ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਮੁੜ ਲੋੜ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਣ ਜਨਮ ਅਸਥਾਨ ਗੁ. ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਅੱਜ ਵੀ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਹਰ ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ਼ ਸਬੰਧਿਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਸੀ ਬਲਕਿ ਉਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪ੍ਰਚਾਰਣ ਦੇ ਕੇਂਦਰ ਵੱਜੋਂ ਪੇਸ਼ ਕਰਕੇ ਉੱਥੇ ਗੁਰ ਮਰਿਯਾਦਾ ਲਾਗੂ ਕਰਵਾਉਣਾ ਵੀ ਸੀ। ਕਿਉਂਕਿ ਸਮੇਂ ਦੇ ਮਹੰਤ ਨਰੈਣੂ (ਨਰਾਇਣ ਦਾਸ) ਨੇ ਅਤੇ ਇਸਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ ਸਾਧੂ ਰਾਮ ਅਤੇ ਕਿਸ਼ਨ ਦਾਸ ਨੇ ਨਨਕਾਣਾ ਸਾਹਿਬ ਵਿਖੇ ਮੱਸੇ ਰੰਘੜ ਵਾਲੇ ਸਮੇਂ ਦੇ ਹਾਲਾਤ ਤੋਂ ਵੀ ਬੱਦਤਰ ਹਾਲਾਤ ਉਸ ਸਥਾਨ ਤੇ ਬਣਾ ਛੱਡੇ ਸਨ। ਹੁਣ ਕੇਵਲ ਉੱਥੇ ਕੰਜਰੀਆਂ ਦਾ ਨਾਚ ਹੀ ਨਹੀਂ ਸੀ ਹੁੰਦਾ ਬਲਕਿ ਹੁਣ ਤਾਂ ਉਸ ਅਸਥਾਨ ਦੇ ਦਰਸ਼ਨ ਕਰਨ ਜਾਣ ਵਾਲੀਆਂ ਬੀਬੀਆਂ/ਔਰਤਾਂ ਦੇ ਇੱਜ਼ਤ ਵੀ ਮਹਿਫੂਸ ਨਹੀਂ ਸੀ ਰਹੀ। ਜਦ ਸੰਨ 1918  ਵਿੱਚ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਵਾਰ ਸਮੇਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਤਾਂ ਰਾਤ ਸਮੇਂ ਉਸਦੀ 13 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਘਟੀਆ ਕੁਕਰਮ (ਬਲਾਤਕਾਰ) ਕੀਤਾ। ਇਸੇ ਹੀ ਸਾਲ ਪੂਰਨਾਮਸੀ ਦੀ ਇੱਕ ਰਾਤ ਨੂੰ ਜਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ 6 ਬੀਬੀਆਂ ਜੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਹਿੱਤ ਪੁਜੀਆਂ ਉਹਨਾਂ ਨਾਲ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ ਅਤੇ ਖੇਹ ਖਾਧੀ। ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਇੱਥੋਂ ਤੱਕ ਕਿ ਜੱਦ ਸਿੱਖਾਂ ਨੇ ਮਹੰਤ ਦੀਆਂ ਇਹ ਆਪਹੁਦੀਆਂ ਕਰਤੂਤਾਂ ਅਤੇ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਅਗੋਂ ਮਹੰਤ ਨੇ ਐਲਾਨੀਆ ਕਹਿ ਦਿੱਤਾ ਕਿ ਇਹ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ।

ਤਦ ਨਨਕਾਣਾ ਸਾਹਿਬ ਦੇ ਪਵਿੱਤਰ ਸਥਾਨ ਤੇ ਐਸੇ ਕੁਕਰਮਾਂ ਨੂੰ ਬੰਦ ਕਰਵਾਉਣ ਅਤੇ ਗੁਰ ਮਰਿਯਾਦਾ ਲਾਗੂ ਕਰਵਾਉਣ ਹਿੱਤ 26 ਜਨਵਰੀ 1921 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਸ ਬਾਬਤ ਇੱਕ ਵਿਸ਼ੇਸ਼ ਗੁਰਮਤਾ ਪਾਸ ਕਰਕੇ ਮਿਤੀ 4,5,6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਕੌਮ ਦਾ ਇੱਕ ਭਾਰੀ ਇਕੱਠ ਸਦਣ ਬਾਰੇ ਵੀਚਾਰ ਚਰਚਾ ਕੀਤੀ ਗਈ ਤਾਂ ਕਿ ਉਸ ਸਮੇਂ ਸਮੁੱਚੇ ਪੰਥਕ ਰੂਪ ਵਿੱਚ ਮਿਲ ਬੈਠ ਕੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ, ਮਹੰਤ ਨਰਾਇਣ ਦਾਸ ਬਾਰੇ ਵੀਚਾਰ ਕੀਤਾ ਜਾ ਸਕੇ ਅਤੇ ਮਹੰਤ ਨੂੰ ਸੁਧਰਨ ਲਈ ਕਿਹਾ ਜਾਵੇ ਕਿਉਂ ਜੁ ਇਸਨੇ ਪ੍ਰਬੰਧ ਸੰਭਾਲਣ ਵੇਲੇ ਇਹ ਗੱਲ ਮੰਨੀ ਸੀ ਕਿ ਪਹਿਲੇ ਮਹੰਤਾਂ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾੲਤਿ ਨਹੀਂ ਆਵੇਗੀ।

ਹੋਣ ਵਾਲੇ ਇਸ ਪੰਥਕ ਇਕੱਠ ਦੀ ਸੂਹ ਮਹੰਤ ਨਰੈਣੂ ਨੂੰ ਲੱਗ ਗਈ ਤਾਂ ਉਸਨੇ ਵਿਉਂਤ ਘੜ ਲਈ ਕਿ ਉਸ ਸਮੇਂ ਸਿੱਖਾਂ ਦੇ ਉਸ ਭਾਰੀ ਇਕੱਠ ਉੱਤੇ ਹਮਲਾ ਕਰਕੇ ਸੱਭ ਗੁਰਮਤ ਸੁਧਾਰਕਾਂ ਨੂੰ ਖਤਮ ਕਰ ਦੇਣਾ ਹੈ। ਇਸ ਲਈ ਉਸਨੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੋਲੀ, ਸਿੱਕਾ, ਟਕੂਏ, ਪਿਸਤੌਲਾਂ, ਬੰਦੂਕ, ਮਿੱਟੀ ਦੇ ਤੇਲ ਦੇ ਪੀਪਿਆਂ ਅਤੇ ਲੱਕੜਾਂ ਦਾ ਜ਼ਖੀਰਾ ਇਕੱਠਾ ਕਰ ਲਿਆ ਤਾਂ ਕਿ ਉੱਠ ਰਹੀ ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਸਮੇਤ ਹਾਜ਼ਰ ਸਾਰੇ ਸਿੱਖਾਂ ਦਾ ਖੁਰਾ ਖੋਜ ਉਸ ਦਿਨ ਹੋਣ ਵਾਲੀ ਇੱਤਰਤਾ ਮੌਕੇ ਮਿਟਾਇਆ ਜਾ ਸਕੇ। ਮਹੰਤ ਨਰੈਣੂ ਦੇ ਇਸ ਕਾਰੇ ਦੀ ਸੂਹ ਗੁਰਸਿੱਖਾਂ ਕੋਲ ਪੁੱਜੀ ਤਾਂ ਉਹਨਾਂ ਨੇ 17 ਫਰਵਰੀ 1921 ਨੂੰ ਇੱਕ ਵਿਸ਼ੇਟਸ਼ ਮੀਟਿੰਗ ਸੱਦ ਕੇ ਇਹ ਮਤਾ ਪਕਾ ਦਿੱਤਾ ਗਿਆ ਕਿ 19 ਫਰਵਰੀ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਸ੍ਰੀ ਨਨਕਾਣਾ ਸਾਹਿਬ ਦੀ ਆਜ਼ਾਦੀ ਲਈ ਚਾਲੇ ਪਾ ਦੇਣਗੇ। ਕਿਉਂਕਿ ਉਸ ਮਹੰਤ ਦੇ ਵਿਰੁੱਧ ਅਤੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਸੰਗਤਾਂ ਦੇ ਮਨਾਂ ਵਿੱਚ ਪਹਿਲਾਂ ਹੀ ਜੋਸ਼ ਠਾਠਾਂ ਮਾਰ ਰਿਹਾ ਸੀ ਤੇ ਮਹੰਤ ਦੀ ਸਿੱਖਾਂ ਉੱਪਰ ਹਮਲਾ ਕਰਨ ਦੀ ਬਦਨੀਤੀ ਨੇ ਸਿੱਖਾਂ ਵਿੱਚਲੇ ਰੋਹ ਨੂੰ ਭਾਂਬੜ ਦਾ ਰੂਪ  ਦੇ ਦਿੱਤਾ।

ਮਿਥੀ ਮਿਤੀ ਤੇ ਅਰਦਾਸਾ ਸੋਧ ਕੇ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਧਾਮ ਆਜ਼ਾਦ ਕਰਵਾਉਣ ਲਈ ਗੁਰੂ ਦੀ ਸਿੱਖਿਆ ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥’ ਅਤੇ ‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥’ ਦੇ ਮਾਹਾਂਵਾਕਾਂ ਨੂੰ ਮੰਨਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਅਤੇ ਗੁਰੂ ਅਸਥਾਨ ਦੀ ਬੇਅਦਬੀ ਰੋਕਣ ਲਈ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਪੰਥਕ ਲੀਡਰਾਂ ਦੇ ਕਹੇ ਤੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕਣ ਲਈ ਉਪਰਾਲਾ ਕੀਤਾ ਗਿਆ ਤਾਂ ਕਿ ਮਾਹੌਲ ਨਾ ਵਿਗੜੇ ਪਰ ਸਿੱਖਾਂ ਨੇ ਇੱਕੋ ਗੱਲ ਕਹੀ ਕਿ “ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਤੁਰੇ ਹਾਂ, ਅਕਾਲ ਪੁਰਖ ਆਪ ਸਹਾਈ ਹੋਵੇਗਾ ਅਤੇ ਸਾਡੀ ਜਿੱਤ ਨਿਸਚਿਤ ਹੈ। ਅਸੀਂ ਅੱਗੇ ਹੋ ਕੇ ਮਰ ਜਾਵਾਂਗੇ ਪਰ ਹੁਣ ਪਿੱਛੇ ਨਹੀਂ ਹਟਾਂਗੇ। ਜਾਂ ਨਾਨਕ ਦਾ ਨਨਕਾਣਾ ਆਜ਼ਾਦ ਕਰਵਾਵਾਂਗੇ ਜਾਂ ਫਿਰ ਸ਼ਹੀਦ ਹੋਵਾਂਗੇ।“ ਇਸ ਤਰ੍ਹਾਂ ਭਾਈ ਲਛਮਣ ਸਿੰਘ ਜੀ ਦਾ ਜੱਥਾ ਸ਼ਬਦ ਪੜ੍ਹਦਾ ਹੋਇਆ ਨਨਕਾਣਾ ਸਾਹਿਬ ਅੰਦਰ ਦਾਖਲ ਹੋਇਆ। ਮਹੰਤ ਨੇ ਬਾਹਰਲੇ ਗੇਟ ਬੰਦ ਕਰਵਾ ਦਿੱਤੇ ਅਤੇ ਸ਼ਾਂਤਮਈ ਸਿੰਘਾਂ ਉੱਤੇ ਮੀਂਹ ਦੀ ਤਰ੍ਹਾਂ ਗੋਲੀਆਂ ਦੀ ਬੁਛਾੜ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲੱਛਮਣ ਸਿੰਘ ਜੀ ਨੂੰ ਗੋਲੀਆਂ ਨਾਲ ਅਧਮੋਇਆ ਕਰਨ ਤੋਂ ਬਾਅਦ ਜੰਡ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਪਾਵਣ ਸਰੂਪ ਵਿੱਚ ਵੀ ਕਈ ਗੋਲੀਆਂ ਲੰਘੀਆਂ। ਇਹ ਸੀ ਜੁਲਮ ਦੀ ਇੰਤਹਾ ਸੀ। ਇਸੇ ਤਰ੍ਹਾਂ ਭਾਈ ਦਲੀਪ ਸਿੰਘ ਜੀ ਜਦ ਗੁਰਦੁਆਰਾ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਵੀ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਕਿਹਾ ਜਾਂਦਾ ਹੈ ਕਿ ਦੋ ਸਾਲ ਦਾ ਇੱਕ ਸਿੱਖ ਬੱਚਾ ਜੋ ਕਿ ਇੱਕ ਅਲਮਾਰੀ ਵਿੱਚ ਬੰਦ ਸੀ ਨੂੰ ਵੀ ਬਾਹਰ ਕੱਢ ਕੇ ਬਲਦੀ ਅੱਗ ਦੇ ਉੱਪਰ ਸੁੱਟ ਕੇ ਸ਼ਹੀਦ ਕੀਤਾ ਗਿਆ ਜੋ ਜਰਗ (ਲੁਧਿਆਣਾ) ਨਿਵਾਸੀ ਸ਼ਹੀਦ ਕੇਹਰ ਸਿੰਘ ਦਾ ਪੁੱਤਰ ਸੀ ਅਤੇ ਆਪਣੇ ਪਿਤਾ ਨਾਲ ਇਸ ਸ਼ਹੀਦੀ ਜੱਥੇ ਵਿੱਚ ਸ਼ਾਮਿਲ ਸੀ।

ਗੁ. ਸ੍ਰੀ ਨਨਕਾਣਾ ਸਾਹਿਬ ਦੇ ਇਸ ਸਾਕੇ ਦੀ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸਿੱਖਾਂ ਦੀ ਵੱਡੀ ਗਿਣਤੀ ਗੁਰਦੁਆਰਾ ਸਾਹਿਬ ਵਿਖੇ ਇਕੱਠੀ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ 23 ਫਰਵਰੀ ਨੂੰ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਅਤੇ ਅੰਗਰੇਜ ਸਰਕਾਰ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੱਖਾਂ ਨੂੰ ਸੌਪੀਆਂ ਅਤੇ ਅੰਗਰੇਜ ਸਰਕਾਰ ਵੱਲੋਂ ਮੌਕੇ ਤੇ ਫਰਾਰ ਹੋਏ ਮਹੰਤ ਨੂੰ ਵੀ ਸਖਤ ਸਜ਼ਾ ਦਿੱਤੀ ਗਈ। ਇਸ ਤਰ੍ਹਾਂ ਸ਼ਹਾਦਤਾਂ ਤੋਂ ਬਾਅਦ ਗੁਰਧਾਮਾ ਨੂੰ ਆਜ਼ਾਦ ਕਰਵਾ ਕੇ ਉੱਥੇ ਗੁਰਮਰਿਯਾਦਾ ਬਹਾਲ ਕੀਤੀ ਗਈ।

ਅੱਜ ਅਸੀਂ ਗੁਰਧਾਮਾਂ ਲਈ ਕੀਤੀਆਂ ਗਈਆਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰ ਕੇ ਇੱਕ ਵਾਰ ਨਿਰਪੱਖ ਹੋ ਕੇ ਆਪਣੇ ਮਨ ਅੰਦਰ ਵੀਚਾਰ ਕਰਨੀ ਹੈ ਅਤੇ ਕੁੱਝ ਕੁ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਨੀ ਹੈ ਕਿ ਅੱਜ ਵੀ ਸਾਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਾਂ ਹੋਰ ਗੁਰਧਾਮਾਂ ਵਿੱਚ ਨਿਰੋਲ ਗੁਰਮਤਿ ਦੀ ਗੱਲ ਹੋ ਰਹੀ ਹੈ ਜਾਂ ਨਹੀਂ? ਕਿਤੇ ਅੱਜ ਫਿਰ ਸਾਨੂੰ ਗੁਰਧਾਮ ਆਜ਼ਾਦ ਕਰਨ ਦੀ ਲੋੜ ਹੈ ਜਾਂ ਨਹੀਂ? ਕੀ ਅੱਜ ਵੀ ਗੁਰਧਾਮਾਂ  ਵਿੱਚ ਬਾਬੇ ਨਾਨਕ ਦੀ ਸੱਚੀ ਸੁੱਚੀ ਅਤੇ ਮਾਨਵਤਾ ਦੇ ਭਲੇ ਲਈ ਦਿੱਤੀ ਗਈ ਜੀਵਣ ਜਾਂਚ ਅਤੇ ਹੋਰ ਕਾਰਜ ਹੋ ਰਹੇ ਹਨ? ਹੋਰ ਵੀ ਅਨੇਕਾਂ ਸਵਾਲ ਹਨ ਕਿਉਂਕਿ ਐਸਾ ਪ੍ਰਤੀਤ ਹੋ ਰਿਹਾ ਹੈ ਕਿ ਬਾਬਾ ਨਾਨਕ ਜੀ ਨੇ ਇਸ ਧਰਮਸ਼ਾਲਾ ਨੂੰ ਸਾਰਿਆਂ ਲਈ ਸਾਂਝਾ ਬਣਾਇਆ ਸੀ ਅਤੇ ਅਸੀਂ ਸਿਰਫ ਆਪਣੀ ਨਿੱਜੀ ਚੌਧਰ ਅਤੇ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਬਾਬੇ ਨਾਨਕ ਦੀਆਂ ਧਰਮਸ਼ਾਲਾਵਾਂ (ਗੁਰਦੁਆਰਿਆਂ) ਨੂੰ ਵੀ ਜਾਤਾਂ-ਪਾਤਾਂ ਵਿੱਚ ਵੰਡ ਛੱਡਿਐ। ਅੱਜ ਗੁਰਦੁਆਰਾ ਗੁਰੂ ਦਾ ਦੁਆਰ ਨਾ ਹੋ ਕੇ ਰਵੀਦਾਸੀਆਂ ਦਾ, ਵਾਲਮੀਕੀਆਂ ਦਾ, ਜੱਟਾਂ ਦਾ ਰਾਮਗੜ੍ਹੀਆਂ ਦਾ, ਛੀਂਬਿਆਂ ਦਾ, ਮਜ੍ਹਬੀ ਸਿੱਖਾਂ ਦਾ ਬਣ ਚੁੱਕਾ ਹੈ। ਅੱਜ ਬ੍ਰਹਾਮਣਵਾਦੀ ਕਰਮਕਾਂਢ, ਹੋਰ ਅੰਧਵਿਸ਼ਵਾਸ਼ ਦੀਆਂ ਗੱਲਾਂ, ਮਨਮੱਤ, ਕੱਚ ਘਰੜ ਸਾਖੀਆਂ, ਗੁਰਮਤਿ ਵਿਰੋਧੀਆਂ ਪ੍ਰਚਾਰ, ਗੁਰਮਤਿ ਵਿਰੋਧੀਆਂ ਗਤੀਵਿਧੀਆਂ ਵੀ ਗੁਰਦੁਆਰਾ ਸਾਹਿਬ ਤੋਂ ਹੋਣ ਲੱਗ ਪਈਆਂ ਹਨ। ਬੇਸ਼ੱਕ ਕੁੱਝ ਕੁ ਪ੍ਰਬੰਧਕ ਕਮੇਟੀਆਂ ਬਹੁੱਤ ਸੁਚਾਰੂ ਕੰਮ ਕਰ ਰਹੀਆਂ ਹਨ, ਪਰ ਬਹੁਤੀਆਂ ਤਾਂ ਗੋਲਕ ਤੱਕ ਸੀਮਿਤ ਹੋ ਕੇ ਰਹਿ ਗਈਆਂ ਹਨ। ਇੱਥੋਂ ਤੱਕ ਕੇ ਮਹੰਤਾਂ ਕੋਲ ਅਜ਼ਾਦ ਕਰਵਾ ਕੇ ਗੁਰਦੁਆਰਿਆਂ ਦਾ ਪ੍ਰਬੰਧ ਸੁਚਾਰੂ ਅਤੇ ਯੋਗ ਢੰਗ ਨਾਲ ਚਲਾਉਣ ਲਈ ਬਣਾਈ ਗਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਵੱਡੇ-ਵੱਡੇ ਪ੍ਰਸ਼ਨ ਚਿੰਨ੍ਹ ਲੱਗ ਗਏ ਹਨ।

ਇਸ ਤਰ੍ਹਾਂ ਲੱਗਦਾ ਹੈ ਉਹਨਾਂ ਮਹੰਤਾਂ ਦੀ ਰੂਹ ਮੁੜ ਗੁਰਦੁਆਰਾ ਪ੍ਰਬੰਧਕਾ ਦੇ ਵਿੱਚ ਵੜ ਗਈ ਹੈ ਜਿਹੜੇ ਅੱਜ ਗੁਰਮਤਿ ਸਿਧਾਂਤਾਂ ਦਾ ਮਲੀਆਮੇਟ ਕਰਨ ਤੇ ਤੁੱਲੇ ਹੋਏ ਹਨ। ਅੱਜ ਗੁਰਮਤਿ ਦੀ ਗੱਲ ਕਰਨ ਵਾਲੇ ਲੇਖਕਾਂ, ਬੁਧੀਜੀਵੀਆਂ, ਸਿੱਖ ਚਿੰਤਕਾਂ, ਸਿੱਖ ਵਿਦਾਵਨਾਂ, ਸਿੱਖ ਕੀਰਤਨੀਆ ਨੂੰ ਪੰਥ ਵਿੱਚੋਂ ਛੇਕ ਕੇ ਜ਼ਲੀਲ ਕਰਨ ਦੀਆਂ ਕੋਝੀਆਂ ਚਾਲਾਂ ਸਿੱਖਾਂ ਦੀ ਸਰਵਉੱਚ ਮਹਾਨ ਸੰਸਥਾ ਮੀਰੀ ਪੀਰੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਜੋਕੇ ਮਹੰਤਾਂ ਵੱਲੋਂ ਚੱਲੀਆਂ ਜਾ ਰਹੀਆਂ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਹੀ ਗੁਰੂ ਨਾਨਕ ਦੀ ਕੀਰਤੀ ਸੰਗਤ ਨਾਲ ਬਾਦਲਕਿਆਂ (ਵੀ.ਆਈ.ਪੀ. ਸੰਗਤ) ਕਰਕੇ ਵਿਤਕਰਾ ਕੀਤਾ ਜਾ ਰਿਹਾ ਹੈ। ਅੱਜ ਅਖੌਤੀ ਸਾਧ ਵੀ ਮਹੰਤ ਨਰੈਣੂ ਦੀ ਸੋਚ ਵਾਂਗ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਦੁਕਾਨਦਾਰੀ ਦੀ ਤਰ੍ਹਾਂ ਚਲਾ ਰਹੇ ਹਨ ਅਤੇ ਮਨਮਰਜ਼ੀ ਦੇ ਨਾਮ ਦੇ ਕੇ ਆਪਣੇ ਹੀ ਗੁਰਦੁਆਰੇ ਬਣਾਈ ਜਾ ਰਹੇ ਹਨ। ਕਹਿਣ ਤੋਂ ਭਾਵ ਕਿ ਅੱਜ ਗੁਰਦੁਆਰਿਆਂ ਵਿੱਚ ਫਿਰ ਗੁਰਮਤਿ ਵਿਰੋਧੀ ਕਾਰਜ ਹੋਣ ਲੱਗ ਪਏ ਹਨ ਅਤੇ ਇਸ ਸੱਭ ਨੂੰ ਸੁਧਾਰ ਕਰਨ ਲਈ ਮੁੜ ਤੋਂ ਇੱਕ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਲੋੜ ਪੈਦਾ ਹੋ ਚੁੱਕੀ ਹੈ। ਇਸ ਲਈ ਸਾਨੂੰ ਸਾਰੇ ਹੀ ਜਾਗਰੂਕ ਸਿੱਖਾਂ ਨੂੰ ਛੇਤੀ ਹੀ ਇੱਕ ਸਾਂਝੇ ਮੰਚ ਤੇ ਇਕੱਠੇ ਹੋ ਕੇ ਕਾਰਜ ਕਰਨਾ ਚਾਹੀਦਾ ਹੈ। ਗੁਰਮਤਿ ਦੇ ਧਾਰਨੀ ਯੋਗ ਉਮੀਦਵਾਰਾਂ ਨੂੰ ਅੱਗੇ ਲਿਆਈਏ ਤਾਂ ਕਿ ਗੁਰਦੁਆਰਿਆਂ ਵਿੱਚ ਗੁਰ ਮਰਿਯਾਦਾ ਬਹਾਲ ਹੋਵੇ ਤਾਂ ਕਿ ਇਹ ਗੁਰਦੁਆਰੇ ਸਿੱਖੀ ਪ੍ਰਚਾਰ ਦੇ ਕੇਂਦਰ ਵੱਜੋਂ ਉੱਭਰ ਕੇ ਸਾਹਮਣੇ ਆਉਣ ਨਾ ਕਿ ਦੁਕਾਨਦਾਰੀਆਂ ਵੱਜੋਂ। ਉਮੀਦ ਹੈ ਜਾਗਰੂਕ ਨਾਨਕ ਨਾਮ ਲੇਵਾ ਇਸ ਪਾਸੇ ਧਿਆਨ ਦੇਣਗੇ। ਗੁਰੂ ਭਲੀ ਕਰੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>