ਸਹੀਦੀ ਜੋੜ ਮੇਲਾ ਖਾਲਸਾਈ ਰਵਾਇਤਾਂ ਨਾਲ ਸਜਾਏ ਨਗਰ ਕੀਰਤਨ ਨਾਲ ਸੰਪੰਨ

ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਦ੍ਰਿਸ਼ (ਗੁਰਿੰਦਰਜੀਤ ਸਿੰਘ ਪੀਰਜੈਨ)

ਫਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਵੱਲੋਂ  ਮਨੁੱਖਤਾ, ਧਰਮ ਅਤੇ ਸਚਾਈ  ਦੀ  ਰੱਖਿਆ ਲਈ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ  ਦੀ ਇਤਿਹਾਸਕ  ਪਵਿੱਤਰ ਧਰਤੀ ’ਤੇ ਤਿੰਨ ਰੋਜਾ ਸਾਲਾਨਾ ਸ਼ਹੀਦੀ ਜੋੜ ਮੇਲ ਦੇ  ਅੰਤਿਮ ਦਿਨ  ਅੱਜ ਇੱਥੇ  ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ   ਪ੍ਰਾਰੰਭ ਹੋਇਆ   ਅਤੇ  ਸਰਧਾ ਦੇ ਪ੍ਰਤੀਕ, ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ  ਦੇ ਪਵਿੱਤਰ  ਸਸਕਾਰ ਅਸਥਾਨ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ ਪਹੁੰਚਣ ’ਤੇ ਅਰਦਾਸ ਉਪਰੰਤ  ਸੰਪੰਨ ਹੋਇਆ।  ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਵੇਰੇ 9 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪ੍ਰਾਰੰਭ ਹੋਇਆ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗਰੰਥੀ ਗਿਆਨੀ ਜਸਵਿੰਦਰ ਸਿੰਘ ਵੱਲੋਂ ਹੁਕਮਨਾਮਾ ਲਿਆ ਗਿਆ ਅਤੇ ਇਸ ਤੋਂ ਪਹਿਲਾਂ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਵੱਲੋਂ  ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਫੁੱਲਾਂ ਨਾਲ ਸਜਾਈ ਹੋਈ ਸੁੰਦਰ ਪਾਲਕੀ ਵਿੱਚ ਸ਼ੁਸ਼ੋਭਤ ਸਨ  ਅਤੇ ਸੁਨਹਿਰੀ ਚੌਰ ਸਾਹਿਬ ਦੀ ਸੇਵਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗਰੰਥੀ ਗਿਆਨੀ ਜਸਵਿੰਦਰ ਸਿੰਘ ਨਿਭਾ ਰਹੇ ਸਨ । ਪਾਲਕੀ ਵਿੱਚ ਸ਼ੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ ਤੇ  ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,  ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਤਰਲੋਚਨ ਸਿੰਘ, ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ  ਸਾਹਿਬ ਗਿਆਨੀ ਹਰਪਾਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਬੈਠੇ ਸਨ।  ਪਾਲਕੀ  ਵਿੱਚ ਬੈਠੇ  ਹਜੂਰੀ ਰਾਗੀ ਭਾਈ ਰਣਜੀਤ ਸਿੰਘ   ਅਤੇ ਭਾਈ  ਆਕਾਸ਼ਦੀਪ ਸਿੰਘ   ਪਵਿੱਤਰ ਬਾਣੀ ਦਾ ਰਸਭਿੰਨਾ ਕੀਰਤਨ ਕਰ ਰਹੇ ਸਨ ।

ਨਗਰ ਕੀਰਤਨ ਦੇ  ਪ੍ਰਾਰੰਭ  ਸਮੇਂ ਅਰਦਾਸ ਵਿਚ ਵਿਧਾਇਕ ਹਲਕਾ ਸਰਹਿੰਦ ਸ੍ਰੀ ਦੀਦਾਰ ਸਿੰਘ ਭੱਟੀ,ਮੈਂਬਰ ਅੰਤ੍ਰਿਗ ਕਮੇਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ. ਕਰਨੈਲ ਸਿੰਘ ਪੰਜੋਲੀ, ਸ੍ਰੋਮਣੀ ਗੁਰਦੁਆਰਾ ਪ੍ਰੁਬੰਧਕ ਕਮੇਟੀ ਦੇ ਮੈਂਬਰ ਸ.ਰਵਿੰਦਰ ਸਿੰਘ ਖਾਲਸਾ,ਸ.ਜਗਦੀਪ ਸਿੰਘ ਚੀਮਾ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਜਥੇਦਾਰ ਸਵਰਨ ਸਿੰਘ ਚਨਾਰਥਲ,ਸਕੱਤਰ ਐਸ.ਜੀ.ਪੀ.ਸੀ . ਸ. ਦਿਲਮੇਘ ਸਿੰਘ, ਐਡੀਸ਼ਨਲ ਸਕੱਤਰ ਸ. ਗੁਰਦਰਸ਼ਨ ਸਿੰਘ, ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਸ. ਅਮਰਜੀਤ ਸਿੰਘ, ਮੈਨੇਜਰ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਸ.ਜਗੀਰ ਸਿੰਘ, ਮੈਨੇਜਰ ਗੁਰਦੁਆਰਾ ਕਟਾਣਾ ਸਾਹਿਬ ਸ. ਸੁਖਵਿੰਦਰ ਸਿੰਘ, ਮੈਨੇਜਰ ਗੁਰਦੁਆਰਾ ਮਾਛੀਵਾੜਾ ਸਾਹਿਬ ਸ.ਗੁਰਮੀਤ ਸਿੰਘ ,ਭਾਈ ਸੁਖਦੇਵ ਸਿੰਘ ਹੈਡ ਗਰੰਥੀ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਹੋਈ।

ਖਾਲਸਾਈ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਏ ਨਗਰ ਕੀਰਤਨ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ  ਪਹੁੰਚੇ ਸ਼ਰਧਾਲੂਆਂ ਦੀ ਸ਼ਰਧਾ ਦੀ ਭਾਵਨਾ  ਦਾ ਅਲੌਕਿਕ ਨਜ਼ਾਰਾ  ਵੇਖਣ ਵਾਲਾ ਹੀ ਬਣਦਾ ਸੀ  ਜਦੋਂ  ਪੋਹ ਦੇ ਮਹੀਨੇ ਦੀ ਕੜਕਦੀ ਠੰਡ ’ਚ  ਨੰਗੇ ਪੈਰੀਂ ਸ਼ਰਧਾਲੂ  ਮਾਸੂਮ ਜਿੰਦਾ ਅਤੇ ਮਾਤਾ ਗੁਜਰ ਕੌਰ ਜੀ ਨੂੰ  ਖਿਰਾਜ਼ੇ ਅਕੀਦਤ  ਪੇਸ਼ ਕਰਨ ਲਈ  ਉਮੜੇ । ਪਾਲਕੀ ਵਿੱਚ ਸ਼ੁਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ  ਨੂੰ  ਸੰਗਤਾਂ  ਨਤਮਸਤਕ  ਹੋਣ ਲਈ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ  ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ’ਬੋਲੇ ਸੋ ਨਿਹਾਲ ਅਤੇ ਸਤਿ ਸ਼੍ਰੀ ਅਕਾਲ’ ਦੇ  ਜੈਕਾਰਿਆਂ ਨਾਲ਼  ਆਕਾਸ਼  ਗੂੰਜ ਰਿਹਾ ਸੀ । ਨਗਰ ਕੀਰਤਨ ਦੌਰਾਨ ਸੰਗਤਾਂ  ਪਵਿੱਤਰ ਬਾਣੀ  ਦੇ ਸਬਦਾਂ ਦਾ ਗਾਇਣ ਕਰ ਰਹੀਆਂ ਸਨ । ਨਗਰ ਕੀਰਤਨ ਵਿੱਚ  ਸੈਂਕੜੇ ਰਾਗੀ ਜਥੇ, ਗੱਤਕਾ ਪਾਰਟੀਆਂ, ਸੇਵਾ ਦਲ,ਸੁਖਮਨੀ ਸੇਵਾ ਸੋਸਾਇਟੀਆਂ,   ਖਾਲਸਾਈ ਬਾਣੇ ਵਿੱਚ ਸਜੇ  ਵੱਖ ਵੱਖ ਸਕੂਲਾਂ ਦੇ  ਨੰਨੇ ਮੁੰਨੇ ਬੱਚੇ  ,  ਨਿਹੰਗ ਸਿੰਘਾਂ   ਅਤੇ ਬੀਬੀਆਂ ਦੀਆਂ ਗਤਕਾ ਪਾਰਟੀਆਂ ਆਪਣੀ ਕਲਾ ਦੇ ਜੌਹਰ ਵਿਖਾਕੇ  ਮਹਾਨ ਸ਼ਹੀਦਾਂ ਨੂੰ ਸ਼ਰਧਾ ਅਰਪਿਤ ਕਰ ਰਹੀਆਂ ਸਨ ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਿੱਖਿਆ ਨਿਰਦੇਸਕ ਡਾ  ਗੁਰਮੋਹਨ ਸਿੰਘ ਵਾਲੀਆਂ ਦੀ  ਅਗਵਾਈ ਹੇਠ ਐਸ.ਜੀ.ਪੀ.ਸੀ ਦੀਆਂ ਵਿੱਦਿਅਕ ਸੰਸਥਾਵਾਂ  ਦੇ ਹਜ਼ਾਰਾਂ  ਵਿਦਿਆਰਥੀਆਂ ਨੇ ਖਾਲਸਾਈ ਪਹਿਰਾਵੇ ਵਿੱਚ   ਮਾਦਾ ਭਰੂਣ  ਹੱਤਿਆ  ਅਤੇ ਨਸ਼ਾਖੋਰੀ ਵਿਰੁੱਧ  ਲੋਕਾਂ ਨੂੰ  ਨਾਅਰੇ ਲਿਖੇ ਬੈਨਰ ਅਤੇ ਤਖਤੀਆਂ  ਲੈ ਕੇ  ਸੰਗਤਾਂ ਨੂੰ ਜਾਗਰੂਕ  ਕਰ ਰਹੇ ਸਨ ।  ਇਥੇ ਵਰਨਣਯੋਗ  ਹੈ ਕਿ  ਐਸ.ਜੀ.ਪੀ.ਸੀ.  ਵੱਲੋਂ  ਬਾਬਾ ਬੰਦਾ  ਸਿੰਘ ਬਹਾਦਰ ਦੇ ਬਹਾਦਰੀ  ਦੇ ਕਾਰਨਾਮਿਆਂ ਨੂੰ ਪ੍ਰਦਰਸਤ ਕਰਨ ਵਾਲੀ ਪ੍ਰਦਰਸ਼ਨੀ ਲਗਾਈ  ਗਈ  , ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 100 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ ਐਸ.ਜੀ.ਪੀ.ਸੀ  ਦੀਆਂ ਵਿੱਦਿਅਕ ਸੰਸਥਾਵਾਂ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਦਰਸਾਉਂਦੇ  15 ਧਾਰਮਿਕ ਨਾਟਕ ਵੀ  ਖੇਡੇ  ਗਏ । ਨਗਰ ਕੀਰਤਨ  ਬਾਅਦ ਦੁਪਹਿਰ 01-00 ਵਜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁਜਣ ’ ਤੇ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਸੰਪੰਨ ਹੋਇਆ । ਇਸ ਮੌਕੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਵਾਕ ਲਿਆ। ਅਰਦਾਸ ਸਮੇਂ ਸਮੂਹ ਸ਼ਰਧਾਲੂਆਂ ਨੇ ਆਪੋ ਆਪਣੇ ਸਥਾਨ ਤੇ ਖੜ੍ਹੇ ਹੋ ਕੇ ਸਾਹਿਬਜਾਦਿਆਂ ਅਤੇ ਮਾਤਾ  ਗੁਜਰ ਕੌਰ ਜੀ  ਨੂੰ ਸ਼ਰਧਾਂਜਲੀ ਭੇਟ ਕੀਤੀ।

ਕੌਮ ਦੇ ਨਾਂ ਸੰਦੇਸ਼ ਵਿੱਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ  ਅਕਾਲ ਤਖਤ ਸਾਹਿਬ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਸਿੱਖ ਜਥੇਬੰਦੀਆਂ ਇਕਮੁੱਠ ਹੋ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨ ਅਤੇ  ਸਿੱਖ ਧਰਮ ਲਈ  ਕੁਰਬਾਨੀਆਂ ਦੇਣ ਵਾਲੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ  ਗੁਜਰ ਕੌਰ ਜੀ  ਨੂੰ  ਅੱਜ ਸੱਚੀ ਸ਼ਰਧਾਂਜਲੀ  ਇਹੋ ਹੋਵੇਗੀ ਕਿ ਅਸੀ ਦੇਸ਼ ਵਿਦੇਸ਼ ਵਿੱਚ ਸਿੱਖ ਧਰਮ ਦੀ ਇੱਜਤ ਦਾ ਪ੍ਰਤੀਕ  ਪੱਗੜੀ  ਦੀ ਪਹਿਚਾਣ  ਨੂੰ ਬਰਕਰਾਰ ਰੱਖਣ ਲਈ ਇਸ ਪਵਿੱਤਰ ਮੌਕੇ ਇੱਕਜੁੱਟ ਹੋ ਕੇ ਸੰਘਰਸ ਕਰਨ ਦਾ ਪ੍ਰਣ ਲਈਏ ।  ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ  ਅਪੀਲ ਕੀਤੀ ਕਿ  ਨੋਜਵਾਨ ਪੀੜੀ ਨੂੰ ਸਿੱਖੀ ਪਹਿਰਾਵਾ ਅਤੇ ਸਿਧਾਤਾਂ ਨੂੰ  ਅਪਨਾਉਣ ਲਈ ਪ੍ਰੇਰਤ ਕਰੀਏ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕੇ ।   ਉਹਨਾਂ ਦੂਰੋਂ ਨੇੜਿਓਂ ਆਈ ਸਮੂਹ ਸੰਗਤ ਦਾ ਜੋੜ ਮੇਲ ਮੌਕੇ ਪਹੁੰਚਣ ਅਤੇ ਸ਼ਾਤਮਈ ਰਹਿਕੇ ਖਾਲਸਈ ਮਰਿਆਦਾ ਅਨੁਸਾਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ  ਤੇ ਧੰਨਵਾਦ ਕੀਤਾ। ਉਨ੍ਹਾਂ ਸੰਗਤਾਂ ਦੀ ਸਹੂਲਤ ਲਈ  ਵੱਡੀ ਪੱਧਰ ਤੇ ¦ਗਰ ਲਗਾਉਣ ’ਤੇ ਵੀ ਸੰਗਤਾਂ ਦਾ ਧੰਨਵਾਦ ਕੀਤਾ ।  ਇਸ ਮੌਕੇ ਐਸ.ਜੀ.ਪੀ.ਸੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਸਮੂਹ ਸੰਗਤਾਂ ਵਿੱਚ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਜਰਨਲ ਸਕੱਤਰ ਸ੍ਰੋਮਣੀ ਅਕਾਲੀ ਦਲ ਵੀ ਸ਼ਾਮਲ ਸਨ ।

ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਸ੍ਰ: ਪਰਮਰਾਜ ਸਿੰਘ ਉਮਰਾਨੰਗਲ , ਜ਼ਿਲ੍ਹੇ ਦੇ  ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ, ਐਸ.ਐਸ.ਪੀ. ਸ੍ਰ: ਰਣਬੀਰ ਸਿੰਘ ਖੱਟੜਾ ਨੇ ਜੋੜ ਮੇਲ ਅਮਨ ਅਮਾਨ ਨਾਲ਼ ਸਮਾਪਤ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਈ ਸੰਗਤ, ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੂਹ ਧਾਰਮਿਕ ਅਤੇ ਸਵੈ ਸੇਵੀ ਜਥੇਬੰਦੀਆਂ ਵੱਲੋਂ ਮਿਲੇ ਸਹਿਯੋਗ ਬਦਲੇ ਉਹਨਾਂ ਦਾ ਧੰਨਵਾਦ ਕੀਤਾ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>