ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ

ਪੰਜਾਬ ਵਿੱਚ ਪਹਿਲਾਂ ਦੁੱਧ, ਦਹੀਂ, ਲੱਸੀ, ਮੱਖਣ , ਗੰਨੇ ਦੀ ਰਹੁ, ਗੁੜ ਦਾ ਸ਼ਰਬਤ ਪੀਣਾ, ਗਰਮੀਆਂ ਨੂੰ ਜੌਆਂ ਦੇ ਸੱਤੂ ਸ਼ਕਰ ਪਾਣੀ ਵਿੱਚ ਘੋਲ ਕੇ ਪੀਣੇ ,ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ  ਸਾਗ ਮੱਖਣ ਦੇ ਪੇੜੇ ਨਾਲ ਖਾਣਾ ਆਮ ਖੁਰਾਕ ਸੀ ,ਲੋਕ ਚੰਗਾ ਪਹਿਨਣ ਨਾਲੋਂ ਚੰਗੀ ਤੇ ਸਾਦੀ ਖੁਰਾਕ ਖਾਣ  ਨੂੰ ਪਹਿਲ ਦੇਂਦੇ ਸਨ ਪਰ ਸਮੇਂ ਦੀ ਪ੍ਰਗਤੀ ਨਾਲ ਇਹ ਸੱਭ ਕੁੱਝ ਬਦਲ ਗਿਆ , ਹੁਣ ਪਿੰਡੀਂੰ ਥਾਈਂ ਲੱਸੀ ਪਾਣੀ ਦੁੱਧ ਦੀ ਥਾਂ ਘਰ ਆਏ ਪ੍ਰਾਹੁਣੇ ਨੂੰ ਚਾਹ  ਹੀ  ਪੁੱਛਦੇ ਹਨ ਅਤੇ ਸਰਕਾਰੀ ਦਫਤਰਾਂ ਵਿਚ ਕੰਮ ਕਰਾਉਣ ਲਈ ਬਾਬੂ ਲੋਕਾਂ ਨੂੰ ਰਿਸ਼ਵਤ ਕਹਿਣ ਦੀ ਥਾਂ  ਚਾਹ ਪਾਣੀ ਦੇਣਾ ਹੀ ਲੋਕ ਆਮ ਕਹਿੰਦੇ ਹਨ , ਮੂਲ ਤੌਰ  ਤੇ ਚਾਹ ਦਾ ਇਹ ਝਾੜੀ ਦਾਰ ਬੂਟਾ ਭਾਰਤ ਦੀ ਹੀ ਪੈਦਾ ਵਾਰ ਹੈ  ਜੋ ਕਾਂਗੜਾ ਪਾਲਮ ਪੁਰ ਤੇ ਆਸਾਮ ਦੇ ਢਲਾਣੀ ਪਹਾੜੀ ਇਲਾਕੇ ਵਿੱਚ ਹੀ ਹੁੰਦਾ ਹੈ ,ਜਿਸ ਦੀਆਂ ਪੱਤੀਆਂ ਤੋੜ ਸੁਕਾ ਕੇ ਚਾਹ ਪੱਤੀ ਦਾ ਰੂਪ ਧਾਰਦੀਆਂ ਹਨ । ਪਰ ਚਾਹ ਪੀਣ ਦਾ ਰਿਵਾਜ ਅੰਗ੍ਰੇਜ਼ ਰਾਜ ਤੋਂ ਹੀ ਸ਼ੁਰੂ ਹੋਇਆ ਜਾਪਦਾ ਹੈ  । ਅਜੇ ਵੀ ਚਾਹ ਪੀਣ ਬਾਰੇ ਲੋਕਾਂ ਦੇ ਵਿਚਾਰ ਵੱਖਰੇ-  ਵੱਖਰੇ ਹਨ ਫੌਜ ਵਿਚ ਚਾਹ ਪੀਣ ਦਾ ਰਿਵਾਜ ਵੀ  ਅੰਗ੍ਰੇਜ਼ਾਂ ਨੇ ਹੀ ਪਾਇਆ, ਪੁਰਾਣੇ ਸਮਿਆਂ ਵਿਚ ਚਾਹ ਨੂੰ ਦੁਆਈ ਸਮਝ ਕੇ ਹੀ ਪੀਂਦੇ ਸਨ । ਕਿਸੇ ਘਰ ਚਾਹ ਬਣਦੀ ਵੇਖ ਕੇ ਲੋਕ ਆਮ ਕਹਿੰਦੇ ਸਨ ਤੁਹਾਡੇ ਘਰ ਕੋਈ ਬੀਮਾਰ  ਹੈ ਜਿਸ ਲਈ ਚਾਹ ਬਣਾਈ ਹੈ , ਜਾਂ ਚਾਹ ਕਿਸੇ ਫੌਜੀ ਘਰ ਹੀ ਬਣਦੀ ਸੀ ,ਸਾਡਾ ਬਾਬਾ ਹੌਲਦਾਰ ਸ਼ੇਰ ਸਿੰਘ ਫੌਜੀ ਪੈਨਸ਼ਨਰ ਸੀ ਚਾਹ ਉਹ ਪਤੀਲਾ ਚੁਲ਼੍ਹੇ ਤੇ ਰੱਖ ਕੇ ਹੀ ਤੱਤੀ ਤੱਤੀ ਪੀਣ ਦਾ ਸ਼ੌਕੀਣ ਸੀ ,ਉਦੋਂ ਰੰਮ ਦੀਆਂ ਕੰਟੀਨਾਂ ਵੀ ਨਹੀਂ ਸਨ ਹੁੰਦੀਆਂ ਇਸ ਲਈ ਬਾਬਾ ਗੁਜ਼ਾਰੇ ਜੋਗੀ ਦਾਰੂ ਵੀ ਘਰ ਹੀ ਚੁਲ੍ਹੇ ਤੇ ਕੱਢ ਕੇ ਪੈਗ ਲਾਉਣ ਦਾ  ਝੱਸ ਵੀ  ਪੂਰਾ ਕਰ ਲੈਂਦਾ ਸੀ । ਕਿਉਂ ਕਿ ਫੌਜੀਆਂ ਨੂੰ ਰੰਮ ਵੀ ਪੀਣੀ ਬਾਹਰ  ਜਰੂਰੀ ਹੁੰਦੀ ਸੀ  , ਬੇਸਕ਼ ਬਾਬਾ ਦਾਰੂ ਦਾ ਵੀ ਬੜਾ ਸ਼ੌਕੀਣ ਸੀ ਪਰ ਚਾਹ ਪੀਣ ਦਾ ਵੇਲਾ ਕਦੇ ਖੁੰਝਣ ਨਹੀਂ ਸੀ ਦੇਂਦਾ । ਦਾਦੀ ਕਾਫੀ ਚਿਰ ਤੋਂ ਰੱਬ ਨੂੰ ਪਿਆਰੀ ਹੋ ਗਈ ਸੀ ,ਇਸ ਲਈ ਘਰ ਦਾ ਸਾਰਾ ਕੰਮ ਉਹ ਹੱਥੀਂ ਆਪ ਕਰਦਾ ਸੀ  ।

ਫੌਜੀਆਂ ਦੀ ਚਾਹ ਬੜੀ ਮਸ਼ਹੂਰ ਹੈ  ਇੱਕ ਕਹਾਵਤ ਹੈ ਕ ਲੜਾਈ ਹੱਲੇ ਦੀ ਚਾਹ ਥੱਲੇ ਦੀ ਕਿਤੋਂ ਇਹ ਵੀ ਸੁਣਿਆ ਹੈ ਕਿ ਇਕ ਫੌਜੀ ਨੇ ਥੱਲੇ ਦੀ ਗਾੜ੍ਹੀ ਪੱਤੀ ਵਾਲੀ ਚਾਹ ਨਾ ਮਿਲਣ ਕਰਕੇ ਲੜਾਈ ਕਰਕੇ ਅਪਨੀ ਫੀਤੀ ਹੀ  ਲੁਹਾ ਲਈ ਸੀ  । ਪਰ ਅੱਜ ਕੱਲ ਤਾਂ ਚਾਹ ਦਾ ਹਰ  ਥਾਂ ਬੋਲ ਬਾਲਾ ਹੈ ।ਸਵੇਰੇ ਉਠਿਦਆਂ ਸਾਰ ਬੈੱਡ ਟੀ ਪੀਣੀ ਆਮ ਗੱਲ ਹੀੋ ਗਈ  ਹੈ , ਕਿਤੇ ਪ੍ਰਾਹੁਣੇ ਚਲੇ ਜਾਓ ਜਿਨੇ ਘਰੀਂ ਜਾਓ ਚਾਹ ਅੱਗੇ  ਜੇ ਨਾਂਹ ਕਰੋ ਤਾਂ ਅੱਗੋਂ ਜੁਆਬ ਮਿਲੇਗਾ ਪੀ ਲਓ ਜੀ ਇਹ ਕੇਹੜੀ ਚਿੱਥਣੀ ਪੈਣੀ ਏਂ ਵੈਸੇ ਡਾਕਟਰ ਲੋਕ ਤਾਂ ਹਰ ਮਰੀਜ਼ ਨੂੰ ਚਾਹ ਘੱਟ ਹੀ ਪੀਣ ਦੀ ਸਲਾਹ ਦੇਂਦੇ ਹਨ ਪਰ ਚਾਹ ਤੋਂ ਜਾਣ ਛੁਡਾਣੀ ਵੀ ਅੱਜ ਕੱਲ  ਔਖੀ ਹੋ ਗਈ ਹੈ । ਮੇਰਾ ਨੌਕਰੀ ਪਬਲਿਕ ਡੀਲਿੰਗ ਵਾਲੀ ਸੀ ਦਿਹਾੜੀ ਵਿੱਚ ਨਾਂਹ 2 ਕਰਦਿਆਂ ਅੱਠ ਦੱਸ ਵਾਰ ਚਾਹ ਡੱਫਣੀ ਪੈਂਦੀ ਸੀ ।  ਸੇਵਾ ਮੁਕਤੀ ਹੋਈ ਸ਼ੁਕਰ ਕੀਤਾ  ਮੈਂ ਵਿਦੇਸ਼ ਆ ਕੇ ਪੂਰੇ ਪੰਜ ਸਾਲ ਤੋਂ ਚਾਹ ਨਹੀਂ ਪੀਂਦਾ ਕੋਈ ਫਰਕ ਨਹੀ ਪਿਆ । ਹੁਣ ਘਰ ਦਿਆਂ ਦੇ ਕਹਿਣ ਤੇ ਦਿਹਾੜੀ ਵਿੱਚ ਇੱਕ ਵਾਰੀ ਪੀਣ ਲੱਗ ਪਿਆ ਹਾਂ । ਕਈ ਕਹਿੰਦੇ ਹਨ ਚਾਹ  ਗੈਸ ਪੈਦਾ ਕਰਦੀ ਹੈ ਕੋਈ ਕਹਿੰਦਾ ਹੈ ਚਾਹ ਥਕੇਵਾਂ ਲਾਹੁੰਦੀ ਹੈ ਕੋਈ ਕਹਿੰਦਾ ਹੈ ਬੀਮਾਰੀ ਹੈ ਨਿਰੀ ਚਾਹ ਜਿਨੇ ਮੂੰਹ ਓਨੀਆਂ ਗੱਲਾਂ  ।

ਹੁਣ ਘਰਾਂ ਵਿੱਚ ਨਿਰੀ ਚਾਹ ਦੀ ਪੱਤੀ ਉਬਾਲਣ ਨਾਲ  ਇੱਸ ਵਿੱਚ ਲੌਂਗ, ਸਬਜ ਇਲਾਇਚੀ, ਸੁੰਢ਼ , ਸੌਂਫ  ਤੇ ਹੋਰ ਵੀ ਕਈ ਕੁੱਝ ਮਿਲਾ ਕੇ ਇਸ ਵਿੱਚ ਦੁੱਧ ਪਾਕੇ ਚਾਹ ਦਾ ਅਸਲੀ ਰੂਪ ਵਿਗਾੜ ਦਿੱਤਾ ਜਾਂਦਾ ਹੈ ਅਖੇ ਜੀ ਨਿਰੀ ਚਾਹ ਅਵਾਈ ਹੁੰਦੀ ਹੈ ਗੈਸ ਪੈਦਾ ਕਰਦੀ ਹੈ ਚੰਗਾ ਅਸਰ ਨਹੀਂ ਕਰਦੀ ਸੁਆਦ ਨਹੀਂ ਦੇਂਦੀ ਤੇ ਹੋਰ ਵੀ ਕਈ ਵੀ ਕਈ ਨੁਕਸ ਕੱਢਦੇ ਹਨ ਪੀਣ ਵਾਲੇ ਚਾਹ ਦੇ ਸੌਕੀਣ ,ਚਾਹ ਤਾਂ ਅੱਜ ਕੱਲ ਅਮਲ ਵਾਂਗ ਹੀ ਹੋ ਗਈ ਹੈ ,ਸ਼ਹਿਰੀ ਲੋਕਾਂ ਵਿੱਚ ਤਾਂ ਚਾਹ ਅੱਜ ਕਲ ਫੈਸ਼ਨ ਹੀ ਬਣ ਗਈ ਹੈ ਪਰ ਹੁਣ ਪਿੰਡ ਵੀ ਚਾਹ ਪੀਣ ਵਿੱਚ ਕਿਸੇ ਤਰ੍ਹਾਂ ਪਿੱਛੇ ਨਹੀਂ ਹਨ ,ਸ੍ਰੀ ਨਗਰ ਵਿੱਚ ਕਾਲੀ ਚਾਹ ਜਿਸ ਨੂੰ ਕਾਹਵਾ ਵੀ ਕਹਿੰਦੇ ਹਨ ਬਿਨਾਂ ਦੁੱਧ ਆਮ ਵਰਤੀ ਜਾਂਦੀ ਹੈ , ਮੇਰੇ ਇੱਕ ਮਿੱਤ੍ਰ ਦੇ ਘਰ ਚਾਹ ਵਿੱਚ ਥੋੜ੍ਹਾ ਨਮਕ ਵੀ ਪਾ ਲਿਆ ਜਾਂਦਾ ਹੈ ਅਖੇ ਇਸ ਨਾਲ ਚਾਹ ਕਰਾਰੀ ਹੋ ਜਾਂਦੀ  ਹੈ । ਦੇਸੀ ਚਾਹ ਪਸਾਰੀਆਂ ਕੋਲੋਂ ਮਿਲਦੀ ਹੈ ਜਿਸ ਵਿੱਚ ਪਤਾ ਨਹੀ ਕੀ ਕੁਝ ਹੋਰ ਵੀ ਮਿਲਿਆ ਹੁੰਦਾ ਹੈ ਮਿਲਦੀ ਹੈ । ਬਹੁਰੂਪੀਆਂ ਵਾਂਗ ਚਾਹ ਵੀ ਅਪਨਾ ਅਸਲੀ ਰੂਪ ਸਮੇਂ – ਸਮੇਂ ਬਦਲਦੀ ਹੀ ਰਹਿੰਦੀ ਹੈ ।

ਪਹਿਲਾਂ – ਪਹਿਲਾਂ ਅੰਗਰੇਜ਼ ਰਾਜ ਵੇਲੇ ਚਾਹ ਦੀ ਮਸ਼ਹੂਰੀ ਜਦ ਚਾਹ ਦੀਆਂ ਕੰਪਨੀਆਂ ਕਰਦੀਆਂ ਸਨ ਤਾਂ ਮੇਲਿਆਂ ਆਦਿ ਵਿਚ ਚਾਹ ਦੇ ਸਟਾਲ ਲਾਕੇ ਚਾਹ ਲੋਕਾਂ ਨੂੰ ਮੁਫਤ ਪਿਲਾਈ ਜਾਂਦੀ ਸੀ । ਕੋਈ ਪੀਂਦਾ ਨਹੀਂ ਸੀ । ਪਰ ਅੱਜ ਕੱਲ ਚਾਹ ਦਾ ਲੋਕਾਂ ਨੂੰ ਅਮਲ ਜੇਹਾ ਹੀ ਲੱਗ ਗਿਅਅ ਹੈ , ਪਹਿਲਾ ਦੇ ਸਿੱਧੇ ਸਾਦੇ ਲੋਕਾਂ ਦੇ ਚਾਹ ਬਾਰੇ ਕਈ ਗੀਤਾਂ ਦੇ ਬੋਲ ਵੀ ਮੈਨੂਂ ਯਾਦ ਆਉਂਦੇ ਹਨ ,ਜੋ ਚਾਹ ਦੀ ਸਿਫਤ ਵਿਚ ਇਉਂ ਹਨ ,

ਚਾਹ ਪੀਂਦੀਆਂ ਵਲੈਤੀ ਮੇਮਾਂ ,ਸੇਅ ਵਾਂਗੋਂ ਰੰਗ ਭੱਖਦਾ ,
ਗੋਰਿਆਂ ਦੀ ਚਾਹ ਵੱਖਰੀ ਅੱਧਾ ਕੱਪ ਤੇ ਚੁਸਕੀਆਂ ਚਾਲੀ ,

ਬਾਲ ਦੇ ਨੀ ਅੱਗ ਅੜੀਏ ਲਾਲ ਸੂਹੀ ਚਾਹ ਧਰੀਏ ।
ਨੀ ਮਾਂ ਦੀਏ ਮੋਮ ਬੱਤੀਏ ਨੀ ਸੁਹਣੀਏਂ ਨੀ ਲਾਲ ਪਰੀਏ ।
ਮਾੜਾ ਹੈ ਫਸਾਦ ਬੜਾ  ਚਾਹ ਦਾ ਸਵਾਦ ਬੜਾ ।

ਦੋ ਪੱਤ ਨੇ ਕਰੀਰਾਂ ਦੇ ਪੀਂਦੇ ਨਹੀਓਂ ਚਾਹ ਅਮਲੀ ਪੀਂਦੇ ਪੁੱਤ ਨੇ ਅਮੀਰਾਂ ਦੇ ।
ਤੇ ਚਾਹ ਬਾਰੇ  ਹੋਰ ਵੀ    ਦੋ ਪੱਤ ਚਾਹ ਦੇ ਪਤੀਲਾ ਪਾਣੀ ਦਾ ,
ਪੈ ਗਿਆ ਰਿਵਾਜ ਖਸਮਾਂ ਨੂੰ ਖਾਣੀ ਦਾ ।

ਪਰ ਪਤਾ ਨਹੀ ਚਾਹ ਅਮਲ ਹੁੰਦਾ ਹੈ ਬੱਸ ਝੱਸ ਜੇਹਾ ਜੇਹਾ ਜ਼ਰੂਰ ਹੈ ਚਾਹ ਮਿੱਠੀ ਜੁ ਹੋਈ ਬੱਚੇ ਵੀ ਚਾਹ ਹੀ ਮੰਗਦੇ ਹਨ। ਪਰ ਅੱਜ ਕੱਲ ਤਾਂ ਚਾਹ ਵੀ ਹੁਣ ਗੁਰੂਕੇ ਲੰਗਰਾਂ ਵਿੱਚ ਵੀ ਅਤੁੱਟ ਵਰਤਾਈ ਜਾਦੀ ਹੈ ,ਚਾਹ ਇਕੱਲੀ ਹੀ ਨਹੀ ਚਾਹ ਨਾਲ ਗਰਮਾ ਗਰਮ ਕਰਾਰੇ ਕਰਾਰੇ ਪਕੌੜੇ ਵੀ ਨਾਲ ,ਚਾਹ ਮੈਰੇਜ ਪੈਲਸਾਂ ਦੀ ਸ਼ਾਨ ਹੈ  ,ਟੀ ਪਾਰਟੀਆਂ ਦੀ ਸ਼ਾਨ ਹੈ, ਸੁਣਿਆ ਹੈ ਭਾਰਤ ਦਾ ਇੱਕ ਦਾਵੇ ਦਾ ਪ੍ਰਧਾਨ ਮੰਤ੍ਰੀ ਉਮੀਦਵਾਰ ਪਹਿਲਾਂ ਚ ਖੋਖੇ ਤੇ ਚਾਹ ਹੀ ਵੇਚਦਾ ਹੂੰਦਾ ਸੀ ਜਿਸ ਨੇ ਨੇ ਦਿੱਲੀ ਵਿਚ ਬੋਰੀਆਂ ਦੀਆਂ ਬੋਰੀਆਂ ਦੀ ਬੋਰੀਆਂ ਚਾਹ ਤੇ ਖੰਡ ਤੇ ਮਹਿੰਗਾ ਦੁੱਧ  ਲੋਕਾਂ ਨੂੰ ਪ੍ਰਧਾਨ ਮੰਤ੍ਰੀ ਦੇ ਅਹੁਦੇ ਲਈ ਲੋਕਾਂ ਦਾ ਅਪਣੇ ਵੱਲ ਧਿਆਨ ਦਿਵਾਉਣ ਲਈ ਲਾ ਦਿੱਤੀ ਲੋਕ ਪੀ ਗਏ ਭਾਪੇ ਵਾਲਾ ਮੁਫਤ ਦਾ ਮਾਲ ਸਮਝ ਕੇ ਨਾਲੇ ਚਾਹ ਵਰਗੀ ਸੁਆਦੀ ਚੀਜ਼ ਮੁਫਤ ਮਿਲ ਜਾਵੇ ਓਹਨੋ ਹੋਰਂ ਕੀ ਚਾਹੀਦਾ ਛਣਕਣਾ ਹੋਰ ਬੱਸ ਮੌਜਾਂ ਹੀ ਮੌਜਾਂ । ਪੀਓ ਪਿਆਓ ਵੋਟ ਜਿੱਸ ਨੂੰ ਮਰਜ਼ੀ ਪਾੳ ।  ਮੁਫਤ ਦੀ ਚਾਹ ਪੀਣ ਦਾ ਵੱਖਰਾ ਮਜ਼ਾ । ਪਤਾ ਤਾਂ ਬਾਅਦ ਚ ਲੱਗਣੈ ਜਦੋਂ ਜੇ ਬਣ ਗਏ ਤਾਂ ਕਸਰਾਂ ਕਿੱਦਾਂ ਕੱਢਣੀਆ ਪਰਜਾ ਤੋਂ , ਖੈਰ ਇੱਥੇ ਗੱਲ ਤਾਂ ਸਿਰਫ ਚਾਹ ਦੀ ਹੋ ਰਹੀ ਸੀ ਇਹ ਸਿਆਸਤ ਵਿੱਚ ਐਵੇਂ ਬਦੋ ਬਦੀ ਕਿਥੋਂ ਘੁਸੜ ਆਈ ।ਆਪਾਂ ਕੀ ਲੈਣਾ ਇੱਸ ਤੋਂ ,ਆਪਾਂ ਹਾਲ ਸਿਰਫ ਚਾਹ ਬਾਰੇ ਹੀ ਕੋਈ ਨਵੀ ਪਰਾਣੀ ਗਣੀ ਗੱਲ ਕਰੀਏ ,ਇੱਕ ਵਾਰ ਦੀ ਗੱਲ ਹੈ ਸਾਡੇ ਘਰ ਇਕ ਮੰਗਤਾ ਆਇਆ ਆਂਉਦੇ ਬੋਲਿਆ ਬੀਬੀ ਇੱਕ ਗਲਾਸ ਗਰਮ ਪਾਣੀ ਕਰ ਦਿਓ ਅੰਮਾਂ ਨੇ ਗਰਮ ਪਾਣੀ ਦਾ ਗਲਾਸ ਮੰਗਤੇ ਨੂ ਫੜਾਇਆ ਤਾਂ ਮੰਗਤਾ ਬੋਲਿਆ ਬੀਬੀ ਪੱਤੀ ਦੀ ਇੱਕ ਚੁਟਕੀ ਵੀ ਦੇਣਾ ਮਾਂ ਨੈ ਹੈਰਾਨ ਜੇਹੀ ਹੋ ਕੇ ਚਾਹ ਦੀ ਵਾਹਵਾ ਚੁੱਟਕੀ ਭਰਕ ਮੰਗਤੇ ਦੀ ਤਲੀ ਤੇ ਧਰ ਦਿੱਤੀ ਉਹ ਗਰਮ ਪਾਣੀ ਦੇ ਨਾਲ ਚਾਹ ਦੀ ਪੱਤੀ ਦਾ ਫੱਕਾ ਮਰਾਕੇ ਚਾਹ ਬਣ ਗਈ ਚਾਹ ਬਣ ਗਈ ਕਹਿੰਦਾ ਅਹੌ ਔਹ  ਗਿਆ ਤੇ  ਸਾਰਾ ਟੱਬਰ ਹੱਸਦਾ ਹੀ ਰਹਿ ਗਿਆ , ਹੁਣ ਜ਼ਰਾ ਖਾਲਸੇ ਦੇ ਵਿਚਾਰ ਵੀ ਚਾਹ ਬਾਰੇ ਸੁਣ ਹੀ ਲਈਏ ਇਹ ਚਾਹਟਾ ਛਕਾਣਾ  ਦੇ ਅਰਥ ਸੋਧਾ ਲਾਉਣਾ ਜਾਂ ਕੁਟਾਪਾ ਚਾੜ੍ਹਨਾ ਕੱਢਦੇ  ਹਨ  । ਇਸ ਭੁ਼ੇਲੇਖੇ ਵਿਚ ਕੋਈ ਨਿਹੰਗਾਂ ਦੇ ਬਾਟੇ ਵਾਂਗੋਂ ਮਾਂਜਿਆ ਨਾਂ ਜਾਵੇ ,ਏਨਾ ਧਿਆਨ ਜ਼ਰੂਰ ਰਖਿਓ । ਨਿਹੰਗ ਸਿੰਘ ਚਾਹ ਨੂੰ ਢਿੱਡ ਫੂਕਣੀ ਵੀ ਕਹਿੰਦੇ ਹਨ ।ਕੜਕ ਚਾਹ, ਸੌ ਮੀਲ ਦੀ ਚਾਹ, ਮੁੱਛ ਮਰੋੜ ਚਾਹ, ਕੜਾਕੇ ਦਾਰ ਚਾਹ ਤੇ ਹੋਰ ਕਈ  ਚਾਹ ਦੇ ਨਾਂ ਵੀ ਪੀਣ ਵਾਲਿਆਂ ਨੇ ਰੱਖੇ ਨੇ ਚਾਹ ਦੇ ।

ਸਾਡੇ ਪਿੰਡ ਲਾਗੇ ਇੱਕ ਪਿੰਡ ਹੈ ਮਸ਼ਹੂਰ ਪਿੰਡ ਬੱਬੇ ਹਾਲੀ ਹੈ ਇੱਥੋਂ ਦਾ ਦਾ ਇਕ ਕਿੰਗ ਵਾਲਾ ਜੋਗੀ  ਕਿੰਗ ਵਜਾ ਕੇ ਘਰ ਘਰ  ਮੰਗਣ ਆਉਂਦਾ ਹੁੰਦਾ ਸੀ ਜਿਸ ਨੇ ਚਾਹ ਬਾਰੇ ਇੱਕ ਬੜਾ ਹਸਾਉਣਾ ਪਰ ਮਜ਼ੇਦਾਰ ਗੀਤ   ਜੋੜਿਆ ਹੋਇਆ ਸੀ ਜਿਸ ਨੂੰ ਲੋਕ ਬੜੀ ਸਿਫਾਰਸ਼ ਨਾਲ ਇੱਸ ਜੋਗੀ ਤੋਂ ਸੁਣਦੇ ਹੁੰਦੇ ਸਨ ਭਾਂਵੇਂ  ਜੋਗੀ ਨੂੰ ਮੰਗਣ ਦੀ ਕਾਹਲੀ ਵੀ ਹੁੰਦੀ ਸੀ ਪਰ ਘਰ ਦੀਆਂ ਤ੍ਰੀਮਤਾਂ ਉੱਸ ਨੂੰ ਬਦੋ ਬਦੀ ਬਿਠਾ ਕੇ ਕਹਿੰਦੀਆਂ ਕਿ ਬਾਬਾ ਖੈਰ ਤੈਨੂੂੰ ਬਾਅਦ ਪਾਵਾਂਗੀਆਂ ਪਹਿਲਾਂ ਚਾਹ ਵਾਲਾ ਗੀਤ ਸੁਣਾ ਤੇ ਉਹ ਹੱਸਦਾ ਹੋਇਆ ਭੁੰਜੇ ਬੈਠ ਕੰਧ ਨਾਲ ਢੋਅ ਲਾ ਕੇ ਕਿੰਗ ਦੀ ਤਾਰ ਦੀ ਕਿੱਲੀ ਕੱਸਦਾ ਹੋਇਆ ਚਾਹ ਦਾ ਗੀਤ ਸੁਨਾੳਣ ਲੱਗ ਦਾ ਜਿੱਸ ਦੇ ਕੁੱਝ ਬੋਲ ਜੋ ਮੈਨੂੰ ਹੁਣ ਤੱਕ ਯਾਦ ਹਨ ਇਓੱਂ ਸਨ ,
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ,,,,,,,,
ਪਹਿਲਾਂ ਪੀਤੀ ਲੁੱਪ ਲੱਪ ਫਿਰ ਪੀਤੀ ਕੱਪ ਕੱਪ
ਹੁਣ ਪੀਵੀ ਜਾਵਾਂ ਭਰ ਭਰ ਮੱਘ ਨੀ ।
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ ,,,,,,,,                                                                         ,                        ਬਾਪੂ ਫੌਜ ਦਾ ਸਿਪਾਈ ,ਜਿਨੇ ਚਾਹ ਮੈਨੂੰ ਲਾਈ,
ਬਾਪੂ ਬੰਨ੍ਹਦਾ ਸੀ ਠੁੱਡ ਵਾਲੀ ਪੱਗ ਨੀ
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ …,,,………
ਗਈ ਜਦੋਂ ਮੈਂ ਵਿਆਹੀ ,ਘਰ ਸਹੁਰਿਆਂ ਦੇ ਆਈ ,
ਬਾਪੂ ਦੇ ਗਿਆ ਸੀ ਦਾਜ ਵਿੱਚ ਮੱਝ ਨੀ,
ਚਾਹ ਨਿੱਕੀ ਹੁੰਦੀ ਹੁੰਦੀ ਨੂੰ ਗਈ ਲੱਗ ਨੀ ,…
ਪੱਤੀ ਹੱਟੀਓ ਲਿਆਈ ਜਦੋਂ ਸੱਸ ਨੂੰ ਪਿਆਈ  ,
ਨਵੀਂ ਨੋਂਹ ਨੇ ਵਖਾਲਿਆ ਹੈ ਚੱਜ ਨੀ ,
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ …………
ਚੁਲ੍ਹੇ ਧਰਿਆ ਪਤੀਲਾ ਜ਼ਰਾ ਮਾਂਜ ਚਮਕੀਲਾ
ਫੇਰ ਚੁਲ੍ਹੇ ਵਿੱਚ ਬਾਲ ਦਿੱਤੀ ਅੱਗ ਨੀ
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ …,,,,,,,,,,,
ਪਾਇਆ ਗੁੜ ਨਾਲੇ ਪੱਤੀ ਤੇ ਸੁਆਦ ਲੱਗੀ ਤੱਤੀ ,
ਸੱਸ ਆਖਦੀ ਸੁਆਦ ਆਇਆ ਅੱਜ ਨੀ,
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ ,,,,,,,,,,,,,,,,,,
ਅੱਜ ਚਾਹ ਦੇ ਪੁਆੜੇ ਨਾਲੇ ਦੁੱਧ ਵੀ ਨੇ ਮਾੜੇ ,
ਪਰ ਚਾਹ ਵੀ ਨਹੀਂ ਹੁੰਦੀ ਮੈਥੋਂ ਛੱਡ ਨੀ ,
ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ ।
ਤੇ ਇੱਸ ਦੇ ਨਾਲ ਜੋਗੀ ਮੰਗਤਾ ਅਪਨੀ ਲੰਮੀ ਹੇਕ ਨਾਲ ਕਿੰਗ ਦੀ ਤਾਰ ਨੂੰ ਅਖੀਰਲਾ ਤੁਣਕਾ ਮਾਰ ਕੇ ੳੁੱਠਦਾ ਹੋਇਆ ਕਹਿੰਦਾ ਚਲੋ ਭਲਾ ਹੋਵੇ ਬੀਬੀਓ ਭੈਣੋ ਪਾਓ ਕੁਝ ਸਰਦਾ ਬਣਦਾ  ਹੁਣ ਕੁਵੇਲਾ ਬਹੁਤ ਹੋ ਗਿਆ , ਅੱਗੇ ਵੀ ਜਾਣਾ ਹੈ ਬੀਬੀਆਂ ਹੱਸਦੀਆਂ ਹੋਈਆਂ ਕਿੰਗ ਵਾਲੇ ਜੋਗੀ ਦਾ ਝੋਲਾ ਆਟੇ ਨਾਲ ਭਰ ਦਿੰਦੀਆਂ , ਅੱਜ ਚਾਹ ਦੀ ਹਰ ਥਾਂ ਬੱਲੇ ਬੱਲੇ ਹੈ । ਬਾਕੀ ਚਾਹ ਤੋਂ ਸੱਭ ਥੱਲੇ ਥੱਲੇ ਥੱਲੇ ਹੈ ਦੁੱਧ ਵੇਖ ਪਰਾਹੁਣਾ ਨੱਕ ਮੂੰਹ ਵੱਟੇ ਗਾ ਪਰ ਚਾਹ ਵੇਖ ਕੇ ਪਿਛੇ ਨਹੀ ਹੱਟੇ ਗਾ ਤੇ ਨਾਲ ਨਮਕੀਣ ਅਤੇ ਹੋਰ ਨਿੱਕ ਸੁਕ ਵੇਖ ਕੇ ਆਪ ਮੁਹਾਰਾ ਬੋਲ ਉਠੇ ਗਾ ਪਈ ਕਮਾਲ ਕਰ ਦਿੱਤੀ ਤੁਸੀਂ, ਤੇ ਵਾਪਸੀ ਤੇ ਨਾਲ ਦਿਆਂ ਸਾਥੀਆਂ ਨੂੰ ਕਹਿੰਦਾ ਯਾਰ ਚਾਹ ਪਾਣੀ ਦੀ ਤਾਂ ਘਰ ਵਾਲਿਆਂ ਬਹਿ ਜਾ ਬਹਿ ਜਾ ਕਰਾ ਦਿਤੀ । ਹੋਰ ਵੀ ਬੜੀਆਂ ਗੱਲਾਂ ਹਨ ਇਸ ਚਾਹ ਦੇ ਰਿਵਾਜ ਤੇ ਸਵਾਦ ਬਾਰੇ ਜੋ ਕਿਤੇ ਫੇਰ ਸਹੀ, ਹਾਲੇ ਏਨਾ ਹੀ ਬੜਾ ਹੈ ।

This entry was posted in ਲੇਖ.

One Response to ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ

  1. says:

    Main ta 6 mhine to ta chah chadti ji

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>