ਸਜ਼ਾ (ਪਿਛਲੇ ਕਰਮਾਂ ਦੀ)

ਪੰਚਾਸੀ ਸਾਲਾਂ ਨੂੰ ਪਾਰ ਕਰ ਚੁੱਕੇ ਮੱਖਣ ਸਿੰਘ ਨੂੰ ਭਾਵੇਂ ਵਲੈਤ ਵਿੱਚ ਆਇਆ ਚਾਲੀ ਸਾਲ ਹੋ ਗਏ ਸਨ।ਅੰਗਰੇਜ਼ੀ ਬੋਲਣ ਤੋਂ ਉਸ ਦਾ ਹਾਲੇ ਵੀ ਹੱਥ ਘੁੰਟਵਾਂ ਸੀ।ਹੈਲੋ , ਗੁਡ ਮੋਰਨਿੰਗ ਆਈ ਕਮ ਸੀ ਮਾਈ ਵਾਈਫ ?ਹਸਪਤਾਲ ਦਾ ਦਰਵਾਜਾ ਖੋਲਦਾ ਮੱਖਣ ਸਿੰਘ ਸਾਹਮਣੇ ਰਿਸ਼ੈਪਸ਼ਨ ਤੇ ਬੈਠੀ ਗੋਰੀ ਨੂੰ ਬੋਲਿਆ।

ਗੁਡ ਮੋਰਨਿੰਗ ਸਰ, ਬਟ ਇਜ਼ ਨੇਮ ?   ਗੁਰਨਾਮ ਕੌਰ,

ਯੂ ਗੋ ਟੂ ਰਾਈਟ ਹੈਂਡ ਦੈਨ ਟੇਕ ਲਿਫਟ ਓਨ ਦੀ ਫਸਟ ਫਲੋਰ ਰੂਮ ਨੰਬਰ ਟੂ ਬਨ ਫਾਈਵ ਗੋਰੀ ਇੱਕੋ ਹੀ ਸਾਹ ਵਿੱਚ ਬੋਲ ਗਈ।

ਥੈਂਕ ਯੂ ਕਹਿ ਕੇ ਮੱਖਣ ਸਿੰਘ ਨੇ ਲਿਫਟ ਦਾ ਬਟਨ ਦਬਾ ਦਿੱਤਾ,ਲਿਫਟ ਗੁਰਨਾਮ ਕੌਰ ਦੇ ਕਮਰੇ ਦੇ ਦਰਵਾਜ਼ੇ ਸਾਹਮਣੇ ਜਾ ਖੜੀ ਹੋਈ।ਗੁਰਨਾਮ ਕੌਰ ਉਦਾਸੀ ਭਰੇ ਚਿਹਰੇ ਅਤੇ ਖਿਲਰੇ ਹੋਏ ਵਾਲਾਂ ਨਾਲ ਇੱਕਠੀ ਹੋਈ ਪਈ ਸੀ। ਹਾਂ.. ਬਈ ਕਿਵੇਂ ਆਂ ਕੀ ਹਾਲ ਆ ਉਹ ਅੰਦਰ ਆਉਦਾ ਹੀ ਬੋਲਿਆ।ਅੱਸੀ ਸਾਲਾਂ ਦੀ ਗੁਰਨਾਮ ਕੌਰ ਨੇ ਬੜੀ ਮੁਸ਼ਕਲ ਨਾਲ ਸਿਰ ਨੂੰ ਘੁੰਮਾਇਆ,ਆ… ਗਏ… ਤੁਸੀ।ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਬੋਲੀ।ਰੱਬ ਨੂੰ ਕਹੋ ਹੁਣ ਮੈਨੂੰ ਚੁੱਕ ਲਵੇ,ਤੁਸੀ ਮੈਨੂੰ ਇਥੇ ਕਿਉ ਲੈਕੇ ਆਏ,ਘਰ ਹੀ ਮਰ ਜਾਣ ਦਿੰਦੇ, ਹੁਣ ਨਾ ਜਿਉਦਿਆਂ ਚ ਨਾ ਮਰਿਆ ਚ ਆਂ, ਇਹੋ ਜਿਹੀ ਜਿੰਦਗੀ ਤੋਂ ਕੀ ਖੜਾ ਸੀ। ਭਾਵੇਂ ਉਸ ਨੂੰ ਬੋਲਣ ਵਿੱਚ ਤਕਲੀਫ ਹੋ ਰਹੀ ਸੀ ਪਰ ਫਿਰ ਵੀ ਉਹ ਥਿੜਕਦੀ ਅਵਾਜ਼ ਵਿੱਚ ਬੋਲੀ ਜਾ ਰਹੀ ਸੀ। ਮੇ..ਰੇ ਕੋਲ (ਕਾਟਾ)ਆਇਆ ਸੀ,ਹਸਪਤਾਲ ਚ,ਕਹਿੰਦਾ ਮੰਮ ਮੈਂ ਤੁਹਾਡੇ ਲਈ ਦੂਸਰੀ ਨੂੰਹ ਲੱਭ ਲਈ ਆ,ਕੋਈ ਸ਼ਗਨ ਸ਼ੁਗਨ ਦੀ ਗੱਲ ਕਰਦਾ ਸੀ ਬਹੁ ਨੂੰ ਕੀ ਪਾਉਣਾ, ਅਸੀ ਹੁਣ ਕੀ ਪਾਉਣਾ, ਪਹਿਲੀ ਨੂੰ ਵਥੇਰਾ ਪਾਤਾ ਸੀ।ਨਾਲੇ ਹੁਣ ਇਹੋ ਜਿਹੀ ਹਾਲਤ ਵਿੱਚ ਮੈਂ ਕੀ ਕਰ ਸਕਦੀ ਆਂ, ਕੀ ਭਾਲਦਾ ਮੈਥੋਂ ?

ਕੋਈ ਨਹੀ, ਕੋਈ ਨਹੀ,ਤੂੰ ਘਬਰਾਅ ਨਾ,ਸਭ ਠੀਕ ਹੋ ਜਾਵੇਗਾ, ਮੱਖਣ ਸਿੰਘ ਵਿੱਚੋਂ ਹੀ ਬੋਲ ਪਿਆ।

ਤੇਰੀ ਇਸ ਕੋਈ ਨਹੀ,ਕੋਈ ਨਹੀ,ਨੇ ਬਹੁਤ ਕੰਮ ਖਰਾਬ ਕੀਤੇ ਆ।ਉਬਲਦੇ ਦੁੱਖਾਂ ਦੀ ਭਰੀ ਹੋਈ ਗੁਰਨਾਮ ਕੌਰ ਦੇ ਦੁੱਖ ਡੁੱਲ ਡੁੱਲ ਪੈਦੇ ਸਨ।ਅੱਜ ਉਸ ਦਾ ਇੱਕ ਇੱਕ ਬੋਲ ਆਂਦਰਾਂ ਨੁੰ ਚੀਰ ਕੇ ਬਾਹਰ ਆਉਦਾ ਸੀ।ਇੱਕ ਗੱਲ ਮੇਰੀ ਗੌਰ ਨਾਲ ਸੁਣਿਓ,ਜਿਹੜੇ ਵੀ ਮੇਰੇ ਪੈਸੇ ਟਕੇ ਕੋਈ ਚੀਜ਼ ਵਸਤੂ ਪਈ ਏ, ਵਿਹੜੇ ਵਿੱਚ ਰੱਖ ਕੇ ਅੱਗ ਲਾ ਦੇਈ,ਜੇ ਨਾ ਲਾ ਸਕਿਆ ਤਾਂ ਇਹਨਾਂ ਨਰਸਾਂ ਨੁੰ ਵੰਡ ਦੇਈ।ਕਿਸੇ ਨੂੰ ਕੁਝ ਨਹੀ ਦੇਣਾ,ਸਾਡਾ ਇਥੇ ਕੋਈ ਨਹੀ,ਜਦੋਂ ਮੈਂ ਮਰ ਕੇ ਰੱਬ ਕੋਲ ਗਈ,ਉਹਨੂੰ  ਵੀ ਕਹੂਗੀ,ਤੂੰ ਮੈਨੂੰ ਹੋਰ ਜਿਹੜੀ ਜੂਨ ਵਿੱਚ ਮਰਜ਼ੀ ਭੇਜ ਦੇ,ਪਰ ਇਨਸਾਨ ਦੀ ਜੂਨ ਪਾਕੇ ਇਸ ਦੁਨੀਆਂ ਵਿੱਚ ਨਾਂ ਭੇਜਣਾਂ।
ਤੂੰ ਸਮਝੀ ਆਪਾਂ ਨੂੰ ਰੱਬ ਨੇ ਇਸ ਦੁਨੀਆਂ ਵਿੱਚ ਪਿਛਲੇ ਕੀਤੇ ਕਰਮਾਂ ਦੀ ਸਜ਼ਾ ਭੁਗਤਣ ਲਈ ਭੇਜਿਆ ਸੀ। ਤੇ ਉਹ ਹੁਣ ਸਜ਼ਾ ਆਪਣੀ ਪੂਰੀ ਹੋ ਗਈ ਆ, ਕਹਿ ਕੇ ਮੱਖਣ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਉਹ ਸਾਈਡ ਵੱਲ ਮੂੰਹ ਘੁੰਮਾ ਕੇ ਬੈਡ ਕੋਲ ਪਈ ਕੁਰਸੀ ਉਪਰ ਜਾ ਕੇ ਬੈਠ ਗਿਆ।ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਜਿਹੜੀ ਹਸਪਤਾਲ ਦੀ ਅਲਮਾਰੀ ਉਪਰ ਉਸ ਨੇ ਆਪ ਲਿਆਕੇ ਰੱਖੀ ਸੀ, ਉਸ ਵੱਲ ਇੱਕ ਟੱਕ ਵੇਖਣ ਲੱਗ ਪਿਆ।ਹੁਣ ਗੁਰਨਾਮ ਕੌਰ ਤੋਂ ਬਹੁਤਾ ਬੋਲਿਆ ਨਹੀ ਸੀ ਜਾਦਾ,ਉਹ ਥੱਕ ਚੁੱਕੀ ਸੀ।ਕਮਰੇ ਅੰਦਰ ਮੌਤ ਵਰਗੀ ਚੁੱਪ ਛਾ ਗਈ।ਹਸਪਤਾਲ ਦੇ ਬੈਡ ਉਪਰ ਪਈ ਗੁਰਨਾਮ ਕੌਰ ਨੂੰ ਸਾਡੇ ਤਿੰਨ ਮਹੀਨੇ ਹੋ ਗੲੁੇ ਸਨ।ਇਸ ਸਮੇਂ ਦੌਰਾਨ ਸਾਰੇ ਗਲੀ ਮਹੁੱਲੇ ਦੇ ਲੋਕ ਅਤੇ ਦੂਰ ਨੇੜਿਓ ਰਿਸਤੇਦਾਰ ਉਸ ਦੀ ਸਿਹਤ ਦਾ ਪਤਾ ਕਰਨ ਲਈ ਆਏ।ਉਹਨਾਂ ਦੇ ਆਪਣੀ ਕੋਈ ਔਲਾਦ ਨਹੀ ਸੀ।ਰੱਬ ਵੀ ਉਹਨਾਂ ਨਾਲ ਕਰੋਪ ਹੋਇਆ ਲਗਦਾ ਸੀ।ਔਲਾਦ ਲਈ ਉਹਨਾਂ ਨੇ ਡਾਕਟਰਾਂ,ਵੈਦਾਂ ਦੇ ਦਰਵਾਜ਼ੇ ਖੜਕਾਏ ਅਰਦਾਸਾਂ ਵੀ ਕੀਤੀਆਂ,ਡੇਰਿਆਂ ਤੇ ਸੰਤਾਂ ਦੇ ਪੈਰ ਵੀ ਫੜੇ,ਕਿਸੇ ਸੰਤ ਦੇ ਕਹਿਣ ਤੇ ਗੁਰਨਾਮ ਕੌਰ ਨੇ ਇੱਕ ਫਲ ਨੂੰ ਤੀਹ ਸਾਲ ਤੱਕ ਖਾਣਾ ਛੱਡੀ ਰੱਖਿਆ, ਸਭ ਬੇਅਰਥ ਸੀ।ਅਖੀਰ ਉਹਨਾਂ ਨੇ ਭਾਰਤ ਤੋਂ ਆਪਣੀ ਰਿਸਤੇਦਾਰੀ ਵਿੱਚੋਂ ਇੱਕ ਬੱਚਾ ਗੋਦ ਲੈ ਲਿਆ।ਬੜੇ ਚਾਵਾਂ ਮਲਾਰਾਂ ਨਾਲ ਪਾਲ ਪਲੋਸ ਕੇ ਵੱਡਾ ਕੀਤਾ।ਪਰ ਉਹ ਬਹੁਤ ਜਲਦੀ ਹੀ ਵਲੈਤ ਦੇ ਰੰਗ ਵਿੱਚ ਰੰਗਿਆ ਗਿਆ।ਆਪਣੀ ਮਰਜ਼ੀ ਨਾਲ ਸ਼ਾਦੀ ਕਰਕੇ ਨਵੇਂ ਜ਼ਮਾਨੇ ਦੀ ਬਹੁ ਲੈ ਆਇਆ।ਨੱਕ,ਕੰਨ ਤੇ ਧੁੱਨੀ ਸਮੇਤ ਭਰੇ ਹੋਏ ਕੋਕਿਆਂ ਵਾਲੀ ਬਹੁ ਨੇ ਥੋੜੀ ਦੇਰ ਬਾਅਦ ਹੀ ਘਰ ਨੂੰ ਸਿਰ ਉਤੇ ਚੁੱਕ ਕੇ ਉਹਨਾਂ ਨੂੰ ਠਾਣੇ ਦੇ ਦਰਵਾਜ਼ੇ ਵੀ ਵਿਖਾ ਦਿੱਤੇ।ਜਿਹੜੇ ਉਹਨਾਂ ਨੇ ਕਦੇ ਨਹੀ ਸੀ ਵੇਖੇ।ਸਾਰੀ ਗਲੀ ਮਹੁੱਲੇ ਦੇ ਲੋਕਾਂ ਦੀ ਹੱਕ ਵਿੱਚ ਗਵਾਹੀ ਭੁਗਤਣ ਤੋਂ ਹੀ ਉਹਨਾਂ ਨੂੰ ਛੱਡਿਆਂ ਗਿਆ।ਪੁਲੀਸ ਨੇ ਨੂੰਹ ਪੁੱਤ ਨੂੰ 24 ਘੰਟੇ ਵਿੱਚ ਘਰ ਛੱਡ ਜਾਣ ਦਾ ਹੁਕਮ ਸੁਣਾ ਦਿੱਤਾ।ਸਾਰੀ ਉਮਰ ਮੱਖਣ ਸਿੰਘ ਨੇ ਲੱਕੜੀ ਦਾ ਕੰਮ ਕਰਕੇ ਤੇ ਗੁਰਨਾਮ ਕੌਰ ਨੇ ਸਿਲਾਈ ਮਸ਼ੀਨ ਵਾਲੀ ਹੱਥੀ ਘੁੰਮਾ ਕੇ ਆਪਣੀ ਦਸਾਂ ਨੌਹਾਂ ਦੀ ਕ੍ਰਿਤ ਨਾਲ ਇੱਕ ਘਰ ਹੀ ਬਣਾਇਆ ਸੀ।ਭਾਵੇਂ ਤਕਦੀਰ ਨੇ ਉਹਨਾਂ ਨਾਲ ਹਮੇਸ਼ਾ ਧਰੋਹ ਕੀਤਾ ਸੀ।ਪਰ ਉਹਨਾਂ ਨੇ ਕਦੇ ਵੀ ਰੱਬ ਉਪਰ ਗਿਲਾ ਨਹੀ ਸੀ ਕੀਤਾ।ਹਰ ਮੁਸ਼ਕਲ ਖਿੜੇ ਮੱਥੇ ਪ੍ਰਵਾਨ ਕਰਦੇ।ਜਦੋਂ ਪੋਤੇ ਪੋਤੀਆਂ ਖਿਡਾਉਣ ਦੇ ਸੁਪਨੇ ਚਕਨਾ ਚੂਰ ਹੁੰਦੇ ਜਾਪਣ ਲੱਗੇ, ਤੇ ਉਹਨਾਂ ਨੂੰ ਇੱਕਲਾਪਣ ਦਾ ਰੋਗ ਘੁੱਣ ਵਾਂਗ ਲੱਗ ਗਿਆ।ਜਿਹੜਾ ਵਡੇਰੀ ਉਮਰ ਲਈ ਖਤਰਨਾਕ ਸੀ।ਭਾਵੇਂ ਮੁਸੀਬਤ ਨੇ ਉਹਨਾਂ ਦਾ ਦਰਵਾਜ਼ਾ ਵਾਰ ਵਾਰ ਖੜਕਾਇਆ ਸੀ।ਉਹ ਉਹਨਾਂ ਦੇ ਗੂੜ੍ਹੇ ਪਿਆਰ ਵਿੱਚ ਕੜੁੱਤਣ ਨਹੀ ਭਰ ਸਕੀ।ਗ੍ਰਹਿਸਤੀ ਜਿੰਦਗੀ ਵਿੱਚ ਉਹ ਕਦੇ ਵੀ ਝਗੜੇ ਨਹੀ ਸਨ।ਜਿਹੜਾ ਅੱਜ ਦੇ ਜ਼ਮਾਨੇ ਲਈ ਮਿਸਾਲ ਸੀ।ਨਾਲੇ ਜਿਸ ਘਰ ਵਿੱਚ ਔਲਾਦ ਨਾ ਹੋਵੇ ਆਪਸੀ ਤਾਨੇ ਮਿਹਣੇ ਘਰ ਦੀ ਛੱਤ ਪਾੜ ਦਿੰਦੇ ਨੇ।ਰੋਜ਼ ਸਵੱਖਤੇ ਗੁਰੂਦੁਆਰੇ ਜਾਣਾ ਉਹਨਾਂ ਦਾ ਨਿੱਤ ਨੇਮ ਸੀ।ਪਰ ਅੱਜ ਗੁਰਨਾਮ ਕੌਰ ਸੂਰਜ਼ ਚੜ੍ਹਣ ਤੱਕ ਨਹੀ ਸੀ ਉਠੀ।ਮੱਖਣ ਸਿੰਘ ਨੇ ਦੋਚਿੱਤੀ ਚ ਪਏ ਹੋਏ ਨੇ ਉਪਰ ਜਾਕੇ ਵੇਖਿਆ,ਪਾਸੇ ਪਰਨੇ ਪਈ ਗੁਰਨਾਮ ਕੌਰ ਨੂੰ ਅਧਰੰਗ ਦਾ ਦੌਰਾ ਪੈਣ ਕਰਕੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ।ਜਦੋਂ ਕਈ ਵਾਰ ਬਲਾਉਣ ਤੇ ਵੀ ਉਹ ਨਾ ਉਠੀ ਤਾਂ ਉਸ ਨੇ ਗੁਆਢੀਆਂ ਦੇ ਘਰ ਜਾਕੇ ਐਮਬੂਲੈਂਸ ਸੱਦਣ ਲਈ ਕਿਹਾ। ਮਿੰਟਾਂ ਵਿੱਚ ਪੀਅ ਪਾਂ ਕਰਦੀ ਐਮਬੂਲੈਂਸ ਪਹੁੰਚ ਗਈ।ਕੜੱਕ ਦਰਵਾਜ਼ਾ ਖੁਲਿਆ।ਮੱਖਣ ਸਿੰਘ ਕੁਰਸੀ ਉਪਰ ਬੈਠਾ ਤ੍ਰਬਕ ਗਿਆ।ਅੰਕਲ ਜੀ ਪਲੀਜ਼ ਤੁਸੀ ਥੋੜੀ ਦੇਰ ਲਈ ਬਾਹਰ ਜਾ ਸਕਦੇ ਹੋ,ਅਸੀ ਪੇਸ਼ੈਟ ਦੇ ਕਪੜੇ ਬੈਡ ਵਗੈਰਾ ਠੀਕ ਕਰਨਾ ਏ,ਭਾਰਤੀ ਮੂਲ ਦੀ ਨਰਸ ਪਿਆਰ ਭਰੇ ਲਹਿਜ਼ੇ ਵਿੱਚ ਕਹਿ ਕੇ ਆਪਣੇ ਕੰਮ ਵਿੱਚ ਰੁਝ ਗਈ।ਅੱਛਾ ਬੇਟਾ,ਮੱਖਣ ਸਿੰਘ ਮੂਧੇ ਮੂੰਹ ਪਈ ਗੁਰਨਾਮ ਕੌਰ ਵੱਲ ਵੇਖਦਾ ਇੱਕ ਪੈਰ ਬਾਹਰ ਤੇ ਇੱਕ ਅੰਦਰ ਵੱਲ ਨੂੰ ਖਿਚਦਾ ਲਿਫਟ ਰਾਹੀ ਉਤਰਕੇ ਪੈਦਲ ਹੀ ਘਰ ਪਹੁੰਚ ਗਿਆ।ਬੇਚੈਨ ਚਿੱਤ ਹੋਇਆ ਕਦੇ ਸੋਫੇ ਤੇ ਬੈਠ ਜਾਦਾ ਕਦੇ ਗਾਰਡਨ ਵਿੱਚ ਗੇੜੇ ਕੱਢਣ ਲੱਗ ਜਾਦਾ।ਸੂਗਰ ਦਾ ਮਰੀਜ਼ ਹੋਣ ਕਾਰਨ ਭਾਵੇ ਭੁੱਖ ਨੇ ਉਸ ਨੁੰ ਖੋਹ ਜਿਹੀ ਪਾਈ ਹੋਈ ਸੀ,ਪਰ ਉਸ ਦਾ ਖਾਣ ਨੂੰ ਦਿੱਲ ਨਹੀ ਸੀ ਕਰਦਾ।ਅੱਜ ਉਹ ਬਲੱਡ ਪ੍ਰੇਸ਼ਰ ਵਾਲੀ ਗੋਲੀ ਲੈਣੀ ਵੀ ਭੁੱਲ ਗਿਆ ਸੀ।ਦਰਵਾਜ਼ੇ ਤੇ ਘੰਟੀ ਦੀ ਅਵਾਜ਼ ਆਈ,ਬਾਹਰ ਸਿਮਰਨ ਕੌਰ ਕਾਰ ਲਈ ਖੜੀ ਸੀ।ਜਿਹੜੀ ਉਹਨਾਂ ਦੇ ਗੁਆਂਢ ਵਿੱਚ ਰਹਿ ਰਹੀ ਪਿਆਰੀ ਸੁਘੜ ਸਿਆਣੀ ਲੜਕੀ ਸੀ।ਸਿਮਰਨ ਕੌਰ ਦਾ ਇਹਨਾਂ ਨਾਲ ਮਾਂ ਪਿਉ ਵਰਗਾ ਮੋਹ ਸੀ,ਜਦੋਂ ਦੀ ਗੁਰਨਾਮ ਕੌਰ ਹਸਪਤਾਲ ਦਾਖਲ ਸੀ,ਉਹ ਬਿਨ੍ਹਾਂ ਨਾਗਾ ਹਰ ਰੋਜ਼ ਮਿਲਣ ਜਾਦੀ। ਅੰਕਲ ਜੀ ਤੁਸੀ ਆਟੀ ਜੀ ਨੂੰ ਮਿਲ ਆਏ ਹੋ?ਨਹੀ ਤਾਂ ਮੈਂ ਉਥੇ ਚੱਲੀ ਆਂ ਆ ਜਾਓ ਤੁਹਾਨੂੰ ਵੀ ਲੈ ਚੱਲਾਂ।ਮੱਖਣ ਸਿੰਘ ਬਿਨ੍ਹਾਂ ਕੁਝ ਬੋਲੇ ਕਾਰ ਵਿੱਚ ਬੈਠ ਗਿਆ। ਅੱਜ ਗੁਰਨਾਮ ਕੌਰ ਦੀ ਹਾਲਤ ਬਹੁਤ ਨਾਜ਼ਕ ਸੀ।ਡਾਕਟਰਾਂ ਦੀਆਂ ਕੋਸ਼ਿਸਾਂ ਸਭ ਨਾਕਾਮ ਹੋ ਗਈਆਂ ਲਗਦੀਆਂ ਸਨ।ਗੁਰਨਾਮ ਕੌਰ ਨੇ ਬੜੀ ਮੁਸ਼ਕਲ ਨਾਲ ਹੌਲੀ ਹੌਲੀ ਅੱਖਾਂ ਪੱਟ ਕੇ ਪੈਰਾਂ ਵਾਲੇ ਪਾਸੇ ਖੜੇ ਮੱਖਣ ਸਿੰਘ ਨੂੰ ਗਹੁ ਨਾਲ ਵੇਖਿਆ, ਜਿਵੇਂ ਕੋਈ ਦਿੱਲ ਦੀ ਗੱਲ ਕਹਿਣੀ ਰਹਿ ਗਈ ਹੋਵੇ।ਫਿਰ ਉਸ ਨੇ ਬਹੁਤ ਹੀ ਮੁਸ਼ਕਲ ਨਾਲ ਕੋਲ ਹੱਥ ਫੜੀ ਖੜੀ ਸਿਮਰਨ ਵੱਲ ਅੱਖਾਂ ਘੁੰਮਾਈਆਂ ਨਾਲ ਹੀ ਦੋ ਹੰਝੂ ਸਿਰਹਾਣੇ ਉਪਰ ਡਿੱਗ ਪਏ। ਦੂਸਰੇ ਪਲ ਦੋਵੇਂ ਪਲਕਾਂ ਬੰਦ ਹੋ ਗਈਆਂ, ਸਿਰ ਇੱਕ ਪਾਸੇ ਲੁਟਕ ਗਿਆ।ਸਿਮਰਨ ਕੌਰ ਦੀਆਂ ਚੀਖਾਂ ਕੰਧਾਂ ਪਾੜ ਰਹੀਆਂ ਸਨ,ਅਤੇ ਮੱਖਣ ਸਿੰਘ ਬੈਡ ਕੋਲ ਬੁੱਤ ਬਣਿਆ ਖੜਿਆ ਸੀ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>