ਗਾਂ ਹੁੰਦੀ ਹੈ ਮਾਂ ਵੇ ਦੁਨੀਆ ਵਾਲਿਓ

 ਗਾਂ ਨੂੰ ਹਿੰਦੂ ਧਰਮ ਵਿਚ ਉਸ ਦੇ ਦੁਧ ਵਿਚਲੇ ਮਾਂ  ਦੇ ਦੁੱਧ ਵਰਗੇ ਗੁਣਾਂ ਕਰਕੇ ਗਊ ਮਾਤਾ ਕਹਿਕੇ ਸਤਿਕਾਰਿਆ ਜਾਂਦਾ ਹੈ ,  ਇਨ੍ਹਾਂ ਗੁਣਾਂ ਕਰਕੇ ਹੀ ਇਹ ਪੂਜਣ ਯੋਗ ਅਤੇ ਪਵਿਤ੍ਰ  ਹੈ ,ਲੋਕ ਇਸ ਨੂੰ ਰੋਜ਼ ਆਟੇ ਦਾ ਪੇੜਾ ਖੁਆਉਣਾ ਬੜਾ ਪੁੰਨ ਸਮਝਦੇ ਹਨ ,ਏਨਾ ਹੀ ਨਹੀਂ ਇਸ ਦੇ ਗੋਬਰ ਦੀ ਗੋਹਟੀ ਕਰਕੇ ਚੌਂਕਾ ਪਵਿਤ੍ਰ ਕੀਤਾ ਜਾਂਦਾ ਹੈ , ਇਸ ਦਾ ਮੂਤਰ ਤੇ ਗੋਬਰ ਵੀ ਕਈ ਰੋਗਾਂ ਦੇ ਨਿਵਾਰਣ ਲਈ ਕੰਮ ਆਉਂਦਾ ਹੈ ।ਸ੍ਰੀ ਕ੍ਰਿਸ਼ਨ ਭਗਵਾਨ ਨੇ ਜਿਨ੍ਹਾਂ ਨੂੰ ਗੋਵਰਧਨ ,ਗੋਪਾਲ ,ਗੋਕਲ ,ਗੋਸਵਾਮੀ ਦੇ ਨਾਮ  ਵੀ ਯਾਦ ਕੀਤਾ ਜਾਂਦਾ ਹੈ ,ਉਨ੍ਹਾਂ ਦਾ ਗਊਆਂ ਨਾਲ ਬਹੁਤ ਪਿਆਰ ਸੀ ,ਗਊਆਂ ਉਨ੍ਹਾਂ ਦੀ ਬੰਸਰੀ ਦੀ ਧੁਨ ਸੁਣ ਕੇ ਹੀ ਉਨ੍ਹਾਂ ਪਾਸ ਆ ਜਾਇਆ ਕਰਦੀਆਂ ਸਨ ,ਇਸ ਦ੍ਰਿਸ਼ ਨੂੰ ਦਰਸਾਉਂਦੀਆਂ ਉਨ੍ਹਾਂ ਦੀਆਂ ਕਈ ਤਸਵੀਰਾਂ ਵੀ ਆਮ ਵੇਖਣ ਨੂੰ ਮਿਲਦੀਆਂ ਹਨ ।ਗਾਂ , ਗਊ ,ਗਾਂਈਂ, ਗੈਂ , ਗੌ ,ਗੋ , ਵੱਖਰੇ ਇਲਾਕਿਆਂ ਵਿਚ ਗਾਂ ਦੇ ਹੀ ਨਾਮ ਹਨ ,ਗਾਂ ਦਾ ਦੁਧ ਬੜਾ ਹੀ ਗੁਣਕਾਰੀ ਸਮਝਿਆ  ਜਾਂਦਾ ਹੈ ,ਮੱਖਣ ਤੇ ਘਿਓ ਕਈ ਦੇਸੀ ਦਵਾਈਆਂ ਵਿਚ ਵੀ ਕੰਮ ਆਉਂਦਾ ਹੈ ।ਇਸ ਨੂੰ ਕਤਲ ਕਰਨਾ ਘੋਰ ਪਾਪ ਤੇ ਜੁਰਮ ਸਮਝਿਆ ਜਾਂਦਾ ਹੈ ,ਇਸ ਤਰ੍ਹਾਂ ਸਿੱਖ ਧਰਮ ਵਿਚ  ਵੀ ਗਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ,ਗਊ ਅਤੇ ਗਰੀਬ ਦੀ ਰਖਿਆ ਕਰਨੀ ਵੱਡਾ ਉਪਕਾਰ ਸਮਝਿਆ ਜਾਂਦਾ ਹੈ ।ਇਸ ਨੂੰ ਗਊ ਮਾਤਾ ਕਹਿਕੇ ਇਸ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਗਊ , ਗਰੀਬ ਦੀ ਰਖਿੱਆ ਕਰਨੀ ਵੱਡਾ ਉਪਕਾਰ ਸਮਝਿਆ ਜਾਂਦਾ ਹੈ ।

ਅੰਗਰੇਜ਼ ਰਾਜ ਵੇਲੇ ਨਾਮ ਧਾਰੀ  ਸੰਪਰਦਾਇ ਜੋ ਸਿੱਖ ਮੱਤ ਦਾ ਹੀ ਇਕ ਹਿੱਸਾ ਹੈ  ਨੇ ਗਊਆਂ ਨੂੰ ਬੁੱਚੜਾਂ ਹਥੋਂ ਛਡਾਉਣ ਵਿਚ ਭਾਰੀ ਸਜ਼ਾਵਾਂ ਖੁਸ਼ੀ 2 ਪ੍ਰਵਾਨ ਕਰ ਲਈਆਂ ਸਨ ,ਗਾਂ ਦੇ ਜਾਏ ਬਲਦ ਹੀ ਕਿਰਸਾਣੀ ਵਿਚ ਹਲ ਅੱਗੇ ਜੁਪ ਕੇ ਫਸਲਾਂ ਬੀਜਣ ਦੇ ਕੰਮ ਵਿਚ ਸਹਾਈ ਹੁੰਦੇ ਆਏ ਹਨ ,ਗਾਂ ਘਾਹ ਤੇ ਸਾਦਾ ਖੁਰਾਕ ਖਾ ਕੇ ਮਿਠਾ ਅੰਮ੍ਰਿਤ ਵਰਗਾ ਦੁਧ ਦੇ ਕੇ ਆਦਮ ਦੀ ਜਿਣਸ ਨੂੰ ਪਾਲਦੀ ਆਈ ਹੈ ,ਬੇਸ਼ਕ ਹੋਰ ਵੀ ਕਈ ਪਸੂ ਮੱਝ ,ਬਕਰੀ , ਭੇਡ ,ਆਦ ਦਾ ਦੁਧ ਵੀ ਮਨੁੱਖ ਵਰਤਦਾ ਹੈ ਪਰ ਜੋ ਗੁਣ ਗਾਂ ਦੇ ਦੁਧ ਵਿਚ ਹਨ ਉਹ ਹੋਰ ਕਿਸੇ ਦੁਧਾਰੂ ਪਸੂ ਵਿਚ ਨਹੀਂ ਹਨ ,ਪਰ ਸਮੇਂ ਦੇ ਇਸ ਮਸ਼ੀਨੀ ਯੁਗ ਨੇ ਜਦੋਂ ਤੋਂ ਅਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਹਨ ,ਗਾਈਂ ਵਰਗੇ ਗੁਣਕਾਰੀ ਪਸੂਆਂ ਅਤੇ ਵਾਹੀ ਵਿਚ ਕੰਮ ਆਉਣ ਵਾਲੇ ਬਲਦਾਂ ਦੀ ਥਾਂ ਟ੍ਰੈਕਟਰਾਂ ਦੇ ਇਸ ਕੰਮ ਲਈ ਆ ਜਾਣ ਕਾਰਣ ਗਾਂ ਵਰਗੇ  ਪਸੂ ਅਣਗੌਲੇ ਜਾ ਰਹੇ ਹਨ ,ਪਹਿਲਾਂ ਪਿੰਡਾਂ ਵਿਚ ਹਰ ਘਰ ਵਿਚ ਦੁਧ ਲਈ ਗਾਂ ਰਖੀ ਜਾਂਦੀ ਸੀ ,ਪਰ ਪਹਿਲਾਂ ਵਰਗੀ ਗੱਲ ਨਹੀਂ ,ਕਿਤੇ 2 ਕਈ ਘਰਾਂ ਵਿਚ ਬਹੁਤ ਦੁਧ ਪ੍ਰਾਪਤ ਕਰਨ ਲਈ ਮੱਝਾਂ ਅਤੇ ਵਲਾਇਤੀ ਗਾਂਵਾਂ ਨੇ ਥਾਂ ਲੈ ਲਈ ਹੈ ,ਦੁਧ ਨੂੰ ਇਸ ਮਹਿੰਗਾਈ ਦੇ ਯੁੱਗ ਵਿਚ  ਘਰਾਂ ਦੇ ਮਾੜੇ ਮੋਟੇ ਖਰਚੇ ਲਈ

ਆਮਦਣ ਦਾ ਸਾਧਣ ਬਣਾ ਕੇ ਦੋਧੀਆਂ ਪਾਸ ਵੇਚਿਆ ਜਾਂਦਾ ਹੈ ,ਜੋ ਇਸ ਇਸ ਵਿਚੋਂ ਵੱਧ ਮੁਨਾਫਾ ਕਮਾਉਣ ਲਈ ਇਸ ਵਿਚ ਪਾਣੀ ਆਦਿ ਅਤੇ ਕਈ ਹਾਨੀ ਕਾਰਕ  ਤਰੀਕਆਂ ਨਾਲ ਨਕਲੀ ਜਾਂ ਨਿਰਾ ਪਾਣੀ ਦੁਧ ਵਿਚ ਮਿਲਾ ਕੇ ਸ਼ਰੇ ਆਮ ਵੇਚ ਕੇ ਆਮ ਲੋਕਾਂ ਦੀ ਜੜ੍ਹੀਂ ਬਹਿ ਰਹੇ ਹਨ ,ਗਾਂ ਜਿਸ ਨੂੰ ਮਾਂ ਕਹਿਕੇ ਉਸ ਦੀ ਸੇਵਾ ਕੀਤੀ ਜਾਂਦੀ ਸੀ ,ਉਹ ਸੇਵਾ ਹੁਨ ਐਵੇਂ ਖੋਖਲੀ ਜੇਹੀ ਬਣ ਕੇ ਰਹਿ ਗਈ ਹੈ ,ਹੁਣ ਤਾਂ ਗੁੱਜਰਾਂ ਦੀਆਂ ਮੱਝਾਂ ਦੇ ਦੁਧ ਬਿਨਾਂ ਲੋਕਾਂ ਦਾ ਗੁਜ਼ਾਰਾ ਨਹੀਂ ,ਗਊ ਮਾਤਾ ਦੀ ਤਾਂ ਨਸਲ ਖਤਮ ਹੋਣ ਨੂੰ ਫਿਰਦੀ ਹੈ ,ਗਾਂ ਦੇ ਦੁਧ ਨੂੰ ਲੋਕ ਪਤਲਾ ਸਮਝ ਕੇ ਇਸ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ ,ਇਹ ਕਹਿਕੇ ਸਫਾਈ ਦੇਂਦੇ ਹਨ ਕਿ ਗਾਂ ਦੇ ਦੁਧ ਦੀ ਚਾਹ ਗਾੜ੍ਹੀ ਨਹੀ ਬਣਦੀ ,ਸਿਰਫ ਇਸ ਦੋਸ਼ ਵਿਚ ਹੀ ਗਾਂ ਵਿਚਾਰੀ ਦੀ ਨਸਲ ਕੁਸ਼ੀ ਹੋਣ ਨੂੰ ਫਿਰਦੀ ਹੈ ਅਤੇ ਇਸ ਦੀ ਪੁਰਾਤਣ ਮਹੱਤਤਾ ਅਤੇ ਇਸ ਦੇ ਦੁੱਧ ਦੇ ਗੁਣਾਂ ਨੂੰ ਵੀ ਅਖੋਂ ਪਰੋਖਿਆ ਜਾ ਕੇ ਅਜੋਕਾ ਮਨੁੱਖ ਇਸ ਦੀ ਘਾਟ ਕਾਰਣ ਅਨੇਕਾਂ ਬੀਮਾਰੀਆਂ ਦੀ ਮਾਰ ਹੇਠ ਆ ਰਿਹਾ ਹੈ ,ਗਊ ਨੂੰ ਮਾਂ ਕਹਿਣ ਵਾਲਾ ਮਨੁਖ ਅੱਜ ਇਸ ਦੀ ਕਿੰਨੀ ਸੇਵਾ ਕਰ ਰਿਹਾ ਹੈ ,ਆਓ ਜ਼ਰਾ ਅਪਣੇ ਅੰਦਰ ਝਾਕੀਏ ।

ਵਲਾਇਤੀ ਗਾਂਵਾਂ ਅਤੇ ਮੱਝਾਂ ਬੇਸ਼ਕ ਦੇਸੀ ਗਾਂ ਨਾਲੋਂ ਦੁਧ ਜ਼ਿਆਦਾ ਦੇਂਦੀਆਂ ਹਨ ਪਰ ਇਨ੍ਹਾਂ ਦੀ ਕੀਮਤ ਅਤੇ ਖੁਰਾਕ ਵੀ ਦੇਸੀ ਗਾਂ ਨਾਲੋਂ ਕਿਤੇ ਵੱਧ ਹੁੰਦੀ ਹੈ ,ਜਦੋਂ ਕਿ ਦੇਸੀ ਗਾਂ ਥੋੜ੍ਹੀ ਖੁਰਾਕ ਘਾਹ ਆਦਿ ਖਾ ਕੈ ਮਾੜੇ ਮੋਟੇ ਟੱਬਰ ਦਾ ਗੁਜ਼ਾਰਾ ਕਰਦੀ ਹੈ ,ਪਰ ਜਦ ਇਹ ਦੁਧ ਦੇਣੋਂ ਪੱਠੇ ਦੱਥੇ ਦੀ ਘਾਟ ਕਰਕੇ ,ਜਾਂ ਉਸ ਦੀ ਸੇਹਤ ਠੀਕ ਨਾ ਹੋਣ ਕਰਕੇ ਦੁਧ ਦੇਣ ਤੋਂ ਜ਼ਰਾ ਅੱਗਾ ਪਿਛਾ ਕਰਦੀ ਹੈ ਤਾਂ ਜੋ ਹਾਲ ਇਸ ਗਾਂ ਨੂੰ ਮਾਂ ਕਹਿਣ ਵਾਲੇ ਲੋਕ ਇਸ ਦਾ ਕਰਦੇ ਹਨ ,ਉਹ ਵੀ ਕਿਸੇ ਤੋਂ ਗੁੱਝਾ ਨਹੀਂ ਤੇ ਦੁੱਧ ਦੇਣੋਂ ਜਾਂ ਸੂਆ ਟੁੱਟ ਜਾਣ ਕਾਰਣ ਜੋ ਹਾਲ ਇਸ ਗਾ ਮਾਂ ਦਾ ਹੁੰਦਾ ਹੈ ਉਹ ਵੀ ਤੁਸੀਂ ਵੇਖਿਆ ਹੀ ਹੋਵੇਗਾ ,ਉਸ ਨੂੰ ਫੰਡਰ ਕਹਿਕੇ ਉਸ ਰਜਵਾਂ ਭੋਜਣ ਦੇਣਾ ਲਗ ਪਗ ਬੰਦ ਹੀ ਕਰ ਦਿਤਾ ਜਾਂਦਾ ਹੈ , ਏਨਾ ਹੀ ਇਸ ਵਿਚਾਰੀ ਗਾਂ ਮਾਂ ਨੂੰ ਉਸ ਦੀ ਪਿਛਲੀ ਸੇਵਾ ਨੂੰ ਭੁੱਲ ਕੇ ਬੁਚੜਾਂ ਹੱਥ ਨਾਮ ਮਾਤ੍ਰ ਰਕਮ ਬਦਲੇ ਵੇਚ ਦਿਤਾ ਜਾਂਦਾ ਹੈ ,ਇਹੋ ਹੀ ਹਾਲ ਉਸ ਦੇ ਜਾਇਆਂ ਨਾਲ ਵੀ ਹੁੰਦਾ ਹੈ ,ਜਾਂ ਫਿਰ ਉਨ੍ਹਾਂ ਨੂੰ ਗੰਦੇ ਮੰਦੇ ਥਾਂਵਾਂ ਤੇ ਢਿਡ ਭਰਨ ਲਈ ਛੱਡ ਦਿਤਾ ਜਾਂਦਾ ਹੈ ,ਸ਼ਹਿਰਾਂ ਥਾਂਵਾਂ ਵਿਚ ਗੰਦ ਮੰਦ ਖਾ ਕੇ ,ਜਾਂ ਫਿਰ ਸਬਜ਼ੀ ਮੰਡੀਆਂ ਵਿਚ ਖੁਲ੍ਹੀ ਛੱਡੀ ਗਊ ਮਾਤਾ ਜਦ ਕਿਸੇ ਸਬਜ਼ੀ ਵਾਲੇ ਦੀ ਸਬਜ਼ੀ ਦਾ ਜਦ ਬੁਰਕ ਅਪਣੀ ਭੁੱਖ ਮਿਟਾਉਣ ਲਈ ਭਰਦੀ ਹੈ ਤਾਂ ਕਈ ਗੰਦੀਆਂ ਮੰਦੀਆਂ ਗਾਲ੍ਹਾਂ ਅਤੇ ਮਾਰ ਕੁਟਾਈ ਜੋ ਗਾਂ ਨਾਲ ਹੁੰਦੀ ਹੈ ਜਿਸ ਨੂੰ ਅਸੀਂ ਮਾਂ ਕਹਿਕੇ ਸਤਿਕਾਰ ਕਰਨ ਦਾ ਭਰਮ ਪਾਲਦੇ ਹਾਂ ,ਇਹ  ਵੀ ਤੁਸੀਂ ਕਦੇ ਦੇਖਿਆ ਹੀ ਹੋਵੇ ਗਾ । ਇਹ ਕਸੂਰ ਕਿਸ ਦਾ ਹੈ ਇਸ ਬਾਰੇ ਵੀ ਸੋਚਣ ਦੀ ਲੋੜ ਪੈਦਾ ਹੁੰਦੀ ਹੈ ।ਆਦਮੀ ਕਿੰਨਾ ਖੁਦ ਗਰਜ਼ ਹੈ ,ਉਹ ਅਪਣੀ ਖੁਦਗਰਜ਼ੀ ਪਿਛੇ ਇਸ ਮਾਂ ਕਹਿਣ ਵਾਲੇ ਬੇਜ਼ੁਬਾਨ ਜਾਨਵਰ ਨਾਲ ਜੋ ਮਰਕੇ ਵੀ ਮਨੁੱਖ ਦੇ ਕੰਮ ਆਉਂਦਾ ਹੈ , ਨਾਲ ਜੋ ਏਨੀ ਨਾ ਇਨਸਾਫੀ ਤੇ ਬੇ ਰਹਿਮੀ ਕਰਦਾ  ਇਹ ਇਸ  ਦੀ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ ।

ਗਾਂ ਹੁੰਦੀ ਹੈ ਮਾਂ ਵੇ ਦੁਨੀਆ ਵਾਲਿਓ
ਗਾਂ ਹੈ ਦੂਜੀ ਮਾਂ ਵੇ ਦੁਨੀਆ ਵਾਲਿਓ ।
ਇਸ ਦੀ ਸੇਵਾ ਦਾ ਮੁਲ ਪਾਓ,
ਇਹ ਗੱਲ ਕਦੇ ਨਾ ਮਨੋਂ ਭੁਲਾਓ ,
ਰਖ ਕੇ ਚੰਗੀ ਥਾਂ , ਵੇ ਦੁਨੀਆ ਵਾਲਿਓ
ਇਸ ਦੇ ਜਾਇਆਂ ਹੱਲ ਚਲਾਏ ,
ਸਾਡੀ ਕੋਠੀ ਦਾਣੇ ਪਾਏ ,
ਵੱਸੇ ਪਿੰਡ ਗਿਰਾਂ ਵੇ ਦੁਨੀਆ ਵਾਲਿਓ ।
ਗਾਂ ਦਾ ਦੁੱਧ ਹੈ ਮਾਂ ਬ੍ਰਾਬਰ,
ਇਸ ਨੂੰ ਦੇਵੋ ਥਾਂ ਬ੍ਰਾਬਰ ,
ਦੇਵੋ ਠੰਡੀ ਛਾਂ ਵੇ ਦੁਨੀਆ ਵਾਲਓ
ਗਾਂ ਰੁਲ ਗਈ ਤਾਂ ਮਾਂ ਰੁਲ ਗਈ ,
ਬਿਨ ਸੇਵਾ ਜੇ  ਗਾਂ ਰੁਲ ਗਈ ,

ਕਾਹਦਾ ਰੱਬ ਦਾ ਨਾਂ ਵੇ ਦੁਨੀਆ ਵਾਲਿਓ ,
ਗਾਂ ਨੂੰ ਕਹਿੰਦੇ ਮਾਂ ਵੇਦੁਨੀਆ ਵਾਲਿਓ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>