ਬੇਨਾਮ ਰਿਸ਼ਤਾ

ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ੍ਹਾਂ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇਕ ਪਲ ਲਈ ਉਸ ਦੇ ਕਦਮ ਰੁੱਕ ਗਏ। ਉਹ ਸੋਚਣ ਲੱਗਾ ਕਿ ਉਸ ਦੇ ਪਰਿਵਾਰ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿ ਇਹ ਮਹਿਲ ਛੱਤ ਲਿਆ?

ਗਲੀ ਵਿਚੋਂ ਲੰਘਦੇ ਇਕ ਮੁੰਡੇ ਨੂੰ ਉਸ ਨੇ ਪੁੱਛਿਆ, ‘ਕਾਕਾ, ਬਾਵਰ ਦਾ ਘਰ ਆਹ ਹੀ ਹੈ?’

ਮੁੰਡਾ ਇਕਦਮ ਰੁੱਕ ਗਿਆ ਅਤੇ ਜਗਬੀਰ ਨੂੰ ਉ¤ਪਰ ਤੋਂ ਲੈ ਕੇ ਪੈਰਾਂ ਤੀਕ ਧਿਆਨ ਨਾਲ ਦੇਖਣ ਲੱਗਾ। ਕੁੱਝ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ, ‘ਕੀ ਤੁਸੀਂ ਬਾਪੂ ਬਾਵਰ ਸਿੰਘ ਤੇ ਘਰ ਬਾਰੇ ਪੁੱਛ ਰਹੇ ਹੋ?’

ਆਪਣੇ ਛੋਟੇ ਭਰਾ ਬਾਵਰ ਦੇ ਨਾਂ ਨਾਲ ‘ਬਾਪੂ’ ਸ਼ਬਦ ਸੁਣ ਕੇ ਜਗਬੀਰ ਨੂੰ ਅਹਿਸਾਸ ਹੋਇਆ ਕਿ ਉਹ ਅੱਜ 30 ਸਾਲਾਂ ਬਾਅਦ ਆਪਣੇ ਪਿੰਡ, ਆਪਣੇ ਘਰ ਆਇਆ ਹੈ। ਜਗਬੀਰ ਆਪਣੇ ਕੋਲ ਖੜੇ ਉਸ ਮੁੰਡੇ ਨੂੰ ਭੁੱਲ ਗਿਆ ਅਤੇ ਆਪ ਯਾਦਾਂ ਦੇ ਸੰਸਾਰ ਵਿਚ ਗੁਆਚ ਗਿਆ।

ਉਸ ਨੂੰ ਯਾਦ ਆਈ ਆਪਣੀ ਜਵਾਨੀ…, ਆਪਣੇ ਹਾਣੀ…, ਆਪਣਾ ਸਕੂਲ…, ਆਪਣੇ ਬਾਪੂ ਦੀਆਂ ਝਿੜਕਾਂ…, ਮਾਂ ਦਾ ਪਿਆਰ…, ਭਰਜਾਈਆਂ ਦੇ ਸ਼ੁਗਲ…, ਆਪਣੇ ਪਿੰਡ ਦੇ ਬਾਬੇ ਤੇ ਅੱਜ ਉਸ ਨੂੰ ਬੱਚੇ ਬਾਬਾ ਆਖ ਰਹੇ ਸਨ। ਜਗਬੀਰ ਨੂੰ ਵਿਸ਼ਵਾਸ ਨਾ ਹੋਇਆ ਕਿ ਹੁਣ ਉਹ ਵੀ ‘ਬਾਬਾ’ ਹੋ ਗਿਆ ਹੈ।

ਜਗਬੀਰ ਨੂੰ ਜਾਪਿਆ ਜਿਵੇਂ ਕੁੱਝ ਹੀ ਪਲਾਂ ਵਿਚ ਉਸ ਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਲਈ ਹੋਵੇ। ਫ਼ਿਲਮ ਦੀ ਰੀਲ ਵਾਂਗ ਜਗਬੀਰ ਦੀਆਂ ਅੱਖਾਂ ਸਾਹਮਣੇ ਪੁਰਾਣੀਆਂ ਯਾਦਾਂ ਆਉਣ ਲੱਗੀਆਂ।

ਉਸ ਨੂੰ ਯਾਦ ਆਇਆ ਕਿ ਕਿਸ ਤਰ੍ਹਾਂ ਉਹ ਪਿੰਡ ਦੇ ਮੁੰਡਿਆਂ ਦੀ ਟੋਲੀ ਦਾ ਸਰਦਾਰ ਹੁੰਦਾ ਸੀ। ਸਾਰੇ ਪਿੰਡ ਵਿੱਚੋਂ ਉਹ ਅਜਿਹਾ ਪਹਿਲਾਂ ਮੁੰਡਾ ਸੀ ਜਿਹੜਾ ਦੱਸਵੀਂ ਜਮਾਤ ਵਿਚੋਂ ਪਾਸ ਹੋਇਆ ਸੀ ਤੇ ਖੁਸ਼ੀ’ਚ ਖੀਵਾ ਹੋਏ ਜੱਗੀ ਦੇ ਬਾਪੂ ਦੇ ਪੈਰ ਧਰਤੀ ਤੇ ਨਹੀਂ ਸਨ ਲੱਗ ਰਹੇ। ਜੱਗੀ ਵੀ ਆਪਣੇ ਦੋਸਤਾਂ ਵਿਚ ਆਪਣੀ ਕਾਬਲੀਅਤ ਦੀਆਂ ਫੜਾਂ ਮਾਰ ਰਿਹਾ ਸੀ।

‘ਕਿਉਂ ਬਈ ਨਾਜਰ ਸਿਆਂ, ਦੇਖਿਆ ਯਾਰਾਂ ਦਾ ਦਿਮਾਗ…, ਹੋ ਗਿਆ ਨਾ…, ਪਾਸ ਦੱਸਵੀਂ ਵਿਚੋਂ,  ਪਿੰਡ ਦਾ ਰਿਕਾਰਡ ਤੋੜ ਤਾਂ ਯਾਰਾਂ ਨੇ।’  ਜੱਗੀ ਨੇ ਆਪਣੇ ਦੋਸਤ ਨਾਜਰ ਸਿੰਘ ਨੂੰ ਕਿਹਾ।

‘ਸੱਚੀਂ ਯਾਰਾਂ…, ਮੰਨ ਗਏ ਤੈਨੂੰ।’ ਨਾਜਰ ਨੇ ਵੀ ਜੱਗੀ ਦੀ ਸਿਫ਼ਤ ਕਰਦਿਆਂ ਕਿਹਾ।

ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਘਰ ਵਿਚ ਵੱਡਾ ਹੋਣ ਕਾਰਨ ਜੱਗੀ ਦਾ ਵਿਆਹ ਉਸ ਦੇ ਬਾਪੂ ਨੇ ਛੇਤੀ ਹੀ ਕਰ ਦਿੱਤਾ ਕਿਉਂਕਿ ਉਸ ਦੀ ਮਾਂ ਦੇ ਸਾਹਮਣੇ ਜਦੋਂ ਪਿੰਡ ਦੀਆਂ ਤੀਵੀਆਂ ਆਪਣੀਆਂ ਨੂੰਹਾਂ ਦੀਆਂ ਗੱਲਾਂ ਕਰਦੀਆਂ ਤਾਂ ਉਸ ਨੂੰ ਚੰਗਾ ਨਾ ਲੱਗਦਾ। ਉਸ ਨੂੰ ਆਪਣੇ ਵਿਹੜੇ ਵਿਚ ਘੁੰਮਦੀ ਨੂੰਹ ਚਾਹੀਦੀ ਸੀ ਜਿਸ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਸਕੇ।

ਮਾਂ ਦੇ ਇਸੇ ਚਾਅ ਵਿਚ ਜੱਗੀ ਦਾ ਵਿਆਹ ਹੋ ਗਿਆ। ਮਾਂ ਨੇ ਸਾਰੇ ਪਿੰਡ ਵਿਚ ਲੱਡੂ ਵੰਡੇ ਤੇ ਖੁਸ਼ੀ ਮਨਾਈ। ਚੰਨ ਜਿਹੀ ਨੂੰਹ ਦੇਖ ਕੇ ਜੱਗੀ ਦੀ ਮਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ। ਹੁਣ ਉਹ ਵੀ ਆਪਣੀ ਨੂੰਹ ਦੀਆਂ ਸਿਫ਼ਤਾਂ ਪਿੰਡ ਦੀਆਂ ਤੀਵੀਆਂ ਵਿਚ ਬੈਠ ਕੇ ਕਰ ਸਕਦੀ ਸੀ। ਜੱਗੀ ਵੀ ਖੁਸ਼ ਸੀ ਕਿ ਨਿਰਮਲ ਜਿਹੀ ਪੜ੍ਹੀ-ਲਿਖੀ ਪਤਨੀ ਉਸ ਨੂੰ ਮਿਲੀ ਸੀ।

ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਜੱਗੀ ਨੇ ਫੌਜ਼ ਵਿਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਸ ਦੀ ਕਿਸਮਤ ਨੇ ਉਸਦਾ ਸਾਥ ਦਿੱਤਾ ਤੇ ਉਹ ਫੌਜ਼ ਵਿਚ ਭਰਤੀ ਹੋ ਗਿਆ। ਜੱਗੀ ਦੇ ਬਾਪੂ ਨੂੰ ਆਪਣੇ ਪੁੱਤ ਤੇ ਮਾਣ ਸੀ।

ਆਪਣੀ ਪਤਨੀ ਨਿਰਮਲ ਨੂੰ ਛੇਤੀ ਮੁੜ ਆਉਣ ਦਾ ਦਿਲਾਸਾ ਦੇ ਕੇ ਉਹ ਫੌਜ਼ ਲਈ ਰਵਾਨਾ ਹੋ ਗਿਆ ਤੇ ਮੁੜ ਕੇ ਅੱਜ ਆ ਰਿਹਾ ਸੀ, 30 ਸਾਲ ਬਾਅਦ।

ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਕਿਸੇ ਫ਼ਿਲਮ ਵਾਂਗ ਯਾਦ ਆ ਰਹੀ ਸੀ ਕਿ ਇਤਨੇ ਨੂੰ ਕਿਸੇ ਨੇ ਉਸ ਨੂੰ ਪਿੱਛੋਂ ਆਵਾਜ਼ ਮਾਰੀ।

‘ਕੀ ਗੱਲ ਬਜ਼ੁਰਗੋਂ…, ਕੀ ਸੋਚ ਰਹੇ ਹੋ?’

ਜੱਗੀ ਦੀਆਂ ਯਾਦਾਂ ਦੀ ਤੰਦ ਅਚਾਨਕ ਇਸ ਆਵਾਜ਼ ਨਾਲ ਟੁੱਟ ਗਈ। ਉਸ ਨੇ ਸਾਹਮਣੇ ਖੜੇ ਨੌਜ਼ਵਾਨ ਦੇ ਪ੍ਰਸ਼ਨ ਦਾ ਉ¤ਤਰ ਦੇਣ ਦੀ ਥਾਂ ਪੁੱਛਿਆ, ‘ਕਾਕਾ…, ਕੀ ਨਾਂ ਏ ਤੇਰਾ?’

‘ਜੀ…, ਇੰਦਰਜੀਤ।’

‘ਤੇਰੇ ਬਾਪੂ ਦਾ ਕੀ ਨਾਂ ਏਂ…?’ ਜੱਗੀ ਨੇ ਪੁੱਛਿਆ।

‘ਸਰਦਾਰ ਨਛੱਤਰ ਸਿੰਘ।’

‘ਅੱਛਾ…, ਤੂੰ ਨਛੱਤਰ ਦਾ ਮੁੰਡਾ ਏਂ।’ ਜੱਗੀ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ।

‘ਹਾਂ ਜੀ।’

‘ਕਿੱਥੇ ਹੈ ਤੇਰਾ ਬਾਪੂ?’

‘ਜੀ ਉਹ ਖੇਤਾਂ ਵਿਚ ਹਨ…, ਪਰ ਤੁਸੀਂ ਕੌਣ ਹੋ…?’ ਮੁੰਡੇ ਨੇ ਜੱਗੀ ਨੂੰ ਪਛਾਣਿਆ ਨਹੀਂ ਸੀ।

‘ਮੈਂ ਤੇਰੇ ਬਾਪੂ ਦਾ ਯਾਰ ਜੱਗੀ ਹਾਂ।’ ਉਸਨੇ ਹੱਸਦਿਆਂ ਮੁੰਡੇ ਨੂੰ ਉ¤ਤਰ ਦਿੱਤਾ।

‘ਚੱਲ ਤੇਰੇ ਬਾਪੂ ਨੂੰ ਮਿਲਦੇ ਹਾਂ ਪਹਿਲਾਂ।’ ਜੱਗੀ ਨੇ ਮੁੰਡੇ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ।

ਨੌਜ਼ਵਾਨ ਨਾਲ ਜੱਗੀ ਉਹਨਾਂ ਦੇ ਖੇਤਾਂ ਵਿਚ ਪਹੁੰਚ ਗਿਆ ਤੇ ਸਾਹਮਣੇ ਦੇਖਦਾ ਹੈ ਇਕ ਬਜੁਰਗ ਕਹੀ ਨਾਲ ਖੇਤ ਵਿਚ ਕੰਮ ਕਰ ਰਿਹਾ ਹੈ।

‘ਉਏ ਛੱਤਿਆ…,  ਕੀ ਹਾਲ ਏ ਤੇਰਾ?’ ਜੱਗੀ ਨੇ ਉ¤ਚੀ ਆਵਾਜ਼ ਵਿਚ ਕਿਹਾ ਤਾਂ ਕੰਮ ਕਰ ਰਿਹਾ ਬਜ਼ੁਰਗ ਅਚਾਨਕ ਰੁੱਕ ਗਿਆ ਅਤੇ ਜੱਗੀ ਵੱਲ ਦੇਖਣ ਲੱਗਾ।

ਨਛੱਤਰ ਸਿੰਘ ਕੁੱਝ ਦੇਰ ਤੱਕ ਆਉਣ ਵਾਲੇ ਉਸ ਵਿਅਕਤੀ ਨੂੰ ਪਛਾਨਣ ਦਾ ਯਤਨ ਕਰਦਾ ਰਿਹਾ ਅਤੇ ਜਦੋਂ ਉਸ ਨੂੰ ਆਪਣੇ ਬਚਪਣ ਦੇ ਯਾਰ ਦੀ ਸ਼ਕਲ ਚੇਤੇ ਆਈ ਹੈ ਤਾਂ ਉਸ ਦੇ ਮੂੰਹੋਂ ਝੱਟ ਨਿਕਲਿਆ ਹੈ, ‘ਉਏ ਜੱਗੀ ਤੂੰ…, ਪਰ ਤੂੰ ਤਾਂ…?’ ਉਹ ਚੁੱਪ ਕਰ ਗਿਆ ਤੇ ਆਪਣਾ ਉਸ ਨੇ ਵਾਕ ਪੂਰਾ ਨਾ ਕੀਤਾ।

‘ਪਰ ਮੈਂ ਕੀ…?’ ਜੱਗੀ ਨੇ ਕਾਹਲੀ ਨਾਲ ਪੁੱਛਿਆ।

‘ਤੂੰ ਤਾਂ ਜੰਗ ਵਿਚ ਸ਼ਹੀਦ ਹੋ ਗਿਆ ਸੀ ਤੇ ਸਾਰਾ ਪਿੰਡ ਤੈਨੂੰ ਸ਼ਹੀਦ ਹੀ ਸਮਝ ਰਿਹਾ ਹੈ।’  ਨੱਛਤਰ ਸਿੰਘ ਨੇ ਇਕ ਵਾਕ ਵਿਚ ਹੀ ਆਪਣੀ ਗੱਲ ਪੂਰੀ ਕਰਦਿਆਂ ਕਿਹਾ।

‘ਨਹੀਂ ਯਾਰਾ, ਜਦੋਂ ਮੇਰੀ ਟ੍ਰੇਨਿੰਗ ਮੁੱਕੀ ਤਾਂ ਕੁੱਝ ਦਿਨਾਂ ਬਾਅਦ ਹੀ ਪਾਕਿਸਤਾਨ ਨਾਲ ਜੰਗ ਛਿੜ ਪਈ। ਮੈਨੂੰ ਜੰਗ ਵਿਚ ਭੇਜਿਆ ਗਿਆ ਤੇ ਜੰਗ ਵਿਚ ਮੈਂ ਦੁਸ਼ਮਣ ਦੇ ਹੱਥ ਆ ਗਿਆ।

ਉਹਨਾਂ ਦੀ ਕੈਦ ਵਿਚੋਂ ਹੁਣ ਰਿਹਾਅ ਹੋਇਆ ਆਂ, ਮੇਰੀ ਪਲਟੂਨ ਨੇ ਮੇਰੀ ਬਥੇਰੀ ਭਾਲ ਕੀਤੀ ਪਰ ਅਸੀਂ 3 ਜਵਾਨ ਦੁਸ਼ਮਣ ਸੈਨਾ ਦੇ ਹੱਥ ਆ ਗਏ। ਮੇਰੀ ਪਲਟੂਨ ਦੇ ਜਿਹੜੇ ਜਵਾਨ ਸ਼ਹੀਦ ਹੋ ਗਏ ਸਨ ਉਹਨਾਂ ਵਿਚੋਂ ਕਈਆਂ ਦੀਆਂ ਲੋਥਾਂ ਨਹੀਂ ਸਨ ਮਿਲੀਆਂ…, ਇਸ ਲਈ ਮੈਨੂੰ ਅਤੇ ਮੇਰੇ 2 ਸਾਥੀਆਂ ਨੂੰ ਵੀ ਸ਼ਹੀਦ ਮੰਨ ਲਿਆ ਹੋਣਾ ਏ।’ ਜੱਗੀ ਇਕੋ ਸਾਹੇ ਸਾਰੀ ਗੱਲ ਨੱਛਤਰ ਸਿੰਘ ਨੂੰ ਕਹਿ ਗਿਆ।

ਕੁੱਝ ਦੇਰ ਇਸੇ ਤਰ੍ਹਾਂ ਚੁੱਪ ਵਰਤੀ ਰਹੀ ਅਤੇ ਫਿਰ ਜੱਗੀ ਨੇ ਪੁੱਛਿਆ, ‘ਪਰ ਕਿਸੇ ਨੇ ਮੇਰੀ ਭਾਲ ਨ੍ਹੀਂ ਕੀਤੀ…?’

‘ਕੀਤੀ ਕਿਉਂ ਨਹੀਂ…, ਤੇਰੇ ਭਰਾ ਬਾਵਰ ਨੇ ਬਹੁਤ ਭਾਲ ਕੀਤੀ, ਪਰ ਤੇਰਾ ਕੁੱਝ ਵੀ ਪਤਾ ਨਹੀਂ ਲੱਗਿਆ।’

‘ਮੇਰੀ ਘਰਵਾਲੀ ਨਿਰਮਲ ਦਾ ਕੀ ਹਾਲ ਹੈ?’ ਇਹ ਗੱਲ ਪੁੱਛਣ ਤੇ ਜੱਗੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉਸ ਦੇ ਮਨ ਵਿਚ ਅਜੀਬ ਜਿਹੇ ਵਿਚਾਰ ਆ ਰਹੇ ਸਨ ਪਰ ਦਲੇਰੀ ਕਰਕੇ ਉਸ ਨੇ ਪੁੱਛ ਹੀ ਲਿਆ।

ਇਹ ਸਵਾਲ ਸੁਣ ਕੇ ਨੱਛਤਰ ਸਿੰਘ ਚੁੱਪ ਕਰ ਗਿਆ। ਜਗਬੀਰ ਉਸ ਦੇ ਜਵਾਬ ਦੀ ਉਡੀਕ ਵਿਚ ਸੀ ਜਦੋਂ ਨੱਛਤਰ ਸਿੰਘ ਕੁੱਝ ਦੇਰ ਤੱਕ ਇਸੇ ਤਰ੍ਹਾਂ ਚੁੱਪ ਵੱਟੀ ਖੜਾ ਰਿਹਾ ਤਾਂ ਉਸ ਨੇ ਕਾਹਲੀ ਨਾਲ ਫੇਰ ਪੁੱਛਿਆ, ‘ਕੀ ਗੱਲ ਨੱਛਤਰ ਸਿਆਂ, ਮੇਰੀ ਗੱਲ ਦਾ ਜਵਾਬ ਨ੍ਹੀਂ ਦਿੱਤਾ?’

‘ਜਵਾਬ ਕੀ ਦੇਵਾਂ ਯਾਰਾਂ…,  ਮੈਂ ਕੁੱਝ ਕਹਿਣ ਲਈ ਸ਼ਬਦਾਂ ਦੀ ਭਾਲ ਕਰ ਰਿਹਾ ਹਾਂ।’

‘ਪਰ ਕੁੱਝ ਤਾਂ ਦੱਸ…?’

‘ਤੇਰੀ ਮੌਤ ਦੀ ਖ਼ਬਰ ਸੁਣਦਿਆਂ ਉਸ ਵਿਚਾਰੀ’ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ…,  ਕਈ ਸਾਲ ਤੇਰੀ ਉਡੀਕ ਵਿਚ ਲੰਘਾ ਦਿੱਤੇ…, ਪਰ ਫ਼ਿਰ ਲੋਕਾਂ ਦੇ ਕਹਿਣ ਤੇ ਉਸ ਨੇ ਤੇਰੇ ਭਰਾ ਬਾਵਰ ਨਾਲ ਵਿਆਹ…?’

ਇਸ ਤੋਂ ਅੱਗੇ ਨੱਛਤਰ ਸਿੰਘ ਕੁੱਝ ਨਾ ਬੋਲ ਸਕਿਆ। ਜੱਗੀ ਨੂੰ ਹੁਣ ਕੁੱਝ ਨਹੀਂ ਸੀ ਸੁਣ ਰਿਹਾ। ਉਹ ਚੁੱਪਚਾਪ ਖੜਾ ਇਕ ਪਲ ਵਿਚ ਆਪਣੀ ਪਤਨੀ ਨਿਰਮਲ ਨਾਲ ਬਣੇ ਇਸ ‘ਬੇਨਾਮ ਰਿਸ਼ਤੇ’ ਬਾਰੇ ਸੋਚ ਰਿਹਾ ਸੀ ਕਿ ਇਸ ‘ਹੋਣੀ’ ਪਿੱਛੇ ਕਸੂਰ ਕਿਸ ਦਾ ਹੈ…,  ਮੇਰਾ…?, ਨਿਰਮਲ ਦਾ…,  ਬਾਵਰ ਦਾ…? ਜਾਂ ਫ਼ਿਰ ਸਮਾਜ ਦਾ… ? ਪਰ ਉਸ ਨੂੰ ਕੋਈ ਜਵਾਬ ਨਹੀਂ ਸੀ ਮਿਲ ਰਿਹਾ।

ਜੱਗੀ ਹੋਲੀ-ਹੋਲੀ ਮੁੜ ਪਿੰਡ ਦੀਆਂ ਗਲੀਆਂ ਤੋਂ ਬਾਹਰ ਵੱਲ ਨੂੰ ਚੱਲ ਪਿਆ। ਦੂਰ ਕਿਸੇ ਗੁੰਮਨਾਮ ਜ਼ਿੰਦਗੀ ਵੱਲ…, ਜਿੱਥੇ ਨਾ ਇਹ ਬੇਨਾਮ ਰਿਸ਼ਤੇ ਅਪੱੜ ਸੱਕਣ ਤੇ ਨਾ ਹੀ ਉਸ ਦੇ ਆਪਣੇ… !

ਨੱਛਤਰ ਸਿੰਘ ਤੁਰੇ ਜਾਂਦੇ ਜੱਗੀ ਨੂੰ ਪਿੱਛੋਂ ਆਵਾਜਾਂ ਮਾਰ ਰਿਹਾ ਸੀ, ‘ਜੱਗੀ…, ਉਏ ਜੱਗੀ…, ਗੱਲ ਤਾਂ ਸੁਣ…, ਘਰ ਤਾਂ ਚੱਲ…, ਤੇਰਾ ਭਰਾ ਬਾਵਰ ਤੈਨੂੰ ਉਡੀਕ…? ਜੱਗੀ…, ਜੱਗੀ…, ਗੱਲ ਤਾਂ ਸੁਣ…, ਤੇਰੀ ਘਰਵਾਲੀ… ! ਜੱਗੀ…, ਜੱਗੀ… !

ਪਰ ਜੱਗੀ ਹੋਲੀ-ਹੋਲੀ ਪਿੰਡ ਤੋਂ ਬਾਹਰ ਜਾ ਚੁੱਕਾ ਸੀ। ਕਿਸੇ ਅਨਜਾਣ ਮੰਜ਼ਲ ਵੱਲ…, ਜਿਸ ਦਾ ਪਤਾ ਉਸ ਨੂੰ ਖੁਦ ਵੀ ਨਹੀਂ ਸੀ …..।

—————————————————

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>