ਜਬੈ ਬਾਣ ਲਾਗਿਓ , ਤਬੈ ਰੋਸ ਜਾਗਿਓ!

ਪਾਂਡੇ ਜੀ ਕੰਮ ਕਾਜ ਵਿੱਚ ਚੁਸਤ ਚਤੁਰ ਫੋਰਮੈਨ ਸੀ। ਉਹ ਇੱਕ ਚੰਗਾ ਪ੍ਰੋਜੈਕਟ ਮੈਨੇਜਰ ਮੰਨਿਆਂ ਜਾਂਦਾ ਸੀ।  ਕ੍ਰਿਸ਼ਨਨ, ਉਸ ਦਾ ਬਹੁੱਤ ਚੰਗਾ ਮਿੱਤਰ ਸੀ। ਦੋਵੇਂ ਫੋਰਮੈਨ ਹਸਦੇ ਹਸਾਉਂਦੇ ਵੀ ਰਹਿੰਦੇ। ਮਹੀਨੇ ਦੇ ਅੰਤਲੇ ਐਤਵਾਰ ਨੂੰ ਇਕੱਠੇ ਬੈਠ ਕੇ ਦੁਪਿਹਰ ਦਾ ਖਾਣਾ ਖਾਂਦੇ ਸਨ, ਕਦੇ ਮਦਰਾਸੀ ਰੈਸਤੋਰਾਂਤ ਵਿੱਚ ਅਤੇ ਕਦੇ ਪੰਜਾਬੀ ਢਾਬੇ ਉੱਤੇ।

ਅੱਜ ਕ੍ਰਿਸ਼ਨਨ ਦੇ ਮੂੰਹੋਂ ਅਜੇਹੀ ਚੁਭਵੀਂ ਗੱਲ ਨਿੱਕਲ਼ੀ ਕਿ ਪਾਂਡੇ ਜੀ ਦਾ ਸੁਡੌਲ ਸ਼ਰੀਰ ਮਿੱਟੀ ਨਿਆਈਂ ਹੋ ਗਿਆ, ਬੇਜਾਨ ਜਿਵੇਂ ਖੂਨ ਦਾ ਦੌਰਾ ਰੁਕ ਗਿਆ ਹੋਵੇ। ਫੇਰ ਅਚਾਨਕ ਅੱਖਾਂ ’ਚ ਲਾਲੀ ਛਾ ਗਈ। ਕ੍ਰਿਸ਼ਨਨ ਵੀ ਕੀ ਕਰਦਾ ਦੋਸਤ ਤੋਂ ਕਿੰਨਾ ਕੁ ਚਿਰ ਛੁਪਾਈ ਰੱਖਦਾ ਜੋ ਗੱਲ ਉਸ ਨੂੰ ਚਿਰਾਂ ਤੋਂ ਸਤਾ ਰਹੀ ਸੀ। ਉਸਨੇ ਹਿੰਮਤ ਕਰਕੇ ਗੱਲ ਉਗਲ ਹੀ ਦਿੱਤੀ। ਅਪਣੇ ਦੋਸਤ ਨਾਲ਼ ਹੋ ਰਿਹਾ ਧੋਖਾ, ਨਿਰਾ ਜ਼ੁਲਮ ਉਹ ਸਹਿ ਨਾ ਸਕਿਆ। ਸਬਰ ਦਾ ਬੰਧ ਆਖ਼ਰ ਟੁੱਟਣਾ ਹੀ ਸੀ।

“ ਪਾਂਡੇ ਜੀ, ਤੇਰਾ ਕੋਈ ਦੋਸਤ ਹੈ ਜੋ ਮੋਟਰ ਸਾਇਕਲ ਰੱਖਦਾ ਹੈ?” ਕ੍ਰਿਸ਼ਨਨ ਝਿਜਕਿਆ ਵੀ ਪਰ, ਸੰਜੀਦਾ ਹੋ, ਬੋਲ ਹੀ ਪਿਆ।

“ ਨਹੀਂ। ਮੇਰੇ ਦੋਸਤ ਹੀ ਘੱਟ ਹਨ। ਇੱਕ ਕ੍ਰਿਸ਼ਨਨ ਜੀ ਤੁਸੀਂ ਹੋ ਅਤੇ ਦੂਜਾ ਮਹਿਰਾ ਜੀ ਨੇ।”

“ ਕੋਈ ਸਰਦਾਰ ਜੀ ਵੀ ਜਾਣਦਾ ਹੈ ਤੈਨੂੰ?”

“ ਮੈਂ ਪੰਜਾਬੀ ਹਾਂ। ਪਿੰਡ ਵਿੱਚ ਤਾਂ ਬਥੇਰੇ ਨੇ ਸਰਦਾਰ, ਲੰਗੋਟੀਏ ਯਾਰ, ਪਰ ਐਥੇ ਜੋ ਵੀ ਹਨ ਉਹਨਾਂ ਨਾਲ ਕੰਮ ਤੱਕ ਹੀ ਸੀਮਿਤ ਮੁਲਾਕਾਤ ਹੈ। ਫੈਕਟਰੀ ਵਿੱਚ ਹੀ ਹੋ ਜਾਂਦੀ ਐ, ਦੁਆ ਸਲਾਮ ਕੱਈਆ ਨਾਲ਼।”

“ ਤਾਂ ਫੇਰ ਤੇਰੀ ਗੈਰਹਾਜ਼ਰੀ ਵਿੱਚ ਤੇਰੇ ਘਰ ਜੋ ਸਰਦਾਰ ਸਾਹਿਬ ਆਉਂਦੇ ਨੇ ਉਹ ਕੌਣ ਹੈ? ਕੋਈ ਤੇਰੀ ਬੀਵੀ ਦਾ ਦੂਰ ਦਾ ਰਿਸ਼ਤੇਦਾਰ ਤਾਂ ਨਹੀਂ, ਯਾਦ ਕਰ?” ਕ੍ਰਿਸ਼ਨਨ ਨੂੰ ਉਸਦੇ ਮਨ ’ਚ ਵਸਿਆ ਸ਼ੱਕ ਪੱਕਾ ਹੁੰਦਾ ਨਜ਼ਰ ਆਇਆ।

“ ਪੰਜਾਬ ਵਿੱਚ ਇਹਨਾਂ ਦਾ ਟੱਬਰ ਬਹੁੱਤਿਆਂ ਨਾਲ਼ ਵਰਤਦਾ ਹੈ ਪਰ ਐਥੇ, ਬੰਗਾਲ ਵਿੱਚ ਤਾਂ ਕੋਈ ਨਹੀਂ। ਪੰਜਾਬ ਤੋਂ ਜਦੋਂ ਵੀ ਕੋਈ ਆਉਂਦਾ ਹੈ ਆਪ ਨੂੰ ਪਹਿਲਾਂ ਹੀ ਪਤਾ ਲਗ ਜਾਂਦਾ ਹੈ।”

“ ਪਾਂਡੇ ਜੀ, ਮੈਂ ਇਹ ਨਹੀਂ ਕਹਿੰਦਾ ਕਿ ਖ਼ਾਹਮਖ਼ਾਹ ਹੀ ਅਪਣੀ ਪਤਨੀ ਤੇ ਸ਼ੱਕ ਕਰਨਾ ਸ਼ੁਰੂ ਕਰ ਦਿਓ ਪਰ ਮੁਆਮਲਾ ਕੁੱਝ ਗੁੰਝਲਦਾਰ ਵੀ ਹੋ ਸਕਦਾ ਹੈ, ਧਿਆਨ ਦੇਣ ਵਿੱਚ ਹਰਜ਼ ਵੀ ਨਹੀਂ।” ਕ੍ਰਿਸ਼ਨਨ ਗੱਲ ਮੁਕਾਉਣ ਦੀ ਕਾਹਲ਼ੀ ’ਚ ਨਜ਼ਰ ਆਇਆ। ਜੋ ਪਾਂਡੇ ਜੀ ਵੀ ਭਾਂਪ ਗਏ।

“ ਨਹੀਂ ਯਾਰ, ਮੇਰੀ ਵਹੁੱਟੀ ਤਾਂ ਬਹੁੱਤ ਚੰਗੇ ਸ਼ਰੀਫ ਘਰਾਣੇ ਦੀ ਕੁੜੀ ਐ। ਅਜੇਹਾ ਕੋਈ ਕੁਕਰਮ ਨਹੀਂ ਕਰੇਗੀ ਜਿਸ ਕਾਰਨ ਚੰਗੀ ਭਲੀ ਚਲ ਰਹੀ ਜਿੰਦਗੀ ਵਿੱਚ ਰੁਕਾਵਟ ਆ ਵੜੇ। ਪਿਉ ਦੀ ਲਾਡਲੀ ਅਪਣੇ ਪਿਉ ਦੀ ਦਾੜ੍ਹੀ ਵਿੱਚ ਖੇਹ ਦੀ ਲੱਪ ਕਦੇ ਨਹੀਂ ਸੁੱਟ ਸਕਦੀ। ਮੇਰੀ ਇੱਜ਼ਤ ਦਾ ਵੀ ਬਹੁੱਤ ਨਹੀਂ ਪਰ ਥੋੜ੍ਹਾ ਤੇ ਖਿਆਲ ਰੱਖੇਗੀ ਹੀ।” ਪਾਂਡੇ ਜੀ ਨੇ ਅਪਣੀ ਪ੍ਰੇਸ਼ਾਨੀ ਛੁਪਾਉਂਦਿਆਂ ਗੱਲ ਤੇ ਮਿੱਟੀ ਹੀ ਪਾਉਣ ਦੀ ਹਿੰਮਤ ਕੀਤੀ। ਪਰ ਦਿਲ ’ਚ ਪਿਆ ਦ੍ਰਾੜ ਦੁਖਣੋਂ ਨਾ ਰਹਿ ਸਕਿਆ।

ਉਹ ਛੁੱਟੀ ਤੋਂ ਬਾਅਦ ਨਿੱਤ ਵਾਂਗ ਹੀ ਘਰ ਪਹੁੰਚ ਗਿਆ। ਵਹੁੱਟੀ ਆਰਾਮ ਨਾਲ਼ ਬਿਸਤਰ ਤੇ ਲੇਟੀ ਹੋਈ, ਨਾਵਲ ਪੜ੍ਹ ਰਹੀ ਸੀ। ਪਾਂਡੇ ਵੀ, ਪਹਿਲਾਂ ਵਾਂਗ ਹੀ, ਅਪਣਾ ਅਖ਼ਬਾਰ ਚੁੱਕ, ਨੇੜੇ ਪਈ ਕੁਰਸੀ ਤੇ ਬੈਠ ਗਿਆ। ਤਾਜ਼ਾ ਖਬਰਾਂ ’ਚ ਸਰਸਰੀ ਨਿਗਾਹ ਘੁਮਾਉਣ ਲਗ ਪਿਆ। ਅਖ਼ਬਾਰ ਦੇ ਕੋਣੇ ਨੂੰ ਮਰੋੜ ਕੇ ਕਦੇ ਕਦੇ ਅਪਣੀ ਪਤਨੀ ਵੱਲ ਸ਼ੱਕ ਭਰੀ ਝਾਤੀ ਮਾਰਦਾ।

ਪਤਨੀ ਨੇ, ਕਾਹਲ਼ੀ ਕਾਹਲ਼ੀ, ਨਾਵਲ ਦਾ ਚਲ ਰਿਹਾ ਪੰਨਾ ਮੁਕਾਇਆ ਤੇ ਕਿਤਾਬ ਬੰਦ ਕਰਕੇ ਛਾਈ ਚੁੱਪ ਦਾ ਅੰਤ ਕੀਤਾ।, “ ਜੀ, ਅੱਜ ਲੰਚ ਕਿੱਦਾਂ ਰਿਹਾ। ਕੀ ਖਾਧਾ ਸੀ?”

“ ਖਾਸ ਸੁਆਦ ਨਹੀਂ ਸੀ। ਸਾਂਬਰ ਵਿੱਚ ਮਿਰਚਾਂ ਬਹੁੱਤ ਸਨ। ਪੇਟ ’ਚ ਅਜੇ ਵੀ ਮਰੋੜਾ ਮਾਰੀ ਜਾਂਦਾ ਐ। ਕ੍ਰਿਸ਼ਨਨ ਦੀਆਂ ਗੱਲਾਂ ਵੀ ਜੀਭ ਸਾੜ ਗੱਈਆਂ, ਮਿਰਚ ਮਸਾਲੇ ਵਾਲ਼ੀਆਂ ਚੁਗਲੀਆਂ ਨਾਲ਼ ਜਿਵੇਂ ਕਈ ਵੇਰ ਹੋ ਜਾਂਦਾ ਐ।”

“ ਮੈਂ ਚਾਹ ਲੈ ਕੇ ਆਉਂਦੀ ਆਂ।” ਵਹੁਟੀ ਚਲੀ ਗਈ। ਪਾਂਡੇ ਦੀ ਦਿਲ ਪੀੜ ਅਖ਼ਬਾਰ ਦੀਆ ਖਬਰਾਂ ਵਿੱਚ ਖੁਰਦ ਬੁਰਦ ਹੋ ਗਈ।  ਅਖ਼ਬਾਰ ਦੇ ਪੜਦੇ ਪਿਛਿਓਂ ਮਨ ਵਿੱਚ ਜਨਮ ਲੈ ਰਹੇ ਕਈ ਸੁਆਲਾਂ ਦੇ ਹੱਲ ਵੀ ਦਿਮਾਗ਼ ਵਿੱਚ ਸੁਲਝ ਗਏ। ਚਾਹ ਆ ਗਈ। ਪਾਂਡੇ ਨੇ ਅਖ਼ਬਾਰ ਦਾ ਗੁੱਥਾ ਅਪਣੀ ਕੁਰਸੀ ਦੀ ਬਾਂਹ ਅਤੇ ਅਪਣੀ ਲੱਤ ਵਿਚਕਾਰ ਠੋਸ ਲਿਆ।

ਫੇਰ ਪਾਂਡੇ ਜੀ ਨੇ ਵਹੁੱਟੀ ਵੱਲ ਦੇਖਿਆ ਤੇ ਬੋਲਿਆ,“ ਸ਼ਰਨ, ਅੱਜ ਤੂੰ ਲੰਚ ਕਰ ਲਿਆ ਸੀ? ਚੰਗਾ ਹੋਵੇ ਜੇ ਤੂੰ ਵੀ ਕਦੇ ਕਦੇ ਸਾਡੇ ਨਾਲ ਬਹਿ ਕੇ ਦੁਪਿਹਰ ਦਾ ਖਾਣਾ ਖਾਇਆ ਕਰੇਂ। ਕ੍ਰਿਸ਼ਨਨ ਦੀ ਵਹੁੱਟੀ ਤਾਂ ਅਕਸਰ ਆ ਜਾਂਦੀ ਐ।” ਪਾਂਡੇ ਜੀ ਨੇ ਕੁੱਝ ਕਹਿਣ ਲਈ ਕਹਿ ਦਿੱਤਾ।

“ ਪਹਿਲਾਂ ਤਾਂ ਕਦੇ ਨਹੀਂ ਪੁੱਛਿਆ। ਅੱਜ ਐਨੀ ਮਿਹਰਬਾਨੀ ਕਿਉਂ? ਨਾ ਜੀ ਨਾ, ਕੌਣ ਸੁਣੇਗਾ ਤੁਹਾਡੀਆਂ ਦਫਤਰ ਦੀਆਂ ਰੁੱਖੀਆਂ ਗੱਲਾਂ, ਪੂਰੇ ਪੰਤਾਲ਼ੀ ਮਿੰਨਟ, ਉਹ ਵੀ ਟੁੱਟੀ ਫੁੱਟੀ ਅੰਗ੍ਰੇਜ਼ੀ ਵਿੱਚ, ਜੋ ਮੇਰੀ ਸਮਝ ਤੋਂ ਬਾਹਰ ਹੁੰਦੀਆਂ ਨੇ। ਮੈਂ ਤਾਂ ਘਰੇ ਹੀ ਠੀਕ ਹਾਂ।”

“ ਤੇਰੀ ਮਰਜ਼ੀ। ਨਾਵਲ ਵਰਗਾ ਸੁਆਦ ਸਾਡੀਆਂ ਗੱਲਾਂ ’ਚ ਕਿੱਥੇ।” ਉਹ ਬੋਲਿਆ ਫੇਰ ਅਖ਼ਬਾਰ ਚੁੱਕ ਕੇ ਮੇਜ਼ ਤੇ ਰੱਖ ਆਇਆ। ਸ਼ਰਨ ਵੱਲ ਕੁੱਝ ਇਸ ਤਰ੍ਹਾਂ ਵੇਖਿਆ ਜਿਵੇਂ ਉਸਦੇ ਸ਼ਰੀਰ ਤੇ ਲਿੱਖੀ ਇਬਾਰਤ ਪੜ੍ਹ ਰਿਹਾ ਹੋਵੇ। ਫੇਰ ਅਪਣੇ ਮੱਥੇ ਅਤੇ ਮੂੰਹ ਤੇ ਹੱਥ ਘੁਮਾ ਮੁੜ ਕੁਰਸੀ ਤੇ ਬੈਠ ਕੇ ਚਾਹ ਦੇ ਘੁੱਟ ਭਰੇ।

ਸੋਚਣ ਲੱਗਾ – ਜੇ ਕਰ ਕ੍ਰਿਸ਼ਨਨ ਦੀ ਗੱਲ ਸੱਚੀ ਹੋਈ ਤਾਂ ਕੀ ਕਰਾਂਗਾ। ਕੀ ਇਹ ਮਿੱਠ ਬੋਲੜੀ, ਸਮੇ ਸਿਰ ਰੋਟੀ ਪਾਣੀ ਹਾਜ਼ਰ ਕਰਨ ਵਾਲੀ, ਕੁਰਾਹੇ ਪੈ ਗਈ ਹੋਵੇਗੀ? ਅਮੀਰਤ ਵਿੱਚ ਤਾਂ ਅਸੀਂ ਨਹੀਂ ਪਰ ਕਿਸੇ ਲੋੜੀਂਦੀ ਚੀਜ਼ ਦੀ ਕਮੀ ਵੀ ਨਹੀਂ। ਘਰੋਂ ਤੁਰਦੀ ਕਰ ਦੇਣਾ ਜਾਂ ਪਿੰਡ ਘੱਲ ਦੇਣਾ ਵੀ ਸਹੀ ਇਲਾਜ ਨਹੀਂ। ਲੜਾਈ ਦਾ ਭਾਅ ਪੁੱਛਣ ਵਾਲ਼ੀ ਗੱਲ ਹੋਵੇਗੀ। ਪਰ ਮੈਂ ਅਜੇਹਾ ਕਿਉਂ ਸੋਚ ਰਿਹਾ ਹਾਂ। ਮੀਆਂ ਬੀਵੀ ਦਾ ਰਿਸ਼ਤਾ ਤਾਂ ਪਿਆਰ ਦੀ ਡੋਰ ਨਾਲ ਬੰਨ੍ਹਿਆਂ ਹੁੰਦਾ ਹੈ। ਪਰ ਇਹ ਵੀ ਸੱਚ ਹੈ ਕਿ ਇਹ ਡੋਰ ਕੱਚੀ ਹੁੰਦੀ ਐ। ਮੇਰੀ ਸ਼ੰਕਾ ਨਫਰਤ ਨੂੰ ਜਨਮ ਦੇ ਰਹੀ ਹੈ। ਧਾਗਾ ਤੜਿੱਕ ਵੀ ਹੋ ਸਕਦਾ ਹੈ। ਮੈਂ ਕਿਉਂ ਬਦਨਾਮੀ ਦਾ ਸਾਧਨ ਤਿਆਰ ਕਰ ਰਿਹਾ ਹਾਂ। ਜੋ ਕ੍ਰਿਸ਼ਨਨ ਦੀ ਵਹੁੱਟੀ ਨੇ ਵੇਖਿਆ ਹੈ, ਉਹ ਹੋਰ ਵੀ ਕਈ ਵਹੁੱਟੀਆਂ ਨੇ ਵੇਖਿਆ ਹੋਵੇਗਾ। ਬਦਨਾਮੀ ਤੇ ਹੋ ਹੀ ਰਹੀ ਐ। ਕੁੱਝ ਤੇ ਕਰਨਾ ਹੀ ਪਵੇਗਾ। ਅਪਣੀ ਉਦਾਸੀ ਨੂੰ ਜੀਵਨ ਭਰ ਦਾ ਸਾਥੀ ਬਣਾ ਲੈਣਾ ਮੂਰਖਤਾ ਹੋਵੇਗੀ। ਅਸਲੀਅਤ ਜਾਣਨ ਦੀ ਉਤਸੁਕਤਾ ਪ੍ਰੇਸ਼ਾਨ ਕਰਨ ਲੱਗੀ।

ਉਹ ਦਫਤਰ ਤੋਂ ਛੁੱਟੀ ਲੈ ਕੇ ਅਪਣੇ ਘਰ ਵੱਲ ਘੁੰਮ ਜਾਂਦਾ ਪਰ ਘਰ ਨਾ ਵੜਦਾ। ਸੋਚਦਾ ਅਪਣੀਆਂ ਅੱਖਾਂ ਨਾਲ ਮੋਟਰ ਸਾਇਕਲ ਵਾਲੇ ਦੇ ਦਰਸ਼ਨ ਕਰਨੇ ਜ਼ਰੂਰੀ ਹਨ। ਐਵੇਂ ਸ਼ੱਕ ਕਰਨਾ ਵਾਜਵ ਨਹੀਂ। ਸਮਾਂ ਰੋਕਿਆਂ ਨਹੀਂ ਰੁਕਦਾ। ਬੀਤਦਾ ਹੀ ਗਿਆ।

ਇੱਕ ਦਿਨ ਪਾਂਡੇ ਨੇ ਅਪਣੀ ਪਤਨੀ ਨੂੰ ਦਫਤਰ ਜਾਣ ਤੋਂ ਪਹਿਲਾਂ ਕਿਹਾ,“ ਸ਼ਰਨ, ਅੱਜ ਮੈਂ ਸ਼ਾਮੀ ਦੇਰ ਨਾਲ਼ ਆਵਾਂਗਾ। ਕੰਪਨੀ ਵਾਲਿਆਂ ਨੇ ਕੁੱਝ ਬੰਦੇ ਜਰਮਨੀ ਟ੍ਰੇਨਿੰਗ ਲਈ ਭੇਜਣੇ ਹਨ। ਮੇਰੀ ਵੀ ਇੰਨਟਰਵਿਯੂ ਹੈ।

ਪਾਂਡੇ ਜੀ ਸਮੇ ਤੋਂ ਵੀ ਕੁਝ ਚਿਰ ਪਹਿਲਾਂ ਘਰ ਵੱਲ ਆ ਗਿਆ। ਸ਼ੱਕ ਵਿੱਚ ਵਾਧਾ ਹੋ ਗਿਆ। ਮੋਟਰ ਸਾਇਕਲ ਵਾਲ਼ਾ ਉਸਦੇ ਘਰ ਤੋਂ ਕੁੱਝ ਹੀ ਮੀਟਰ ਦੀ ਦੂਰੀ ਤੇ ਸੀ ਜਦੋਂ ਪਾਂਡੇ ਜੀ ਨੇ ਆ ਕੇ ਅਪਣਾ ਵਾਹਨ ਘਰ ਦੇ ਸਾਹਮਣੇ ਖੜਾ ਕੀਤਾ।  ਸਿਰ ਹਿਲਾ ਕੇ ਦੋਹਾਂ ਦੀ ਸਲਾਮ ਦੀ ਵੀ ਅਦਲਾ ਬਦਲੀ ਹੋਈ। ਪਤਨੀ ਘਰ ਦੀ ਖਿੜਕੀ ਚੋਂ ਬਾਹਰ ਤੱਕਦੀ ਵੀ ਵੇਖੀ। ਉਹ ਫੁਰਤੀ ਨਾਲ਼ ਅਲ਼ੋਪ ਵੀ ਹੋ ਗਈ, ਸ਼ਾਇਦ ਪਤੀ ਦੇ ਆਗਮਨ ਕਾਰਨ।

ਪਾਂਡੇ ਜੀ ਨੇ ਅਪਣੀ ਚਾਬੀ ਨਾਲ਼ ਦਰਵਾਜ਼ਾ ਖੋਹਲਿਆ। ਅੰਦਰ ਸਾਰੇ ਕਮਰਿਆਂ ਵਿੱਚ ਘੁੰਮਿਆਂ। ਵਹੁੱਟੀ ਨਜ਼ਰ ਨਹੀਂ ਆਈ। ਘਰ ਦਾ ਵਾਤਾਵਰਣ ਕਹਾਣੀ ਬਿਆਨ ਕਰਦਾ ਨਜ਼ਰ ਆਇਆ। ਉਹ ਰੋਸ ਦਾ ਸਿਕਾਰ ਹੋ ਹੀ ਗਿਆ। ਪਰ ਛੇਤੀ ਹੀ ਸ਼ੁਭ ਮੱਤ ਨੇ ਮਨ ਵਿੱਚ ਸ਼ੀਤ ਲੈ ਆਂਦੀ। ਪਿਆਰ ਤੋਂ ਬਿਨਾ ਇਹ ਰਿਸ਼ਤਾ ਮੁੱਕ ਜਾਂਦਾ ਹੈ। ਮੁੱਕੇ ਸੰਬੰਧ ਦਾ ਕੀ ਗੁੱਸਾ! ਅਲੱਗ ਤਾਂ ਹੋਵਾਂਗੇ ਹੀ ਅੱਜ ਨਹੀਂ ਤਾਂ ਕੱਲ੍ਹ। ਤੈਸ਼ ਵਿੱਚ ਆ ਕੇ ਕੋਈ ਭੈੜਾ ਕਦਮ ਚੁੱਕਣਾ ਦੋਹਾ ਦਾ ਭਵਿਖ ਖ਼ਰਾਬ ਕਰ ਸਕਦਾ ਹੈ। ਅਚਾਨਕ ਪਿੱਛੋਂ ਸ਼ਰਨ ਨੇ ਆ ਕੇ ਉਸਦੇ ਮੋਢੇ ਤੇ ਹੱਥ ਮਾਰਿਆ।

“ ਤੂੰ ਕਿੱਥੇ ਸੀ?” ਪਾਂਡੇ ਜੀ ਥੋੜ੍ਹੀ ਗੁਸੈਲੀ ਆਵਾਜ਼ ਵਿੱਚ ਬੋਲਿਆ। ਉਹ ਵੀ ਕੀ ਕਰਦਾ, ਅੱਗ ਤੇ ਕਾਬੂ ਤਾਂ ਪਾ ਲਿਆ, ਪਰ ਸੁਆਹ ਅਜੇ ਗਰਮ ਹੀ ਸੀ।

“ ਖੂਹ ਵਿੱਚ। ਬਾਥਰੂਮ ਵਿੱਚ ਸੀ। ਹੋਰ ਮੈਂ ਕਿੱਥੇ ਜਾਣਾ ਸੀ।” ਸ਼ਰਨ ਨੇ ਜੁਆਬ ਤਾਂ ਦਿੱਤਾ ਪਰ ਬਹੁੱਤ ਸਹਿਮੀ ਹੋਈ ਆਵਾਜ਼ ਵਿੱਚ।

“ ਚਲ ਚੰਗਾ ਖੂਹ ਵਿੱਚ ਡਿੱਗਣਾ ਖਾਤੇ ਵਿੱਚ ਡਿੱਗਣ ਨਾਲ਼ੋਂ ਕਿਤੇ ਚੰਗਾ। ਗੱਲ ਇੱਕ ਕੰਢੇ ਤਾਂ ਲਗ ਜਾਂਦੀ ਐ। ਮੈਂ ਤਾਂ ਡਰ ਹੀ ਗਿਆ ਸੀ ਪਤਾ ਨਹੀਂ ਕਿੱਧਰ ਤੁਰ ਗਈ! ਕਾਹਲ਼ੀ ਵਿੱਚ ਅਪਣੀ ਬਰਾ ਵੀ ਮੰਜੇ ਤੇ ਹੀ ਭੁੱਲ ਗਈ।” ਉਸ ਨੇ ਕੁੱਝ ਤੇ ਉੱਤਰ ਦੇਣਾ ਹੀ ਸੀ, ਦੇ ਦਿੱਤਾ। ਸਾਹਮਣੇ ਆ ਰਹੀ ਬਦਕਿਸਮਤੀ ਵੱਲ ਇਸ਼ਾਰਾ ਵੀ ਕਰ ਦਿੱਤਾ।

“ ਤੁਸੀਂ ਤਾਂ ਅੱਜ ਦੇਰ ਨਾਲ਼ ਆਉਣਾ ਸੀ। ਇੰਨਟਰਵਿਯੂ ਕਿਵੇਂ ਹੋਈ?”

“ ਹੁਣ ਪਾਸਪੋਰਟ ਬਣਾਉਣ ਦੀ ਹੀ ਦੇਰੀ ਹੈ। ਕੰਮ ਤਾਂ ਬਣਿਆ ਸਮਝ।” ਪਾਂਡੇ ਜੀ ਨੇ ਝੂਠ ਦਾ ਸਹਾਰਾ ਲਿਆ।

“ ਵਧਾਈਆਂ। ਮੈਂ ਚਾਹ ਬਣਾ ਕੇ ਲੈ ਆਵਾਂ। ਬੱਸ ਪੰਜ ਮਿੰਨਟ।”

ਚਾਹ ਦੋਵੇਂ ਪੀਣ ਲਗ ਪਏ। ਕੁੱਝ ਦੇਰ ਸੋਚਣ ਮਗਰੋਂ ਸ਼ਰਨ ਬੋਲੀ, “ ਮੈਂ ਅੱਜ ਸੌਂ ਗਈ ਸਾਂ। ਤੁਹਾਡੇ ਆਉਣ ਤੋਂ ਪਹਿਲਾਂ ਹੀ ਉੱਠੀ ਸਾਂ। ਬਰਾ ਟਾਈਟ ਸੀ, ਸੌਣ ਲੱਗਿਆਂ ਖੋਹਲ ਕੇ  ਹੀ ਲੇਟੀ ਸਾਂ। ਬਿਸਤਰ ਵੀ ਅਜੇ ਸਿੱਧਾ ਨਹੀਂ ਕੀਤਾ। ਹੱਥ ਮੂੰਹ ਧੋ ਕੇ ਬਾਥ ਰੂਮ ਚੋਂ ਬਾਹਰ ਆਈ ਤਾਂ ਵੇਖਿਆ ਤੁਸੀਂ ਆ ਗਏ। ਪਹਿਲਾਂ ਤਾਂ ਬਜ਼ਰ ਵਜਾ ਕੇ ਦਰਵਾਜ਼ਾ ਖੁਲ੍ਹਵਾਉਂਦੇ ਸੋ ਪਰ ਅੱਜ ਚੋਰਾਂ ਵਾਂਗ ਕਿਉਂ ਆਏ?” ਸ਼ਰਨ ਨੇ ਇਸ ਤਰ੍ਹਾਂ ਕਿਹਾ ਜਿਵੇਂ ਖਿੜਕੀ ਵਿੱਚੋਂ ਪਾਂਡੇ ਜੀ ਨੂੰ ਆਉਂਦਿਆਂ ਵੇਖਿਆ ਹੀ ਨਾ ਹੋਵੇ।

“ ਪਤਾ ਨਹੀਂ ਕਿਉਂ। ਦਿਮਾਗ਼ ਵਿੱਚ ਇੰਨਟਰਵਿਯੂ ਦਾ ਖੁਮਾਰ ਚੜ੍ਹਿਆ ਹੋਇਆ ਸੀ, ਸ਼ਾਇਦ। ਸਹੀ ਸੋਚ ਵਿੱਚ ਕੋਈ ਵਿਘਨ ਪੈ ਗਿਆ ਹੋਣਾ ਐਂ। ਖਬਰ ਸੁਣਾਉਣ ਲਈ ਉਤਸੁਕ ਹੋਵਾਂਗਾ।” ਪਾਂਡੇ ਜੀ ਨੇ ਚਾਹ ਦੇ ਲਗਾਤਾਰ ਕਈ ਘੁੱਟ ਭਰੇ।

ਸ਼ਰਨ ਲਈ ਪਤੀ ਦਾ ਅਚਾਨਕ ਘਰ ਆ ਜਾਣਾ ਖ਼ਤਰੇ ਦੀ ਸੂਚਨਾ ਜਿਹਾ ਸੀ। ਉਹ ਘਬਰਾ ਕੇ ਉੱਠੀ,“ ਮੈਂ ਬਿਸਤਰ ਠੀਕ ਕਰਕੇ ਆਉਂਦੀ ਆਂ।” ਕਹਿ ਕੇ ਚਲੀ ਗਈ। ਉਸ ਦੇ ਮਨ ਵਿੱਚ ਅਜੀਬ ਜਿਹੀ ਜੱਦੋ ਜਹਿਦ ਚਲ ਰਹੀ ਸੀ। ਬਿਸਤਰ ਬਣਾ ਕੇ ਆਈ। ਬੈਠ ਕੇ ਚਾਹ ਪੀਣ ਲਗ ਪਈ। ਕੁੱਝ ਦੇਰ ਦੋਵੇਂ ਚੁੱਪ ਚਾਪ ਚਾਹ ਦੀਆਂ ਚੁਸਕੀਆਂ ਵਿੱਚ ਰੁੱਝੇ ਰਹੇ।

ਸ਼ਰਨ ਨੇ ਚੁੱਪ ਤੋੜੀ, ਕਿਹਾ,“  ਸੁਣੋਂ ਜੀ, ਜੇ ਆਂਢੀ ਗੁਆਂਢੀ ਤੁਹਾਨੂੰ ਕਹਿਣ ਕਿ ਕੋਈ ਮੋਟਰ ਸਾਇਕਲ ਵਾਲ਼ਾ ਤੁਹਾਡੇ ਘਰ ਆਉਂਦਾ  ਵੇਖਿਆ ਹੈ ਤਾਂ ਐਵੇਂ ਯਕੀਨ ਹੀ ਨਾ ਕਰ ਲੈਣਾ। ਗੁਆਂਢਣ ਬਿਹਾਰਨ ਦੇ ਘਰ ਆਉਂਦਾ ਹੈ ਮੈਂ ਕਈ ਵੇਰ ਵੇਖਿਆ ਹੈ। ਐਵੇਂ ਨਾ ਕੁੱਝ ਪੁੱਠਾ ਸਿੱਧਾ ਸੋਚ ਲਿਓਂ।”

“ ਸ਼ਰਨ, ਮੈਂ ਐਨਾ ਮੂਰਖ ਵੀ ਨਹੀਂ। ਤੈਨੂੰ ਮੋਟਰਸਾਇਕਲ ਵਾਲੀ ਗੱਲ ਦਾ ਵੇਰਵਾ ਪਾਉਂਣ ਦੀ ਕੀ ਜ਼ਰੂਰਤ ਪੈ ਗਈ ਸੀ। ਹਜ਼ਾਰਾਂ ਲੋਕ ਘੁੰਮਦੇ ਨੇ। ਕੋਈ ਕਿਤੇ ਵੀ ਜਾਵੇ ਆਪਾਂ ਨੂੰ ਕੀ। ਪਰ ਤੇਰੇ ਚਿਹਰੇ ਤੋਂ ਚਿੰਤਾ ਦੀ ਝਲਕ ਕਿਉ ਮਾਰ ਰਹੀ ਐ। ਤਬੀਅਤ ਤਾਂ ਠੀਕ ਹੈ? ਛੱਡ ਪਰੇ ਕੋਈ ਕੁੱਝ ਵੀ ਕਰੇ।” ਪਾਂਡੇ ਜੀ ਦਾ ਸ਼ੱਕ ਯਕੀਨ ’ਚ ਬਦਲਦਾ ਗਿਆ। ਚੋਰ ਦੀ ਦਾਹੜੀ ਵਿੱਚ ਉਸਨੂੰ ਤਿਨਕਾ ਨਜ਼ਰ ਆਉਣ ਲਗ ਪਿਆ।

“ ਸ਼ਰਨ, ਮੇਰਾ ਪੁਰਾਣਾ ਪਾਸਪੋਰਟ ਲੱਭ ਕੇ ਦੇ ਸਕਦੀ ਐਂ। ਤੇਰੇ ਕੱਪੜਿਆਂ ਵਿੱਚੇ ਰੁਲਿ਼ਆ ਪਿਆ ਹੋਣਾ ਐਂ। ਨਵੇਂ ਨਾਲ਼ੋਂ ਪਰਾਣਾ ਰਿਨਿਯੂ ਕਰਵਾਉਣਾ ਠੀਕ ਹੈ। ਜਲਦੀ ਹੋ ਜਾਏਗਾ।”

“ ਟ੍ਰੇਨਿੰਗ ਤੋਂ ਬਾਅਦ ਤੁਨਖਾਹ ਵਿੱਚ ਵੀ ਵਾਧਾ ਤਾਂ ਹੋਵੇਗਾ ਹੀ। ਤੁਹਾਡੀ ਐਨੀ ਘੱਟ ਤੁਨਖਾਹ ਵਿੱਚ ਗੁਜ਼ਾਰਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ।” ਸ਼ਰਨ ਨੇ ਰੁੱਖਾ ਜਿਹਾ ਜੁਆਬ ਦਿੱਤਾ। ਡਰ ਨਾਲ ਉਸ ਦਾ ਮਨ ਸੰਤੁਲਨ ਖੋ ਬੈਠਾ ਸੀ।

“ ਮੈਂ ਇਸ ਤੋਂ ਜਿਆਦਾ ਕਮਾਉਣ ਦੀ ਕੋਸਿਸ਼ ਕਰਾਂਗਾ। ਪਰ ਤੇਰੀ ਐਸ਼ ਵਿੱਚ ਤਾਂ ਅੱਜ ਕੱਲ੍ਹ਼ ਵੀ ਕੋਈ ਕਮੀ ਨਹੀਂ। ਸਿਨਮਾ ਵੀ ਵੇਖਦੀ ਏਂ। ਹੋਟਲਾਂ ਤੇ ਖਾਣਾ ਵੀ ਖਾਣ ਜਾਂਦੀ ਏਂ। ਕੱਪੜੇ ਅਤੇ ਗਹਿਣਿਆਂ ਦੀ ਵੀ ਕੋਈ ਥੋੜ੍ਹ ਨਹੀਂ। ਮੇਰਾ ਕੜਾ, ਮੁੰਦਰੀ ਅਤੇ ਜੰਜ਼ੀਰ ਤੁੜਵਾ ਕੇ ਅਪਣੇ ਗਹਿਣੇ ਬਣਵਾ ਲੈ ਆਈ ਏਂ। ਬਾਹਰ ਜਾ ਕੇ ਮੈਨੂੰ ਸ਼ਾਇਦ ਕੋਈ ਜਾਗ੍ਰਿਤੀ ਆ ਜਾਵੇ ਅਤੇ ਤੰਗੀ ਤੋਂ ਛੁਟਕਾਰਾ ਪਾਉਣ ਦਾ ਢੰਗ ਲੱਭ ਪਵੇ।” ਪਾਂਡੇ ਜੀ ਨੇ ਅੰਦਰ ਦਬੀ ਪੀੜ ਨੂੰ ਗੋਲ਼-ਮੋਲ਼ ਸ਼ਬਦਾਂ ਵਿੱਚ ਮੜ੍ਹ ਦਿੱਤਾ।

ਕਈ ਮਹੀਨੇ ਹੋਰ ਬੀਤ ਗਏ। ਕ੍ਰਿਸ਼ਨਨ ਹੈਰਾਨ ਸੀ ਕਿ ਪਾਂਡੇ ਜੀ ਐਨੀ ਗੁੰਝਲਦਾਰ ਗੱਲ ਨੂੰ ਇੱਕ ਕੰਨੋਂ ਸੁਣ ਦੂਜੇ ਥੀਂ ਕਿਉਂ ਕੱਢੀ ਜਾਂਦਾ ਐ। ਔਰਤ ਤੇ ਰੋਕ ਕਿਉਂ ਨਹੀਂ ਲਗਾ ਰਿਹਾ! ਸ਼ਾਇਦ ਸ਼ੱਕ ਨੇ ਅਜੇ ਸੱਚ ਦਾ ਰੂਪ ਨਹੀਂ ਧਾਰਿਆ।

ਉਸ ਦਿਨ ਢਾਬੇ ਤੇ ਬੈਠੇ ਚਿਕਨ ਖਾ ਰਹੇ ਸਨ। ਪਾਂਡੇ ਦੇ ਮਨ ਵਿੱਚ ਅਚਾਨਕ ਕੀ ਆਇਆ ਰੱਬ ਜਾਣੇ। ਉਸ ਨੇ ਦੋਸਤ ਨੂੰ ਸੰਬੋਧਿਤ ਕੀਤਾ,“ ਦੋਸਤ, ਤੈਨੂੰ ਤੇ ਪਤਾ ਹੀ ਹੈ ਕਿ ਮੈ ਤੇਰੇ ਨਾਲ਼ ਹਰ ਗੱਲ ਵੰਡ ਲੈਂਦਾ ਹਾਂ। ਅਪਣੇ ਦੁੱਖ ਵੀ। ਯਾਦ ਹੈ ਉਹ ਮੋਟਰ ਸਾਇਕਲ ਵਾਲੇ ਸਰਦਾਰ ਦੀ ਗੱਲ। ਤੂੰ ਠੀਕ ਸੀ। ਹੁਣ ਮੈਂ ਦੇਸ਼ ਛੱਡ ਕੇ ਬਾਹਰ ਜਾਣ ਦੀ ਤਿਆਰੀ ਕਰ ਲਈ ਹੈ। ਵੈਸੇ ਵੀ ਅਸੀਂ, ਤੈਨੂੰ ਯਾਦ ਹੀ ਹੈ, ਕਈ ਵੇਰ ਵਿਦੇਸ਼ ਜਾਣ ਦੀ ਸੋਚਦੇ ਰਹੇ ਹਾਂ। ਇਸ ਤਰੀਕੇ ਨਾਲ਼ ਮੇਰਾ ਮੁਆਮਲਾ ਅਪਣੇ ਆਪ ਹੀ ਮਿੱਟੀ ਵਿੱਚ ਮਿਲ ਜਾਵੇਗਾ, ਬਿਨਾ ਝਗੜੇ ਝੰਜਟ ਦੇ। ਵਿਦੇਸ਼ ਗਏ ਇਨਸਾਨ ਤੇ ਲਗਾਮ ਪਾਉਣੀ ਸੌਖੀ ਨਹੀਂ, ਖਾਸ ਕਰ ਇਹੋ ਜਿਹੀ ਔਰਤ ਲਈ ਜੋ ਚਾਹੁੰਦੀ ਹੋਵੇ ਪਤੀ ਦੀ ਗੈਰਹਾਜ਼ਰੀ। ਏਜੈਂਟ ਵੀ ਵਧੀਆ ਮਿਲ ਗਿਆ ਸੀ। ਟਿਕਟ ਵੀ ਲੈ ਲਿਆ ਹੈ, ਵੀਜ਼ਾ ਵੀ। ਸਾਰੇ ਪੇਪਰ ਦਫਤਰ ਹੀ ਪਏ ਹਨ।

“ ਤੇਰਾ ਮਤਲਬ ਸ਼ਰਨ ਨੂੰ ਪਤਾ ਨਹੀਂ, ਅਸਲੀਅਤ ਦਾ।”

“ ਉਸਨੂੰ ਇਹੋ ਪਤਾ ਹੈ ਕਿ ਮੈਂ ਟ੍ਰੇਨਿੰਗ ਲਈ ਜਾ ਰਿਹਾ ਹਾਂ, ਜਰਮਨੀ, ਕੰਪਨੀ ਵੱਲੋਂ।”

“ ਰਿਜ਼ਾਇਨ ਕਰਕੇ ਤਾਂ ਨਹੀਂ ਜਾ ਰਿਹਾ? ਤੂੰ ਲੰਮੀ ਛੁੱਟੀ ਮੰਨਜ਼ੂਰ ਕਰਵਾਈ ਹੈ, ਉਹ ਮੈਨੂੰ ਪਤਾ ਹੈ।” ਕ੍ਰਿਸ਼ਨਨ ਬੋਲ ਕੇ ਸੋਚਾਂ ’ਚ ਪੈ ਗਿਆ।

“ ਅਜੇ ਇਹੋ ਸਹੀ ਹੈ। ਕਦੇ ਅਸਤੀਫਾ ਵੀ ਦੇ ਦਿਆਂਗਾ। ਨਹੀਂ ਤਾਂ ਬਾਹਰੋਂ ਹੀ ਚਿੱਠੀ ਭੇਜ ਦਿਆਂਗਾ। ” ਪਾਂਡੇ ਜੀ ਨੇ ਤੁਰਤ ਜੁਆਬ ਦਿੱਤਾ।

“ ਪਰ ਸ਼ਰਨ ਕਿੱਥੇ ਰਹੇਗੀ? ਦੱਸਣਾ ਤਾਂ ਪਏਗਾ ਹੀ।” ਕ੍ਰਿਸ਼ਨਨ ਕੁੱਝ ਚਿੰਤਿਤ ਨਜ਼ਰ ਆਇਆ।

“ ਮਕਾਨ ਛੱਡ ਕੇ ਉਸ ਨੂੰ ਪਿੰਡ ਜਾਣ ਲਈ ਆਂਖਿਆ ਹੈ। ਮੰਨਦੀ ਤਾਂ ਨਹੀਂ ਪਰ ਉਸ ਕੋਲ਼ ਹੁਣ ਹੋਰ ਕੋਈ ਚਾਰਾ ਵੀ ਤਾਂ ਨਹੀਂ। ਮਕਾਨ ਕੰਪਨੀ ਨੂੰ ਵਾਪਸ ਕਰਕੇ ਜਾ ਰਿਹਾ ਹਾਂ। ਉਸ ਦੀ -  ਘਰ ਵਸ ਮਾਲਕ ਦੇ ਪਰ ਰਹਿ ਸੱਜਨਾ ਦੀ ਬਣਕੇ — ਵਾਲੀ ਵਿਓਂਤ ਕਿੰਨੀ ਕੁ ਦੇਰ ਚਲ ਸਕਦੀ ਸੀ। ਹਰ ਜ਼ੁਲਮ ਦਾ ਅੰਤ ਹੁੰਦਾ ਹੈ। ਵੈਸੇ ਵੀ ਕੱਚੀ ਡੋਰ ਟੁੱਟ ਚੁੱਕੀ ਐ। ਸ਼ਰਨ ਨੇ ਵੀ ਥੋੜ੍ਹਾ ਭਾਂਪ ਤਾਂ ਲਿਆ ਹੀ ਹੋਵੇਗਾ।” ਪਾਂਡੇ ਦੀਆਂ ਗੱਲਾਂ ਕ੍ਰਿਸ਼ਨਨ ਨੂੰ ਹੈਰਾਨ ਕਰ ਰਹੀਆਂ ਸਨ।

“ ਸ਼ਰਨ ਨੂੰ ਸਹੀ ਗੱਲ ਦੱਸਣ ਵਿੱਚ ਵੀ ਕੋਈ ਖ਼ਰਾਬੀ ਤਾਂ ਨਹੀਂ ਸੀ। ਉਹ ਵੀ ਕੋਈ ਹੋਰ ਲੜ ਫੜ ਲੈਂਦੀ। ਅਪਣੇ ਚਾਹਵਾਨ ਨਾਲ਼ ਹੀ ਰਹਿ ਪੈਂਦੀ। ਆਖ਼ਰ ਹੈ ਤੇ ਔਰਤ ਹੀ। ਬਹੁੱਤੀ ਪੜ੍ਹੀ ਹੋਈ ਵੀ ਨਹੀਂ। ਨੋਕਰੀ ਵੀ ਨਹੀਂ ਕਰ ਸਕਦੀ।” ਕ੍ਰਿਸ਼ਨਨ ਨੇ ਸ਼ਰਨ ਤੇ ਤਰਸ ਖਾਧਾ।

“ ਮੰਝਧਾਰ ਵਿੱਚ ਤਾਰੀਆਂ ਲਗਾਉਣ ਵਾਲੀਆਂ ਕੰਢਿਆਂ ਦੀਆਂ ਸ਼ੌਕੀਨ ਨਹੀਂ ਹੁੰਦੀਆਂ। ਰਾਂਝਿਆਂ ਦੀ ਸੰਸਾਰ ਵਿੱਚ ਕਮੀ ਨਹੀਂ।” ਪਾਂਡੇ ਦਾ ਇਰਾਦਾ ਅਤੇ ਇਸ਼ਾਰਾ ਸਪਸ਼ਟ ਸਨ। ਕ੍ਰਿਸ਼ਨਨ ਚੁੱਪ ਰਿਹਾ।

ਸਾਰੀਆ ਗੁੰਝਲਾਂ ਸੁਧਰ ਗੱਈਆਂ। ਪਾਂਡੇ ਜੀ ਨੂੰ ਸ਼ਰਨ ਦੇ ਕਲੇਸ਼ ਦਾ ਹੀ ਡਰ ਸੀ। ਉਹ ਅਜੇ ਵੀ ਸਮਝਦੀ ਸੀ ਕਿ ਉਸਦੇ ਕੁਕਰਮਾ ਦਾ ਕਿਸੇ ਨੂੰ ਪਤਾ ਨਹੀਂ। ਉਸ ਦੀਆਂ ਅਪਣੀਆਂ ਕਰਤੂਤਾਂ ਨੇ, ਉਸਦੀੇ ਸਮਝ ਤੇ ਘੱਟਾ ਪਾਇਆ ਹੋਇਆ ਸੀ। ਉਹ ਤਾਂ ਅੰਦਰ ਹੀ ਅੰਦਰ, ਸ਼ਾਇਦ, ਖੁਸ਼ ਹੀ ਸੀ। ਚਾਹੁੰਦੀ ਹੀ ਹੋਵੇਗੀ ਕਿ ਪਤੀ ਦਾ ਫੰਧਾ ਗਲੋਂ ਲਹੇ। ਪਾਂਡੇ ਜੀ ਜ਼ਹਾਜ਼ ਚੜ੍ਹ ਗਿਆ।

ਸ਼ਰਨ ਦਾ ਯਾਰ ਵੀ ਪੂਰਾ ਨਾ ਪੁੱਗਿਆ। ਸ਼ਰਨ ਪੇਕੇ ਪਿੰਡ ਚਲੀ ਗਈ। ਇੱਕ ਸਾਲ ਪਾਡੇ ਜੀ ਦਾ ਕੋਈ ਸੁਨੇਹਾ ਨਾ ਪਹੁੰਚਿਆ, ਖਬਰ ਸਾਰ ਨਾ ਮਿਲੀ। ਸ਼ਰਨ ਨੂੰ ਚਿੰਤਾ ਹੋਣ ਲੱਗੀ। ਪਿਉ ਪੁੱਛਦਾ ਤਾਂ ਉਸ ਨੂੰ ਸਹੀ ਉੱਤਰ ਕੋਈ ਵੀ ਨਾ ਅਹੁੜਦਾ।

ਇੱਕ ਦਿਨ ਚਿੱਠੀ ਆ ਹੀ ਗਈ। “ ਸ਼ਰਨ, ਮੈਂ ਕਿਥੇ ਹਾਂ ਤੈਨੂੰ ਜਾਣਨ ਦੀ ਜ਼ਰੂਰਤ ਨਹੀਂ। ਮੈਂ ਵਾਪਸ ਦੇਸ਼ ਨਹੀਂ ਪਰਤਾਂਗਾ। ਸਾਡਾ ਸੰਬੰਧ ਤਾਂ ਤੂੰ ਪਹਿਲਾ ਹੀ ਤੋੜ ਚੁੱਕੀ ਏਂ। ਮੈਂ ਤਾਂ ਇਹੀ ਕਹਿ ਸਕਦਾ ਹਾ ਕਿ — ਜਬੈ ਬਾਣ ਲਗਿਓ ਤਬੈ ਰੋਸ ਜਗਿਓ –। ਮੈਨੂੰ ਇਹ ਕਦਮ ਅਪਣੀ ਇੱਜ਼ਤ ਬਚਾਉਣ ਲਈ ਚੁੱਕਣਾ ਪਿਆ। ਤੈਨੂੰ ਅਪਣੇ ਮੋਟਰ ਸਾਇਕਲ ਵਾਲੇ ਕੋਲ ਜਾਣ ਦੀ ਹੁਣ ਤੇਰੇ ਸਾਹਮਣੇ ਕੋਈ ਅੜਚਣ ਨਹੀਂ। ਅਪਣੇ ਪਿਓ ਦੀ ਪਗੜੀ ਦਾ ਖਿਆਲ ਜ਼ਰੂਰ ਰੱਖੀਂ। ਤੂੰ ਭੁੱਲ ਗਈ ਕਿ ਲੋਕਾਂ ਦੀਆ ਅੱਖਾਂ ਸ਼ੁਭ ਕਰਮਾ ਨਾਲੋਂ ਕੁਕਰਮਾ ਨੂੰ ਨੀਝ ਲਗਾ ਕੇ ਵੇਖਦੀਆਂ ਹਨ। ਰੱਬ ਰਾਖਾ ਤੇਰਾ, ਮੇਰਾ ਅਤੇ ਉਸਦਾ ਵੀ, ਸਭਨਾ ਦਾ ਹੀ।

This entry was posted in ਕਹਾਣੀਆਂ.

3 Responses to ਜਬੈ ਬਾਣ ਲਾਗਿਓ , ਤਬੈ ਰੋਸ ਜਾਗਿਓ!

  1. Sandra says:

    Surpriinsgly well-written and informative for a free online article.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>