ਅਭੁੱਲ ਯਾਦ

ਗੁਰਨਾਮ ਸਿੰਘ  ਅਰਾਮ ਕੁਰਸੀ ਤੇ ਬੈਠਾ ਬਹੁਤ ਹੀ ਨੀਝ ਨਾਲ ਆਪਣੀ ਕੋਠੀ ਵੱਲ ਦੇਖ ਰਿਹਾ ਸੀ, ਜਿਸ ਨੂੰ ਕੁੱਝ ਬਿਹਾਰੀ ਭਈਏ ਅਸਮਾਨੀ ਰੰਗ ਦਾ ਰੋਗਣ ਕਰ ਰਿਹੇ ਸੀ। ਦੂਜੇ ਪਾਸਉਂ ਅਵਾਜ਼ ਆਈ, “ ਚਾਚਾ ਜੀ, ਅੱਜ ਤਾਂ ਤੁਸੀ ਵਾਹਵਾ ਤੰਦਰੁਸਤ ਲੱਗਦੇ ਹੋ।” ਗੁਰਨਾਮ ਸਿੰਘ ਨੇ ਅਵਾਜ਼ ਵਾਲੇ ਪਾਸੇ ਝਾਤੀ ਮਾਰੀ ਤਾਂ ਉਸ ਨੂੰ ਆਪਣਾ ਭਤੀਜਾ ਹਰਦੀਪ ਆਉਂਦਾ ਦਿਸਿਆ।
“ ਬੇਟਾ, ਤੇਰੇ ਚਾਚਾ ਜੀ ਤਾਂ ਉਸ ਦਿਨ ਤੋਂ ਹੀ ਤੰਦਰੁਸਤ ਹੋ ਗਏ ਨੇ ਜਿਸ ਦਿਨ ਤੋਂ  ਗੁਰਤੇਜ਼ ਦਾ ਵਿਆਹ ਰੱਖ ਦਿੱਤਾ।” ਗੁਰਨਾਮ ਸਿੰਘ ਦੀ ਪਤਨੀ ਨੇ ਕਿਹਾ, ਜੋ ਸੋਟੀ ਦੇ ਸਹਾਰੇ ਸਾਹਮਣੇ ਵਾਲੇ ਕਮਰੇ ਵਿਚੋਂ ਬਾਹਰ ਨਿਕਲ ਕੇ ਆ ਰਹੀ ਸੀ।
“ ਤੁਸੀ ਕਿਸਮਤ ਵਾਲੇ ਹੋ।” ਹਰਦੀਪ ਨੇ ਕੋਲ ਪਈ ਕੁਰਸੀ ਤੇ ਬੈਠ ਦੇ ਕਿਹਾ, “ ਜੋ ਆਪਣੇ ਪੋਤੇ ਦਾ ਵਿਆਹ ਆਪਣੀ ਹੱਥੀ ਕਰ ਰਿਹੇ ਹੋ।”
“ ਏਨੀ ਖੁਸ਼ੀ ਤਾਂ ਇਹਨਾ ਨੂੰ ੳਦੋਂ ਵੀ ਨਹੀ ਸੀ ਹੋਈ।” ਗੁਰਨਾਮ ਸਿੰਘ ਦੀ ਪਤਨੀ ਹਰਦੀਪ ਦੇ ਸੱਜੇ ਹੱਥ ਪਈ ਕੁਰਸੀ ਤੇ ਬੈਠਦੀ ਹੋਈ ਬੋਲੀ, “  ਜਦੋਂ ਗੁਰਤੇਜ਼ ਦੇ ਡੈਡੀ ਤਰਲੋਚਨ ਦਾ ਵਿਆਹ ਸੀ।”
“ ਮੂਲ ਨਾਲੋ ਵਿਆਜ਼ ਪਿਆਰਾ ਹੁੰਦਾ ਹੈ।” ਗੁਰਨਾਮ ਸਿੰਘ ਨੇ ਆਪਣੇ ਸਫੈਦ ਦਾਹੜੇ ਉੱਤੇ ਝੂਰੜੀਆਂ ਵਾਲਾ ਹੱਥ ਫੇਰ ਦੇ ਕਿਹਾ, “ ਪ੍ਰੀਤਮ ਕੌਰ ਜੀ, ਤੁਸੀ ਆਪ ਵੀ  ਇਹ ਹੀ ਗੱਲ ਕਹਿੰਦੇ ਹੋ।”
ਜਦੋਂ ਦਾ ਤਰਲੋਚਨ ਅਮਰੀਕਾ ਵਿਚ ਚਲਾ ਗਿਆ ਹੈ। ੳਦੋਂ  ਤੋਂ ਹਰਦੀਪ ਹੀ ਆਪਣੇ ਚਾਚਾ ਜੀ ਅਤੇ ਚਾਚੀ ਦੀ ਦੇਖਭਾਲ ਕਰਦਾ ਹੈ। ਹੁਣ ਬੇਸ਼ੱਕ ਤਰਲੋਚਨ ਦਾ ਸਾਰਾ ਪ੍ਰੀਵਾਰ ਗੁਰਤੇਜ਼ ਦਾ ਵਿਆਹ ਕਰਨ ਲਈ ਪੰਜਾਬ ਆਏ ਹੋਏ ਹਨ ਫਿਰ ਵੀ ਹਰਦੀਪ ਆਪਣੇ ਨਿਯਮ  ਅਨੁਸਾਰ ਇਸ ਘਰ ਵਿਚ ਗੇੜਾ ਲਾ ਹੀ ਜਾਦਾਂ ਹੈ।
“ ਅੱਜ ਤਾਂ ਸਾਰੇ ਹੀ ਸ਼ਹਿਰ ਨੂੰ ਗਏ ਲੱਗਦੇ ਨੇ।” ਹਰਦੀਪ ਨੇ ਆਲੇ-ਦੁਆਲੇ ਦੇਖਦੇ ਕਿਹਾ, “ ਕੋਈ ਵੀ ਨਹੀ ਦਿਸ ਰਿਹਾ।”
“ ਦਰਸ਼ੀ ਤੇ ਪ੍ਰਹਾਉਣਾ ਅੱਜ ਸਵੇਰੇ ਹੀ ਜੀਪ ਲੈ ਕੇ ਆ ਗਏ ਸੀ, ਗਹਿਣੇ-ਗੱਟੇ ਲੈਣ ਗਏ ਨੇ।” ਪ੍ਰੀਤਮ ਕੌਰ ਨੇ ਦੱਸਿਆ, “ ਸ਼ਹਿਰ ਦੇ ਰੋਣਕ ਬਜ਼ਾਰ ਵਾਲਾ ਸੁਨਿਆਰਾ ਉਹਨਾ ਨੂੰ ਜਾਣਦਾ ਆ।”
“ ਆਹ ਤਾਂ ਵਧੀਆ ਕੀਤਾ ਕਿ ਭੈਣ ਜੀ ਨਾਲ ਗਏ ਨੇ।” ਹਰਦੀਪ ਨੇ ਸੱਚਾਈ ਦੱਸੀ, “ ੳਦਾਂ ਤਾਂ ਬਾਹਰੋ ਆਉਣ ਵਾਲਿਆ ਨੂੰ ਦੁਕਾਣਦਾਰ ਠੱਗ ਹੀ ਲੈਂਦੇ ਆ।”
“ ਛੋਟੂ ਕਾਕਾ, ਚਾਹ ਬਣਾ ਲੈਂਦਾ।” ਗੁਰਨਾਮ ਸਿੰਘ ਨੇ ਰੋਸਈ ਵਿਚ ਕੰਮ ਕਰਦੇ ਭਈਏ ਨੂੰ ਅਵਾਜ਼ ਮਾਰੀ, “ ਹਰਦੀਪ ਸਿੰਘ ਆਇਆ ਹੈ।”
“ ਬਾਪੂ ਜੀ, ਚਾਹ ਤੋ ਬਣ ਵੀ ਗਿਆ।” ਚਾਹ ਲਈ ਆਉਂਦਾ ਛੋਟੂ ਬੋਲਿਆ, “ ਕੱਲ ਜੋ ਮੋਟਰ ਆਡੇ ਸੇ ਬਿਸਕੁੱਟ ਬਣਵਾਇਆ ਥਾ ਵੋਹ ਵੀ ਲੇ ਆਇਆ।”
“ ਬਹੁਤ ਹੀ ਅੱਛਾ ਕੀਆ।” ਚਾਚੀ ਜੀ ਨੇ ਕਿਹਾ, “ ਜਹਾਂ ਟੇਵਲ ਪਰ ਰੱਖ ਦੀਯਏ।”
“ ਤਹਾਨੂੰ ਅੱਗੇ ਵੀ ਕਿਹਾ ਸੀ ਕਿ ਛੋਟੂ ਨਾਲ ਹਿੰਦੀ ਬੇਸ਼ੱਕ ਨਾ ਬੋਲਿਆ ਕਰੋ।” ਗੁਰਨਾਮ ਸਿੰਘ ਨੇ ਕਿਹਾ, “ ਉਹ ਪੰਜਾਬੀ ਚੰਗੀ ਤਰਾਂ ਸਮਝਦਾ ਹੈ।”
“ ਚਾਚੀ ਜੀ ਨੂੰ ਤਾਂ ਹਿੰਦੀ ਆਉਂਦੀ ਹੈ, ਉਹ ਤਾਂ ਬੋਲਦੇ ਨੇ ,ਆਪਣੇ ਪਿੰਡ ਦੀਆਂ ਸਾਰੀਆਂ ਬੀਬੀਆਂ ਜਿਹਨਾਂ ਨੂੰ ਹਿੰਦੀ ਨਹੀ ਵੀ ਆਉਂਦੀ ਉਹ ਵੀ ਭਈਆਂ ਨਾਲ ਸਭ ਹਿੰਦੀ ਹੀ ਬੋਲਦੀਆ ਨੇ। ”
“ ਪੰਜਾਬੀ ਹੈ ਹੀ ਭੋਲੇ ਉਹ ਦੂਜਿਆਂ ਨੂੰ ਖੁਸ਼ ਕਰਨ ਲਈ ਇਕ ਜ਼ਬਾਨ ਹੀ ਨਹੀ,ਸਭ ਕੁੱਝ ਹੀ ਭੁੱਲ ਜਾਂਦੇ ਨੇ।”
“ ਹੁਣ ਤੁਸੀ ਗੁਰਤੇਜ਼ ਦੀ ਗੱਲ ਨਾ ਛੇੜ ਲੈਣਾ।” ਚਾਚੀ ਜੀ ਨੇ ਹਦਾਇਤ ਕੀਤੀ, “ ਜੈਸਾ ਦੇਸ ਬੈਸਾ ਭੇਸ ਕਰਨਾ ਹੀ ਪੈਂਦਾ ਹੈ।”
ਹਰਦੀਪ ਨੂੰ ਇਸ ਗੱਲ ਦਾ ਪਤਾ ਸੀ ਕਿ ਜਦੋਂ ਗੁਰਤੇਜ਼ ਨੇ ਆਪਣੇ ਕੇਸ ਕਟਵਾ ਦਿੱਤੇ ਸੀ ਚਾਚਾ ਜੀ  ਨੂੰ ਚੰਗਾ ਨਹੀ ਸੀ ਲੱਗਿਆ।ਹਰਦੀਪ ਵੀ “ਜੈਸਾ ਦੇਸ ਬੈਸਾ ਭੇਸ ਨਾਲ”  ੳਦੋਂ ਦਾ ਅੰਦਰੋਂ ਸਹਿਮਤ ਨਹੀ ਸੀ ਜਦੋਂ ਹਰਦੀਪ ਦੇ ਦੋਸਤ ਦਾ ਲੜਕਾ ਜੋ ਗੁਰਸਿੱਖ ਹੈ, ਅਮਰੀਕਾ ਵਿਚ ਹੀ ਜੰਮਿਆ ਅਤੇ ਪਲਿਆ ਹੈ, ਅਤੇ ਪਿੱਛੇ ਜਿਹੇ ਅੰਮ੍ਰਿਤਸਰ ਸ਼ਬਦਾ ਦੀ ਸੀ: ਡੀ: ਵੀ ਬਣਾ ਕੇ ਗਿਆ ਹੈ।ਫਿਰ ਵੀ ਹਰਦੀਪ ਇਸ ਬਹਿਂਸ ਵਿਚ ਪੈਣਾ ਨਹੀ ਸੀ ਚਾਹੁੰਦਾ,ਪਰ ਉਸ ਨੇ ਇਹ ਜ਼ਰੂਰ ਕਿਹਾ, “ ਚਾਚੀ ਜੀ, ਵੈਸੇ ਤਾਂ ਬਾਹਰਲੇ ਮੁਲਕਾਂ ਵਿਚ ਕਈ ਗੁਰਸਿੱਖ ਵੀਰ ਉੱਚੇ ਅਹੁਦਿਆ ਤੇ ਕੰਮ ਕਰ ਰਿਹੇ ਨੇ।”
“ ਉਹ ਕਰਮਾਂ ਵਾਲੇ ਨੇ।” ਪ੍ਰਤੀਮ ਕੌਰ ਨੇ ਕਿਹਾ, “ ਉਹਨਾਂ ਤੇ ਗੁਰੂ ਦੀ ਅਪਾਰ ਬਖਸ਼ਿਸ਼ ਹੈ, ਜੋ ਪ੍ਰਦੇਸਾ ਵਿਚ ਰਹਿੰਦੇ ਹੋਏ ਵੀ ਸਿੱਖੀ ਜੀਵਨ ਜਿਊਂਦੇ ਨੇ।”
“ ਗੁਰੂ ਤਾਂ ਸਾਰਿਆਂ ਤੇ ਹੀ ਬਖਸ਼ਿਸ਼ ਕਰ ਦਿੰਦੇ ਨੇ।” ਗੁਰਨਾਮ ਸਿੰਘ ਹਾਉਕਾ ਲੈਂਦੇ ਕਿਹਾ, “ ਪਰ ਗੁਰੂ ਦੇ ਦੱਸੇ ਰਾਹ ਉੱਪਰ ਤੁਰੇ ਵੀ ਤਾਂ ਕੋਈ।”
ਉਹ ਗੱਲਾਂ ਕਰ ਹੀ ਰਹੇ ਸਨ ਕਿ ਤਰਲੋਚਣ ਹੋਰੀ ਆ ਗਏ। ਗੁਰਤੇਜ ਆਪਣੇ ਵਿਆਹ ਦੇ ਕਾਰਡਾਂ ਵਾਲਾ ਡੱਬਾ ਮੇਜ਼ ਦੇ ਉੱਪਰ  ਰੱਖਦਾ ਹੋਇਆ ਬੋਲਿਆ, “ ਬਾਪੂ ਜੀ, ਆਹ ਦੇਖੋ ਤਾਂ, ਕਾਰਡ ਸਹੋਣੇ ਬਣੇ।”
“ ਕਾਰਡ ਤਾਂ ਸੁਹਣੇ ਹੀ ਹੋਣਗੇ।” ਗੁਰਨਾਮ ਸਿੰਘ ਨੇ ਕਿਹਾ, “ ਪ੍ਰਮਾਤਮਾ ਕਰੇ ਤੁਹਾਡੀ ਗਿਰਸਿਥੀ ਜਿੰਦਗੀ ਵੀ ਸਹੁਣੀ ਗੁਜ਼ਰੇ।”
“ ਹੁਣ ਤੋਂ ਹੀ ਕਾਰਡ ਭੇਜਣੇ ਸ਼ੁਰੂ ਕਰ ਦਿਉ।” ਪ੍ਰਤੀਮ ਕੌਰ ਨੇ ਸਲਾਹ ਦਿੱਤੀ, “ ਅੱਗੇ ਹੀ ਤੁਸੀ ਇਸ ਕੰਮ ਲਈ ਲੇਟ ਹੋ।”
“ ਰਾਮ ਪ੍ਰਤਾਪ ਜੀ ਨੂੰ ਤਾਂ ਅੱਜ ਹੀ ਭੇਜ ਦਿਉ।” ਗੁਰਨਾਮ ਸਿੰਘ ਨੇ ਕਿਹਾ, “ ਹੁਣ ਤਾਂ ਚਿਰ ਹੋ ਗਿਆ ਉਸ ਨੂੰ ਮਿਲਿਆ।”
“ ਇਕ ਗੱਲ ਆ, ਬਾਪੂ ਜੀ ਸਭ ਕੁੱਝ ਭੁੱਲ ਜਾਣਗੇ।” ਗੁਰਤੇਜ਼ ਦੀ ਮੱਮੀ ਨੇ ਕਿਹਾ, “ ਪਰ ਰਾਮ ਪ੍ਰਤਾਪ ਨੂੰ ਨਹੀ ਭੁੱਲਦੇ।”
“ ਬਹੂ, ਇਕੱਲੇ ਰਾਮ ਪ੍ਰਤਾਪ ਜੀ ਨੂੰ ਹੀ ਨਹੀ।” ਗੁਰਨਾਮ ਸਿੰਘ ਨੇ ਕਿਹਾ, “ਸਗੋਂ ਉਸ ਦੇ ਸਾਰੇ ਪ੍ਰੀਵਾਰ ਦੇ ਦੇਣਦਾਰ ਹਾਂ।”
“ ਰਾਮ ਪ੍ਰਤਾਪ ਨੇ ਇਕ ਵਾਰੀ ਬਾਪੂ ਜੀ ਦੀ ‘ਹੈਲਪ’ ਕੀਤੀ ਸੀ।” ਗੁਰਤੇਜ ਬੋਲਿਆ, “ ਮੈਨੂੰ ਤਾਂ ਇਹ ਹੀ ਪਤਾ ਆ।”
“ ਪੁੱਤਰਾ, ਇਕੱਲੀ ਹਲੈਪ ਹੀ ਨਹੀ ਸੀ ਕੀਤੀ, ਸਾਡੇ ਲਈ ਬਹੁਤ ਕੁੱਝ ਕੀਤਾ ਸੀ।” ਪ੍ਰਤੀਮ ਕੌਰ ਨੇ ਦੱਸਿਆ।
“ ਗੁਰਤੇਜ, ਆ ਸਾਰਾ ਸਮਾਨ ਅੰਦਰ ਰੱਖ ਆ।”  ਤਰਲੋਚਨ ਵਿਚੋਂ ਹੀ ਬੋਲਿਆ । ਤਰਲੋਚਨ ਨਹੀ ਸੀ ਚਾਹੁੰਦਾ ਕਿ ਗੁਰਤੇਜ ਨੂੰ ਉਹ ਸਾਰੀ ਕਹਾਣੀ ਦਾ ਪਤਾ ਲੱਗੇ ਜੋ ਪੱਚੀ ਸਾਲ ਪਹਿਲਾਂ ਵਾਪਰੀ ਸੀ।
“ ਕੋਈ ਨਹੀ ਭਾਜੀ, ਸਮਾਨ ਮੈ ਅੰਦਰ ਰੱਖ ਆਉਂਦਾ ਹਾਂ।” ਹਰਦੀਪ ਨੇ ਕਿਹਾ, “ ਗੁਰਤੇਜ ਤੂੰ ਬੈਠ ਜਾ, ਕਰ ਲੈ ਚਾਚਾ ਜੀ ਹੋਰਾਂ ਨਾਲ ਗੱਲਬਾਤ।”
ਹਰਦੀਪ ਨੇ ਇਹ ਗੱਲ ਜਾਣ ਕੇ ਕਹੀ ਸੀ। ਕਿਉਂਕਿ ਉਹ ਚਾਹੁੰਦਾ ਸੀ ਗੁਰਤੇਜ ਨੂੰ ਉਹ ਸਭ ਕੁੱਝ ਪਤਾ ਲੱਗੇ ਜੋ ਸੱਚ ਹੈ। ਹਰਦੀਪ ਸਮਾਨ ਅੰਦਰ ਰੱਖ ਕੇ ਛੇਤੀ ਹੀ ਮੁੜ ਆਇਆ। ਗੁਰਤੇਜ ਗੁਰਨਾਮ ਸਿੰਘ ਦੇ ਕੋਲ ਬੈਠ ਗਿਆ ਅਤੇ ਗੰਭੀਰ ਹੁੰਦਾ ਬੋਲਿਆ, “ ਬਾਪੂ ਜੀ, ਰਾਮ ਪ੍ਰਤਾਪ ਨੂੰ ਅੱਜ ਹੀ ਕਾਰਡ ਭੇਜ ਦਿੰਦੇ ਹਾਂ, ਪਰ ਪਹਿਲਾਂ ਇਹ ਦਸੋ ਕਿ ਐਸੀ ਕੀ ਗੱਲ ਹੋਈ ਸੀ, ਜਿਸ ਕਰਕੇ ਤੁਸੀ ਰਾਮ ਪ੍ਰਤਾਪ ਨੂੰ ਏਨੀ ‘ਇਪੋਰਟੈਂਸ’ (ਮੱਹਤਵ) ਦਿੰਦੇ ਹੋ।”
ਗੁਰਨਾਮ ਸਿੰਘ ਤਰਲੋਚਨ ਵੱਲ ਦੇਖਦਾ ਕਹਿਣ ਲੱਗਾ, “ ਤੇਰਾ ਡੈਡੀ ਨਹੀ ਚਾਹੁੰਦਾ ਹੁੰਦਾ ਕਿ ਮੈ ਉਹ ਗੱਲਾਂ ਮੁੜ ਛੇੜਾਂ।”
“ ਜਿਹੜੀਆਂ ਗੱਲਾਂ ਵਾਧੂ ਦਾ ਦੁੱਖ ਦੇਂਦੀਆਂ ਨੇ।” ਤਰਲੋਚਨ ਨੇ ਜ਼ਵਾਬ ਦਿੱਤਾ , “ਉਹਨਾ ਨੂੰ ਕਰਨ ਦਾ ਕੋਈ ਮਤਲਵ ਨਹੀ ਰਹਿ ਜਾਦਾਂ।”
“ ਕਾਕਾ, ਮਤਲਵ ਤਾਂ ਹੁੰਦਾ ਹੀ ਹੈ।” ਪ੍ਰਤੀਮ ਕੌਰ ਬੋਲੀ, “  ਸੱਚੀਆਂ ਗੱਲਾਂ  ਆਉਣ ਵਾਲੀ ਪੀੜੀ ਤੋਂ ਛਪਾਉਣੀਆਂ ਵੀ ਔਖੀਆਂ ਹੋ ਜਾਂਦੀਆਂ ਨੇ।”
“ ਅੱਜ ਗੁਰਤੇਜ ਨਾਲ ਮੈਨੂੰ ਆਪਣਾ ਦਿਲ ਹਲਕਾ ਕਰ ਹੀ ਲੈਣ ਦਿਉ।” ਗੁਰਨਾਮ ਸਿੰਘ ਨੇ ਗੱਲ ਸ਼ੁਰੂ ਕੀਤੀ, “ ਉਨੀ ਸੋ ਚਰਾਸੀ ਤੇ ਨਵੰਬਰ ਦਾ ਮਹੀਨਾ ਸੀ, ਦਿਲੀ ਦੇ ਹਰਕ੍ਰਿਸ਼ਨ ਨਗਰ ਵਾਲੇ ਆਪਣੇ ਮਕਾਨ ਵਿਚ ਅਚਿੰਤ ਬੈਠਾ ਤੇਰੇ ਡੈਡੀ ਨੂੰ ਖਿਡਾ ਰਿਹਾ ਸੀ ਕਿ ਰਾਮ ਪ੍ਰਤਾਪ  ਅਤੇ ਉਸ ਦੀ ਪਤਨੀ ਸਾਡੇ ਮਕਾਨ ਦੇ ਪਿਛਵਾੜੇ ਵਾਲੇ ਗੁਆਂਢੀ ਦੋੜਦੇ ਹੋਏ ਆਏ ਅਤੇ ਕਾਹਲੀ ਨਾਲ ਕਹਿਣ ਲੱਗੇ, “ ਗੁਰਨਾਮ ਸਿੰਘ ਜੀ, ਛੇਤੀ ਕਰੋ, ਘਰੋ ਬਾਹਰ ਨਿਕਲੋ, ਬਹੁਤ ਵੱਡੀ ਭੀੜ ਆ ਰਹੀ ਹੈ,ਤਹਾਡੇ ਘਰ  ਅਤੇ ਪ੍ਰੀਵਾਰ ਨੂੰ ਖੇਰੂ ਖੇਰੂ ਕਰਨ।”
“ ਪਰ ਕਿਉਂ”?
“  ਭੁਤਰੀਉ ਭੀੜ ਗਲੀ ਦੇ ਸਾਰੇ ਸਿੱਖਾਂ ਦੇ ਘਰਾਂ ਨੂੰ ਤਬਾਹ ਕਰ ਰਹੀ ਹੈ।”
“ ਪਤਾ ਵੀ ਲੱਗੇ, ਉਹ ਇਹ ਸਭ ਕਿਉਂ ਕਰ ਰਹੇ ਨੇ।”
“ ਇੰਦਰਾ ਗਾਂਧੀ ਪੂਰੀ ਹੋ ਗਈ ਹੈ, ਮੇਰੇ ਹੀ ਭਰਾ ਗੁੱਸੇ ਵਿਚ ਹਨ।”
“ ਜੇ ਉਹ ਗੁੱਸੇ ਵਿਚ ਹੈ, ਤਾਂ ਵੀ ਸਾਨੂੰ ਕੁੱਝ ਨਹੀ ਕਹਿਣ ਲੱਗੇ।” ਮੈ ਕਿਹਾ, “ ਤਹਾਨੂੰ ਵਹਿਮ ਹੋਇਆ ਹੋਵੇਗਾ।”
“ ਗੋਲਡਨ ਟੈਂਪਲ ਤੇ ਵੀ ਹਮਲਾ ਹੋਇਆ ਸੀ।” ਤੁਹਾਡੀ ਬੀਜ਼ੀ ਨੇ ਰਾਮਪ੍ਰਤਾਪ ਨੂੰ ਕਿਹਾ, “ ਬੇਹਿਸਾਬੀ ਸੰਗਤ ਮਾਰ ਦਿੱਤੀ ਗਈ ਸੀ, ਫਿਰ ਵੀ ਪੰਜਾਬੀਆਂ ਨੇ ਸ਼ਾਤੀ ਬਣਾਈ ਰੱਖੀ, ਗੁੱਸੇ ਵਿਚ ਆ ਕੇ ਕਿਸੇ ਦਾ ਵਾਲ ਵੀ ਵਿੰਗਾ ਨਹੀ ਕੀਤਾ, ੳਦੋਂ ਇੰਨੇ ਇਨਸਾਨਾਂ ਨੂੰ ਮਾਰ ਦਿੱਤਾ ਗਿਆ ਸੀ, ਉਹਨਾਂ ਇਨਸਾਨਾਂ ਵਾਂਗ ਅੱਜ ਇਕ ਹੋਰ ਇਨਸਾਨ ਤੁਰ ਗਿਆ।”
“ ਭੈਣ ਜੀ ਛੇਤੀ ਕਰੋ।” ਰਾਮ ਪ੍ਰਤਾਪ ਨੇ ਕਿਹਾ, “ ਹੁਣ ਅਜਿਹੀਆਂ ਗੱਲਾਂ ਕਰਨ ਦਾ ਮੌਕਾ ਨਹੀ, ਇਥੋਂ ਤੁਰਨ ਦੀ ਕਰੋ।”
ਮੇਰਾ ਦਿਲ ਵੀ ਇਸ ਤਰਾਂ ਘਰ ਛੱਡਣ ਨੂੰ ਨਹੀ ਸੀ ਕਰ ਰਿਹਾ ਨਾ ਹੀ ਮੈ ਰਾਮ ਪ੍ਰਤਾਪ ਦੀ ਗੱਲ ਤੇ ਯਕੀਨ ਕਰ ਰਿਹਾ ਸੀ।ਫਿਰ ਵੀ ਰਾਮਪ੍ਰਤਾਪ ਘਰ ਛੱਡ ਕੇ ਭਜ ਜਾਣ ਲਈ ਕਹਿ ਰਿਹਾ ਸੀ।
“ ਆਪਾਂ ਘਰ ਅੱਗੇ ਲੱਗੀ ਨੇਮ ਪਲੇਟ ਭੰਨ ਦਿੰਦੇ ਹਾਂ।” ਮੈ ਸੁਝਾਅ ਦਿੱਤਾ, “ ਫਿਰ ਉਹਨਾ ਨੂੰ ਪਤਾ ਨਹੀ ਲੱਗੇਗਾ ਕਿ ਇਹ ਕਿਸੇ ਸਿੱਖ ਦਾ ਘਰ ਹੈ।”
“ ਤੁਸੀ ਪੁਲੀਸ ਨੂੰ ਕਿਉ ਨਹੀ ਦੱਸਿਅ”? ਗੁਰਤੇਜ਼ ਵਿਚੋਂ ਹੀ ਨੇ ਪੁੱਛਿਆ
“ ਮਨਸਿਟਰ ਤਾਂ ਭੀੜ ਦਾ ਲੀਡਰ ਸੀ।” ਗੁਰਨਾਮ ਸਿੰਘ ਨੇ ਦੱਸਿਆ, “ ਪੁਲੀਸ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਹੀ ਸ਼ਰਾਰਤੀ ਅਨਸਰ ਚਾਮਲੇ ਸਨ।ਸਰਕਾਰੀ ਬੱਸਾਂ  ਹੀ  ਗੁੰਡੇ ਤੇ ਬਦਮਾਸ਼ ਟੋਅ ਰਹੀਆਂ ਸਨ, ਵਾੜ ਹੀ ਖੇਤ ਨੂੰ ਖਾਣ ਲੱਗ ਪਈ ਸੀ।”
“ ਫਿਰ ਅੱਗੇ ਕੀ ਹੋਇਆ?” ਗੁਰਤੇਜ਼ ਨੇ ਪੁੱਛਿਆ।
ਰਾਮ ਪ੍ਰਤਾਪ  ਛੇਤੀ ਛੇਤੀ ਘਰ ਵਿਚ ਲੱਗੀਆਂ  ਸਾਡੀਆਂ ਤਸਵੀਰਾਂ ਉਤਾਰਨ ਲੱਗਾ।
ਰਾਮ ਪ੍ਰਤਾਪ ਦੀ ਪਤਨੀ  ਨੇ ਸਲਾਹ ਦਿੱਤੀ ਕਿ ਮੈ ਆਪਣੇ ਕੇਸ ਕਟ ਲਵਾਂ। ਮੇਰੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਤਸਵੀਰ ਤੇ ਟਿਕ ਗਈਆਂ, ਜੋ ਰਾਮ ਪ੍ਰਤਾਪ ਕੰਧ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਆਪਣੀ ਕੰਧ ਸਰਹੰਦ ਦੀ ਕੰਧ ਲੱਗਣ ਲੱਗੀ। ਗੁਰੂ ਜੀ ਨੇ ਜੋ ਕੁੱਝ ਸਿੱਖੀ ਲਈ ਕੀਤਾ ਇਕ ਦਮ ਦੀਮਾਗ ਨੂੰ ਝੰਜੋੜ ਗਿਆ। ਆਪਣੇ ਸਿਰ ਨੂੰ ਹੱਥਾਂ ਨਾਲ ਲੁਕਾਉਂਦਾ ਉੱਚੀ ਅਵਾਜ਼ ਵਿਚ ਬੋਲਿਆ, “ ਨਹੀ ਮੈ ਇਹ ਨਹੀ ਕਰ ਸਕਦਾ।”
ਰਾਮ ਪ੍ਰਤਾਪ ਫੁਰਤੀ ਨਾਲ ਤੇਰੇ  ਡੈਡੀ ਨੂੰ ਕੁੱਛੜ ਚੁੱਕ ਸਾਨੂੰ ਖਿਚਦਾ ਹੋਇਆ ਆਪਣੇ ਘਰ ਨੂੰ ਲਿਜ਼ਾਦਾ ਕਹਿ ਰਿਹਾ ਸੀ, “ ਇਸੇ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਸਾਡੀ ਕੌੰਮ ਅਤੇ ਸਾਡੇ ਧਰਮ ਦੀ ਹੋਂਦ ਬਚਾਉਣ ਲਈ ਆਪਾ ਵਾਰਿਆ ਸੀ, ਪਰ ਇਹ ਵਹਿਸ਼ੀ ਲੋਕ ਗੁਰੂ ਜੀ ਦੇ ਕੀਤੇ ਨੂੰ ਭੁੱਲ ਗਏ ਨੇ ਜੋ ਗੁਰੂ ਦੇ ਹੀ ਪੈਰੋਕਉਰਾ ਨੂੰ ਹੀ ਮਾਰ ਰਿਹੇ ਨੇ, ਇਹਨਾ ਅਹਿਸਾਨ ਫਰਮੋਸ਼ਾਂ ਦਾ ਕਦੇ ਭਲਾ ਨਹੀ ਹੋਣਾ।”
ਸਾਨੂੰ ਆਪਣੇ ਘਰ ਛੱਡ ਰਾਮ ਪ੍ਰਤਾਪ ਉਨੀ ਪੈਰੀ ਹੀ ਪ੍ਰੀਵਾਰ ਨੂੰ ਲੈ ਕੇ ਸਾਡੇ ਘਰ ਚਲਾ ਗਿਆ। ਥੋੜ੍ਹੀ ਦੇਰ ਬਾਅਦ ਹੀ ਭੀੜ ਸਾਡੇ  ਘਰ ਦੇ ਸੱਜੇ ਹੱਥ ਰਹਿੰਦੇ, ਜਗਜੀਤ ਸਿੰਘ ਦੇ ਘਰ ਉੱਪਰ ਟੁੱਟ ਪਈ। ਜਗਜੀਤ ਸਿੰਘ ਤਾਂ ਘਰ ਨਹੀ ਸੀ, ਪਤਨੀ ਅਤੇ ਬੱਚੇ ਵੀ ਪਤਾ ਨਹੀ ਕਿੱਥੇ ਸੀ, ਪਰ ਉਸ ਦੇ ਬੁਜ਼ਰਗ ਪਿਉ ਦੇ ਗੱਲ ਵਿਚ ਟਾਇਰ ਪਾ ਕੇ ਅੱਗ ਲਾ ਦਿੱਤੀ। ਘਰ ਦਾ ਕੀਮਤੀ ਸਮਾਨ ਚੁੱਕ ਚੁੱਕ ਕੇ ਲਿਜਾਣ ਲੱਗੇ, ਰਹਿੰਦੇ-ਖੂੰਹਦੇ ਨੂੰ ਅੱਗ ਦੀ ਭੇਟ ਕਰ ਦਿੱਤਾ।ਜਿਉਂ ਹੀ ਅੱਗ ਮਚੀ ਭੀੜ  ਉੱਚੀ ਉੱਚੀ ਢੋਲ ਵਜਾਉਦੀ ਦੰਰਿਦਗੀ ਦਾ ਨਾਚ ਨੱਚਦੀ ਇੰਦਰਾ ਗਾਂਧੀ ਜ਼ਿੰਦਾਬਾਦ ਕਰਨ ਲੱਗੀ। ਸਾਰੀ ਦਿਲੀ  ਵਿਚ ਟਾਈਰਾ ਵਿਚ ਸੜ ਰਹੇ ਮੁੱਨਖਾ ਦੀਆਂ ਦਰਦ ਭਰੀਆਂ ਚੀਖਾਂ ਦੀ ਖੋਫਨਾਕ ਅਵਾਜ਼ ਅੱਗ ਦੀਆਂ ਲਪਟਾਂ ਰਾਹੀ ਫੈਲ ਰਹੀ ਸੀ, ਪਰ ਉਹ ਕਾਇਰ ਲੋਕੀ ਬੇਸ਼ਰਮ ਬਣਦੇ ਹੋਏ ਜ਼ੁਲਮ ਦੀ ਹੱਦ ਟੱਪ ਰਹੇ ਸਨ। ਛੇਤੀ ਹੀ ਸਾਡੇ ਘਰ ਦੀ ਵਾਰੀ ਆ ਗਈ। ਰਾਮ ਪ੍ਰਤਾਪ ਪਹਿਲਾਂ ਹੀ ਗੇਟ ਮੂਹਰੇ ਖੜ ਗਿਆ।ਭੀੜ ਦਾ ਲੀਡਰ ਰਾਮ ਪ੍ਰਤਾਪ ਨੂੰ ਪਿੱਛੇ ਵੱਲ ਧੱਕਦਾ ਹੋਇਆ ਬੋਲਿਆ, “ ਪਿੱਛੇ ਹਟੋ, ਸਰਦਾਰ ਕੋ ਨਿਕਾਲੋ,ਜੋ ਇਸ ਘਰ ਮੈ ਰਹਿਤਾ ਹੈ।”
“ ਜੇ ਗਰ ਤੋ ਮੇਰਾ ਹੈ।” ਰਾਮ ਪ੍ਰਤਾਪ ਨੇ ਦੱਸਿਆ, “ ਮੈ ਆਪਣੇ ਪ੍ਰੀਵਾਰ ਕੇ ਸਾਥ ਜਹਾਂ ਰਹਿਤਾ ਹੂੰ।”
ੳਦੋਂ ਹੀ ਰਾਮ ਪ੍ਰਤਾਪ ਦੀ ਪਤਨੀ ਆਪਣਾ ਬੱਚਾ ਚੁੱਕ ਕੇ ਬਾਹਰ ਆ ਗਈ ਤੇ ਡਰਦੀ ਬੋਲੀ, “ ਬਾਈ ਸਾਹਿਬ, ਜਿਸ ਸਰਦਾਰ ਕੀ ਬਾਤ ਆਪ ਕਰ ਰਿਹੇ ਹੋ, ਵਹੋ ਆਪਣਾ ਮਕਾਨ ਹਮੇ ਵੇਚ ਕਰ ਚਲੇ ਗਏ”।
“ ਐਸੇ ਕੈਸੇ ਹੋ ਸਕਤਾ ਹੈ।” ਭੀੜ ਵਿਚੋਂ ਇਕ ਬੋਲਿਆ, “ ਯੇ ਔਰਤ ਜੂਠ ਬੋਲ ਰਹੀ ਹੈ।”
“ ਗਰ ਕੇ ਬੀਚ ਜਾ ਕਰ ਦੇਖੋ।” ਭੀੜ ਵਿਚੋਂ ਹੀ ਕਿਸੇ ਨੇ ਸੁਝਾਅ ਦਿੱਤਾ, “ ਯੇ ਸਾਲੇ ਸਰਦਾਰ ਕੀ ਤਰਫਦਾਰੀ ਕਰ ਰਿਹੇ ਹੈਂ, ਗਰ ਕਾ ਕੋਨਾ ਕੋਨਾ ਦੇਖੋ।”
ਅੱਧੀ ਤੋਂ ਜ਼ਿਆਦਾ ਭੀੜ ਘਰ ਦੇ ਅੰਦਰ ਵੜ ਕੇ ਇਧਰ ਉਧਰ ਸਾਨੂੰ ਲੱਭਣ ਲੱਗੀ, ਜਦੋਂ ਉਹਨਾਂ ਦੀ ਨਜ਼ਰ ਖੂੰਜੇ ਵਿਚ ਰੱਖੇ ਮੇਜ਼ ਤੇ ਰਾਮ ਪ੍ਰਤਾਪ ਦੇ ਪ੍ਰੀਵਾਰ ਦੀ ਫੋਟੋ ਤੇ ਗਈ। ਜੋ ਉਹਨਾ ਦੇ ਆਉਣ ਤੋਂ ਪਹਿਲਾਂ ਹੀ ਰਾਮ ਪ੍ਰਤਾਪ ਨੇ ਰੱਖੀ ਸੀ, ਤਾਂ ਉਹਨਾ ਨੂੰ ਯਕੀਨ ਹੋ ਗਿਆ ਕਿ ਇਹ ਰਾਮ ਪ੍ਰਤਾਪ ਦਾ ਹੀ ਘਰ ਹੈ।
ਉਹ ਭੀੜ ਮੈਨੂ ਗਾਲਾਂ ਕੱਢਦੀ ਅਗਲੇ ਸਿੱਖ ਦੇ ਘਰ ਚਲੀ ਗਈ।ਮੇਰਾ ਦਿਲ ਕਰੇ ਕਿ ਬੰਦੂਕ ਲੈ ਕੇ ਸਾਰਿਆਂ ਨੂੰ  ਭੁੰਨ ਦਿਆਂ।ਪਰ ਤੇਰੀ ਦਾਦੀ ਕਹਿ ਰਹੀ ਸੀ, “ ਜਾਨ ਬਚੀ ਸੋ ਉਪਾ।” ਰਾਮ ਪ੍ਰਤਾਪ ਨੇ ਬਹੁਤ ਦਿਨ ਆਪਣੇ ਘਰ ਲਕੋ ਕੇ ਰੱਖਿਆ।ਥੋੜਾ ਅਮਨ-ਚੈਨ ਹੋਇਆ ਤਾਂ ਸਾਨੂੰ ਪੰਜਾਬ ਛੱਡ ਕੇ ਗਿਆ।
“ ਕਾਕਾ,ਉਹ ਵੇਲਾ ਹੁਣ ਵੀ ਯਾਦ ਆਉਣ ਤੇ ਹੁਣ ਵੀ ਮੇਰੇ ਰੌਂਗਟੇ ਖੜੇ ਹੋ ਜਾਂਦੇ ਨੇ।” ਪ੍ਰਤੀਮ ਕੌਰ ਨੇ ਦੱਸਿਆ, “ ਪੁਲੀਸ ਤੇ ਸਰਕਾਰ ਤੋਂ ਤਾਂ ਸਾਡਾ ਭਰੋਸਾ ਹੀ ਉੱਠ ਗਿਆ, ਕੀ ਪਤਾ ਭਲਕੇ ਨੂੰ ਇਹ ਕੀ ਕਰਨ।”
“ ਰਾਮ ਪ੍ਰਤਾਪ ਹਿੰਦੂ ਆ।” ਗੁਰਤੇਜ਼ ਨੇ ਪੁੱਛਿਆ, “ ਫਿਰ ਵੀ ਉਸ ਨੇ ਤੁਹਾਡੀ ਜਾਨ ਬਚਾਈ।
“ ਹਾਂ, ਇਹਦੇ ਵਿਚ ਕੋਈ ਝੂਠ ਨਹੀ।”
“ ਮੈ ਤਾਂ ਇੰਟਰਨੈਟ ਤੇ ਦੇਖਿਆ ਸਿੱਖਾ ਦੇ ਗਲਾਂ ਵਿਚ ਟਾਇਰ ਪਾ ਕੇ ਸਾੜਨ  ਵਾਲੇ ਵੀ ਹਿਦੂੰ ਧਰਮ ਨਾਲ ਹੀ ਸਬੰਧ ਰੱਖਦੇ ਸਨ।” ਗੁਰਤੇਜ ਨੇ ਪੁੱਛਿਆ, “ ਫਿਰ ਰਾਮ ਪ੍ਰਤਾਪ ਨੇ ਕਿਉਂ ਤਹਾਨੂੰ ਬਚਾਇਆ।”
“ ਹਿੰਦੂ, ਸਿੱਖ ਜਾਂ ਮੁਸਲਮਾਨ ਭਾਈਚਾਰਾ ਕਦੇ ਵੀ ਆਪਸ ਵਿਚ ਲੜਨਾ ਨਹੀ ਚਾਹੁੰਦਾ।” ਗੁਰਨਾਮ ਸਿੰਘ ਨੇ ਦੱਸਿਆ, “ ਇਹ ਤਾਂ ਵਿਹਲੇ ਸਰਮਾਏਦਾਰ ਲੀਡਰਾਂ ਦੀਆਂ ਰਾਜਨਿਤਕ ਚਾਲਾਂ ਹਨ ਜੋ ਭਾਈਚਾਰਿਆਂ ਵਿਚ ਧਰਮ ਦੀ ਆੜ ਹੇਠ  ਫੁੱਟ ਪਾ ਕੇ ਆਪਣੀਆਂ ਕੁਰਸੀਆਂ ਪੱਕੀਆਂ ਕਰਦੇ ਰਹਿੰਦੇ ਨੇ।”
“ ਜਦੋ ਵੀ ਕੋਈ ਭਾਈਚਾਰਾ ਸਰਕਾਰ ਦੀ ਗਲਤ ਨੀਤੀਆਂ ਵਿਰੁਧ ਉਠਦਾ ਹੈ।” ਤਰਲੋਚਨ ਨੇ ਕਿਹਾ, “ ੳਦੋਂ ਹੀ ਸਰਕਾਰ ਲੋਕਾਂ ਨੁੂੰ ਇਕ ਦੂਸਰੇ ਦੇ ਖਿਲਾਫ ਕਰ ਦਿੰਦੀ ਹੈ।”
“ ਭਾਈਚਾਰਿਆ ਨੂੰ ਤਾਂ ਸਮਝ ਲੈਣਾ ਚਾਹੀਦਾ ਹੈ ਇਹ ਖੇਡ ਸਰਕਾਰ ਖੇਡਦੀ ਹੈ।” ਗੁਰਤੇਜ ਨੇ ਪੁੱਛਿਆ, “ ਉਹ ਕਿੳਂ ਇਕ ਦੂਜੇ ਨੂੰ ਤਬਾਹ ਕਰਨ ਲੱਗ ਜਾਦੇ ਨੇ।”
“ ਇਹ ਕੋਈ ਅਮਰੀਕਾ ਜਾਂ ਬਾਹਰਲਾ ਦੇਸ਼ ਨਹੀ ਜਿੱਥੇ ਲੋਕਾ ਨੂੰ  ਅਜਹੀਆਂ ਗੱਲਾਂ ਦੀ ਸਮਝ ਲੱਗ ਜਾਵੇ।”ਹਰਦੀਪ ਨੇ ਕਿਹਾ।
ਗੁਰਨਾਮ ਸਿੰਘ ਸਾਰੀ ਕਹਾਣੀ ਸਣਾਉਣ ਤੋਂ ਬਾਅਦ ਉਦਾਸ ਹੋ ਗਿਆ।ਹੌਲੀ ਜਿਹੀ ਕਹਿਣ ਲੱਗਾ, “ ਹੁਣ ਤੁਸੀ ਦੱਸੋ, ਮੈ ਇਸ ਅਭੁੱਲ ਯਾਦ ਦੇ ਹੀਰੋ ਰਾਮ ਪ੍ਰਤਾਪ ਨੂੰ ਕਿਵੇ ਭੁੱਲ ਸਕਦਾ ਹਾਂ।”
“ ਬਾਪੂ ਜੀ, ਤੁਸੀ ਤਾਂ ਕੀ ਹੁਣ ਮੈ ਵੀ ਰਾਮ ਪ੍ਰਤਾਪ ਨੂੰ ਭੁੱਲਾਂਗਾ ਨਹੀ।”
“ ਵਿਸ਼ਾਲ ਹਿਰਦੇ ਵਾਲੇ ਕਿਸੇ ਦੇ ਅਹਿਸਾਨ ਨੂੰ ਕਦੇ ਵੀ ਨਹੀ ਭੁੱਲਦੇ।” ਪ੍ਰੀਤਮ ਕੌਰ ਨੇ ਕਿਹਾ, “ ਜਿਵੇ ਸਿੱਖ ਮਲੇਰ ਕੋਟਲੇ ਦੇ ਨਾਵਬ ਨੂੰ ਕਦੀ ਨਹੀ ਭੁੱਲੇ, ਜਿਸ ਨੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਂ ਦਾ ਨਾਹਰਾ ਮਾਰਿਆ ਸੀ।”
“ ਗੁਰਤੇਜ਼, ਦੇਖ ਲੈ ਤੇਰੇ ਦਾਦਾ- ਦਾਦੀ ਜੀ ਨੂੰ ਸਿੱਖੀ ਕਿਵੇ ਪਿਆਰੀ ਏ।” ਹਰਦੀਪ ਨੇ ਕਿਹਾ, “ ਦੁੱਖ ਵੇਲੇ ਵੀ ਸਿੱਖੀ ਸੰਭਾਲ ਕੇ ਰੱਖੀ।”
“ ਚਾਚਾ ਜੀ, ਮੈ ਤੁਹਾਡੀ ਗੱਲ ਸਮਝ ਗਿਆ।” ਗੁਰਤੇਜ਼ ਨੇ ਆਪਣੀ ਦਾੜੀ ਨੂੰ ਹੱਥ ਲਾ ਕੇ ਕਿਹਾ, “ ਮੈ ‘ਪਰੋਮਿਸ’ ਕਰਦਾ ਹਾਂ ਆਹ ਜੋ ਦਾੜੀ  ਸਿਰਫ ਵਿਆਹ ਕਰਕੇ ਦਸਤਾਰ ਸਜਾਉਣ ਲਈ ਵਧਾਈ ਸੀ। ਵਿਆਹ ਤੋਂ ਬਾਅਦ ਵੀ ਇਸ ਤਰਾਂ ਹੀ ਰੱਖਾਗਾ।ਅੱਗੋ ਤੋਂ ਮੈ ਤਹਾਨੂੰ ਸਿੱਖੀ ਸਰੂਪ ਵਿਚ ਹੀ ਦਿਸਾਂਗਾ।”
ਇਹ ਗੱਲ ਸੁਣਦੇ ਹੀ ਗੁਰਨਾਮ ਸਿੰਘ ਦੀ ਉਦਾਸੀ ਪਤਾ ਨਹੀ ਕਿਧਰ ਚਲੀ ਗਈ। ਇਕ ਦਮ ਖੁਸ਼ੀ ਵਿਚ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡ ਦੇ ਹੋਏ ਗੁਰਤੇਜ਼  ਨੂੰ ਬਾਹਾਂ ਵਿਚ ਲੈ ਲਿਆ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>