ਲੋੜੈ ਦਾਖ ਬਿਜਉਰੀਆਂ!

“ ਅਸੀਂ, ਮੁਆਫੀ ਮੰਗਦੇ ਆਂ, ਬਾਈ ਰਣਜੀਤ ਸਿੰਘ। ਹਵਾਈ ਜਹਾਜ਼ ਥੋੜ੍ਹਾ ਸਮੇ ਤੋਂ ਖੁੰਝ ਗਿਆ। ਤੈਨੂੰ ਏਅਰਪੋਰਟ ’ਤੇ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ।” ਦਿਦਾਰ ਅਤੇ ਉਸਦੀ ਪਤਨੀ, ਗੁਰਨੇਕ, ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਆਖਿਆ।
“ ਇਹ ਵੀ ਕੋਈ ਕਹਿਣ ਵਾਲੀ ਗੱਲ ਐ, ਯਾਰਾ। ਜੇਕਰ ਮੈਨੂੰ ਪੂਰਾ ਦਿਨ ਵੀ ਇੰਤਜ਼ਾਰ ਕਰਨਾ ਪੈਂਦਾ ਤਾਂ ਵੀ ਮੈਨੂੰ ਕੋਈ ਆਪੱਤੀ ਨਹੀਂ ਸੀ।” ਰਣਜੀਤ ਨੇ ਅਪਣੇ ਦੋਸਤ ਦਾ ਸਾਮਾਨ, ਕਾਰ ਦੀ ਟਰੰਕ ਵਿੱਚ ਰੱਖਣ ਲਈ, ਹੱਥ ਵਧਾਉਂਦਿਆਂ, ਆਖਿਆ।

ਰਣਜੀਤ ਅਤੇ ਦਿਦਾਰ ਅਗਲੀ ਸੀਟ ਉੱਤੇ ਬਹਿ ਗਏ। ਗੁਰਨੇਕ ਪਿੱਛੇ ਬਹਿ ਕੇ ਗੱਲਾਂ ਸੁਣਨ ਲਗ ਪਈ। ਕਾਰ ਘਰ ਵੱਲ ਚਲ ਪਈ। ਗੁਰਨੇਕ ਨੂੰ ਲਗ ਰਿਹਾ ਸੀ ਜਿਵੇਂ ਮੁੱਦਤਾਂ ਬਾਦ ਅਪਣੇ, ਜਾਣੇ ਪਹਿਚਾਣੇ, ਇਲਾਕੇ ਵਿੱਚ ਪ੍ਰਵੇਸ਼ ਕਰ ਰਹੀ ਹੋਵੇ।

“ ਦਿਦਾਰ ਸਿੰਆਂ, ਬਾਈ, ਐਥੋਂ ਗਿਆਂ ਨੂੰ, ਤੁਹਾਨੂੰ, ਮੇਰਾ ਖਿ਼ਆਲ ਹੈ ਕਿ ਪੂਰੇ ਤਿੰਨ ਮਹੀਨੇ ਵੀ ਨਹੀਂ ਹੋਏ ਹੋਣੇ। ਕੀ ਹੋ ਗਿਆ? ਪੁੱਤਰ ਨਾਲ਼ ਬਣੀ ਨਹੀਂ? ਤੂੰ ਤੇ ਓਹਦੇ ਨਾਲ਼ ਪੱਕਾ ਰਹਿਣ ਲਈ ਹੀ ਗਿਆ ਸੀ। ਘਰ ਅਤੇ ਸਾਰਾ ਘਰ ਦਾ ਸਾਮਾਨ ਵੇਚ ਕੇ ਤੁਰਿਆ ਸੈਂ, ਐਥੋਂ। ਤੇਰੀ ਧੀ ਵੀ ਤਾਂ ਕੈਲੇਫੋਰਨੀਆਂ ਵਿੱਚ ਹੀ ਰਹਿੰਦੀ ਐ। ਲਗਦਾ ਔਲਾਦ ਕੋਲ਼ ਦਿਲ ਨਹੀਂ ਲੱਗਿਆ। ਜੇ ਵਾਪਸ ਹੀ ਆਉਣਾ ਸੀ ਤਾਂ ਇਥੋਂ ਵਾਲ਼ਾ ਘਰ ਕਾਹਲ਼ੀ ਵਿੱਚ, ਸਸਤੇ ਦਾਮ ਤੇ, ਵੇਚਣ ਦੀ ਲੋੜ ਨਹੀਂ ਸੀ।” ਰਣਜੀਤ ਨੇ ਉਤਸੁਕਤਾ ਨਾਲ਼ ਕਈ ਸੁਆਲ ਪੁੱਛ ਲਏ।

“ ਸੋਚਿਆ ਤਾਂ ਠੀਕ ਹੀ ਸੀ। ਪਰ, ਮਿੱਤਰਾ, ਦਿਲ ਤਾਂ ਅਪਣੇ ਹਾਣੀਆਂ ਵਿੱਚ ਹੀ ਲਗਦਾ ਹੈ। ਰਿਟਾਇਰਮੈਂਟ ਜ਼ਰਾ ਜਲਦੀ ਲੈ ਲਈ ਸੀ, ਤੈਨੂੰ ਤਾਂ ਪਤਾ ਹੀ ਹੈ, ਪੂਰੀ ਕਹਾਣੀ ਦਾ। ਸੋਚਿਆ ਸੀ ਕਿ ਪੁੱਤਰ ਅਤੇ ਨੂੰਹ ਦੋਵੇਂ ਡਾਕਟਰ ਹਨ। ਬਥੇਰੇ ਡਾਲਰ ਕਮਾਉਂਦੇ ਨੇ। ਸਾਨੂੰ ਕੀ ਲੋੜ ਹੈ ਹੁਣ ਫੈਕਟਰੀਆਂ ਵਿੱਚ ਹੱਡ ਘਸਾਉਣ ਦੀ। ਪੁੱਤਰ ਕੋਲ਼ ਭੋਜਨ ਦੀ ਐਡੀ ਕੋਈ ਸਮੱਸਿਆ ਵੀ ਨਹੀਂ ਸੀ ਪਰ ਵਿਚਾਰੀ ਗੁਰਨੇਕ ਥੋੜ੍ਹੀ ਤੰਗੀ ਮਹਿਸੂਸ ਜ਼ਰੂਰ ਕਰਦੀ ਸੀ। ਖਾਣਾ ਆਮ ਤੌਰ ਤੇ ਬਾਹਰ ਰੈਸਟੋਰੈਂਟਾਂ ਤੇ ਹੀ ਖਾਈਦਾ ਸੀ। ਪੁੱਤਰ ਅਤੇ ਨੂੰਹ ਦੋਵੇਂ ਅਪਣੇ ਕਲਿਨਕ ਵਿੱਚ, ਮਰੀਜਾਂ ਨੂੰ ਭੁਗਤਾਉਣ ਵਿੱਚ, ਐਨੇ ਰੁੱਝੇ ਰਹਿੰਦੇ ਹਨ ਕਿ ਘਰ ਭੋਜਨ ਬਣਾੳਂੁਣ ਦਾ ਸਮਾ ਹੀ ਨਹੀਂ। ਹਮੇਸ਼ਾ ਬਾਹਰ ਹੀ ਖਾਂਦੇ ਨੇ ਅਤੇ ਸਾਨੂੰ ਵੀ ਬਾਹਰ ਹੀ ਖਾਣਾ ਪੈਂਦਾ ਸੀ।” ਦਿਦਾਰ ਖੂਬ ਮਿਰਚ ਮਸਾਲਾ ਲਗਾ ਕੇ ਅਪਣੀ ਆਪਬੀਤੀ ਬਿਆਨ ਕਰ ਰਿਹਾ ਸੀ।

ਗੁਰਨੇਕ ਨੇ ਅਪਣੇ ਪਤੀ ਦੀ ਗੱਲਾਂ ਵਿੱਚੋਂ ਗ਼ਾਇਬ ਭਾਗ ਪੂਰਾ ਕਰਨ ਦੇ ਇਰਾਦੇ ਨਾਲ਼ ਬੋਲਿਆ। “ ਜੀ, ਐਨਾ ਬੁਰਾ ਹਾਲ ਤਾਂ ਨਹੀਂ ਸੀ। ਭੋਜਨ ਘਰ ਵੀ ਤਾਂ ਖਾਂਦੇ ਹੀ ਸਾਂ। ਬੱਚਿਆਂ ਕੋਲ਼ ਪੈਸਾ ਹੈ, ਐਸ਼ ਕਰਦੇ ਨੇ। ਤੁਹਾਡੇ ਵਾਂਗ ਜਨਾਨੀ ਨੂੰ ਚੁਲ੍ਹੇ ਤੇ ਹੀ ਅੜਾਈ ਨਹੀਂ ਰੱਖਦਾ, ਮੇਰਾ ਮੁੰਡਾ। ਮੇਰੀ ਜਿੰਦਗੀ ਤਾਂ ਦੋ ਥਾਵਾਂ ਤੇ ਹੀ ਬੀਤ ਗਈ, ਇੱਕ ਚੁੱਲ੍ਹਾ, ਦੂਜੀ ਫੈਕਟਰੀ। ਡਾਕਟਰਾਂ ਵਿਚਾਰੀਆਂ ਤੋਂ ਤਾਂ ਰੋਟੀਆਂ ਦੀ ਆਸ ਕੋਈ ਵੀ ਨਹੀਂ ਰੱਖਦਾ। ਭਾਰਤ ਵਿੱਚ ਹੁੰਦੇ ਤਾਂ ਨੌਕਰਾਣੀ ਰੋਟੀਆਂ ਪਕਾਉਂਦੀ। ਐਥੇ ਇਹਨਾਂ ਦੀ ਵੀ ਮਜਬੂਰੀ ਹੈ। ਮੁੰਡਾ ਛੋਟਾ ਸੀ ਓਦੋਂ ਵੀ ਤਾਂ ਮੈਕਡੌਨਲਡ ਵੱਲ ਹੀ ਭੱਜਦਾ ਸੀ। ਦੇਸੀ ਰੋਟੀ ਨੱਕ ਮਾਰਕੇ ਹੀ ਖਾਂਦਾ ਸੀ। ਪੱਛਮ ਦੇ ਪ੍ਰਭਾਵ ਤੋਂ ਔਲਾਦ ਬਚ ਨਹੀਂ ਸਕਦੀ।

“ ਹਾਂ, ਗੱਲ ਤਾਂ ਤੇਰੀ ਵੀ ਸਹੀ ਐ। ਘਰ ਕਿੰਨੀ ਵੇਰ ਇਕੱਠੇ ਬੈਠਕੇ, ਪੀਜ਼ਾ, ਨੂਡਲਜ਼, ਚੀਨੀ ਖਾਣਾ ਆਦਿ ਖਾਈਦਾ ਸੀ। ਤੇਰੇ ਅੰਦਰ ਹੀ ਨਹੀਂ ਸੀ ਲੰਘਦਾ ਉਹ ਚੀਨੀ ਖਾਣਾ। ਮੈਂ ਤਾਂ ਖਾ ਹੀ ਲੈਂਦਾ ਸਾਂ।”

“ ਯਾਰਾ, ਚੀਨੀ ਖਾਣਾ ਵੀ ਠੀਕ ਹੀ ਹੁੰਦਾ ਐ। ਫਰ ਤੁਸੀਂ ਅਪਣਾ ਭੋਜਨ ਆਪ ਵੀ ਤਾਂ ਬਣਾ ਸਕਦੇ ਸੀ। ਐਨੇ ਬਜ਼ੁਰਗ ਤਾਂ ਨਹੀਂ ਹੋਏ ਅਜੇ।” ਰਣਜੀਤ ਨੇ ਵੀ ਬੋਲਿਆ।

“ਇੱਕ ਅੱਧੀ ਵੇਰ ਗੁਰਨੇਕ ਨੇ ਬਣਾਇਆ ਵੀ ਪਰ ਨੂੰਹ ਕਹਿੰਦੀ, ਸਾਰੇ ਘਰ ਚੋਂ ਹਮਕ ਮਾਰਨ ਲਗ ਪੈਂਦੀ ਐ। ਘਰ ਦੀ ਵੱਡੀ ਰਸੋਈ ਵਿੱਚ ਤੜਕੇ ਲਗਾਉਣੋਂ ਮਨਹਾਂ ਕਰਦੀ ਸੀ। ਘਰ ਦੇ ਨਾਲ਼ ਦਾਦੀ ਦਾ ਅਪਾਰਟਮੈਂਟ ਵੀ ਤੇ ਹੈ, ਕਹਿੰਦੀ, ਉਸ ਕਿਚਨ ’ਚ ਤੜਕੇ ਲਗਾ ਸਕਦੇ ਹੋ। ਨੌਕਰ ਦੇ ਰਿਹਾਇਸ਼ ਘਰ ਨੂੰ ਹੀ ਦਾਦੀ ਦਾ ਅਪਾਰਟਮੈਂਟ ਕਹਿਣ ਲਗ ਪਈ। ਸ਼ਾਇਦ ਸਾਡੇ ਲਈ ਕੋਈ ਇਸ਼ਾਰਾ ਹੀ ਕਰ ਰਹੀ ਹੋਵੇ। ਗੁਰਨੇਕ ਨੇ ਮਰੋੜਾ ਜਿਹਾ ਤਾਂ ਖਾਧਾ ਪਰ ਆਪ ਬਣਾ ਕੇ ਮੁੜ ਭੋਜਨ ਨਹੀਂ ਛਕਿਆ। ਗੁਰਨੇਕ ਕਈ ਦਿਨ ਕਹਿੰਦੀ ਰਹੀ ਕਿ ਦੇਸੀ ਨਾਲ਼ੋਂ ਤਾਂ ਸ਼ਾਇਦ ਉਹ ਗੋਰੀ ਨਰਸ ਹੀ ਚੰਗੀ ਰਹਿਣੀ ਸੀ। ਕੀ ਪਤਾ ਹੋਰ ਕੀ ਕੁੱਝ ਵਾਪਰਿਆ, ਸੱਸ ਨੂੰਹ ’ਚ। ਸਾਰੀਆਂ ਗੱਲਾਂ ਤਾਂ ਇਹ ਮੈਨੂੰ ਵੀ ਨਹੀਂ ਦੱਸਦੀ।” ਰਣਜੀਤ ਨੇ ਗੱਲ ਹੋਰ ਅਗਾਹਾਂ ਵਧਾਈ।

“ ਉਸ ਨਰਸ ਨੇ ਤਾਂ ਇੱਕ ਹੋਰ ਡਾਕਟਰ ਲਪੇਟ ਲਿਆ। ਗਰੇਵਾਲ਼ ਫਸ ਗਿਆ। ਬਹੁੱਤ ਚੁਸਤ ਨਿਕਲ਼ੀ ਗੋਰੀ। ਪਰ ਗਰੇਵਾਲ਼ ਬਹੁੱਤ ਖੁਸ਼ ਜਾਪਦਾ ਐ।” ਦਿਦਾਰ ਨੇ ਖਬਰ ਸੁਣਾਈ।

“ ਵੀਰ ਜੀ, ਭੋਜਨ ਦੀ ਵੀ ਐਨੀ ਸਮੱਸਿਆ ਨਹੀਂ ਸੀ। ਅਸਲ ਗੱਲ ਤਾਂ ਕੋਈ ਹੋਰ ਹੀ ਐ। ਵਿਚਾਰੇ ਦੱਸਣ ਵੀ ਤਾਂ ਕਿਵੇਂ! ਮੈਨੂੰ ਤੇ ਤਰਸ ਵੀ ਆਉਂਦਾ ਹੈ।” ਗੁਰਨੇਕ ਨੇ ਗੱਲ ਵਿੱਚ ਹੋਰ ਮਸਾਲਾ ਭੁੱਕਿਆ।

“ ਭਾਬੀ, ਆਹ ਕੀ ਨਵੀਂ ਮਜ਼ਾਕ ਸੁੱਝੀ ਤੁਹਾਨੂੰ?” ਰਣਜੀਤ, ਹੋਰ ਧਿਆਨ ਨਾਲ਼, ਹੋਰ ਵੀ ਸੁਣਨ ਲਈ, ਕਾਹਲ਼ਾ ਪੈ ਗਿਆ।

“ ਵੀਰ ਜੀ, ਅਸਲੀ ਬਖੇੜਾ ਤਾਂ ਚਿਟਿਆਏ ਵਾਲ਼ਾਂ ਨੇ ਪਾਇਆ ਐ। ਸਾਡੇ ਮੁੰਡੇ ਦੇ ਘਰ ਜਦੋਂ ਵੀ ਪਾਰਟੀ ਹੁੰਦੀ ਸੀ, ਉਹ ਨਵੇਂ ਮਹਿਮਾਨਾ ਨਾਲ਼, ਸਾਡੀ ਵੀ, ਜਾਣ ਪਹਿਚਾਣ ਤਾਂ ਕਰਵਾਉਂਦਾ ਸੀ। ਮੈਂ ਕਿਚਨ ਵਿੱਚ ਕੰਮ ਲਗ ਜਾਂਦੀ ਸਾਂ। ਇਹ ਵਿਚਾਰੇ ਕੁਰਸੀ  ’ਤੇ ਬੈਠੇ ਰਹਿੰਦੇ, ਇਕੱਲੇ ਹੀ। ਮੁੰਡੇ ਦੇ ਮਹਿਮਾਨ, ਸਤਿ ਸ੍ਰੀ ਅਕਾਲ ਬੋਲ ਕੇ ਦੂਰ ਜਾ ਬਹਿੰਦੇ। ਉਹ ਆਪੋ ਵਿੱਚ ਹਾਸਾ ਮਜ਼ਾਕ ਕਰਦੇ ਪਰ ਇਹ ਇੱਕ ਪਾਸੇ ਬਹਿ ਕੇ ਦਾਰੂ ਪੀਂਦੇ ਰਹਿੰਦੇ। ਕਦੇ ਕਦਾਈਂ ਕੋਈ ਇਹਨਾਂ ਦੀ ਸਿਹਤ ਵਾਰੇ ਸਰਸਰੀ ਜਿਹੀ ਪੁੱਛ-ਗਿੱਛ ਕਰ ਜਾਂਦਾ। ਫੇਰ ਤੰਗ ਹੋ ਕੇ ਅਪਣੇ ਕਮਰੇ ਵਿੱਚ ਜਾ ਕੇ ਟੀਵੀ ਵੇਖਣ ਲਗ ਜਾਂਦੇ। ਤੁਸੀਂ ਦੱਸੋ ਜਿਹੜਾ ਇਨਸਾਨ, ਪਾਰਟੀ ਵਿੱਚ ਪੀ ਕੇ ਹਾਸਾ ਮਜ਼ਾਕ ਕਰਨ ਦਾ ਆਦੀ ਹੋਵੇ, ਉਸਦੇ ਮੂੰਹ ਤੇ ਤਾਲਾ ਲਗ ਜਾਵੇ, ਉਹ ਤੇ ਮਿੱਤਰਾਂ ਵੱਲ ਭੱਜੇਗਾ ਹੀ। ਕਿਸੇ ਹੋਰ ਦੇ ਘਰ ਪਾਰਟੀ ਹੁੰਦੀ ਓਥੇ ਇਹਨਾਂ ਨੂੰ ਟੀਵੀ ਵੀ ਨਸੀਬ ਨਾ ਹੁੰਦਾ। ਹੁਣ ਤਾਂ ਅਸੀਂ ਮੁੰਡੇ ਨਾਲ਼, ਪਾਰਟੀਆਂ ਵਿੱਚ, ਜਾਣਾ ਹੀ ਬੰਦ ਕਰ ਦਿੱਤਾ ਸੀ। ਇਹ ਇਕੱਲੇਪਣ ਤੋਂ ਤੰਗ ਆ ਗਏ।”

“ਦਿਦਾਰ, ਗੱਲ ਤਾਂ ਭਾਬੀ ਦੀ ਵੀ ਸਹੀ ਐ ਪਰ ਬੱਚਿਆਂ ਦੇ ਮਹਿਮਾਨ ਤੁਹਾਡੇ ਨਾਲ਼ ਯਾਰਾਂ-ਦੋਸਤਾਂ ਵਾਂਗ ਤਾਂ ਹਸ ਖੇਡ ਹੀ ਨਹੀਂ ਸੀ ਸਕਦੇ।” ਰਣਜੀਤ ਨੇ ਕਿਹਾ।

“ ਗੱਲ ਸ਼ੁਰੂ ਹੋ ਹੀ ਗਈ ਤਾਂ ਪੂਰੀ ਕਰ ਹੀ ਦੇਂਦੇ ਹਾਂ। ਸਭ ਤੋਂ ਵੱਡੀ ਸਮੱਸਿਆ ਤਾਂ ਨਵੀਂ ਥਾਂ ਜਾ ਕੇ ਨਵੇਂ ਦੋਸਤ ਬਣਾਉਣ ਦੀ ਐ। ਦੋਸਤਾਂ ਬਿਨਾ , ਤੈਨੂੰ ਪਤਾ ਹੀ ਐ, ਜੀਵਨ ਰੁੱਖਾ ਹੋ ਜਾਂਦਾ ਹੈ।”

“ ਠੀਕ ਹੈ, ਪਰ ਤੂੰ ਤਾਂ ਬਹੁੱਤ ਮਿਲਣਸਾਰ ਬੰਦਾ ਹੈਂ। ਯਾਰੀਆਂ ਲਾਉਣ ਵਿੱਚ ਤੇਰੀ ਪੂਰੀ ਨਿਪੁਣਤਾ ਹੈ। ਇਸ ਕੰਮ ਵਿੱਚ ਤੇਰਾ ਮੁਕਾਬਲਾ ਨਹੀਂ।” ਰਣਜੀਤ ਨੇ ਅਚੰਭਾ ਪ੍ਰਗਟ ਕਰਦਿਆਂ ਆਖਿਆ।

“ ਵੀਰ ਜੀ, ਦੋਸਤ ਵੀ ਤਾਂਹੀਓਂ ਬਣਦੇ ਨੇ ਜੇ ਕਿਸੇ ਨੂੰ ਘਰ ਬੁਲਾਓਗੇ ਜਾਂ ਕਿਸੇ ਦੇ ਘਰ ਜਾਓਗੇ। ਗੁਰੂ ਘਰ ਵੀ ਗੁਰਪੁਰਬ ਤੇ ਹੀ ਜਾਂਦੇ ਸਾਂ। ਮੁੰਡੇ ਦੇ ਘਰ ਤਾਂ, ਨੂੰਹ ਨੂੰ ਪੁੱਛਿਆਂ ਬਗੈਰ, ਕਿਸੇ ਨੂੰ ਸੱਦਾ ਦੇਣਾ ਔਖਾ ਸੀ। ਪਰ ਜੇਕਰ ਅਸੀਂ ਚਾਹੁੰਦੇ ਵੀ ਤਦ ਵੀ ਸਾਨੂੰ ਕਾਮਯਾਬੀ ਨਾ ਮਿਲਦੀ। ਅਪਣੇ ਦੇਸੀ ਖਾਣੇ ਦਾ ਸਾਮਾਨ ਤਾਂ ਉਹ ਕਦੇ ਲੈ ਕੇ ਹੀ ਨਹੀਂ ਸਨ ਆਉਂਦੇ। ਗ਼ਲਤੀ ਹੋਰ ਵੀ ਹੋ ਗਈ ਸੀ ਜਾ ਕੇ ਕਾਰ ਨਾ ਖਰੀਦੀ। ਇਹ ਕਹਿੰਦੇ ਪਹਿਲਾਂ ਤੇਲ ਵੇਖ, ਤੇਲ ਦੀ ਧਾਰ ਵੇਖ, ਜਲਦੀ ਕੀ ਐ ਕਾਰ ਵੀ ਖਰੀਦ ਲਵਾਂਗੇ। ਵਿਚਾਰਿਆਂ ਦੀਆਂ ਸਭ ਸਕੀਮਾ ਧਰੀਆਂ ਰਹਿ ਗੱਈਆਂ।” ਗੁਰਨੇਕ ਨੇ ਗੱਲ ਧੁਰ ਲਗਾ ਦਿੱਤੀ।

“ ਆਓ ਬਾਈ ਜੀ। ਘਰ ਪਹੁੰਚ ਗਏ। ਗੱਲਾਂ ਗੱਲਾਂ ਵਿੱਚ ਹੀ ਸਫਰ ਮੁੱਕ ਗਿਆ। ਸਿਮਰ ਨੇ ਰੋਟੀ ਤਿਆਰ ਕਰ ਲਈ ਹੋਣੀ ਐਂ। ਤੁਸੀਂ ਫਟਾ ਫਟ ਨਹਾ-ਧੋ ਲਵੋ। ਬੈਠਕੇ ਘੁੱਟ ਪੀਆਂਗੇ ਅਤੇ ਭੋਰਾਂਗੇ ਦੋ ਉਰਲੀਆਂ, ਦੋ ਪਰਲੀਆਂ।” ਰਣਜੀਤ ਨੇ ਕਾਰ ਦਾ ਟਰੰਕ ਖੋਲ੍ਹਦਿਆਂ ਆਖਿਆ। ਸਿਮਰ ਅੰਦਰੋਂ ਭੱਜੀ ਆਈ। ਅਪਣੀ ਦੇਰ ਬਾਦ ਮਿਲੀ, ਦੋਸਤ ਨਾਲ, ਗਲਵੱਕੜੀ ਪਾ ਕੇ, ਮੁਲਾਕਾਤ ਕੀਤੀ।

ਦੋਸਤਾਂ ਦਾ, ਥੋੜੀ ਹੀ ਦੇਰ ਬਾਦ, ਸ਼ਰਾਬ ਦਾ ਦੌਰ ਚਲ ਪਿਆ। ਗੁਰਨੇਕ ਅਤੇ ਸਿਮਰ ਵੀ ਅਪਣੀਆਂ ਗੱਲਾਂ ਵਿੱਚ ਰੁੱਝ ਗਈਆਂ।

“ ਤੈਨੂੰ ਯਾਦ ਹੈ, ਰਣਜੀਤ। ਜਦੋਂ ਅਸੀਂ ਵੀਹ ਕੁ ਸਾਲ ਦੇ ਸਾਂ ਤਾਂ ਨਿਆਣਿਆਂ ਨੂੰ ਫੜ ਫੜ ਕੇ ਆਖਦੇ ਸਾਂ ਕਿ ਅਸੀਂ ਤੁਹਾਡੇ ਚਾਚੇ ਲਗਦੇ ਆਂ। ਬੱਚਿਆ ਤੋਂ ਮੱਲੋ ਮੱਲੀ, ਚਾਚਾ, ਅਖਵਾਈਦਾ ਸੀ। ਦੂਰੋਂ, ਭਾਬੀਆਂ ਵੀ ਟਿੱਚਰਾਂ ਕਰਨ ਲਗ ਪੈਂਦੀਆਂ ਸਨ। ਓਦੋਂ ਇਹ ਸ਼ਬਦ ਬਹੁੱਤ ਪਿਆਰਾ ਲਗਦਾ ਸੀ। ਪਰ ਹੁਣ ਤਾਂ ਅੰਕਲ ਸ਼ਬਦ ਕਈ ਵੇਰ ਦਿਲ ਦੁਖਾਵਾਂ ਲਗਦਾ ਹੈ। ਕੈਲੇਫੋਰਨੀਆਂ ਜਾ ਕੇ ਤਾਂ ਅਸੀਂ ਜਗਤ ਦੇ ਅੰਕਲ ਆਂਟੀ ਬਣ ਗਏ। ਬੁੜ੍ਹਾਪਾ ਹੋਰ ਗੂੜ੍ਹਾ ਜਾਪਣ ਲਗ ਪਿਆ।” ਦਿਦਾਰ ਨੂੰ ਵਿਸਕੀ ਅਸਰ ਕਰਨ ਲਗ ਪਈ।

“ ਬਾਈ, ਉਮਰ ਨਾਲ਼ ਚਾਚਾ, ਬਾਬਾ, ਨਾਨਾ ਬਣਨਾ ਹੀ ਪੈਂਦਾ ਹੈ। ਪਰ ਪੱਛਮ ਦੀ ਹਵਾ ਹੀ ਐਸੀ ਐ। ਅੰਕਲ-ਆਂਟੀ ਸ਼ਬਦ ਏਸ ਦੇਸ਼ ਵਿੱਚ ਪਤਾ ਨਹੀਂ ਕਿਉਂ ਚੁਭਦਾ ਹੈ।” ਰਣਜੀਤ ਨੇ ਓਪਰੇ ਜਿਹੇ ਸ਼ਬਦ ਬੋਲੇ।

“ ਅਮਰੀਕਨਾ ਦਾ ਕੰਮ ਬਹੁੱਤ ਠੀਕ ਹੈ। ਉਹ ਇਸ ਝੰਜਟ ਵਿੱਚ ਪੈਂਦੇ ਹੀ ਨਹੀਂ। ਸਿੱਧਾ ਨਾਉਂ ਹੀ ਲੈਂਦੇ ਨੇ। ਅਪਣੇ ਦੇਸ਼ ਵਿੱਚ ਕਿਸੇ ਦਾ ਨਾਉਂ ਲੈਣਾ ਅਗਲੇ ਦੀ ਬੇਅਦਬੀ ਕਰਨ ਬਰਾਬਰ ਹੈ। ਓਥੇ ਤਾਂ ਚਿੱਟੇ ਵਾਲ਼ਾਂ ਤੋਂ ਕੁੱਝ ਅੰਦਾਜਾ ਜਿਹਾ ਹੋ ਜਾਂਦਾ ਹੈ ਜੋ ਢੁਕਵਾਂ ਰਿਸ਼ਤਾ ਜੋੜਨ ਵਿੱਚ ਮਦਦਗਾਰ ਹੁੰਦਾ ਹੈ। ਅਮਰੀਕਾ ਵਿੱਚ ਤਾਂ ਵਾਲ਼ ਵੀ ਕਈ ਰੰਗਾਂ ਦੇ ਨੇ। ਸਫੇਦ ਵਾਲ਼, ਥੋਹੜੇ ਬਹੁੱਤ, ਪੈਂਤੀ ਤੋਂ ਪੰਤਾਲ਼ੀ ਸਾਲਾਂ ਦੇ ਵਿੱਚ ਵਿੱਚ ਹੀ ਦਿੱਸਦੇ ਨੇ। ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਤਾਂ ਸਿਆਹ ਕਾਲ਼ੇ ਜਾ ਭੂਰੇ ਹੀ ਹੋ ਜਾਂਦੇ ਨੇ। ਪੌਣ-ਪਾਣੀ ਅਸਰ ਕਰ ਜਾਂਦਾ ਹੈ।” ਰਣਜੀਤ ਨੇ ਕਿਹਾ ਅਤੇ ਇੱਕ ਪੁਰਾਣੀ ਗੱਲ ਦਾ ਵੇਰਵਾ ਪਾਇਆ।

“ਬਾਈ ਤੈਨੂੰ ਯਾਦ ਨਹੀਂ ਅਪਣੇ ਜਮਾਤੀ ਬੱਗੇ ਨਾਲ਼ ਕੀ ਬੀਤੀ ਸੀ। ਅਸੀਂ ਸਮਝਾਇਆ ਸੀ ਕਿ ਸਾਡੇ ਨਾਲ਼ ਹੀ ਕਮਰਾ ਸ਼ੇਅਰ ਕਰ ਲਵੇ। ਪਰ ਨਹੀਂ ਮੰਨਿਆ। ਕਹਿੰਦਾ ਸੀ ਅਮਰੀਕਾ ਵਿੱਚ ਬਹੁੱਤ ਮਨ ਲਗਾ ਕੇ ਪੜ੍ਹਨਾ ਚਾਹੀਦਾ ਹੈ। ਇਕੱਲਿਆਂ, ਦੂਰ ਰਹਿਣਾ ਹੀ ਠੀਕ ਹੈ, ਤੁਹਾਡੇ ਵਰਗੇ ਖੱਪੀਆਂ ਤੋਂ। ਸ਼ੈਰਨ ਬੁੱਢੀ ਦੇ ਮਕਾਨ ਵਿੱਚ ਕਮਰਾ ਲਿਆ ਸੀ, ਯੁਨੀਵਰਸਟੀ ਦੀ ਜੜ ਵਿਚ। ਬਹੁੱਤ ਇੱਜ਼ਤ ਕਰਨ ਲਗਿਆ ਸੀ ਸ਼ੈਰਨ ਦੀ, ਅੰਟੀ ਕਹਿਣ ਲਗ ਪਿਆ ਸੀ ਜਿਵੇਂ ਰਿਸ਼ਤੇਦਾਰੀ ਗੰਢਣ ਨਾਲ਼ ਕਰਾਇਆ ਮੁਆਫ ਕਰਵਾਉਣਾ ਹੋਵੇ। ਵਿਚਾਰੇ ਨੇ ਮਸਾਂ ਦੋ ਚਾਰ ਵਾਰ ਹੀ ਕਿਹਾ ਹੋਣਾ ਐਂ। ਇਕ ਦਿਨ ਬੁੱਢੀ ਨੇ ਖਰੀਆਂ ਖੋਟੀਆਂ ਸੁਣਾਈਆ ਅਤੇ ਬੱਗੇ ਨੂੰ ਘਰ ਖਾਲ਼ੀ ਕਰਨ ਲਈ ਕਹਿ ਦਿੱਤਾ। ਕਹਿੰਦੀ ਸੀ ਕਿ ਮੈਂ ਤੇਰੀ ਆਂਟੀ ਨਹੀਂ, ਯਾਦ ਰੱਖੀਂ! ਹੋ ਗਿਆ ਸੜਕ ਤੇ ਖੜ੍ਹਾ। ਫੇਰ ਟੈਕਸੀ ਲੈ ਕੇ ਸਾਡੇ ਕੋਲ਼ ਆਇਆ ਸੀ। ਊਚੀ ਊਚੀ ਕਹਿੰਦਾ ਸੀ ਅਮਰੀਕਾ ਵਿੱਚ ਬੁਢੀਆਂ ਨੂੰ ਵੀ ਆਂਟੀ ਨਾ ਕਹਿਣਾ, ਪਛਤਾਓਗੇ।”

“ ਵਿਚਾਰਾ ਬੱਗਾ! ਸ਼ੈਰਨ ਨੂੰ ਜੋ ਚਾਹੀਦਾ ਸੀ ਜੇ ਦੇ ਵੀ ਦੇਂਦਾ ਤਾਂ ਕੋਈ ਹਰਜ਼ ਥੋੜ੍ਹਾ ਹੀ ਸੀ। ਬੱਗਾ ਵੀ ਮਸਤੀ ਮਾਰਦਾ ਅਤੇ ਬੁੱਢੀ ਵੀ ਖੁਸ਼ ਰਹਿੰਦੀ ।” ਦਿਦਾਰ ਨੇ ਦਾਰੂ ਹੋਰ ਸੁਆਦਲੀ ਬਣਾਉਣ ਦੀ ਹਿੰਮਤ ਕੀਤੀ।

“ ਯਾਰ ਪੁਰਾਣੀਆਂ ਯਾਦਾਂ ਦਾ ਅਪਣਾ ਹੀ ਸੁਆਦ ਹੈ। ਬੱਗਾ ਇੰਡੀਆਂ ਚਲਾ ਗਿਆ ਸੀ, ਸ਼ਾਇਦ। ਉਹ ਤਾਂ ਨਿੱਤਨੇਮੀ ਬੰਦਾ ਸੀ ਉਹ ਕਿਵੇਂ ਉਲਝ ਸਕਦਾ ਸੀ ਗੋਰੀ ਨਾਲ਼।” ਦਿਦਾਰ ਨੇ ਵੀ ਬੱਗੇ ਨੂੰ ਯਾਦ ਕੀਤਾ।

“ ਜੀ ਤੁਸੀਂ ਵੀਰ ਜੀ ਨੂੰ ਉਹ ਗੁਰੂਦਵਾਰੇ ਵਾਲੀ ਗੱਲ ਵੀ ਸੁਣਾ ਦਿਓ, ਜਿਹੜੀ ਪਿਛਲੇ ਹਫਤੇ ਹੋਈ ਸੀ।” ਗੁਰਨੇਕ ਨੇ ਦਿਦਾਰ ਨੂੰ ਕਿਹਾ।

“ ਉਸ ਦਿਨ ਤਾਂ ਹੱਦ ਹੀ ਹੋ ਗਈ ਸੀ, ਯਾਰ। ਉਹ ਬੰਦਾ ਮੇਰੇ ਨਾਲ਼ੋਂ ਮਸਾਂ ਤਿੰਨ ਜਾਂ ਚਾਰ ਸਾਲ ਹੀ ਛੋਟਾ ਹੋਣਾ ਐਂ। ਉਹਦੇ ਬੱਚੇ ਵੀ ਵਿਆਹੇ ਹੋਏ ਨੇ। ਸਾਡੇ ਮੁੰਡੇ ਦੇ ਕਲਿਨਿਕ ਵਿੱਚ ਹੀ ਕੰਮ ਕਰਦਾ ਹੈ। ਮੈਨੂੰ ਜਦ ਵੀ ਬੁਲਾਵੇ ਅੰਕਲ ਜੀ ਹੀ ਕਿਹਾ ਕਰੇ। ਮੈਂ ਤਾਂ ਉਸਨੂੰ ਕੁੱਝ ਨਹੀਂ ਕਿਹਾ ਪਰ ਉਸਦੀ ਅਪਣੀ ਧੀ ਨੂੰ ਪਤਾ ਨਹੀਂ ਕੀ ਚਿੜ ਲੱਗੀ ਅਪਣੇ ਪਿਉ ਨਾਲ਼ ਗੁੱਸੇ ਨਾਲ਼ ਬੋਲੀ: ਡੈਡੀ, ਅੰਕਲ ਤਾਂ ਤੁਹਾਡੀ ਉਮਰ ਦੇ ਹੀ ਹਨ। ਤੁਸੀਂ ਇਹਨਾਂ ਨੂੰ ਅੰਕਲ ਕਹਿੰਦੇ ਚੰਗੇ ਨਹੀਂ ਲਗਦੇ।”

“ ਉਹ ਕੀ ਬੋਲਿਆ, ਅੱਗਿਓਂ?” ਰਣਜੀਤ ਨੇ ਗੱਲ ਵਧਾਉਣੀ ਚਾਹੀ।

“ ਬੱਸ ਮੈਂ ਹੀ ਗੱਲ ਸਾਂਭ ਲਈ। ਮੈਂ ਕਿਹਾ ਧੀਏ ਕੋਈ ਗੱਲ ਨਹੀਂ। ਤੈਨੂੰ ਸ਼ਾਇਦ ਪਤਾ ਨਹੀਂ। ਸਾਡੇ ਦੇਸ਼ ਵਿੱਚ ਕਿਸੇ ਦਾ ਨਾ ਲੈਣਾ ਅਗਲੇ ਦੀ ਬੇਅਦਬੀ ਕਰਨ ਬਰਾਬਰ ਮੰਨਿਆ ਜਾਂਦਾ ਹੈ। ਤੇਰੇ ਡੈਡੀ ਜੀ ਨੇ ਮੇਰੀ ਇੱਜ਼ਤ ਹੀ ਕੀਤੀ ਐ। ਇਹਨਾਂ ਕਿਹੜੈ ਮੈਨੂੰ ਗਾਲੀ ਦਿੱਤੀ ਐ। ਗੁੱਸਾ ਨਹੀਂ ਕਰੀਦਾ ਧੀਏ।” ਦਿਦਾਰ ਨੇ ਸੰਖੇਪ ਜਿਹਾ ਨਜ਼ਾਰਾ ਉਲੀਕਿਆ।

“ ਵੀਰ ਜੀ ਇਹ ਦੱਸੋ ਕਿ ਇਹਨਾਂ ਦਾ ਅਜੇਹਾ ਕਹਿਣਾ  ਠੀਕ ਸੀ? ਸਾਡੇ ਮੁੰਡੇ ਦੀ ਪੁਜ਼ੀਸ਼ਨ ਤਾਂ ਖਰਾਬ ਹੋ ਗਈ ਨਾ। ਕੀ ਸੋਚੇਗਾ ਉਹਦਾ ਦੋਸਤ। ਕੋਈ ਹੋਰ ਚੰਗਾ ਜੁਆਬ ਵੀ ਤਾਂ ਦੇ ਸਕਦੇ ਸੀ। ਨਹੀਂ ਤਾਂ ਚੁੱਪ ਹੀ ਭਲੀ ਸੀ।” ਗੁਰਨੇਕ ਨੇ ਅੰਦਰੋਂ ਗਿਲਾ ਬਾਹਰ ਸੁੱਟਿਆ।

“ ਮੈਨੂੰ ਤਾਂ ਦਿਦਾਰ ਦਾ ਜੁਆਬ ਵੀ ਠੀਕ ਹੀ ਲੱਗਦਾ।” ਰਣਜੀਤ ਨੇ ਦੋਸਤ ਦਾ ਪੱਖ ਲਿਆ।

“ ਗੁਰਨੇਕ, ਉਮਰ ਦਾ ਘੱਟੋ ਘੱਟ ਪੰਦਰਾਂ ਸਾਲ ਦਾ ਫਰਕ ਹੋਵੇ ਤਾਂ ਮੰਨ ਵੀ ਲੱਈਏ ਪਰ ਸਾਡਾ ਹਾਣੀ ਸਾਨੂੰ ਅੰਕਲ ਕਹੇ ਤਾਂ ਅਜੇਹੇ ਬੰਦੇ ਨੂੰ ਸੁਦਾਈ ਦਾ ਦਰਜਾ ਦੇਣਾ ਹੀ ਉਚਿੱਤ ਹੈ।” ਦਿਦਾਰ ਨੇ ਗੱਲ ਸਪਸ਼ਟ ਕੀਤੀ।

“ ਵੀਰ ਜੀ ਅਸੀਂ ਤੇ ਸਭ ਕੁੱਝ ਸਹਿਨ ਕਰ ਹੀ ਰਹੇ ਸਾਂ। ਬਦਕਿਸਮਤੀ ਨੂੰ ਇੱਕ ਦਿਨ ਐਸੀ ਘਟਨਾ ਘਟੀ ਕਿ ਇਹਨਾਂ ਨੇ ਤੁਰਤ ਦੋਸਤਾਂ ਕੋਲ਼ ਵਾਪਸ ਆ ਜਾਣ ਦਾ ਫੈਸਲਾ ਕਰ ਲਿਆ ਅਤੇ ਕਰ ਲਿਆ ਬੋਰੀਆ ਬਿਸਤਰਾ ਗੋਲ਼। ਬੱਸ ਇਹ ਸਮਝੋ ਕਿ ਬਲਦੀ ਤੇ ਤੇਲ ਹੀ ਪੈ ਗਿਆ। ਇਹਨਾਂ ਦੇ ਕੰਨੀ, ਪੁੱਤਰ ਅਤੇ ਨੂੰਹ ਵਿੱਚ ਹੋ ਰਹੀ ਬਹਿਸ ਪੈ ਗਈ। ਵਹੁਟੀ ਪੁੱਤਰ ਨੂੰ ਪੁੱਛ ਰਹੀ ਸੀ ਕਿ ਮਾਪਿਆ ਵਾਸਤੇ ਅਲੱਗ ਟਾਊਨ-ਹਾਊਸ ਲੈਣ ਵਾਲ਼ਾ ਇਰਾਦਾ ਕਿਤੇ ਬਦਲ ਤਾਂ ਨਹੀਂ ਲਿਆ। ਇਹ ਤਾਂ ਐਥੋਂ ਜਾਣ ਦਾ ਨਾਂ ਹੀ ਨਹੀਂ ਲੈਂਦੇ। ਹੋਰ ਕਿੰਨੇ ਕੁ ਦਿਨ ਰਹਿਣਗੇ ਸਾਡੇ ਕੋਲ਼? ਤੁਸੀਂ ਤਾਂ ਕਹਿੰਦੇ ਸੀ ਕਿ ਤੁਹਾਡੇ ਮਾਪੇ ਪੰਜਾਬ ਜਾ ਕੇ ਅਪਣੇ ਰਿਸ਼ਤੇਦਾਰਾਂ ਕੋਲ਼ ਹੀ ਰਹਿਣਗੇ।” ਦਿਦਾਰ ਜੋ ਨਹੀਂ ਸੀ ਦੱਸਣਾ ਚਾਹੁੰਦਾ, ਗੁਰਨੇਕ ਨੇ ਉਗਲ ਦਿੱਤਾ।

“ ਗੁਰਨੇਕ, ਕੁੱਝ ਸੋਚ ਸਮਝ ਕੇ ਬੋਲਿਆ ਕਰ। ਪੁੱਤਰ ਅਤੇ ਨੂੰਹ ਦੋਵੇ ਪੱਛਮੀ ਵਾਤਾਵਰਣ ਵਿੱਚ ਪਲੇ ਹਨ। ਪਛਮੀ ਸੱਭਿਅਤਾ ਦਾ ਅਸਰ ਹੀ ਹੈ। ਬੱਚਿਆਂ ਦਾ ਕੋਈ ਕਸੂਰ ਨਹੀਂ। ਜਿਵੇਂ ਮੁੰਡੇ ਨੇ ਕਈ ਵੇਰ ਕਿਹਾ ਹੈ, ਉਹਨਾਂ ਨਾਲ਼ ਸਾਡਾ ਜੈਨਰੇਸ਼ਨ ਗੈਪ ਵੀ ਤੇ ਪੈ ਗਿਆ। ਤੂੰ ਕਹਿੰਦੀ ਹੁੰਦੀ ਸੀ ਕਿ ਮੁੰਡੇ ਲਈ ਦੇਸੀ ਕੁੜੀ ਹੀ ਲੱਭਾਂਗੀ। ਉਸ ਨੇ ਤੇਰੀ ਇੱਛਾ ਤਾਂ ਪੂਰੀ ਕਰ ਹੀ ਦਿੱਤੀ। ਹੁਣ ਹੋਰ ਕਾਹਦਾ ਰੋਣਾ ਐਂ। ਖੁਸ਼ ਰਹਿ।” ਦਿਦਾਰ ਨੇ ਗੱਲ ਠੱਪ ਕਰਨ ਦੇ ਇਰਾਦੇ ਨਾਲ਼ ਕਿਹਾ।

“ ਜੀ ਰਹਿਣ ਦਿਓ! ਜੈਨਰੇਸ਼ਨ ਗੈਪ ਦੇ ਲਗਦੇ ਨਾ ਹੋਣ! ਜੈਨੇਰੇਸ਼ਨ ਗੈਪ ਦਾਦੇ-ਪੋਤੇ ’ਚ ਥੋੜ੍ਹਾ ਜਿਹਾ ਹੁੰਦਾ ਐ ਪਿਉ-ਪੁੱਤਰ ’ਚ ਬਿਲਕੁਲ ਨਹੀਂ। ਪੂਰਬ ਪੱਛਮ ਦਾ ਫਰਕ ਕਹਿੰਦੇ ਤਾਂ ਮੰਨ ਵੀ ਲੈਂਦੀ। ਪਹਿਲਾਂ ਗੋਰੀ ਕੁੜੀ ਨੇ ਮੁੰਡੇ ਦਾ ਮਸਾਂ ਪਿੱਛਾ ਛੱਡਿਆ। ਹੁਣ ਇਹ ਅਮਰੀਕਨ ਦੇਸੀ ਨੂੰਹ ਗੋਰੀਆਂ ਦੀ ਵੀ ਗੁਰੂ ਮਿਲ ਗਈ। ਆਏ ਸੀ ਅਮਰੀਕਾ ਬੜੇ ਚਾਅ ਨਾਲ਼। ਅੱਗੇ ਅੱਗੇ ਸੀਨੀਅਰ ਸਿਟੀਜ਼ਨਾ ਵਾਲ਼ੇ ਅਪਾਰਟਮੈਟਾਂ ਵਿੱਚ ਹੀ ਰੁਲ਼ਨਾ ਪੈਣਾ ਐਂ ਯਾ ਫੇਰ ਪੁੱਤਰ ਨੇ ਨਰਸਿੰਗਹੋਮ ’ਚ ਭਰਤੀ ਕਰਵਾ ਕੇ ਪਰੇ ਹੋਣਾ ਐਂ। ਅਪਣੀ ਲਾਡਲੀ ਧੀ ਨੁੰ ਹੀ ਵੇਖ ਲਵੋ। ਉਸਦੇ ਵਿਆਹ ਦੀ ਗੱਲ ਕਰਦੇ ਆਂ ਤਾ ਖਾਣ ਨੂੰ ਪੈਂਦੀ ਹੈ। ਵਿਆਹ ਦੀ ਉਮਰ ਲਘਦੀ ਜਾਂਦੀ ਐ। ਮੈਨੂੰ ਪਹਿਲਾਂ ਪਤਾ ਹੁੰਦਾ, ਮੈਂ ਤਾਂ ਕਦੇ ਨਾ ਪੰਜਾਬ ਛੱਡਦੀ। ਆਪੇ ਹੀ ਦੂਰ ਕਰ ਲਏ ਅਪਣੇ ਬੱਚੇ ਅਪਣੇ ਆਪ ਤੋਂ, ਅਪਣੇ ਵਿਰਸੇ ਤੋਂ। ਅਪਣੇ  ਨਿੱਕੇ ਪੂਰਬੀ ਬੂਟੇ ਲਿਆ ਬੀਜੇ ਪੱਛਮੀ ਖੇਤਾਂ ਵਿੱਚ, ਅਪਣੇ ਹੀ ਹੱਥੀਂ। ਹੁਣ ਏਸ ਵਾਤਾਵਰਣ ਵਿੱਚ ਫੁੱਲ਼ਣ ਫਲਣ ਲਗ ਪਏ ਤਾਂ ਸਾਡਾ ਦਿਲ ਦੁਖਦਾ ਹੈ। ਯਾਦ ਕਰੋ ਗੁਰਾਂ ਦਾ ਕਥਨ। ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ।  ਕਰਨੀ ਦੇ ਫਲ਼ ਨੇ, ਹੁਣ ਭੁਗਤਣੇ ਹੀ ਪੈਣੇ ਐਂ ਜੀ!” ਗੁਰਨੇਕ ਨੇ ਦੁਖੀ ਮਨ ਦੀ ਕੁਰਲਾਹਟ ਨੂੰ ਨੇਤਰਾਂ ਦੀ ਨਮੀ ਰਾਹੀਂ ਦਰਸ਼ਾਇਆ।

“ ਕੀ ਕਰ ਸਕਦੇ ਆਂ! ਔਲਾਦ ਹੁਣ ਪੰਜਾਬ ਜਾਣਾ ਨਹੀਂ ਚਾਹੁੰਦੀ। ਪੰਜਾਬੀ ਸਿਖਾਉਂਦੇ ਆਂ ਤਾਂ ਚਾਅ ਨਾਲ਼ ਸਿੱਖਦੇ ਨਹੀਂ, ਬੋਲਦੇ ਨਹੀਂ। ਜੋ ਸਿੱਖਦੇ ਵੀ ਨੇ ਉਹ ਜਲਦੀ ਹੀ ਭੁਲਾ ਵੀ ਦੇਂਦੇ ਨੇ। ਜੋ ਹੋਏਗਾ ਵੇਖਿਆ ਜਾਵੇਗਾ। ਆਪਾਂ ਨੂੰ ਹੁਣ ਰੋਟੀ ਵੀ ਖਾ ਹੀ ਲੈਣੀ ਚਾਹੀਦੀ ਹੈ। ਸਭ ਤਿਆਰ ਹੈ। ਮੈ ਚਲ ਕੇ ਟੇਬਲ ਲਗਾਉਂਦੀ ਆਂ।” ਆਖ ਕੇ ਸਿਮਰ ਚਲੀ ਗਈ।

“ ਪੁੱਤਰ ਤਾਂ ਸਾਨੂੰ ਅਪਣੇ ਰਿਸ਼ਤੇਦਾਰ ਵੀ ਨਹੀਂ ਸਮਝਦਾ। — ਕਹਿੰਦਾ ਐ, ਤੁਹਾਡੇ ਅਸਲੀ ਰਿਸ਼ਤੇਦਾਰ, ਬਚਪਨ ਦੇ ਦੋਸਤ ਜਿਨਹਾਂ ਦੀਆਂ ਤੁਸੀਂ ਗੱਲਾਂ ਕਰਦੇ ਹੁੰਦੇ ਸੀ, ਸੱਭੇ ਪੰਜਾਬ ਵਿੱਚ ਹੀ ਰਹਿੰਦੇ ਹਨ। ਓਥੇ ਹੀ ਰਹਿਣਾ ਠੀਕ ਰਹੇਗਾ। ਤੁਸੀਂ ਸਾਨੂੰ ਮਿਲਣ ਆ ਜਾਇਆ ਕਰੋ। ਅਸੀਂ ਟਿਕਟਾਂ ਭੇਜ ਦਿਆ ਕਰਾਂਗੇ। ਅਸੀਂ ਵੀ ਆਇਆ ਕਰਾਂਗੇ। — ਬਾਈ, ਸਾਡਾ ਤਾਂ ਲਗਦਾ ਹੁਣ  ਓਟ-ਆਸਰਾ ਰੱਬ ਹੀ ਹੈ। ਕੀ ਪਤਾ, ਚਲਦੇ ਫਿਰਦੇ ਹੀ ਕੂਚ ਕਰ ਜਾਈਏ।” ਦਿਦਾਰ ਨੇ ਮਜ਼ਾਕ ਮਜ਼ਾਕ ਵਿੱਚ ਹੀ ਦਿਲੀ ਪੀੜਾ ਨੂੰ ਉਜਾਗਰ ਕਰ ਵਿਖਾਇਆ।

“ ਚਲੋ ਉਠੋ, ਦਾਰੂ ਬੰਦ ਕਰੋ ਅਤੇ ਰੋਟੀ ਛਕੋ। ਸਾਨੂੰ ਪਤਾ ਲਗ ਗਿਆ ਤੁਸੀਂ ਵਾਪਸ ਦੋਸਤਾਂ ਵਿੱਚ ਕਿਉਂ ਆ ਗਏ।” ਸਿਮਰ ਨੇ ਰੋਟੀ ਪਰੋਸੀ।

“ ਹਾਂ ਬਾਈ ਦਿਦਾਰ, ਚਲ ਹੁਣ ਪੇਟ ਪੂਜਾ ਵੀ ਕਰ ਲੱਈਏ। ਛੱਡ ਉਮਰ ਅਤੇ ਔਲਾਦ ਦੀਆਂ ਗੱਲਾਂ। ਅਪਣੇ ਵਾਲ਼ ਤਾਂ ਸਫੇਦ ਹੋ ਹੀ ਗਏ ਨੇ । ਪਤਝੜ ਤਾਂ ਮੌਸਮ ਨਾਲ ਆ ਹੀ ਜਾਂਦੀ ਐ, ਵੀਰਿਆ।”

“ ਰਣਜੀਤ, ਤੇਰਾ ਮਤਲਬ ਪੱਤ ਝੜ!” ਦਿਦਾਰ ਨੇ ਆਖਿਆ ਅਤੇ ਬਾਕੀ ਬਚਿਆ ਸ਼ਰਾਬ ਦਾ ਘੁੱਟ ਵੀ ਪੀ ਲਿਆ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>