ਦੂਹਰਾ ਝਾੜੂ…. (ਮਿੰਨੀ ਕਹਾਣੀ)

-”ਜੂਪੇ ਤੂੰ ਲੰਗਰ ਪਾੜ-ਪਾੜ ਭੁੱਜੇ ਕਿਉਂ ਸੁੱਟੀ ਜਾਣੈ….?, ਝੁਲਸਦਾ ਕਿਉਂ ਨਹੀਂ ਓਏ ਏਨੂੰ….?

-”ਬਾਈ ਭੁੱਖ ਈ ਮਰਗੀ….!!

-”ਕਿਉਂ ਓਏ…? “ਪਹਿਲੇ  ਤਾ ਕੀਰਤਨ ਸੁਣਨ ਨਹੀਂ ਦਿੱਤਾ ਤੂੰ, ਆਖੇ ਭੁੱਖ ਬੜ੍ਹੀ ਲੱਗੀ ਏ। ਹੁਣ  ਤੇਰੇ ਢਿੱਡ ‘ਚ ਕਹਿੜਾ ਪੀਜ਼ਾ  ਪੈ ਗਿਆ ਓਏ ਸਾਲਿਆ ਚੱਪਣਾਂ ਜਿਆ ?

-”ਕਾਹਨੂੰ ਬਾਈ ਮਖ਼ੌਲ ਕਰਦੈ” ਸੇਵਾਦਾਰ ਬੀਬੀਆਂ ਨੇ ਅੱਜ ਕੱਚਾ ਈ ਲਾ ਤਾਂ ਲੱਗਦੈ….!!

-”ਚੁੱਪ ਕਰ ਜਾਂ ਓਏ ਕਾਣਿਆਂ ਜਿਹਾ। ਗੁਰੂ ਘਰ ਦਾ ਲੰਗਰ ਪ੍ਰਸ਼ਾਦ ਹੁੰਦੈ। ਇੰਝ ਅਪਮਾਨ ਨਹੀਂ ਕਰੀਦਾ। ਪ੍ਰਬੰਧਕ ਬੜ੍ਹੇ ਝਗੜਾਲੂ  ਤੇ ਵਿਵਾਦਗ੍ਰਸਤ ਨੇ  ਏਥੋਂ ਦੇ।  ਵੇਖੀ ਕਿਤੇ ਚੂਹੇ ਵਾਂਗ ਧੋਈ ਨਾ ਫਿਰਨ। ਐਵੇਂ  ਨਵਾਂ ਵਿਵਾਦ ਖੜ੍ਹਾ  ਕਰਵਾ ਕੇ ਨਾ ਰੱਖ ਦੀ।

-”ਚੱਲ ਬਾਈ…….. ਅੱਜ ਬਾਹਰੋ ਈ ਕੁਝ ਖਾਂਣੇ ਆ” ਨਾਲੇ ਬਾਈ ਤੇਰੇ ਸਿਰ ਕਾਕਾ ਹੋਏ ਦੀ ਪਾਲਟੀ ਵੀ ਬਣਦੈ।

-”ਫ੍ਹਿੱਟ ਭੈਣ ਦੇ ਮੁੰਡਿਆਂ ਈ ਯਾਵਾ….”  ਮਾਰਾ ਤੇਰੇ ਚੂਕਣੇ ‘ਚ ਰੱਖ ਕੇ।  ਕਾਕਾ ਮੇਰੀ ਘਰਦੀ ਦੇ ਹੋਇਆ ਏ ਮੇਰੇ ਨਹੀਂ।

-”ਕੁਲ ਤਾ ਤੁਹਾਡਾ ਹੀ ਅੱਗੇ ਵਧੀਆ ਏ ਬਾਈ,  ਪਾਲਟੀ ਤਾ ਬਣਦੀ ਹੀ ਬਣਦੀ ਆ।  ਚਾਹੇ ਬਹਾਣੇ ਜਿੰਨੇ ਮਰਜੀ ਕੱਢ ਲਾ ਅੱਜ ਮੂਹੋਂ  ਬਾਈ।

-”ਆਹੋ…. ਆਹੋ…..ਗੱਲ ਤਾ ਤੇਰੀ ਠੀਕ ਏ ਜੂਪਿਆਂ” ਚੱਲ ਅੱਜ ਫਿਰ ਬਾਹਰੋ ਈ ਮੂੰਹ ਮਾਰਦੇ ਆ।

ਦੋਨੋ ਗੁਰਦੁਆਰੇ ‘ਚੋ ਬਾਹਰ ਆ ਗਏ, ‘ਤੇ ਸਾਹਮਣੇ ਚੌਂਕ ਦੇ ਇੱਕ ਕੋਨੇ ਤੇ ਖੜ੍ਹੀ ਰੇਹੜੀ ਕੋਲ ਆਂ ਕੇ ਖੜ੍ਹ ਗਏ। ਰੇਹੜੀ ਦੀ ਅਗਲੀ ਸਾਈਡ ਤੇ ਰੰਗਦਾਰ ਫਲੈਕਸ ਬੋਰਡ ਤੇ ਲਿਖਿਆਂ ਸੀ।

-”ਇੱਕ ਫੁੱਲ ਦੋ ਮਾਲੀ, ਸਵੇਰੇ ਫੁਲ ਤੇ ਸ਼ਾਮ ਨੂੰ ਖਾਲੀ”

ਰੇਹੜੀ ਵਾਲੇ ਸਰਦਾਰ ਜੀ ਖ਼ੁਸ਼ਬੂਦਾਰ ਭਾਤ-ਭਾਤ ਦੇ ਮਸਾਲੇ ਦਾ ਤੜਕਾ ਲਗਾ ਕੇ ਆਉਂਦੇ ਜਾਂਦੇ ਨੂੰ ਰੇਹੜੀ ਵੱਲ ਆਕਰਸ਼ਿਤ ਕਰ ਰਹੇ ਸਨ। ਰੇਹੜੀ ਦੇ ਇੱਕ ਕੋਨੇ ਤੇ ਵੱਡੀ ਸਾਰੀ  ਛਾਬੜੀ  ‘ਚ ਠੰਢ ਨਾਲ ਸੁੰਗੜੇ ਚਿਕਨ ਫਰਾਈ ਹੋਣ ਦੇ ਡਰ ਨਾਲ ਗੁੱਛ-ਮੁੱਛ ਹੋਏ ਬੈਠੇ ਸਨ।
-”………..”

-”ਬਾਈ ਅੱਜ ਤਾਂ ਕੀਮਾ ਕਲੇਜੀ ਹੀ ਖਾਣੀ ਆ, ਬਥੇਰਾ ਚਿੱਤ ਕਰਦੈ ਖਾਣ ਨੂੰ”

-”ਚੱਲ ਓਏ ….., ਐਵੇ ਇੱਲ੍ਹ ਵਾਂਗ ਤਵੀ ਤੇ ਸ਼ਿਸ਼ਤ ਬੰਨ੍ਹੀ ਬੈਠੇ” ਅੱਜ ਤਾਂ ਤਵਾ ਚਿਕਨ ਫਰਾਈ ਹੀ ਚਲੂ।

-”ਬਾਈ ਬਟਰ ਚਿਕਨ ਜਾਂ ਫਿਰ ਕਰੰਚੀ ਚਿਕਨ ਹੀ ਕਹਿ ਦਿਓ, ਚਿਕਨ ਫਰਾਈ ਖਾਣ ਨੂੰ ਉਕਾ ਹੀ ਮਨ ਨਹੀਂ ਕਰਦਾ”

-”ਚੱਲ ਠੀਕ ਏ ਜੂਪਿਆਂ……” ਅੱਜ ਤੇਰਾ ਮਨ ਭਾਉਂਦਾ ਹੀ ਖਾਣੇ ਆ।

ਕੁਝ ਮਿੰਟਾਂ ‘ਚ ਹੀ ਦੋ ਪਲੇਟਾ ਗਰਮ-ਗਰਮ ਗੋਸ਼ਤ ਦੀਆਂ ਉਨ੍ਹਾਂ  ਅੱਗੇ ਆ ਗਈਆਂ।  ਦੋਹੇ ਬੜੇ ਸੰਵਾਦ ਨਾਲ ਚਟਕਾਰੇ ਮਾਰਣ ਲੱਗੇ।  ਸਾਹਮਣੇ ਜੋੜੇ ਘਰ ਦੀ ਪੱਕੀ ਸੇਵਾ ਵਾਲੇ ਬਾਬਾ ਬੱਚਿਤਰ ਸਿੰਘ ਜੀ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਦੋਹੇਂ  ਘਬਰਾ ਗਏ। ਪਰਿਵਾਰਕ ਸਾਂਝ ਹੋਣ ਕਾਰਨ ਦੋਨੋ ਬਾਬਾ ਬੱਚਿਤਰ ਤੋਂ ਡਰਦੇ ਵੀ ਸਨ ‘ਤੇ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਸਨ।
ਬੱਚਿਤਰ ਸਿੰਘ ਨੇ ਉਨ੍ਹਾਂ  ਨੂੰ ਦੂਰੋ ਹੀ ਵੇਖ ਲਿਆਂ ਸੀ। ਪਰ ਬਿਨਾ ਕੁਝ ਬੋਲੇ ਰੇਹੜੀ ਕੋਲ ਦੀ ਲੰਘ ਗਏ। ਅੱਗਲੇ ਦਿਨ ਉਹ ਦੋਨੋ ਗੁਰਦੁਆਰੇ ਫੇਰੀ ਪਾਉਂਣ ਆਏ ਤਾਂ ਬਾਬੇ ਨੇ ਬਾਹਰੋ ਹੀ ਘੇਰਾਬੰਦੀ ਕਰ ਲਈ। ‘ਤੇ  ਦੋਹਾਂ ਨੂੰ ਜੋੜਾ ਘਰ ਵੱਲ ਖਿੱਚ ਕੇ ਲੈ ਗਿਆ। ਦੋਨੇ ਵਾਣ ਦੇ ਮੰਜੇ ਦੀ ਢਿਲੀ ਦੌਣ ਤੇ ਗਰਦਨ ਸੁੱਟ ਕੇ ਬੈਠ ਗਏ। ਝਾੜੂ ਨਾਲ ਜੋੜਾ ਘਰ ਦੇ ਕਮਰੇ ਦੀਆਂ ਨੁੱਕਰਾ ਜੋ ਮਿੱਟੀ ਕੱਢਦਾ ਬਾਬਾ ਬੱਚਿਤਰ ਸਿੰਘ ਬੋਲਣ ਲੱਗਾ

-”ਪੁੱਤਰੋ…..,”ਜੈਸਾ ਅੰਨ ਵੈਸਾ ਹੀ ਮਨ”  ਮਾਸ  ਤੇ ਸ਼ਰਾਬ ਦੋਨੋ ਹੀ ਸਾਡੇ ਅੰਦਰ ਰਜੋ ਤੇ ਤਮੋ ਦੇ ਗੁਣ ਪੈਦਾ ਕਰਦੇ ਨੇ।  ਜੋ ਸਾਡੇ ਵਿਚਾਰ ਤੇ ਵਿਉਹਾਰ ਨੂੰ ਮਲੀਨ ਕਰ ਦਿੰਦੇ ਨੇ। ਜਦ ਤੱਕ ਬੁਰੇ ਵਿਚਾਰਾਂ ਤੇ ਵਿਉਹਾਰਾਂ ਤੋ ਸਾਡਾ ਦਿਲ ਪਾਕ-ਸਾਫ਼ ਨਹੀਂ ਹੁੰਦਾ ‘ਤੇ ਮਨ ਅੰਦਰ ਦੀਨਤਾ, ਦਯਿਆ, ਸੁੱਚ ਤੇ ਕੋਮਲਤਾ ਨਹੀਂ ਆਉਂਦੀ ਉਦੋ ਤੱਕ ਅਸੀ ਗੁਰੂ ਲੜ ਨਹੀਂ ਲੱਗ ਸਕਦੇ।

-”ਪਰ ਬਜ਼ੁਰਗੋ… ਗ੍ਰੰਥੀ ਜਸਵਿੰਦਰ ਸਿੰਘ ਜੀ ਦਾ ਕਹਿੰਦੇ ਸਨ ਕੀ ਮਾਸ ਖਾਣ ਜਾਂ ਨਾ ਖਾਣ ਦਾ ਸਿੱਖ ਧਰਮ ਨਾਲ ਕੋਈ ਸਬੰਧ ਹੀ ਨਹੀਂ ਏ। ਮਾਸ ਦਾ ਛੱਕਣਾ, ਜਾਂ ਨਾ ਛੱਕਣਾ ਇੱਛਾ, ਲੋੜ, ਜਾਂ ਸੁਭਾਅ ਤੇ ਨਿਰਭਰ ਕਰਦੈ।  ਗੁਰਬਾਣੀ ਵਿੱਚ ਮਾਸ ਛੱਕਣ ਦਾ ਨਹੀਂ ਬਲਕਿ ਹਲਾਲ ਵਾਲੇ ਮੁਸਲਮਾਨੀ ਢੰਗ ਦਾ ਵਿਰੋਧ ਏ। ਝੱਟਕੇ ਵਾਲਾ ਮਾਸ ਸਿੱਖ ਖਾ ਸਕਦੇ ਨੇ। ਸ਼ਾਕਾਹਾਰੀ ਵਰਤਾਰਾ ਸਿੱਖਾਂ ਵਿੱਚ ਨਿਰਮਲੇ ਸੰਤਾਂ ‘ਤੇ ਹਰਿਦੁਆਰ ਦੇ ਹਿੰਦੂ  ਉਦਾਸੀ ਮਹੰਤਾਂ ਦੇ ਅਹਿੰਸਾਵਾਦੀ ਪ੍ਰਚਾਰ ਸਦਕਾ ਸ਼ੁਰੂ ਹੋਇਆ ਏ।

-”ਨਾ….ਪੁੱਤਰੋ….ਨਾ…., ਹਲਾਲ ਹੋਵੇ ਜਾਂ ਝੱਟਕਾ ਦੋਹਾ ਹਾਲਤਾਂ ‘ਚ ਕਿਸੇ ਮਾਸੂਮ  ਦਾ ਲਹੂ ਤਾ ਵਹਿਣਾ ਹੀ ਹੈ ਨਾ।  ਗੁਰਬਾਣੀ ਕਹਿੰਦੀ ਏ.. – ਧਰਮ ਦਯਿਆ ਦਾ ਪੁੱਤਰ ਹੈ। ਭਾਵ ਦਯਿਆ ਧਰਮ ਦੀ ਮਾਂ ਏ। ਦਯਿਆ ਤੋ ਹੀ ਧਰਮ ਪੈਦਾ ਹੁੰਦੈ। ਜੇ ਮਾਂ ਹੀ ਨਹੀਂ ਤਾ ਪੁੱਤ ਕਿੱਥੋ ਪੈਂਦਾ ਹੋ ਸਕਦੈ….??  ਧਰਮ ਦਯਿਆ ਦਾ ਹੀ ਦੂਜਾ ਨਾਮ ਏ। ਸਮੁੱਚੀ ਮਨੁੱਖਤਾ ਦੀ ਆਪਸ ਵਿੱਚ ‘ਤੇ ਹਰ ਜੀਵ ਦਾ ਦੂਜੇ ਜੀਵ ਪ੍ਰਤੀ ਦਯਿਆ ਹਮਦਰਦੀ ਹੋਣੀ ਜ਼ਰੂਰੀ ਏ। ਜੇ ਨਹੀਂ ਹੈ ਤਾਂ  ਅਸੀਂ ਧਰਮੀ ਹੀ ਨਹੀਂ।

ਜੇ ਸਾਡੇ ਗੁਰੂ ਸਹਿਬਾਣ ਕੇਸਾ ਦੇ ਕੱਟਣ ਨੂੰ ਕੇਸ ਕਤਲ ਕਰਨਾ ਆਖ ਸਕਦੇ ਨੇ ਤਾ ਕੀ ਬੇਜ਼ੁਬਾਨ, ਨਿਰਦੋਸ਼ਾ ਦਾ ਲਹੂ ਵਹਾ ਕੇ ਖਾਣਾ ਕੀ “ਜੀਵ ਹੱਤਿਆਂ” ਨਹੀਂ..,  ਥੋੜ੍ਹਾ ਸੋਚੋ ਪੁੱਤਰੋ…..??

ਸਾਡੇ ਕੱਪੜੇ ਤੇ ਜੇ ਲਹੂ ਦਾ ਛਿੱਟਾ ਲੱਗ ਜਾਵੇ, ਜਾਹੇ ਉਹ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ, ਅਸੀਂ ਉਸ ਕੱਪੜੇ ਨੂੰ ਪਲੀਤ ਹੋ ਗਿਆ ਸਮਝਦੇ ਆ। ਉਹਨੂੰ  ਮੁੜ ਪਹਿਨਣ ਤੋ ਵੀ ਇਨਕਾਰੀ ਹੁੰਦੇ ਆ। ਫਿਰ ਅਸੀ ਅੱਜ…..  ਮਸੂਮ ਬੇਗੁਨਾਹਾ ਦਾ ਲਹੂ ਕਿਉਂ ਪੀ ਰਹੇ ਆ? ਉਨ੍ਹਾਂ ਦਾ ਮਾਸ ਕਿਉਂ ਖਾ ਰਹੇ ਆ? ਚਮ ਦੇ ਏਹ ਲੋਥੜੇ ਡਕਾਰ ਕੇ ਭਲਾ ਸਾਡਾ ਮਨ ਪਵਿੱਤਰ ਕਿਵੇਂ ਰਹੇ ਸਕਦੈ?

ਧਰਮ ਮਰਿਯਾਦਾ ਦੀ ਹੁਕਮ-ਅਦੂਲੀ ‘ਤੇ ਬੇਅਦਬੀ ਕਰਨ ਵਾਲਿਆਂ, ਲੋਟੂ ਜੁੰਡਲੀਆਂ ਹੀ ਅਕਸਰ ਆਪਣੇ ਨਿੱਜੀ ਮੁਫਾਦਾਂ ਨੂੰ ਲਾਂਭੇ ਰੱਖ ਕੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਵਰਤਦੀਆਂ ਨੇ।  ਏਨ੍ਹਾਂ ਤੋਂ ਜਿੰਨਾਂ ਹੋ ਸਕੇ ਦੂ੍ਰ ਰਹੋ ਪੁੱਤਰੋ….!!
ਗੁਰਦਵਾਰਿਆਂ ਦੇ ਫੰਡ ਜ਼ਾਤੀ ‘ਤੇ ਰਾਜਸੀ ਲਾਭਾਂ ਲਈ ਵਰਤਨ ਵਾਲੇ ਸਿੱਖੀ ਭੇਸ਼ ਵਿੱਚ ਚਮ ਖਾਣੇ, ਪਿਆਲੇ ਪੀਣੇ ‘ਤੇ ਆਪਸ ਵਿੱਚ ਭਿੜਨੇ ਅੰਧ-ਵਿਸ਼ਵਾਸੀ,ਕਰਮ-ਕਾਂਢੀ ਲੋਟੂ ਟੋਲੀਆਂ ਨੂੰ ਵੇਖ ਕੇ ਤੁਸੀ ਮਨਮੁਖਿ ਨਾ ਬਣੋ।

ਆਪਣੇ ਮਨ ਤੇ ਕਾਬਜ਼ ਅੜਕਾਉਣੀਆਂ ਨੂੰ ਸੁਲਝਾ ਕੇ ਗੁਰਮੁਖਿ ਬਣੋ ਪੁੱਤਰੋ। ਦਿਆਵਾਨ ਬਣੋ। ਪਰਉਪਕਾਰੀ ਬਣੋ। ਏਹ ਗੁਣ ਹੀ ਤੁਹਾਨੂੰ…..??

-”ਬੱਸ ਬਜ਼ੁਰਗੋ…ਬੱਸ…., ਅਸੀ ਸਮਝ ਗਏ ਏਹ ਗੁਣ ਹੀ ਸਾਨੂੰ ਗੁਰੂ ਲੜ ਲੋਣਗੇ। ਤੁਹਾਡੇ ਏਸ ਝਾੜੂ ਨੇ ਅੱਜ ਦੂਹਰਾ ਕੰਮ ਕੀਤਾ ਏ। ਕਮਰਾ ਤਾ ਸਾਫ਼ ਕੀਤਾ ਹੀ ਕੀਤਾ, ਨਾਲ ਸਾਡੇ ਜ਼ਮੀਰ ਤੇ ਜੰਮਿਆਂ ਘੱਟਾ ਵੀ ਸਾਫ਼ ਕਰ ਦਿੱਤਾ। ਬਹੁਤ-ਬਹੁਤ ਧੰਨਵਾਦ ਤੁਹਾਡਾ ਦੂਹਰਾ ਝਾੜੂ ਫੇਰਨ ਲਈ….!!

ਅਸੀਂ ਸਮਝ ਗਏ ਹੁਣ ਮੂਲ ਮੰਤਰ ਸਿੱਖੀ ਦੇ ਫ਼ਲਸਫੇ ਦਾ। ਖਾਣ ਵਾਲਾ ਉਨ੍ਹਾਂ ਈ ਪਾਪੀ ਜਿਨ੍ਹਾਂ ਕੀ ਛੁਰੀ ਚਲਾਉਣ ਵਾਲਾ। ਕੱਟਣ ‘ਤੇ ਖਾਣ ਵਾਲਾ ਦੋਨੋ ਹੀ ਮਨਮੁਖਿ ਨੇ। ਸਿੱਖੀ ਦੇ ਸਿਧਾਤਾਂ ਤੋਂ ਬਾਹਰ। ਹੁਣ ਅਸੀਂ ਲੋਟੂ ਟੋਲੀਆਂ ਦੀ ਸੰਗਧ ਤੋਂ ਦੂਰ, ਅਟੁੱਟ ਸ਼ਰਧਾ, ਸਾਫ਼ ਮਨ ਤੇ ਪਵਿੱਤਰ ਭਾਵਨਾ ਨਾਲ ਗੁਰੂ ਘਰ ਆਵਾਗੇ… ਦਿਲੋ ਗੁਰਮੁਖਿ ਬਣ ਕੇ……..!!

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>