ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਨਾਂ ਖੁੱਲ੍ਹੀ ਚਿੱਠੀ : ਸੁਰਜੀਤ ਗੱਗ

ਮੁੱਖ ਮੰਤਰੀ ਸਾਹਿਬ,

ਸਭ ਤੋਂ ਪਹਿਲਾਂ ਪੰਜਵੀਂ ਵਾਰ ਪੰਜਾਬ ਦੇ ਮੁੱਖਮੰਤਰੀ ਵਾਲੀ ਕੁਰਸੀ ਤੇ ਬਹਿ ਜਾਣ ਦੀਆਂ ਵਧਾਈਆਂ ਕਬੂਲੋ। ਜੇ ਤੁਸੀਂ ਪਹਿਲੀ ਵਾਰ ਮੁੱਖਮੰਤਰੀ ਬਣੇ ਹੁੰਦੇ ਤਾਂ ਸਾਨੂੰ ਤੁਹਾਡੇ ਕੋਲੋਂ ਕੋਈ ਉਮੀਦ ਹੋਣੀ ਸੀ ਕਿ ਸ਼ਾਇਦ ਇਹ ਬੰਦਾ ਪੰਜਾਬ ਦੀ ਭਲਾਈ ਵਾਸਤੇ ਕੁੱਝ ਕਰਨ ਦਾ ਮਾਦਾ ਰੱਖਦਾ ਹੋਵੇਗਾ। ਪਰ ਤੁਸੀਂ ਪੰਜਵੀਂ ਵਾਰ ਮੁੱਖਮੰਤਰੀ ਬਣੇ ਹੋ ਤੇ ਤਜ਼ਰਬਾ ਦੱਸਦਾ ਹੈ ਕਿ ਏਨੇ ਲੰਮੇ ਕਾਰਜਕਾਲ ਅਤੇ ਪੰਜ ਸਾਲ ਪੰਜਾਬ ਨੂੰ ਬਲ਼ਦੀ ਦੇ ਬੂਥੇ ਦੇਣ ਤੋਂ ਬਾਅਦ ਅਗਲੇ ਪੰਜ ਸਾਲ ਵੀ ਤੁਸੀਂ ਹੀ ਭੋਗਣੇ ਹਨ। ਤੁਹਾਡੇ ਤੋਂ ਉਮੀਦ ਕਰਨੀ ਬਣਦੀ ਹੈ ਕਿਉਂ ਕਿ ਚਾਹੇ ਜਿਵੇਂ ਕਿਵੇਂ ਦੇ ਵੀ ਹੋ ਪਰ ਲੋਕਾਂ ਦੇ ਆਗੂ ਹੋ, ਪੰਜਾਬ ਦੀ ਅਗਵਾਈ ਕਰ ਰਹੇ ਹੋ ਤੇ ਜੇ ਤੁਹਾਡੇ ਕਾਰਜਕਾਲ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਿਘਾਰ ਵੱਲ੍ਹ ਗਈ ਹੈ ਤਾਂ ਇਸ ਦੇ ਪੂਰੇ-ਸੂਰੇ ਜ਼ਿੰਮੇਵਾਰ ਵੀ ਤੁਸੀਂ ਹੀ ਹੋ।

ਗੱਲਾਂ ਤਾਂ ਪਹਿਲੀ ਚਿੱਠੀ ਵਿੱਚ ਵੀ ਬਹੁਤ ਕੀਤੀਆਂ ਸੀ, ਪਰ ਇਹ ਸਾਨੂੰ ਵੀ ਪਤਾ ਸੀ ਕਿ ਪੱਥਰ ਤੇ ਪਾਣੀ ਪਾਇਆਂ ਪੱਥਰ ਜੇ ਘਸ ਨਹੀਂ ਸਕਦਾ, ਧੋਇਆ ਤਾਂ ਜਾ ਹੀ ਸਕਦਾ ਹੈ। ਪਰ ਸਾਡੀ ਇਹ ਆਸ ਨੂੰ ਵੀ ਬੂਰ ਨਹੀਂ ਪਿਆ ਤੇ ਪੰਜਾਬ ਹੋਰ ਵੀ ਨਿਘਾਰ ਵੱਲ੍ਹ ਜਾਣਾ ਸ਼ੁਰੂ ਹੋ ਗਿਆ।

ਮੈਂ ਪਿਛਲੇ ਦਿਨੀ ਅੰਮ੍ਰਿਤਸਰ ਗਿਆ ਸੀ ਤੇ ਓਥੇ ਮਕਬੂਲਪੁਰਾ ਪਿੰਡ ਵਿੱਚ ਜਾਣ ਦਾ ਸਬੱਬ ਬਣਿਆ। ਪਤਾ ਤੁਹਾਨੂੰ ਵੀ ਹੋਵੇਗਾ ਮਕਬੂਲਪੁਰਾ ਪਿੰਡ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਕਿਵੇਂ ਆ ਗਿਆ, ਤੁਹਾਡੇ ਡੇਲੇ ਨਹੀਂ ਫੁੱਟੇ ਹੋਏ। ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਨੇ ਵੀ ਦੱਸ ਹੀ ਦਿੱਤਾ ਹੋਣਾ ਏ। ਜੇ ਭੁੱਲ ਗਏ ਓ ਜਾਂ ਭੁੱਲਣ ਦਾ ਬਹਾਨਾ ਲੱਭਦੇ ਓ ਤਾਂ ਮੈਂ ਦੱਸ ਦਿੰਦਾ ਹਾਂ। ਇਹ ਉਹ ਪਿੰਡ ਹੈ ਜਿੱਥੋਂ ਦੇ ਅੱਧਿਓਂ ਵੱਧ ਬੱਚੇ ਅਨਾਥ ਹਨ ਤੇ ਅੱਧੀਓਂ ਵੱਧ ਮੁਟਿਆਰਾਂ ਵਿਧਵਾ ਹੋ ਕੇ ਜਵਾਨੀ ਵਿੱਚ ਹੀ ਬੁਢੇਪਾ ਸਹੇੜ ਬੈਠੀਆਂ ਹਨ। ਏਸ ਪਿੰਡ ਵਿੱਚ ਕਿਸੇ ਨੂੰ ਰੋਟੀ ਮਿਲੇ ਨਾ ਮਿਲੇ, ਪਰ ਹਰ ਤਰਾਂ ਦਾ ਨਸ਼ਾ ਆਮ ਮਿਲ ਜਾਂਦਾ ਹੈ ਤੇ ਬਹੁਤੇ ਪਿੰਡ ਵਾਸੀ ਨਸ਼ਿਆਂ ਦੀ ਭੇਟ ਚੜ੍ਹ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।

ਅੰਮ੍ਰਿਤਸਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਧੱਕੇ ਖਾ ਰਹੀਆਂ ਸੁਹਾਗਣਾਂ ਦੇ ਵਿਰਲਾਪ ਵੇਖੇ ਨਹੀਂ ਜਾਂਦੇ, ਜਿਹਨਾਂ ਨੇ ਜ਼ਿੰਦਗੀ ਦੇ ਰੰਗ ਮਾਨਣੇ ਸਨ, ਉਹ ਅਪਣੇ ਮਰਨ ਕਿਨਾਰੇ ਪਏ ਪਤੀ ਨੂੰ ਇਹਨਾਂ ਹਸਪਤਾਲਾਂ ਵਿੱਚ ਦਾਖਲ ਕਰਵਾਉਣ ਆਉਂਦੀਆਂ ਹਨ।

ਮਾਵਾਂ, ਜਿਹਨਾਂ ਨੇ ਬੁਢਾਪੇ ਵਿੱਚ ਪੁੱਤਰਾਂ ਦਾ ਸੁੱਖ ਵੇਖਣਾ ਸੀ, ਉਹ ਨਸ਼ਿਆਂ ਕਾਰਣ ਮਰੀਅਲ ਜਿਹੇ ਪੁੱਤਰਾਂ ਨੂੰ ਲੈ ਕੇ ਹਸਪਤਾਲਾਂ ਵਿੱਚ ਧੱਕੇ ਖਾਂਦੀਆਂ ਫਿਰਦੀਆਂ ਹਨ। ਮੈਨੂੰ ਯਾਦ ਆ ਰਹੇ ਹਨ ਇੱਕ ਬੀਬੀ ਦੇ ਬੋਲ ਜੋ ਬੜੀ ਨਾ ਉਮੀਦੀ ਜਿਹੀ ਨਾਲ ਅਪਣੇ ਪੁੱਤਰ ਦਾ ਨਸ਼ਿਆਂ ਤੋਂ ਖਹਿੜਾ ਛੁਡਾਉਣ ਵਾਸਤੇ ਹਸਪਤਾਲ ਦਾਖਲ ਕਰਵਾਉਣ ਆਈ ਸੀ। ਪੁੱਛਣ ਤੇ ਫਿੱਸ ਪਈ ਤੇ ਦੱਸਿਆ ਕਿ ਹੁਣ ਤਾਂ ਰਿਸ਼ਤੇਦਾਰ ਵੀ ਮਦਦ ਨਹੀਂ ਕਰਦੇ, ਘਰ ਦਾ ਸਭ ਕੁੱਝ ਮਾਲ-ਪੱਠਾ ਵੀ ਵਿਕ ਗਿਆ ਹੈ ਤੇ ਵਹੁਟੀ ਵੀ ਇਸ ਦੀ ਛੱਡ ਕੇ ਚਲੀ ਗਈ ਹੈ। ਮੈਂ ਉਸ ਦਾ ਹੌਸਲਾ ਬੰਨ੍ਹਣ ਲਈ ਕਹਿ ਦਿੱਤਾ ਸੀ ਕਿ ਹੁਣ ਏਥੇ ਆ ਗਈ ਹੈ ਸਭ ਕੁੱਝ ਠੀਕ ਹੋ ਜਾਵੇਗਾ। ਹੁਣ ਤੇਰਾ ਪੁੱਤ ਏਥੋਂ ਬਿਲਕੁਲ ਨਸ਼ਾ-ਮੁਕਤ ਹੋ ਕੇ ਜਾਵੇਗਾ।

ਜੇ ਬਾਦਲ ਸਾਹਬ ਓਸ ਵੇਲੇ ਓਸ ਬੀਬੀ ਦੇ ਸਾਹਮਣੇ ਤੁਸੀਂ ਹੁੰਦੇ ਤਾਂ ਓਸ ਬੀਬੀ ਨੇ ਕਤਲ ਦੇ ਇਲਜਾਮ ਵਿੱਚ ਜੇਲ੍ਹ ਕੱਟ ਰਹੀ ਹੋਣਾ ਸੀ ਤੇ ਲੱਖਾਂ ਹੀ ਪੰਜਾਬੀਆਂ ਦੀਆਂ ਅਸੀਸਾਂ ਉਸ ਦੀ ਝੋਲ਼ੀ ਪੈਣੀਆਂ ਸਨ। ਉਹ ਬੱਸ ਦੰਦ ਪੀਹ ਕੇ ਹੀ ਰਹਿ ਗਈ। ਉਸ ਨੇ ਜੋ ਕਿਹਾ ਹੈ ਉਹ ਸੁਣੋ, ÷ ਹਾਂ ਮੇਰਾ ਪੁੱਤ ਏਥੋਂ ਠੀਕ ਹੋ ਕੇ ਤੰਦਰੁਸਤ ਹੋ ਕੇ ਜਾਵੇਗਾ, ਪਰ ਜਾਵੇਗਾ ਕਿੱਥੇ? ਓਥੇ ਹੀ, ਬਾਦਲ ਦੀ ਮਾਂ ਦੇ ……….. ਵਿੱਚ? ਕੀ ਗਾਰੰਟੀ ਹੈ ਕਿ ਉਹ ਮੁੜ ਨਸ਼ਿਆਂ ਦੀ ਲਪੇਟ ਵਿੱਚ ਨਹੀਂ ਆਵੇਗਾ?÷

ਮੈਂ ਉਸ ਨੂੰ ਕਿਵੇਂ ਕਹਿੰਦਾ ਕਿ ਅਪਣੇ ਪੁੱਤ ਨੂੰ ਬਚਾ ਕੇ ਰੱਖੀਂ, ਉਸ ਨੂੰ ਅਜਿਹੇ ਮਾਹੌਲ ਤੋਂ ਦੂਰ ਰੱਖੀਂ। ਕੀ ਉਹ ਉਸ ਨੂੰ ਸੰਗਲ਼ ਨਾਲ ਬੰਨ੍ਹ ਕੇ ਰੱਖੇ? ਕਹਿਣ ਨੂੰ ਤਾਂ ਤੁਸੀਂ ਵੀ ਬੜਾ ਸੋਹਣਾ ਜਿਹਾ ਮੂੰਹ ਬਣਾ ਕੇ ਕਹਿ ਸਕਦੇ ਹੋ ਕਿ ਬਚਾਅ ਵਿੱਚ ਹੀ ਬਚਾਅ ਹੈ। ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਵਗੈਰਾ ਵਗੈਰਾ। ਤੁਸੀਂ ਤਾਂ ਇਹੋ ਕਹਿੰਦੇ ਆਏ ਹੋ ਕਿ ਇਹ ਮਾਰੂ ਨਸ਼ੇ ਪਾਕਿਸਤਾਨ ਤੋਂ ਸਪਲਾਈ ਹੋ ਰਹੇ ਹਨ, ਕੇਂਦਰ ਸਰਕਾਰ ਮੁਸਤੈਦ ਨਹੀਂ ਹੈ। ਪਰ ਬਾਦਲ ਸਾਹਬ, ਸੱਚ ਤੋਂ ਭੱਜ ਕੇ ਜਾਓਗੇ ਕਿੱਥੇ? ਰੇਤੇ ਦੀ ਟਰਾਲੀ ਤੁਸੀਂ ਦੋ ਕਿਲੋਮੀਟਰ ਨਹੀਂ ਟੱਪਣ ਦੇਂਦੇ ਤੇ ਇਹ ਨਸ਼ੇ ਥੋਕ ਦੇ ਭਾਅ ਹਜ਼ਾਰਾਂ ਕਿਲੋਮੀਟਰ ਟੱਪ ਜਾਂਦੇ ਹਨ, ਤੁਸੀਂ ਅੰਨ੍ਹੇ ਹੋ ਜਾਂ ਲੋਕ ਅੰਨ੍ਹੇ ਨੇ? ਪੰਜਾਬ ਦਾ ਇੱਕ ਵੀ ਪਿੰਡ ਦੱਸ ਦਿਓ ਜਿੱਥੇ ਸਮੈਕ ਨਾ ਮਿਲਦੀ ਹੋਵੇ, ਹੈਰੋਇਨ ਨਾ ਮਿਲਦੀ ਹੋਵੇ? ਗੋਲ਼ੀਆਂ ਕੈਪਸੂਲ ਮੈਨੂੰ ਦੱਸੋ ਕਿਹੜੇ ਕੈਮਿਸਟ ਕੋਲੋਂ ਬਗੈਰ ਡਾਕਟਰ ਦੀ ਪਰਚੀ ਤੋਂ ਨਹੀਂ ਮਿਲਦੇ, ਮੈਂ ਪ੍ਰਾਪਤ ਕਰਕੇ ਦੱਸਾਂਗਾ ਬਾਦਲ ਸਾਹਬ ਤੁਸੀਂ ਬੱਚੇ ਨਹੀਂ ਹੋ ਅਪਣੀ ਉਮਰ ਦਾ ਲਿਹਾਜ ਰੱਖੋ ਤੇ ਲੋਕਾਂ ਦੀਆਂ ਬਦ-ਦੁਆਵਾਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ।

ਕਦੇ ਐਸ ਪੀ ਸਿੰਘ ਓਬਰਾਏ ਦੀ ਤਸਵੀਰ ਨਾਲ ਅਪਣੀ ਸ਼ਕਲ ਮਿਲਾਕੇ ਵੇਖਣ ਦੀ ਕੋਸ਼ਿਸ਼ ਕਰਿਓ। ਤੁਹਾਨੂੰ ਅਪਣੇ ਆਪ ਤੋਂ ਘ੍ਰਿਣਾ ਆਉਣੀ ਸ਼ੁਰੂ ਹੋ ਜਾਵੇਗੀ। ਇਹ ਐਸ ਪੀ ਸਿੰਘ ਓਬਰਾਏ ਉਹ ਵਿਅਕਤੀ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਦਿਲੋਂ ਜੁੜਿਆ ਹੋਇਆ ਹੈ ਤੇ ਇੱਕ ‘ਸਰਬੱਤ ਦਾ ਭਲਾ’ ਨਾਮ ਦੀ ਸੰਸਥਾ ਬਣਾ ਕੇ ਅਪਣੇ ਜਿਹੇ ਹੋਰ ਇਨਸਾਨ (ਯਾਦ ਰੱਖੋ ਮੈਂ ਇਨਸਾਨ ਕਿਹਾ ਹੈ, ਪਰ ਨਿਜੀ ਤੌਰ ਤੇ ਮੈਂ ਤੁਹਾਨੂੰ ਇਨਸਾਨ ਕਹਿ ਕੇ ਇਨਸਾਨੀਅਤ ਦੀ ਤੌਹੀਨ ਨਹੀਂ ਕਰਨਾ ਚਾਹੁੰਦਾ।) ਨਾਲ ਜੋੜ ਕੇ ਬੜੇ ਵਧੀਆ ਤੇ ਵਿਉਂਤਬੱਧ ਢੰਗ ਨਾਲ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਤੇ ਏਦਾਂ ਦੇ ਹੋਰ ਵੀ ਬੜੇ ਇਨਸਾਨ ਨੇ ਜੋ ਇਨਸਾਨੀਅਤ ਦੇ ਭਲੇ ਲਈ ਨੰਗੇ ਪੈਰੀਂ ਔਖੇ ਰਾਹਾਂ ਤੇ ਤੁਰ ਰਹੇ ਹਨ। ਮੈਂ ਉਹਨਾਂ ਦਾ ਏਥੇ ਨਾਮ ਨਹੀਂ ਲਿਖਾਂਗਾ, ਜੇ ਨਾਮ ਲਿਖ ਦਿੱਤਾ ਤਾਂ ਉਹ ਤੁਹਾਡੀ ਲਿਸਟ ਵਿੱਚ ਚੜ੍ਹ ਕੇ ਪਤਾ ਨਹੀਂ ਕਿਹੜੀ ਸੜਕ ਤੇ ਕਿਸੇ ਔਰਬਿਟ ਜਾਂ ਮਰਸੀਡੀਜ਼ ਬੈਂਜ ਦੇ ਥੱਲੇ ਦਰੜਿਆ ਜਾਵੇਗਾ। ਏਦਾਂ ਹੁੰਦਾ ਆਇਆ ਹੈ, ਜੇ ਸਬੂਤ ਆਖੋ ਤਾਂ ਸਬੂਤ ਵੀ ਮਿਲ ਜਾਣਗੇ।

ਬਾਦਲ ਸਾਹਬ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਏਥੇ ਹਰ ਧਰਮ ਦੇ ਲੋਕ ਵੱਸਦੇ ਨੇ। ਭਾਈਚਾਰਕ ਸਾਂਝ ਨੂੰ ਜੇ ਤੁਹਾਡੇ ਜਿਹੇ ਗਿੱਧਾਂ ਦੀ ਨਜ਼ਰ ਨਾ ਲੱਗੇ ਤਾਂ ਰਾਜਨੀਤੀ ਦੇ ਪੈਂਤੜੇ ਹੇਠ੍ਹ ਧਰਮ ਬਦਨਾਮ ਨਾ ਹੋਵੇ ਤੇ ਇੱਕ ਦੂਸਰੇ ਦਾ ਸਿਰ ਪਾੜਨ ਤੱਕ ਨਾ ਜਾਵੇ। ਕਿਸੇ ਤੋਂ ਲੁਕਿਆ ਨਹੀਂ ਹੋਇਆ ਕਿ ਸਰਸੇ ਵਾਲੇ ਦਾ ਵਿਰੋਧ ਕਰਕੇ ਦੰਗੇ ਭੜਕਾ ਕੇ, ਲੋਕਾਂ ਦੇ ਪੁੱਤ ਬਲ਼ਦੀ ਦੇ ਬੂਥੇ ਦੇ ਕੇ ਤੁਸੀਂ ਤੇ ਤੁਹਾਡਾ ਕੋੜਮਾ ਉਸ ਨਾਲ ਇੱਕੋ ਪਲੇਟ ਵਿੱਚ ਬਦਾਮਾਂ ਦੀਆਂ ਗਿਰੀਆਂ ਚੱਬਦਾ ਰਿਹਾ ਹੈ।

ਤਮਾਖੂ (ਬੀੜੀ, ਸਿਗਰੇਟ, ਹੁੱਕਾ ਆਦਿ) ਇੱਕ ਆਮ ਨਸ਼ਾ ਹੈ ਤੇ ਨਸ਼ਾ ਘੱਟ ਆਦਤ ਵੱਧ ਹੈ। ਹੈ ਤਾਂ ਇਹ ਵੀ ਮਾੜਾ, ਪਰ ਏਨਾ ਮਾੜਾ ਨਹੀਂ ਕਿ ਲੋਕਾਂ ਦੀਆਂ ਜੇਬ੍ਹਾਂ ਖਾਲੀ ਕਰ ਦੇਵੇ ਤੇ ਉਹਨਾਂ ਨੂੰ ਮਰਨ ਕਿਨਾਰੇ ਸੁੱਟ ਜਾਵੇ। ਬਾਵਜੂਦ ਏਸਦੇ, ਗੁਰੂ ਨੇ ਤਮਾਖੂ ਦੇ ਸੇਵਨ ਦਾ ਵੀ ਵਿਰੋਧ ਕੀਤਾ ਸੀ ਤੇ ਜਿਹੜੇ ਨਸ਼ੇ ਤੁਸੀਂ ਵਰਤਾ ਰਹੇ ਹੋ ਉਹਨਾਂ ਦੇ ਮੁਕਾਬਲੇ ਤਮਾਖੂ ਕੀ ਹੈਸੀਅਤ ਰੱਖਦਾ ਹੈ ਤੁਸੀਂ ਵੀ ਜਾਣਦੇ ਹੋ। ਉਸੇ ਗੁਰੂ ਨੂੰ ਆਦਰਸ਼ ਮੰਨ ਕੇ ਚੱਲਣ ਵਾਲੇ ਲੋਕਾਂ ਨੂੰ ਤੁਸੀਂ ਸਮੈਕਾਂ, ਹੈਰੋਇਨਾਂ ਦੀ ਆਦਤ ਪਾ ਦਿੱਤੀ ਜਿਸ ਨੂੰ ਵਰਤਣ ਵਾਲਾ 2 ਸਾਲ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ। ਤੇ ਇਹ ਨਸ਼ੇ ਵਰਤਾਉਣ ਲਈ ਤੁਸੀਂ ਸਤਿਕਾਰਤ ਸਿੱਖ ਧਰਮ ਦੇ ਓਹਲੇ ਵਿੱਚ ਜੱਥੇਦਾਰਾਂ ਨੂੰ ਅਮ੍ਰਿਤ ਛਕਾ ਕੇ ਸਮੈਕਾਂ ਦੀ ਢੋਆ ਢੁਆਈ ਤੇ ਲਾ ਦਿੱਤਾ, ਲਾਹਣਤ ਐ ਤੁਹਾਡੇ ਤੇ ਅਤੇ ਤੁਹਾਡੀ ਅਜਿਹੀ ਗੰਦੀ ਸੋਚ ਤੇ ਜਿਸਨੇ ਧਰਮ ਦੇ ਉਹਲੇ ਵਿੱਚ ਘਟੀਆ ਪੁਣੇ ਦੀਆਂ ਹੱਦਾਂ ਨੂੰ ਛੋਹ ਲਿਆ।

ਅਖਬਾਰਾਂ ਵਿੱਚ ਆਮ ਹੀ ਪੜ੍ਹਨ ਨੂੰ ਮਿਲ ਜਾਂਦਾ ਹੈ ਕਿ ਫਲਾਣਾ ਗਰੰਥੀ ਜ਼ਰਦਾ ਲਾਉਂਦਾ ਫੜਿਆ, ਫਲਾਣੇ ਦੀ ਜੇਬ੍ਹ ਵਿੱਚੋਂ ਤਮਾਖੂ ਬਰਾਮਦ ਆਦਿ ਆਦਿ। ਤੇ ਇਹ ਜਿਹੜੇ ਅਖਬਾਰਾਂ ਦੀ ਡੱਬੀ ਬੰਦ ਖਬਰ ਬਣਦੇ ਹਨ ਆਮ ਲੋਕਾਂ ਵਿੱਚੋਂ ਹੀ ਹੁੰਦੇ ਹਨ ਤੇ ਆਮ ਲੋਕ ਜੋ ਸਿੱਖ ਧਰਮ ਦਾ ਸਤਿਕਾਰ ਕਰਦੇ ਹਨ ਮੌਕੇ ਤੇ ਹੀ ਅਜਿਹੇ ਪਾਖੰਡੀਆਂ ਦੀ ਭੁਗਤ ਸੁਆਰ ਦਿੰਦੇ ਹਨ। ਪਰ ਜਿਹੜੇ ਲੰਮੇ-ਲੰਮੇ ਚਿੱਟੇ ਚੋਲ਼ਿਆਂ ਵਿੱਚ, ਨੀਲੀਆਂ ਪੱਗਾਂ ਵਿੱਚ ਲੁਕਾ ਕੇ ਹੈਰੋਇਨ, ਸਮੈਕ ਆਦਿ ਨਸ਼ੇ ਸਪਲਾਈ ਕਰਦੇ ਹਨ, ਉਹਨਾਂ ਬਾਰੇ ਕਦੇ ਕੋਈ ਖਬਰ ਪ੍ਰਕਾਸ਼ਿਤ ਨਹੀਂ ਹੁੰਦੀ, ਜਾਣਦੇ ਹੋ ਕਿਉਂ? ਮੈਂ ਦੱਸਦਾਂ, ਇਹਨਾਂ ਸਮੱਗਲਰਾਂ ਨੂੰ ਪੁਲਿਸ ਦੀ ਵੀ ਅਤੇ ਪਰਸਨਲ ਗੁੰਡਿਆਂ ਦੀ ਵੀ ਸਪੋਰਟ ਮਿਲੀ ਹੁੰਦੀ ਹੈ। ਇਹ ਫੜੇ ਜਾਣ ਤੇ ਇੱਜ਼ਤ ਨਾਲ ਬਰੀ ਹੁੰਦੇ ਨੇ, ਆਮ ਲੋਕਾਂ ਦੀ ਇਹਨਾਂ ਤੱਕ ਸਿੱਧੀ ਪਹੁੰਚ ਨਾ ਹੋਣ ਕਾਰਣ ਇਹ ਜੂਤ-ਪਰੇਡ ਤੋਂ ਬਚ ਜਾਂਦੇ ਹਨ, ਜਿਵੇਂ ਤੁਸੀਂ ਬਚਦੇ ਆਏ ਹੋ।

ਪੰਜਾਬ ਦਾ ਖਜ਼ਾਨਾ ਖਾਲੀ ਕਦੇ ਨਹੀਂ ਹੋਇਆ। ਬੱਸ ਇਸ ਨੂੰ ਲੁੱਟਣ ਵਾਲਿਆਂ ਦੇ ਢਿੱਡਾਂ ਦਾ ਪਟਾਕਾ ਨਹੀਂ ਬੋਲਦਾ। ਜੇ ਏਸ ਵਾਰ ਵਿਧਾਨਸਭਾ ਦੀਆਂ ਚੋਣਾਂ ਵਿੱਚ ਤੁਹਾਡੀ ਹਾਰ ਹੋ ਜਾਂਦੀ ਤਾਂ ਜਿੱਤਣ ਵਾਲੀ ਧਿਰ ਨੇ ਕਹਿ ਦੇਣਾ ਸੀ ਕਿ ਅਸੀਂ ਕੀ ਕਰੀਏ, ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਕੇ ਚਲੀ ਗਈ ਹੈ ਤੇ ਇਸੇ ਬਹਾਨੇ ਉਸ ਨੇ ੨-੪ ਸਾਲ ਕੱਢ ਦੇਣੇ ਸੀ। ਤੁਹਾਡੇ ਕੋਲ ਉਹ ਬਹਾਨਾ ਨਹੀਂ ਚੱਲ ਸਕਦਾ ਤੇ ਤੁਸੀਂ ਖਾਲੀ ਖਜ਼ਾਨੇ ਨੂੰ ਭਰਿਆ ਆਖ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਲਈਅਆਂ। ਪੰਜਾਬੀਆਂ ਨੂੰ ਸ਼ਰਾਬ ਦੀ ਆਦਤ ਪਾ ਕੇ ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ। ਜਿੱਥੇ ਕਿਤੇ ਪੰਜਾਬ ਦੇ ਪਿੰਡ ਨੂੰ ਕੋਈ ਸੜਕ ਵੀ ਨਹੀਂ ਜਾਂਦੀ, ਕੋਈ ਸਕੂਲ ਨਹੀਂ ਹੈ, ਕੋਈ ਹਸਪਤਾਲ ਨਹੀਂ ਹੈ, ਓਥੇ ਕਿਸੇ ਮਰਨ ਕਿਨਾਰੇ ਪਏ ਮਰੀਜ਼ ਤੱਕ ਐਂਬੂਲੈਂਸ ਪੁੱਜੇ ਨਾ ਪੁੱਜੇ ਪਰ ਤੁਹਾਡੀ ਮਿਹਰਬਾਨੀ ਨਾਲ ਠੇਕੇ ਜ਼ਰੂਰ ਖੁੱਲ੍ਹ ਗਏ ਹਨ ਤੇ ਤੁਸੀਂ ਠੇਕਿਆਂ ਦੀ ਆਮਦਨ ਤੋਂ ਪੰਜਾਬ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਹਾਈਕੋਰਟ ਦੇ ਹੁਕਮਾਂ ਦਾ ਵੀ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ। ਹਾਈਕੋਰਟ ਨੇ ਇੱਕ ਸਹੀ ਫੈਸਲਾ ਲਿਆ ਸੀ ਕਿ ਸ਼ਰਾਬ ਦੇ ਠੇਕੇ ਮੁੱਖ ਸੜਕ ਤੋਂ ਘੱਟੋ ਘੱਟ 30 ਮੀਟਰ ਦੀ ਦੂਰੀ ਤੇ ਹੋਣੇ ਚਾਹੀਦੇ ਹਨ। ਪਰ ਤੁਸੀਂ ਬਿਆਨਾਂ ਵਿੱਚ ਜਿਹੜੇ ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਦਾਅਵੇ ਕਰਦੇ ਹੋ, ਪੂਛ ਚੱਕ ਕੇ ਹਾਈਕੋਰਟ ਦੇ ਹੁਕਮਾਂ ਨੂੰ ਰੱਦ ਕਰਵਾਉਣ ਵਾਸਤੇ ਸੁਪਰੀਮ ਕੋਰਟ ਨੂੰ ਭੱਜੇ ਗਏ। ਤੁਹਾਨੂੰ ਲੋਕਾਂ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕਿ ਬਹੁਤੇ ਹਾਦਸਿਆਂ ਦਾ ਕਾਰਣ ਸੜਕਾਂ ਕਿਨਾਰੇ ਸ਼ਰਾਬ ਦੇ ਠੇਕੇ ਹੀ ਹਨ।

ਓਦਾਂ ਤਾਂ ਤੁਸੀਂ ਪੱਗ ਬੰਨ੍ਹ ਕੇ ਅਪਣੇ ਆਪ ਨੂੰ ਸਿੱਖ ਹੋਣ ਦਾ ਦਾਅਵਾ ਕਰਦੇ ਹੋ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਹੜੇ ਬੰਦੇ ਦੀ ਰਹਿਨੁਮਾਈ ਹੇਠ੍ਹ ਸ਼ਰਾਬ ਦੇ ਬਰਾਂਡ ਵਜੋਂ ਗਦਰ ਨਾਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਆਉਣ ਵਾਲੇ ਦਿਨਾਂ ਵਿੱਚ ਨਾਨਕ, ਗੋਬਿੰਦ, ਅਰਜਣ, ਕ੍ਰਿਸ਼ਨ ਆਦਿ ਨਾਵਾਂ ਦੀ ਪ੍ਰਵਾਨਗੀ ਵੀ ਆਰਾਮ ਨਾਲ ਦਿੱਤੀ ਜਾ ਸਕਦੀ ਹੈ। ਤੁਹਾਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਨਹੀਂ, ਸਿਰਫ ਕਾਰੋਬਾਰ ਦੇ ਵਾਧੇ ਨਾਲ ਮਤਲਬ ਹੈ। ਤਦੇ ਹੀ ਤੁਹਾਡੀਆਂ ਔਰਬਿਟਾਂ ਦੇ ਡਰਾਈਵਰ, ਕੰਡਕਟਰ ਆਪ ਹੁਦਰੀਆਂ ਤੇ ਉੱਤਰੇ ਹੋਏ ਹਨ ਤੇ ਰਾਹ ਜਾਂਦੀ ਸਰਕਾਰੀ ਬੱਸ ‘ਚੋਂ ਧੱਕੇ ਨਾਲ ਸਵਾਰੀਆਂ ਲਾਹ ਕੇ ਅਪਣੀ ਬੱਸ ਵਿੱਚ ਲੱਦਣ ਦਾ ਜਿਗਰਾ ਕਰ ਲੈਂਦੇ ਹਨ। ਇੱਕ ਪਾਸੇ ਰੋਡਵੇਜ਼ ਦੀਆਂ ਬੱਸਾਂ ਨੂੰ ਨਵੇਂ ਟਾਇਰ ਪਵਾਉਣ ਵਾਸਤੇ ਵੀ ਤੁਹਾਡੇ ਖਜ਼ਾਨੇ ਵਿੱਚ ਪੈਸੇ ਨਹੀਂ ਹਨ ਤੇ ਉਹ ਨੱਕ ਰੱਖਣ ਨੂੰ ਸੜਕਾਂ ਤੇ ਤੁਰੀਆਂ ਫਿਰਦੀਆਂ ਹਨ, ਕਿਸੇ ਕਬਾੜੀਏ ਕੋਲੋਂ ਪੁਰਾਣੇ ਟਾਇਰ ਕਿਰਾਏ ਤੇ ਲੈ ਕੇ ਡੰਗ ਟਪਾ ਰਹੀਆਂ ਹਨ ਤੇ ਦੂਜੇ ਪਾਸੇ ਤੁਹਾਡੀਆਂ ਮਰਸਿਡੀਆਂ ਇੱਕ ਇੱਕ ਰੂਟ ਤੇ ਚਾਰ ਚਾਰ ਦੌੜਦੀਆਂ ਫਿਰ ਰਹੀਆਂ ਹਨ।

ਇਹ ਤਮਾਸ਼ਾ ਨਹੀਂ ਤਾਂ ਹੋਰ ਕੀ ਹੈ? ਕੀ ਇਹ ਸਭ ਤੁਹਾਡੀ ਜਾਣਕਾਰੀ ਤੋਂ ਬਗੈਰ ਹੋ ਰਿਹਾ ਹੈ?
ਜੇ ਕੋਈ ਬੰਦਾ ਜਾਂ ਸਰਪੰਚ ਆਦਿ ਤੁਹਾਡੇ ਧੱਕੇ ਤੋਂ ਦੁਖੀ ਹੋਇਆ ਪਾਰਟੀ ਬਦਲ ਲੈਂਦਾ ਹੈ ਤਾਂ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਸ ਤੇ ਨਾਜਾਇਜ ਸ਼ਰਾਬ ਦਾ ਪਰਚਾ ਦਰਜ ਹੋ ਜਾਂਦਾ ਹੈ ਤੇ ਜਿਹੜੇ ਸ਼ਰੇਆਮ ਮਾਰੂ ਨਸ਼ੇ ਵੇਚਦੇ ਫਿਰਦੇ ਹਨ ਉਹਨਾਂ ਨੂੰ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਮਿਲੀ ਹੁੰਦੀ ਹੈ। ਜੇ ਬਾਦਲ ਸਾਹਬ ਪੈਸੇ ਏਦਾਂ ਹੀ ਕਮਾਉਣੇ ਹਨ ਤਾਂ ਪੈਸੇ ਬਹੁਤ ਨੇ, ਇੱਕ ਤੇਲ ਦੀ ਸੀਸੀ ਤੇ ਇੱਕ ਬੋਰੀ ਲੈ ਕੇ ਦਿੱਲੀ ਹਵਾਈ ਅੱਡੇ ਦੇ ਬਾਹਰ ਬੈਠ ਜਾਓ। ਬਥ੍ਹੇਰੇ ਅੰਗਰੇਜ਼ ਆਉਂਦੇ ਨੇ ਭਾਰਤ ਦਰਸ਼ਣ ਕਰਨ ਵਾਸਤੇ, ਤੁਹਾਨੂੰ ਲੋਕਾਂ ਅੱਗੇ ਝੂਠ ਬੋਲਣ ਦੀ ਲੋੜ ਵੀ ਨਹੀਂ ਪੈਣੀ ਤੇ ਪੈਸਿਆਂ ਦੀ ਵੀ ਕਮੀ ਨਹੀਂ ਰਹਿਣੀ, ਭਾਵੇਂ ਡਾਲਰ ਹੇਠ੍ਹਾਂ ਵਿਛਾ ਕੇ ਸੋਇਆ ਕਰੋ।

ਇੱਕ ਥਾਣੇਦਾਰ ਦੀ ਬਦਲੀ ਤੇ ਵਿਦਾਇਗੀ ਪਾਰਟੀ ਦਿੰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਤੁਹਾਡੀ ਥਾਂ ਜਿਹੜਾ ਆਵੇਗਾ, ਉਹ ਤੁਹਾਡੇ ਨਾਲੋਂ ਵਧੀਆ ਕਦੇ ਹੋ ਹੀ ਨਹੀਂ ਸਕਦਾ। ਥਾਣੇਦਾਰ ਖੁਸ਼ ਵੀ ਸੀ ਤੇ ਹੈਰਾਨ ਵੀ। ਜਦੋਂ ਉਸ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਸਤਾਇਆ ਵੀ ਬਹੁਤ ਹੈ, ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਕੀਤਾ, ਪਰ ਫਿਰ ਵੀ ਅੱਜ ਤੁਹਾਡੇ ਦਿਲ ਵਿੱਚ ਮੇਰੇ ਪ੍ਰਤੀ ਏਨੇ ਵਧੀਆ ਵਿਚਾਰ ਕਿਵੇਂ? ਲੋਕਾਂ ਨੇ ਜੋ ਕਿਹਾ, ਬਾਦਲ ਸਾਹਬ ਉਸ ਤੇ ਧਿਆਨ ਦਿਓ। ਲੋਕਾਂ ਨੇ ਕਿਹਾ ਕਿ ਥਾਣੇਦਾਰ ਸਾਹਬ ਸਾਡਾ 50 ਸਾਲ ਦਾ ਤਜ਼ਰਬਾ ਹੈ, ਜਿਹੜਾ ਵੀ ਥਾਣੇਦਾਰ ਏਥੇ ਆਇਆ ਹੈ, ਉਹ ਪਹਿਲਾਂ ਵਾਲੇ ਨਾਲੋਂ ਵੀ ਮਾੜਾ ਹੀ ਆਇਆ ਹੈ ਤੇ ਜਿਹੜਾ ਤੁਹਾਡੇ ਤੋਂ ਮਗਰੋਂ ਆਵੇਗਾ, ਤੁਹ ਤੁਹਾਡੇ ਨਾਲੋਂ ਵਧੀਆ ਹੋਵੇ ਹੋ ਹੀ ਨਹੀਂ ਸਕਦਾ।

ਬਾਦਲ ਸਾਹਬ, ਤੁਹਾਡੇ ਤੋਂ ਵਧੀਆ ਕੋਈ ਹੋਰ ਸਾਡੇ ਤੇ ਥੋਪ ਦਿੱਤਾ ਜਾਵੇ ਇਹ ਕਦੇ ਹੋ ਹੀ ਨਹੀਂ ਸਕਦਾ, ਜਾਣਦੇ ਹਾਂ ਕਿ ਸਿਆਸਤ ਜਿਹਨਾਂ ਨੀਵਾਣਾਂ ਨੂੰ ਛੂਹ ਗਈ ਹੈ, ਉਹਨਾਂ ਤੋਂ ਮੋੜਾ ਪੈਣਾ ਆਸਾਨ ਨਹੀਂ ਹੈ। ਤੁਸੀਂ ਮਿਲਕੇ ਰਾਜਨੀਤੀ ਨੂੰ ਏਦਾਂ ਦੀ ਦਲਦਲ ਬਣਾ ਦਿੱਤਾ ਹੈ ਕਿ ਇਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਵਾਲਾ ਦੂਣਾ ਧਸਦਾ ਜਾਊਗਾ। ਤੁਹਾਡੀ ਘੁੱਗੀ ਘੈਂ ਹੋ ਜਾਣ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਸਿਹਰਾ ਤੁਹਾਡੇ ਪੁੱਤ ਨੂੰ ਲੱਗਣਾ ਹੈ, ਪਰ ਸਾਨੂੰ ਉਹ ਤੁਹਾਡਾ ਵੀ ਪਿਓ ਬਣ ਕੇ ਟੱਕਰਨਾ ਹੈ।

ਆਹ ਲੋਕ ਸਭਾ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਤੁਸੀਂ ਅਖਬਾਰਾਂ ਵਿੱਚ ਪਤਾ ਨਹੀਂ ਕਿੰਨਾ ਸਰਕਾਰੀ ਪੈਸਾ ਫੂਕਿਆ, ਇਹ ਇਸ਼ਤਿਹਾਰ ਛਪਵਾਉਣ ਵਾਸਤੇ ਕਿ ਫਲਾਂ ਸ਼ਹਿਰ ਵਿੱਚ ਏਨੇ ਸੋ ਕਰੋੜ ਦਾ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਤੇ ਫਲਾਂ ਸ਼ਹਿਰ ਵਿੱਚ ਏਨੇ ਕਰੋੜ ਦਾ। ਬਾਦਲ ਸਾਹਬ, ਨੀਂਹ ਪੱਥਰ ਤਾਂ ਢਾਈ ਕੁ ਸੋ ਦਾ ਹੀ ਰੱਖ ਹੋ ਜਾਂਦਾ ਹੈ, ਮੰਨੀਏ ਤਾਂ ਤਦ ਜੇ ਉਹ ਪ੍ਰਾਜੈਕਟ ਸਿਰੇ ਚਾੜ੍ਹ ਕੇ ਚਾਲੂ ਕੀਤੇ ਜਾਣ। ਬਾਦਲ ਸਾਹਬ, ਲੋਕ ਭਾਵੇਂ ਭੁੱਲ ਗਏ ਹੋਣ, ਪਰ ਸਾਨੂੰ ਨਹੀਂ ਭੁੱਲਿਆ। ਜਿਹੜੇ ਨੀਂਹ ਪੱਥਰ ਤੁਸੀਂ 20-30 ਸਾਲ ਪਹਿਲਾਂ ਦੇ ਰੱਖੇ ਹਨ, ਉਹ ਅਜੇ ਵੀ ਜਿਉਂ ਦੇ ਤਿਉਂ ਪਏ ਹਨ। ਤੇ ਤੁਸੀਂ ਦਾਅਵੇ ਕਰਦੇ ਹੋ ਵਿਕਾਸ ਦੇ। ਵਿਕਾਸ ਦੇ ਨਾਮ ਤੇ ਵੋਟਾਂ ਮੰਗਦੇ ਹੋ ਤੇ ਰੌਲ਼ਾ ਪਾਉਂਦੇ ਹੋ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੋਦੀ ਨੂੰ ਵੋਟ ਪਾਈ ਜਾਵੇ, ਕਿਉਂਕਿ ਉਸ ਨੇ ਗੁਜਰਾਤ ਵਿੱਚ ਬਹੁਤ ਵਿਕਾਸ ਕੀਤਾ ਹੈ ਤੇ ਉਹ ਭਾਰਤ ਦਾ ਵੀ ਵਿਕਾਸ ਕਰੇਗਾ। ਤੇ ਜੇ ਮੋਦੀ ਕੇਂਦਰ ਵਿੱਚ ਵਿਰੋਧੀ ਸਰਕਾਰ ਦੇ ਹੁੰਦਿਆਂ ਗੁਜਰਾਤ ਦਾ ਵਿਕਾਸ ਕਰ ਸਕਦਾ ਹੈ ਤਾਂ ਤੁਹਾਡੇ ਤੇ ਕੇਂਦਰ ਨੇ ਕਿਹੜੀ ਦਫਾ 144 ਲਾਈ ਹੋਈ ਹੈ? ਏਸ ਉਮਰ ਵਿੱਚ ਬੰਦਾ ਝੂਠ ਬੋਲਦਾ ਚੰਗਾ ਨਹੀਂ ਲੱਗਦਾ ਤੇ ਝੂਠ ਫੜੇ ਜਾਣ ਤੋਂ ਬਾਅਦ ਮੂੰਹ ਲੁਕਾਉਂਦਾ ਓਦਾਂ ਹੀ ਚੰਗਾ ਨਹੀਂ ਲੱਗਦਾ। ਗੁਜਰਾਤ ਵਿੱਚ ਵਗੀ ਫਿਰਕਾਪ੍ਰਸਤੀ ਦੀ ਹਨ੍ਹੇਰੀ ਦਾ ਪਤਾ ਤੁਹਾਨੂੰ ਵੀ ਹੈ, ਪਰ ਤੁਹਾਨੂੰ ਗੁਜਰਾਤ ਵਿੱਚ ਮਾਰੇ ਗਏ ਬੇਕਸੂਰਾਂ ਦਾ ਕੋਈ ਹੇਜ ਨਹੀਂ ਹੈ। ਹੇਜ ਤਾਂ ਤੁਹਾਨੂੰ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਵੀ ਨਹੀਂ ਹੈ, ਪਰ ਵੋਟਾਂ ਲੈਣ ਲਈ ਇੱਕ ਦੂਸਰੇ ਤੇ ਦੋਸ਼ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਅਪਣਾ ਉੱਲੂ ਸਿੱਧਾ ਕਰਨਾ ਤੁਹਾਡਾ ਮੁੱਖ ਟੀਚਾ ਰਿਹਾ ਹੈ।

ਜਦੋਂ ਕੇਂਦਰ ਵਿੱਚ ਵੀ ਤੁਹਾਡੇ ਭਾਈਵਾਲ ਭਾਜਪਾ ਵਾਲਿਆਂ ਦੀ ਸਰਕਾਰ ਸੀ ਉਦੋਂ ਤੁਹਾਡਾ ਸਿੱਖਾਂ ਪ੍ਰਤੀ ਹੇਜ ਕਿੱਥੇ ਗਿਆ ਸੀ। ਜਿਹਨਾਂ ਲਈ ਤੁਸੀਂ ਵੋਟ ਮੰਗ ਰਹੇ ਹੋ, ਉਹੀ ਪਾਰਟੀ ਦੇ ਆਗੂ ਤੁਹਾਨੂੰ ਜੁੱਤੀ ਬਰਾਬਰ ਨਹੀਂ ਜਾਣਦੇ ਤੇ ਤੁਸੀਂ ਮੋਦੀ ਚਾਲੀਸਾ ਪੜ੍ਹਨ ਤੋਂ ਫਿਰ ਵੀ ਨਹੀਂ ਹਟ ਰਹੇ। ਹਰਿਮੰਦਰ ਸਾਹਬ ਤੇ ਹੋਏ ਹਮਲੇ ਲਈ ਤੁਸੀਂ ਇੰਦਰਾ ਨੂੰ ਦੋਸ਼ੀ ਆਖ ਰਹੇ ਹੋ ਜਦੋਂ ਕਿ ਤੁਹਾਡਾ ਰਾਜਨੀਤਿਕ ਰਿਸ਼ਤੇ ਵਜੋਂ ਚਾਚਾ ਜਾਂ ਮਾਮਾ ਲੱਗਦਾ ਲਾਲ ਕ੍ਰਿਸ਼ਨ ਅਡਵਾਨੀ ਸਾਫ ਆਖ ਰਿਹਾ ਹੈ ਕਿ ਇੰਦਰਾ ਨੂੰ ਹਰਿਮੰਦਰ ਸਾਹਬ ਤੇ ਹਮਲੇ ਲਈ ਉਹਨਾਂ ਨੇ ਹੀ ਸਹਿਮਤੀ ਦਿੱਤੀ ਸੀ ਤੇ ਤੁਸੀਂ ਉਹਨਾਂ ਦੀ ਪਾਰਟੀ ਨਾਲ ਭਾਈਵਾਲੀ ਪਾ ਕੇ ਪੰਜਾਬ ਨਾਲ ਕਿਹੜੇ ਪਾਸਿਓਂ ਵਫਾਦਾਰੀ ਕਰ ਰਹੇ ਹੋ। ਮੰਨ ਲਿਆ ਕਿ ਚਲੋ ਵੋਟਾਂ ਵਾਸਤੇ ਹੀ ਸਹੀ ਤੁਸੀਂ 84 ਦੇ ਕਤਲੇਆਮ ਦਾ ਮੁੱਦਾ ਚੁੱਕ ਲੈਂਦੇ ਹੋ ਵੋਟਾਂ ਵੇਲੇ। ਪਰ ਜਿਹੜੇ ਗੁਜਰਾਤ ਵਿੱਚ ਹਜ਼ਾਰਾਂ ਬੇਕਸੂਰ ਮੌਤ ਦੇ ਘਾਟ ਉਤਾਰੇ ਗਏ, ਗਰਭਵਤੀ ਔਰਤਾਂ ਦੀਆਂ ਛਾਤੀਆਂ ਵੱਢੀਆਂ ਗਈਆਂ, ਉਹਨਾਂ ਦੇ ਪੇਟ ਵਿੱਚੋਂ 7 ਮਹੀਨੇ ਦਾ ਬੱਚਾ ਕੱਢ ਕੇ ਤ੍ਰਿਸ਼ੂਲ ਤੇ ਟੰਗ ਕੇ ਹਰ ਹਰ ਮਹਾਂਦੇਵ ਦੇ ਨਾਅਰੇ ਮਾਰੇ ਗਏ, ਕੀ ਉਹ ਦੇਸ਼ ਵਾਸੀ ਨਹੀਂ ਸੀ? ਉਹਨਾਂ ਲਈ ਤੁਹਾਡੇ ਦਿਲ ਵਿੱਚ ਫੋਕੀ ਹਮਦਰਦੀ ਵੀ ਨਦਾਰਦ ਹੈ। ਇਹ ਦੇਸ਼ਧ੍ਰੋਹ ਨਹੀਂ ਤਾਂ ਹੋਰ ਕੀ ਹੈ।

ਕਹਿਣ ਨੂੰ ਤਾਂ ਤੁਸੀਂ ਰਾਜ ਨਹੀਂ ਸੇਵਾ ਆਖਦੇ ਹੋ, ਪਰ ਕੀ ਤੁਸੀਂ ਨਹੀਂ ਜਾਣਦੇ ਕਿ ਸੇਵਾ ਨੂੰ ਗੁਰਬਾਣੀ ਵਿੱਚ ਕਿੰਨਾ ਉੱਚਾ ਦਰਜਾ ਦਿੱਤਾ ਗਿਆ ਹੈ? ਗੁਰਬਾਣੀ ਦੀ ਤੁੱਕ ਵੀ ਵਰਤਦੇ ਹੋ ਕਿ ਸੇਵਕ ਕੋ ਸੇਵਾ ਬਨ ਆਈ। ਬਠਿੰਡੇ ਵਿੱਚ ਅੱਤ ਦੀ ਠੰਢ ਵਿੱਚ ਅਪਣੀਆਂ ਹੱਕੀ ਮੰਗਾਂ ਲਈ ਧਰਨੇ ਤੇ ਬੈਠੀਆਂ ਬੀਬੀਆਂ ਕੋਲੋਂ ਤੁਹਾਡੀ ਸੇਵਾਦਾਰ ਪੰਜਾਬ ਪੁਲਿਸ ਨੇ ਕੰਬਲ, ਰਜਾਈਆਂ ਵੀ ਖੋਹ ਲਈਆਂ ਤੇ ਏਸ ਕਾਰਣ ਇੱਕ ਸਾਲ ਕੁ ਦੀ ਬੱਚੀ ਦੀ ਠੰਢ ਲੱਗਣ ਕਾਰਣ ਮੌਤ ਹੋ ਗਈ। ਕੀ ਤੁਸੀਂ ਏਨੇ ਨਿਰਦਈ ਹੋ ਗਏ ਕਿ ਓਸ ਬੱਚੀ ਦੇ ਲਈ ਹਾਅ ਦਾ ਨਾਅਰਾ ਤਾਂ ਕੀ ਮਾਰਨਾ ਸੀ, ਸਗੋਂ ਹਰ ਹੀਲੇ ਉਹਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਵਿਉਂਤਾਂ ਬਣਾਉਂਦੇ ਰਹੇ। ਫਰੀਦਕੋਟ ਦੀ ਨਾਬਾਲਗ ਲੜਕੀ ਨੂੰ ਤੁਹਾਡੀ ਪਾਰਟੀ ਦੇ ਨੇੜੂ ਸ਼ਰੁਆਮ ਗੋਲ਼ੀਆਂ ਚਲਾ ਕੇ ਅਗਵਾ ਕਰਕੇ ਲੈ ਗਏ ਤੇ ਤੁਹਾਡੀ ਰਖੈਲ ਪੰਜਾਬ ਪੁਲਿਸ ਇਹ ਸਫਾਈਆਂ ਦਿੰਦੀ ਰਹੀ ਕਿ ਕੁੜੀ ਅਪਣੀ ਮਰਜ਼ੀ ਨਾਲ ਗਈ ਹੈ। ਕੀ ਤੁਹਾਡੇ ਡੇਲੇ ਫੁੱਟੇ ਹੋਏ ਸੀ ਜੋ ਤੁਹਾਨੂੰ ਉਹ ਸਭ ਨਜ਼ਰ ਨਹੀਂ ਆਇਆ ਜੋ ਸਾਰੀ ਦੁਨੀਆਂ ਨੂੰ ਨਜ਼ਰ ਆ ਰਿਹਾ ਸੀ। ਪਿੰਡ ਉਸਮਾਨ ਪੁਰ ਦੀ ਇੱਕ ਬੀਬੀ ਨੂੰ ਸ਼ਰੇਆਮ ਪੁਲਿਸ ਨੇ ਸੜਕ ਤੇ ਜਾਨਵਰਾਂ ਵਾਂਗ ਕੁੱਟਿਆ ਪਰ ਤੁਹਾਡੀ ਜ਼ੁਬਾਨੋਂ ਇੱਕ ਵੀ ਸ਼ਬਦ ਨਹੀਂ ਫੁੱਟਿਆ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਪੁਲਿਸ ਵਾਲਿਆਂ ਤੇ ਕਾਗਜ਼ੀ ਕਾਰਵਾਈ ਕਰਨੀ ਪਈ ਨਹੀਂ ਤਾਂ ਤੁਸੀਂ ਉਸ ਪੁਲਿਸ ਵਾਲੇ ਨੂੰ ਵੀ ਕਿਸੇ ਡੇਰੇ ਤੇ ਸੱਦ ਕੇ ਸਿਰੌਪਾ ਪਾ ਦੇਣਾ ਸੀ। ਤੁਹਾਡੇ ਹੀ ਇੱਕ ਰਾਣਾ ਨਾਮ ਦੇ ਯੂਥ ਲੀਡਰ ਨੇ ਪੁਲਿਸ ਦਾ ਇੱਕ ਥਾਣੇਦਾਰ ਸ਼ਰੇਆਮ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਕੀ ਕੋਈ ਹੁਣ ਅਪਣੀਆਂ ਵੀ ਧੀਆਂ ਦੀ ਹਿਫਾਜਤ ਕਰਨ ਜੋਗਾ ਨਹੀਂ ਰਿਹਾ ਤੁਹਾਡੇ ਰਾਜ ਵਿੱਚ। ਨਿੱਤ ਦਿਨ ਸੜਕ ਹਾਦਸਿਆਂ ਵਿੱਚ ਮਨੁੱਖੀ ਜਾਨਾਂ ਜਾ ਰਹੀਆਂ ਹਨ, ਪਰ ਤੁਹਾਨੂੰ ਕੀ, ਤੁਹਾਡੀ ਸਰਕਾਰ ਪੰਜ ਸਾਲ ਚੱਲ ਹੀ ਜਾਣੀ ਹੈ। ਤੁਹਾਨੂੰ ਟੋਲ ਪਲਾਜਿਆਂ ਤੋਂ ਕਮੀਸ਼ਨ ਚਾਹੀਦੀ ਹੈ। ਟਰੈਫਿਕ ਵਾਲਿਆਂ ਤੋਂ ਮਹੀਨਾ ਚਾਹੀਦਾ ਹੈ, ਤੁਸੀਂ ਕਾਹਨੂੰ ਲੋਕਾਂ ਦੀ ਗੱਲ ਕਰੋਂਗੇ?

ਨਿੱਤ ਦਿਨ ਲੋਕ ਅਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਆਣ ਬਹਿੰਦੇ ਹਨ, ਕਿਸਾਨ ਕਰਜ਼ੇ ਦਾ ਸਤਾਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ ਤੇ ਤੁਸੀਂ ਸਿਰਫ ਕਿਸੇ ਦੀ ਮੌਤ ਤੇ ਸਿਆਸਤ ਕਰਨਾ ਹੀ ਗਿੱਝ ਗਏ ਹੋ। ਜਦੋਂ ਕੋਈ ਮਰ ਗਿਆ ਤਾਂ ਉਸ ਦੇ ਟੱਬਰ ਨੂੰ ਦੋ ਕੁ ਲੱਖ ਦੇ ਕੇ ਨੌਕਰੀ ਦਾ ਲਾਲੀਪਾਪ ਮੂੰਹ ਵਿੱਚ ਪਾ ਦੇਣਾ ਹੈ ਤੇ ਤੁਸੀਂ ਫੇਰ ਬਾਂਦਰ ਟਪੂਸੀ ਮਾਰ ਕੇ ਸਪਰਿੰਗਾਂ ਵਾਲੇ ਗੱਦਿਆਂ ਤੇ ਟਿਕ ਜਾਣਾ ਹੈ। ਬਾਦਲ ਸਾਹਬ, ਜਦੋਂ ਅਪਣੇ ਮਰਦੇ ਹਨ, ਦੁੱਖ ਉਦੋਂ ਲੱਗਦਾ ਹੈ। ਦੂਜਿਆਂ ਦੇ ਮਰਨ ਉੱਤੇ ਸਿਆਸਤ ਤੁਹਾਡੇ ਜਿਹੇ ਘਟੀਆ ਲੋਕ ਹੀ ਕਰਦੇ ਹਨ। ਤੁਹਾਡੇ ਮੰਤਰੀ, ਤੁਹਾਡੀ ਪੁਲਿਸ ਨਾਲ ਮਿਲ ਕੇ ਲੋਕਾਂ ਦੀਆਂ ਗੁੱਤਾਂ ਪੁੱਟਣ ਤੱਕ ਚਲੇ ਜਾਂਦੇ ਹਨ ਬੇਰੁਜ਼ਗਾਰਾਂ ਦੇ ਥੱਪੜ ਜੜ੍ਹਨ ਤੱਕ ਚਲੇ ਜਾਂਦੇ ਹਨ, ਜੇ ਏਸੇ ਨੂੰ ਸੇਵਾ ਆਖਦੇ ਹੋ ਤਾਂ ਏਦਾਂ ਦੀ ਸੇਵਾ ਅਪਣੇ ਘਰੇ ਕਰ ਲਿਆ ਕਰੋ। ਮਲੂਕੇ ਵਰਗੇ ਨੂੰ ਘਰੇ ਸੰਗਲ਼ ਨਾਲ ਬੰਨ੍ਹ ਕੇ ਰੱਖੋ, ਬੜੇ ਕੰਮ ਦਾ ਬੰਦਾ ਹੈ, ਗੁੱਤਾਂ ਪੁੱਟਣ ਦਾ ਮਾਹਰ ਹੈ ਉਹ। ਅੰਦਰ ਦੀਆਂ ਸੋ ਗੱਲਾਂ ਹੁੰਦੀਆਂ ਨੇ, ਮਲੂਕਾ ਤੁਹਾਡੇ ਬੜੇ ਕੰਮ ਆ ਸਕਦਾ ਹੈ।

ਸਾਡਾ ਕੀ ਐ, ਅਸੀਂ ਤਾਂ ਲੂਣ ਨਾਲ ਵੀ ਗੁਜ਼ਾਰਾ ਕਰ ਲਵਾਂਗੇ, ਕਰਨਾ ਹੀ ਪੈਣਾ ਹੈ। ਰੇਤਾ ਬਜ਼ਰੀ ਤੇ ਤੁਹਾਡੇ ਕੌੜਮੇ ਦਾ ਕਬਜ਼ਾ ਹੈ, ਪ੍ਰਾਪਰਟੀ ਟੈਕਸ ਨਾਲ ਤੁਸੀਂ ਲੋਕਾਂ ਦਾ ਕਚੂੰਮਰ ਕੱਢਣਾ ਲਾਇਆ ਹੈ। ਇੱਕ ਪਾਸੇ ਤੁਸੀਂ ਆਖਦੇ ਹੋ ਕਿ ਮਹਿੰਗਾਈ ਨੇ ਗਰੀਬਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ ਤੇ ਇਸ ਵਾਸਤੇ ਕੇਂਦਰ ਸਰਕਾਰ ਨੂੰ ਦੋਸ਼ੀ ਮੰਨਦੇ ਹੋ ਤੇ ਦੂਸਰੇ ਪਾਸੇ ਮਹਿੰਗਾਈ ਦੇ ਸਤਾਇਆਂ ਤੋਂ ਜ਼ਬਰੀ ਪ੍ਰਾਪਰਟੀ ਟੈਕਸ ਵਸੂਲਣ ਲਈ ਗੁੰਡਾ ਬ੍ਰਿਗੇਡ ਦੀ ਭਰਤੀ ਕਰਨ ਜਾ ਰਹੇ ਹੋ।

ਬਾਦਲ ਸਾਹਬ, ਸਾਡੇ ਪਿੰਡ ਇੱਕ ਕੁੱਤੀ ਨੇ ਅੱਠ ਕਤੂਰਿਆਂ ਨੂੰ ਜਨਮ ਦਿੱਤਾ ਹੈ। ਜਿਹੜਾ ਵੀ ਕੋਈ ਉਹਨਾਂ ਕਤੂਰਿਆਂ ਦੇ ਨੇੜੇ ਜਾਂਦਾ ਹੈ, ਉਹ ਉਸ ਨੂੰ ਵੱਢਣ ਨੂੰ ਪੈਂਦੇ ਹਨ, ਭਾਵੇਂ ਅਗਲਾ ਉਹਨਾਂ ਨੂੰ ਦੁੱਧ ਨਾਲ ਬਰੈੱਡ ਪਾਉਣ ਹੀ ਜਾ ਰਿਹਾ ਹੋਵੇ। ਲੋਕਾਂ ਨੇ ਉਹਨਾਂ ਕਤੂਰਿਆਂ ਦੇ ਨਾਮ ਪਤਾ ਕੀ ਰੱਖੇ ਹਨ? ਛੱਡੋ ਪਰਾਂ, ਤੁਹਾਨੂੰ ਕਿਹੜਾ ਕੋਈ ਸ਼ਰਮ ਆਉਣੀ ਹੈ।

ਇਹ ਨਾ ਸੋਚਿਓ ਕਿ ਸਾਡੀ ਤੁਹਾਡੇ ਨਾਲ ਕੋਈ ਸਿੱਧੀ ਦੁਸ਼ਮਣੀ ਹੈ ਜਾਂ ਕਿਸੇ ਨਿਜੀ ਕਾਰਣਾਂ ਕਰਕੇ ਤੁਹਾਡਾ ਵਿਰੋਧ ਕਰ ਰਹੇ ਹਾਂ। ਸੱਪ ਸਾਰੇ ਹੀ ਖਤਰਨਾਕ ਹੁੰਦੇ ਹਨ। ਕੈਪਟਨ ਵੀ ਸਾਡੀ ਭੂਆ ਦਾ ਪੁੱਤ ਨਹੀਂ ਲੱਗਦਾ। ਪਰ ਏਸ ਵੇਲੇ ਜਿੰਮੇਵਾਰੀ ਤੁਹਾਡੇ ਹੱਥ ਹੈ ਤੇ ਤੁਹਾਨੂੰ ਹੀ ਪੁੱਛਣਾ ਬਣਦਾ ਹੈ ਕਿ ਤੁਸੀਂ 25 ਸਾਲ ਰਾਜ ਕੀਤਾ ਹੈ ਤੇ ਪੰਜਾਬ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ, ਅਜਿਹਾ ਕੀ ਕਾਰਣ ਹੈ? ਬੇਸ਼ੱਕ ਤੁਸੀਂ ਤੇ ਕੈਪਟਨ ਸੌਂਕਣਾਂ ਵਾਂਗ ਮਿਹਣੋ-ਮਿਹਣੀ ਹੋਈ ਜਾਵੋ, ਪਰ ਤੁਹਾਡੇ ਖਸਮਾਂ ਨੂੰ ਜਵਾਬ ਚਾਹੀਦਾ ਹੈ। ਤੁਸੀਂ ਕੈਮਟਨ ਨੂੰ ਬਹਿਸ ਵਾਸਤੇ ਖੁੱਲਾ ਸੱਦਾ ਦੇ ਰਹੇ ਹੋ ਤੇ ਕੈਪਟਨ ਤੁਹਾਨੂੰ ਵੰਗਾਰ ਰਿਹਾ ਹੈ, ਇਹ ਨਿਤਾਰਾ ਕਰਨ ਵਾਸਤੇ ਕਿ ਪੰਜਾਬ ਦੇ ਨਿਘਾਰ ਲਈ ਕੋਣ ਜ਼ਿੰਮੇਵਾਰ ਹੈ। ਕਿਉਂ ਦੋਵੇਂ ਮਿਲ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹੋ? ਮੈਂ ਤੁਹਾਨੂੰ ਦੋਵਾਂ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦਾ ਹਾਂ, ਮੇਰੇ ਨਾਲ ਦੋਵੇਂ ਬਹਿਸ ਕਰ ਲਵੋ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜੇ ਮੇਰੇ ਨਾਲ ਨਹੀਂ ਤਾਂ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਜਾ ਕੇ ਪਿੰਡ ਵਾਲਿਆਂ ਨਾਲ ਸਿੱਧਾ ਰਾਬਤਾ ਕਰਕੇ ਵੇਖੋ, ਤੁਹਾਨੂੰ ਮੂੰਹ ਲੁਕਾਉਣ ਲਈ ਥਾਂ ਨਹੀਂ ਮਿਲਣਾ। ਬਾਡੀਗਾਰਡਾਂ ਦੀ ਧਾੜ ਵਿੱਚ ਹਰ ਕੋਈ ਸ਼ੇਰ ਬਣ ਜਾਂਦਾ ਹੈ।

ਬਾਦਲ ਸਾਹਬ, ਜਿਹੜੀ ਉਮਰ ਵਿੱਚ ਤੁਸੀਂ ਪਹੁੰਚ ਗਏ ਹੋ, ਸਰੀਰ ਬੀਮਾਰੀਆਂ ਦਾ ਘਰ ਬਣ ਜਾਂਦਾ ਹੈ। ਜੇ ਕਿਸੇ ਦਿਨ ਟੱਟੀਆਂ/ਮਰੋੜੇ ਲੱਗ ਜਾਣ ਤਾਂ ਜਹਾਜ ਫੜ ਕੇ ਸਵਿਟਜ਼ਰਲੈਂਡ ਜਾਣ ਦੀ ਬਜਾਏ ਤੁਹਾਡੇ ਹੀ ਕੈਲੀਫੋਰਨੀਆ ਵਿੱਚ ਅਨੰਦਪੁਰ ਸਾਹਿਬ ਦਾ ਸਰਕਾਰੀ ਹਸਪਤਾਲ ਹੈਗਾ ਏ, ਏਧਰ ਗੇੜਾ ਮਾਰ ਜਾਇਓ। ਇੱਕੋ ਡਾਕਟਰ ਹੈ ਜੋ ਮਰੀਜ਼ਾਂ ਨੂੰ ਵੇਖਦਾ ਹੈ ਤੇ ਜਦੋਂ ਵੀ ਤੁਹਾਨੂੰ ਟੱਟੀਆਂ ਲੱਗ ਜਾਣ ਤਾਂ ਹੋਰ ਕਿਤੇ ਜਾਣ ਦੀ ਬਜਾਏ ਏਥੇ ਆ ਜਾਇਓ। ਤੁਹਾਡੇ ਨਾਲ ਅਟੈਂਡੈਂਟ ਵਜੋਂ ਮੈਂ ਚੱਲਾਂਗਾ। ੧੦ ਕੁ ਮਿੰਟ ਵਿੱਚ ਪਰਚੀ ਬਣ ਜਾਂਦੀ ਹੈ ਤੇ ਡਾਕਟਰ ਮੂਹਰੇ ਲੱਗੀ ਲਾਈਨ ਵਿੱਚ ਖੜ੍ਹਿਆਂ ੩-੩ ਘੰਟੇ ਖੱਜਲ-ਖੁਆਰੀ ਹੁੰਦੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਏਥੇ ਲਾਈਨ ਵਿੱਚ ਖਲੋ ਕੇ ਦਵਾਈ ਲੈਣ ਤੋਂ ਬਾਅਦ ਤੁਹਾਨੂੰ ਤਾਂ ਕੀ ਤੁਹਾਡੇ ਸਾਰੇ ਖਾਨਦਾਨ ਨੂੰ ਕਦੇ ਟੱਟੀਆਂ ਨਹੀਂ ਲੱਗਣਗੀਆਂ। ਇਹ ਸਿਰਫ ਇੱਕ ਹਸਪਤਾਲ ਦਾ ਹਾਲ ਬਿਆਨ ਕੀਤਾ ਹੈ, ਜਦੋਂ ਕਿ ਹਾਲ ਪੰਜਾਬ ਦੇ ਲੱਗਭਗ ਸਾਰੇ ਹਸਪਤਾਲਾਂ ਦੇ ਏਦਾਂ ਦਾ ਹੀ ਹੈ। ਗਰਭਵਤੀ ਔਰਤਾਂ ਨੂੰ ਹਸਪਤਾਲ ਦੇ ਬਰਾਮਦੇ ਵਿੱਚ ਹੀ ਬੱਚਾ ਜੰਮਣਾ ਪੈ ਜਾਂਦਾ ਹੈ। ਜਦੋਂ ਕਿ ਗਰਭਵਤੀ ਔਰਤਾਂ ਦੀ ਦੇਖ ਰੇਖ ਲਈ ਵਿਦੇਸ਼ਾਂ ਵਿੱਚ ਸਭ ਕੁੱਝ ਦਾਅ ਤੇ ਲਾ ਦਿੱਤਾ ਜਾਂਦਾ ਹੈ। ਇੱਕ ਹਵਾਈ ਜਹਾਜ ਨੂੰ ਐਮਰਜੈਂਸੀ ਵਿੱਚ ਲਾਹੁਣ ਇਸ ਲਈ ਪੈ ਗਿਆ ਸੀ ਕਿ ਉਸ ਵਿੱਚ ਸਵਾਰ ਗਰਭਵਤੀ ਔਰਤ ਦੀ ਹਾਲਤ ਖਰਾਬ ਹੋ ਗਈ ਸੀ ਤੇ ਉਸ ਵਾਸਤੇ ਤੁਰੰਤ ਜਹਾਜ ਨੂੰ ਲਾਹ ਕੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ। ਤੇ ਤੁਹਾਡੇ ਵਲੋਂ ਦੱਸੇ ਜਾਂਦੇ ਕੈਲੀਫੋਰਨੀਆ ਵਿੱਚ ਐਮਰਜੈਂਸੀ ਡਿਊਟੀ ਵਾਲੇ ਬਹੁਤੇ ਡਾਕਟਰ ਉਦੋਂ ਤੱਕ ਪੌੜੀਆਂ ਨਹੀਂ ਉੱਤਰਦੇ ਜਦੋਂ ਤੱਕ ਸਾਸ ਕਭੀ ਬਹੂ ਥੀ ਨਾਟਕ ਵਿੱਚ ਮਸ਼ਹੂਰੀਆਂ ਨਹੀਂ ਆ ਜਾਂਦੀਆਂ। ਡਾਕਟਰਾਂ ਦੀ ਇਹ ਆਦਤ ਵਿਗਾੜਨ ਵਾਸਤੇ ਸਮਾਜ ਨਹੀਂ ਤੁਹਾਡੀ ਸਰਪ੍ਰਸਤੀ ਜਿੰਮੇਵਾਰ ਹੈ। ਕੀ ਕਦੇ ਕਿਸੇ ਆਮ ਨਾਗਰਿਕ ਦੀ ਡਾਕਟਰ ਵਿਰੁੱਧ ਸ਼ਿਕਾਇਤ ਤੇ ਕਦੇ ਅਮਲ ਹੋਇਆ ਹੈ?

ਇੱਕ ਤੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ ਤੇ ਜਿਹੜੇ ਹੈਗੇ ਵੀ ਨੇ ਉਹਨਾਂ ਨੂੰ ਤੁਸੀਂ ਬਾਹਰੀ ਕੰਮਾਂ ਵਿੱਚ ਲਾਕੇ ਸਾਡੇ ਬੱਚਿਆਂ ਦਾ ਭਵਿੱਖ ਹੀ ਬਰਬਾਦ ਨਹੀਂ ਕਰ ਰਹੇ, ਸਗੋਂ ਗੁਲਾਮਾਂ ਦੀ ਇੱਕ ਹੋਰ ਪੀੜ੍ਹੀ ਤਿਆਰ ਕਰ ਰਹੇ ਹੋ। ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜੇ ਬੱਚੇ ਸਕੂਲ ਵਿੱਚ ਪੁੱਜ ਜਾਣੇ ਹਨ, ਉਹ ਅੱਠਵੀਂ ਬਗੈਰ ਪੜ੍ਹੇ ਵੀ ਪਾਸ ਹੋ ਜਾਣੇ ਹਨ। ਕਿਉਂਕਿ ਇਹ ਤੁਹਾਡੀ ਹੀ ਨੀਤੀ ਹੈ ਕਿ ਬੱਚੇ ਅੱਠਵੀਂ ਤੱਕ ਫੇਲ੍ਹ ਨਹੀਂ ਕਰਨੇ। ਜਦੋਂ ਨੌਵੀਂ ਵਿੱਚ ਆ ਕੇ ਬਰੇਕਾਂ ਲੱਗਣਗੀਆਂ ਤਾਂ ਉਹ ਕਿਹੜੇ ÷ਝੋਟਾ ਸਿੰਘ, ਮੱਝਾ ਸਿੰਘ÷ ਦੇ ਖੇਤਾਂ ਵਿੱਚ ਸੀਰੀ ਰਲਣਗੇ? ਉਹ ਕਦੋਂ ਕਾਲਜ ਜਾਣਗੇ, ਤੇ ਕਦੋਂ ਉੱਚ ਵਿੱਦਿਆ ਹਾਸਲ ਕਰਨਗੇ? ਇੱਕ ਪਾਸੇ ਧੜਾਧੜ ਪ੍ਰਾਈਵੇਟ ਸਕੂਲ ਖੁੱਲ੍ਹ ਰਹੇ ਹਨ, ਪ੍ਰਾਈਵੇਟ ਹਸਪਤਾਲ ਖੁੱਲ੍ਹ ਰਹੇ ਹਨ ਤੇ ਲੋਕ ਮਜ਼ਬੂਰ ਹੋਕੇ ਅਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਮਜ਼ਬੂਰ ਹੋ ਰਹੇ ਹਨ। ਪ੍ਰਾਈਵੇਟ ਸਕੂਲਾਂ ਵਿੱਚ ਇੱਕ ਬੱਚੇ ਦੀ ਸਾਲ ਦੀ ਪੜ੍ਹਾਈ ਦਾ ਖਰਚਾ ਤੀਹ ਹਜ਼ਾਰ ਤੋਂ ਲੈ ਕੇ 60-70 ਹਜ਼ਾਰ ਤੱਕ ਦਾ ਹੈ। ਮਤਲਬ ਕਿ ਘੱਟੋ ਘੱਟ ਮਹੀਨਾ ਖਰਚਾ 2500 ਰੁਪਏ ਇੱਕ ਬੱਚੇ ਦਾ ਹੈ ਤੇ ਜੇ ਬੱਚੇ ੨ ਹਨ ਤਾਂ ਹਰ ਮਹੀਨੇ ਉਹ 5000 ਰੁਪਏ ਪ੍ਰਾਈਵੇਟ ਸਕੂਲ ਨੂੰ ਦੇਣ ਵਾਸਤੇ ਏਸ ਲਈ ਮਜ਼ਬੂਰ ਹੈ ਕਿ ਸਰਕਾਰੀ ਸਕੂਲਾਂ ਵਿੱਚ ਤੁਸੀਂ ਇਹੋ ਲੋੜੀਂਦੀਆਂ ਸਹੂਲਤਾਂ ਦੇਣ ਤੋਂ ਜਾਣ-ਬੁੱਝ ਕੇ ਕੰਨੀ ਕਤਰਾ ਰਹੇ ਹੋ। ਕਿਉਂਕਿ ਇਹ ਪ੍ਰਾਈਵੇਟ ਸਕੂਲ ਕਿਸੇ ਹਾਰੀ ਸਾਰੀ ਦੇ ਨਹੀਂ, ਤੁਹਾਡੇ ਜਿਹੇ ਆਦਮਖੋਰ ਜਾਨਵਰਾਂ ਦੇ ਹਨ। ਸਾਡੇ ਵਰਗਾ ਢਾਈ ਸੋ ਰੁਪਏ ਦਿਹਾੜੀ ਕਮਾਉਣ ਵਾਲਾ ਬੰਦਾ ਕਦੇ ਸੋਚ ਹੀ ਨਹੀਂ ਸਕਦਾ ਕਿ ਉਸ ਦੇ ਬੱਚੇ ਵੱਡੇ ਹੋ ਕੇ ਕਿਤੇ ਕਲਰਕ-ਕਲੁਰਕ ਲੱਗਣ ਜੋਗੇ ਵੀ ਹੋਣਗੇ।

ਬਾਦਲ ਸਾਹਬ, ਜੇ ਤੁਹਾਡੇ ਕਿਸੇ ਟੌਮੀ ਨੂੰ ਫੁੰਨਸੀ ਵੀ ਹੋ ਜਾਵੇ ਤਾਂ ਡਾਕਟਰ ਤੁਹਾਡੇ ਘਰੇ ਆਉਂਦੇ ਹਨ ਜਾਂ ਤੁਸੀਂ ਟੌਮੀ ਨੂੰ ਲੈ ਕੇ ਅਮਰੀਕਾ ਤੱਕ ਜਾਂਦੇ ਹੋ। ਤੇ ਸਾਡੇ ਬਜ਼ੁਰਗਾਂ ਬਾਰੇ ਤਾਂ ਅਸੀਂ ਸੋਚ ਹੀ ਲਿਆ ਹੈ ਕਿ ਇਹਨਾਂ ਨੇ ਬਗੈਰ ਇਲਾਜ ਤੋਂ ਹੀ ਮਰਨਾ ਹੈ, ਤੇ ਸਾਡੇ ਬੱਚੇ ਵੀ ਜਿਹਨਾਂ ਨੂੰ ਅਸੀਂ ਕਾਲਜੇ ਦਾ ਟੁਕੜਾ ਸਮਝਦੇ ਹਾਂ, ਸਾਡੀਆਂ ਅੱਖਾਂ ਸਾਹਮਣੇ ਇਸ ਲਈ ਤੜਪ ਤੜਪ ਕੇ ਮਰਨ ਲਈ ਮਜ਼ਬੂਰ ਨੇ ਕਿ ਸਾਡੇ ਕੋਲ ਡਾਕਟਰ ਵੀ ਹੈਗੇ ਨੇ, ਇਲਾਜ ਵੀ ਹੈਗਾ ਏ, ਪਰ ਇਹ ਸਹੂਲਤਾਂ ਲੈਣ ਲਈ ਸਾਡੇ ਕੋਲ ਪੈਸੇ ਨਹੀਂ।

ਬਾਦਲ ਸਾਹਬ, ਗੱਲਾਂ ਤਾਂ ਹੋਰ ਵੀ ਬਥ੍ਹੇਰੀਆਂ ਹਨ, ਉਹ ਵੀ ਸਮੇਂ ਸਮੇਂ ਤੇ ਕਰਦੇ ਰਹਾਂਗੇ। ਕਿਉਂਕਿ ਨਾ ਤਾਂ ਤੁਹਾਨੂੰ ਪਲੇਗ ਪੈਣ ਲੱਗੀ ਹੈ ਤੇ ਨਾ ਹੀ ਅਜੇ ਅਸੀਂ ਮਰਨ ਲੱਗੇ ਹਾਂ। ਪੰਜਾਬੀ ਦਾ ਇੱਕ ਅਖਾਣ ਹੈ ਕਿ ਭਿਓਂ-ਭਿਓਂ ਕੇ ਜੁੱਤੀਆਂ ਮਾਰਨਾ। ਇਹ ਸਿਰਫ ਅਖਾਣ ਹੀ ਹੈ। ਕੋਈ ਜੁੱਤੀਆਂ ਲਾਹ ਕੇ ਨਹੀਂ ਮਾਰਦਾ ਹੁੰਦਾ, ਪਰ ਜੀਹਨੂੰ ਕਿਹਾ ਜਾਂਦਾ ਹੈ, ਉਸ ਦੇ ਵੱਜੀਆਂ ਹੀ ਸਮਝੀਆਂ ਜਾਂਦੀਆਂ ਹਨ। ਸੋ ਬੀਬੇ ਬਣਕੇ ਏਸ ਨੂੰ ਵੱਜੀਆਂ ਹੀ ਸਮਝੋ ਤੇ ਅੱਗੇ ਤੋਂ ਖੁਦ ਵਿੱਚ ਵੀ ਤੇ ਪ੍ਰਸ਼ਾਸਨ ਵਿੱਚ ਵੀ ਸੁਧਾਰ ਕਰੋ ਤਾਂ ਜੋ ਮੁੜ ਇਹੋ ਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਤੁਹਾਡੇ ਦੋਖੀ ਨਹੀਂ ਹਾਂ, ਸ਼ੁੱਭਚਿੰਤਕ ਹਾਂ, ਪਰ ਤੁਸੀਂ ਸਾਡੇ ਦੋਖੀ ਹੋ।

ਸਾਨੂੰ ਉਮੀਦ ਤਾਂ ਹੈ ਨਹੀਂ ਕਿ ਤੁਸੀਂ ਅਪਣੇ ਜਿਉਂਦੇ ਜੀਅ ਕੋਈ ਸੁਧਾਰ ਵਗੈਰਾ ਕਰ ਸਕੋਗੇ, ਪਰ ਸਾਡਾ ਕਹਿਣਾ ਫਰਜ਼ ਹੈ, ਸੁਣਨ ਵਾਲਾ ਭਾਵੇਂ ਬੋਲ਼ਾ ਹੀ ਕਿਉਂ ਨਾ ਹੋਵੇ। ਸਾਡੀ ਤ੍ਰਾਸਦੀ ਹੀ ਇਹੋ ਹੈ ਕਿ ਅਸੀਂ ਅੰਨ੍ਹਿਆਂ-ਬੋਲ਼ਿਆਂ ਨੂੰ ਵੋਟਾਂ ਪਾ ਬੈਠਦੇ ਹਾਂ ਪਰ ਅੱਖਾਂ ਅਪਣੀਆਂ ਵੀ ਨਹੀਂ ਖੋਲ੍ਹਦੇ।

ਤੁਹਾਡੀ ਇਸਨੂੰ ਮਜ਼ਬੂਰੀ ਹੀ ਮੰਨ ਲੈਂਦੇ ਹਾਂ ਕਿ ਏਨੇ ਚਿਰ ਦਾ ਤਾਣਾ ਬਾਣਾ ਤੁਸੀਂ ਅਪਣੇ ਜਿਉਂਦੇ ਜੀਅ ਸੁਲਝਾ ਨਹੀਂ ਸਕਦੇ। (ਜਦੋਂ ਕਿ ਸਾਨੂੰ ਪਤਾ ਹੈ ਕਿ ਇਹ ਤਾਣਾ ਬਾਣਾ ਉਲਝਾ ਕੇ ਰੱਖਣਾ ਤੁਹਾਡੀ ਲੋੜ ਹੈ, ਸਾਡੇ ਸਿਵਿਆਂ ਤੇ ਰੋਟੀਆਂ ਰਾੜ੍ਹਨਾ ਤੁਹਾਡੀ ਖਾਨਦਾਨੀ ਰੀਤ ਹੈ।) ਪਰ ਫਿਰ ਵੀ ਜੇ ਜ਼ਮੀਰ ਨਾਂ ਦਾ ਕੀੜਾ ਜਾਂ ਇੱਕ ਬੇ-ਅਣਖੇ ਜਿਹੇ ਬੰਦੇ ਵਲੋਂ ਵੰਗਾਰਨ ਤੇ ਅਣਖ ਨਾਮ ਦਾ ਕੀੜਾ ਹੀ ਕਿਤੇ ਅੰਦਰ ਬਚਿਆ ਹੋਵੇ ਤਾਂ ਏਨਾ ਕੁ ਹੰਭਲਾ ਜ਼ਰੂਰ ਮਾਰਿਓ ਕਿ ਪੰਜਾਬ ਵਿੱਚੋਂ ਸਮੈਕ, ਹੈਰੋਇਨ, ਭੁੱਕੀ, ਅਫੀਮ, ਤੇ ਮੈਡੀਕਲ ਨਸ਼ਿਆਂ ਅਤੇ ਹੋਰ ਮਾਰੂ ਨਸ਼ਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਅਸੀਂ ਨਹੀਂ ਕਹਿੰਦੇ ਕਿ ਪਵਿੱਤਰ ਨਗਰੀ ਅੰਮ੍ਰਿਤਸਰ ਦੀ ਪਵਿੱਤਰਤਾ ਦਾ ਮਜ਼ਾਕ ਉਡਾਉਂਦਾ ਸ਼ਰਾਬ ਦਾ ਠੇਕਾ ਬੱਸ ਉੱਤਰਦਿਆਂ ਹੀ ਨਜ਼ਰੀਂ ਪੈਂਦਾ ਹੈ, ਉਸ ਨੂੰ ਓਥੋਂ ਹਟਾਇਆ ਜਾਵੇ। ਇਸ ਬਾਰੇ ਕਦੇ ਫੇਰ ਗੱਲ ਕਰਲਾਂਗੇ। ਫਿਲਹਾਲ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ। ਜੇ ਏਨਾ ਕੁ ਕੰਮ ਕਰ ਸਕੇ ਤਾਂ ਅਸੀਂ ਸਮਝਾਂਗੇ ਕਿ ਤੁਸੀਂ ਅਪਣੀ ਜ਼ਿੰਦਗੀ ਵਿੱਚ ਇੱਕ ਮਹਾਨ ਕੰਮ ਕੀਤਾ ਹੈ।

ਤੁਹਾਡਾ ਸ਼ੁੱਭ ਚਿੰਤਕ ਅਤੇ ਇਨਸਾਨੀਅਤ ਦੀ ਦੁਹਾਈ ਪਾਉਂਦਾ ਆਮ ਜਿਹਾ ਨਾਗਰਿਕ।

ਨੋਟ: ਜੇ ਕੋਈ ਹੋਰ ਪ੍ਰਕਾਸ਼ ਸਿੰਘ ਬਾਦਲ ਨਾਮ ਦਾ ਵਿਅਕਤੀ ਇਹ ਚਿੱਠੀ ਪੜ੍ਹ ਰਿਹਾ ਹੋਵੇ ਤਾਂ ਉਸ ਕੋਲੋਂ ਅਗਾਊਂ ਮੁਆਫੀ ਮੰਗਦਾ ਹਾਂ। ਕਿਉਂਕਿ ਜਿਸ ਪੰਜਾਬ ਵਿੱਚ ੬-੬ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਹਨ, ਓਥੇ ਪ੍ਰਕਾਸ਼ ਸਿੰਘ ਬਾਦਲ ਇੱਕੋ ਹੀ ਹੋਵੇ, ਯਕੀਨ ਜਿਹਾ ਨਹੀਂ ਆਉਂਦਾ।

 

ਸੁਰਜੀਤ ਗੱਗ -9463389628

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>