ਲੀਰਾਂ ਵਾਲੀ ਖਿੱਦੋ

ਕੰਡਿਆਂ ਵਾਲੀਆਂ ਤਾਰਾ ਦੇ ਲਾਗੇ, ਮੈਲੇ ਕੁਚੇਲੇ ਕੱਪੜਿਆਂ ‘ਚ, ਲੀਰੋ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ  ਲਕਾਉਣ ਦੀ ਕੋਸ਼ਿਸ਼ ਕਰਦੀ ਲਾਜੋ, ਪੱਬਾ ਦੇ ਭਾਰ ਬੈਠੀ, ਹਵਾਈ ਅੱਡੇ ‘ਚੋˆ ਉਡਦੇ ਲਹਿੰਦੇ ਜਹਾਜ਼ਾ ਵੱਲ ਤੱਕ ਰਹੀ ਸੀ।  ਆਪਣੀ ਲੁਟ ਚੁੱਕੀ ਪਤ ‘ਤੇ ਸਦਾ ਲਈ ਵਿਛੋੜਾ ਦੇ ਗਈ ਰੱਬ ਵਰਗੀ ਮਾਂ ਦੇ ਵਿਯੋਗ ਵਿੱਚ। ਸਰਹੱਦ ਦੇ ਦੂਜੇ ਪਾਸੇ, ਨਵੇਂ ਰਾਹਾ ਦੀ ਭਾਲ ਵਿੱਚ ਨਿਕਲ ਚੁੱਕੇ ਆਪਣੇ ਸਾਥੀ ਦੇ ਵਿਯੋਗ ਵਿੱਚ। ਲਾਜੋ ਦਾ ਸਾਥੀ ਉੱਚਾ-ਲੰਮਾ,ਗੋਰਾ ਨਿਸ਼ੋਹ ਅਤੇ ਸੋਹਣਾ ਸੁਨੱਖਾ, ਮੁੱਛ ਫੁੱਟ ਗੱਬਰੂ, ਨੱਥੂ ਬਾਣੀਏ ਦਾ ਮੁੰਡਾ ਦਲੀਪਾ ਸੀ। ਜੋ ਪਿੰਡ ਦੀ ਸੱਥ ‘ਚ ਸੌਦੇ ਦੀ ਦੁਕਾਨ ਕਰਦਾ ਸੀ। ਭੋਲਾ ਸੀ। ਲਾਜੋ ਦੇ ਪਿਆਰ ‘ਚ ਉਸਨੇ ਦੁਕਾਨ ਅੱਧੀ ਕਰ ਲਈ ਸੀ। ਅਸਲ ਵਿੱਚ ਉਸਦੇ ਬਾਹਰ ਜਾਣ ਦੀ ਵਜਾ ਹੀ ਲਾਜੋ ਸੀ। ਜਦ ਲਾਜੋ  ਗੁੱਡੇ-ਗੁੱਡੀਆਂ ਦੀ ਖੇਡ ‘ਚੋਂ ਬਾਹਰ ਨਿਕਲੀ ਤਾਂ ਉਸਨੂੰ ਹੋਸ਼ ਆਇਆ। ਬਹੁਤ ਵਿਲਕੀ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਅਸਲ ਵਿੱਚ,ਕਾਲਜ ਦੇ ਦਿਨਾ ‘ਚ ਲਾਜੋ ਦਾ ਕੱਚਾ ਹੁਸਨ ਫੁੱਲਾ ਦੇ ਨਾਲ ਲੱਟਕਦੀ ਕਲੀ ਦੀ ਡੋਡੀ ਵਰਗਾ ਸੀ। ਜੋ ਖੁੱਲ ਕੇ ਖਿਲਣਾ ਚਾਹੁੰਦੀ ਸੀ। ਜਵਾਨੀ ਦੇ ਜੋਸ਼ ਕਾਰਨ  ਲਾਜੋ ਨੂੰ ਆਪਾ ਪਾਣੀ ਦੇ ਉਛਾਲ ਵਾਂਗ ਕੰਢਿਆਂ ਤੋਂ ਬਾਹਰ ਹੁੰਦਾ ਪ੍ਰਤੀਤ ਹੁੰਦਾ ਸੀ। ਉਸਦੀ ਉਪਜਾਊ ਦੇਹੀ ਤੇ ਕਈ ਜਵਾਲਾਮੁੱਖੀ ਫੱਟਦੇ ਸਨ।  ਜਵਾਲਾਮੁਖੀ ਦੀ ਤਪਨ ਨੂੰ ਠੰਡਾ ਕਰਨ ਦੇ ਲਈ ਉਸ ਨੂੰ  ਡੂੰਘੀ ਸਾਂਝ ਦੀ ਲੋੜ ਸੀ। ਇੱਕ ਦਿਨ ਨਾਲ ਪੜ੍ਹਦੇ ਦਲੀਪੇ ਨੇ ਲਾਜੋ ਨੂੰ ਆਪਣੇ  ਪਿਆਰ ਦਾ ਇਜ਼ਹਾਰ ਕਰਦੇ ਹੋਏ, ਉਸਨੂੰ ਜੀਵਨ ਸਾਥੀ ਬਣਨ ਦਾ ਨਿਮੰਤ੍ਰਣ ਦਿੱਤਾ।  ਲਾਜੋ ਨੇ ਇਸ ਨਿਮੰਤ੍ਰਣ ਨੂੰ ਖੁਸ਼ੀ ਨਾਲ ਕਬੂਲਿਆ। ਦਲੀਪੇ ਦਾ ਪਿਆਰ ਸੱਚਾ ਸੀ। ਪਰ ਲਾਜੋ ਨੂੰ ਤਾਂ ਉਸਦੇ ਝਾਂਸੇ ‘ਚ ਖੁਦਬਖੁਦ ਫਸੇ ਮੁਰਗੇ ਤੋਂ ਸੋਨੇ ਦੇ ਆਂਡੇ ਘਰ ਆਉਂਦੇ ਨਜ਼ਰ ਆਉਣ ਲੱਗੇ ਸਨ।  ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ। ਪਰ ਸਮੇਂ ਦੇ ਇਸ ਗੇੜ ਨਾਲ ਲਾਜੋ ਦੀ ਲਾਲਚ ਤੇ ਭੁੱਖ ਹੋਰ  ਚਮਕਦੀ ਗਈ। ਪਲ-ਪਲ ਲਾਜੋ ਦੇ ਬਦਲਦੇ ਨਜ਼ਰੀਏ ਨੇ, ਦਲੀਪੇ ਨੂੰ ਸ਼ਰਾਬੀ ਬਣਾ ਦਿੱਤਾ ਸੀ। ਉਹ ਅੰਦਰੋਂ-ਅੰਦਰੀ ਟੁਟ ਚੁੱਕਾ ਸੀ। ਘਰ ਵਾਲਿਆਂ ਨੇ ਉਸਨੂੰ, ਲਾਜੋ ਦੇ ਚੱਕਰ ‘ਚੋਂ ਕੱਢਣ ਲਈ, ਬਾਹਰ ਜਾਣ ਲਈ ਮਨਾ ਲਿਆ। ‘ਤੇ ਉਹ ਖੁੱਲ੍ਹੇ ਅੰਬਰਾਂ ‘ਚ, ਬੇਗਾਨੇ ਵਤਨ ਵੱਲ ਉਡਾਰੀਆ ਮਾਰ ਗਿਆ। ਹਵਾਈ ਅੱਡੇ ਦੀ ਹੱਦ ‘ਤੇ ਪਾਰਕਿੰਗ ਵਾਲੇ ਲੁੱਕਵੇ ਜਿਹੇ ਕੋਨੇ ਤੇ, ਕੰਡਿਆਂ ਵਾਲੀਆਂ ਤਾਰਾਂ ਦੇ ਲਾਗੇ ਬੈਠੀ ਲਾਜੋ, ਹਾਲੇ ਵੀ ਹੰਝੂਆਂ ਲੱਦੀ ਬਿਰਹਾ ਮਾਰੀ ਸੰਤਾਪ ਦੇ ਹੋਕੇ ਲੈ ਰਹੀ ਸੀ। ਰਾਖੀ ਕਰਦੇ ਪੁਲਸੀਏ ਲਾਜੋ ਨੂੰ ਪਾਗਲ ਸਮਝ ਕੇ, ਸ਼ਰਾਬ ਦੇ ਨਸ਼ੇ ਵਿਚ ਟੁੰਨ ਆਪਣੀ ਪੁਲਸੀਆ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ, ਉਸਨੂੰ  ਜੋ  ਮੂੰਹ ‘ਚ ਆਇਆ ਭਾਂਤ- ਭਾਂਤ ਬੋਲ ਕੁਬੋਲ ਬੋਲਦੇ ਰਹੇ। ਦਿਨ ਤੋਂ ਰਾਤ ਹੋ ਗਈ। ਠੰਢ ਕਾਰਣ ਉਸਦਾ ਸ਼ਰੀਰ ਆਕੜ ਗਿਆ ਸੀ। ਪਰ ਲਾਜੋ ਟੱਸ ਤੋ ਮੱਸ  ਨਾ ਹੋਈ। ਲਾਜੋ ਨੂੰ ਭਜਾਉਣ ਲਈ ਇੱਕ ਪੁਲਸੀਏ ਨੇ ਬਾਂਸ ਵਾਲਾ ਡੰਡਾ ਉਸ ਵੱਲ ਘੁਮਾਇਆ। ਲਾਜੋ ਡਰ ਗਈ ‘ਤੇ ਇੱਕ ਦਮ ਪਿੱਛੇ ਨੂੰ ਪਲਟੀ। ਡੰਡਾ ਉਸਦੇ ਸਿਰ ਤੇ ਜਾ ਲੱਗਾ। ਅੱਧ ਬੇਸੁਰਤ ਹੋਈ, ਉਹ ਬੋਲਣ ਲੱਗੀ, “ਮਾਂ…….ਮਾਂ……ਮੈਨੂੰ ਮਾਫ ਕਰ ਦੇ…. ਮੇਰੀ ਪਿਆਰੀ ਮਾਂ……, ਕਾਸ਼ ਮੈਂ ਤੇਰਾ ਕਹਿਣਾ ਮੰਨ ਲੈਂਦੀ…. ਮਾਂ….. ਮੈਨੂੰ ਮਾਫ ਕਰ ਦੇ……..ਮੇਰੀ ਪਿਆਰੀ ਮਾਂ…… ਮੈਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਤਾਂ ਦਿੰਦੀ…. ਮਾਂ……ਮੇਰੀ ਪਿਆਰੀ ਮਾਂ…..” ਬੋਲਦੀ-ਬੋਲਦੀ ਲਾਜੋ ਚੁੱਪ  ਕਰ ਗਈ। ‘ਤੇ ਸੋਚਾਂ ‘ਚ ਖੁਬੀ ਉਹ, ਉਸ ਮੰਦਭਾਗੀ ਸ਼ਾਮ ਨੂੰ ਯਾਦ ਕਰਨ ਲੱਗੀ,  ਜਦ ਉਹ ਦਲੀਪੇ  ਨਾਲ  ਮੋਟਰਸਾਈਕਲ ਦੇ ਪਿੱਛੇ ਗਲਵੱਕੜੀ ਪਾਕੇ ਬੈਠੀ, ਆਪਣੇ ਘਰ ਆਈ ਸੀ। ਤਰਕਾਲਾਂ ਦੇ ਸੁਰਮਈ ਹਨੇਰੇ  ਭਰੀ ਉਹ ਮੰਦਭਾਗੀ ਸ਼ਾਮ, ਜਦ ਕਾਲੀ ਜੇਹੀ ਚਾਦਰ ਤਾਨੇ  ਹੋਏ ਪਿੰਡ ਦੀਆਂ ਗਲੀਆਂ ‘ਚ  ਸਨਾਟਾ ਛਾਇਆ ਹੋਇਆ ਸੀ। ਸਰਦੀਆਂ ਦੇ ਦਿਨ ਸਨ।  ਡੁੱਬਦੇ ਸੂਰਜ ਦੀ ਮੱਧਮ-ਮੱਧਮ ਚਾਨਣੀ ਵਿੱਚ, ਧੁੰਦ ਨੂੰ ਚੀਰਦੀ ਹੋਈ ਮੋਟਰਸਾਈਕਲ ਦੀ ਤੇਜ ਰੌਸ਼ਨੀ ਘਰ ਦੇ ਦਰਵਾਜੇ ਕੋਲ ਆਕੇ ਬੰਦ ਹੋਈ ਸੀ। ਮਾਂ ਸਾਨੂੰ  ਛੱਤ ਤੇ ਖੜ੍ਹੀ ਵੇਖ ਰਹੀ ਸੀ।  ਮੇਰੇ ਅੰਦਰ ਵੜਦਿਆ ਹੀ ਮਾਂ ਨੇ ਬਾਹਰਲੇ ਵਿਹੜੇ ਦੀ ਬੱਤੀ ਜਗ੍ਹਾ ਦਿੱਤੀ ਸੀ। ਕੋਲੇ ਆਉਂਦਿਆ ਹੀ ਗੁੱਸੇ ਵਿੱਚ ਲਾਲ ਸੁਰਖ ਹੁੰਦੀ, ਉਹ ਬੋਲੀ….., -“ਧੀਏ ਕੁੜੀਆਂ ਲੀਰਾਂ ਦੀ ਖਿੱਦੋ ਵਾਗ ਹੁੰਦੀਆ ਨੇ।  ਜਦ ਤੱਕ ਇਹ ਖਿੱਦੋ ਪੂਰੀ ਐ, ਘਰ ਦੀ ਇੱਜ਼ਤ ਘਰ ਵਿੱਚ ਐ। ਪਰ ਜੇ ਇਹ ਖਿੱਦੋ ਉਧੜ ਜਾਵੇ, ਤਾਂ ਆਬਰੂ ਖਿੱਦੋ ਦੀ ਤਰ੍ਹਾਂ ਲੀਰੋ-ਲੀਰ ਹੋ  ਜਾਂਦੀ ਐ।  ਬਸ.. ਬਚਦੀ ਹੈ ਤਾ ਸਿਰਫ ‘ਤੇ ਸਿਰਫ …ਸ਼ਰਮਿੰਦਗੀ। ਕਿਤੇ ਇੰਝ ਨਾ ਹੋ ਜੇ  ਧੀਏ…?  ਕੋਈ  ਬੇਗਾਨਾ ਇਸ ਖਿੱਦੋ ਨੂੰ ਨਾ ਉਧੇੜਦੈ। ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰ੍ਹਾਂ ਹੁੰਦੈ। ਜੇ ਗਲਤੀ ਨਾਲ ਵੀ ਇਸ ‘ਤੇ ਝਰੀਟ ਆ ਜਾਵੇ ਤਾਂ ਕੋਈ ਇਸ ਦਾਗੀ ਸ਼ੀਸ਼ੇ ਨੂੰ ਪਸੰਦ ਨਹੀਂ ਕਰਦੈ।

‘‘ਧੀਏ ਕਿਉਂ ਜਿੰਦ ਰੋਲ ਰਹੀ ਐ ? ਸਿਆਣੀ ਬਣ..,  ਭੁੱਲ  ਜਾ ……ਉਸਨੂੰ……।‘‘

-‘‘ਮਾਂ ਤੂੰ ਗਲਤ ਸੋਚ ਰਹੀ ਐ । ਉਹ ਮੈਨੂੰ ਚਾਹੁੰਦੈ.., ਪਰ ਮੈਂ ਨ੍ਹੀ …….

-‘‘ਫਿਰ ਤੂੰ…….ਉਸ ਨਾਲ…..ਇੰਝ…… ‘‘

-‘‘ਮਾਂ, ਅੱਜ ਕੱਲ ਦਾ ਫੈਸ਼ਨ ਐ, ਜਮਾਨਾ ਮਾਡਲ ਬਣ ਚੁੱਕਾ ਐ।  ‘ਤੇ ਤੁਸੀ ਪਿੱਛੇ ਰਹਿਣ ਦੀਆਂ ਗੱਲਾਂ ਕਰਦੇ ਓ। ਅੰਬ ਖਾਣ ਵਾਲੇ, ਗਿੱਟਕਾਂ ਦੀ ਗਿਣਤੀ ਕਦੇ  ਨ੍ਹੀ ਕਰਦੇ। ਤੈਨੂੰ ਵੰਨ-ਸੁਵੰਨੇ ਤੋਹਫੇ ਘਰ ਆਉਦੇ ਚੰਗੇ ਨੀ ਲੱਗਦੇ ? ‘‘ “ ਭੋਲੀਏ ਮਾਂਵੇ, ਤੁਸੀ ਇਸ ਖਿੱਦੋ ਦੇ ਅਨਜ਼ਾਮ ਤੋਂ ਸੁਰਖਰੂ ਹੋ ਜਾਓ।  ਹੁਣ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਐ।  ਵਿਗਿਆਨਿਕ ਸੋਚ ਦਾ ਯੁਗ ਹੈ। ਲੀਰਾਂ ਦੀ ਖਿੱਦੋ ਹੁਣ ਇੰਝ ਨਹੀਂ ਉਧੜਦੀ।

ਬਦਲਦੇ ਹਾਲਾਤਾਂ ਵੱਲ ਵੇਖ, ਮਾਂ ਧੁਰ ਅੰਦਰੋਂ ਕੰਬ ਉੱਠੀ ਸੀ। ਦਿਲ ਚੀਰਵੇਂ  ਭਾਂਤ-ਸੁਭਾ ਤੇ ਖਿਆਲ ਖੌਫ਼ ਬਣਕੇ ਮਾਂ ਦੇ ਤੜਫਦੇ ਹਿਰਦੇ ‘ਚ ਵਾਰ-ਵਾਰ ਉਡਾਰੀਆਂ ਲਗਾਉਣ ਲੱਗੇ ਸਨ। ਭਰੀ ਪੀਤੀ ਉਹ ਅੰਦਰੋ-ਅੰਦਰੀ ਕੁੜ੍ਹਣ ਲੱਗੀ ਸੀ। ਰੂਹ ਅੰਦਰੋ- ਅੰਦਰੀ ਬਿਲਕ ਰਹੀ ਸੀ। ਸਿਸਕੀਆਂ ਭਰਦੀ ਮਾਂ ਭੁੰਜੇ ਹੀ ਬੈਠ ਗਈ ਸੀ।

ਮੈਂ ਪਤਾ ਨਹੀਂ ਕਿਉਂ ਮਾਂ ਦੇ ਬੋਲਾ ਤੋਂ ਲਾਚੜ ਗਈ। ਕਮਰੇ ‘ਚ ਵੜ੍ਹਦੇ ਹੀ ਗੁੱਸੇ ‘ਚ ਦਰਵਾਜਾ ਪਟਕ ਦੇਣੇ ਬੰਦ ਕਰ ਲਿਆ। ‘ਤੇ ਟੈਲੀਵੀਜ਼ਨ ਔਨ ਕਰ  ਕੇ ਗੀਤ ਸੁਣਨ ਲੱਗੀ।  ਚੱਲ ਰਹੇ ਗੀਤ ਦੇ ਬੋਲ ਸਨ – “ਤੇਰਾ ਯਾਰ ਕੁੜੇ ਚੌਰਾਹੇ ‘ਚ ਖੜ੍ਹਾ ਉਡੀਕਦਾ, ਨੀ ਅਣਭੋਲ ਅੱਲੜ੍ਹ ਕੁਵਾਰੀਏ।”

ਮਾਂ ਨੂੰ ਗੀਤ ਦੇ ਇਹ ਬੋਲ, ਅਸ਼ਲੀਲ ਲੱਗ ਰਹੇ ਸਨ। ਪਤਾ ਨਹੀਂ ਕਿਉਂ….? ਸੂਲਾ ਵਾਲੀਆਂ ਤਾਰਾ ਵਾਂਗ ਚੁਭ ਰਹੇ ਸਨ। ਉਸਦੀ ਲਹੂ-ਲੁਹਾਣ ਹੁੰਦੀ ਕਾਇਆ ਪੀੜ ਨਾਲ ਬਿਲਕ ਰਹੀ ਸੀ। ਸੰਤਾਪ ਵਿੱਚ ਛੱਲਣੀ- ਛੱਲਣੀ ਹੋਇਆ ਵਜੂਦ ਤੜਫ ਰਿਹਾ ਸੀ। ਵਾਰ-ਵਾਰ ਉਹ ਮੈਨੂੰ ਟੈਲੀਵੀਜ਼ਨ ਬੰਦ ਕਰਨ ਲਈ ਕਹੇ ਰਹੀ ਸੀ। ਪਰ ਮੈਂ ਮੂਰਖ ਨੇ ਗੁੱਸੇ ‘ਚ ਉਸਦੀ ਇਕ ਨਾ ਸੁਣੀ। ਮਾਂ ਦੀ ਅਵਾਜ਼ ਵਿੱਚ ਇੱਕ ਦਰਦ ਸੀ। ਉਹ ਪੂਰਾ ਤਾਣ ਲਗਾ ਕੇ ਬੋਲ ਰਹੀ ਸੀ – ਸ਼ਰਮ ਕਰੋ ਅੱਣਖਾ ਵਾਲਿਓ……, ਸ਼ਰਮ ਕਰੋ ਇੱਜ਼ਤਾਂ ਵਾਲਿਓ….., ਲਿਖਾਰੀ ‘ਤੇ ਗਵਾਇਓ….., ਤੁਸੀ ਘਰ-ਘਰ ਦੀ ਇੱਜ਼ਤ ਬੋਲੀ ਤੇ ਲੱਗਾ ਦਿੱਤੀ ਐ। ਜੇ ਇੰਝ ਈ ਚਲਦਾ ਰਿਹਾ ਤਾਂ ਬਹੁਤ ਜਲਦ  ਹਰ ਘਰ ਦੀ ਇੱਜ਼ਤ ਮੇਰੇ ਘਰ ਦੀ ਇੱਜ਼ਤ ਵਾਗ ਨਿਲਾਮ ਹੋਵੇਗੀ। ਬਚਦੇ ਅੱਣਖਾ ਵਾਲਿਓ ਤੁਸੀ ਵੀ ਨ੍ਹੀ। ਅਚਾਨਕ  ਮਾਂ ਦੇ ਦਿਲ ਵਿੱਚ ਤੇਜ਼ ਪੀੜ ਉਠੀ। ਇੰਝ ਲੱਗਦਾ ਸੀ ਜਿਵੇਂ ਉਸਦੇ ਦਿਲ ਤੇ ਕੋਈ ਪੂਰਾ ਤਾਣ ਲਗਾਕੇ ਦੁਰਮਟ ਨਾਲ ਵਾਰ ਕਰ ਰਿਹਾ ਹੋਵੇ। ਪੀੜ ਨਾਲ ਵੇਲਦੀ-ਵੇਲਦੀ ਮਾਂ ਭੁੰਜੇ ਹੀ ਲੇਟ ਗਈ। ਵਿਹੜੇ ‘ਚ ਲੇਟੀ ਮਾਂ ਦੇ ਦਿਲ ਦੀ ਧੜਕਣ ਦੀ ਅਵਾਜ਼ ਘੱਟ ਹੁੰਦੀ-ਹੁੰਦੀ ਰੁਕ ਚੁੱਕੀ ਸੀ। ਮਰਨ ਤੋਂ ਪਹਿਲਾਂ ਮਾਂ ਬਹੁਤ ਵਿਲਕੀ, ਟੁੱਟਦੇ ਹਫ਼ਦੇ ਸਾਹਾਂ ਦੇ ਅਖੀਰ ਤਕ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>