ਗੁਰੂ ਨਾਨਕ ਦੇ ਘਰ ਦੀ ਗੁਰਦਗੱਦੀ ਦੇ ਵਾਰਸ ‘ਗੁਰੂ ਹਰਿਰਾਇ ਸਾਹਿਬ ਜੀ’

ਸਤਵੇਂ ਨਾਨਕ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 16 ਜਨਵਰੀ ਸੰਨ 1630 ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਵੱਡੇ ਫਰਜ਼ੰਦ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਵਸਾਏ ਨਗਰ ਕੀਰਤਪੁਰ ਸਾਹਿਬ ਵਿਖੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ ਸੀ। (ਆਪ ਜੀ ਦਾ ਮਾਤਾ ਅਨੰਤੀ, ਮਾਤ ਬੱਸੀ ਅਤੇ ਕੁੱਝ ਵਿਦਵਾਨਾਂ ਨੇ ਮਾਤਾ ਨਿਹਾਲ ਕੌਰ ਵੀ ਲਿਖਿਆ ਹੈ)

ਆਪ ਜੀ 8 ਸਾਲ ਦੀ ਉਮਰ ਵਿੱਚ ਹੀ ਆਪ ਜੀ ਦੇ ਪਿਤਾ ਬਾਬਾ ਗੁਦਿੱਤਾ ਜੀ ਚੜ੍ਹਾਈ ਕਰ ਗਏ ਸਨ ਅਤੇ ਆਪ ਜੀ ਦਾ ਬਾਕੀ ਬਚਪਨ ਆਪਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬੀਤਿਆ। ਲਗਭਗ 9 ਸਾਲ ਤੱਕ ਦਾ ਸਮਾਂ ਆਪ ਜੀ ਨੇ ਆਪਣੇ ਦਾਦਾ ਜੀ ਕੋਲ ਹੀ ਬਤੀਤ ਕੀਤਾ ਅਤੇ ਸ਼ਾਇਦ ਇਹੀ ਕਾਰਣ ਸੀ ਕਿ ਆਪ ਜੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਖਸ਼ੀਅਤ ਦੇ ਕਈ ਗੁਣ/ਖੂਬੀਆਂ ਮਿਲਦੀਆਂ ਹਨ। ਮੁੱਢਲੀ ਵਿਦਿਆ ਆਪ ਜੀ ਨੇ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਸੀ । ਭਾਈ ਕਿਰਪਾ ਰਾਮ ਦੱਤ ਦੇ ਪਿਤਾ ਭਾਈ ਅੜੂ ਜੀ ਆੇ ਪੁਰੋਹਿਤ ਜਾਤੀ ਮੱਲ ਵੀ ਆਪ ਜੀ ਦੇ ਉਸਤਾਦਾਂ ਵਿੱਚੋਂ ਸਨ।
13 ਸਾਲ ਦੀ ਉਮਰ ਤੱਕ ਆਪ ਜੀ ਸ਼ਸਤਰ ਅਤੇ ਸ਼ਾਸਤਰ ਦੇ ਮਾਹਰ ਹੋ ਗਏ ਸਨ। ਅਤਿ ਨਿਮਰਤਾ ਵਾਲੇ ਸੁਭਾਅ ਦੇ ਮਾਲਿਕ ਹੋਣ ਦੇ ਨਾਲ ਆਪ ਇੱਕ ਜਰਨੈਲ ਵੀ ਸਨ।

ਜਦ ਛੇਵੇਂ ਪਾਤਸ਼ਾਹ ਨੇ ਯੋਗ ਜਾਣਿਆ ਕਿ ਗੁਰੂ ਨਾਨਕ ਦੇ ਘਰ ਦੀ ਰੀਤ ਅਤੇ ਵਿਚਾਰਧਾਰਾ ਨੂੰ ਲੋਕਹਿਤ ਪ੍ਰਚਾਰਣ ਲਈ, ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਗੁਰਿਆਈ ਯੋਗ ਗੁਰੂ ਹਾਰਿਰਾਏ ਜੀ ਹੀ ਸੱਭ ਤੋਂ ਯੋਗ ਹਨ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ 3 ਮਾਰਚ ਸੰਨ 1644 ਨੂੰ ਜੋਤੀ ਜੋਤਿ ਸਮਾਏ ਤਾਂ ਗੁਰਿਆਈ ਗੁਰੂ ਹਰਿਰਾਏ ਸਾਹਿਬ ਜੀ ਨੂੰ ਸੌਂਪ ਦਿੱਤੀ ਗਈ।
ਗੁਰਿਆਈ ਤੋਂ ਬਾਅਦ ਆਪ ਜੀ ਨੇ ਜਗਤ ਗੁਰੂ, ਗੁਰੂ ਨਾਨਕ ਸਾਹਿਬ ਵੱਲੋਂ ਮਨੁੱਖਤਾ ਦੇ ਹੱਕ ਵਿੱਚ ਚਲਾਏ ਜਾ ਰਹੇ ਮਿਸ਼ਨ ਨੂੰ ਪ੍ਰਚਾਰਨ ਅਤੇ ਪ੍ਰਸਾਰਣ ਹਿੱਤ ਕਈ ਪ੍ਰਚਾਰਕ ਦੌਰੇ ਵੀ ਕੀਤੇ ਅਤੇ ਗੁਰਦੁਆਰੇ ਕਾਇਮ ਕੀਤੇ।

ਆਪ ਜੀ ਦਾ ਵਿਆਹ 14 ਜਨਵਰੀ 1640 ਨੂੰ ਅਰੂਪ ਨਗਰ (ਜਿਲ੍ਹਾ ਗੁਜਰਾਂਵਾਲਾ) ਦੇ ਭਾਈ ਦਇਆ ਰਾਮ ਦੀ ਬੇਟੀ ਸੁਲੱਖਣੀ ਜੀ ਨਾਲ ਹੋਇਆ ਸੀ। ਬੀਬੀ ਸੁਲੱਖਣੀ ਜੀ ਨੇ 24 ਫਰਵਰੀ 1646 ਦੇ ਦਿਨ ਰਾਮਰਾਇ, 9 ਅਪ੍ਰੈਲ 1649 ਦੇ ਦਿਨ ਰੂਪ ਕੌਰ ਅਤੇ 20 ਜੁਲਾਈ 1652 ਦੇ ਦਿਨ (ਗੁਰੂ) ਹਰਕ੍ਰਿਸ਼ਨ ਸਾਹਿਬ ਜੀ ਨੂੰ ਜਨਮ ਦਿੱਤਾ।

ਇੱਕ ਵਾਰ ਜਦ ਚਲਾਕ ਅਤੇ ਮੁਤੱਸਬੀ ਬਾਦਸ਼ਾਹਔਰੰਗਜ਼ੇਬ ਦੀ ਖੁਸ਼ਾਮਦ ਕਰਕੇ ਉਸ ਕੋਲੋਂ ਖਾਸਾ ਇਨਾਮ ਹਾਸਲ ਕਰਨ ਲਈ ਆਪ ਜੀ ਦੇ ਵੱਡੇ ਬੇਟੇ ਰਾਮਰਾਇ ਨੇ ਪਾਵਣ ਗੁਰਬਾਣੀ ਦੀ ਇੱਕ ਪੰਗਤੀ ਦੇ ਅਰਥ ਬਦਲ ਕੇ ਸੁਣਾਏ (ਇਤਹਾਸਕ ਹਾਵਲਿਆਂ ਅਨੁਸਾਰ: ਗੁਰਬਾਣੀ ਦੀ ਪੰਗਤੀ ਵਿੱਚ ਦਰਜ ਸ਼ਬਦ ‘ਮੁਸਲਮਾਨ’ ਦੀ ਥਾਂ ਲਫਜ਼ ‘ਬੇਈਮਾਨ’ ਕਰ ਦਿੱਤਾ ਗਿਆ) ਤਾਂ ਜਦ ਇਸ ਘਟਨਾ ਦਾ ਪਤਾ ਗੁਰੂ ਹਰਰਾਇ ਸਾਹਿਬ ਜੀ ਨੂੰ ਲੱਗਾ ਤਾਂ ਆਪ ਜੀ ਨੇ ਮੁਕੰਮਲ ਰੂਪ ਵਿੱਚ ਰਾਮਰਾਇ ਨਾਲ ਆਪਣੇ ਸਬੰਧ ਖਤਮ ਕਰ ਦਿੱਤੇ। ਰਾਮਰਾਇ ਨੇ ਮੁਆਫੀ ਮੰਗਦਿਆਂ ਹੋਇਆਂ ਕਈ ਨਿਮਰਤਾ ਭਰੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਪਰ ਗੁਰੂ ਪਾਤਸ਼ਾਹ ਨੇ ਨਾਨਕ ਸਿਧਾਂਤ ਨੂੰ ਹੀ ਉੱਚਾ ਜਾਣਦਿਆਂ ਹੋਇਆਂ ਪੁੱਤਰ ਵੱਲੋਂ ਕੀਤੀ ਗਈ ਇਸ ਕੁਤਾਹੀ ਤੋਂ ਡਾਢੇ ਨਰਾਜ਼ ਹੋ ਕੇ ਚਿੱਠੀਆਂ ਨੂੰ ਹੱਥ ਤੱਕ ਲਾਉਣਾ ਵੀ ਮੁਨਾਸਿਬ ਨਾ ਸਮਝਿਆ।

6 ਅਕਤੂਬਰ 1661 ਦੇ ਦਿਨ ਆਪ ਜੀ ਨੇ ਆਪਣੇ ਛੋਟੇ ਬੇਟੇ ਨੂੰ ਯੋਗ ਜਾਣਦਿਆਂ ਗੁਰਿਆਈ (ਗੁਰੂ) ਹਰਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ ਅਤੇ ਆਪ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ।

ਗੁਰੂ ਹਰਰਾਇ ਸਾਹਿਬ ਜੀ ਜੀ ਕੁੱਲ ਉਮਰ 31 ਸਾਲ ਪੰਜ ਮਹੀਨੇ ਬਣਦੀ ਹੈ ਅਤੇ ਆਪ ਜੀ ਨੇ ਇਸ ਵਿੱਚੋਂ 17 ਸਾਲ, 7 ਮਹੀਨੇ ਅਤੇ 3 ਦਿਨ ਗੁਰਗੱਦੀ ਦੀ ਸੇਵਾ ਨਿਭਾਈ। ਗੁਰਗੱਦੀ ਦੌਰਾਨ ਆਪ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਬਾਖੂਬੀ ਪ੍ਰਚਾਰਿਆ, ਪ੍ਰਸਾਰਿਆ ਅਤੇ ਆਪਣੇ ਅਮਲੀ ਜੀਵਣ ਵਿੱਚ ਲਾਗੂ ਕੀਤਾ। ਆਪ ਜੀ ਨੇ ਵੱਡੀ ਫੋਜ ਨੂੰ ਸਫਲ ਅਗਵਾਈ ਦਿੱਤੀ। ਆਪ ਜੀ ਵੱਲੋਂ ਤਿਆਰ ਕੀਤੀ ਗਈ ਫੋਜ ਵਿੱਚ 2200 ਘੋੜ ਸਵਾਰ ਅਤੇ ਬਹੁਤ ਸਾਰੇ ਪੈਦਲ ਫੋਜੀ ਸਨ। ਜਾਤ-ਪਾਤ, ਊਚ-ਨੀਚ ਦੇ ਖਾਤਮੇ ਲਈ ਆਪ ਜੀ ਨੇ ਆਪਣੀ ਫੋਜ ਵਿੱਚ ਬਹੁਤ ਸਾਰੇ ਰਾਜਪੂਤ, ਲੁਬਾਣੇ, ਖੱਤਰੀ ਅਤੇ ਜੱਟਾਂ ਨੂੰ ਸ਼ਾਮਲ ਕੀਤਾ ਅਤੇ ਸਿੱਖ ਭਾਈਚਾਰੇ ਦਾ ਹਿੱਸਾ ਬਣਾਇਆ। ਗਰੀਬ, ਨਿਆਸਰਿਆ ਦੇ ਇਲਾਜ ਲਈ ਦਵਾਖਾਨਾ ਕਾਇਮ ਕੀਤਾ। ਕੀਰਤਪੁਰ ਸਾਿਹਬ ਵਿੱਚ ਵਿਸ਼ੇਸ਼ ਤੌਰ ਤੇ ਬਾਗ ਲੁਗਵਾਇਆ ਅਤੇ ਕਈ ਤਰ੍ਹਾਂ ਦੀਆਂ ਜੜੀ-ਬੂਟੀਆਂ ਦੀ ਪੈਦਾਵਰ ਕੀਤੀ ਅਤੇ ਉੱਚ-ਪਾਏ ਦੇ ਨੀਮ ਹਕੀਮਾਂ ਨੂੰ ਕੀਰਤਪੁਰ ਸਾਹਿਬ ਵਿੱਚ ਵਸਾਇਆ।

ਆਪ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਲਈ ਲਗਭਗ 360 ਤੋਂ ਵੱਧ ਕੇਂਦਰ ਸਥਾਪਿ ਹੋ ਚੁਕੱੇ ਸਨ। ਦਬਿਸਤਾਨ ਮਜ਼ਾਹਿਬ ਦੇ ਕਰਤਾ ਅਨੁਸਾਰ ਐਸਾ ਕੋਈ ਕਸਬਾ ਜਾਂ ਪਿੰਡ ਨਹੀਂ ਸੀ ਜਿਸ ਵਿੱਚ ਸਿੱਖ ਨਹੀਂ ਸਨ ਰਹਿੰਦੇ। ਇਹ ਆਪ ਜੀ ਦਾ ਸੁਚੱਹਾ ਜਥੇਬੰਦਕ ਇੰਤਜ਼ਾਮ ਹੀ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਸਾਹਿਬ  ਵਲੋਂ ਪੰਜਾਬ, ਕਸ਼ਮੀਰ ਤੇ ਕਾਬਲ ਆਦਿ ਵਿੱਚ ਪ੍ਰਚਾਰ ਦੌਰਾ ਨਾ ਕਰਨ ਦੇ ਬਾਵਜੂਦ ਇਹਨਾਂ ਇਲਾਕਿਆ ਦੇ ਸਿੱਖ, ਮਸੰਦਾਂ ਅਤੇ ਸੰਗਤਾਂ ਰਾਹੀਂ ਗੁਰੂ ਘਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ। 31 ਸਾਲਾਂ ਦੀ ਛੋਟੀ ਉਮਰ ਵਿੱਚ ਜੋਤੀ ਜੋਤਿ ਸਮਾ ਜਾਣ ਦੇ ਬਾਵਜੂਦ ਆਪ ਨੇ ਸਿੱਖ ਤਵਾਰੀਖ ਵਿੱਚ ਅਹਿਮ ਰੋਲ ਅਦਾ ਕੀਤਾ।
ਹਵਾਲੇ:
ਸਿੱਖ ਤਵਾਰੀਖ ਨਾਨਕਿ ਰਾਜੁ ਚਲਾਇਆ, ਕ੍ਰਿਤ ਡਾ. ਹਰਜਿੰਦਰ ਸਿੰਘ ਦਿਲਗੀਰ
ਸੰਖੇਪ ਇਤਿਹਾਸ ਦਸ ਗੁਰੂ ਸਾਹਿਬਾਨ, ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ
ਸੰਖੇਪ ਇਤਿਹਾਸ ਜੀਵਨ ਦਸ ਪਾਤਸ਼ਾਹੀਆਂ ਕ੍ਰਿਤ ਡਾ. ਸਰਬਜੀਤ ਸਿੰਘ ਸਫਰੀ
ਜੀਵਣੀ ਗੁਰੂ ਹਰਰਾਇ ਸਾਹਿਬ ਜੀ, ਕ੍ਰਿਤ ਪ੍ਰੋ. ਸਾਹਿਬ ਸਿੰਘ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>