ਕੈਂਸਰ, ਕੀਟਨਾਸ਼ਕ ਤੇ ਕਾਰਖਾਨੇ

ਪੀਣ ਵਾਲਾ ਪਾਣੀ ਅਤੇ ਕੀਟਨਾਸ਼ਕ ਹੀ ਵਧੇਰੇ ਰੋਲ ਅਦਾ ਕਰਦੇ ਹਨ ਕੈਂਸਰ ਦੇ ਮੁੱਖ ਕਾਰਨਾਂ ਵਿਚ । ਕੀਟਨਾਸ਼ਕ ਜੋ ਅਸੀਂ ਸਿਫਾਰਿਸ਼ ਕਰਦੇ ਹਾਂ, ਓਹੀ ਕੀਟਨਾਸ਼ਕ, ਉਸ ਤਰਾਂ, ਸਹੀ ਮਾਤਰਾ ਕੋਈ ਵੀ ਨਹੀਂ ਵਰਤਦਾ- ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ 67 ਕੀਟਨਾਸ਼ਕ ਵਰਤੇ ਜਾ ਰਹੇ ਹਨ  ਜਿਨ੍ਹਾਂ ‘ਤੇ ਪਛਮੀ ਅਤੇ ਅਮਰੀਕੀ ਦੇਸ਼ਾਂ ਵਿਚ-ਦੇਸ਼ ਨੂੰ ਬਾਹਰਲੇ ਦੇਸ਼ਾਂ ‘ਤੇ ਅਨਾਜ ਲਈ ਨਿਰਭਰ ਰਹਿਣਾ ਪੈਂਦਾ ਸੀ  ਹਰੀ ਕ੍ਰਾਂਤੀ ਤੋਂ ਪਹਿਲਾਂ ਪਰ ਇਸ ਦੀ ਕਾਮਯਾਬੀ ਤੋਂ ਬਾਅਦ ਅੱਜ ਸਾਡਾ ਦੇਸ਼ ਬਾਹਰਲੇ ਦੇਸ਼ਾਂ ਨੂੰ ਅਨਾਜ ਭੇਜ ਰਿਹਾ ਹੈ। ਜਿਥੇ ਹਰੀ ਕ੍ਰਾਂਤੀ ਦੀ ਸਾਡੇ ਦੇਸ਼ ਦੇ ਅੰਨ੍ਹ ਭੰਡਾਰਾਂ ਦੀ ਤਸਵੀਰ ਬਦਲੀ, ਉਥੇ ਇਸ ਦੇ ਕਈ ਖ਼ਮਿਆਜ਼ੇ ਵੀ ਸਾਨੂੰ ਭੁਗਤਣੇ ਪੈ ਰਹੇ ਹਨ। ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਅੰਕੜਿਆਂ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਇਕ ਲੱਖ ਦੀ ਆਬਾਦੀ ਪਿੱਛੇ ਕੈਂਸਰ ਦੇ 90 ਮਰੀਜ਼ ਪਾਏ ਜਾਂਦੇ ਹਨ ਜਦਕਿ ਦੇਸ਼ ਵਿਚ ਔਸਤਨ 80 ਮਰੀਜ਼ ਪ੍ਰਤੀ ਲੱਖ ਹੈ। ਸੋ ਇੰਜ ਅਸੀ ਅਸੀਂ ਆਪਣਾ ਪਾਣੀ,ਮਿੱਟੀ ਸਾਰਾ ਹੀ ਪ੍ਰਦੂਸ਼ਤ ਕਰ ਲਿਆ ਹੈ-ਸਗੋਂ ਹੁਣ ਕੈਂਸਰ ਵਰਗੀਆਂ ਬੀਮਾਰੀਆਂ ਚ ਵਾਧਾ ਕਰ ਲਿਆ ਹੈ-ਮਾਹਰ ਜੋ ਕਹਿ ਰਹੇ ਹਨ ਕੋਈ ਵੀ ਨਹੀਂ ਸੁਣਦਾ। ਪੰਜਾਬ ਵਿਚ ਸੱਭ ਤੋਂ ਵੱਧ ਕੈਂਸਰ ਦੇ ਮਰੀਜ਼ ਮਾਲਵਾ ਖ਼ਿੱਤੇ ਵਿਚ ਹਨ ਅਤੇ ਇਸ ਨੂੰ ਹੁਣ ਕੈਂਸਰ ਬੈਲਟ ਦੇ ਰੂਪ ਵਿਚ ਜਾਣਿਆ ਜਾਣ ਲੱਗ ਪਿਆ ਹੈ। ਇਥੇ ਮਰੀਜ਼ਾਂ ਦਾ ਅੰਕੜਾ ਕੋਈ 136 ਕੈਂਸਰ ਦੇ ਮਰੀਜ਼ ਪ੍ਰਤੀ ਲੱਖ ਹੈ ਅਤੇ ਪੰਜ ਸਾਲ ਦੇ ਪਿਛਲੇ ਅੰਕੜਿਆਂ ਮੁਤਾਬਕ ਕੋਈ 18 ਲੋਕ ਰੋਜ਼ਾਨਾ ਕੈਂਸਰ ਦੀ ਭੇਂਟ ਚੜ੍ਹ ਜਾਂਦੇ ਹਨ।

ਪੰਜਾਬ ਦੀਆਂ ਔਰਤਾਂ ਵਿਚ ਸੱਭ ਤੋਂ ਵੱਧ ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦੇ ਕੇਸ ਪਾਏ ਜਾਂਦੇ ਹਨ ਜਦਕਿ ਮਰਦਾਂ ਵਿਚ ਵੀ ਵੱਖ-ਵੱਖ ਅੰਗਾਂ ਦੇ ਕੈਂਸਰ ਮਿਲਣੇ ਆਮ ਜਿਹੀ ਗੱਲ ਹੈ। ਇਸ ਦੇ ਨਾਲ ਹੀ ਇਹ ਇਕ ਤੱਥ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਨਵ ਵਿਆਹੇ ਜੋੜਿਆਂ ਵਿਚ ਬੱਚੇ ਪੈਦਾ ਕਰਨ ਦੀ ਸ਼ਕਤੀ ਵੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ। ਸੂਬੇ ਵਿਚ ਏਨੀ ਵੱਡੀ ਗਿਣਤੀ ਵਿਚ ਕੈਂਸਰ ਦੇ ਮਰੀਜ਼ ਹੋਣ ‘ਤੇ ਵੀ ਦੁਖਦਾਈ ਗੱਲ ਇਹ ਹੈ ਕਿ ਇਥੇ ਸਿਰਫ਼ ਇਕ ਹੀ ਸਰਕਾਰੀ ਹਸਪਤਾਲ ਕੈਂਸਰ ਦੇ ਇਲਾਜ ਲਈ ਹੈ ਜਦਕਿ ਦੂਜਾ ਹਸਪਤਾਲ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਖੇ ਹੈ ਅਤੇ ਇਥੋਂ ਦੇ ਗ਼ਰੀਬ ਲੋਕਾਂ ਨੂੰ ਸਸਤਾ ਤੇ ਭਰੋਸੇਯੋਗ ਇਲਾਜ ਕਰਨ ਲਈ ਅਜੇ ਵੀ ਬੀਕਾਨੇਰ ਦੇ ਸਰਕਾਰੀ ਹਸਪਤਾਲ ‘ਤੇ ਨਿਰਭਰ ਕਰਨਾ ਪੈ ਰਿਹਾ ਹੈ। ਇਥੋਂ ਤਕ ਕਿ ਅਬੋਹਰ ਤੋਂ ਲਾਲਗੜ੍ਹ ਜਾਣ ਵਾਲੀ ਸਵਾਰੀ ਗੱਡੀ ਦਾ ਨਾਮ ਵੀ ‘ਕੈਂਸਰ ਟਰੇਨ‘ ਪੈ ਗਿਆ ਹੈ। ਅਸੀਂ ਬਹੁਤ ਰੋਂਦੇ ਪਿੱਟਦੇ ਵੀ ਸੀ ਕਿ ਕਦੇ ਜਿਆਦਾ ਕੀਟ-ਨਾਸ਼ਕ ਦਵਾਈਆਂ ਦਾ ਸਹਾਰਾ ਨਾ ਲਓ-ਕੁਦਰਤੀ ਤਰੀਕੇ ਵੀ ਅਪਣਾਓ-ਬਾਇਓ ਕੰਟਰੋਲ ਕਰੋ-ਪਰ ਸੁਣਦਾ ਕੌਣ ਹੈ/ਸੀ-ਹੁਣ ਇਕ ਨਾਮੁਰਾਦ ਬੀਮਾਰੀ ਕੈਂਸਰ ਨੇ ਪੰਜਾਬ ਵਿਚ ਅਪਣਾ ਜਾਲ ਏਦਾਂ ਵਿਛਾਇਆ ਹੈ ਕਿ ਸਾਰਾ ਸੂਬਾ ਕੈਂਸਰ ਨਾਲ ਹੋ ਰਹੀਆਂ ਮੌਤਾਂ ਦੀ ਦਰ ਵਿਚ ਦੇਸ਼ ਭਰ ਵਿਚੋਂ ਪਹਿਲੇ ਨੰਬਰ ‘ਤੇ ਪੁੱਜ ਗਿਆ ਹੈ। ਬਠਿੰਡਾ ਦੇ ਇੰਡਸਟਰੀਅਲ ਗਰੋਥ ਸੈਂਟਰ ਵਿਚ ਪੰਜਾਬ ਸਰਕਾਰ ਵਲੋਂ ਦੋ ਏਕੜ ਜ਼ਮੀਨ ‘ਤੇ ਇਕ ਅਡਵਾਂਸਡ ਕੈਂਸਰ ਡਾਇਗਨੋਸਟਿਕ, ਟਰੀਟਮੈਂਟ ਅਤੇ ਖੋਜ ਕੇਂਦਰ ਉਸਾਰਿਆ ਜਾ ਰਿਹਾ ਹੈ ਅਤੇ ਇਸ ਦੀ ਉਸਾਰੀ ਦੀ ਮਿਆਦ ਇਸ ਸਾਲ 31 ਸਤੰਬਰ ਨੂੰ ਪੂਰੀ ਹੋਣੀ ਸੀ।  ਬਠਿੰਡਾ ਵਿਚਲੇ ਹਸਪਤਾਲ ਨੇ ਕੈਂਸਰ ਦੇ ਇਲਾਜ ਨਾਲ ਜੁੜੇ ਡਾਕਟਰਾਂ ਦੀ ਛਾਂਟੀ ਵੀ ਕਰਨੀ ਸ਼ੁਰੂ ਕਰ ਦਿਤੀ ਹੈ।  ਪਹਿਲਾਂ ਇਹ ਹਸਪਤਾਲ ਕੋਈ 50 ਬਿਸਤਰਿਆਂ ਦਾ ਸੀ ਜਿਸ ਨੂੰ ਵੱਡਾ ਕਰ ਕੇ 100 ਬਿਸਤਰਿਆਂ ਦਾ ਕਰ ਦਿਤਾ ਹੈ। ਜਿਥੇ ਇਸ ਦਾ ਬਜਟ ਕੋਈ 60 ਕਰੋੜ ਸੀ ਪਹਿਲਾਂ, ਹੁਣ 100 ਕਰੋੜ ਰੁਪਏ ਤੋਂ ਵੀ ਲੰਘਦਾ ਨਜ਼ਰ ਆ ਰਿਹਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਇਸ ਦੀ ਉਸਾਰੀ ਨਵੀਂ ਦਿੱਲੀ ਦੀ ਇਕ ਨਿਜੀ ਕੰਪਨੀ ਨੂੰ ਦਿਤੀ ਹੋਈ ਹੈ ਜਿਥੇ ਪਹਿਲਾਂ ਇਸ ਹਸਪਤਾਲ ਨੇ ਸਿੱਧੇ ਤੌਰ ‘ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪ੍ਰਬੰਧਾਂ ਹੇਠ ਚਲਣਾ ਸੀ ਪਰ ਹੁਣ ਇਸ ਹਸਪਤਾਲ ਵਿਚ ਸਾਜੋ ਸਾਮਾਨ ਤੋਂ ਲੈ ਕੇ ਇਲਾਜ ਲਈ ਡਾਕਟਰਾਂ ਦਾ ਪ੍ਰਬੰਧ ਟਾਟਾ ਕੈਂਸਰ ਹਸਪਤਾਲ ਵਲੋਂ ਕੀਤਾ ਜਾਵੇਗਾ ਜਿਸ ਨਾਲ ਗ਼ਰੀਬ ਲੋਕਾਂ ਲਈ ਜੇਬ ‘ਤੇ ਇਲਾਜ ਦਾ ਖ਼ਰਚ ਭਾਰੀ ਪੈਣਾ ਸੁਭਾਵਕ ਹੈ।

99 ਫ਼ੀ ਸਦੀ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਵਿਚ ਵਰਤੇ ਜਾਂਦੇ ਕੀਟਨਾਸ਼ਕਾਂ ਵਿਚੋਂ ਜ਼ਹਿਰ ਘੋਲ ਰਹੇ ਹਨ। ਬੇਸ਼ੱਕ ਵੱਖ-ਵੱਖ ਸਮਾਜਕ ਸੰਸਥਾਵਾਂ ਵਲੋਂ ਕੀਟਨਾਸ਼ਕਾਂ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਮੁਹਿੰਮ ਨੇ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਉਪਰ ਵਰਤੋˆ ਨੂੰ ਕਾਫ਼ੀ ਹੱਦ ਤਕ ਠੱਲ੍ਹ ਪਾ ਦਿਤੀ ਹੈ ਪਰ ਨਰਮੇ ਦੀ ਫ਼ਸਲ ਉਪਰ ਅੱਜ ਵੀ ਸੱਭ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਹੋ ਰਹੀ ਹੈ। ਪੀਣ ਵਾਲੇ ਪਾਣੀ ਲਈ ਮਾਲਵੇ ਦੀ ਬਹੁਤੀ ਜਨਸੰਖਿਆ ਨਹਿਰਾਂ ‘ਤੇ ਨਿਰਭਰ ਕਰਦੀ ਹੈ। ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਨੂੰ ਰੋਪੜ ਤੋਂ ਨਿਕਲਣ ਵਾਲੀ ਸਰਹਿੰਦ ਨਹਿਰ ਦਾ ਪਾਣੀ ਮਿਲਦਾ ਹੈ ਜਦਕਿ ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ ਜ਼ਿਲ੍ਹਿਆਂ ਨੂੰ ਹਰੀਕੇ ਪੱਤਣ ਤੋਂ ਨਿਕਲਣ ਵਾਲੀ ਸਰਹਿੰਦ ਫ਼ੀਡਰ ਰਾਹੀਂ ਪਾਣੀ ਮਿਲਦਾ ਹੈ। ਇਥੋਂ ਹੀ ਨਿਕਲਣ ਵਾਲੀ ਰਾਜਸਥਾਨ ਕੈਨਾਲ ਅਤੇ ਗੰਗ ਨਹਿਰ, ਰਾਜਸਥਾਨ  ਦੇ ਗੰਗਾਨਗਰ, ਹਨੂੰਮਾਨਗੜ੍ਹ ਅਤੇ ਬੀਕਾਨੇਰ ਤਕ ਪੀਣ ਵਾਲਾ ਪਾਣੀ ਮੁਹਈਆ ਕਰਵਾਉਂਦੀਆਂ ਹਨ।

ਬੁੱਢੇ ਨਾਲੇ ਰਾਹੀਂ ਲੁਧਿਆਣਾ ਦੇ ਕਾਰਖਾਨਿਆਂ ਅਤੇ ਸੀਵਰੇਜ ਦਾ ਗੰਦਾ ਪਾਣੀ ਹਰੀਕੇ ਪੱਤਣ ਤੇ ਬਿਆਸ ਦਰਿਆ ਦੇ ਪਾਣੀ ਵਿਚ ਆ ਮਿਲਦਾ ਹੈ ਅਤੇ ਇਥੋਂ ਹੀ ਇਹ ਦੋ ਨਹਿਰਾਂ ਨਿਕਲਦੀਆਂ ਹਨ। ਕਈ ਵਾਰ ਤਾਂ ਹਾਲਾਤ ਇਹ ਹੁੰਦੇ ਹਨ ਕਿ ਇਨ੍ਹਾਂ ਦੋਹਾਂ ਨਹਿਰਾਂ ਵਿਚ ਚਲ ਰਿਹਾ ਪਾਣੀ ਇਸ ਕਦਰ ਕਾਲਾ ਅਤੇ ਬਦਬੂਦਾਰ ਹੁੰਦਾ ਹੈ ਕਿ ਇਹ ਨਹਿਰਾਂ ਨਾ ਹੋ ਕੇ ਗੰਦੇ ਨਾਲੇ ਵਧੇਰੇ ਲਗਦੀਆਂ ਹਨ। ਬਿਆਸ ਦਰਿਆ ਵਿਚ ਪੈਣ ਵਾਲੇ ਸੀਵਰੇਜ ਅਤੇ ਕਾਰਖਾਨਿਆਂ ਦੇ ਗੰਦੇ ਪਾਣੀ ਉਪਰ ਨਕੇਲ ਕਸੀ ਗਈ ਹੈ ।

ਬਠਿੰਡਾ ਅਤੇ ਮੋਹਾਲੀ ਦੇ ਸਰਕਾਰੀ ਹਸਪਤਾਲਾਂ ਵਿਚ ਇਕ ਨਿਜੀ ਹਸਪਤਾਲ ਚਲਾਉਣ ਵਾਲੀ ਕੰਪਨੀ ਨੂੰ ਕੈਂਸਰ ਹਸਪਤਾਲਾਂ ਦੀ ਸਥਾਪਨਾ ਕਰਨ ਲਈ ਮੁਫ਼ਤ ਜ਼ਮੀਨ ਦਿਤੀ ਗਈ ਸੀ ਅਤੇ ਇਥੇ ਸਰਕਾਰ ਦੀਆਂ ਸਿਫ਼ਾਰਸ਼ਾਂ ‘ਤੇ ਗ਼ਰੀਬ ਕੈਂਸਰ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਣਾ ਸੀ ਪਰ ਇਸ ਨਿਜੀ ਕੰਪਨੀ ਨੇ ਇਥੇ ਕੈਂਸਰ ਹਸਪਤਾਲ ਨਾ ਬਣਾ ਕੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਦਾ ਨਿਰਮਾਣ ਕਰ ਦਿਤਾ ਅਤੇ ਕੈਂਸਰ ਦੇ ਵਿਭਾਗ ਹੀ ਸਥਾਪਤ ਕੀਤੇ ਗਏ ਜਿਸ ਨਾਲ ਸਰਕਾਰ ਨੇ ਲੋਕਾਂ ਨੂੰ ਜੋ ਸਹੂਲਤ ਦੇਣੀ ਸੀ, ਉਹ ਨਾ ਮਿਲ ਸਕੀ। ਬਾਬਾ ਫ਼ਰੀਦ ਯੂਨੀਵਰਸਟੀ ਪ੍ਰਸ਼ਾਸਨ ਵਲੋਂ ਕੈਂਸਰ ਦੇ ਮਰੀਜ਼ਾਂ ਲਈ ਨਕਦੀ-ਰਹਿਤ ਇਲਾਜ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਜਿਸ ਕਿਸੇ ਦਾ ਵੀ ਇਥੇ ਇਲਾਜ ਹੋਵੇਗਾ, ਉਸ ਨੂੰ ਦਵਾਈਆਂ ਤਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਕੈਂਸਰ ਵਿਭਾਗ ਵਿਚ ਦਿਤੀਆਂ ਜਾਣਗੀਆਂ। ਉਨ੍ਹਾਂ ਪੈਂਡਿੰਗ ਪਏ ਕੇਸਾਂ ਅਤੇ ਸਰਕਾਰ ਵਲੋਂ ਜਾਰੀ ਕੀਤੇ ਫ਼ੰਡਾਂ ਦੀ ਵਰਤੋਂ ਵਿਚ ਪਾਈ ਜਾ ਰਹੀ ਦੇਰੀ ਸਬੰਧੀ ਪੁੱਛੇ ਜਾਣ ‘ਤੇ ਕਿਹਾ ਕਿ ਮੈਡੀਕਲ ਕਾਲਜ ਦਾ ਅਪਣਾ ਕੈਂਸਰ ਵਿਭਾਗ ਹੈ ਅਤੇ ਕਿਸੇ ਵੀ ਵਿਅਕਤੀ ਦੇ ਵਿਚ ਕੈਂਸਰ ਦੇ ਲੱਛਣ ਪਾਏ ਜਾਣ ਤੋਂ ਬਾਅਦ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਅਤੇ ਉਸੇ ਨੂੰ ਹੀ ਸਰਕਾਰੀ ਰਿਆਇਤ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਦਕਿ ਕਈ ਵਾਰ ਅਜਿਹੇ ਮਰੀਜ਼ ਵੀ ਅਪਣੇ ਕੇਸ ਸਹਾਇਤਾ ਲਈ ਪੇਸ਼ ਕਰ ਦਿੰਦੇ ਹਨ ਜਿਨ੍ਹਾਂ ਨੇ ਕਿਸੇ ਹੋਰ ਹਸਪਤਾਲ ਵਲੋਂ ਇਲਾਜ ਕਰਵਾਇਆ ਹੁੰਦਾ ਹੈ ਜੋ ਕਿ ਸਰਕਾਰ ਵਲੋਂ ਮਾਨਤਾ ਪ੍ਰਾਪਤ ਨਹੀਂ ਹੁੰਦਾ।

ਵਾਟਰ ਵਰਕਸਾਂ ਵਿਚ ਮਾਲਵੇ ਵਿਚ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਵਾਲੇ ਜੈਵਿਕ ਪ੍ਰਦੂਸ਼ਣ ਤਾਂ ਕਿਸੇ ਹੱਦ ਤਕ ਖ਼ਤਮ ਕਰ ਦਿਤਾ ਜਾਂਦਾ ਹੈ ਪਰ ਜੋ ਕਾਰਖਾਨਿਆਂ ਦੀ ਰਹਿੰਦ-ਖੂੰਹਦ ਨਾਲ ਪੈਦਾ ਹੋਇਆ ਧਾਤੂ ਤੇ ਰਸਾਇਣਕ ਗੰਦ-ਮੰਦ ਪਾਣੀ ਵਿਚ ਮਿਲਦਾ ਹੈ, ਉਸ ਦਾ ਹੱਲ ਅਜੇ ਤਕ ਨਹੀਂ ਲਭਿਆ ਜਾ ਸਕਿਆ। ਜਿਨ੍ਹਾਂ ਪਾਈਪਾਂ ਰਾਹੀਂ ਘਰਾਂ ਤਕ ਪਾਣੀ ਪਹੁੰਚਾਇਆ ਜਾਂਦਾ ਹੈ, ਉਹ ਵੀ ‘ਫ਼ੂਡ ਗਰੇਡ‘ ਦੀਆਂ ਨਾ ਹੋ ਕੇ ਸਾਧਾਰਣ ਪਾਈਪਾਂ ਹੀ ਹੁੰਦੀਆਂ ਹਨ ਅਤੇ ਇਹ ਵੀ ਕਈ ਹਾਨੀਕਾਰਕ ਤੱਤ ਪਾਣੀ ਵਿਚ ਘੋਲ ਦਿੰਦੀਆਂ ਹਨ।

ਪੰਜਾਬ ਸਰਕਾਰ ਨੇ ਹਾਲਾਤ ਨੂੰ ਵੇਖਦੇ ਹੋਏ ਕਾਫ਼ੀ ਵੱਡੇ ਪੱਧਰ ‘ਤੇ ਕੈਂਸਰ ਦੇ ਇਲਾਜ ਲਈ ਹਸਪਤਾਲ ਖੋਲ੍ਹਣ ਦੀਆਂ ਕੋਸ਼ਿਸ਼ਾਂ ਅਰੰਭੀਆਂ ਹੋਈਆਂ ਹਨ। ਇਸ ਲਈ ਬਠਿੰਡਾ ਦੇ ਗਰੋਥ ਸੈਂਟਰ ਵਿਚ ਟਾਟਾ ਮੈਮੋਰੀਅਲ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਵਲੋਂ ਇਕ ਕੈਂਸਰ ਡਾਇਗਨੋਸਟਿਕ ਸੈਂਟਰ ਉਸਾਰਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੰਗਰੂਰ ਵਿਚ ਵੀ ਕੇਂਦਰ ਸਰਕਾਰ ਦੀ ਮਦਦ ਨਾਲ ਕੋਈ 300 ਬਿਸਤਰਿਆਂ ਦੇ ਹਸਪਤਾਲ ਦੀ ਉਸਾਰੀ ਲਈ ਪ੍ਰਵਾਨਗੀ ਮਿਲ ਚੁੱਕੀ ਹੈ।

ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਕੈਂਸਰ ਦੇ ਇਲਾਜ ਲਈ ਇਕ ਵਿਸ਼ੇਸ਼ ਯੂਨਿਟ ਸਥਾਪਤ ਕੀਤਾ ਗਿਆ ਹੈ ਅਤੇ ਇਥੇ ਵੱਡੇ ਪੱਧਰ ‘ਤੇ ਇਲਾਜ ਕੀਤਾ ਜਾਂਦਾ ਹੈ ਪਰ ਕੈਂਸਰ ਦੇ ਮਰੀਜ਼ਾਂ ਲਈ ਜੋ ਸਹੂਲਤਾਂ ਅਤੇ ਰਿਆਇਤਾਂ ਸਰਕਾਰ ਤੋਂ ਆਉੁਂਦੀਆਂ ਹਨ, ਉਹ ਵੀ ਮਰੀਜ਼ਾਂ ਤਕ ਪੂਰਨ ਰੂਪ ਵਿਚ ਨਹੀਂ ਪਹੁੰਚਦੀਆਂ ਅਤੇ ਫ਼ਰੀਦਕੋਟ ਦੀ ਇਕ ਸਮਾਜਕ ਸੰਸਥਾ ਨੇ ਵੀ ਮਰੀਜ਼ਾਂ ਨੂੰ ਮਿਲਣ ਵਾਲੀ ਰਿਆਇਤ ਵਿਚ ਇਕ ਵੱਡੇ ਘਪਲੇ ਨੂੰ ਉਜਾਗਰ ਕੀਤਾ ਸੀ। ਭਾਈ ਘਨਈਆ ਕੈਂਸਰ ਰੋਕੋ ਸੁਸਾਇਟੀ ਦੇ ਮੈਂਬਰ ਕੁਲਤਾਰ ਸਿੰਘ ਨੇ ਸਰਕਾਰ ਵਲੋਂ ਜਾਰੀ ਕੀਤੇ ਫ਼ੰਡਾਂ ਅਤੇ ਮੈਡੀਕਲ ਕਾਲਜ ਵਲੋਂ ਇਨ੍ਹਾਂ ਫ਼ੰਡਾਂ ਦੀ ਪੂਰਨ ਤੌਰ ‘ਤੇ ਵਰਤੋਂ ਨਾਂ ਕਰਨ ‘ਤੇ ਸਵਾਲ ਉਠਾਉੁਂਦਿਆਂ ਕਿਹਾ ਕਿ ਸਰਕਾਰ ਨੇ ਅਪ੍ਰੈਲ ਮਹੀਨੇ ਵਿਚ 10 ਲੱਖ ਰੁਪਏ ਯੂਨੀਵਰਸਟੀ ਨੂੰ ਦਿਤੇ ਸਨ ਤਾਕਿ ਬੀਪੀਐਲ ਕਾਰਡ ਧਾਰਕਾਂ ਅਤੇ ਹੋਰ ਗ਼ਰੀਬਾਂ ਦਾ ਨਕਦੀ-ਰਹਿਤ ਇਲਾਜ ਹੋ ਸਕੇ ਅਤੇ ਯੂਨੀਵਰਸਟੀ ਨੇ ਵੀ ਅਪਣੇ ਪੱਧਰ ‘ਤੇ ਇਨ੍ਹਾਂ ਮਰੀਜ਼ਾਂ ਨੂੰ ਦਵਾਈ ਕਰਵਾਉਣੀ ਹੈ ਪਰ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕੈਂਸਰ ਵਿਭਾਗ ਵਲੋਂ ਨਹੀਂ ਕੀਤੀ ਜਾਂਦੀ। ਇਥੋਂ ਤਕ ਕਿ ਮੁੱਖ ਮੰਤਰੀ ਰਾਹਤ ਫ਼ੰਡ ਵਿਚੋਂ ਕੋਈ 12 ਕਰੋੜ ਰੁਪਏ ਪੰਜਾਬ ਦੇ ਕੈਂਸਰ ਦੇ ਮਰੀਜ਼ਾਂ ਲਈ ਯੂਨੀਵਰਸਟੀ ਨੂੰ ਅਲੱਗ ਤੌਰ ‘ਤੇ ਦਿਤੇ ਗਏ ਸਨ ਅਤੇ ਇਨ੍ਹਾਂ ਪੈਸਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਹਿਲ ਦੇ ਆਧਾਰ ‘ਤੇ ਕੈਂਸਰ ਮਰੀਜ਼ਾਂ ਨੂੰ ਰਾਹਤ ਦੇ ਤੌਰ ‘ਤੇ ਦੇਣੇ ਸਨ ਪਰ ਢਾਈ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਸਿਰਫ਼ ਇਕ ਕਰੋੜ 25 ਲੱਖ ਰੁਪਏ ਹੀ ਦਿਤਾ ਗਿਆ ਹੈ ਜਦਕਿ 500 ਤੋਂ ਵੱਧ ਮਰੀਜ਼ਾਂ ਦੀਆਂ ਅਰਜ਼ੀਆਂ ਉਪਰ ਵਿਭਾਗ ਵਲੋਂ ਕੋਈ ਗੌਰ ਨਹੀਂ ਕੀਤਾ ਜਾ ਰਿਹਾ।

ਜੇ ਇੰਜ ਹੀ ਅਣਗਹਿਲੀਆਂ ਹੁੰਦੀਆਂ,ਪ੍ਰਸ਼ਾਸਨ ਨੇ ਨਾਂ ਅੱਖਾਂ ਖੋਲ੍ਹੀਆਂ ਤਾਂ ਖਬਰੇ ਕਿੰਨੀਆਂ ਹੋਰ ਜਿੰਦਾਂ ਕਬਰਾਂ ਦੇ ਰਾਹ ਟੁਰ ਜਾਣ, ਫਿਰ ਵੈਣਾਂ ਨੇ ਵਿਹੜੇ ਮੱਲ ਲੈਣੇ ਹਨ-ਬਚਾ ਲਓ ਮੇਰੇ ਘਰਾਂ ਨੂੰ ਇਹੋ ਜੇਹੀਆਂ ਅਣਹੋਣੀਆਂ ਤੋਂ, ਲੋਕੋ ਵਸੇ ਰਹਿਣ ਦਿਓ ਮੇਰੀਆਂ ਮਾਵਾਂ ਦੇ ਘਰ ਪ੍ਰੀਵਾਰ, ਏਹੀ ਮੇਰੀ ਅਰਜ਼ ਹੈ ਇੱਕ-ਹੁਣ ਹੀ ਹੈ ਇਹ ਵੇਲਾ ਵਿਚਾਰਨ ਦਾ-

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>