ਆਰਟ ਗੈਲਰੀ ਚਿੱਤਰਕਾਰ ਸੋਭਾ ਸਿੰਘ

ਫਿਰਕੂ ਅਧਾਰ ‘ਤੇ ਹੋਈ ਦੇਸ਼-ਵੰਡ ਦੇ ਕਾਲੇ ਦਿਨਾਂ ਦੌਰਾਨ ਚਿੱਤਰਕਾਰ ਸੋਭਾ ਸਿੰਘ ਲਹੌਰ ਤੋਂ ਅੰਦਰੇਟਾ ਜ਼ਿਲਾ ਕਾਂਗੜਾ, ਜੋ ਉਸ ਸਮੇਂ ਪੰਜਾਬ ਦਾ ਹੀ ਇਕ ਹਿੱਸਾ ਸੀ, ਆਏ। ਇਹ ਖੂਬਸੂਰਤ ਇਲਾਕਾ ਉਨ੍ਹਾਂ ਨੇ 1942 ਵਿਚ ਇਕ ਵਾਰੀ ਪ੍ਰੀਤ ਨਗਰ ਤੋਂ ਆ ਕੇ  ਦੇਖਿਆ ਸੀ ਅਤੇ ਕਾਦਰ ਦੀ ਕੁਦਰਤ ਦੇ ਸੁਹਪਣ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਸਨ। ਹੁਣ ਤਾਂ ਉਹ ਮਜਬੂਰ ਹੋਕੇ ਆਪਣਾ ਆਰਟ ਸਟੁਡੀਓ ਤੇ 300 ਦੇ ਕਰੀਬ ਚਿੱਤਰ, ਜਿਨ੍ਹਾਂ ਵਿਚ 60 ਦੇ ਕਰੀਬ ਆਇਲ ਪੇਂਟਿੰਗ ਸਨ, ਲਹੌਰ ਛੱਡ ਕੇ ਇਥੇ ਆਏ ਸਨ। ਬੇਸ਼ਕ ਹਾਲਾਤ ਸੁਖਾਵੇਂ ਨਹੀਂ ਸਨ, ਉਨ੍ਹਾਂ ਅੰਦਰੇਟਾ ਵਿਖੇ ਆਪਣੀ ਸਾਦਗੀ, ਸਨਿਮਰ ਤੇ ਮਿਲਾਪੜੇ ਸੁਭਾਉ ਅਤੇ ਮਿਹਨਤ ਨਾਲ ਆਪਣਾ ਸਥਾਨ ਬਣਾਇਆ। ਸਭ ਤੋਂ ਪਹਿਲਾਂ ਇਥੇ ਥੋੜੀ ਜਿਹੀ ਜ਼ਮੀਨ ਖਰੀਦ ਕੇ ਆਪਣਾ ਕੱਚਾ ਘਰ ਤੇ ਆਰਟ ਸਟੁਡੀਓ ਬਣਾਇਆ ਅਤੇ ਸਮੇਂ ਦੇ ਨਾਲ ਨਾਲ ਆਪਣੀ ਕਮਾਈ ਚੋਂ ਬਚਤ ਨਾਲ ਹੋਰ ਤਸਵੀਰਾਂ ਲਗਾਉਣ ਲਈ ਇਸ ਵਿਚ ਵਾਧਾ ਤੇ ਪੱਕਾ ਕਰਦੇ ਗਏ। ਹੌਲੀ ਹੌਲੀ ਕਲਾ ਪ੍ਰੇਮੀ ਤੇ ਹੋਰ ਦਰਸ਼ਕ ਆਰਟ ਗੈਲਰੀ ਵੇਖਣ ਤੇ ਚਿੱਤਰਕਾਰ ਨੂੰ ਮਿਲਣ ਲਈ ਆਉਣ ਲਗੇ। ਡਾ. ਮਹਿੰਦਰ ਸਿੰਘ ਰੰਧਾਵਾ, ਜੋ ਲਹੌਰ ਵਿਖੇ ਅਪਣੀ ਪੜ੍ਹਾਈ ਦੇ ਸਮੇਂ ਤੋਂ ਇਸ ਚਿੱਤਰਕਾਰ ਦੇ ਦੋਸਤ ਤੇ ਪ੍ਰਸੰਸਕ ਸਨ  ਅਤੇ ਜ਼ਿਲਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਲਗੇ ਹੋਏ ਸਨ, ਨੇ ਉਨ੍ਹਾਂ ਦੇ ਚਿੱਤਰਾਂ ਦੀਆਂ ਕਈ ਨੁਮਇਸ਼ਾਂ ਦਾ ਪ੍ਰਬੰਧ ਕੀਤਾ ਜਿਥੇ ਕਈ ਚਿੱਤਰ ਵਿਕੇ ਅਤੇ ਪੈਸੇ ਹੱਥ ਆਏ।ਫਿਰ ਜਦੋਂ ਡਾ. ਰੰਧਾਵਾ ਡੀਵੈਲਪਮੈਂਟ ਕਮਿਸ਼ਨਰ ਬਣੇ, ਤਾਂ ਉਨ੍ਹਾਂ ਅੰਦਰੇਟਾ ਵਿਖੇ ਬੀ.ਡੀ.ਓ. ਦਾ ਦਫਤਰ ਖੋਲ੍ਹ ਦਿਤਾ ਜਿਸ ਨਾਲ ਪਿੰਡ ਵਿਚ ਰੌਣਕ ਵੱਧਣ ਲਗੀ (ਇਹ ਦਫਤਰ ਹੁਣ ਲਾਗਲੇ ਪਿੰਡ ਪੰਚਰੁਖੀ ਸ਼ਿਫਟ ਹੋ ਗਿਆ ਹੈ)। ਉਸ ਸਮੇਂ ਪਾਲਮਪੁਰ ਤੋਂ ਅੰਦਰੇਟੇ ਜਾਣ ਕੱਚੀ ਸੜਕ ਹੁੰਦੀ ਸੀ। ਪੰਜਾਬ ਦੇ ਤਤਕਾਲੀ ਮੁਖ ਮੰਤਰੀ ਸ. ਪਰਤਾਪ ਸਿੰਘ ਕੈਰੋਂ 1962 ਵਿਚ ਚਿੱਤਰਕਾਰ ਨੂੰ ਮਿਲਣ ਆਏ ਤਾਂ ਆਰਟ ਗੈਲਰੀ ਦੇ ਸਾਹਮਣ 200 ਕੁ ਗਜ਼ ਦਾ ਟੋਟਾ ਪੱਕਾ ਕਰਵਾ ਦਿਤਾ ਤਾਂ ਜੋ ਧੂੜ ਉਡ ਕੇ ਤਸਵੀਰਾਂ ਉਤੇ ਨਾ ਪਏ। ਇਸੇ ਤਰ੍ਹਾਂ ਰੇਲਵੇ ਬੋਰਡ ਦੇ ਤਤਕਾਲੀ ਚੇਅਰਮੈਨ  ਸ. ਕਰਨੈਲ ਸਿੰਘ ਵਲੋਂ ਪਠਾਨਕੋਟ-ਬੈਜਨਾਥ ਰੇਲਵੇ ਲਾਈਨ ਉਤੇ ਪੰਚਰੁਖੀ ਸਟੇਸ਼ਨ ਬਣਾਏ ਜਾਣ ਉਪਰੰਤ ਲਾਗਲੇ ਪਿੰਡ ਅੰਦਰੇਟੇ ਆਉਣਾ ਜਾਣਾ ਸੌਖਾ ਹੋ ਗਿਆ।

ਦੇਸ਼-ਵੰਡ ਤੋਂ ਪਹਿਲਾਂ ਚਿੱਤਰਕਾਰ ਦੇ ਚਿੱਤਰ ਤੇ ਡੀਜ਼ਾਈਨ ਸ. ਗੁਰਬਖ਼ਸ਼ ਸਿੰਘ ਦੇ ਮਾਸਿਕ ਪੱਤਰ ਪ੍ਰੀਤ ਲੜੀ ਅਤੇ ਨਾਵਲਿਸਟ ਸ. ਨਾਨਕ ਸਿੰਘ ਦੇ ਮਾਸਿਕ ਪੱਤਰ ‘ਲੋਕ ਸਾਹਿਤ’ ਦੇ ਟਾੲਠਲ ਪੇਜ ਉਤੇ ਛਪਦੇ ਰਹੇ ਸਨ, ਜਿਸ ਕਾਰਨ ਚਿੱਤਰਕਾਰ ਦੀ ਆਮ ਪੰਜਾਬੀਆ ਵਿਚ ਇਕ ਪਛਾਣ ਬਣ ਚੁਕੀ ਸੀ। ਜੰਮੂ ਕਸ਼ਮੀਰ ਦੇ ਮਹਾਰਾਜਾ ਡਾ. ਕਰਨ ਸਿੰਘ ਨੇ 1952 ਵਿਚ ਸੋਹਣੀ ਮਹੀਵਾਲ ਦਾ ਚਿੱਤਰ ਖਰੀਦਿਆ, ਇਸ ਦੇ ਪ੍ਰਿੰਟ ਛਪ ਕੇ ਫੌਜੀ ਮੈਸਾਂ ਤੇ ਪੰਜਾਬੀਆਂ ਦੇ ਘਰਾਂ ਵਿਚ ਲਗਣ ਲਗੇ ਤਾਂ ਚਿੱਤਰਕਾਰ ਦੀ ਮਸ਼ਹੂਰੀ ਬਹੁਤ ਵੱਧ ਗਈ। ਡਾ. ਕਰਨ ਸਿੰਘ ਅਕਸਰ ਅੰਦਰੇਟੇ ਆਉਂਦੇ ਰਹਿੰਦੇ ਸਨ, ਉਹ ਅਕਸਰ ਕਲਾਕਾਰ ਨਾਲ ਧਰਮ ਤੇ ਫਿਲਾਸਫੀ ਬਾਰੇ ਵਿਚਰ ਵਿਟਾਂਦਰਾ ਕਰਦੇ। ਦੋਨਾਂ ਦੇ ਬਹੁਤ ਹੀ ਨਿੱਘੇ ਸਬੰਧ ਬਣ ਗਏ। ਡਾ. ਸਿੰਘ ਨੇ ਆਪਣੇ ਸ਼ਾਹੀ ਖਾਨਦਾਨ ਦੇ ਕਈ ਮੈਂਬਰਾ ਦੇ ਚਿੱਤਰ ਵੀ ਬਣਵਾਏ ਜੋ ਇਸ ਸਮੇਂ ਅਮਰ ਮਹਿਲ ਮਿਊਜ਼ੀਅਮ ਜੰਮੂ ਵਿਚ ਲਗੇ ਹੋਏ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 500-ਸਾਲਾ ਪ੍ਰਕਾਸ਼ ਪੁਰਬ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਜੀ ਦਾ ਜੋ ਚਿੱਤਰ (ਸੱਜੇ ਹੱਥ ਨਾਲ ਅਸ਼ੀਰਵਾਦ ਦਿੰਦੇ ਹੋਏ) ਛਪਵਾਇਆ) ਉਹ ਪੰਜਾਬੀਆਂ ਤੇ ਸਿੱਖ ਪਰਿਵਾਰਾਂ ਵਿਚ ਬਹੁਤ ਹੀ ਮਕਬੂਲ ਹੋਇਆ, ਹੁਣ ਵੀ ਆਮ ਘਰਾ ਵਿਚ ਦੇਖਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1974 ਵਿਚ ਚਿੱਤਰਕਾਰ ਨੂੰ ਫੈਲੋਸ਼ਿਪ ਦਿਤੀ।ਚਿੱਤਰਕਾਰ ਨੇ ਯੂਨੀਵਰਸਿਟੀ ਨੂੰ ਆਪਣੇ ਸਮਕਾਲੀ ਪੰਜਾਬੀ ਲੇਖਕਾਂ ਦੇ ਪੋਟਰੇਟ ਬਣਾ ਕੇ ਦਿਤੇ। ਇਸ ਤੋਂ ਬਿਨਾ ਕਈ ਫੌਜੀ ਰੈਜਮੈਂਟਾਂ ਤੇ ਜਨਰਲ ਕਰਿਆਂਪਾ ਸਮੇਤ ਕਈ ਫੌਜੀ ਜਰਨੈਲ਼ਾਂ ਦੇ ਚਿਤਰ ਵੀ ਬਣਾਏ।

ਚਿੱਤਰਕਾਰ ਨੂੰ ਸਾਲ 1972 ਵਿਚ  ਅੱਧਰੰਗ ਦਾ ਹਲਕਾ ਝਟਕਾ ਲਗਾ, ਇਲਾਜ ਚਲ ਰਿਹਾ ਸੀ।ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਗਵਰਨਰ ਡਾ. ਡੀ.ਸੀ. ਪਾਵਟੇ ਤੇ ਫਿਰ ਐਮ.ਐਮ. ਚੌਧਰੀ ਅੰਦਰੇਟਾ ਉਨ੍ਹਾਂ ਨੂੰ ਮਿਲਣ ਆਏ।ਉਨ੍ਹਾਂ ਸਲਾਹ ਦਿਤੀ ਕਿ ਪੰਜਾਬ ਆ ਜਾਓ, ਸਾਡੀ  ਸਰਕਾਰ ਸਿਹਤ ਸਮੇਤ ਸਭ ਸਹੂਲਤਾਂ ਪ੍ਰਦਾਨ ਕਰ ਸਕੇਗੀ। ਇਸ ਮੰਤਵ ਲਈ ਚੰਡੀਗੜ੍ਹ ਤੇ ਛਤਬੀੜ ਦੇ ਵਿਚਕਾਰ ਇਕ ਰਮਣੀਕ ਥਾਂ ਪਸੰਦ ਕੀਤੀ ਗਈ, ਪਰ ਸਰਕਾਰ ਦੀਆਂ ਕਈ ਸ਼ਰਤਾਂ ਕਾਰਨ ਗਲਬਾਤ ਸਿਰੇ ਨਾ ਚੜ੍ਹ ਸਕੀ।

ਚਿੱਤਰਕਾਰ ਭਾਵੇਂ ਸ਼ਹਿਰੀ ਜ਼ਿੰਦਗੀ ਤੇ ਮੀਡੀਆ ਤੋਂ ਦੂਰ ਇਕ ਛਟੇ ਜਿਹੇ ਪਹਾੜੀ ਪਿੰਡ ਵਿਚ ਰਹੇ, ਫਿਰ ਵੀ ਉਨ੍ਹਾਂ ਨੂੰ ਬਹੁਤ ਸ਼ੁਹਰਤ, ਮਾਣ ਸਤਿਕਾਰ ਤੇ ਸਨਮਾਨ ਮਿਲੇ। ਗਿ. ਜ਼ੈਲ ਸਿੰਘ ਦੀ ਪੰਜਾਬ ਸਰਕਾਰ ਨੇ ‘ਸਟੇਟ ਆਰਟਿਸਟ’ ਦੀ ਉਪਾਧੀ ਨਾਲ ਤੇ  ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਅਤੇ ਪੰਜਾਬੀ ਯੂਨੀਰਸਿਟੀ ਪਟਿਆਲਾ ਨੇ ਡੀ.ਲਿਟ. ਦੀ ਆਨਰੇਰੀ ਡਿਗਰੀ ਨਾਲ। ਭਾਰਤ ਸਰਕਾਰ ਦੇ ਫਿਲਮ ਡਵੀਜ਼ਨ, ਬੀ.ਬੀ.ਸੀ. (ਲੰਡਨ) ਅਤੇ ਦੂਰਦਰਸ਼ਨ ਜਾਲੰਧਰ ਨੇ ਉਨ੍ਹਾ ਦੇ ਜੀਵਨ ਤੇ ਕਲਾ ਬਾਰੇ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ।

ਪੰਜਾਬ ਤੇ ਹਿਮਾਚਲ ਦੇ ਮੁਖ ਮੰਤਰੀ, ਰਾਜਪਾਲ, ਕਈ ਕੇਂਦਰੀ ਮੰਤਰੀ, ਰਾਜਦੂਤ ਤੇ ਬਹੁਤ ਉਚੇ ਅਹੁਦਿਆਂ ਉਤੇ ਤੈਨਾਤ ਅਫਸਰ ਅਤੇ ਵਿਦੇਸ਼ ਤੋਂ ਕਲਾ ਪ੍ਰੇਮੀ ਆਰਟ-ਗੈਲਰੀ ਦੇਖਣ ਅਤੇ ਚਿੱਤਰਕਾਰ ਨਾਲ ਵਿਚਾਰ ਵਿਟਾਂਦਰਾ ਕਰਨ ਲਈ ਆਉਂਦੇ ਰਹੇ।

ਅਗੱਸਤ 1986 ਵਿਚ ਚਿੱਤਰਕਾਰ, ਜੋ ਮੇਰੇ ਨਾਨਾ ਜੀ ਸਨ, ਦੇ ਅਕਾਲ ਚਲਾਣੇ ਤੋਂ ਬਾਅਦ ਸਾਡੇ ਪਰਿਵਾਰ ਨੇ ਗੈਲਰੀ ਦਾ ਨਾਂਅ “ਸ. ਸੋਭਾ ਸਿੰਘ ਆਰਟ ਗੈਲਰੀ” ਰਖ ਦਿਤਾ। ਉਨ੍ਹਾਂ ਦੇ ਬਣਾਏ ਚਿੱਤਰਾਂ ਦੇ ਛਪੇ ਹੋਏ ਪ੍ਰਿੰਟਾ (ਕਾਪੀਆਂ) ਦੀ ਵਿੱਕਰੀ ਨਾਲ ਇਸ ਗੈਲਰੀ ਦੀ ਦੇਖ ਭਾਲ ਕੀਤੀ ਜਾ ਰਹੀ ਸੀ, ਪਰ ਹੁਣ ਦਿੱਲੀ ਤੇ ਪੰਜਾਬ ਵਿਚ ਪਾਇਰੇਸੀ ਕਾਰਨ ਡੁਪਲੀਕੇਟ ਤਸਵੀਰਾਂ ਵਿੱਕਣ ਲਗੀਆ ਹਨ, ਇਹ ਆਮਦਨ ਵੀ ਬੰਦ ਹੋ ਚਲੀ ਹੈ। ਮੇਰੀ ਤਨਖਾਹ ਦਾ ਇਕ ਹਿੱਸਾ ਗੈਲਰੀ ਦੀ ਦੇਖ ਭਾਲ ਲਈ ਲਗ ਰਿਹਾ ਹੈ।ਮੈਨੂੰ ਆਸ ਹੈ ਕਿ ਮੇਰਾ ਪੁਤਰ ਨਵਰਤਨ ਸਿੰਘ, ਜਿਸ ਨੂੰ ਆਰਟ ਗੈਲਰੀ ਨਾਲ ਅਥਾਹ ਲਗਾਓ ਹੈ, ਵੀ ਇਸ ਦੀ ਦੇਖ ਭਾਲ ਸੁਚੱਜੇ ਢੰਗ ਨਾਲ ਕਰੇਗਾ।

ਸਾਡੇ ਪਰਿਵਾਰ ਨੇ ਗੈਲਰੀ ਉਪਰਲੇ ਰਿਹਾਇਸ਼ੀ ਕਮਰੇ ਖਾਲੀ ਕਰਕੇ ਚਿੱਤਰਕਾਰ ਦੇ ਜੀਵਨ ਨਾਲ ਸਬੰਧਤ ਲਗਭਗ 100 ਫੋਟੋਆਂ, ਉਨ੍ਹਾਂ ਵਲੋਂ ਤਰਾਸ਼ੇ ਕਈ ਬੁੱਤ, ਉਨ੍ਹਾਂ ਦੀਆਂ 200 ਦੇ ਕਰੀਬ ਪੁਸਤਕਾਂ, ਰੰਗ ਬੁਰਸ਼ , ਉਨ੍ਹਾਂ ਦੇ ਬਸਤਰ ਤੇ ਐਨਕਾਂ ਆਦਿ, ਅਤੇ ਹੋਰ ਵਸਤੂਆਂ ਪ੍ਰਦਰਸ਼ਤ ਕਰਕੇ “ਸ.ਸੋਭਾ ਸਿੰਘ ਮਿਊਜ਼ੀਅਮ” ਸਥਾਪਤ ਕੀਤਾ ਹੈ, ਜਿਸ ਦਾ ਉਦਘਾਟਨ ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੁਮਲ ਨੇ ਇਸ ਸਾਲ 21 ਮਾਰਚ ਨੂੰ ਕੀਤਾ ਹੈ। ਪਰਿਵਾਰ ਵਲੋਂ ਗੈਲਰੀ ਦਾ ਵਿਸਤਾਰ ਕਰਨ ਦੀ ਯੋਜਨਾ ਹੈ, ਜਿਸ ‘ਤੇ ਲਗਭਗ 30 ਲੱਖ ਰੁਪਏ ਦੀ ਲਾਗਤ ਆਏਗੀ। ਹਿਮਾਚਲ ਸਰਕਾਰ ਨੇ  ਗੈਲਰੀ ਦੇ ਵਿਸਤਾਰ ਲਈ ਕੋਈ ਗਰਾਂਟ ਦੇਣ ਤੋਂ ਅਸਮਰਥਾ ਪ੍ਰਗਟਾਈ ਹੈ ਤੇ ਸਲਾਹ ਦਿਤੀ ਹੈ ਕਿ ਭਾਰਤ ਸਰਕਾਰ ਪਾਸ ਪਹੁੰਚ ਕੀਤੀ ਜਾਏ। ਚਿੱਤਰਕਾਰ ਦੇ ਬੁਰਸ ਤੋਂ ਬਣੇ ਚਿੱਤਰ ਸਾਡੇ ਦੇਸ਼ ਤੇ ਕੌਮ ਦਾ ਅਨਮੋਲ ਸਰਮਾਇਆ ਹਨ, ਅਸੀਂ ਜੀ ਜਾਨ ਨਾਲ ਇਨ੍ਹਾਂ ਦੀ ਦੇਖ ਭਾਲ ਕਰਾਂਗੇ।ਅਸੀਂ ਆਪਣੇ ਸਾਧਨਾਂ, ਦੋਸਤਾ ਮਿਤਰਾਂ ਤੇ ਕਲਾ ਪ੍ਰੇਮੀਆਂ ਦੇ ਸਹਿਯੋਗ ਨਾਲ ਆਰਟ ਗੈਲਰੀ ਦਾ ਵਿਸਤਾਰ ਕਰਨ ਦਾ ਵੀ ਭਰਪੂਰ ਯਤਨ ਕਰਾਂਗੇ।

ਕੌਮੀ ਘਟ ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਸ. ਤਰਲੋਚਨ ਸਿੰਘ ਦੇ ਯਤਨਾਂ ਸਦਕਾ ਹਿਮਾਚਲ ਸਰਕਾਰ ਨੇ ਸਾਲ 2001 ਵਿਚ ਚਿਤਰਕਾਰ ਦੀ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ ਸੀ, ਪਠਾਨਕੋਟ-ਮੰਡੀ ਮੁਖ ਸੜਕ ਦੇ ਮੋੜ ‘ਕਾਲੂ ਦੀ ਹੱਟੀ (ਪਾਲਮਪੁਰ) ਤੋਂ ਅੰਦਰੇਟਾ ਤਕ ਵਾਲੀ ਸੜਕ ਦਾ ਨਾਂਅ ‘ਸ.ਸੋਭਾ ਸਿੰਘ ਮਾਰਗ” ਰਖਿਆ ਅਤੇ ਅੰਦਰੇਟਾ ਵਿਖੇ ਸਰਕਾਰੀ ਹਾਈ ਸਕੂਲ ਦਾ ਨਾਂਅ ਵੀ ਉਨ੍ਹਾਂ ਦੇ ਨਾਂਅ ‘ਤੇ ਰਖਿਆ ਗਿਆ ਹੈ। ਹਿਮਾਚਲ ਸਰਕਾਰ ਨੇ ਉਸ ਸਮੇਂ ਕਿਸੇ ਪ੍ਰਮੁਖ ਚਿੱਤਰਕਾਰ ਨੂੰ ਹਰ ਸਾਲ ਦੇਣ ਵਾਸਤੇ “ਸ.ਸੋਭਾ ਸਿੰਘ ਪੁਰਸਕਾਰ” ਸਥਾਪਤ ਕੀਤਾ ਸੀ, ਜੋ ਅਗਲੇ ਹੀ ਵਰ੍ਹੇ ਸਤਾ ਵਿਚ ਆਈ ਸ੍ਰੀ ਵਰਿਭਦਰ ਸਿੰਘ ਸਰਕਾਰ ਨੇ ਬੰਦ ਕਰ ਦਿਤਾ ਸੀ। ਪ੍ਰੋ. ਧੂਮਲ ਨੇ ਦੋਬਾਰਾ ਸੱਤਾ ਵਿਚ ਆਕੇ ਸਾਲ 2009 ਵਿਚ ਫਿਰ ਇਹ ਸਨਮਾਨ ਬਹਾਲ ਕਰ ਦਿਤਾ ਸੀ, ਪਰ ਹਿਮਾਚਲ  ਵਿਚ ਕਈ ਅਫਸਰ ਚਿੱਤਰਕਾਰ ਸੋਭਾ ਸਿੰਘ ਨੂੰ ਇਕ “ਪੰਜਾਬੀ” ਜਾਂ “ਸਿੱਖ” ਹੀ ਸਮਝਦੇ ਹਨ, ਇਸ ਲਈ ਅਕਸਰ ਕੋਈ ਨਾ ਕੋਈ ਅਡਿੱਕਾ ਡਾਹੁੰਦੇ ਰਹਿੰਦੇ ਹਨ, ਅਗਲੇ ਹੀ ਸਾਲ ਇਹ ਪੁਰਸਕਾਰ ਫਿਰ ਬੰਦ ਕਰ ਦਿਤਾ ਗਿਆ। ਦਰਸ਼ਕਾਂ ਲਈ ਆਰਟ ਗੈਲਰੀ ਦੇਖਣ ਦੀ ਕੋਈ ਟਿਕਟ ਜਾਂ ਫੀਸ ਨਹੀਂ, ਹਿਮਾਚਲ ਬਿੱਜਲੀ ਬੋਰਡ ਵਲੋਂ ਗੈਲਰੀ ਲਈ ਬਿੱਜਲੀ ਕੁਨੈਕਸ਼ਨ ਦੇ ਬਿਲ ਕਮਰਸ਼ਲ ਦਰਾਂ ‘ਤੇ ਲਏ ਜਾਂਦੇ ਹਨ।(ਗੈਲਰੀ ਹਰੋਜ਼ ਸਵੇਰੇ 10 ਵਜੇ ਤੋਂ ਸਾਮੀ ਪੰਜ ਵਜੇ ਤਕ ਖੁਲ੍ਹੀ ਰਹਿੰਦੀ ਹੈ, ਦੁਪੋਹਰ ਦੇ ਖਾਣ ਲਈ ਇਕ ਤੋਂ ਦੋ ਵਜੇ ਤਕ ਬੰਦ ਰਖੀ ਜਾਂਦੀ ਹੈ) ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਨੇ ਵੀ 2001 ਵਿਚ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ ਸੀ ਅਤੇ ਇਕ ਲੱਖ ਰੁਪਏ ਵਾਲਾ “ਸ.ਸੋਭਾ ਸਿੰਘ ਪੁਰਸਕਾਰ” ਸਥਾਪਤ ਕੀਤਾ ਸੀ, ਜੋ ਅਗਲੇ ਵਰ੍ਹੇ ਹੋਂਦ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬੰਦ ਕਰ ਦਿਤਾ ਸੀ। ਬਾਦਲ ਸਰਕਾਰ ਨੇ 2007 ਵਿਚ ਮੁੜ ਸੱਤਾ ਵਿਚ ਆਉਣ ‘ਤੇ ਕਈ ਬੇਨਤੀਆਂ ਦੇ ਬਾਵਜੂਦ ਇਹ ਪੁਰਸਕਾਰ ਬਹਾਲ ਨਹੀਂ ਕੀਤਾ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>