ਵੱਖਰੇ ਹੰਝੂ

“ ਆਂਈ ਜ਼ਰੂਰ। ਟਾਈਮ ਨਾਲ ਪਹੁੰਚ ਜਾਂਈ ” ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ ਪ੍ਰੀਆ ਕਹਿ ਰਹੀ  ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ”।
“ ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਰੋਹ ਵਿਚ ਤਾਂ ਮੈ ਜ਼ਰੂਰ ਭਾਗ ਲਵਾਂਗੀ।”  ਇਹ ਕਹਿ ਕੇ ਗੁਣਵੰਤ ਨੇ ਫੋਨ ਰੱਖ ਦਿੱਤਾ। ਫੋਨ ਰੱਖਣਸਾਰ ਹੀ ਗੁਣਵੰਤ ਦਾ ਦਿਮਾਗ ਉਹਨਾਂ ਗੱਲਾਂ ਵੱਲ ਚਲਾ ਗਿਆ ਜੋ ਅੱਜ ਤੋਂ ਕਈ ਸਾਲ ਪਹਿਲਾਂ ਹੋਈਆਂ ਸਨ। ਗੁਣਵੰਤ ਨਾਲ ਇਹ ਪਹਿਲੀ ਵਾਰੀ ਨਹੀ ਅੱਗੇ ਵੀ ਇਹ ਹੋ ਚੁਕਿਆ ਸੀ। ਜਦੋਂ ਵੀ ਉਹ ਪ੍ਰੀਆ ਨੂੰ ਦੇਖਦੀ ਜਾਂ ਉਸ ਬਾਰੇ ਕੋਈ ਗੱਲ ਹੁੰਦੀ ਤਾਂ ਉਸ ਦਾ ਦਿਮਾਗ ਆਪਣੇ-ਆਪ ਹੀ ਪੁਰਾਣੀਆਂ ਗੱਲਾਂ ਵਿਚ ਗੁਆਚ ਜਾਂਦਾ ।
ਰਵੀ  ਤੇ ਗੁਣਵੰਤ ਦਸਵੀ ਕਲਾਸ ਤੋਂ ਹੀ ਪੱਕੀਆਂ ਸਹੇਲੀਆਂ ਸਨ।ਕਾਲਜ ਵਿਚ ਬੀ: ਏ ਕਰਦਿਆਂ  ਰਵੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਹੋ ਗਿਆ। ਉਹ ਆਪਣੀ ਬੀ:ਏ ਵਿਚ ਛੱਡ ਬ੍ਰਿਟਸ਼ਕੁਲੰਬੀਆ ਦੇ ਸ਼ਹਿਰ ਸਰੀ ਜਾ ਵਸੀ। ਉਦੋਂ ਇੰਡੀਆ ਵਿਚ ਫੋਨ ਆਮ ਨਾ ਹੋਣ ਕਾਰਨ ਦੋਨੋ ਸਹੇਲੀਆਂ ਚਿੱਠੀਆਂ ਰਾਹੀ ਹੀ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ। ਜਦੋਂ ਰਵੀ ਦੀ ਪਹਿਲੀ ਬੱਚੀ ਨੇ ਜਨਮ ਲਿਆ ਤਾ ਉਸ ਨੇ ਬਹੁਤ ਚਾਵਾਂ ਨਾਲ ਗੁਣਵੰਤ ਨੂੰ ਬੱਚੀ ਦੀਆਂ ਫੋਟੋ ਭੇਜੀਆਂ।ਇਸ ਤਰਾਂ ਤਿੰਨ ਸਾਲ ਫੋਟੋ ਚਿੱਠੀਆ ਵਿਚ ਚਲੇ ਗਏ।
ਜਦੋਂ ਗੁਣਵੰਤ ਨੇ ਐਮ:ਏ ਕੀਤੀ ਤਾਂ ਉਦੋਂ ਹੀ ਉਸ ਦਾ ਰਿਸ਼ਤਾ  ਕੈਨੇਡਾ ਤੋਂ ਹੀ ਇਕ ਲੜਕੇ ਨਾਲ ਹੋ ਗਿਆ। ਜਦੋਂ ਰਵੀ ਨੂੰ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ।ਜਦੋਂ ਗੁਣਵੰਤ ਦਾ ਵਿਆਹ ਹੋਇਆ ਤਾਂ ਰਵੀ ਸਰੀ ਤੋਂ ਕੈਲਗਰੀ ਉਸ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਈ। ਹੁਣ ਤਾਂ ਦੂਜੇ ਤੀਜੇ ਦਿਨ ਉਹਨਾ ਦੀ ਫੋਨ ਉੱਪਰ ਗੱਲ-ਬਾਤ ਹੁੰਦੀ ਹੀ ਰਹਿੰਦੀ।
ਫਿਰ ਗੁਣਵੰਤ ਦਾ ਪ੍ਰੀਵਾਰ ਵੀ ਸਰੀ ਮੂਵ ਹੋ ਗਿਆ।ਬਸ ਹੁਣ ਤਾਂ ਦੋਨਾ ਸਹੇਲੀਆਂ ਲਈ ਬਿਲੀ ਭਾਣੇ ਛਿੱਕਾ ਟੁੱਟੇ ਵਾਲੀ ਗੱਲ ਹੋਈ । ਦੋਨਾਂ ਸਹੇਲੀਆਂ ਦਾ ਆਪਸੀ ਮਿਲਵਰਤਨ ਭੈਣਾ ਵਰਗਾ ਸੀ। ਜਦੋਂ ਰਵੀ ਦੀ  ਗੁੱਡੀ ਪੰਜ ਸਾਲ ਦੀ ਹੋਈ  ਤਾਂ ਉਸ ਨੇ ਗੁਣਵੰਤ ਨੂੰ ਫੋਨ ਤੇ ਦੱਸਿਆ ,
“ ਮੇਰੀ ਤਬੀਅਤ ਕੁੱਝ ਠੀਕ ਨਹੀ ਰਹਿੰਦੀ, ਲਗੱਦਾ ਹੈ ਮੈ ਪਰੈਗਨੈਂਟ ਹੋ ਗਈ ਹਾਂ।”
“ ਅੱਛਾ, ਸਗੋਂ ਚੰਗਾ, ਹੁਣ ਤੈਨੂੰ ਹੋਣਾ ਵੀ ਚਾਹੀਦਾ ਸੀ, ਰਮੀ ਪੰਜ ਸਾਲ ਦੀ ਤਾਂ ਹੋ ਗਈ।”
“ ਇਸ ਵਾਰੀ ਜੇ ਕਾਕਾ ਹੋ ਜਾਵੇ ਤਾਂ ਮੈ ਅਪਰੇਸ਼ਨ ਕਰਵਾ ਲੈਣਾ ਹੈ।”
“ ਪਹਿਲਾ ਡਾਕਟਰ ਦੇ ਤਾਂ ਜਾ ਆ।”
“ ਉਹ ਤਾਂ ਮੈ ਤਿੰਨ ਵਜੇ ਦੀ ਉਪਇੰਟਮਿੰਟ ਬਣਾਈ ਹੈ।”
ਉਸ ਦਿਨ ਵੀ ਰਵੀ ਭਾਂਵੇ ਫੋਨ ਬੰਦ ਕਰ ਗਈ ਸੀ। ਗੁਣਵੰਤ ਫਿਰ ਵੀ ਉਸ ਬਾਰੇ ਹੀ ਸੋਚਦੀ ਰਹੀ  ਕਿ ਅਸੀ ਭਾਂਵੇ ਅਗਾਂਹਵਧੂ ਦੇਸ਼ਾ ਵਿਚ ਆ ਗਏ, ਜਿੱਥੇ ਕੁੜੀ-ਮੁੰਡੇ ਵਿਚ ਕੋਈ  ਫਰਕ ਨਹੀ ਹੁੰਦਾ। ਪਰ ਸਾਡੀ ਸੋਚ ਸਾਡੇ ਨਾਲ ਹੀ ਇਹਨਾ ਦੇਸ਼ਾ ਵਿਚ ਆ ਗਈ, ਜਾਂ ਅਸੀ ਇੰਨੇ ਅੜਬ ਹਾਂ ਕਿ ਆਪਣੀ ਸੋਚ ਬਦਲਣਾ ਨਹੀ ਚਾਹੁੰਦੇ ਜਾਂ ਜਿਸ ਮਹੌਲ ਵਿਚ ਅਸੀ ਆ ਗਏ ਹਾਂ, ਉਸ ਵਿਚ ਰਚਣਾ ਨਹੀ ਚਾਹੁੰਦੇ। ਇਹੋ ਅਜਿਹੀਆਂ ਹੋਰ ਅਨੇਕਾਂ ਗੱਲਾਂ ਸਾਰਾ ਦਿਨ ਗੁਣਵੰਤ ਦੇ ਮਨ ਵਿਚ ਆਉਂਦੀਆ ਰਹੀਆ ਕਿ ਕਿਹੜਾ ਜ਼ਮਾਨਾ ਆ ਗਿਆ ਪਰ ਕੁੜੀਆ ਦੇ ਜਨਮ ਹੋਣ ਤੇ ਅਜੇ ਵੀ ਦਿਲਾਂ ਵਿਚ ਫਰਕ ਹੈ।ਇਹ ਗੱਲਾਂ ਸੋਚਦਿਆਂ ਗੁਣਵੰਤ ਨੂੰ ਆਪਣਾ ਵੇਲਾ ਵੀ ਯਾਦ ਆ ਗਿਆ ਸੀ। ਜਦੋਂ ਉਹ ਥੌੜ੍ਹੀ ਜਿਹੀ ਵੱਡੀ ਹੋਈ ਤਾਂ ਉਸ ਦੇ ਖੁਲ੍ਹੇ-ਆਮ ਬਾਹਰ ਆਣ-ਜਾਣ ਤੇ ਰੋਕਾਂ ਲੱਗਣ ਲੱਗ ਪਈਆਂ। ਜਦੋਂ ਕਿ ਉਸ ਦਾ ਭਰਾ ਮੁੰਡਿਆ ਨਾਲ ਬਾਹਰ ਸਾਰੀਆ ਥਾਂਵਾ ਤੇ ਆ ਸਕਦਾ ਸੀ। ਉਹ ਥੌੜ੍ਹਾ ਜਿਹਾ ਵੀ ਉੱਚੀ ਹੱਸ ਪਵੇ ਤਾਂ ਦਾਦੀ ਜੀ ਝੱਟ ਰੋਕ ਦਿੰਦੇ ਸਨ
“ ਕੁੜੀਆ ਇਸ ਤਰਾਂ ਹਿੜ ਹਿੜ ਕਰਦੀਆਂ ਚੰਗੀਆ ਨਹੀ ਲੱਗਦੀਆ। ਹੌਲੀ ਹੱਸਿਆ ਕਰ।”
ਉਸ ਦਾ ਭਰਾ ਉੱਚੀ ਉੱਚੀ ਬੋਲਦਾ ਵੀ ਤੇ ਹੱਸਦਾ ਵੀ। ਪਰ ਉਸ ਨੂੰ ਕੋਈ ਨਾ ਰੋਕਦਾ। ਪਰ ਇਕ ਗੱਲ ਗੁਣਵੰਤ ਨੂੰ ਆਪਣੇ ਦਾਦੀ ਜੀ ਦੀ ਸਮਝ ਨਹੀ ਸੀ ਪੈਂਦੀ ,ਜਦੋਂ ਉਸ ਦਾ ਭਰਾ ਨਵਾ ਕੱਪੜਾ ਪਾਉਣ ਲੱਗਦਾ ਤਾਂ ਦਾਦੀ ਜੀ ਕਹਿ ਦੇਂਦੇ, “ਕੱਪੜਾ ਭੈਣ ਦੇ ਪੈਰਾ ਨੂੰ ਛੁਹਾ ਕੇ ਪਾ, ਧੀਆਂ ਧਿਆਣੀਆਂ ਹੁੰਦੀਆਂ ਨੇ।” ਖੈਰ ਉਹ ਤਾਂ ਦਾਦੀ ਜੀ ਦੇ ਵੇਲੇ ਦਾ ਸਮਾਂ ਸੀ, ਪਰ  ਹੁਣ ਵੀ ਪਰਨਾਲਾ ਥਾਂ ਦਾ ਥਾਂ ਹੈ।ਬੇਸ਼ੱਕ ਵਿਦਵਾਨ, ਪ੍ਰਚਾਰਕ ਅਤੇ ਸੁਲਝੇ ਹੋਏ ਇਨਸਾਨ ਰੌਲਾ ਪਾ ਰਹੇ ਨੇ ਕਿ ਲੜਕੀ ਨੂੰ ਲੜਕੇ ਦੇ ਤੁਲ ਹੀ ਸਮਝੋ।
ਡਾਕਟਰ ਦੇ ਜਾ ਆਉਣ ਤੋਂ ਬਾਅਦ ਰਵੀ ਨੇ ਗੁਣਵੰਤ ਨੂੰ ਫਿਰ ਫੋਨ ਕੀਤਾ , “ ਗੁਣਵੰਤ, ਮੈ ਤਾਂ ਸੱਚਮੁਚ ਹੀ ਐਕਸਪਕਟਿੰਗ ਹਾਂ।”
“ ਚਲੋ, ਫਿਰ ਤਾਂ ਵਧੀਆ ਹੋਇਆ।”
“ ਹੋਇਆ ਤਾਂ ਵਧੀਆ ਹੈ, ਪਰ ਨਾਲ ਇਕ ਪਰੋਬਲਮ ਵੀ ਹੋ ਗਈ ਹੈ।”
“ ਕੀ ਹੋਇਆ?”
“ ਮੇਰੀ ਮਦਰ ਇਨਲਾਅ ਕਹਿੰਦੀ ਹੈ ਕਿ ਸਕੈਨ ਕਰਵਾ ਲੈ, ਪਤਾ ਲਗ ਜਾਵੇਗਾ ਕਿ ਕੁੜੀ ਹੈ ਜਾਂ ਮੁੰਡਾ।”
“ ਮੇਰੇ ਖਿਆਲ ਤਾਂ ਤੈਨੂੰ ਇਸ ਤਰਾਂ ਨਹੀ ਕਰਨਾ ਚਾਹੀਦਾ, ਕੁਦਰਤ ਜੋ ਵੀ ਕਰਦੀ ਹੈ ਉਹ ਹਮੇਸ਼ਾ ਚੰਗਾ ਹੀ ਹੁੰਦਾ ਹੈ।” ਗੁਣਵੰਤ ਨੇ ਕਿਹਾ, “ ਸਕੈਨ ਕਰਵਾ ਕੇ ਜੇ ਪਤਾ ਵੀ ਕਰ ਲਿਆ ਕਿ ਮੁੰਡਾ ਹੈ ਜਾਂ ਕੁੜੀ ਫਿਰ ਤੁਸੀ ਕੀ ਕਰ ਲੈਣਾ ਹੈ, ਉਹ ਜੋ ਹੈ ਸੋ ਹੈ।”
“ ਬੀਜ਼ੀ ਕਹਿੰਦੀ ਹੈ ਜੇ ਕੁੜੀ ਹੋਈ ਤਾਂ ਅਬੋਰਸ਼ਨ ਕਰਵਾ ਲਈ।”
“ ਹੈਂ।” ਇਹ ਗੱਲ ਸੁਣ ਕੇ ਗੁਣਵੰਤ ਨੇ ਹੈਰਾਨ-ਪਰੇਸ਼ਾਨ ਹੁੰਦਿਆ ਪੁੱਛਿਆ, “ ਕਿ ਤੂੰ ਵੀ ਬੀਜ਼ੀ ਨਾਲ ਹੀ ਸਹਿਮਤ ਹੈ?”
“ ਮੈ ਵਿਚੋਂ ਤਾਂ ਨਹੀ ਚਾਹੁੰਦੀ, ਪਰ ਕਦੀ ਕਦੀ ਬੀਜ਼ੀ ਦੀ ਗੱਲ ਠੀਕ ਵੀ ਲੱਗਣ ਲੱਗ ਪੈਂਦੀ ਹੈ।”
“ ਅਸੀ ਕੈਨੇਡਾ ਵਰਗੇ ਅਗਾਂਹ ਵਧੂ ਦੇਸ਼ਾ ਵਿਚ ਆ ਗਏ ਹਾਂ।” ਗੁਣਵੰਤ ਨੇ ਸਿਧਾ ਹੀ ਕਹਿ ਦਿੱਤਾ, “ ਪਰ ਸੋਚ ਸਾਡੀ ਅਜੇ ਵੀ ਪਿਛਾਹ ਖਿਚੂ ਹੈ।”
“ ਬੀਜ਼ੀ ਦਾ ਮਤਲਵ ਹੈ ਤੁਸੀ ਦੋ ਤਾਂ ਬੱਚੇ ਰੱਖਣੇ ਆ।” ਰਵੀ ਨੇ ਦੱਸਿਆ, “ ਉਹਨਾਂ ਦਾ ਭਾਵ ਹੈ ਕਿ ਜੇ ਮੁੰਡਾ ਨਾ ਹੋਇਆ ਤਾਂ ਵੰਸ ਦਾ ਨਾਮ ਅੱਗੇ ਕਿਵੇ ਚੱਲੇਗਾ।”
“ ਤੂੰ ਆਪਣੇ ਹਸਬੈਂਡ ਨੂੰ ਇਸ ਬਾਰੇ ਦੱਸਿਆ।”
“ ਉਹ ਤਾਂ ਕਹਿੰਦੇ ਆ ਜੋ ਮਰਜ਼ੀ ਕਰਦੀਆਂ ਫਿਰੋ, ਮੈਨੂੰ ਨਾ ਇਸ ਬਾਰੇ ਕੁੱਝ ਪੁੱਛੋ।”
“ ਹੱਦ ਹੋ ਗਈ।” ਗੁਣਵੰਤ ਨੇ ਕਿਹਾ, “ ਪਰ ਮੈ ਤੁਹਾਡੇ ਨਾਲ ਬਿਲਕੁਲ ਵੀ ਸਹਿਮਤ ਨਹੀ ਹਾਂ, ਖੈਰ ਤੁਹਾਡੇ ਘਰ ਦਾ ਮਾਮਲਾ ਹੈ।”
“ ਦਿਲ ਤਾਂ ਮੇਰਾ ਵੀ ਨਹੀ ਕਰਦਾ,ਅੱਗੇ ਜੋ ਰੱਬ ਨੂੰ ਭਾਵੇ।”
“ ਰੱਬ ਵੀ ਉਹ ਹੀ ਕਰਦਾ ਹੈ ਜੋ ਇਨਸਾਨ ਨੂੰ ਭਾਉਂਦਾ ਹੈ।” ਗੁਣਵੰਤ ਨੇ ਗੁੱਸੇ ਵਿਚ ਕਿਹਾ, “ ਜੇ ਤੂੰ ਆਪਣਾ ਇਰਾਦਾ ਦ੍ਰਿੜ ਰੱਖੇ ਤਾਂ ਕਿਵੇ ਤੇਰੀ ਅਬੋਰਸ਼ਨ ਹੋ ਜਾਵੇਗੀ।”
“ ਚਲੋ ਦੇਖਦੇ ਹਾਂ।” ਰਵੀ ਨੇ ਗੱਲ ਨੂੰ ਖਤਮ ਕਰਨ ਦੇ ਢੰਗ ਨਾਲ ਇਹ ਗੱਲ ਕਹੀ, “ ਪਹਿਲਾਂ ਸਕੈਨ ਤਾਂ ਕਰਵਾ ਲਈਏ।”
ਸਕੈਨ ਕਰਵਾਉਣ ਤੋਂ ਬਾਅਦ ਫਿਰ ਰਵੀ ਦਾ ਫੋਨ ਆਇਆ, ਬਹੁਤ ਹੀ ਉਦਾਸ ਅਤੇ ਧੀਮੀ ਅਵਾਜ਼ ਵਿਚ ਉਸ ਨੇ  ਕਿਹਾ, “ ਗੁਣਵੰਤ, ਕੱਲ ਸਕੈਨ ਕਰਵਾੳਣ ਗਈ ਸਾਂ।”
“ ਗੁੱਡੀ ਆ?” ਗੁਣਵੰਤ ਨੇ ਉਸ ਦੇ ਕਹਿਣ ਦੇ ਹਿਸਾਬ ਤੋਂ ਅੰਦਾਜ਼ਾ ਲਾਉਂਦੇ ਕਿਹਾ, “ ਤੇਰੀ ਉਦਾਸ ਅਵਾਜ਼ ਤੋਂ ਪਤਾ ਲੱਗ ਗਿਆ।”
“ ਨਹੀ।” ਰਵੀ ਨੇ ਦੱਸਿਆ, “ਸਕੈਨ ਟਕਨੀਸ਼ਨ ਨੇ ਕਿਹਾ ਕਿ ਪਤਾ ਨਹੀ ਲੱਗ ਰਿਹਾ ਕੀ ਹੈ।”
“ ਇਸ ਦਾ ਮਤਲਵ ਹੈ।” ਗੁਣਵੰਤ ਨੇ ਲੰਮਾ ਸਾਹ ਖਿੱਚਦੇ ਕਿਹਾ, “ ਕੁਦਰਤ ਨਹੀ ਚਾਹੁੰਦੀ ਜੋ ਤੁਸੀ ਕਰਨਾ ਚਾਹੁੰਦੇ ਹੋ, ਉਹ ਕਰ ਸਕੋ।”
“ ਨਹੀ ਨਹੀ, ਇਸ ਤਰਾਂ ਦੀ ਤਾਂ ਕੋਈ ਗੱਲ ਨਹੀ।” ਰਵੀ ਨੇ ਜ਼ਵਾਬ ਦਿੱਤਾ, “ ਥੌੜ੍ਹਾ ਚਿਰ  ਬਾਆਦ ਫਿਰ ਸਕੈਨ ਕਰਨਗੇ।”
“ ਮੈਨੂੰ ਤਾਂ ਸਮਝ ਨਹੀ ਲੱਗਦੀ।” ਗੁਣਵੰਤ ਨੇ ਫਿਰ ਕਿਹਾ, “ ਇੰਨੇ ਪੈਸੇ ਲਾ ਰਹੀ ਏ ਵਾਰ ਵਾਰ ਸਕੈਨ ਕਰਵਾਉਣ ਤੇ, ਜਾਣਾ ਵੀ ਅਮਰੀਕਾ ਦੇ ਬਾਡਰ ਤੇ ਪੈਂਦਾ ਹੈ।”
“ ਚੱਲ ਕੋਈ ਨਹੀ , ਇਕ ਵਾਰੀ ਫਿਰ ਟਰਾਈ ਕਰ ਲੈਂਦੇ ਹਾਂ।”
ਗੁਣਵੰਤ ਨੂੰ ਉਸ ਦਾ ਜ਼ਵਾਬ ਸੁਣ ਕੇ ਗੁੱਸਾ ਤਾਂ ਚੜਿਆ, ਪਰ ਉਸ ਨੇ ਕੁੱਝ ਨਾ ਕਿਹਾ। ਉਸ ਦਾ ਅਗਾਂਹ ਗੱਲ ਕਰਨ ਨੂੰ ਦਿਲ ਵੀ ਨਾ ਕੀਤਾ ਤੇ ਉਸ ਨੇ ਬਹਾਨੇ ਨਾਲ ਕਿਹਾ, “ ਕੰਮ ਤੇ ਜਾਣ ਦਾ ਟਾਈਮ ਹੋ ਚਲਿਆ ਫਿਰ ਗੱਲ ਕਰਾਂਗੇ।”
ਗੁਣਵੰਤ ਨੇ ਮੁੜ ਰਵੀ ਨੂੰ ਕੋਈ ਫੋਨ ਨਾ ਕੀਤਾ। ਕੁੱਝ ਦਿਨਾਂ ਬਾਅਦ ਰਵੀ ਨੇ ਆਪ ਹੀ ਫੋਨ ਕੀਤਾ, “ ਕੀ ਗੱਲ ਤੂੰ ਫੋਨ ਹੀ ਨਹੀ ਕਰਦੀ।”
“ ਜਦੋਂ ਤੂੰ ਮੇਰੀ ਗੱਲ ਮੰਨ ਹੀ ਨਹੀ ਰਹੀ ਤਾਂ ਫੋਨ ਕੀ ਕਰਨਾ।”
“ ਹੁਣ ਤੇਰੀ ਗੱਲ ਹੀ ਮੰਨਣੀ ਪੈਣੀ ਹੈ।”
“ ਇਰਾਦਾ ਕਿਵੇ ਬਦਲ ਗਿਆ?”
“ ਕੀ ਦੱਸਾਂ।” ਰਵੀ ਨੇ ਕਿਹਾ, “ ਜਦੋਂ ਐਤਕੀ ਵੀ ਸਕੈਨ ਕਰਵਾਉਣ ਗਏ ਤਾਂ ਵੀ ਪਤਾ ਨਹੀ ਲੱਗਾ ਕਿ ਗਰਭ ਵਿਚ ਕੀ ਹੈ।”
“ ਇਸ ਦਾ ਨਤੀਜ਼ਾ ਇਹ ਹੀ ਹੋਇਆ ਕਿ ਸਾਇੰਸ ਜਿੱਥੇ ਮਰਜ਼ੀ ਪਹੁੰਚ ਜਾਵੇ, ਪਰ ਕੁਦਰਤ ਨੂੰ ਦਬਾ ਨਹੀ ਸਕਦੀ।”
“ ਕੁਦਰਤ ਨੂੰ ਕੀ ਦਬਾਉਣਾ।” ਰਵੀ ਨੇ ਦੱਸਿਆ, “ ਜਦੋਂ ਵੀ ਸਕੈਨ ਕਰਨ ਦੀ ਕੋਸ਼ਿਸ਼ ਕੀਤੀ ਬੱਚਾ ਘੁੰਮ ਜਾਦਾਂ ਹੈ ਅਤੇ ਬੱਚੇ ਦੀ ਪਿੱਠ ਹੀ ਸਾਹਮਣੇ ਆਉਂਦੀ ਹੈ। ”
“ ਅੱਛਾ ਇਸ ਕਰਕੇ ਇਰਾਦਾ ਬਦਲ ਲਿਆ।” ਗੁਣਵੰਤ ਨੇ ਮਨ ਵਿਚ ਹੀ ਕੁਦਰਤ ਨੂੰ ਸਜਦਾ ਕਰਦੇ ਰਵੀ ਨੂੰ ਕਿਹਾ, “ ਚਲੋ ਦੇਰ ਆਏ ਦੁੱਰਸਤ ਆਏ।”
ਰਵੀ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਗੁਣਵੰਤ ਸੋਚ ਰਹੀ ਸੀ ਕਿ ਪੰਜਾਬ ਵਿਚ ਤਾਂ ਕੁੜੀਆਂ ਬਾਰੇ ਗੱਲ ਕਰੀਏ ਤਾਂ ਸੋ ਸੋ ਕਾਰਨ ਦੱਸਦੇ ਨੇ, ਦਾਜ਼ ਦੀ ਪਰੋਬਲਮ, ਸਹੁਰਿਆਂ ਦਾ ਮਾੜਾ ਵਿਵਹਾਰ, ਪਰ ਬਾਹਰ ਤਾਂ ਅਜਿਹੀਆਂ ਕੋਈ ਮੁਸ਼ਕਲਾਂ ਨਹੀ ਹਨ, ਫਿਰ ਵੀ ਕੁੜੀਆਂ ਤੋਂ ਕਿਉਂ ਡਰਦੇ ਨੇ। ਕੁੜੀਆਂ ਹੀ ਤਾਂ ਹਨ ਜੋ ਇਕ ਚੰਗਾ ਪਰੀਵਾਰ ਪੈਦਾ ਕਰ ਸਕਦੀਆਂ  ਨੇ, ਸਮਾਜ ਸੁਧਾਰ ਸਕਦੀਆਂ ਨੇ ਕੌਮਾਂ ਦੀ ਤਕਦੀਰ ਬਦਲ ਸਕਦੀਆਂ ਹਨ, ਪਰ ਬਸ਼ਰਤ ਹੈ ਕਿ ਉਹ ਪਹਿਲਾਂ ਆਪ ਚੰਗੀਆਂ ਮਾਵਾਂ ਹੋਣ।ਗੁਣਵੰਤ ਨੂੰ ਮਹਾਨ ਸਿਕੰਦਰ ਦੀ ਕਹੀ ਹੋਈ ਗੱਲ ਵੀ ਯਾਦ ਆਈ ਜੋ ਉਸ ਨੇ ਉਸ ਵੇਲੇ ਦੇ ਸਮਾਜ ਨੂੰ ਕਹੀ ਸੀ ਕਿ “ ਵਧੀਆ ਮਾਵਾਂ ਹੀ ਵਧੀਆ ਕੌਮਾਂ ਨੂੰ ਜਨਮ ਦੇ ਸਕਦੀਆਂ ਹਨ।” ਪਰ ਸਾਡਾ ਸਮਾਜ ਤਾਂ ਪਤਾ ਨਹੀ ਕਿਧਰ ਨੂੰ ਤੁਰ ਪਿਆ?
ਅਜਿਹੀਆਂ ਗੱਲਾਂ ਵਿਚੋਂ ਅਜੇ ਵੀ ਬਾਹਰ ਨਾ ਨਿਕਲਦੀ ਜੇ ਦਰਵਾਜ਼ੇ ਦੀ ਘੰਟੀ ਨਾ ਵਜਦੀ।ਪਹਿਲਾਂ ਤਾਂ ਉਸ ਨੇ ਸੋਚਿਆ ਕਿ ਉਸ ਦਾ ਹਸਬੈਂਡ ਕਮਲ ਹੀ ਨਾ ਹੋਵੇ, ਕਿਉਂਕਿ ਉਹ ਸਵੇਰੇ ਘਰ ਦੀ ਚਾਬੀ ਲਿਜਾਣਾ ਭੁੱਲ ਗਿਆ ਸੀ। ਦਰਵਾਜ਼ੇ ਤੇ ਕਮਲ ਦੇ ਦੋਸਤ ਬਿੰਦਰ ਦੇ ਮਾਤਾ ਜੀ ਖਲੋਤੇ ਸਨ, ਜੋ ਆਪਣੇ ਪੋੱਤੇ ਹੋਣ ਦੀ ਖੁਸ਼ੀ ਵਿਚ ਲੱਡੂ ਵੰਡ ਰਿਹੇ ਸਨ।
“ ਮਾਤਾ ਜੀ, ਅੰਦਰ ਆ ਜਾਉ।” ਗੁਣਵੰਤ ਨੇ ਮਾਤਾ ਜੀ ਤੋਂ ਡੱਬਾ ਫੜ੍ਹਦੇ ਕਿਹਾ, “ ਤੁਹਾਡੀ ਸਿਹਤ ਠੀਕ ਆ।”
“ ਕੁੜੇ ਗੁਣਵੰਤ, ਆ ਜਦੋਂ ਦਾ ਪੋਤਾ ਆਇਆ।” ਮਾਤਾ ਜੀ ਨੇ ਲਿਵਇੰਗ ਰੂਮ ਦੇ ਸੋਫੇ ਤੇ ਬੈਠਦਿਆ ਕਿਹਾ, “ ਉਦੋਂ ਦੀ ਤਾਂ ਮੈ ਨੋ ਬਰ ਨੋ ਹੋ ਗਈ।”
“ ਮਾਤਾ ਜੀ, ਤੁਹਾਡੇ ਮਨ ਤੇ ਬੋਝ ਹੋਣਾ ਏ ਕਿ ਮੇਰੇ ਦੋ ਪੋਤੀਆਂ ਹਨ, ਪੋਤਾ ਹੈ ਨਹੀ, ਹੁਣ ਤੁਹਾਡਾ ਮਨ ਖੁਸ਼ ਹੋ ਗਿਆ ਤੇ ਰੋਗ ਵੀ ਦੂਰ ਹੋ ਗਿਆ।”
“ ਸੱਚੀ ਗੁਣਵੰਤ, ਖੋਰੇ ਆ ਹੀ ਗੱਲ ਸੀ।”
“ ਦੇਖਿਆ ਮਾਤਾ ਜੀ, ਤੁਸੀ ਆਪ ਹੀ ਆਪਣੇ-ਆਪ ਨੂੰ ਬਿਮਾਰ ਕੀਤਾ ਹੋਇਆ ਸੀ।”
“ ਪੁੱਤ, ਹੁਣ ਮੈਨੂੰ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਨ ਬਾਰੇ ਨਾ ਦੱਸਣ ਲਗ ਪਈ, ਕਿਉਂਕਿ ਅੱਗੇ ਵੀ ਤੂੰ ਇਹੀ ਦੱਸਦੀ ਰਹਿੰਦੀ ਆ।”
“ ਜਿੰਨਾ ਚਿਰ ਤੁਹਾਡੀ ਸੋਚ ਬਦਲਦੀ ਨਹੀ, “ ਗੁਣਵੰਤ ਨੇ ਹੱਸਦਿਆਂ ਕਿਹਾ, “ਮੈ ਉਨਾ ਚਿਰ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨੋ ਨਹੀ ਹੱਟਣਾ।”
“ ਸੋਚ ਇਸ ਜਨਮ ਵਿਚ ਤਾ ਕੀ ਬਦਲਨੀ ਅਗਾਂਹ ਭਾਂਵੇ ਬਦਲ ਜਾਊਗੀ।”
“ ਹੁਣ ਤੁਸੀ ਮੇਰੇ ਘਰ ਆਏ ਹੋ।” ਗੁਣਵੰਤ ਨੇ ਗੱਲ ਮੁਕਾਉਂਦੇ ਹੋਏ ਮੁਸਕ੍ਰਾ ਕੇ ਕਿਹਾ, “ ਇਸ ਲਈ ਮੈ ਤੁਹਾਡੇ ਨਾਲ ਬਂਿਹਸ ਵਿਚ ਨਹੀ ਪੈਣਾ, ਪਰ ਇਕ ਦਿਨ…।”
“ ਉਸ ਤਰਾਂ ਤਾਂ ਕਈ ਗੱਲਾਂ ਤੇਰੀਆ ਠੀਕ ਵੀ ਹੁੰਦੀਆਂ ਨੇ। ਜਿਸ ਤਰਾਂ ਤੂੰ ਕਹਿੰਦੀ ਰਹਿੰਦੀ ਆ ਕਿ ਕੁੜੀਆਂ ਮੁੰਡਿਆਂ ਨਾਲੋ ਜ਼ਿਆਦਾ ਪੜ੍ਹਦੀਆਂ ਵਾ।”
“ ਚਲੋ, ਕੁੱਝ ਗੱਲਾਂ ਨੂੰ ਤਾਂ ਠੀਕ ਮੰਨਦੇ ਹੋ।” ਗੁਣਵੰਤ ਨੇ ਜੂਸ ਦਾ ਗਿਲਾਸ ਮਾਤਾ ਜੀ ਨੂੰ ਫੜਾਂਉਂਦੇ ਕਿਹਾ,” ਹੌਲੀ ਹੌਲੀ ਬਾਕੀ ਵੀ ਮੰਨ ਜਾਉਂਗੇ।”
ਮਾਤਾ ਜੀ ਨੇ ਇਸ ਗੱਲ ਦਾ ਕੋਈ ਜ਼ਵਾਬ ਨਹੀ ਦਿੱਤਾ। ਹੋਰ ਗੱਲ ਤੋਰਦਿਆਂ ਕਿਹਾ, “ ਆ ਬਾਹਰਲੇ ਮੁਲਕ ਵਿਚ ਤਾਂ ਕੁੜੀਆਂ ਤੋਂ ਹੋਰ ਵੀ ਜ਼ਿਆਦਾ ਡਰ ਲੱਗਦਾ ਆ।”
“ ਉਹ ਕਿਉਂ?” ਗੁਣਵੰਤ ਨੇ ਹੈਰਾਨ ਹੁੰਦਿਆ ਕਿਹਾ, “ ਇੱਥੇ ਤਾਂ ਕੁੜੀਆਂ ਬਾਹਰ ਵੀ ਕੰਮ ਕਰਦੀਆਂ ਤੇ ਘਰ ਵੀ।”
“ ਤੂੰ ਤਾਂ ਪੰਜਾਬ ਦੀਆਂ ਜੰਮੀਆਂ ਦੀ ਗੱਲ ਕਰਦੀ ਏ।” ਮਾਤਾ ਜੀ ਨੇ ਜੂਸ ਦਾ ਘੁੱਟ ਭਰਦਿਆਂ ਕਿਹਾ, “ ਮੈ ਤਾਂ ਇਧਰ ਦੀਆਂ ਦੀ ਗੱਲ ਕਰਦੀ ਪਈ ਵਾ।”
“ ਉਹਨਾ ਕੀ ਕਰ ਦਿੱਤਾ?”
“ ਮਿਹਰ ਦੇ ਵਿਆਹ ਦੀ ਪਾਰਟੀ ਤੇ ਕਿੰਨੀਆ ਕੁੜੀਆ ਸ਼ਰਾਬ ਪੀਂਦੀਆਂ ਵੇਖੀਆਂ।”
“ ਮਾਤਾ ਜੀ ਉਹ ਤਾਂ ਸੰਸਕਾਰਾਂ ਦੀ ਗੱਲ ਹੈ। ਜਿੰਨਾਂ ਕੁੜੀਆਂ ਨੂੰ ਘਰੋਂ ਚੰਗੇ ਸੰਸਕਾਰ ਮਿਲ ਜਾਂਦੇ ਨੇ ਉਹ  ਇਧਰ ਦੀਆਂ ਹੋਣ ਜਾਂ ਉਧਰ ਦੀਆਂ, ਉਹ ਗਲਤ ਆਦਤਾਂ ਤੋਂ ਬਚੀਆਂ ਰਹਿੰਦੀਆ ਹਨ।”
“ ਹਾਂ ਆ ਵੀ ਠੀਕ ਆ, ਹੁਣ ਮੈ ਸਮਝ ਗਈ ਤੇਰੀ ਗੱਲ ਜੈਸੀ ਕੋਕੋ ਤੈਸੇ ਕੋਕੋ ਦੇ ਬੱਚੇ॥ ਨਿਆਣੇ ਦੀ ਪਹਿਲੀ  ਅਧਿਆਪਕ ਮਾਂ ਹੀ ਹੁੰਦੀ ਆ, ਪਰ ਜੇ ਮਾਂ ਹੀ …।” ਮਾਤਾ ਜੀ ਨੇ ਸਾਹਮਣੇ ਖਿੜਕੀ ਵੱਲ ਬਾਹਰ ਦੇਖਦਿਆਂ ਕਿਹਾ, “ ਲੈ ਕੁੜੇ ਬਿੰਦਰ ਤਾਂ ਹੋਰ ਲੱਡੂ ਲੈ ਕੇ ਮੁੜ ਵੀ ਆਇਆ, ਚੰਗਾ ਹੁਣ ਮੈ ਚੱਲਦੀ ਹਾਂ।”
ਮਾਤਾ ਜੀ ਦੇ ਜਾਣ ਤੋਂ ਬਾਅਦ ਗੁਣਵੰਤ ਨੇ ਪੰਜਾਬ ਤੋਂ ਨਵਾਂ ਆਇਆ ਸੂਟ ਕੱਢ ਕੇ ਪਰੈਸ ਕੀਤਾ ਜੋ ਉਸ ਨੇ ਪ੍ਰਿਆ ਦੇ ਸਕੂਲ ਵਿਚ ਹੋਣ ਵਾਲੇ ਫੰਕਸ਼ਨ ਤੇ ਪਾਉਣਾ ਸੀ।ਫੰਕਸ਼ਨ ਵਿਚ ਭਾਂਵੇ ਇਕ ਦਿਨ ਪਿਆ ਸੀ,ਪਰ ਗੁਣਵੰਤ ਇਸ ਸਮਰੋਹ ਨੂੰ ਦੇਖਣ ਲਈ ਬਹੁਤ ਹੀ ਉਤਾਵਲੀ ਹੋਈ ਪਈ ਸੀ। ਉਸ ਨੂੰ ਇਕ ਫਿਕਰ ਵੀ ਸੀ ਕਿ ਖੜੇ ਪੈਰ  ਕੰਮ ਵਾਲੇ ਛੁੱਟੀ ਦੇਣਗੇ ਕਿ ਨਹੀ। ਉਸ ਨੇ ਆਪਣੇ ਨਾਲ ਕੰਮ ਕਰਦੀ ਗੋਰੀ ਨੂੰ ਫੋਨ ਕੀਤਾ ਤਾਂ ਨੀਅਤ ਨੂੰ ਮੁਰਾਦਾ ਵਾਲੀ ਗੱਲ ਹੋਈ, ਗੋਰੀ ਗੁਣਵੰਤ ਨਾਲ ਸ਼ਿਫਟ ਬਦਲਨ ਲਈ ਮੰਨ ਗਈ।
ਅੱਜ ਸਕੂਲ ਦਾ ਜਿੰਮ-ਹਾਲ  ਸਾਰੀਆਂ ਕੂਮਨਿਟੀਆਂ ਦੇ ਲੋਕਾਂ ਨਾਲ ਭਰਿਆ ਪਿਆ ਸੀ।ਰਵੀ ਦਾ ਪੂਰਾ ਪ੍ਰੀਵਾਰ ਮੂਹਰਲੀਆਂ ਕਾਤਰਾਂ ਵਿਚ ਬੈਠਾ ਸੱਜ ਰਿਹਾ ਸੀ। ਛੇਤੀ ਹੀ ਫੰਕਸ਼ਨ ਸ਼ੁਰੂ ਹੋ ਗਿਆ। ਜੋ ਵੀ ਭਾਸ਼ਨ ਕਰਦਾ ਉਹ ਪ੍ਰੀਆ ਦੇ ਨਾਮ ਦਾ ਜ਼ਰੂਰ ਜ਼ਿਕਰ ਕਰ ਰਿਹਾ ਸੀ, ਕਿਉਂਕਿ ਉਸ ਨੇ ਸੂਬੇ ਵਿਚੋਂ ਪੜ੍ਹਾਈ ਵਿਚ ਪਹਿਲਾ ਦਰਜ਼ਾ ਪ੍ਰਾਪਤ ਕੀਤਾ ਸੀ। ਉਸ ਨੇ ਪਿਛਲਾ ਰਿਕਾਰਡ ਵੀ ਮਾਤ ਪਾ ਦਿੱਤਾ ਸੀ। ਇਨਾਮ ਦੇਣ ਲਈ ਸਕੂਲ ਟਰਸਟੀ ਨੇ ਜਦੋਂ ਉਸ ਨੂੰ ਸਟੇਜ਼ ਤੇ ਬੁਲਾਇਆ ਤਾਂ ਖੁਸ਼ੀ ਵਿਚ ਸਾਰੇ ਪ੍ਰੀਵਾਰ ਦੀਆਂ ਅੱਖਾਂ ਨਮ ਹੋ ਗਈਆਂ। ਰਵੀ ਦੇ ਹੰਝੂ ਤਾਂ ਆਪ ਮੁਹਾਰੇ ਛੁੱਟ ਦੇ ਹੋਏ ਉਸ ਦੇ ਚਿਹਰੇ ਤੇ ਫੈਲ ਰਿਹੇ ਸਨ। ਉਸ ਨੇ ਗੁਣਵੰਤ ਵੱਲ ਵੇਖਿਆ ਤਾਂ ਖੁਸ਼ੀ ਵਿਚ ਉਸ ਦੀਆਂ ਅੱਖਾਂ ਵੀ ਤਰਲ ਸਨ। ਰਵੀ ਉਸ ਨੂੰ ਕੁੱਝ ਕਹਿਣਾ ਚਾਹੁੰਦੀ ਸੀ, ਪਰ ਧੀ ਦੀ ਹੋ ਰਹੀ ਪ੍ਰਸੰਸਾ ਵਾਲੀ ਖੁਸ਼ੀ ਨੇ ਉਸ ਨੂੰ ਦੱਬਿਆ ਪਿਆ ਸੀ। ਗੁਣਵੰਤ ਦੇ ਕੰਨ ਕੋਲ ਜਾ ਕੇ ਹੌਲੀ ਜਿਹੀ ਕਹਿਣ ਲੱਗੀ, “ ਜੇ ਮੈ ਉਦੋਂ ਅਬੋਰਸ਼ਨ ਕਰਵਾ ਲੈਂਦੀ ਤਾਂ ਆ ਏਨੀ ਲਾਈਕ ਅਤੇ ਰੌਸ਼ਨ ਦਿਮਾਗ ਵਾਲੀ ਧੀ ਨੂੰ ਗੁਵਾ ਬਹਿੰਦੀ।”
“ ਕੁਦਰਤ ਦਾ ਸ਼ੁਕਰ ਕਰ ਜਿਸ ਨੇ ਤੈਨੂੰ ਇਸ ਭੈੜੇ ਹਾਦਸੇ ਤੋਂ ਬਚਾ ਲਿਆ।” ਗੁਣਵੰਤ ਨੇ ਉਸ ਨੂੰ ਪਰਸ ਵਿਚੋਂ ਕਲੀਨਨੈਕਸ (ਟਿਸ਼ੂ ਪੇਪਰ) ਦਿੰਦੇ ਆਖਿਆ, “ ਹੁਣ ਦੇਖ  ਤੇਰੀ ਬੀਜ਼ੀ ਵੀ  ਕਿਵੇ ਟਹਿਕਦੀ ਹੋਈ ਲੋਕਾਂ ਨੂੰ ਦੱਸ ਰਹੀ ਹੈ ਕਿ ਪ੍ਰੀਆ ਮੇਰੀ ਪੋਤੀ ਹੈ।ਜਿਹੜੀ  ਪਹਿਲਾਂ ਪ੍ਰੀਆ ਨੂੰ ਘਰ ਵਿਚ ਲਿਆਉਣਾ ਵੀ ਨਹੀ ਸੀ ਚਾਹੁੰਦੀ।”
“ ਸਕੈਨ ਕਰਾਉਣ ਸਮੇਂ ਕਿਵੇ ਪ੍ਰੀਆ ਦੀ ਪਿਠ ਅੱਗੇ ਆ ਜਾਂਦੀ ਸੀ।” ਰਵੀ ਨੇ ਠੰਡਾ ਜਿਹਾ ਹਾਉਕਾ ਭਰ ਦੇ ਕਿਹਾ, “ ਜੇ ਮੈ ਇਹ ਗੱਲ ਅੱਜ ਦੇ ਸਾਇੰਸ ਯੁੱਗ ਵਿਚ ਕਿਸੇ ਨੂੰ ਦੱਸਾਂ ਤਾਂ ਸ਼ਾਇਦ ਕੋਈ ਯਕੀਨ ਹੀ ਨਾ ਕਰੇ ਕਿਵੇ ਕੁਦਰਤ ਨੇ ਕ੍ਰਿਸ਼ਮਾ ਕਰਕੇ ਮੇਰੀ ਲਾਈਕ ਧੀ ਨੂੰ ਬਚਾ ਲਿਆ।”
“ ਪਰ ਮੈਨੂੰ ਤਾਂ ਪਤਾ ਹੈ ਇਹ ਸਭ ਸੱਚ ਹੈ।” ਗੁਣਵੰਤ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, “ ਸਾਇੰਸ ਨੇ ਭਾਵੇ ਪੂਰਾ ਜੋਰ ਲਾਇਆ ਹੋਇਆ ਕੁਦਰਤ ਨੂੰ ਪਿਛਾੜਨ ਦਾ,ਪਰ ਕੁਦਰਤ ਨੂੰ ਜਿੱਤ ਨਹੀ ਸਕਦੀ।”
ਫਕਸ਼ਨ ਸਮਾਪਤ ਹੋ ਗਿਆ ਸੀ। ਗੁਣਵੰਤ ਅਤੇ ਰਵੀ ਅਜੇ ਵੀ ਗੱਲਾਂ ਵਿਚ ਰੁੱਝੀਆਂ ਹੋਈਆਂ ਸਨ। ਰਵੀ ਗੁਣਵੰਤ ਨੂੰ ਕਹਿ ਰਹੀ ਸੀ, “ ਕਈ ਵਾਰੀ ਤਾਂ ਮੈਨੂੰ ਲੱਗਦਾ ਹੈ ਕਿ ਪ੍ਰੀਆ ਨੂੰ ਬਚਾਉਣ ਵਿਚ ਤੇਰਾ ਵੀ ਹੱਥ ਹੈ, ਤੂੰ ਬਿਲਕੁਲ ਨਹੀ ਸੀ ਚਾਹੁੰਦੀ ਕਿ ਮੈ…।”
“ ਜਦੋਂ ਆਪਾਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹਾਂ,ਉਦੋਂ ਆਪਾਂ ਧੁਰ ਅੰਦਰੋਂ ਉਹਦੀ ਖੈਰ ਮੰਗਦੇ ਹਾਂ।” ਗੁਣਵੰਤ ਨੇ ਕਿਹਾ, “ ਮੈ ਨਹੀ ਸੀ ਚਾਹੁੰਦੀ ਤੂੰ ਕੋਈ ਉਹੋ ਜਿਹਾ ਸਟੈਪ ਚੁੱਕੇ  ਜਿਸ  ਨੂੰ ਸੂਝਵਾਨ ਲੋਕ ਘਟੀਆ ਕਹਿੰਦੇ ਨੇ।”
“ ਤੇਰੀ ਪੋਜ਼ਟਿਵ ਅਨਾਰਜ਼ੀ ਨੇ ਹੀ ਬਚਾ ਲਿਆ।”
“ ਪੋਜ਼ਟਿਵ ਅਨਾਰਜ਼ੀ ਕਹਿ ਲਾ ਜਾਂ ਅਰਦਾਸ ਇਕ ਹੀ ਗੱਲ ਹੈ।
“ ਚਲੋ ਉੱਠੋ ਰਵੀ, ਗੁਰੂ ਘਰ ਨੂੰ ਚੱਲੀਏ।” ਥੌੜ੍ਹਾ ਜਿਹਾ ਪਰੇ ਬੈਠੀ ਪ੍ਰੀਆ ਦੀ ਦਾਦੀ ਨੇ ਕਿਹਾ, “ ਜਾ ਕੇ  ਸਤਿਗੁਰਾਂ ਦਾ ਸ਼ੁਕਰ ਕਰੀਏ ਜਿਸਦੀ ਬਖਸ਼ਸ਼ ਨਾਲ ਏਡੀ ਲਾਈਕ ਧੀ ਸਾਡੇ ਘਰ ਜੰਮੀ।”
“ ਤੇਰੀ ਸੱਸ ਗੁਰੂ ਦਾ ਸ਼ੁਕਰ ਕਰਨ ਜਾ ਰਹੀ ਜਾਂ ਆਪਣੀ ਭੁੱਲ ਬਖਸ਼ਾਉਣ ਜਾ ਰਹੀ ਏ।” ਗੁਣਵੰਤ ਨੇ ਹੌਲੀ ਅਜਿਹੀ ਰਵੀ ਦੇ ਕੰਨ ਵਿਚ ਕਿਹਾ, “ ਲੱਗਦਾ ਹੈ ਪ੍ਰੀਆ ਦੀ ਅਕਲ ਨੇ ਆਪਣੀ ਦਾਦੀ ਨੂੰ ਵੀ ਰੌਸ਼ਨੀ ਦੇ ਦਿਤੀ ।”
ਰਵੀ ਉਸ ਦੀ ਗੱਲ ਸੁਣ ਕੇ ਮੁਸਕ੍ਰਾਉਂਦੀ ਹੋਈ ਆਪਣੀ ਕੁਰਸੀ ਤੋਂ ਉੱਠਦੀ ਗੁਣਵੰਤ ਨੂੰ ਕਹਿਣ ਲੱਗੀ , “ ਤੂੰ ਵੀ ਸਾਡੇ ਨਾਲ ਚੱਲ।”
“ ਹਾਂ ਹਾਂ ਗੁਣਵੰਤ ਪੁੱਤ, ਤੂੰ ਵੀ ਚੱਲ, “ ਕੋਲ ਆਉਂਦੀ ਬੀਜ਼ੀ ਨੇ ਕਿਹਾ, “ ਤੂੰ ਹਮੇਸ਼ਾ ਹੀ ਰਵੀ ਨੂੰ ਚੰਗੀ ਸਲਾਹ ਦੇਂਦੀ ਆ ਸਾਡੀ ਅਕਲ ਤੇ ਹੀ ਪਰਦਾ ਪੈ ਜਾਂਦਾ ਏ, ਜੋ ਕਈ ਵਾਰੀ  ਤੇਰੀ ਸਲਾਹ ਨੂੰ ਅਣਗੋਲਿਆ ਕਰ ਦੇਂਦੇ ਹਾਂ।”
ਗੱਲ ਸੁਣ, ਹੈਰਾਨ ਹੁੰਦੀ ਗੁਣਵੰਤ ਨੇ ਰਵੀ ਵੱਲ ਦੇਖਿਆ ਤਾਂ ਉਹ ਆਪਣੇ ਬੁਲਾਂ ਵਿਚ ਹੀ ਮੁਸਕ੍ਰਾ ਰਹੀ ਸੀ।
ਇਹ ਸੱਬਬ ਸੀ ਜਾਂ ਕੋਈ ਰੱਬ ਦੀ ਰਜ਼ਾ ਕਿਉਂਕਿ ਉਹ  ਜਿਉਂ ਹੀ ਗੁਰੂ ਦੇ ਦਰਬਾਰ ਅੰਦਰ ਦਾਖਲ ਹੋਏ ਕਥਾਕਾਰ ਸਾਹਮਣੇ ਹੀ ਸਟੇਜ਼ ਤੇ ਬੈਠਾ ਕਥਾ ਕਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਲਾਈਨਾ ਬੋਲ ਰਿਹਾ ਸੀ,
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ
ਉਸ ਨੇ ਵਿਸਥਾਰ ਸਹਿਤ ਇਹਨਾ ਤੁਕਾ ਦੇ ਅਰਥ ਸੰਗਤ ਨੂੰ ਸਮਝਾਏ, ਨਾਲ ਹੀ ਉਚਕੋਟੀ ਦੀਆਂ ਵਿਦਵਾਨ ਇਸਤਰੀਆਂ ਅਤੇ ਇਤਹਾਸਕ ਔਰਤਾਂ ਦਾ ਜ਼ਿਕਰ ਕੀਤਾ ਜਿਹਨਾਂ ਨੇ ਦੇਸ਼ ਦੀਆਂ ਉਨਤੀਆ ਅਤੇ ਕੌੰਮਾਂ ਦੀਆਂ ਤਰੱਕੀਆਂ ਵਿਚ ਆਪਣਾ ਮੱਹਤਵ ਪੂਰਨ ਯੋਗਦਾਨ ਪਾ ਕੇ ਕੌਮ ਅਤੇ ਦੇਸ਼ ਨੂੰ ਬਲੁੰਦੀਆਂ ਤੇ ਪਹੁੰਚਾਇਆ।ਕਥਾ ਸੁੱਣਦੀ ਗੁਣਵੰਤ ਨੇ ਰਵੀ ਤੇ ਉਸ ਦੀ ਸੱਸ ਵੱਲ ਦੇਖਿਆ।ਦੋਨਾਂ ਦੀਆਂ ਬੰਦ ਅੱਖਾਂ ਵਿਚੋਂ ਹੁੰਝੂ ਲਾਈਨ ਬੰਨ ਤੁਰ ਰਹੇ ਸਨ, ਇਹ ਨਹੀ ਪਤਾ ਕਿ ਉਸ ਪਛਤਾਵੇ ਵਿਚ ਸਨ ਜੋ ਉਹ ਕਰਨ ਜਾ ਰਹੀਆਂ ਸਨ ਜਾਂ ਪਰਮਾਤਮਾ ਦੇ ਧੰਨਵਾਦ ਵਿਚ, ਜਿਸ ਨੇ ਉਹਨਾਂ ਨੂੰ ਇਕ ਕਲੰਕ ਤੋਂ ਬਚਾ ਲਿਆ ਸੀ, ਕਿਉਂਕਿ ਇਹ ਹੰਝੂ ਖੁਸ਼ੀ ਦੇ ਹੰਝੂਆਂ ਨਾਲੋ ਵੱਖਰੇ ਸਨ, ਇਹਨਾ ਦਾ ਰੰਗ ਹੋਰ ਵੀ ਸ਼ੁੱਧ ਅਤੇ ਪਵਿੱਤਰ ਲਗ ਰਿਹਾ ਸੀ।

This entry was posted in ਕਹਾਣੀਆਂ.

2 Responses to ਵੱਖਰੇ ਹੰਝੂ

  1. Jagjit Singh Chattha says:

    ਮੈਡਮ ਅਨਮੋਲ ਜੀ ਬਹੁਤ ਸੋਹਣਾ ਲਿਖਿਆ ਹੈ ਜੀ ਤੁਸੀਂ…..ਬਾਕੀ ਵੀ ਬਿਲਕੁਲ ਸਹੀ ਹੈ ਕਿ … ਸਾਇੰਸ ਨੇ ਭਾਵੇ ਪੂਰਾ ਜੋਰ ਲਾਇਆ ਹੋਇਆ ਕੁਦਰਤ ਨੂੰ ਪਿਛਾੜਨ ਦਾ,ਪਰ ਕੁਦਰਤ ਨੂੰ ਜਿੱਤ ਨਹੀ ਸਕਦੀ।”………

  2. mani says:

    ਬਹੁਤ ਵਧੀਆ ਲਿਖੀਆ ncy lines…

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>