ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਈ ਤਿੰਨ ਰੋਜ਼ਾ ਵਿਕਾਸ ਪ੍ਰਦਰਸ਼ਨੀ ਨੂੰ ਸੰਗਤਾਂ ਦਾ ਵੱਡਾ ਹੁੰਗਾਰਾ

ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਅੱਜ ਪੂਰੀ ਧਾਰਮਿਕ ਮਰਿਆਦਾ ਨਾਲ ਆਰੰਭ ਹੋ ਗਿਆ। ਜੋੜ ਮੇਲ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਕੀਤੇ ਵਿਕਾਸ ਕੰਮਾਂ ਨੂੰ ਦਰਸਾਉਂਦੀ ਤਿੰਨ ਰੋਜ਼ਾ ਵਿਸ਼ਾਲ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਸ਼੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਅਤੇ ਸ਼੍ਰੀਮਤੀ ਰਾਜਿੰਦਰ ਕੌਰ ਸਲਾਣਾ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਕੀਤਾ ਗਿਆ। ਉਹਨਾਂ ਇਸ ਮੌਕੇ  ਜ਼ਿਲ੍ਹਾ ਸਭਿਆਚਾਰ ਸੋਸਾਇਟੀ ਫਤਹਿਗੜ੍ਹ ਸਾਹਿਬ ਵੱਲੋਂ  ਪ੍ਰਕਾਸ਼ਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੋਵੀਨਾਰ ’ਸ਼ਹਾਦਤ’ ਵੀ ਜਾਰੀ ਕੀਤਾ।

ਬੀਬੀ ਧਾਲੀਵਾਲ ਨੇ ਜੋੜ ਮੇਲ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਈ ਗਈ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਦੇ ਉਦੱਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਨਾਲ਼ ਜੋੜ ਮੇਲ ਮੌਕੇ ਦੇਸ਼ ਵਿਦੇਸ਼ ਤੋਂ  ਆਉਣ ਵਾਲ਼ੀਆਂ ਸੰਗਤਾਂ ਨੂੰ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ- ਵੱਖ  ਖੇਤਰਾਂ ਵਿੱਚ ਕੀਤੀ ਬੇਮਿਸਾਲ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਹੋਵੇਗੀ। ਬੀਬੀ ਧਾਲੀਵਾਲ ਨੇ ਵਿਕਾਸ ਪ੍ਰਦਰਸ਼ਨੀ ਵਿੱਚ ਭਾਸ਼ਾ ਵਿਭਾਗ, ਪਸ਼ੂ ਪਾਲਣ ਵਿਭਾਗ, ਸਿਹਤ ਵਿਭਾਗ, ਦਿਹਾਤੀ ਵਿਕਾਸ ਏਜੰਸੀ, ਮੱਛੀ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਵੀ ਕੀਤਾ।  ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ, ਸ਼੍ਰੀ ਪ੍ਰਦੀਪ ਸਿੰਘ ਕਾਲੇਕਾ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਸ਼੍ਰੀ ਧਰਮਪਾਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਸ੍ਰ: ਗੁਰਪਾਲ ਸਿੰਘ ਚਾਹਲ ਐਸ.ਡੀ.ਐਮ. ਫਤਹਿਗੜ੍ਹ ਸਾਹਿਬ, ਸ਼੍ਰੀਮਤੀ ਰੁਪਾਂਜਲੀ ਐਸ.ਡੀ.ਐਮ. ਖਮਾਣੋ ਵੀ ਮੌਜੂਦ ਸਨ।  ਇਹ ਵਿਕਾਸ ਪ੍ਰਦਰਸ਼ਨੀ ਅੱਜ ਪੂਰਾ ਦਿਨ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਸ਼੍ਰੀਮਤੀ ਕਰਮਜੀਤ ਕੌਰ ਨੇ ਦੱਸਿਆ ਕਿ ਪ੍ਰਦਰਸ਼ਨੀ ਵਾਲੀ ਥਾਂ ’ਤੇ ਭਾਸ਼ਾ ਵਿਭਾਗ ਵੱਲੋਂ ਭਲਕੇ 11 ਵਜੇ ਤੋਂ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ਹੀਦੀ ਜੋੜ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਬਜੁਰਗਾਂ, ਅੰਗਹੀਣਾ ਅਤੇ ਔਰਤਾਂ ਤੇ ਬੱਚਿਆਂ ਨੂੰ ਮੁਫਤ ਸਫਰ ਸਹੂਲਤ ਲਈ 16 ਮਿੰਨੀ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।  ਇਹ ਆਰਜੀ ਬੱਸ ਸੇਵਾ ਨੇੜੇ ਬਾਬਾ ਮੋਤੀ ਰਾਮ ਮਹਿਰਾ ਗੇਟ, ਸਰਹੰਦ, ਬੱਸੀ ਪਠਾਣਾ ਰੋਡ, ਪਿੰਡ ਅੱਤੇਵਾਲੀ ਤੇ ਮੰਡੋਫਲ, ਸਰਹੰਦ-ਚੁੰਨੀ ਚੰਡੀਗੜ੍ਹ ਰੋਡ ਮੇਨ ਬਸ ਸਟੈਂਡ ਸਰਹੰਦ ਮੰਡੀ ਤੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਚੱਲੇਗੀ। ਇਸ ਮੌਕੇ ਸ਼੍ਰੀ ਅਮਰਜੀਤ ਸਿੰਘ ਸ਼ਾਹੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਦੀ ਦਰਸ਼ਨੀ ਡਿਊਢੀ ਦੇ ਸਾਹਮਣੇ ਨੰਨੀ ਛਾਂ ਮੁਹਿੰਮ ਤਹਿਤ ਵਣ ਮੰਡਲ ਫਤਹਿਗੜ੍ਹ ਸਾਹਿਬ ਵੱਲੋਂ ਬੂਟਾ ਪ੍ਰਸ਼ਾਦ ਵੰਡਣ ਦੀ ਰਸਮੀ ਸ਼ੁਰੂਆਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਸੰਗਤਾਂ ਵਿੱਚ ਬੂਟਾ ਪ੍ਰਸ਼ਾਦ ਜੋੜ ਮੇਲ ਦੇ ਤਿੰਨੋ ਦਿਨ ਵੰਡਿਆ ਜਾਵੇਗਾ । ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਜਿਹੜੀ ਸੰਗਤ ਬੂਟਾ ਪ੍ਰਸ਼ਾਦ ਲੈ ਕੇ ਜਾਵੇਗੀ ਉਹ ਰੁੱਖਾਂ ਨੂੰ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਨੂੰ ਜਰੂਰ ਯਕੀਨੀ ਬਣਾਵੇ। ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫਸਰ ਸ਼੍ਰੀ ਕੇ. ਕੰਨਨ ਨੇ ਦੱਸਿਆ ਕਿ ਸੰਗਤਾਂ ਨੂੰ ਨਿੰਮ, ਅਰਜਨ, ਆਮਲਾ, ਬਹੇੜਾ, ਮੌਰਸਰੀ, ਸੀਸਮ, ਬਰਮਾਂ ਨਿੰਮ, ਅਮਰੂਦ, ਪਿੱਪਲ, ਬੋਹੜ, ਜਾਮਣ ਅਤੇ ਅੰਬ ਦੇ ਕਰੀਬ 20 ਹਜ਼ਾਰ ਬੂਟੇ ਪ੍ਰਸ਼ਾਦ ਵਜੋਂ ਮੁਫਤ ਵੰਡੇ ਜਾਣਗੇ। ਇਸ ਮੌਕੇ ਸ੍ਰ: ਕਰਨੈਲ ਸਿੰਘ ਪੰਜੋਲੀ ਕਾਰਜਕਾਰਨੀ ਮੈਂਬਰ ਐਸ.ਜੀ.ਪੀ.ਸੀ., ਸ੍ਰ: ਰਵਿੰਦਰ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ., ਸ਼੍ਰੀਮਤੀ ਹਰਜਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ., ਸੀਨੀਅਰ ਅਕਾਲੀ ਆਗੂ ਸ੍ਰ: ਰਣਜੀਤ ਸਿੰਘ ਲਿਬੜਾ, ਸ੍ਰ: ਜਗਦੀਪ ਸਿੰਘ ਚੀਮਾ  ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਸ: ਅਮਰਜੀਤ ਸਿੰਘ, ਰੇਂਜ ਅਫਸਰ ਸ੍ਰ: ਅਵਤਾਰ ਸਿੰਘ ਮਾਨ,  ਸ੍ਰ: ਜਗਦੀਪ ਸਿੰਘ ਕੁੰਬੜਾ, ਸ੍ਰ: ਹਰਪਾਲ ਸਿੰਘ, ਸ੍ਰ: ਤਰਲੋਚਨ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਅਤੇ ਸੰਗਤਾਂ ਵੀ ਮੌਜੂਦ ਸਨ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>