ਭਿੱਜੇ ਰਹੇ ਕੋਏ, ਤੁਪਕੇ ਨਾ ਚੋਏ

ਸੜਕ ਦੇ ਉਰਲੇ ਪਾਸੇ ਕਈ ਢਾਬੇ ਅਤੇ ਪਰਲੇ ਪਾਸੇ ਕਈ ਚਾਹ ਦੀਆਂ ਦੁਕਾਨਾਂ ਸਨ। ਸੜਕ ਦੇ ਪਰਲੇ ਪਾਸੇ ਸਕੂਲ ਵੀ ਸੀ ਜੋ ਜਿਆਦਾ ਦੂਰ ਨਹੀਂ ਸੀ। ਸਾਇਕਲ, ਸਕੂਟਰ, ਫਟਫਟੀਏ, ਰੇੜ੍ਹੀਆਂ, ਬੈਲ ਗੱਡੀਆਂ ਅਤੇ ਟਰੱਕਾਂ ਦੀ ਤਾਂ ਭਰਮਾਰ ਲਗੀ ਰਹਿੰਦੀ ਸੀ ਪਰ ਕਾਰ ਕੋਈ ਭੁੱਲ ਚੁੱਕ ਦਿੱਸ ਪਵੇ ਤਾਂ ਅਚੰਭਾ ਲਗਦਾ ਸੀ। ਮਾਸਟਰ ਹਰਬੰਤ ਦੇ ਨਾਲ਼ ਬੈਠਾ ਅਧਿਆਪਕ ਚਾਹ ਦਾ ਕੱਪ ਮੇਜ਼ ਤੇ ਰੱਖ, ਲੱਡੂ ਤੇ ਚੱਕ ਮਾਰਨ ਵਾਲ਼ਾ ਹੀ ਸੀ ਕਿ ਇੱਕ ਹਰੇ ਰੰਗ ਦੀ ਕਾਰ, ਸੜਕ ਤੇ ਸ਼ਹਿਰ ਵੱਲ ਜਾਂਦੀ ਉਸਦੀ ਨਜ਼ਰ ਪਈ। ਲੱਡੂ ਪਲੇਟ ਵਿੱਚ ਟਿਕਾ ਉਸ ਹਰਬੰਤ ਤੋਂ ਪੁੱਛਿਆ,“ ਮਾਸਟਰ ਜੀ, ਆਹ ਕਾਰ ਵਿੱਚ ਕਿਸੇ ਦਾ ਮਹਿਮਾਨ ਗਿਆ ਹੈ? ਅੱਜ ਕੱਲ੍ਹ ਵੋਟਾਂ ਤਾਂ ਪੈਂਦੀਆਂ ਨਹੀਂ। ਕੋਈ ਲੀਡਰ ਤਾਂ ਹੋ ਨਹੀਂ ਸਕਦਾ।”

“ ਸਹੀ ਕਿਹਾ ਮਾਸਟਰ ਜੀ ਤੁਸਾਂ। ਅੱਜ ਕੱਲ੍ਹ ਵੋਟਾਂ ਦਾ ਮੌਸਮ ਨਹੀਂ। ਇਹ ਤਾਂ ਅਪਣੇ ਗਿਆਨੀ ਦਾ ਮੁੰਡਾ ਹਰਜੋਤ ਗਿਆ ਹੈ। ਅਮਰੀਕਾ ਵਿੱਚ ਜਾ ਵਸਿਆ ਅਤੇ ਅੱਜ ਕੱਲ੍ਹ ਅਪਣੀ ਜ਼ਮੀਨ ਦਾ ਸੌਦਾ ਕਰਦਾ ਫਿਰਦਾ ਐ।” ਹਰਬੰਤ ਨੇ ਜਾਣਕਾਰੀ ਦਿੱਤੀ।

“ ਕਮਾਲ ਹੋ ਗਈ ਯਾਰ। ਇਹਦੇ ਕੋਲ਼ ਤਾਂ ਕਦੇ ਇੱਕ ਟੁੱਟਿਆ ਜਿਹਾ ਸਾਇਕਲ ਹੀ ਹੁੰਦਾ ਸੀ। ਗਿਆਨੀ ਦਾ, ਗਰੀਬੀ ਦਾ ਕੁਟਿਆ ਹੋਇਆ, ਟੱਬਰ ਹੁੰਦਾ ਸੀ। ਗਿਆਨੀ ਦੀ ਅਚਾਨਕ ਮੌਤ ਨੇ ਤਾਂ ਹੋਰ ਵੀ ਪਤਲੀ ਦਸ਼ਾ ਕਰ ਦਿੱਤੀ ਸੀ। ਇਸਦਾ ਵਿਆਹ ਕਰਨ ਵਿੱਚ ਵੀ ਔਕੜ ਆ ਰਹੀ ਸੀ। ਪਰ ਅੱਜ ਤਾਂ ਅਚੰਭਾਜਨਕ ਨਜ਼ਾਰਾ ਵੇਖਿਆ। ਦਾਦ ਦੇਣੀ  ਪੈਂਦੀ ਐ ਵਾਹਿਗੁਰੂ ਤੈਨੂੰ, ਭਿਖਾਰੀ ਤੇ ਰਾਜ ਕਰਾਵੈਂ!” ਅਧਿਆਪਕ ਹੈਰਾਨ ਹੋਇਆ।

“ ਮਿੱਤਰਾ ਇਸ ਵਿਚਾਰੇ ਦਾ ਵਿਆਹ ਕਿਸ ਨੇ ਕਰਨਾ ਸੀ। ਪਿਉ ਦੇ ਵਿਛੋੜੇ ਤੋਂ ਬਾਅਦ ਬਹੁਤ ਦੁਖੀ ਰਿਹਾ। ਕਿਸੇ ਠੇਕੇਦਾਰ ਕੋਲ਼ ਟਾਈਮ ਕੀਪਰ ਦੀ ਨੌਕਰੀ ਕਰਦਾ ਸੀ। ਐਮ ਏ ਕੀਤੀ ਹੋਈ ਸੀ। ਸਿਫਾਰਸ਼ ਤੋਂ ਬਿਨਾ ਚੰਗੀ ਨੌਕਰੀ ਹੱਥ ਨਹੀਂ ਆ ਸਕਦੀ। ” ਹਰਬੰਤ ਬੋਲਿਆ, ਥੋੜਾ ਰੁਕਿਆ ਅਤੇ ਫੇਰ ਬੋਲਿਆ, “ ਬਲਜੀਤ, ਅਪਣੇ ਹੈਡਮਾਸਟਰ ਦੀ ਧੀ ਨੂੰ ਕਈ ਮੁੰਡਿਆਂ ਨੇ ਵੇਖਿਆ ਸੀ ਪਰ ਕਿਤੇ ਸੰਜੋਗ ਨਾ ਜੁੜ ਸਕਿਆ।  ਕੰਨਿਆਂ ਦਿਨ ਭਰ ਦਿਨ ਡਿੱਪ੍ਰੈਸ਼ਨ ਵਿੱਚ ਡੁੱਬਦੀ ਜਾ ਰਹੀ ਸੀ। ਥੋੜ੍ਹੀ ਦਿਮਾਗ਼ ਦੀ ਕਮਜ਼ੋਰ ਤਾਂ ਲਗਦੀ ਸੀ ਪਰ ਹੋਰ ਕੋਈ ਬਹੁਤਾ ਕਜ ਨਹੀਂ ਸੀ। ਮਂੈ ਗਿਆਨੀ ਦੇ ਮੁੰਡੇ ਨਾਲ਼ ਵਿਆਹ ਕਰਵਾ ਦਿੱਤਾ। ਵੇਖ ਵਿਖਾਈ ਵੀ ਨਹੀਂ ਹੋਈ। ਜੋੜੀ ਜਮ ਗਈ।” ਹਰਬੰਤ ਨੇ ਕੀਤੇ ਭਲੇ ਤੇ ਫਖ਼ਰ ਮਹਿਸੂਸ ਕਰਦਿਆਂ ਕਥਾ ਬਿਆਨ ਕਰ ਦਿੱਤੀ।

“ ਹੁਣ ਤਾਂ ਮੁੰਡਾ ਮੌਜਾਂ ਵਿੱਚ ਗ੍ਰਹਸਤ ਹੋਇਆ ਲਗਦਾ ਹੈ।” ਅਧਿਆਪਕ ਨੇ ਅਸਚਰਜ ਦਰਸ਼ਾਇਆ।

“ ਹਰਜੋਤ ਅਪਣੇ ਮਿੱਤਰਾਂ ਦੀ ਮਦਦ ਨਾਲ਼ ਅਮਰੀਕਾ ਜਾ ਵਸਿਆ। ਉਹ ਦੋ ਮੁੰਡਿਆਂ ਦਾ ਪਿਉ ਵੀ ਹੈ।  ਮੈਂ ਵੀ ਅੱਜ ਹਰਜੋਤ ਨਾਲ਼ ਸਲਾਹ ਕਰਾਂਗਾ ਅਪਣੇ ਨਲਾਇਕ ਪੁੱਤਰ ਵਾਰੇ। ਜੇ ਉਸਦਾ ਵੀ ਕੁੱਝ ਬਣ ਜਾਵੇ। ਕਹਿੰਦੇ ਨੇ ਕਿ ਅਮਰੀਕਾ ਵਿੱਚ ਹਰ ਇੱਕ ਦੇ ਹੱਥ ਕੁਝ ਨਾ ਕੁੱਝ ਲਗ ਹੀ ਜਾਂਦਾ ਹੈ।”  ਹਰਬੰਤ ਨੇ ਹਰਜੋਤ ਨਾਲ਼, ਅਪਣੀ ਜਾਣ ਪਹਿਚਾਣ ਨੂੰ, ਅਧਿਆਪਕ ਦੇ ਸਾਹਮਣੇ, ਹੋਰ ਗੂੜ੍ਹਾ ਰੰਗ ਚੜ੍ਹਾ ਪੇਸ਼ ਕੀਤਾ।

ਕਈ ਦਿਨਾਂ ਮਗਰੋਂ ਜਦੋਂ ਹਰਜੋਤ ਅਤੇ ਹਰਬੰਤ ਦੀ ਅਚਾਨਕ ਮੁਲਾਕਾਤ ਹੋ ਗਈ ਤਾਂ ਹਰਬੰਤ ਨੇ ਪਿਆਰ ਨਾਲ਼ ਖਬਰ ਸਾਰ ਪੁੱਛੀ। “  ਹਰਜੋਤ ਬੀਬਾ, ਅਪਣੀ ਸੁੱਖ ਸਾਂਦ ਬਾਰੇ, ਘਰ ਵਾਰ ਵਾਰੇ ਕੋਈ ਗੱਲ ਬਾਤ ਹੀ ਸੁਣਾ। ਕਈ ਵੇਰ ਸੋਚਿਆ ਤੈਨੂੰ ਮਿਲਣ ਵਾਰੇ ਪਰ ਤੂੰ ਸਵੇਰੇ ਹੀ ਕਾਰ ਭਜਾ, ਸ਼ਹਿਰ ਜਾ ਵੜਦਾ ਏਂ।”

“ ਕੀ ਦੱਸਾਂ ਮਾਸਟਰ ਜੀ! ਭਿੱਜੇ ਰਹੇ ਕੋਏ, ਤੁਪਕੇ ਨਾ ਚੋਏ। ਇਹੋ ਹਾਲ ਹੈ ਜੀ, ਮੇਰਾ ਤਾਂ। ਜ਼ਮੀਨ ਵੇਚਣ ਦਾ ਉਪਰਾਲ਼ਾ ਕਰਦਾ ਫਿਰਦਾ ਹਾਂ ਜੀ।” ਹਰਜੋਤ ਬੋਲਿਆ।

“ ਬੱਚੇ ਤਾਂ ਪੜ੍ਹ ਗਏ ਹੋਣਗੇ? ਉੱਚ ਵਿਦਿਆ ਪਾ ਚੁਕੇ ਹੋਣਗੇ।” ਹਰਬੰਤ ਦੀ ਉਤਸੁਕਤਾ ਵਧੀ।

“ ਮਾਸਟਰ ਜੀ ਹੁਣ ਤਾਂ ਨੌਕਰੀ ਵੀ ਕਰਨ ਲਗ ਪਏ ਨੇ।”

“ ਬਲਜੀਤ ਕੌਰ?” ਮਾਸਟਰ ਨੇ ਡਰਦੇ ਡਰਦੇ ਪੁੱਛ ਲਿਆ।

“ ਅੱਜ ਕੱਲ੍ਹ ਸਕਿਆਟਰਿਸਟ ਦੀ ਨਿਗਰਾਨੀ ਹੇਠ ਹੈ। ਕਈ ਵੇਰ ਦੌਰਾ ਪੈ ਜਾਂਦਾ ਹੈ ਜੀ। ਹਸਪਤਾਲ਼ ਵਿੱਚ ਅਕਸਰ ਭਰਤੀ ਕਰਵਾਉਣੀ ਪੈਂਦੀ ਐ। ਕਈ ਵੇਰ ਤਾਂ ਡਰ ਲਗਦਾ ਐ ਐਵਂੇ ਕਿਤੇ ਸੱਟ ਨਾ ਖਾ ਲਵੇ।” ਹਰਜੋਤ ਨੇ ਦੱਸਿਆ। ਤਰ ਅੱਖਾਂ, ਬੁੱਲ੍ਹਾਂ ਤੇ ਬਣਾਉਟੀ ਮੁਸਕੁਰਾਹਟ ਵਿੱਚੋਂ ਮਾਸਟਰ ਨੂੰ ਪ੍ਰੇਸ਼ਾਨ, ਦੁਖੀ ਆਤਮਾ ਦੀ ਝਲਕ ਪਈ।

“ ਬਲਜੀਤ ਬਿਮਾਰ ਹੈ? ਕੋਈ ਖਤਰਨਾਕ ਬਿਮਾਰੀ ਤਾਂ ਨਹੀਂ ਹੋਣੀ।” ਮਾਸਟਰ ਦੇ ਮਨ ਦਾ ਡਰ ਮਾਸਟਰ ਦੇ ਮੂੰਹੋਂ ਨਿੱਕਲਿਆ।

“ ਬਲਜੀਤ  ਤਾਂ ਵਿਆਹ ਤੋਂ ਪਹਿਲਾਂ ਹੀ ਇਸ ਬਿਮਾਰੀ ਵਿੱਚ ਫਸੀ ਹੋਈ ਸੀ। ਬ੍ਰੇਨ ਵਿੱਚ ਕੋਈ ਘਾਟ ਸੀ। ਹੌਲ਼ੀ ਹੌਲੀ ਰੋਗ ਵਧਦਾ ਗਿਆ। ਬੱਚਿਆਂ ਦੀ ਕੁੱਟ ਮਾਰ ਕਰਨ ਲਗ ਪਈ। ਵਿਚਾਰੇ ਨਿੱਕੇ ਬਾਲਕ ਉਸਦਾ ਗੁੱਸਾ ਸਹਾਰ ਨਾ ਸਕਦੇ, ਕਮਜ਼ੋਰ ਹੋਣ ਲਗ ਪਏ। ਮੈਂ ਦਫਤਰੋਂ ਆਉਂਦਾ ਸਾਂ ਤਾਂ ਮੇਰੀ ਲੱਤਾਂ ਨਾਲ਼ ਹੀ ਚੰਬੜਕੇ ਰੋਣ ਲਗ ਪੈਂਦੇ। ਮੈਂ ਪਿਆਰ ਨਾਲ਼ ਭੋਜਨ ਬਣਾ ਖਵਾਉਂਦਾ ਰਿਹਾ। ਬਲਜੀਤ ਮੈਨੂੰ ਵੀ ਗਾਲ਼ਾਂ ਬਕਦੀ। ਸਭ ਸਹਿਣਾ ਹੀ ਪੈਂਦਾ ਸੀ। ਕਾਸ਼ ਵਿਆਹ ਤਂੋ ਪਹਿਲਾਂ ਪਤਾ ਲਗ ਜਾਂਦਾ।” ਹਰਜੋਤ  ਦਾ ਚਿਹਰਾ ਉਤਰ ਗਿਆ।

“ ਸੰਜੋਗ ਤਾਂ ਵਾਹਿਗੁਰੂ ਜੀ ਹੀ ਮਿਲਾਉਂਦੇ ਹਨ। ਅਮਰੀਕਾ ਵਿੱਚ ਤਾਂ ਹਰ ਬਿਮਾਰੀ ਦਾ ਸਹੀ ਇਲਾਜ ਹੁੰਦਾ ਹੈ। ਹੁਣ ਡਾਕਟਰ ਦੀ ਨਿਗਰਾਨੀ ਹੇਠ ਹੈ, ਸਭ ਠੀਕ ਹੋ ਜਾਵੇਗਾ। ਬਿਮਾਰੀ ਤਾਂ ਆਉਣੀ ਜਾਣੀ ਚੀਜ਼ ਹੁੰਦੀ ਐ। ਬਲਜੀਤ ਪਹਿਲਾਂ ਨੌਕਰੀ ਤਾਂ ਕਰਦੀ ਹੀ ਹੋਵੇਗੀ। ਪੜ੍ਹੀ ਲਿੱਖੀ ਕੁੜੀ ਐ।” ਮਾਸਟਰ ਜੀ ਨੇ ਸਹਾਨੂਭੂਤੀ ਪ੍ਰਗਟ ਕਰਦਿਆਂ, ਅਪਣੇ ਕੀਤੇ ਹੋਏ ਭਲੇ ਤੋਂ ਵਿੱਥ ਪਾ, ਪੁੱਛਿਆ।

“ ਹਾਂ ਜੀ ਨੌਕਰੀ ਤਾਂ ਕਰਦੀ ਰਹੀ ਹੈ। ਦੋ ਕੁ ਸਾਲ ਤੋਂ ਵੱਧ ਕਿਸੇ ਕੰਮ ਤੇ ਨਹੀਂ ਟਿਕੀ। ਕਦੇ ਕਿਸੇ ਨਾਲ਼ ਊਚ ਨੀਚ ਅਤੇ ਕਦੇ ਕੰਮ ’ਚ ਅਨਗਹਿਲੀ ਕਾਰਨ ਨੌਕਰੀ ਛੁਟਦੀ ਰਹੀ। ਡਿੱਪ੍ਰੈਸ਼ਨ ਵਿੱਚ ਵਾਧਾ ਹੁੰਦਾ ਗਿਆ। ਆਦਤਾਂ ਬੰਦੇ ਦਾ ਪਿੱਛਾ ਨਹੀਂ ਛੱਡਦੀਆਂ ਜੀ। ਮੈਂ ਤਾਂ ਬਹੁਤ ਸਮਝਾਉਂਦਾ ਵੀ ਰਿਹਾ ਕਿ ਨੌਕਰੀ ਕਰਨ ਦੀ ਜ਼ਰੂਰਤ ਹੀ ਨਹੀਂ। ਬੱਚਿਆਂ ਦੇ ਰੋਟੀ ਪਾਣੀ ਅਤੇ ਪੜ੍ਹਾਈ ਦਾ ਖਿ਼ਆਲ ਰੱਖੇਂ ਤਾਂ ਬਹੁਤ ਹੈ।”

“ ਉਸ ਨੂੰ ਇਤਰਾਜ਼ ਕੀ ਸੀ? ਭੋਜਨ ਤਾਂ ਚੰਗਾ ਬਣਾ ਲੈਂਦੀ ਐ। ਉਸਦੀ ਮਾਂ ਨੇ ਰਸੋਈ ਸਿਖਿਆ ਤਾਂ ਠੀਕ ਦਿੱਤੀ ਐ, ਮੈਨੂੰ ਪਤਾ ਹੈ।” ਮਾਸਟਰ ਹੈਰਾਨ ਹੋਇਆ।

“ ਹਾਂ ਜੀ, ਭੋਜਨ ਤਾਂ ਬਹੁਤ ਵਧੀਆ ਬਣਾਉਂਦੀ ਐ ਪਰ ਬਣਾਉਂਦੀ ਹੀ ਘੱਟ ਵੱਧ ਐ। ਪਤਾ ਨਹੀਂ ਕਿਉਂ ਮੈਨੂੰ ਕੋਸਦੀ ਹੀ ਰਹਿੰਦੀ ਐ। ਕਹਿੰਦੀ ਐ — ਅਪਣੀਆਂ ਅਤੇ ਅਪਣੇ ਬੱਚਿਆਂ ਦੀਆਂ ਆਪ ਥੱਪਿਆ ਕਰ। ਮੈਂ ਵੀ ਨੌਕਰੀ ਕਰਦੀ ਹਾਂ। ਤੇਰੀ ਨੌਕਰਾਣੀ ਨਹੀਂ। ਮੈਂ ਇਨਸਾਨ ਹਾਂ ਡੰਗਰ ਨਹੀਂ। – ਮੈਂ ਚੁੱਪ ਚਾਪ ਸੁਣਦਾ ਰਹਿੰਦਾ ਹਾਂ। ਰਸੋਈ ਸਾਂਭਦਾ ਹਾਂ। ਮੁੰਡੇ ਵੀ ਹੁਣ ਤਾਂ ਮਦਦ ਕਰ ਦੇਂਦੇ ਨੇ ਜੀ। ਬਲਜੀਤ ਦਾ ਕਸੂਰ ਵੀ ਕੀ ਕੱਢਾਂ। ਬਿਮਾਰੀ ਤਾਂ ਇਨਸਾਨ ਨੂੰ ਅਪਾਹਜ ਹੀ ਬਣਾ ਛੱਡਦੀ ਹੈ। ਉਸ ਤੇ ਤਰਸ ਵੀ ਆਉਂਦਾ ਹੈ, ਗੁੱਸਾ ਵੀ। ਰੋਸਾ ਵੀ, ਕਦੇ ਕਦੇ ਕਰ ਬਹਿੰਦਾ ਹਾਂ। ਬਿਮਾਰੀ ਪੈਸੇ ਦਾ ਘਾਣ ਤਾਂ ਕਰ ਹੀ ਦਿੰਦੀ ਐ। ਪਿਛਲੇ ਕਰਮਾਂ ਦਾ ਫਲ਼ ਤਾਂ ਜੀ ਭੁਗਤਣਾ ਪਵੇਗਾ ਹੀ।” ਹਰਜੋਤ ਦੀਆਂ ਨਮ ਅੱਖਾਂ, ਦੁਖੀ ਰੂਹ ਦਾ, ਸ਼ੀਸ਼ਾ ਬਣ ਸਾਹਮਣੇ ਆਈਆਂ।

“ ਪੁੱਤਰ ਵਾਹਿਗੁਰੂ ਹਰ ਸਿਰ ਤੇ ਅਪਣਾ ਮਿਹਰ ਭਰਿਆ ਹੱਥ ਰਖਦੇ ਨੇ। ਰੱਬ ਤੇਰਾ ਰਾਹ ਵੀ ਆਸਾਨ ਕਰਨਗੇ, ਬੱਸ ਹਿੰਮਤ ਰੱਖ।”  ਹਰਬੰਤ ਮਾਸਟਰ ਜਿਵੇਂ ਪ੍ਰਭੂ ਅੱਗੇ ਪ੍ਰਾਰਥਨਾ ਕਰ ਰਿਹਾ ਹੋਵੇ, ਬੋਲਿਆ।

“ ਇਸੇ ਆਸ ਤੇ ਵਕਤ ਕੱਟੀ ਜਾਈਦਾ ਐ ਜੀ। ਅਜੇ ਜ਼ਮੀਨ ਦਾ ਸੌਦਾ ਵੀ ਸਿਰੇ ਨਹੀਂ ਚੜ੍ਹਿਆ। ਵੇਚਣ ਆਇਆ ਸੀ।”

“ ਕਿਸੇ ਨਾਲ਼ ਗੱਲ ਬਾਤ ਚਲ ਵੀ ਰਹੀ ਐ ਕਿ ਨਹੀਂ।” ਹਰਬੰਤ ਨੇ ਇੱਕ ਹੋਰ ਸੁਆਲ ਕੀਤਾ।

“ ਹਾਂ ਜੀ , ਚਾਲੀ ਲੱਖ ਮਿਲਦੇ ਨੇ ਪਰ ਦਸ ਲੱਖ ਦਾ ਚੈਕ ਅਤੇ ਬਾਕੀ ਨਕਦੀ ਹੀ ਦੇ ਰਹੇ ਨੇ। ਰਜਿਸਟਰੀ ਦਸ ਲੱਖ ਦੀ ਹੀ ਮੰਗਦੇ ਨੇ। ਮੈਂ ਬਲੈਕ ਦਾ ਪੈਸਾ ਅਮਰੀਕਾ ਕਿਵੇਂ ਲੈ ਜਾਵਾਂ ਇਹ ਵੀ ਸਮੱਸਿਆ ਹੈ। ਗੱਲ ਅੜੀ ਹੋਈ ਐ।”

“ ਘਰ ਵਾਲ਼ੀ ਲਈ ਗਹਿਣੇ, ਉਹ ਵੀ ਹੀਰਿਆਂ ਦੇ ਬਣਵਾ ਲੈ ਜਾ। ਇੱਕ ਚੱਕਰ ’ਚ ਨਹੀਂ ਦੋਹਾਂ ’ਚ ਲੈ ਜਾਵੀਂ।” ਹਰਬੰਤ ਜੀ ਦੀ ਸਲਾਹ ਹਰਜੋਤ ਨੂੰ ਮੁਆਫਕ ਨਹੀਂ ਆਈ।

“ ਬਲਜੀਤ ਤਾਂ ਮੈਨੂੰ ਓਥੇ ਪਹੁੰਚਦਿਆਂ ਹੀ ਜੇਹਲ ਪਹੁੰਚਵਾ ਦਊਗੀ ਜੀ।” ਹਰਜੋਤ ਨੇ ਮਨ ਹੀ ਮਨ ਸੋਚਿਆ। “  ਕਿਸੇ ਦਾ ਬਲੈਕ ਦਾ ਪੈਸਾ ਤਨ ਨਾਲ਼ ਨਹੀਂ ਲਗਾਵੇਗੀ। ਪੱਕੀ ਦੇਸ਼ ਭਗਤ ਵੀ ਤੇ ਹੈ।”

“ ਪੁੱਤਰ ਮੈਨੂੰ ਪੁੱਛਣਾ ਤਾਂ ਨਹੀਂ ਚਾਹੀਦਾ। ਸਾਡੇ ਮੇਜਰ ਦਾ ਮੁੰਡਾ ਜੋ ਕਿਤੇ ਤੇਰੇ ਨੇੜੇ ਤੇੜੇ ਹੀ ਰਹਿੰਦਾ ਹੈ, ਕੁੱਝ ਮਹੀਨੇ ਪਹਿਲਾਂ ਦੇਸ਼ ਆਇਆ ਸੀ। ਉਹ ਕਹਿੰਦਾ ਸੀ ਕਿ ਤੈਨੂੰ ਕਿਸੇ ਕਾਰਨ ਜੇਹਲ ਵਿੱਚ ਵੀ ਬੰਦ ਹੋਣਾ ਪਿਆ ਸੀ। ਉਸਨੇ ਜ਼ਮਾਨਤ ਵੀ ਕਰਵਾਈ ਸੀ ਤੇਰੀ। ਮੈਨੂੰ ਤਾਂ ਯਕੀਨ ਹੀ ਨਹੀਂ ਆਇਆ।” ਮਾਸਟਰ ਜੀ ਨੇ ਪੁਰਾਣੀ ਸੁਣੀ ਖਬਰ ਪੱਕੀ ਕਰਨ ਲਈ ਪੁੱਛ ਹੀ ਲਿਆ।

“ ਮਾਸਟਰ ਜੀ, ਗੱਲ ਤਾਂ ਸੋਲ਼ਾਂ ਆਨੇ ਸੱਚ ਹੈ। ਜ਼ਮਾਨਤ ਉਸੇ ਨੇ ਹੀ ਕਰਵਾਈ ਸੀ। ਪਰਦੇਸ ਵਿੱਚ ਅਪਣੇ ਹੀ ਕੰਮ ਆਉਂਦੇ ਨੇ।” ਹਰਜੋਤ ਸਮਝ ਗਿਆ ਕਿ ਮਾਸਟਰ ਗੱਲਾਂ ਵਿੱਚ ਦਿਲਚਸਪੀ ਕਿਉਂ ਲੈਂਦਾ ਹੈ। ਸਰੀਕਾ ਕਿਸੇ ਨੂੰ ਨਹੀਂ ਬਖ਼ਸ਼ਦਾ। ਦੁਖਦੀ ਨਸ ਤੇ ਹੱਥ ਰੱਖਿਆ ਗਿਆ। ਪੀੜ ਨੇਤਰਾਂ ਤੱਕ ਆ ਪਹੁੰਚੀ।

“ ਕੋਈ ਗ਼ਲਤੀ ਕਰ ਬੈਠਾ ਸੀ? ਕੋਈ ਕਾਨੂੰਨ ਉਲੰਘਣਾ?” ਮਾਸਟਰ ਜਾਣਦਿਆਂ ਵੀ ਜਾਣਨਾ ਚਾਹੁੰਦਾ ਸੀ।

“ ਮੇਜਰ ਦੇ ਮੁੰਡੇ ਨੇ ਕੁੱਝ ਤਾਂ ਦੱਸਿਆ ਹੀ ਹੋਵੇਗਾ, ਮਾਸਟਰ ਜੀ?” ਹਰਜੋਤ ਨੇ ਥੋੜ੍ਹਾ ਵੱਟ ਜ਼ਰੂਰ ਖਾਧਾ। ਝੂਠ ਬੋਲਕੇ ਵੀ ਗੱਲ ਮੁਕਾ ਨਹੀਂ ਸੀ ਸਕਦਾ।

“ ਮੇਜਰ ਦੇ ਮੁੰਡੇ ਦੀ ਗੱਲਾਂ ਤੇ ਯਕੀਨ ਕਰਨਾ ਔਖਾ ਲਗਦਾ ਐ, ਹਰਜੋਤ। ਜੋ ਉਸ ਦੱਸਿਆ ਪੂਰਾ ਸਹੀ ਨਹੀਂ ਲਗਦਾ।” ਮਾਸਟਰ ਨੇ ਸਫਾਈ ਦੇਣ ਦਾ ਯਤਨ ਕੀਤਾ।

“ ਫੇਰ ਵੀ ਜੋ ਦੱਸਿਆ, ਦੱਸੋ ਤਾਂ ਸਹੀ।” ਹਰਜੋਤ ਦੀ ਉਤਸੁਕਤਾ ਨੇ ਡਰ ਦਾ ਰੰਗ ਵੀ ਚੜ੍ਹਾ ਲਿਆ।

“ ਬੇਟਾ, ਉਸ ਦੱਸਿਆ ਸੀ ਕਿ ਬਲਜੀਤ ਨੇ ਫੋਨ ਕਰਕੇ ਪੁਲਿਸ ਸੱਦ ਲਈ ਸੀ। ਤੇਰੀ ਬਲਜੀਤ ਨਾਲ਼ ਤੂੰ ਤੂੰ, ਮੈਂ ਮੈਂ, ਹੋ ਰਹੀ ਸੀ। ਤੂੰ ਉਸ ਤੇ ਹੱਥ ਵੀ ਚੁੱਕਿਆ ਸੀ। ਗਲਤ ਸ਼ਬਦ ਵੀ ਉਚਾਰ ਰਿਹਾ ਸਂੈ।”

“ ਮਾਸਟਰ ਜੀ, ਗੱਲ ਅੱਧੀ ਸੱਚ ਹੈ। ਲੜਾਈ ਜ਼ਰੂਰ ਹੋਈ। ਬਲਜੀਤ ਦੀ ਦਿਨ ਭਰ ਦਿਨ ਨਿੱਘਰਦੀ ਜਾ ਰਹੀ ਮਾਨਸਿਕ ਦਸ਼ਾ ਅਸਿਹ ਰੂਪ ਧਾਰਨ ਕਰ ਚੁਕੀ ਸੀ। ਹਰ ਵੇਲ਼ੇ, ਹਰ ਗੱਲ ਸ਼ੱਕ ਦੀ ਤੱਕੜੀ ਵਿੱਚ ਜੋਖਣ ਲਗ ਪਈ ਸੀ। ਗੁਸੈਲੀ ਬਹੁੱਤ ਹੋ ਗਈ ਸੀ, ਸ਼ਾਇਦ ਮਾਨਸਿਕ ਅਸਥਿਰਤਾ ਦੇ ਪ੍ਰਭਾਵ ਹੇਠ। ਮੈਨੂੰ ਕ੍ਰੋਧ ਜ਼ਰੂਰ ਆਇਆ ਸੀ। ਨਿੱਕੀ ਜਿਹੀ ਨਰਾਜ਼ਗੀ ਕਾਰਨ ਦੁਰਸ਼ਬਦਾਂ ਦੀ ਝੜੀ ਲਗਾਈ ਹੋਈ ਸੀ, ਉਸਨੇ। ਚਾਕੂ ਚੁੱਕ ਮੇਰੇ ਵੱਲ ਭੱਜੀ ਆਈ ਸੀ। ਮੈਂ ਹੱਥ ਫੜਕੇ, ਉਸ ਤੋਂ ਚਾਕੂ ਖੋਹ ਲਿਆ। ਫੇਰ ਉਹ ਆਪ ਡਰ ਗਈ। ਫਜ਼ੂਲ ਖਤਰਾ ਮਹਿਸੂਸ ਕਰ ਗਈ ਅਤੇ ਪੁਲਿਸ ਨੂੰ ਬੁਲਾ ਬੈਠੀ। ਬਚਾ ਦਾ ਰਾਹ ਉਸਨੂੰ ਪੁਲਿਸ ਦਾ 911 ਫੋਨ ਨੰਬਰ ਹੀ ਸੁਝਿਆ, ਜੋ ਝੱਟ ਘੁਮਾ ਦਿੱਤਾ। ਹਥਕੜੀ ਲੱਗਣੀ ਹੀ ਸੀ। ਫੇਰ ਆਪ ਹੀ, ਮੇਜਰ ਦੇ ਮੁੰਡੇ ਨੂੰ ਨਾਲ਼ ਲੈ, ਕੇਸ ਵਾਪਸ ਲਿਆ ਅਤੇ ਮੇਰੀ ਜ਼ਮਾਨਤ  ਕਰਵਾ ਅਪਣੇ ਨਾਲ਼ ਹੀ ਲੈ ਆਈ। ਤਦ ਕਿਤੇ ਜਾ ਕੇ ਬਚਾ ਹੋਇਆ। ਨਹੀਂ ਤਾਂ ਬੰਨ੍ਹਿਆਂ ਗਿਆ ਸਾਂ ਲੰਮੇ ਸਮੇ ਲਈ।” ਭਿੱਜੀਆਂ ਅੱਖਾਂ ਮਾਸਟਰ ਲਈ ਵਿਦਿਆਰਥੀ ਦੇ ਸੱਚ ਦਾ ਸਬੂਤ ਸਨ।

“ ਬੇਟਾ, ਜਿ਼ੰਦਗੀ ਵਿੱਚ ਉਤਾਰ ਚੜ੍ਹਾ ਤਾਂ ਆਉਂਦੇ ਹੀ ਨੇ। ਮੈਂ ਸੁਣਿਆਂ ਮੇਜਰ ਦੇ ਮੁੰਡੇ ਦਾ ਵੀ ਤਲਾਕ ਹੋ ਗਿਆ ਹੈ।” ਮਾਸਟਰ ਜੀ ਨੇ ਪਿਆਰ ਨਾਲ,਼ ਇੱਕ ਹੋਰ ਖੁੱਡ ਫਰੋਲ਼ ਲਈ।

“ ਹਾਂ ਜੀ। ਸ਼ਰਾਬ ਜਿ਼ਆਦਾ ਪੀਣ ਲਗ ਪਿਆ ਸੀ। ਕੁੜੀ ਤਾਂ ਬਹੁਤ ਚੰਗੀ ਐ, ਆਪ ਜੀ ਨੂੰ ਪਤਾ ਹੀ ਐ।” ਹਰਜੋਤ ਨੇ ਗੱਲ ਨੂੰ ਛੇਤੀ ਗੁੱਲ ਕਰਨਾ ਚਾਹਿਆ।

“ ਬੇਟਾ ਬਲਜੀਤ ਦੀ ਖਬਰ ਆਉਂਦੀ ਰਹਿੰਦੀ ਐ ਐਥੇ? ਤੁੰ ਦੱਸਿਆ ਸੀ ਅੱਜ ਕੱਲ੍ਹ ਹਸਪਤਾਲ਼ ਵਿੱਚ ਇਲਾਜ ਚਲ ਰਿਹਾ ਹੈ।”

“ ਹਾਂ ਮਾਸਟਰ ਜੀ। ਫੋਨ ਆ ਜਾਂਦਾ ਐ।” ਹਰਜੋਤ ਸੋਚੀਂ ਪੈ ਗਿਆ। ਉਸਨੂੰ ਲਗਿਆ ਜਿਵੇਂ ਮਾਸਟਰ ਜੀ ਨੂੰ ਪਤਾ ਲਗ ਚੁਕਾ ਹੈ, ਉਸ ਦਾ ਵੀ, ਜੋ ਨਵੀਂ ਬਿਜਲੀ ਉਸ ’ਤੇ ਡਿੱਗੀ। ਸੱਚ ਨੂੰ ਆਂਚ ਕਿਹਾ, ਦੱਸ ਹੀ ਦੇਣਾ ਚਾਹੀਦਾ ਹੈ।

“ ਬੇਟਾ, ਜੋੜੀਆਂ ਰੱਬ ਆਪ ਹੀ ਬਣਾਉਂਦਾ ਹੈ। ਮਿਲ ਜੁਲ ਰਿਹਾ ਕਰੋ। ਬਲਜੀਤ ਦਾ ਖਿ਼ਆਲ ਵੀ ਰੱਖਣਾ ਜ਼ਰੂਰੀ ਐ।”

“ ਹਾਂ ਜੀ ਕੋਸਿ਼ਸ਼ ਤਾਂ ਪੂਰੀ ਕਰੀ ਦੀ ਐ। ਪਤਾ ਨਹੀਂ ਕਿਉਂ ਉਸਨੇ ਇੱਕ ਦਿਨ ਆਤਮ ਹੱਤਿਆ ਕਰਨ ਦੀ ਕੋਸਿ਼ਸ਼ ਕੀਤੀ ਪਰ ਰੱਬ ਦੀ ਕਿਰਪਾ ਸਦਕਾ ਮੁੰਡਾ ਉਸ ਦਿਨ ਅਜੇ ਘਰੇ ਹੀ ਸੀ। ਫੁਰਤੀ ਨਾਲ਼ ਐਂਬੁਲੈਂਸ ਬੁਲਾ ਉਸ ਅਪਣੀ ਮਾਤਾ ਹਸਪਤਾਲ ਪਹੁੰਚਾ ਦਿੱਤੀ ਅਤੇ ਬਚਾ ਹੋ ਗਿਆ। ਬਚ ਤਾਂ ਗਈ ਪਰ ਹੁਣ ਸਾਡੀ ਜਾਨ ਨੂੰ ਬਣੀ ਰਹਿੰਦੀ ਐ, ਹਰ ਪਲ।” ਹਰਜੋਤ ਨੇ ਬਚੀ ਖੁਚੀ ਕਥਾ ਵੀ ਉਗਲ ਹੀ ਦਿੱਤੀ।

ਮਾਸਟਰ ਨੇ ਹਰਜੋਤ ਵੱਲ ਤਰਸਭਰੀ ਨਿਗਾਹ ਘੁਮਾਈ ਅਤੇ ਬੋਲਿਆ, ” ਪੁੱਤਰ, ਜਿਸ ਕੋ ਰਾਖੇ ਸਾਂਈਆਂ, ਨਾ ਉਹ ਮਰੇ ਨਾ ਮਾਰਿਆ ਜਾਏ।”

“ ਵਾਹ ਮਾਸਟਰ ਜੀ, ਤੁਸੀਂ ਤਾਂ ਨਵੀਂ ਨਕੋਰ ਬਾਣੀ ਹੀ ਰਚ ਦਿੱਤੀ।” ਹਰਜੋਤ ਸਤਿ ਸ੍ਰੀ ਅਕਾਲ ਬੋਲ ਚਲਾ ਗਿਆ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>