ਕਿੱਕਲੀ ਕਲੀਰ ਦੀ

ਪੰਜਾਬੀ ਸੱਭਿਆਚਾਰ ਦਾ ਅਮੀਰ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ , ਕੁੜੀਆਂ ਚਿੜੀਆਂ ਮੁਟਿਆਰਾਂ ,ਗੱਲ ਕੀ ਹਰ ਉਮਰ ਵਿਚ ਗਾਏ ਜਾਣ ਵਾਲੇ ਗੀਤਾਂ ਨੇ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾਏ ਹਨ ,ਭਾਵੇਂ ਇਨ੍ਹਾਂ ਵਿਚੋਂ ਕਈ  ਗੀਤਾ ਨੂੰ ਕਿਤਾਬੀ ਸ਼ਕਲ ਵਿਚ ਲਿਆਉਣ ਵਿਚ ਕਮੀਂ ਰਹੀ ਹੈ , ਪਰ ਤਾਂ ਵੀ ਇਹ ਗੀਤ ਕਿਸੇ ਨਾ ਤਰ੍ਹਾਂ ਜ਼ਬਾਨੋ ਜ਼ਬਾਨੀ ਅਜੇ ਵੀ ਚਲੇ ਆ ਰਹੇ ਹਨ ,ਵਿਆਹ ਸ਼ਾਦੀਆਂ ਦੇ ਗੀਤ , ਸਿਠਣੀਆਂ , ਘੋੜੀਆਂ ,ਗਿੱਧਾ ,ਤੀਆਂ ਵਿਚ ਸਾਵਣ ਰੁੱਤੇ ,ਪੀਂਘਾਂ ਝੂਟਦੀਆਂ ਮੁਟਿਆਰਾਂ ਦੇ ਗੀਤ ,ਲੋਹੜੀ ਦੇ ਗੀਤ ,ਸ਼ਟਾਪੂ ,ਕੋਟਲਾ ਛਪਾਕੀ ,ਬਾਰਾਂ ਟਹਿਣੀ ,ਅਤੇ ਕਿੱਕਲੀ ਪਾਉਣਾ ,ਤੇ ਇਸ ਦੇ ਨਾਲ ਗਾਏ ਜਾਣ ਵਾਲੇ ਅਧੂਰੇ ਜੇਹੇ ਗੀਤ ਦੀਆਂ ਚਾਰ ਚਾਰ ਕੁ ਪੰਗਤੀਆਂ , ” ਕਿਕਲੀ ਕਲੀਰ ਦੀ , ਪੱਗ ਮੇਰੇ ਵੀਰ ਦੀ ,ਦੁਪੱਟਾ ਮੇਰੇ ਭਾਈ ਦਾ , ਫਿੱਟੇ ਮੂੰਹ ਜਵਾਈ ਦਾ ” ,ਵੀ ਅਜੇ ਜਿਵੇਂ ਦਾ ਤਿਵੇਂ ਕਿਕਲੀ ਪਾਓਣ ਦੇ ਨਾਲ  ਚਲਿਆ ਆ ਰਿਹਾ ਹੈ ।
ਹੱਥਲੇ ਲੇਖ ਰਾਹੀਂ ਮੈਂ ਕਿਕਲੀ ਪਾਓਣ ਬਾਰੇ ਕੁਝ ਜਾਣ ਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ । ਕਿੱਕਲੀ  ਹਾਣ ਦੀਆਂ ਦੋ ਕੁੜੀਆਂ , ਜਾਂ ਮੁਟਿਆਰਾਂ ਆਪਸ ਵਿਚ ਮਿਲ ਕੇ ਪਾਉਂਦੀਆਂ ਹਨ ,ਜਿਸ ਲਈ ਖੁਲ੍ਹੇ ਥਾਂ ਦੀ ਲੋੜ ਹੁੰਦੀ ਹੈ ,ਪਿੰਡਾਂ ਥਾਂਵਾਂ ਤੇ ਪਹਿਲਾਂ ਘਰਾਂ ਦੇ ਵੇਹੜੇ ਆਮ ਤੌਰ ਤੇ ਖੁਲ੍ਹੇ ਹੁੰਦੇ ਹਨ , ਜਿਨ੍ਹਾਂ ਵਿਚ ਜੋੜੀ 2 ਬਨਾ ਕੇ ਕਿੱਕਲੀ ਪਾਈ ਜਾਂਦੀ ਹੈ , ਕੁੜੀਆਂ ਮੁਟਿਆਰਾਂ ਕਿਕਲੀ ਪਾਓਣ ਤੋਂ ਪਹਿਲਾਂ ਅਪਨੀਆਂ ਚੁੰਨੀਆਂ ਲੱਕ ਨਾਲ ਬਨ੍ਹ ਲੈਂਦੀਆਂ ਹਨ ,ਤੇ ਖੁਲ੍ਹੇ ਵੇਹੜੇ ਵਿਚ ਨੰਗੇ ਪੈਰੀਂ ਖਲੋ ਕੇ ਇੱਕ ਦੂਜੀ ਦੇ ਦੋਹਾਂ ਹੱਥਾਂ ਦੇ ਅੰਗੂਠੇ ਪੱਕੀ ਤਰਾਂ ਫੜ ਕੇ ਬਾਹਵਾਂ ਦਾ ਕਰਾਸ ਬਨਾਈ ਅਪਨੇ ਆਪ ਨੂੰ ਪਿੱਛੇ ਨੂੰ ਪੂਰਾ ਤਾਣ ਲਾ ਕੇ ਕੱਸ ਕੇ ਅੱਡੀ ਦੇ ਛੜੱਪੇ ਨਾਲ “ਜਦੋਂ ਧੜੰਮ ਧੜੰਮ ” ਕਰਦੀ ਅੱਡੀਆਂ ਦੇ ਗੇੜੇ ਵਿਚ ਜਦੋਂ ਕਿੱਕਲੀ ਪਾਓਂਦੀਆਂ ਹਨ ,ਤਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ ,ਇੱਸ ਆਵਾਜ਼ ਨਾਲ ਵੇਹੜਾ ਧਮਕ ਉਠਦਾ ਹੈ ,ਤੇ ਕਿਕਲੀ ਦੇ ਗੇੜੇ ਨਾਲ ਕਿਕਲੀ ਦੇ ਉਪਰੋਕਤ ਬੋਲਾਂ ਨਾਲ ਕਿਕਲੀ ਦੇ ਗੇੜਿਆਂ  ਦੀ ਵਧਦੀ ਚਾਲ ਅਤੇ ਮੁਟਿਆਰਾਂ ਦੀਆਂ ਹਵਾ ਵਿਚ ਲਹਿਰਾਉਂਦੀਆਂ ਪਰਾਂਦੇ ਵਾਲੀਆਂ ਗੁੱਤਾਂ ਅਤੇ ਇੱਕ ਦੂਜੀ ਨੂੰ ਹਰਾਉਣ ਦਾ ਨਜ਼ਾਰਾ ਵੀ ਦੇਖਣ ਯੋਗ ਹੁੰਦਾ ਹੈ ,ਤੇ ਆਖਿਰ ਕਿਕਲੀ ਪਾਉਂਦੀਆਂ ਸਾਹੋ ਸਹੀ ਹੋਈਆਂ ਕੁੜੀਆਂ ਹਾਰ ਹਫ ਕੇ ਧਰਤੀ ਤੇ ਹੱਸਦੀਆਂ 2 ਧਰਤੀ ਤੇ ਲੇਟ ਜਾਂਦੀਆਂ ਹਨ ,ਕਿਕਲੀ ਪਾਓਣਾ ਕੁੜੀਆਂ ਲਈ ਇੱਕ ਚੰਗੀ ਖੇਡ ਹੁੰਦੇ ਇੱਕ ਚੰਗੀ ਵਰਜਿਸ਼ ਵੀ ਹੈ ,ਜਿਸ ਨਾਲ ਸਰੀਰ ਦੇ ਸਾਰੇ ਅੰਗਂ ਦੀ ਵਰਜਿਸ਼ ਹੁੰਦੀ ਹੈ ।
ਸਮੇਂ ਦੇ ਨਾਲ ਨਾਲ ਆਧੁਨਿਕ ਯੁਗ ਵਿਚ ਵਿਦਿਆ ਦੇ ਪ੍ਰਸਾਰ ਵਜੋਂ ਮਾਪਿਆਂ ਨੂੰ ਧੀਆਂ ਨੂੰ ਪੜ੍ਹਾਉਣ ਦੀ ਵਧਦੀ ਰੁਚੀ ਕਰਕੇ ਕਿੱਕਲੀ ਪਾਓਣ ਦੀ ਖੇਡ ਬੇਸ਼ਕ ਹੁਣ ਸਭਿਆਚਾਰਕ ਪਰੋਗ੍ਰਾਮਾਂ ਤੱਕ ਹੀ ਸਿਮਟਦੀ ਜਾ ਰਹੀ ਹੈ ,ਸਮੇਂ ਦੀ ਘਾਟ ਅਤੇ ਮਨੋ ਰੰਜਣ ਦੇ ਨਵੀਣ ਸਾਂਧਣਾਂ ਨੇ ਕਿੱਕਲੀ ਕੀ ਸਾਡੇ ਪੁਰਾਤਣ ਸਭਿਆਚਾਰਕ ਵਿਰਸੇ ਵਿਚ ਵੀ ਪੈਰੋ ਪੈਰ ਕਮੀਂ ਲਿਆਂਦੀ ਹੈ ,ਤੇ ਇਨ੍ਹਾਂ ਦੀ ਥਾਂ ਸਾਡੀਆਂ ਹੋਰ ਖੇਡਾਂ  ਲੈ ਰਹੀਆਂ ,ਅੱਜ ਕੁੜੀਆਂ ,ਕਬੱਡੀ , ਹਾਕੀ, ਕੁਸ਼ਤੀ ,ਦੌੜਾਂ ,ਵੇਟ ਲਿਫਟਿੰਗ ,ਅਤੇ ਵਿਦਿਆ ਦੇ ਖੇਤਰ ਵਿਚ ਮਰਦਾਂ ਵਾਂਗ ਵੱਡੀਆਂ ਮੱਲਾਂ ਮਾਰ ਰਹੀਆਂ ਹਨ ,ਪਰ ਸਾਡਾ ਪੁਰਾਤਨ ਸਭਿਆਚਾਰ ਵੀ ਇੱਕ ਅਨਮੋਲ ਖਜ਼ਾਨਾ ਹੈ ,ਜਿਸ ਨੂੰ ਉੱਕਾ ਭੁਲਾ ਦੇਣਾ ਵੀ ਉਚਿੱਤ ਨਹੀਂ ਹੋਵੇਗਾ ,ਅਜ ਜਦੋਂ ਕਦੇ ਕਿਕਲੀ ਨਾਲ ਬੋਲੇ ਜਾਣ ਬੋਲੇ ਜਾਣ ਵਾਲੇ ੳਪ੍ਰੋਕ ਬੋਲ ਯਾਦ ਆਉਂਦੇ ਹਨ ਤਾਂ,ਇਨ੍ਹਾਂ ਛੋਟੇ ਜੇਹੇ ਗੀਤ ਦੇ ਚਾਰ ਬੋਲਾਂ ਦੇ ਅਰਥ ਸਮਝਣ ਲਗਿਆਂ ਵੀ ਮੈਂ ਕੁੱਝ ਸ਼ੱਸ਼ੋ ਪੰਜ ਵਿਚ ਪੈਕੇ ਸੋਚਦਾ ਹਾਂ ,”   ਕਿਕਲੀ ਕਲੀਰ ਦੀ , ਪੱਗ ਮੇਰੇ ਵੀਰ ਦੀ ,ਦੁਪੱਟਾ ਮੇਰੇ ਭਾਈ ਦਾ , ਫਿੱਟੇ ਮੂੰਹ ਜਵਾਈ ਦਾ ” ਭੈਣ ਨੂੰ ਵੀਰ ਦੀ ਪੱਗ ਦਾ ਮਾਣ ਹੁੰਦਾ ਹੈ ,ਭੈਣ ਨੂੰ ਦੁਪੱਟਾ ਵੀ ਵੀਰ ਨੇ ਦਿੱਤਾ ਜਿੱਸ ਤੇ ਭੈਣ ਖੁਸ਼ੀ ਪ੍ਰਗਟ ਕਰਦੀ ਹੈ ,ਪਰ ਜਵਾਈ ਦਾ ਫਿੱਟੇ ਮੂੰਹ ਇੱਸ ਬੋਲ ਦਾ ਪਿਛੋਕੜ ਕੀ ਹੋ ਸਕਦਾ ਹੈ , ਜਾਨਣ ਲਗਿਆਂ ਮੁਸ਼ਕਿਲ ਆਉਂਦੀ ਹੈ ,ਤੇ ਸੋਚਾਂ ਵਿਚ ਪੈ ਜਾਈਦਾ ਹੈ ਕਿ ਜਵਾਈ ਤਾਂ ਸੁਹਰੇ ਘਰ ਬੜੀ ਇਜ਼ੱਤ ਰੱਖਦਾ ਹੈ ,ਉਸ ਦਾ ਫਿੱਟੇ ਮੂੰਹ ਕਿਵੇਂ ਹੋ ਗਿਆ ,ਤੇ ਇਸ ਬਾਰੇ ਸੋਚਦਿਆਂ ਕਿੱਕਲੀ ਬਾਰੇ ਕੁਝ ਬੋਲ ਆਪ ਮੁਹਾਰੇ ,ਨਿਕਲਦੇ ਹਨ ,
ਕਿੱਕਲੀ ਕਲੀਰ ਦੀ ,
ਪੱਗ ਮੇਰੇ ਵੀਰ ਦੀ ,
ਦੁਪੱਟਾ ਭਰਜਾਈ ਦਾ ,
ਸੁੰਦਰ ਕੱਢਾਈ ਦਾ ।
ਕਿੱਕਲੀ ਕਲੀਰ ਦੀ ,
ਭਾਬੀ ਮੇਰੇ ਵੀਰ ਦੀ ,
ਘਰ ਮੇਰੇ ਭਾਈ ਦਾ ,
ਖੰਡ ਘਿਓ ਖਾਈਦਾ ।
ਕਿਕੱਲੀ ਕਲੀਰ ਦੀ ,
ਪੱਗ ਮੇਰੇ ਬਾਪ ਦੀ ,
ਦੁਪੱਟਾ ਮੇਰੀ ਮਾਂ ਦਾ ,
ਦਾਗ ਨਹੀਓਂ ਲਾਈਦਾ ।
ਕਿੱਕਲੀ ਕਲੀਰ ਦੀ ,
ਭੈਣ ਮੇਰੇ ਵੀਰ ਦੀ ,
ਸਹੁਰਿਆਂ ਦੇ ਘਰ ਹੁੰਦਾ ,
ਟੌਹਰ ਹੈ ਜਵਾਈ ਦਾ ।
ਕਿੱਕਲੀ ਕਲੀਰ ਦੀ ,
ਘੁੰਮ ਘੁੰਮ ਜਾਈਦਾ ,
ਏਸ ਨਵੇਂ ਯੁੱਗ ਵਿੱਚ
ਮੁੱਲ ਹੈ ਪੜ੍ਹਾਈਦਾ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>