ ਦਾ ਦਿੱਲੀ ਤੋਂ ਅੰਮ੍ਰਿਸਰ ਵਿਖੇ ਪੁੱਜਣ ਲਈ ਦਿੱਲੀ ਏਅਰ ਪੋਰਟ ’ਤੇ ਖੱਜਲ-ਖੁਆਰ ਹੋਣ ਦੀਆਂ ਖਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਅੱਜ ਦਾ ਇਹ ਇਜਲਾਸ ਭਾਰਤ ਸਰਕਾਰ ਤੋਂ ਮੰਗ ਕਰਦਾ ਹੈ ਕਿ ਟੋਰਾਂਟੋ (ਕਨੇਡਾ) ਤੋਂ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ, ਚੱਲਦੀ ਏਅਰ ਇੰਡੀਆ ਫਲਾਈਟ ਮੁੜ ਬਹਾਲ ਕੀਤੀ ਜਾਵੇ ਬਲਕਿ ਹੋਰ ਉਡਾਣਾਂ ਵੀ ਚਾਲੂ ਕੀਤੀਆਂ ਜਾਣ।

ਮਤਾ- ਠਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਸਥਿਤ ਲੰਮਾਂ ਸਮਾਂ ਹੱਥੀਂ ਖੇਤੀ ਕਰਦਿਆਂ ਲੋਕਾਈ ਨੂੰ ਸੱਚੀ ਕਿਰਤ ਕਰਨ ਦਾ ਰਾਹ ਦਰਸਾਇਆ ਅਤੇ ਇਸ ਹੀ ਪਾਵਨ ਅਸਥਾਨ ’ਤੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ (ਭਾਈ ਲਹਿਣਾ ਜੀ) ਦਾ ਗੁਰੂ ਜੀ ਨਾਲ ਮਿਲਾਪ ਹੋਇਆ। ਇਸ ਲਈ ਸਿੱਖ ਜਗਤ ’ਚ ਇਸ ਪਾਵਨ ਅਸਥਾਨ ਦੀ ਵਿਸ਼ੇਸ਼ ਮਹੱਤਤਾ ਹੈ। ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸਰਹੱਦ ਦੇ ਨਜ਼ਦੀਕ ਹੋਣ ਕਾਰਨ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਦੀ ਤਾਂਘ ਹੈ ਕਿ ਭਾਰਤੀ ਸਰਹੱਦ ਦੇ ਨਜ਼ਦੀਕ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਤੋਂ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਪੈਦਲ ਲਾਂਘਾ ਖੋਲਿਆ ਜਾਵੇ। ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸਰਹੱਦ ਦੇ ਨਜ਼ਦੀਕ ਹੋਣ ਕਾਰਨ ਭਾਰਤ ਤੋਂ ਅਸਾਨੀ ਨਾਲ ਸੰਗਤਾਂ ਪੈਦਲ ਰਸਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ-ਆ ਸਕਦੀਆਂ ਹਨ, ਇਸ ਸਬੰਧੀ ਪੰਜਾਬ ਸਰਕਾਰ ਵੀ ਇਸ ਲਾਂਘੇ ਲਈ ਪੰਜਾਬ ਵਿਧਾਨ ਸਭਾ ’ਚ ਮਤਾ ਪਾਸ ਕਰ ਚੁੱਕੀ ਹੈ। ਅੱਜ ਦਾ ਇਹ ਜਨਰਲ ਇਜਲਾਸ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਕੇਂਦਰ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਪੈਦਲ ਲਾਂਘਾ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਦੋਹਾਂ ਦੇਸ਼ਾਂ ’ਚ ਆਪਸੀ ਪ੍ਰੇਮ ਪਿਆਰ ਤੇ ਸੱਭਿਆਚਾਰਕ ਸਾਂਝ ਹੋਰ ਪਕੇਰੀ ਹੋਵੇ।

ਮਤਾ- ਮੈਨੇਜਰ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪੱਤਰਕਾ ਨੰ: 2321, ਮਿਤੀ 1-6-2010 ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਜ਼ਟ ਵਿਚ 10000000/- ਅੱਖਰੀਂ ਇਕ ਕਰੋੜ ਰੁਪਏ ਦੇ ਖਰਚਾਂ ਦੀ ਪ੍ਰਵਾਨਗੀ ਹੋਈ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੇ ਪ੍ਰੋਜੈਕਟ ਸਬੰਧੀ ਸਬ-ਕਮੇਟੀ ਵਲੋਂ ਪ੍ਰਵਾਨ ਗਿਣਤੀ-ਮਿਣਤੀ ਅਨੁਸਾਰ 15000000/-ਅੱਖਰੀਂ ਇਕ ਕਰੋੜ ਪੰਜਾਹ ਲੱਖ ਰੁਪਏ ਕੇਵਲ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਪੁਰ ਖਰਚ ਹੋਣਗੇ। ਪ੍ਰਬੰਧਕ ਕਮੇਟੀ ਦੇ ਮਤਾ ਨੰ: 903, ਮਿਤੀ 29-8-2010, ਰਾਹੀਂ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸਪੁਰ 5000000/- ਅੱਖਰੀਂ ਪੰਜਾਹ ਲੱਖ ਰੁਪਏ ਦੇ ਖਰਚਾਂ ਦੀ ਹੋਈ ਪ੍ਰਵਾਨਗੀ ਦੀ ਆਗਿਆ ਦਿੱਤੀ ਜਾਂਦੀ ਹੈ ।ੂ

ਮਤਾ-ਕਈ ਦਹਾਕਿਆਂ ਤੋਂ ਖਾਸ ਕਰਕੇ ਅਜਾਦੀ ਉਪਰੰਤ ਵੱਡੀ ਗਿਣਤੀ ਵਿਚ ਸਿੱਖ ਬਾਹਰਲੇ ਮੁਲਕਾਂ ਵਿਚ ਗਏ ਹਨ ਅਤੇ ਬਹੁਤ ਸਾਰਿਆਂ ਨੇ ਵਿਦੇਸ਼ਾਂ ਵਿਚ ਹੀ ਵਸੇਬਾ ਕਰ ਲਿਆ ਹੈ, ਅਜਿਹੇ ਸਿੱਖਾਂ ਦੀ ਤੀਬਰ ਤਾਂਘ ਹੈ ਕਿ ਸਿੱਖਾਂ ਦੀ ਇਸ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਉਨ੍ਹਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਅਜਲਾਸ ਵਲੋਂ ਪਹਿਲਾਂ ਵੀ ਮਤੇ ਪਾਸ ਕਰਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਿੱਖ ਗੁਰਦੁਆਰਾ ਐਕਟ ਵਿਚ ਲੋੜੀਂਦੀ ਸੋਧ ਕਰਦਿਆਂ ਭਾਰਤ ਤੋਂ ਬਾਹਰ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚੋਂ 10 ਸਿੱਖ ਨੁਮਾਇੰਦੇ ਕੋਆਪਟ ਕਰਨ ਦੀ ਵਿਵਸਥਾ ਕੀਤੀ ਜਾਵੇ, ਜਿਸ ਤਹਿਤ ਭਾਰਤ ਸਰਕਾਰ ਵਲੋਂ ਗੁਰਦੁਆਰਾ ਚੋਣ ਕਮਿਸ਼ਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਲੈ ਕੇ ਲੋੜੀਂਦੀ ਪ੍ਰਕਿਰਿਆ ਅਰੰਭ ਕੀਤੀ ਗਈ ਸੀ ਪਰ ਅੱਜ ਤੀਕ ਕੋਈ ਹਾਂ ਪੱਖੀ ਕਾਰਵਾਈ ਸਾਹਮਣੇ ਨਹੀਂ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਅਜਲਾਸ ਸਰਬ ਸੰਮਤੀ ਨਾਲ ਸ਼੍ਰੋਮਣੀ ਕਮੇਟੀ ਤੇ ਵੱਖ-ਵੱਖ ਦੇਸ਼ਾਂ ਦੀਆਂ ਸੰਗਤਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਸਬ-ਕਮੇਟੀ ਗਠਤ ਕੀਤੇ ਜਾਣ ਦੀ ਪ੍ਰਵਾਨਗੀ ਦੇਂਦਿਆਂ ਇਸ ਕਾਰਜ ਲਈ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਦੇਂਦਾ ਹੈ।ੂ

ਮਤਾ- ਠਭਾਰਤ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ‘ਟਾਡਾ’ ਦੀ ਸੰਸਾਰ ਭਰ ਦੀਆਂ ਮਾਨਵੀ ਅਧਿਕਾਰਾਂ ਅਤੇ ਮਾਨਵੀ ਆਜ਼ਾਦੀ ਦੀਆਂ ਮੁੱਦਈ ਜਥੇਬੰਦੀਆਂ ਨਿੰਦਾ ਕਰਦਿਆਂ ਇਸ ਕਾਲੇ ਕਾਨੂੰਨ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੂੰ ਅਪੀਲਾਂ ਕਰ ਚੁੱਕੀਆਂ ਹਨ। ਇਸ ਕਾਲੇ ਕਾਨੂੰਨ ਤਹਿਤ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਇੱਕ ਬਹੁ-ਸੰਮਤੀ ਫੈਸਲੇ ਰਾਹੀਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ, ਉਹਨਾਂ ਦੇ ਇਕਬਾਲੀਆ ਬਿਆਨ ਜੋ ਪੁਲੀਸ ਅਤੇ ਏਜੰਸੀਆਂ ਵੱਲੋਂ ਉਹਨਾਂ ’ਤੇ ਤੀਜੇ ਦਰਜੇ ਦਾ ਜਿਸਮਾਨੀ ਅੱਤਿਆਚਾਰ ਕਰਕੇ ਲਿਆ ਗਿਆ ਸੀ, ਦੇ ਆਧਾਰ ’ਤੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਮਾਨਯੋਗ ਰਾਸ਼ਟਰਪਤੀ ਨੂੰ ਵਾਰ-ਵਾਰ ਪੱਤਰ ਲਿਖ ਕੇ ਅਤੇ ਮਿਲ ਕੇ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ ਪ੍ਰੰਤੂ ਪ੍ਰੋ: ਭੁੱਲਰ ਦੀ ਸਜ਼ਾ ਮੁਆਫ ਨਹੀਂ ਕੀਤੀ ਗਈ। ਪ੍ਰੋ: ਭੁੱਲਰ ਦੇ ਜਿਸ ਇਕਬਾਲੀਆ ਬਿਆਨ ਨੂੰ ਆਧਾਰ ਮੰਨ ਕੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਉਸ ਬਿਆਨ ਦੀ ਪ੍ਰਮਾਣਿਕਤਾ ’ਤੇ ਇੱਕ ਜੱਜ ਵੱਲੋਂ ਵੀ ਕਿੰਤੂ-ਪ੍ਰੰਤੂ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਅਜਲਾਸ ਮਹਿਸੂਸ ਕਰਦਾ ਹੈ ਕਿ 1984 ਵਿੱਚ ਸਿੱਖਾਂ ਦੇ ਹੋਏ ਸਮੂਹਿਕ ਕਤਲੇਆਮ ਦੇ ਦੋਸ਼ੀਆਂ ਨੂੰ 25 ਸਾਲ ਲੰਮਾ ਅਰਸਾ ਬੀਤ ਜਾਣ ’ਤੇ ਵੀ ਅੱਜ ਤੀਕ ਕੋਈ ਸਜ਼ਾ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਇਕ ਈਸਾਈ ਮਿਸ਼ਨਰੀ (ਪਾਦਰੀ) ਨੂੰ ਬੱਚਿਆਂ ਸਮੇਤ ਜਿਉਂਦੇ ਸਾੜ ਦੇਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ। ਗੁਜਰਾਤ ਵਿਚ ਘੱਟ-ਗਿਣਤੀ ਲੋਕਾਂ ਦਾ ਸਮੂਹਕ ਕਤਲੇਆਮ ਹੋਇਆ, ਦੋਸ਼ੀ ਨਾਮਜ਼ਦ ਹੋਏ, ਪ੍ਰੰਤੂ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ, ਫਿਰ ਇਹ ਫਾਂਸੀ ਕੇਵਲ ਇਕ ਸਿੱਖ ਲਈ ਹੀ ਕਿਉਂ? ਜਿਸ ਵਿਅਕਤੀ ਦੇ ਕਤਲ ਦੇ ਸਬੰਧ ਵਿਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ, ਉਹ ਵਿਅਕਤੀ ਜਿਉਂਦਾ ਹੈ ਫਿਰ ਸਜ਼ਾ ਕਿਸ ਗੱਲ ਦੀ ? ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਮੁਲਾਜ਼ਮਾਂ ਨੇ ਚੁੱਕ ਕੇ ਸ਼ਹੀਦ ਕਰ ਦਿੱਤਾ ਪ੍ਰੰਤੂ ਉਹਨਾਂ ਪੁਲੀਸ ਮੁਲਾਜ਼ਮਾਂ ਨੂੰ ਕੋਈ ਸਜ਼ਾ ਨਹੀਂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਇਜਾਲਸ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਵੀ ਮੁਆਫ ਕੀਤੀ ਜਾਵੇ।ੂ

ਮਤਾ- ਠਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਇਜਲਾਸ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਅੰਤ੍ਰਿੰਗ ਕਮੇਟੀ ਤੇ ਮਾਨਯੋਗ ਪ੍ਰਧਾਨ ਸਾਹਿਬ ਵਲੋਂ ਕੀਤੇ ਸਮੁੱਚੇ ਫੈਸਲਿਆਂ, ਆਗਿਆ/ਆਰਡਰਾਂ ਦੀ ਪੁਸ਼ਟੀ ਕਰਦਾ ਹੈ।
ਉਪਰੋਕਤ ਪੇਸ਼ ਕੀਤੇ ਮਤਿਆਂ ਨੂੰ ਸਮੁੱਚੇ ਹਾਊਸ ਨੇ ਜੈਕਾਰਿਆਂ ਦੀ ਗੂੰਜ ’ਚ ਪ੍ਰਵਾਨਗੀ ਦਿੱਤੀ। ਚੋਣ ਪ੍ਰਕ੍ਰਿਆ ਤੇ ਧਾਰਮਿਕ ਮਰਿਯਾਦਾ ਦੀ ਸਮਾਪਤੀ ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਮੂੰਹ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ।
ਪੱਤਰਕਾਰਾਂ ਵਲੋਂ ਭਵਿੱਖ ਮੁਖੀ ਯੋਜਨਾਵਾਂ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਉਹ ਆਪਣੇ ਕਾਰਜ ਕਾਲ ਦਰਾਨ ਅਰੰਭੇ ਕਾਰਜਾਂ ਨੂੰ ਮੁਕੰਮਲ ਕਰਨ ਤੋਂ ਇਲਾਵਾ ਜਲਦ ਹੀ ਫਤਹਿਗੜ੍ਹ ਸਾਹਿਬ ਵਿਖੇ ਸਥਾਪਤ ਕੀਤੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ’ ਅਕਾਦਮਿਕ ਸੈਸ਼ਨ ਅਰੰਭ, ਜਿਸ ’ਚ 28 ਆਧੁਨਿਕ ਕਿਸਮ ਦੇ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਸਬੰਧੀ ਅਰੰਭ ਕੀਤੀ ‘ਅੰਮ੍ਰਿਤ ਛਕੋ ਸਿੰਘ ਸਜੋ ਲਹਿਰ’ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਮੂੰਹ ਮੈਂਬਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਲਕੇ ’ਚ ਸਿੱਖੀ ਤੋਂ ਬੇਮੁਖ ਹੋਏ ਨੌਜਵਾਨਾਂ ਦੀ ਨਿਸ਼ਾਨਦੇਹੀ ਕਰਨ ਅਤੇ ਸ਼੍ਰੋਮਣੀ ਕਮੇਟੀ ਅਜਿਹੇ ਨੌਜਵਾਨਾਂ ਨੂੰ ਵਾਪਸ ਮੋੜਨ ਲਈ ਵੱਡੇ ਪੱਧਰ ’ਤੇ ਉਪਰਾਲੇ ਕਰੇਗੀ। ਪ੍ਰਧਾਨਗੀ ਪਦ ਦੀ ਬਖਸ਼ਿਸ਼ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਜਥੇਦਾਰ ਅਵਤਾਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈ¤ਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।
ਜ਼ਿਕਰਯੋਗ ਹੈ ਕਿ ਜਥੇਦਾਰ ਅਵਤਾਰ ਸਿੰਘ ਵਲੋਂ 23-11-2005 ਨੂੰ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨਗੀ ਪਦ ਸੰਭਾਲਣ ਉਪਰੰਤ ਮੈਂਬਰ ਸਾਹਿਬਾਨ ਦੇ ਸਹਿਯੋਗ, ਤਨਦੇਹੀ ਤੇ ਸਮਰਪਣ ਭਾਵਨਾ ਨਾਲ ਦਿਨ-ਰਾਤ ਇਕ ਕਰਕੇ ਜਿਥੇ ਪਹਿਲੇ ਪ੍ਰਧਾਨ ਸਾਹਿਬਾਨ ਵਜੋਂ ਆਰੰਭੇ ਕਾਰਜਾਂ ਨੂੰ ਮੁਕੰਮਲ ਕਰਵਾਇਆ ਹੈ, ਉਥੇ ਗੁਰਦੁਆਰਾ ਪ੍ਰਬੰਧ ਨੂੰ ਹੋਰ ਵੀ ਸੁਚਾਰੂ ਬਨਾਉਣ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ, ਨਵੇਂ ਸਿੱਖ ਮਿਸ਼ਨ ਤੇ ਗੁਰਮਤਿ ਵਿਦਿਆਲਿਆਂ ਦੀ ਸਥਾਪਨਾ, ਦੋ-ਸਾਲਾ ਪੱਤਰ ਵਿਹਾਰ ਕੋਰਸ, ਧਰਮ ਪ੍ਰਚਾਰ ਲਹਿਰ, ਗੁਰਮਤਿ ਟ੍ਰੇਨਿੰਗ ਕੈਂਪ, ਪਾਠ ਬੋਧ ਸਮਾਗਮ, ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਤਾਲਮੇਲ ਦੇ ਨਾਲ ਵਿੱਦਿਆ ਦੇ ਖੇਤਰ ਵਿਚ ਵੀ ਅਹਿਮ ਪੈੜਾਂ ਸਥਾਪਤ ਕੀਤੀਆਂ ਹਨ। ਫਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ, ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦਾ ਨਵੀਨੀਕਰਨ, ਵੱਖ-ਵੱਖ ਸਕੂਲਾਂ/ਕਾਲਜਾਂ ’ਚ ਨਵੇਂ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ, ਸ਼੍ਰੋਮਣੀ ਕਮੇਟੀ ਵਲੋਂ ਚੱਲ ਰਹੇ ਹਸਪਤਾਲਾਂ ’ਚ ਫਰੀ ਮੈਡੀਕਲ ਕੈਂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਰਮਤਿ ਲਿਟਰੇਚਰ ਦੀ ਛਪਾਈ ਲਈ ਗੋਲਡਨ ਆਫਸੈ¤ਟ ਪ੍ਰਿੰਟਿੰਗ ਪ੍ਰੈਸ ਦਾ ਵਿਸਥਾਰ, ਪੁਰਾਤਨ ਇਤਿਹਾਸਕ ਇਮਾਰਤਾਂ ਨੂੰ ਵਿਰਾਸਤ ਵਜੋਂ ਸਾਂਭਣ ਲਈ ਯਤਨ, ਯਾਤਰੂਆਂ ਦੀ ਸਹੂਲਤ ਲਈ ਫਰੀ ਬੱਸਾਂ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਉਸਾਰੀ ਦੇ ਨਵੇਂ ਕਾਰਜਾਂ ਜਿਵੇਂ ਨਵੀਆਂ ਸਰਾਵਾਂ, ਲੰਗਰ ਹਾਲ ਤੇ ਗੁਰਦੁਆਰਾ ਸਾਹਿਬਾਨ ਦੀਆਂ ਨਵੀਆਂ ਇਮਾਰਤਾਂ, ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਸਬੰਧੀ ਚੱਲਦੇ ਕੇਸਾਂ ’ਚੋਂ ਗੁਰਦੁਆਰਾ ਸਾਹਿਬਾਨ ਦੇ ਹੱਕ ’ਚ ਹੋਏ ਫੈਸਲਿਆਂ ਦੀ ਰੌਸ਼ਨੀ ’ਚ ਬੇਸ਼ਕੀਮਤੀ ਜ਼ਮੀਨਾਂ-ਜਾਇਦਾਦਾਂ ਨੂੰ ਗੁਰਦੁਆਰਾ ਸਾਹਿਬਾਨ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧ ਹੇਠ ਲਿਆਉਣ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕੀ ਬਲਾਕ ਆਦਿ ਤਿਆਰ ਕੀਤੇ ਜਾਣ ਦੇ ਕੰਮਾਂ ਨੂੰ ਅੱਗੇ ਵਧਾਉਂਦਿਆਂ ਗੁਰਦੁਆਰਾ ਸਾਹਿਬਾਨ ਦੇ ਹਿਸਾਬ-ਕਿਤਾਬ ਨੂੰ ਪਾਰਦਰਸ਼ੀ ਬਨਾਉਣ ਲਈ ਕੰਪਿਊਟਰਾਈਜ਼ ਅਤੇ ਆਨ-ਲਾਈਨ ਕੀਤੇ ਜਾਣ ਅਤੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿਸਾਬ-ਕਿਤਾਬ ਦਾ ਆਡਿਟ ਮੁਕੰਮਲ ਕਰਾਉਣ ਵਰਗੇ ਅਹਿਮ ਕੰਮ ਕਰਕੇ ਹਰ ਪਹਿਲੂ ਤੋਂ ਇਸ ਸੰਸਥਾ ਦੇ ਇਤਿਹਾਸ ਵਿਚ ਵਿਲੱਖਣ ਰੋਲ ਅਦਾ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੀ ਕਥਾ ਦਾ ਗੁਰਦੁਆਰਾ ਮੰਜੀ ਸਾਹਿਬ ਤੋਂ ਪੀ.ਟੀ.ਸੀ. ਟੀ.ਵੀ. ਚੈਨਲ ਰਾਹੀਂ ਸਿੱਧਾ ਪ੍ਰਸਾਰਨ ਤੇ ਕੀਰਤਨ ਦਾ ਵੀਡੀਓ ਪ੍ਰਸਾਰਨ, ਆਨ-ਲਾਈਨ ਡੋਨੇਸ਼ਨ, ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਵੱਖ-ਵੱਖ ਇਤਿਹਾਸਕ ਅਸਥਾਨਾਂ, ਸਿੱਖ ਇਤਿਹਾਸ, ਰਿਹਾਇਸ਼ ਲਈ ਸਰਾਵਾਂ ਅਤੇ ਸਥਾਨਕ ਗੁਰਧਾਮਾਂ ਦੀ ਜਾਣਕਾਰੀ ਪ੍ਰਦਾਨ ਕੀਤੇ ਜਾਣ ਲਈ ਸਕਰੀਨ ਡਿਸਪਲੇ ਸਿਸਟਮ ਲਗਾ ਕੇ ਇਸ ਸੰਸਥਾ ਨੂੰ ਅਮਲੀ ਰੂਪ ’ਚ ਅਜੋਕੇ ਯੁਗ ਦੇ ਹਾਣੀ ਬਣਾਇਆ ਹੈ। ਅੱਜ ਉਹ ਚੋਣ ਮੁਕਾਬਲੇ ਵਿਚ ਵੋਟਾਂ ਦੇ ਵੱਡੇ ਫਰਕ ਨਾਲ ਛੇਵੀਂ ਵਾਰ ਇਸ ਮਹਾਨ ਸੰਸਥਾ ਦੇ ਪ੍ਰਧਾਨ ਚੁਣੇ ਗਏ ਹਨ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>