1921 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ

ਸ੍ਰੀ  ਨਨਕਾਣਾ ਸਾਹਿਬ, ( ਜੋਗਾ ਸਿੰਘ ਖਾਲਸਾ)- ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਸਾਕਾ ਨਨਕਾਣਾ ਦੀ ਯਾਦ ਵਿੱਚ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਸਵੇਰੇ 8:00 ਵਜੇ ਸ਼ਹੀਦੀ ਅਸਥਾਨ ਵਾਲੀ ਜਗ੍ਹਾਂ ਤੇ ਪਏ ਜਿੱਥੇ ਸੰਨ 1921 ਵਿੱਚ ਇਸ ਸਾਕੇ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ।

ਇਸ ਸ਼ਹੀਦੀ ਸਮਾਗਮ ਦੇ ਮੌਕੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਸ਼ਾਮ ਸਿੰਘ, ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਹੈੱਡ ਗ੍ਰੰਥੀ ਭਾਈ ਜਨਮ ਸਿੰਘ, ਇੰਟਰ ਰਲੀਜ਼ੀਅਸ ਪੀਸ ਕੌਸਲ Religious Peace Council ਦੇ ਪ੍ਰਧਾਨ ਚੋਧਰੀ ਜ਼ਫ਼ਰ ਨੱਥ ਤੇ ਜਰਨਲ ਸਕੱਤਰ ਡਾ.ਅਮਜਦ ਚਿਸ਼ਤੀ, ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ “Dyal Singh Research and Cultural Forum” (DSRCF) ਦੇ ਚੇਅਰਮੈਨ ਆਸਫ ਬੱਟ ਤੋਂ ਇਲਾਵਾ ਕੌਮੀ ਅਮਨ ਕਮੇਟੀ ਪਾਕਿਸਤਾਨ ਦੇ ਚੇਅਰਮੈਨ ਅਲਾਮਾ ਅਯਾਜ਼ ਜ਼ਹੀਰ ਹਾਸ਼ਮੀ, ਨਦੀਮ ਇਕਬਾਲ ਚੌਧਰੀ ਸੀਨੀਅਰ ਮੀਤ ਪ੍ਰਧਾਨ ਕੌਮੀ ਅਮਨ ਕਮੇਟੀ ਪੰਜਾਬ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਸ਼ਹੀਦ ਭਾਈ ਲਛਮਨ ਸਿੰਘ ਧਾਰੋਵਾਲ, ਸ਼ਹੀਦ ਭਾਈ ਦਲੀਪ ਸਿੰਘ, ਸ਼ਹੀਦ ਭਾਈ ਵਰਿਆਮ ਸਿੰਘ ਅਤੇ ਇਨ੍ਹਾਂ ਨਾਲ ਜੱਥੇ ਵਿੱਚ ਸ਼ਾਮਲ ਸਾਰੇ ਸਾਥੀਆਂ ਨੂੰ ਜਿੰਂਨ੍ਹਾਂ ਨੇ 21 ਫਰਵਰੀ 1921 ਨੂੰ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਮਹੰਤ ਨਰੈਣੂ ਵੱਲੋਂ ਕੀਤੀਆਂ ਜਾ ਰਹੀਆਂ ਕੁਰੀਤੀਆਂ ਬੇਅਦਬੀਆਂ ਦੇ ਖਿਲਾਫ਼ ਸ਼ਹਾਦਤ ਦਾ ਜਾਮ ਪੀਤਾ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਤੇ ਸਭ ਤੋਂ ਪਹਿਲਾਂ ਭਾਈ ਜਨਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਜਨਮ ਅਸਥਾਨ ਨੇ ਸਾਕਾ ਨਨਕਾਣਾ ਦੇ ਵਾਪਰਨ ਤੋਂ ਪਹਿਲਾਂ ਦੀਆਂ ਸਾਰੀਆਂ ਘਟਨਾਵਾਂ, ਇਸ ਦੇ ਪਿਛੋਕੜ, ਅੰਗਰੇਜ਼ ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੀਆਂ ਵਾਲੇ ਬਾਗ ਸਾਕੇ ਦੇ ਮੁੱਖ ਦੋਸ਼ੀ ਡਾਇਰ ਨੂੰ ਮਹੰਤ ਅਰੂੜ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਦੇਣ ਦੀ ਘਟਨਾ ਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਸੇਵਾਦਾਰਾਂ ਵੱਲੋਂ ਸੇਵਾ ਸੰਭਾਲਣ । ਸ੍ਰੀ ਤਰਨਤਾਰਨ ਸਾਹਿਬ ਦੇ ਮਹੰਤਾਂ ਵੱਲੋਂ ਉਥੋਂ ਦੇ ਪਵਿੱਤਰ ਸਰੋਵਰ ਵਿੱਚ ਸ਼ਰਾਬ ਠੰਢੀ ਕਰਕੇ ਪੀਣ, ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਣ ਵਾਲੀਆਂ ਧੀਆਂ ਭੈਣਾਂ ਨੂੰ ਪੱਥਰ ਤੇ ਗਨੇਰੀਆਂ ਮਾਰਨ ਤੇ ਛੇੜਖਾਨੀ ਕਰਨ ਦੀਆਂ ਘਟਨਾਵਾਂ ਅਤੇ ਸ਼ਰਧਾਂ ਵਾਲੇ ਸਿੰਘਾਂ ਦੇ ਸਮਝਾਉਣ ਤੇ ਇਸ ਨੂੰ ਆਪਣੀ ਦੁਕਾਨ ਦੱਸਣ, ਭਾਈ ਸੰਤ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਵਿੱਚ ਅੰਮ੍ਰਿਤ ਛੱਕਣ ਦੀ ਗੱਲ ਕਰਨ ਕਾਰਨ ਉਨ੍ਹਾਂ ਦੇ ਛੋਟੇ ਬੇਟੇ ਨੂੰ ਸਰੋਵਰ ਵਿੱਚ ਪੱਥਰ ਬੰਨ ਕੇ ਡੋਬ ਕੇ ਮਾਰ ਦੇਣ ਤੇ ਉਨ੍ਹਾਂ ਦੀ 12-13 ਸਾਲ ਦੀ ਬੇਟੀ ਦੀ ਇੱਜ਼ਤ ਲੁੱਟਣ ਦੀ ਦਿਲ ਕਬਾਊ ਘਟਨਾਂ ਨੂੰ ਬੜੇ ਹੀ ਦਰਦ ਮਈ ਢੰਗ ਨਾਲ ਦੱਸਿਆ। ਆਪ ਨੇ ਨਨਕਾਣਾ ਸਾਹਿਬ ਵਿਖੇ ਸੰਨ 1917 ਵਿੱਚ ਪੋਠੋਹਾਰ ਤੋਂ ਦਰਸ਼ਨ ਕਰਨ  ਆਏ ਭਾਈ ਬੂਟਾ ਸਿੰਘ ਦੀ ਗਾਤਰੇ ਵਾਲੀ ਕ੍ਰਿਪਾਨ ਖੋਹਣ, 1918 ਵਿੱਚੋਂ ਹੈਦਰਾਬਾਦ ਸਿੰਧ ਤੋਂ ਰਿਟਾਇਰ ਹੋ ਕੇ ਪਰਿਵਾਰ ਸਮੇਤ ਸ਼ੁਰਕਾਨੇ ਦੀ ਅਰਦਾਸ ਕਰਨ ਆਏ ਜੱਜ ਦੀ 13 ਸਾਲਾਂ ਦੀ ਬੇਟੀ  ਬੀਬੀ ਰਜਨੀ ਦੀ ਇਸੇ ਅਸਥਾਨ ਦੇ ਸੋ ਦਰੁ ਦੇ ਪਾਠ ਦੇ ਸਮੇਂ ਪੱਤ ਲੁੱਟਣ ਦੀ ਘਟਨਾਂ, ਜੜ੍ਹਾਵਾਲੇ ਤੋਂ ਦਰਸ਼ਨ ਕਰਨ ਆਈਆਂ ਬੀਬੀਆਂ ਦੀ ਪੱਤ ਲੁੱਟਣ ਵਰਗੀਆਂ ਘਟਨਾਵਾਂ ਨੂੰ ਬੜੇ ਹੀ ਭਾਵੁਕ ਹੋ ਕੇ ਦੱਸਿਆ। ਜਰਗ ਪਿੰਡ ਦੇ ਭਾਈ ਕੇਹਰ ਸਿੰਘ ਦੇ ਪੁੱਤਰ ਸ੍ਰ. ਦਰਬਾਰਾ ਸਿੰਘ ਜਿਸ ਦੀ ਉਮਰ 6-7 ਸਾਲ ਦੀ ਸੀ ਜੋ ਇਸ ਸਾਕੇ ਵਿੱਚ ਸ਼ਹੀਦ ਹੋਣ ਵਾਲਾ ਸਭ ਤੋਂ ਛੋਟੀ ਉਮਰ ਦਾ ਭੁਝੰਗੀ ਸੀ ਦੇ ਜੀਵਨ ਨੂੰ ਸੁਣਦਿਆਂ ਨਨਕਾਣਾ ਸਾਹਿਬ ਦੇ ਬੱਚਿਆਂ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਝੱਲਕ ਪਏ।

ਭਾਈ ਜਨਮ ਸਿੰਘ ਹੋਣਾ ਨੇ 2021 ਨੂੰ ਸਾਕਾ ਨਨਕਾਣਾ ਸਾਹਿਬ ਦੇ ਸੋ ਸਾਲ (1921-2021) ਪੂਰੇ ਹੋਣ ਤੇ ਸ਼ਤਾਬਦੀ ਮਨਾਉਣ ਲਈ ਵੀ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਤੇ ਹੁਣ ਤੋਂ ਹੀ ਇਸ ਨੂੰ ਮਨਾਉਣ ਦੇ ਉਪਰਾਲੇ ਸ਼ੁਰੂ ਕਰ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਦੇਸ਼-ਵਿਦੇਸ਼ਾਂ ਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰ ਰਹੀਆਂ ਕਮੇਟੀਆਂ, ਨਵੀਆਂ ਕਮੇਟੀਆਂ ਬਨਾਉਣ ਤੇ ਗੁਰਦੁਆਰਾ ਕਮੇਟੀਆਂ ਦੀ ਸੇਵਾ ਕਰਨ ਦੇ ਚਾਹਵਾਨ ਵੀਰਾਂ/ਭੈਣਾਂ
ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੱਜ ਵੀ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਖੜਾ ਸ਼ਹੀਦੀ ਜੰਡ ਰੋ-ਰੋ ਕੇ ਪੁਕਾਰ ਰਿਹਾ ਹੈ ਕਿ ਖ਼ਾਲਸਾ ਜੀ ! ਮੈਂ ਆਪਣੀਆਂ ਅੱਖਾਂ ਨਾਲ ਸ਼ਹੀਦ ਭਾਈ ਲਛਮਨ ਸਿੰਘ ਨੂੰ ਉਲਟਾ ਲਟਕਦਿਆਂ ਅੱਗ ਨਾਲ ਸੜਦਿਆਂ ਤੱਕਿਆ ਹੈ । ਉਸ ਸਿੰਘ ਵੱਲੌਂ ਦਿੱਤੀ ਕੁਰਬਾਨੀ ਨੂੰ ਅੱਜ ਯਾਦ ਕਰਦਿਆਂ ਆਪਸੀ ਪਿਆਰ ਵਧਾਉ । ਆਪਣੇ ਛੋਟੇ-ਮੋਟੇ ਗਿਲੇ ਸ਼ਿਕਵਿਆਂ ਨੂੰ ਆਪਣੇ ਪਿਤਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠ ਕੇ ਵੀਚਾਰ ਲਿਆ ਕਰੋ । ਅਖ਼ਬਾਰਾਂ ਤੇ ਟੀ.ਵੀ ਚੈਨਲਾਂ ਤੇ ਸਾਡੀਆਂ ਆਪਸੀ ਫੁੱਟਾਂ ਦੀਆਂ ਗੱਲਾਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਬਹੁਤ ਦੁੱਖ ਪਹੁੰਚਾਦੀਆਂ ਹਨ। ਕਿਉਂਕਿ ਸ਼ਹੀਦ ਹਮੇਸ਼ਾਂ ਜ਼ਿੰਦਾਂ ਹੁੰਦੇ ਹਨ।

ਸ਼ਹੀਦ ਭਾਈ ਲਛਮਣ ਸਿੰਘ ਅੱਜ ਵੀ ਜ਼ਿੰਦਾ ਹੈ । ਸ਼ਹੀਦ ਭਾਈ ਦਲੀਪ ਸਿੰਘ ਅੱਜ ਵੀ ਜ਼ਿੰਦਾ ਹੈ ।
ਪਾਕਿਸਤਾਨ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਸ਼ਾਮ ਸਿੰਘ ਜੀ ਨੇ ਵੀ ਮਹੰਤ ਨਰੈਣੂ ਦੇ ਕਾਲੇ ਕਾਰਨਾਮਿਆਂ ਉਸ ਦੇ ਨਾਲ-2 ਆਰੀਆਂ ਸਮਾਜੀ ਲੋਕਾਂ ਦਾ ਕਿਰਦਾਰ ਅੱਜ ਸਿੱਖਾਂ ਦੇ ਮਸਲਿਆਂ ਦਾ ਜ਼ਿਕਰ ਤੇ ਬੜੇ ਜੋਸ਼ੀਲੇ ਅੰਦਾਜ਼ ਵਿੱਚ ਕਵਿਤਾ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਇਸ ਸਾਕੇ ਦੀ ਘਟਨਾ ਨੂੰ ਜਿਵੇਂ ਕੱਲ ਹੀ ਵਾਪਰੀ ਘਟਨਾ ਵਾਂਗ ਸੰਗਤਾਂ ਦੇ ਸਾਹਮਣੇ ਪੇਸ਼ ਕਰ ਕੇ ਰੱਖ ਦਿੱਤਾ।

ਆਈ. ਆਰ. ਪੀ. ਸੀ ਦੇ ਜਰਨਲ ਸਕੱਤਰ ਡਾ. ਅਮਜ਼ਦ ਚਿਸ਼ਤੀ ਨੇ ਦੱਸਿਆ ਸ਼ਹੀਦ ਕੌਣ ਹੁੰਦਾ ਹੈ ਤੇ ਸ਼ਹੀਦ ਦਾ ਕੁਰਬਾਨੀ ਦੇਣ ਪਿੱਛੇ ਆਪਣਾ ਨਿੱਜੀ ਕੋਈ ਲਾਲਚ ਨਹੀਂ ਹੁੰਦਾ ਬਲਕਿ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਭਲੇ ਲਈ ਤਾਂ ਕਿ  ਉਹ ਸਿਰ ਚੁੱਕ ਕੇ ਇੱਜ਼ਤ ਨਾਲ ਜੀ ਸਕਣ ਇਸ ਲਈ ਮਰ ਮਿੱਟਦਾ ਹੈ। ਉਨ੍ਹਾਂ ਇਸ ਮੌਕੇ ਤੇ ਕਿਹਾ ਅੱਜ ਅਸੀਂ ਜਿਹੜੇ ਸਾਰੇ ਧਰਮਾਂ ਦੇ ਬੰਦੇ ਬਾਬਾ ਗੁਰੁ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਵਿਖੇ ਆਜ਼ਾਦੀ ਨਾਲ ਆ ਜਾ ਰਹੇ ਹਾਂ। ਮੇਰੇ ਸਿੱਖ ਭਰਾ ਆਪਣੇ ਗੁਰੂਆਂ ਦੇ ਗੁਰਪੁਰਬ, ਸ਼ਹੀਦਾਂ ਦੇ ਜੋੜ ਮੇਲੇ ਮਨਾ ਰਹੇ ਹੋ। ਇਹ ਅੱਜ ਦੇ ਦਿਨ ਸ਼ਹੀਦ ਹੋਣ ਵਾਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਤੇ ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਹੈ।

ਸਾਕਾ ਸ੍ਰੀ ਨਨਕਾਣਾ ਸਾਹਿਬ 1921 ਦੇ ਸਬੰਧ ਵਿੱਚ ਆਈ. ਆਰ. ਪੀ. ਸੀ ਵੱਲੋਂ ਇੱਕ ਸੈਮੀਨਾਰ ਵੀ ਕੀਤਾ ਗਿਆ ਜਿਸ ਵਿੱਚ ਸਾਰੇ ਧਰਮਾਂ ਵੱਲੋਂ ਦਿੱਤੇ ਅਮਨ ਅਤੇ ਪਿਆਰ ਦੇ ਪੈਗਾਮ ਬਾਰੇ ਵੀਚਾਰਾ ਹੋਈਆਂ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਹਿਕਮਾ ਔਕਾਫ਼ ਦੇ ਵਾਇਸ ਚੇਅਰਮੈਨ ਡਾ. ਮੁਹੰਮਦ ਅਲੀ ਨੇ ਹਾਜ਼ਰੀ ਲਗਵਾਈ ।

ਇਸ ਮੌਕੇ ਤੇ ਨਸ਼ਿਆਂ ਅਤੇ ਦਹਿਸ਼ਤਗਰਦੀ ਦੇ ਖਿਲਾਫ਼ ਮਤੇ ਵੀ ਪਾਸ ਕੀਤੇ ਗਏ। ਵੱਖ-ਵੱਖ ਧਰਮਾਂ ਦੇ ਪਹੁੰਚੇ ਬੁਲਾਰਿਆਂ ਨੂੰ ਸ੍ਰ. ਸ਼ਾਮ ਸਿੰਘ ਜੀ ਵੱਲੌਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਗੁਰੁ ਕਾ ਲੰਗਰ ਅਤੁੱਟ ਵਰਤਿਆ।

This entry was posted in ਮੁਖੱ ਖ਼ਬਰਾਂ, ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>