ਮੈਂ ਇੰਡੀਆ ਜਾਣਾ ! ਪਲੀਜ਼

ਮੈਨੂੰ ਵਾਪਸ ਭੇਜ ਦੇਵੋ, ਮੈਂ ਇਥੇ ਨਹੀ ਰਹਿਣਾ, ਪਲੀਜ਼ ਪਲੀਜ਼ ! ਪੁਲੀਸ ਸਟੇਸ਼ਨ ਦੇ ਕਾਉਟਰ ਉਪਰ ਪਿੰਕੀ ਸਿਰ ਮਾਰ ਕੇ ਉਖੜੇ ਸਾਹਾਂ ਵਿੱਚ ਰੋਦੀ ਵਾਰ ਵਾਰ ਕਹਿ ਰਹੀ ਸੀ।(ਕਾਲਮ ਕਾਲਮ ਰਿਸਤੇ ਕਾਲਮ) ਧੀਰਜ਼ ਧੀਰਜ਼ ਜਰਾ ਧੀਰਜ਼ ਰੱਖੋ, ਫਰੈਂਚ ਬੋਲੀ ਵਿੱਚ ਪੁਲੀਸ ਵਾਲੀ ਗੋਰੀ ਨੇ ਇੱਕੋ ਹੀ ਸਾਹ ਵਿੱਚ ਕਹਿ ਕੇ ਸਾਹਮਣੀ ਪਈ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ।
ਨੋ ਪਾਰਲੇ ਫਰਾਸੇ ਮੈਡਮ, ਮੈਨੂੰ ਫਰੈਂਚ ਨਹੀ ਆਉਦੀ ਪਿੰਕੀ ਗਲਤ ਜਿਹੀ ਫਰੈਂਚ ਵਿੱਚ ਬੋਲੀ।ਨੋ ਪ੍ਰੋਬਲਮ ਸੈਟ ਡਾਉਨ ਕਹਿ ਕੇ ਉਸ ਨੇ ਦੋਭਾਸ਼ੀਏ ਨੂੰ ਫੋਨ ਮਿਲਾ ਦਿੱਤਾ।

ਕੋਈ ਅੱਧੇ ਘੰਟੇ ਬਾਅਦ ਇੱਕ ਪਾਕਿਸਤਾਨੀ ਮੂਲ ਦੀ ਅੱਧਖੜ੍ਹ ਜਿਹੀ ਔਰਤ ਨੇ ਪਿੰਕੀ ਦੇ ਕੋਲ ਆਕੇ ਬੜੇ ਪਿਆਰ ਭਰੇ ਲਹਿਜ਼ੇ ਨਾਲ ਕਿਹਾ,ਸਲਾਮਾਲੇਉਕਮ ਬੇਟੀ ਮੇਰਾ ਨਾਂ ਨਾਦਰਾ ਏ, ਮੈਂ ਸਰਕਾਰੀ ਅਦਾਰਿਆਂ ਵਿੱਚ ਦੋਭਾਸ਼ੀਏ ਦਾ ਕੰਮ ਕਰਦੀ ਹਾਂ।ਤੂੰ ਮੈਨੂੰ ਸਾਫ ਸਾਫ ਸਹੀ ਦੱਸਣਾ ਕਿ ਤੈਨੂੰ ਕੀ ਪ੍ਰੋਬਲਮ ਹੈ,ਮੈਂ ਤੇਰੀ ਵੱਧ ਤੋਂ ਵੱਧ ਮੱਦਦ ਕਰਨ ਦੀ ਕੋਸ਼ਿਸ ਕਰਾਗੀ।ਇਹਨਾਂ ਕਹਿੰਦੀ ਹੋਈ ਉਹ ਪਿੰਕੀ ਨੂੰ ਸਾਹਮਣੇ ਵਾਲੇ ਕਮਰੇ ਵਿੱਚ ਲੈ ਗਈ।
ਤੁਹਾਡਾ ਸਰ ਨੇਮ ਕੀ ਏ ? ਪ੍ਰਮਿੰਦਰ ਕੌਰ (ਪਿੰਕੀ)

ਆਯੂ 17 ਸਾਲ, ਮਾਤਾ ਪਿਤਾ ਦਾ ਨਾਮ ਤੇ ਘਰ ਦਾ ਪਤਾ ਪੁਛਣ ਤੋਂ ਬਾਅਦ ਨਾਦਰਾ ਬੋਲੀ, ਤੇਰੇ ਕੋਲ ਕੋਈ ਫਰਾਂਸ ਦਾ ਰੈਜੀਡੈਂਸ ਪੇਪਰ ਹੈ।ਅੱਖਾਂ ਪੂੰਝਦੀ ਪਿੰਕੀ ਨੇ ਚੌਹ ਤੇਹਾਂ ਵਿੱਚ ਲਪੇਟਿਆ ਜਿਸ ਉਪਰ ਫੋਟੋ ਲੱਗੀ ਹੋਈ ਸੀ,ਅੱਗੇ ਕਰ ਦਿੱਤਾ।ਇਹ ਫਰਾਂਸ ਵਿੱਚ ਪੱਕੇ ਹੋਣ ਲਈ ਡੀਮਾਂਡ ਦਾ ਪੇਪਰ ਸੀ।
ਪੁਲੀਸ ਵਾਲੀ ਗੋਰੀ ਨੇ ਫਰੈਂਚ ਬੋਲੀ ਵਿੱਚ ਸਾਰੀ ਬਾਤਚੀਤ ਨੂੰ ਨੋਟ ਕਰਨ ਲਈ ਨਾਦਰਾ ਨੂੰ ਬੇਨਤੀ ਕੀਤੀ। ਨਾਦਰਾ ਨੇ ਉਹ ਪੇਪਰ ਪੁਲੀਸ ਵਾਲੀ ਅੱਗੇ ਕਰ ਦਿੱਤਾ, ਤੇ ਉਹ ਪੇਪਰ ਨੂੰ ਫੜ ਕੇ ਕੰਪਿਉਟਰ ਉਪਰ ਉਗਲਾਂ ਮਾਰਨ ਲੱਗ ਪਈ।

ਪਿੰਕੀ ਜੋ ਵੀ ਮੈਂ ਪੁਛਾਂਗੀ ਸੱਚੋ ਸੱਚ ਦੱਸਣਾ ਕਿਉ ਕਿ ਤੇਰਾ ਕੋਈ ਵੀ ਗਲਤ ਬਿਆਨ ਤੇਰੇ ਲਈ ਮੁਸ਼ਕਲ ਖੜੀ ਕਰ ਸਕਦਾ ਏ।ਪਰ ਘਬਰਾਅ ਨਾ ਅੱਲਾ ਨੇ ਚਾਹਿਆ ਸਭ ਠੀਕ ਹੋ ਜਾਵੇਗਾ।ਆਂਟੀ ਜੀ,ਅਸੀ ਗਰੀਬ ਜਰੂਰ ਆ,ਪਰ ਝੂਠ ਨਹੀ ਬੋਲਦੇ ਮੇਰੀ ਮੰਮੀ ਕਹਿੰਦੀ ਹੁੰਦੀ ਆ ਝੂਠ ਬੋਲਣਾ ਪਾਪ ਆ।ਅੱਛਾ ਫਿਰ ਦੱਸ ਇਹ ਸਭ ਕਿਵੇ ਹੋਇਆ,ਮੈਂ ਆਂਟੀ ਜੀ ਅੱਠਵੀ ਕਲਾਸ ਵਿੱਚ ਪੜ੍ਹਦੀ ਸੀ।ਸਾਡੇ ਪਿੰਡ ਦੇ ਘਰਾਂ ਵਿੱਚੋਂ ਮੇਰਾ ਤਾਇਆ ਲਗਦਾ ਸੀ।ਜਿਸ ਦਾ ਨਾਂ ਕਰਤਾਰ ਸਿੰਘ ਸੀ,ਉਹ ਫਰਾਂਸ ਤੋਂ ਕੁਝ ਦਿੱਨਾਂ ਦੀ ਛੁੱਟੀ ਪਿੰਡ ਆਇਆ ਸੀ।ਇੱਕ ਦਿੱਨ ਸਾਡੇ ਘਰ ਮਿਲਣ ਆਇਆ,ਸਾਡਾ ਕੱਚਾ ਘਰ ਸੀ,ਗਰੀਬੀ ਨੇ ਕੰਧਾਂ ਨੂੰ ਵੀ ਤਰੇੜਾਂ ਪਾ ਦਿੱਤੀਆਂ ਸਨ।ਸਾਡੇ ਘਰ ਦੇ ਹਾਲਾਤ ਵੇਖ ਕੇ ਉਹਨੇ ਮੇਰੇ ਬਾਪੂ ਨੂੰ ਕਿਹਾ,ਅਗਰ ਮੈਂ ਤੁਹਾਡੀ ਬੇਟੀ ਨੂੰ ਫਰਾਂਸ ਲੈ ਜਾਵਾਂ,ਤੁਹਾਡਾ ਕੀ ਵੀਚਾਰ ਹੈ ਇਸ ਵਾਰੇ, ਤੁਸੀ ਸਿਰਫ ਇਸ ਦੀ ਟਿੱਕਟ ਦਾ ਖਰਚਾ ਕਰਨਾ,ਬਾਕੀ ਸਭ ਮੇਰੇ ਤੇ ਛੱਡ ਦਿਓ,ਮੈਂ ਇਸ ਨੂੰ ਆਪਣੀ ਬੇਟੀ ਬਣਾ ਕੇ ਲੈ ਜਾਵਾਗਾ।ਨਾਲੇ ਤੁਹਾਡੇ ਘਰ ਦੇ ਹਾਲਾਤ ਵੀ ਸੁਧਰ ਜਾਣਗੇ।ਇਹ ਸੁਣ ਕੇ ਮੇਰੇ ਬਾਪ ਨੂੰ ਤਾਂ ਲੱਛਮੀ ਛੱਤ ਪਾੜ੍ਹ ਕੇ ਆਈ ਲਗਦੀ ਸੀ।ਪਰ ਮੰਮੀ ਤੋਂ ਰਿਹਾ ਨਾ ਗਿਆ,ਉਹ ਕਹਿੰਦੀ ਲੜਕੀਆਂ ਦਾ ਕੀ ਕੰਮ ਬਾਹਰ ਜਾਣ ਦਾ,ਕਹਿਣ ਨਾਲ ਥੋੜੀ ਬੇਟੀ ਬਣ ਜਾਦੀ ਆ,ਹਾਲੇ ਇਸ ਦੀ ਉਮਰ ਵੀ ਕੀ ਆ।ਘਬਰਾਓ ਨਾ ਇਸ ਨੂੰ ਬੱਚੀ ਬਣਾ ਕੇ ਲਿਜਾ ਰਿਹਾ ਹਾਂ,ਕੁਝ ਮੇਰੀ ਵੀ ਜੁੰਮੇਵਾਰੀ ਹੈ, ਨਾਲੇ ਸਾਡੇ ਆਪਣੇ ਵੀ ਕੋਈ ਬੱਚਾ ਨਹੀ।ਮੈਂ ਤਾਂ ਸਿਰਫ ਤੁਹਾਡੇ ਭਲੇ ਲਈ ਹੀ ਕਹਿ ਰਿਹਾ ਹਾਂ। ਗਰੀਬੀ ਤੋਂ ਬੇਬਸ ਹੋਏ ਮੇਰੇ ਪਿਤਾ ਨੇ ਹਾਂ ਕਰ ਦਿੱਤੀ।ਉਸ ਨੇ ਆਉਦਿਆਂ ਹੀ ਮੇਰੀ ਰਾਹਦਾਰੀ ਬਣਾ ਕੇ ਭੇਜ ਦਿੱਤੀ, ਤੇ ਮੈਂ ਛੇ ਮਹੀਨੇ ਵਿੱਚ ਫਰਾਂਸ ਪਹੁੰਚਗੀ।ਤਾਏ ਦਾ ਤਿੰਨ ਬੈਡ ਰੂਮ ਦਾ ਘਰ ਦੇ ਪਿਛੇ ਕਾਫੀ ਵੱਡਾ ਗਾਰਡਨ ਸੀ।ਬਾਹਰ ਅੰਦਰ ਜਾਣ ਲਈ ਕਾਰ ਵੀ ਰੱਖੀ ਹੋਈ ਸੀ।ਜਿਵੇਂ ਕਹਿੰਦੇ ਨੇ ਲਾਲਚ ਦਾ ਢਿੱਡ ਕਦੇ ਨਹੀ ਭਰਦਾ,ਉਹਨਾਂ ਨੇ ਘਰ ਦੇ ਬੇਸਮੈਂਟ ਵਿੱਚ 6-7 ਗੈਰ ਕਨੂੰਨੀ ਲੜਕੇ ਵੀ ਕਰਾਏਦਾਰ ਰੱਖੇ ਹੋਏ ਸਨ।ਤਾਇਆ ਕੰਮ ਤੋਂ ਆਉਦਾ ਹੀ ਮੁੰਡਿਆਂ ਕੋਲ ਬੈਠ ਕੇ ਸ਼ਰਾਬ ਪੀਣ ਲੱਗ ਜਾਦਾਂ, ਮੈਨੂੰ ਲਗਦਾ ਜਿਵੇਂ ਤਾਏ ਦੀ ਸ਼ਰਾਬ ਕਮਜ਼ੋਰੀ ਸੀ।ਮੇਰੀ ਤਾਈ ਸਵੇਰ ਤੋਂ ਸ਼ਾਮ ਤੱਕ ਏਅਰਪੋਰਟ ਤੇ ਖਾਣਾ ਪੈਕਿੰਇੰਗ ਦੀ ਨੌਕਰੀ ਕਰਦੀ ਸੀ।ਉਹ ਹਫਤੇ ਵਿੱਚ ਇੱਕ ਛੁੱਟੀ ਕਰਦੀ, ਤਾਇਆ ਸਾਰੀ ਦਿਹਾੜੀ ਕੰਪਨੀ ਵਿੱਚ ਕੰਧਾਂ ਤੇ ਬੁਰਛ ਮਾਰ ਕੇ ਰੰਗ ਦੇ ਸੰਗ ਹੋਇਆ ਰਹਿੰਦਾ।ਮੈਂ ਉਹਨਾਂ ਦੇ ਅਉਦਿਆਂ ਨੂੰ ਘਰ ਦੀ ਸਾਫ ਸਫਾਈ ਖਾਣਾ ਬਾਣਾ ਬਣਾ ਛੱਡਦੀ।ਮੈਨੂੰ ਲਗਦਾ ਸੀ ਉਹਨਾਂ ਨੂੰ ਬੇਟੀ ਦੀ ਨਹੀ ਨੌਕਰਾਣੀ ਦੀ ਲੋੜ ਸੀ।ਕਦੇ ਉਹ ਆਪਣੀ ਮਰਜ਼ੀ ਨਾਲ ਮਨੀਗ੍ਰਾਮ ਰਾਹੀ ਥੋੜੇ ਘਣੇ ਪੈਸੇ ਸਾਡੇ ਘਰ ਭੇਜ ਦਿੰਦੇ।ਜਦੋਂ ਮੈਂ ਵਿਹਲੀ ਹੁੰਦੀ ਘਰੇ ਟੀ ਵੀ ਲਾਕੇ ਬਹਿ ਜਾਦੀ,ਪਰ ਸਮਝ ਮੈਨੂੰ ਕੁਝ ਵੀ ਨਹੀ ਸੀ ਆਉਦੀ।ਪਰ ਫਿਰ ਵੀ ਵਹਿਗੁਰੂ ਦਾ ਸ਼ੁਕਰ ਕਰਦੀ ਖੁਸ਼ ਖੁਸ਼ ਰਹਿੰਦੀ।ਮੇਰੀ ਇਹ ਖੁਸ਼ੀ ਜਿਵੇਂ ਰੱਬ ਨੂੰ ਬਹੁਤੀ ਦੇਰ ਮਨਜ਼ੁਰ ਨਹੀ ਸੀ।ਕਰਾਏਦਾਰਾਂ ਵਿੱਚੋਂ ਇੱਕ ਟੀਟੂ ਨਾਂ ਦਾ ਮੁੰਡਾ ਕੁਝ ਬਹੁਤ ਹੀ ਲੋਫਰ ਕਿਸਮ ਦਾ ਸੀ।ਜਦੋਂ ਮੈਂ ਕਦੇ ਬਾਹਰ ਅੰਦਰ ਜਾਦੀ, ਉਹ ਤਾਕੀ ਵਿੱਚੋਂ ਸਿਰ ਕੱਢ ਕੇ ਪੰਜਾਬੀਆ ਗਾਣੇ ਦੇ ਬੋਲ ਲੱਕ ਟਵੱਟੀ ਏਟ ਕੁੜੀ ਦਾ, ਤੇ ਹੋਰ ਵੀ ਕੁਝ ਉਲ ਜਲੂਲ ਜਿਹਾ ਬੋਲਦਾ।ਪਰ ਮੈਂ ਅਣਸੁਣਿਆ ਜਿਹਾ ਕਰ ਦਿੰਦੀ।

ਉਲ ਜਲੁਲ ਦਾ ਮਤਲਬ ? ਨਾਦਰਾ ਬੋਲੀ,ਆਂਟੀ ਜੀ,ਭੱਦੇ ਜਿਹੇ ਬੋਲ ਬੋਲਦਾ।

ਠਕ ਠਕ ਠਕ ਦਰਵਾਜ਼ੇ ਦੀ ਅਵਾਜ਼ ਨਾਲ ਪਿੰਕੀ ਦੀ ਦਰਦ ਭਰੀ ਕਹਾਣੀ ਸੁਣਦੀ ਨਾਦਰਾ ਵਿੱਚੋਂ ਹੀ ਬੋਲ ਪਈ (ਉਈ) ਹਾਂ,
ਮੈਡਮ ਨਾਦਰਾ ਜਰਾ ਜਲਦੀ ਕਰਨਾ,ਬਾਹਰ ਇੱਕ ਕੇਸ ਹੋਰ ਆਇਆ ਹੈ।ਦਰਵਾਜ਼ੇ ਕੋਲ ਕਰਿਸਟੋਫ ਫਰੈਂਚ ਵਿੱਚ ਕਹਿ ਕਿ ਉਹਨੀ ਪੈਰੀ ਵਾਪਸ ਮੁੜ ਗਿਆ।ਪਿੰਕੀ ਦੀ ਦਰਦ ਭਰੀ ਕਹਾਣੀ ਵਿੱਚ ਨਾਦਰਾ ਗੁਆਚ ਗਈ ਲਗਦੀ ਸੀ।

ਸੌਰੀ ਬੇਟਾ ਅੱਗੇ ਬੋਲੋ। ਆਂਟੀ ਜੀ ਇੱਕ ਦਿੱਨ ਤਾਇਆ ਤਾਈ ਕੰਮ ਤੇ ਗਏ ਹੋਏ ਸਨ।ਮੈਂ ਗਾਰਡਨ ਵਿੱਚ ਕਪੜੇ ਸੁਕਣੇ ਪਾਉਣ ਲਈ ਗਈ।ਟੀਟੂ ਨੇ ਮੈਨੂੰ ਕੱਲੀ ਸਮਝ ਕੇ ਬਾਂਹ ਤੋਂ ਫੜ ਕੇ ਬੇਸਮੈਂਟ ਵੱਲ ਖਿਚਣਾਂ ਸ਼ੁਰੂ ਕਰ ਦਿੱਤਾ।ਮੈਂ ਧੱਕਾ ਮਾਰਿਆ ਉਹ ਸਿੱਧਾ ਫਰਸ਼ ਤੇ ਜਾ ਡਿੱਗਿਆ।ਉਸ ਨੇ ਉਠ ਕੇ ਫੇਰ ਫੜਣ ਦੀ ਕੋਸਿਸ਼ ਕੀਤੀ, ਤਾਂ ਉਸ ਨੇ ਮੇਰੀ ਕੋਟੀ ਖਿਚ ਲਈ,ਜਿਹੜੀ ਮੇਰੇ ਪਹਿਨੀ ਹੋਈ ਸੀ।ਮੈਂ ਭੱਜ ਕੇ ਅੰਦਰੋਂ ਕੁੰਡੀ ਲਾ ਲਈ, ਤੇ ਕਿਹਾ ਕਿ ਮੈਂ ਪੁਲਸ ਨੂੰ ਫੋਨ ਕਰਦੀ ਆਂ।ਮੈਨੂੰ ਕਿਹੜਾ ਬੋਲੀ ਆਉਦੀ ਸੀ,ਤੇ ਉਹ ਡਰ ਕੇ ਥੱਲੇ ਆਪਣੇ ਕਮਰੇ ਵਿੱਚ ਚਲਿਆ ਗਿਆ।ਮੈਂ ਸੋਚਿਆ ਅੱਜ ਸ਼ਾਮ ਤਾਏ ਨੂੰ ਸਭ ਕੁਝ ਦੱਸ ਦੇਵਾਗੀ।

ਤੂੰ ਉਹਨਾਂ ਨੂੰ ਦੱਸਿਆ ?ਨਹੀ ਆਟੀ ਜੀ ਮੈਂ ਡਰ ਗਈ।ਕਿਸ ਗੱਲ ਤੋਂ ?ਉਹ ਤਾਂ ਗੁੰਡਿਆਂ ਵਰਗਾ ਸੀ।ਮੈਨੂੰ ਬਾਹਰ ਅੰਦਰ ਕੁਝ ਵੀ ਕਰ ਸਕਦਾ ਸੀ।ਨਾਲੇ ਇਹ ਸੋਚ ਕੇ ਕਿਤੇ ਤਾਇਆ ਤਾਈ ਮੈਨੂੰ ਹੀ ਨਾ ਮਾੜੀ ਸਮਝਣ, ਜਾਂ ਕਿਤੇ ਛੱਕ ਕਰਕੇ ਘਰੋਂ ਹੀ ਨਾ ਕੱਢ ਦੇਣ,ਜੇ ਬੀਬੀ ਬਾਪੂ ਨੂੰ ਪਤਾ ਲੱਗ ਗਿਆ ਉਹ ਕੀ ਸੋਚਣ ਗੇ,ਮੈਂ ਆਪਣੀ ਅਤੇ ਘਰ ਦੀ ਇੱਜ਼ਤ ਖਾਤਰ ਚੁੱਪ ਰਹਿਣਾ ਹੀ ਠੀਕ ਸਮਝਿਆ।

ਹੁਣ ਮੈਂ ਡਰੀ ਡਰੀ ਰਹਿੰਦੀ, ਤਾਏ ਤਾਈ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਅੰਦਰੋਂ ਕੁੰਡੀ ਲਾ ਲੈਦੀ,ਵਿਹੜੇ ਵਿੱਚ ਵੀ ਨਾ ਨਿਕਲਦੀ,ਕੰਮ ਤੋਂ ਆਉਦੀ ਤਾਈ ਮੇਰੇ ਨਾਲ ਨਾਰਾਜ਼ ਵੀ ਹੋ ਜਾਦੀ,ਕਿੰਨਾ ਗੰਦਾ ਵਿਹੜਾ ਤੂੰ ਝਾੜੂ ਵੀ ਨਹੀ ਫੇਰਿਆ।ਮੈਂ ਸੁਣ ਕੇ ਚੁੱਪ ਕਰ ਜਾਦੀ।ਤਾਇਆ ਸਿੱਧਾ ਕੰਮ ਤੋਂ ਆਕੇ ਮੂੰਹ ਹੱਥ ਧੋਕੇ ਥੱਲੇ ਮੁੰਡਿਆ ਕੋਲ ਚਲਿਆ ਜਾਦਾਂ।ਜਿਨਾਂ ਚਿੱਰ ਸ਼ਰਾਬੀ ਨਾ ਹੋ ਜਾਦਾਂ ਉਤਨਾ ਚਿੱਰ ਸਾਡੇ ਕੋਲ ਨਾ ਆਉਦਾ।ਇੱਕ ਦਿੱਨ ਤਾਇਆ ਕੁਝ ਜਾਅਦਾ ਸ਼ਰਾਬੀ ਹੋ ਗਿਆ ਸੀ,ਟੀਟੂ ਨੇ ਮੌਕਾ ਵੇਖ ਕੇ ਮੇਰੀ ਕੋਟੀ ਫੜਾਉਦਿਆਂ ਕਿਹਾ,ਆਹ ਤਾਇਆ ਲਗਦਾ ਪਿੰਕੀ ਦੀ ਕੋਟੀ ਆ,ਸਾਡੇ ਕਮਰੇ ਵਿੱਚੋਂ ਲੱਭੀ ਆ।ਕਿਥੋਂ ਥੋਡੇ ਕਮਰੇ ਚੋਂ,ਇਥੇ ਕਿਵੇ ਆਈ, ਤਾਇਆ ਰੱਬ ਜਾਣੇ ਮੈਨੂੰ ਨਹੀ ਪਤਾ ਮੈਨੂੰ ਤਾਂ ਮੰਜ਼ੇ ਦੇ ਸਿਰਹਾਣੇ ਪਈ ਲੱਭੀ ਆ।ਇਹ ਤੂੰ ਉਸਨੂੰ ਪੁੱਛ ਲਈ ਟੀਟੂ ਬਗਲਾ ਭਗਤ ਬਣਿਆ ਹੋਇਆ ਸੀ।

ਤਾਇਆ ਲਾਲ ਸੂਹਾ ਹੋ ਕੇ ਮੇਰੇ ਕੋਲ ਆ ਗਿਆ।ਕੁੜੀਏ ਤੈਨੂੰ ਮੈਂ ਇਸ ਕੰਮ ਲਈ ਇਥੇ ਨਹੀ ਲੈ ਕੇ ਆਇਆ,ਤੂੰ ਥੱਲੇ ਕੀ ਕਰਨ ਗਈ ਸੀ,ਤਾਇਆ ਜੀ ਮੈਂ ਅੱਜ ਤੱਕ ਥੱਲੇ ਨਹੀ ਗਈ।

ਫਿਰ ਇਹ ਕਿਵੇਂ ਗਈ ਉਥੇ?(ਕੋਟੀ ਮੇਰੇ ਉਪਰ ਸੁਟਦਾ ਤਾਇਆ ਗੁਸੇ ਵਿੱਚ ਬੋਲਿਆ)।ਮੇਰੀ ਧਾਹ ਨਿੱਕਲ ਗਈ।ਆਏ ਲਫਜ਼ ਜੁਬਾਨ ਤੇ ਫਿਰ ਪਿਛੇ ਮੁੜ ਗਏ।ਪਿੰਕੀ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ, ਇਹ ਇਜ਼ਤਦਾਰਾਂ ਦਾ ਘਰ ਆ,ਇਸ ਘਰ ਵੱਲ ਮਾੜੀ ਨਿਗ੍ਹਾ ਵੇਖਣ ਵਾਲੇ ਦੀ ਮੇਰੇ ਤੋਂ ਪਹਿਲਾਂ ਇਸ ਘਰ ਦੀ ਇੱਟ ਹੀ ਉਸ ਦਾ ਮੱਥਾ ਭੰਨ ਦਿੰਦੀ ਆ।ਤੇਰੀ ਇਹ ਹਿੰਮਤ ਕਿਵੇਂ ਹੋਈ?ਮੈਂ ਪੈਰ ਫੜ ਕੇ ਤਰਲੇ ਕਰਦੀ ਰਹੀ, ਤਾਇਆ ਜੀ ਮੈਂ ਬਿਲਕੁਲ ਨਿਰਦੋਸ਼ ਆਂ, ਮੈਂ ਨਹੀ ਗਈ, ਨਹੀ ਗਈ…ਦੇ ਤਰਲੇ ਕਰਦੀ ਰਹੀ,ਪਰ ਰੱਬ ਤੋਂ ਵਗੈਰ ਮੇਰੇ ਕੋਲ ਕੋਈ ਗਵਾਹ ਨਹੀ ਸੀ।ਤਾਏ ਨੇ ਜੋਰ ਦੀ ਠਾਹ ਕਰਦਾ ਥੱਪੜ ਮਾਰਿਆ, ਮੈਂ ਘੁੰਮ ਕੇ ਸੋਫੇ ਤੇ ਜਾ ਡਿੱਗੀ।ਉਸ ਦਿੱਨ ਤਾਇਆ ਮੈਨੂੰ ਹੋਰ ਵੀ ਮਾਰਦਾ ਜੇ ਤਾਈ ਨੇ ਉਸ ਦੀ ਬਾਂਹ ਨਾ ਫੜੀ ਹੁੰਦੀ।ਇਹ ਸਭ ਤੇਰੇ ਹੀ ਪਿਟਣੇ ਪਾਏ ਨੇ ਹੁਣ ਕੁੱਟਣ ਦਾ ਕੀ ਫਾਇਦਾ। ਉਦੋਂ ਕਹਿੰਦਾ ਸੀ ਆਪਾਂ ਕੁੜੀ ਬਣਾ ਕੇ ਰੱਖਾਗੇ।ਵੇਖ ਲਿਆ,ਜੇ ਪਤਾ ਲੱਗ ਗਿਆ ਲੋਕਾਂ ਦਾ ਮੂੰਹ ਨਹੀ ਫੜ ਹੋਣਾ, ਮੇਰੇ ਕੰਮ ਤੇ ਤਾਂ ਪਹਿਲਾਂ ਹੀ ਜਨਾਨੀਆਂ ਕਿਸੇ ਦੀ ਕੁੜੀ ਕਿਸੇ ਦਾ ਮੁੰਡਾ ਤਰ੍ਹਾਂ ਤਰ੍ਹਾਂ ਦੇ ਟੋਟਕੇ ਘੜ ਘੜ ਕੇ ਸੁਣਾਦੀਆਂ ਨੇ।(ਤਾਈ ਇੱਕੋ ਹੀ ਸਾਹ ਬੋਲ ਪਈ)।

ਮੈਂ ਬਿਨਾਂ ਕੁਝ ਖਾਦਿਆ ਪੀਤਿਆਂ ਅੰਦਰ ਮੰਜ਼ੇ ਤੇ ਜਾ ਡਿੱਗੀ।ਅਗਲੇ ਦਿੱਨ ਦੋਨੋ ਕੰਮ ਤੇ ਚਲੇ ਗਏ, ਮੈਂ ਅੰਦਰ ਪਈ ਮਾੜੇ ਕਰਮਾਂ ਨੂੰ ਰੋਦੀ ਰਹੀ,ਤਾਇਆ ਤੇ ਤਾਈ ਅੱਜ਼ ਇੱਕਠੇ ਹੀ ਕੰਮ ਤੋਂ ਛੁੱਟੀ ਕਰਕੇ ਆ ਗਏ।ਮੈਂ ਸੋਚਿਆ ਅੱਜ ਮੇਰੀ ਖੈਰ ਨਹੀ, ਹਾਲੇ ਉਹਨਾਂ ਨੇ ਦਰਵਾਜ਼ਾ ਖੋਲਿਆ ਹੀ ਸੀ, ਘਰ ਦੇ ਟੈਲੀਫੋਨ ਦੀ ਘੰਟੀ ਖੜਕ ਪਈ।ਤਾਈ ਨੇ ਫੋਨ ਚੁੱਕਦਿਆਂ ਕਿਹਾ ਕੋਣ ?ਪੂਆ ਮੈਂ ਲੰਡਨ ਤੋਂ ਟੈਰੀ ਬੋਲਦਾ ਹੈਗਾ।ਡੈਡ ਨੂੰ ਹਰਟ ਪ੍ਰੋਬਲਮ ਸੀ, ਹੋਸਪੀਟਲ ਲੈ ਗਏ ਆ,ਮੰਮ ਵੀ ਉਥੇ ਆ,ਮੰਮ ਬੋਲਦੀ ਆ ਤੁਸੀ ਮਸਟ ਆ ਜੋ।ਇਤਨੀ ਗੱਲ ਕਰਕੇ ਫੋਨ ਕੱਟ ਹੋ ਗਿਆ।ਤਾਈ ਨੇ ਉਸ ਰਾਤ ਹੀ ਇੰਨਟਰ ਨੈਟ ਤੇ ੲੈਰੋ ਸਟਾਰ ਦੀ ਟਿੱਕਟ ਬੁੱਕ ਕਰਾ ਲਈ।ਅਗਲੇ ਦਿੱਨ ਇੰਗਲੈਂਡ ਜਾਣ ਦੀ ਤਿਆਰੀ ਸੀ।ਤਾਇਆ ਰੁਟੀਨ ਮੁਤਾਬਕ ਕੰਮ ਤੇ ਚਲਿਆ ਗਿਆ।ਅੱਜ ਤਾਏ ਦੀ ਕੰਪਨੀ ਨੇ ਵਰਕਰਾਂ ਲਈ ਕ੍ਰਿਸਮਿਸ ਪਾਰਟੀ ਦਾ ਕਿਸੇ ਕਲੱਬ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ।ਤਾਇਆ ਸ਼ਰਾਬ ਵਿੱਚ ਸ਼ਬਾਬ ਮਿਲਾ ਕੇ  ਡਿੱਗਦਾ ਕੋਈ ਅੱਧੀ ਰਾਤ ਤੋਂ ਬਾਅਦ ਘਰੇ ਪਹੁਚਿਆ,ਟਰਰ, ਟਰਰ ਟੱਲੀ ਦੀ ਅਵਾਜ਼ ਸੁਣ ਕੇ ਮੈਂ ਅੱਧ ਸੁੱਤੀ ਜਿਹੀ ਨੇ ਉਠ ਕੇ ਦਰਵਾਜ਼ਾ ਖੋਲਿਆ, ਤਾਇਆ ਡਿੱਗਦਾ ਉਖੜ ਦਾ ਸਿੱਧਾ ਮੇਰੇ ਕਮਰੇ ਚ ਆ ਕੇ ਮੰਜੇ ਤੇ ਬਹਿ ਗਿਆ।ਮੈਂ ਕੰਬਦੀ ਜਿਹੀ ਅਵਾਜ਼ ਚ ਕਿਹਾ ਤਾਇਆ ਜੀ,ਰੋਟੀ ਖਾਣੀ ਜਾਂ ਪਹਿਲਾਂ ਪਾਣੀ ਲੈ ਕੇ ਆਵਾ।ਅੱਜ ਖਾਣਾ ਕੁਝ ਨਹੀ ਪਿੰਕੀ ਬੱਸ..,ਅਲਮਾਰੀ ਚੋ ਬੋਤਲ ਕੱਢ ਕੇ ਦੇਹ।ਤਾਇਆ ਜੀ ਤੁਸੀ ਤਾਂ ਪਹਿਲਾਂ ਹੀ ਬਹੁਤ ਸ਼ਰਾਬੀ ਹੋ।ਤਾਏ ਦੀਆ ਸ਼ਰਾਬੀ ਅੱਖਾਂ ਮੈਨੂੰ ਪੈਰਾਂ ਤੋਂ ਸਿਰ ਤੱਕ ਤੋਲ ਰਹੀਆਂ ਸਨ।ਮੈਨੂੰ ਉਸ ਤੋਂ ਡਰ ਜਿਹਾ ਲੱਗਣ ਲੱਗ ਪਿਆ।ਮੈਂ ਤਾਏ ਨੂੰ ਮੋਡਿਆਂ ਤੋਂ ਫੜ ਕੇ ਲੇਟ ਜਾਣ ਲਈ ਕਿਹਾ।ਪਰ ਉਸ ਨੇ ਫੜ ਕੇ ਆਪਣੇ ਉਪਰ ਸੁੱਟ ਲਿਆ,ਮੇਰੇ ਲੀੜੇ ਕੱਪੜੇ ਇਜ਼ਤ ਸਭ ਕਲੀਰੇ ਬਣ ਕੇ ਖਿਲਰ ਗਏ।ਮੇਰੀਆ ਚੀਖਾਂ ਕੰਧਾਂ ਵਿੱਚ ਵੱਜ ਕੇ ਚੁੱਪ ਕਰ ਗਈਆਂ।ਜਿਸ ਨੂੰ ਸੁਣਨ ਵਾਲ ਕੋਈ ਨਹੀ ਸੀ।ਮੈਂ ਪਿੰਜ਼ਰੇ ਵਿੱਚ ਫਸੇ ਪੰਛੀ ਵਾਗੂ ਫੜ ਫੜਾ ਕੇ ਬੇਹੋਸ਼ ਹੋ ਗਈ।ਸਵੇਰੇ ਛੇ ਵਜ਼ੇ ਮੈਨੂੰ ਹੋਸ਼ ਆਈ।ਸ਼ੀਸੇ ਵਿੱਚ ਵੇਖਿਆ ਮੈਂ ਬਦਕਿਸਮਤ ਬਦਸ਼ਕਲ ਸੀ, ਪਰ ਪਿੰਕੀ ਨਹੀ ਲਗਦੀ ਸੀ।ਟੈਲੀਫੋਨ ਵੱਜਣਾ ਸ਼ੁਰੂ ਹੋ ਗਿਆ,ਮੈਂ ਕੰਬਦੇ ਹੱਥਾ ਨਾਲ ਬਿਨਾਂ ਕੁਝ ਬੋਲੇ ਚੁੱਕ ਕੇ ਕੰਨ ਨੂੰ ਲਾ ਲਿਆ,ਹੈਲੋ ਤੁਸੀ ਉਠ ਖੜੇ ਬੈਡ ਨਿਉਜ਼ ਆ,ਰਾਤੀ ਵੀਰਾ ਪੂਰਾ ਹੋ ਗਿਆ,ਪਰਸੋ ਸੰਸਕਾਰ ਆ,ਕਿਵੇ ਵੀ ਕਰਿਓ ਜਲਦੀ ਆ ਜਾਓ,ਮੈਥੋਂ ਤਾਂ ਉਹਦੇ ਨਿਆਣੇ ਰੋਦੇ ਝੱਲੇ ਨਹੀ ਜਾਦੇਂ,ਹਾਂ ਪਿੰਕੀ ਨੂੰ ਤਾੜ ਕੇ ਆਉਣਾ ਕਹਿਣਾਂ ਸਾਡੇ ਸਿਰ ਸੁਆਹ ਨਾ ਪਾਉਦੀ ਫਿਰੀ ਨਾਲੇ ਕਿਰਾਏਦਾਰਾਂ ਨੂੰ ਵੀ ਤਾੜ ਦੇਣਾ, ਪਿੰਕੀ ਨੂੰ ਕਹਿਣਾਂ ਘਰ ਦਾ ਵਸਾਹ ਨਹੀ ਕਰਨਾ,ਕਿਸੇ ਨੂੰ ਘਰੇ ਨਹੀ ਆਉਣ ਦੇਣਾ, ਨਾ ਕਿਸੇ ਕੋਲ ਗੱਲ ਕਰਨੀ ਅਸੀ ਇੰਗਲੈਂਡ ਗਏ ਆਂ।ਤਾਲੇ ਕੁੰਡੀ ਲਾ ਕੇ ਸਾਉਣਾ ਜਮਾਨਾ ਬਹੁਤ ਖਰਾਬ ਆ, ਸੁਣਦੇ ਓ ਜਲਦੀ ਆ ਜਾਣਾ ਤੁਹਾਡੀ ਵੇਟ ਕਰਦੇ ਨੇ।(ਤਾਈ ਇੰਗਲੈਂਡ ਤੋਂ ਬਿਨ੍ਹਾਂ ਪੁੱਛੇ ਹੀ ਬੋਲੀ ਜਾ ਰਹੀ ਸੀ)ਓਹ ਘੁਕ ਸੁੱਤਾ ਘਰਾੜੇ ਮਾਰਦਾ ਸੀ। ਮੈਂ ਪੋਲੇ ਪੋਲੇ ਪੈਰੀ ਦਰਵਾਜ਼ਾ ਖੋਲ ਕੇ ਸਿੱਧੀ ਤੁਹਾਡੇ ਕੋਲ ਆ ਗਈ ਹਾਂ।ਹੁਣ ਪਲੀਜ਼ ਤੁਸੀ ਮੈਨੂੰ ਇੰਡੀਆ ਭੇਜ ਦੇਵੋ,ਮੈਂ ਘਰੇ ਨਹੀ ਜਾਣਾ, ਮੈਂ ਨਹੀ ਰਹਿਣਾ ਇੱਥੇ, ਨਹੀ ਰਹਿਣਾ, ਨਹੀ ਰਹਿਣਾ…ਆਪਣੇ ਪਿੰਡ ਜਾਣਾ ਪਲੀਜ਼ ਪਲੀਜ਼।ਨਾਦਰਾ ਅੱਗੇ ਪਿੰਕੀ ਦੋਵੇਂ ਹੱਥ ਜੋੜ ਕੇ ਤਰਸ ਦੀ ਮੂਰਤੀ ਬਣੀ ਹੋਈ ਸੀ।ਨਾਦਰਾ ਮੱਥੇ ਉਤੇ ਹੱਥ ਰੱਖ ਕੇ ਇੱਕੋ ਟੱਕ ਪਿੰਕੀ ਵੱਲ ਵੇਖੀ ਜਾ ਰਹੀ ਸੀ।

This entry was posted in ਕਹਾਣੀਆਂ.

One Response to ਮੈਂ ਇੰਡੀਆ ਜਾਣਾ ! ਪਲੀਜ਼

  1. bunty says:

    paji SAT SHRI AKAAL……eh story sachi he ja nahi?j sachi he ta fir us kudi naal ke hoyea?oh india gai k nahi?????????????

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>