ਪੰਜਾਬ ਸਰਕਾਰ ਖਿਡਾਰੀਆਂ ਨੂੰ ਆਧੁਨਿਕ ਮੁੱਢਲਾ ਖੇਡ ਢਾਂਚਾ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵੱਚਨਬੱਧ ਹੈ -ਸੁਖਬੀਰ ਬਾਦਲ

ਸ੍ਰ.ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਐਮ.ਐਸ.ਭੁੱਲਰ ਇੰਡੋਰ ਸਟੇਡੀਅਮ ਪੀ.ਏ.ਪੀ.ਜਲੰਧਰ ਵਿਖੇ

ਜਲੰਧਰ,(ਗੁਰਿੰਦਰਜੀਤ ਸਿੰਘ ਪੀਰਜੈਨ) – ਸ੍ਰ.ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਇਥੇ ਐਮ.ਐਸ.ਭੁੱਲਰ ਇੰਡੋਰ ਸਟੇਡੀਅਮ ਪੀ.ਏ.ਪੀ.ਕੰਪਲੈਕਸ ਵਿਖੇ ਦੂਸਰੇ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਆਧੁਨਿਕ ਮੁੱਢਲਾ ਖੇਡ ਢਾਂਚਾ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵੱਚਨਬੱਧ ਹੈ ਤਾਂ ਕਿ ਸੂਬੇ ਦੇ ਖਿਡਾਰੀ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਮੁਕਾਬਲਾ ਕਰ ਸਕਣ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਅੰਦਰ 13 ਵਰਲਡ ਕਲਾਸ ਸਟੇਡੀਅਮ ਉਸਾਰੇ ਜਾ ਰਹੇ ਹਨ ਜਿੰਨਾਂ ਵਿਚ 5 ਹਾਕੀ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾਏ ਜਾਣਗੇ ਅਤੇ ਪਹਿਲਾ ਸਟੇਡੀਅਮ ਮੋਹਾਲੀ ਵਿਖੇ ਆਉਂਦੇ 7 ਮਹੀਨਿਆਂ ਦੇ ਅੰਦਰ ਅੰਦਰ ਤਿਆਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 3 ਸਪੋਰਟਸ ਸਕੂਲ ਬਠਿੰਡਾ,ਜਲੰਧਰ ਅਤੇ ਇਕ ਮਾਝੇ ਦੀ ਧਰਤੀ ਤੇ ਉਸਾਰਿਆ ਜਾਵੇਗਾ ਜਿੰਨਾਂ ਵਿਚ ਅੰਤਰ ਰਾਸ਼ਟਰੀ ਪੱਧਰ ਦੇ ਕੋਚਾਂ ਤੋਂ ਖੇਡਾਂ ਦੀਆਂ ਬਾਰੀਕੀਆਂ ਤੋਂ ਜਾਣੂ ਹੁੰਦਿਆਂ ਸਾਡੇ ਨੌਜਵਾਨ ਚੀਨ ਅਤੇ ਅਮਰੀਕਾ ਦਾ ਮੁਕਾਬਲਾ ਕਰਦਿਆਂ ਵੱਡੀਆਂ ਰਾਸ਼ਟਰੀ ਖੇਡਾਂ ਵਿਚ ਜਿੱਤਾ ਦਰਜ ਕਰਵਾ ਸਕਣਗੇ।ਉਨ੍ਹਾਂ ਦੱਸਿਆ ਕਿ ਉਲੰਪਿਕ ਏਸੀਆਈ ਅਤੇ ਰਾਸ਼ਟਰ ਮੰਡਲ ਖੇਡਾਂ ਦੇ ਤਗਮਾ ਜੇਤੂਆਂ ਲਈ ਰੋਜਗਾਰ ਦੇ ਮੌਕੇ ਪੈਦਾ ਕਰਨ ਲਈ ਮੰਤਰੀ ਪ੍ਰੀਸ਼ਦ ਵਲੋਂ ਗਰੁੱਪ ‘ਏ’ ਸਕੇਲ ਅੰਦਰ 10 ਅਸਾਮੀਆਂ ਪੈਦਾ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਰਾਜ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 11 ਪ੍ਰਮੁੱਖ ਖੇਡਾਂ ਵਿਚ ਚੰਗੇ ਖਿਡਾਰੀਆਂ ਦਾ ਪੂਲ ਤਿਆਰ ਕਰਨ ਲਈ ਰਾਜ ਦੇ ਖੇਡ ਵਿਭਾਗ ਵਲੋਂ ਪਹਿਲੀਆਂ ਸ਼ਹੀਦੇ ਆਜਮ ਸ੍ਰ.ਭਗਤ ਸਿੰਘ ਖੇਡਾਂ ਫਰਵਰੀ ਦੇ ਆਖਰੀ ਹਫਤੇ ਕਰਵਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਹਨਾਂ ਜੇਤੂ ਟੀਮਾਂ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ 25-25 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ।

ਸ੍ਰ.ਬਾਦਲ ਨੇ ਦੱਸਿਆ ਕਿ ਜੁਲਾਈ ਅਗਸਤ ਮਹੀਨੇ ਵਿਚ ਕਬੱਡੀ ਲੀਗ ਮੈਚ ਕਰਵਾਏ ਜਾਣਗੇ ਅਤੇ ਨਵੰਬਰ ਮਹੀਨੇ ਵਿਚ ਪਿਛਲੇ ਸਾਲ ਦੀ ਤਰ੍ਹਾਂ ਵਰਲਡ ਕਬੱਡੀ ਕੱਪ ਕਰਵਾਇਆ ਜਾਵੇਗਾ ਜਿਸ ਵਿਚ 13 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਜਦਕਿ ਪਿਛਲੇ ਸਾਲ ਵਰਲਡ ਕਬੱਡੀ ਕੱਪ ਵਿਚ 9 ਮੁਲਕਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ ।ਉਨ੍ਹਾਂ ਇਹ ਵੀ ਕਿਹਾ ਕਿ ਵਰਲਡ ਕਬੱਡੀ ਕੱਪ ਦੀ ਇਨਾਮ ਰਾਸ਼ੀ ਪਿਛਲੇ ਸਾਲ ਨਾਲੋਂ ਦੁੱਗਣੀ ਦਿੱਤੀ ਜਾਵੇਗੀ।ਇਸ ਮੌਕੇ ਤੇ ਉਨ੍ਹਾਂ ਹਰਿਆਣਾ ਰਾਜ ਦੇ ਪਹਿਲਵਾਨ ਸੁਕੁਮਾਰ ਨੂੰ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਅਤੇ ਪਦਮ ਸ੍ਰੀ ਸੁਸੀਲ ਕੁਮਾਰ,ਪਦਮਸ੍ਰੀ ਕਰਤਾਰ ਸਿੰਘ ਅਤੇ ਮਹਾਰਾਜਾ ਸਤਪਾਲ ਪਹਿਲਵਾਨ ਨੂੰ ਨੈਸ਼ਨਲ ਰੈਸਲਿੰਗ ਫੈਡਰੇਸ਼ਨ ਵਲੋਂ 1-1 ਲੱਖ ਰੁਪਇਆ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਨੈਸ਼ਨਲ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਜੀ.ਐਸ.ਕਲੇਰ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਸ੍ਰ.ਬਾਦਲ ਨੇ ਅੰਤਰ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਦੀ ਸੁਰੂਆਤ ਭਾਰਤ ਅਤੇ ਅਮਰੀਕਾ ਦੇ ਮਹਿਲਾ ਪਹਿਲਵਾਨਾਂ ਅਤੇ ਮਰਦਾਂ ਦੇ ਕੁਸ਼ਤੀ ਮੁਕਾਬਲਿਆਂ ਦੀ ਸੁਰੂਆਤ ਭਾਰਤ ਅਤੇ ਨਾਈਜੀਰੀਆ ਦੇ ਪਹਿਲਵਾਨਾਂ ਦਾ ਦੰਗਲ ਕਰਵਾ ਕੇ ਕੀਤੀ।ਇਸਤਰੀਆਂ ਦੇ ਮੁਕਾਬਲੇ ਵਿਚ ਭਾਰਤ ਦੀ ਬਿਮਲਾ ਅਤੇ ਮਰਦਾਂ ਦੇ ਮੁਕਾਬਲੇ ਵਿਚ ਭਾਰਤ ਦੇ ਸੁਸ਼ੀਲ ਖੱਤਰੀ ਅਪਣੇ ਵਿਰੋਧੀ ਪਹਿਲਵਾਨਾਂ ਨੂੰ ਹਰਾ ਕੇ ਜੇਤੂ ਰਹੇ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪਹਿਲਵਾਨ ਕਰਤਾਰ ਸਿੰਘ ਨੇ ਦੱਸਿਆ ਕਿ ਇਹ ਚਾਰ ਰੋਜ਼ਾ ਅੰਤਰ ਰਾਸ਼ਟਰੀ ਕੁਸ਼ਤੀ ਟੂਰਨਾਮੈਂਟ 09 ਫਰਵਰੀ ਤੋਂ 12 ਫਰਵਰੀ 2011 ਤੱਕ ਕਰਵਾਇਆ ਜਾਵੇਗਾ ਜਿਸ ਵਿਚ ਸੰਸਾਰ ਭਰ ਦੇ 20 ਦੇਸ਼ਾਂ ਤੋਂ ਲਗਭਗ 300 ਪਹਿਲਵਾਨ ਲੜਕੇ ਅਤੇ ਲੜਕੀਆਂ ਹਿੱਸਾ ਲੈਣਗੇ।

ਇਸ ਮੌਕੇ ਸ੍ਰ.ਨਵਜੋਤ ਸਿੰਘ ਸਿੱਧ ਮੈਂਬਰ ਪਾਰਲੀਮੈਂਟ,ਸ੍ਰ.ਸਰਬਜੀਤ ਸਿੰਘ ਮੱਕੜ ਵਿਧਾਇਕ,ਸ੍ਰ.ਚਰਨ ਸਿੰਘ ਚੰਨੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ,ਸ੍ਰ.ਬਲਜੀਤ ਸਿੰਘ ਨੀਲਾਮਹਿਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਅਤੇ ਹੋਰ ਪੁਲਿਸ ਅਧਿਕਾਰੀ ਇਸ ਮੌਕੇ ਹਾਜਰ ਸਨ।

ਕੈਪਸ਼ਨ : ਸ੍ਰ.ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਐਮ.ਐਸ.ਭੁੱਲਰ ਇੰਡੋਰ ਸਟੇਡੀਅਮ ਪੀ.ਏ.ਪੀ.ਜਲੰਧਰ ਵਿਖੇ ਦੂਸਰੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਦੀ ਸੁਰੂਆਤ ਕਰਵਾਉਂਦੇ ਹੋਏ।(ਗੁਰਿੰਦਰਜੀਤ ਸਿੰਘ ਪੀਰਜੈਨ)

This entry was posted in ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>