ਉਹ ਮੂਵ ਹੋ ਗਈ

ਅੱਜ ਕੰਮ ‘ਤੇ ਜਾਣ ਲਈ ਜਦੋਂ ਮੈਂ ਕਾਰ ਸਟਾਰਟ ਕਰਨ ਲਈ ਸੜਕ ਉੱਪਰ ਗਈ ਤਾਂ ਮਹਿਸੂਸ ਕੀਤਾ ਕਿ ਜਿਵੇ ਠੰਢ ਅੱਗੇ ਨਾਲੋਂ ਵਧੇਰੇ ਹੋ ਗਈ ਹੋਵੇ।ਕਾਰ ਦਾ ਵਿੰਡਸ਼ੀਲ ਤਾਂ ਜੰਮਿਆ ਪਿਆ ਸੀ। ਉਸ ਨੂੰ ਖੁਰਚਦੀ ਦੇ ਮੇਰੇ ਹੱਥ ਸੁੰਨ ਹੋ ਗਏ। ਕੰਮ ਤੇ ਪਹੁੰਚੀ ਤਾਂ ਹੋਰ ਪੁਆੜਾ ਨਿਕਲਿਆ।ਰੈਸਟੋਰੈਟ ਦਾ ਡੋਰ ਖੋਲ ਕੇ ਅੰਦਰ ਹੀ ਦਾਖਲ ਹੋਈ ਤਾਂ ਸਾਹਮਣੇ ਆਉਂਦਾ ਫਿਲਪਾਈਨੀ ਮੁੰਡਾ ਬੋਲਿਆ, “ ਸੁਰਜੀ( ਸੁਰਜੀਤ) ਵੈਰੀ ਕੋਲਡ, ਹੀਟ ਇਜ਼ ਨੋਟ ਵਰਕਿੰਗ।” ਦੇਖਾਂ ਤਾਂ ਹੀਟ ਬਿਲਕੁਲ ਬੰਦ ਸੀ। ਦੋ ਤਿੰਨ ਵਾਰ ਚਲਾਉਣ ਦਾ ਜਤਨ ਕੀਤਾ, ਪਰ ਚੱਲੀ ਨਾਂ। ਹਾਰ ਕੇ ‘ਉਨਰ’ ਨੂੰ ਫੋਨ ਕੀਤਾ। ਉਸ ਨੇ ਕਿਹਾ ਕਿ ਛੇਤੀ ਹੀ ਕੋਈ ਬੰਦਾ ਭੇਜਦਾਂ ਹਾਂ।ਕੀ ਪਤਾ ਬੰਦਾ ਕਦੋਂ ਆਵੇ, ਇਹ ਸੋਚ ਕੇ ਮੈਂ ਕੰਮ ਕਰਨ ਵਾਲਿਆਂ ਨੂੰ ਕਹਿ ਦਿੱਤਾ ਕਿ ਕੰਮ ਵਾਲੀਆਂ ਜੈਕਟਾਂ ਪਾ ਕੇ ਕੰਮ ਕਰ ਲਵੋ। ਗੋਰਿਆਂ, ਚੀਨਆਂ ਅਤੇ ਫਿਲਪਾਈਨਜ਼ ਸਭ ਨੇ  ਜੈਕਟਾਂ ਪਾ ਕੇ ਕੰਮ ਕਰਨਾ ਸ਼ਰੂ ਕਰ ਦਿੱਤਾ।
ਰੈਸਟੋਰੈਂਟ ਦੀਆਂ ਸਾਰੀਆਂ ਭੱਠੀਆਂ ਪੂਰੀ ਤਰਾਂ ਮੱਘ ਰਹੀਆਂ ਸਨ,ਪਰ ਠੰਡ ਦਾ ਅਸਰ ਘੱਟ ਨਹੀਂ ਸੀ ਹੋ ਰਿਹਾ। ਠੰਡ ਦਾ ਰਸੂਖ ਦੇਖਦੇ ਹੋਏ ਮੈਂ ਸਰਿਆਂ ਨੂੰ ਕੌਫੀ ਪੀਣ ਲਈ ਵੀ ਕਹਿ ਦਿੱਤਾ।ਆਪ ਵੀ ਕੌਫੀ ਦਾ ਕੱਪ ਲੈ ਕੇ ਆਫਿਸ ਵਿਚ ਪੇਪਰ ਵਰਕ ਕਰਨ ਲੱਗ ਪਈ।ੳਦੋਂ ਹੀ ਪਿਛਲੇ ਦਰਵਾਜ਼ੇ ਦੀ ਰਿੰਗ ਹੋਈ, ਦੇਖਾਂ ਤਾਂ ਜਸਵੀਰ ਜੈਕਟ ਤੋਂ ਬਿਨਾ ਹੀ ਦਰਵਾਜ਼ੇ ਦੇ ਅੱਗੇ ਖੜ੍ਹੀ ਸੀ।ਦਰਵਾਜ਼ਾ ਖੋਲ੍ਹਦੇ ਸਾਰ ਹੀ ਮੈ ਕਿਹਾ,
“ ਤੈਨੂੰ ਠੰਡ ਨਹੀਂ ਲੱਗਦੀ?”
ਉਹ ਤਾਂ ਕੁੱਝ ਨਾ ਬੋਲੀ। ਮੈਂ ਆਪ ਹੀ ਜ਼ਵਾਬ ਦਿੱਤਾ, “ ਤੂੰ ਅਜੇ ਜ਼ਵਾਨੀ ਦੇ ਨਸ਼ੇ ਵਿਚ ਹੈ, ਠੰਡ ਦੀ ਕੀ ਪ੍ਰਵਾਹ।”
ਉਹ ਫਿਰ ਵੀ ਕੁੱਝ ਨਾਂ ਬੋਲੀ ਅਤੇ ਆਪਣਾ ਕਾਰਡ ਪੰਚ ਕਰ ਕੇ ਕੰਮ ਤੇ ਜਾ ਲੱਗੀ।ਮੈਂ ਥੋੜ੍ਹੀ ਪਰੇਸ਼ਾਨ ਹੋ ਗਈ ਕਿ ਜ਼ਰੂਰ ਕੋਈ ਗੱਲ ਹੈ। ਨਹੀ ਤਾਂ ਜਸਵੀਰ ਕਹਿਣ ਤੇ ਵੀ ਚੁੱਪ ਨਹੀ ਹੁੰਦੀ।ਇਹ ਸੋਚ ਕੇ ਮੈਂ ਉਸ  ਨੂੰ ਅਵਾਜ਼ ਮਾਰ ਕੇ ਕਿਹਾ, “ ਜਸਵੀਰ ਇਕ ਮਿੰਟ ਦਫਤਰ ਵਿਚ ਆਉਣਾ।” ਬੋਲੀ ਉਹ ਫਿਰ ਵੀ ਨਾ,ਪਰ ਚੁੱਪ-ਚਾਪ ਮੇਰੇ ਕੋਲ ਆ ਗਈ। ਮੈਂ ਧਿਆਨ ਨਾਲ ਉਸ ਵੱਲ ਦੇਖਿਆਂ ਤਾਂ ਉਸ ਦੀਆਂ ਗੋਲ ਗੋਲ ਅੱਖਾਂ ਸੁਜੀਆਂ ਪਈਆਂ ਸਨ ਜਿਵੇ ਸਾਰੀ ਰਾਤ ਸੁੱਤੀ ਨਾ ਹੋਵੇ। ਉਸ ਦੇ ਦੁੱਧ ਵਰਗੇ ਚਿੱਟੇ ਦੰਦ ਜੋ ਬਿਨਾ ਹਾਸੇ ਤੋਂ ਵੀ  ਮੁਸਕ੍ਰਾਰਟ ਬਖੇਰ ਰਿਹੇ ਹੁੰਦੇ ਨੇ। ਅੱਜ ਦਿਸ ਨਹੀ ਸੀ ਰਹੇ। ਮੈਂ ਆਫਿਸ ਦਾ ਡੋਰ ਭੇੜਦਿਆਂ ਆਖਿਆ,
“ ਜਸਵੀਰ, ਕੀ ਗੱਲ ਹੈ ਤੂੰ ਠੀਕ ਨਹੀ ਲੱਗਦੀ?”
“ ਨਹੀ ਦੀਦੀ, ਮੈਂ ਠੀਕ ਹਾਂ।” ਉਸ ਨੇ ਹੌਲੀ ਅਜਿਹੀ ਜ਼ਵਾਬ ਦਿੱਤਾ, “ ਵੈਸੇ ਸਿਰ ਜਿਹਾ ਦੁਖਦਾ ਆ।”
“ ਤੈਨੂੰ ਕਿਤੇ ਫਲਿਊ ਨਾ ਹੋਣਾ ਹੋਵੇ।” ਉਸ ਨੂੰ ਹੋਰ ਬਲਾਉਣ ਦੇ ਬਹਾਨੇ ਨਾਲ ਮੈਂ ਕਿਹਾ, “ਠੰਡ ਹੋਣ ਕਾਰਨ ਇਹ ਬਹੁਤ ਫੈਲ ਰਿਹਾ ਹੈ।”
“ ਫਲਿਊ ਨਾਲੋ ਵੀ ਇਕ ਵੱਡਾ ਰੋਗ ਹੈ।” ਉਸ ਨੇ ਫਿਰ ਹੌਲੀ ਅਤੇ ਉਦਾਸ ਅਵਾਜ਼ ਵਿਚ ਕਿਹਾ, “ ਜੋ ਫਲਿਊ ਤੋਂ ਵੀ ਜ਼ਿਆਦਾ ਤੰਗ ਕਰ ਰਿਹਾ ਹੈ।”
ਮੈਨੂੰ ਸਮਝ ਨਾ ਲੱਗੇ ਕਿ ਉਹ ਕਿਸ ਰੋਗ ਬਾਰੇ ਗੱਲ ਕਰ ਰਹੀ ਹੈ।ਫਿਰ ਵੀ ਮੈਂ ਆਪਣੀ ਸਮਝ ਮੁਤਾਬਿਕ ਉੱਤਰ ਦਿੱਤਾ, “ ਕੋਈ ਵੀ ਰੋਗ ਹੋਵੇ ਉਸ ਦਾ ਪਰਹੇਜ਼ ਅਤੇ ਇਲਾਜ਼ ਕਰਨਾ ਜ਼ਰੂਰ ਚਾਹੀਦਾ ।”
“ ਉਸ ਰੋਗ ਦਾ ਇਲਾਜ਼ ਕੀ ਹੋ ਸਕਦਾ ਹੈ? ਜੋ ਮਾਪੇ ਆਪ ਹੀ ਆਪਣੇ ਬੱਚਿਆਂ ਵਿਚ ਫੈਲਾ ਰਹੇ ਹੋਣ।”
ਇਹ ਕਹਿੰਦਿਆਂ ਹੀ ਉਸ ਦੀਆਂ ਅੱਖਾਂ ਭਰ ਆਈਆਂ ਤਾਂ  ਆਪ ਮਹੁਾਰੇ ਹੀ ਹੰਝੂਆਂ ਦੇ ਹੜ੍ਹ ਨੇ ਉਸ ਦਾ ਸਾਰਾ ਚਿਹਰਾ ਢੱਕ ਲਿਆ।ਮੈਂ ਸ਼ਸ਼ੋਪੰਜ ਵਿਚ ਪੈ ਗਈ ਕਿ ਇਸ ਤਰਾਂ ਦਾ ਕਿਹੜਾ ਰੋਗ ਹੋ ਸਕਦਾ ਹੈ ਜੋ ਮਾਪਿਆਂ ਤੋਂ ਬੱਚਿਆ ਨੂੰ ਲੱਗ ਰਿਹਾ ਹੈ। ਇਕ ਲਾਇਲਾਜ਼ ਬਿਮਾਰੀ ਦਾ ਖਿਆਲ ਮੇਰੇ ਮਨ ਵਿਚ ਇਕਦਮ ਆਇਆ। ਨਹੀ , ਨਹੀ ਇਹ ਨਹੀ ਹੋ ਸਕਦਾ ਮੈਂ ਆਪਣੇ ਮਨ ਨੂੰ ਸਮਝਾਇਆ। ਮੈਂ ਪਿਆਰ ਨਾਲ ਜਸਬੀਰ ਦੀ ਬਾਂਹ ਫੜੀ ਤਾਂ ਬਰਫ ਵਾਂਗੂੰ ਠੰਡੀ ਪਈ ਸੀ। ਮੈਂ ਆਪਣੀ ਹੀ ਜੈਕਟ ਚੁੱਕ ਕੇ ਉਸ ਦੇ ਮੋਢਿਆ ਤੇ ਪਾ ਦਿੱਤੀ ਅਤੇ ਉਸ ਨੂੰ ਫੜ੍ਹ ਕੇ ਕੋਲ ਪਈ ਕੁਰਸੀ ਤੇ ਬੈਠਾਇਆ। ਭਾਂਵੇ ਮੈਨੂੰ ਕੰਮ ਨਿਪਟਾਉਣ ਵਿਚ ਲੇਟ ਹੋ ਜਾਣ ਦਾ ਫਿਕਰ ਸੀ।ਪਰ ਫਿਰ ਵੀ ਮੈਂ ਜਸਬੀਰ ਬਾਰੇ ਜ਼ਰੂਰ ਜਾਣਨਾ ਚਾਹੁੰਦੀ ਸੀ ਕਿ ਏਨੀ ਦੁੱਖੀ ਕਿਉਂ ਹੈ? ਬਾਹਰ ਕੰਮ ਕਰ ਰਿਹੇ ਕ੍ਰਿਊ ਦਾ ਧਿਆਨ ਵੀ ਆਫਿਸ ਵੱਲ ਜ਼ਿਆਦਾ ਅਤੇ ਕੰਮ ਵਿਚ ਘੱਟ ਸੀ।ਇਸ ਲਈ  ਬਾਹਰ ਜਾ ਕੇ ਮੈਨੂੰ ਉਹਨਾ ਨੂੰ ਦੱਸਣਾ ਪਿਆ, “ ਜਸਵੀਰ ਦੀ ਸਿਹਤ ਕੁੱਝ ਠੀਕ ਨਹੀ, ਪਲੀਜ਼ ਤੁਸੀ ਆਪਣਾ ਕੰਮ ਟਾਈਮ ਤੋਂ ਪਹਿਲਾ ਨਿਪਟਾਉਣ ਦੀ ਕੋਸ਼ਿਸ਼ ਕਰਨਾ।”
ਕੌਫੀ ਦਾ ਕੱਪ ਜਸਬੀਰ ਦੇ ਸਾਹਮਣੇ ਰੱਖਦੇ ਕਿਹਾ, “ ਗਰਮ ਗਰਮ ਕੌਫੀ ਪੀ ਲੈ, ਸ਼ਾਇਦ ਥੋੜਾ ਬੈਟਰ ਫੀਲ ਕਰੇ।”
“ ਬੈਟਰ ਫੀਲ ਤਾਂ ਤਦ ਹੀ ਕਰਾਂਗੀ।” ਉਸ ਨੇ ਕੱਪ ਫੜ੍ਹਦੇ ਹੋਏ ਕਿਹਾ, “ ਜੇ ਕਿਸੇ ਤਰਾਂ ਮੇਰੀ ਆ ਪਰੋਬਲਮ ਹਲ ਹੋ ਜਾਵੇ।”
“ ਜੇ ਤੁੂੰ ਮਾਂਇਡ ਨਹੀ ਕਰਦੀ ਤਾਂ  ਮੈਂ ਪੁੱਛ ਸਕਦੀ ਹਾਂ ਕਿ ਤੂੰ ਕਿਸ ਮੁਸ਼ਕਿਲ ਵਿਚ ਫਸੀ ਹੋਈ ਏ।”
“ ਦੱਸ ਤਾਂ ਦੇਂਦੀ ਹਾਂ।” ਉਸ ਨੇ ਐਤਕੀ ਚੁੱਪ ਰਹਿਣ ਦੀ ਥਾਂ ਸਿਧਾ ਹੀ ਕਿਹਾ, “ਪਰ ਦੀਦੀ , ਇਹ ਗੱਲ ਅਗਾਂਹ ਕਿਸੇ ਕੋਲ ਨਾ ਕਰਿਉ।”
“ ਓ.ਕੇ।” ਮੈਂ ਕਿਹਾ, “ ਜੇ ਕੋਈ ਮੈਂਨੂੰ ਗੱਲ ਲਕਾਉਣ ਨੂੰ ਕਹਿ ਦੇਵੇ  ਤਾਂ ਮੈਂ ਕਦੀ ਵੀ ਉਹ ਗੱਲ ਅੱਗੇ ਨਹੀ ਕਰਦੀ।”
“ ਉਦਾ ਮੈਨੂੰ ਲੱਗਦਾ ਨਹੀ ਤੁਹਾਡੇ ਕੋਲ ਇਸ ਦਾ ਕੋਈ ਹੱਲ ਹੋਵੇ।” ਪਾਣੀ ਨਾਲ ਭਰੀਆਂ ਅੱਖਾਂ ਮੇਰੇ ਵੱਲ ਕਰਦੇ ਕਿਹਾ, “ ਮੈਂਨੂੰ ਦੱਸਦਿਆਂ ਸ਼ਰਮ ਵੀ ਆਉਂਦੀ ਆ।”

“  ਦੱਸ ਤਾਂ ਸਹੀ, ਮੈਂ ਹੱਲ ਕਰਨ ਦਾ ਜ਼ਤਨ ਜ਼ਰੂਰ ਕਰਾਂਗੀ।”
ਉਸ ਨੇ ਆਪਣਾ ਕੱਪ ਸੱਜੇ ਹੱਥ ਪਏ ਟੇਬਲ ਤੇ ਰੱਖ ਦਿੱਤਾ।ਕਲੀਨਐਕਸ ਲੈ ਕੇ ਆਪਣਾ ਮੂੰਹ ਸਾਫ ਕੀਤਾ। ਉਹ ਹੈ ਤਾਂ ਉਮਰ ਵਿਚ ਮੇਰੇ ਤੋਂ ਛੋਟੀ , ਪਰ ਉਸ ਨੇ ਆਪਣੇ ਚਿਹਰੇ ਨੂੰ ਇਸ ਤਰਾਂ ਗੰਭੀਰ ਬਣਾ ਲਿਆ ਜਿਵੇ ਉਹ ਕੋਈ ਸਿਆਣੀ ਔਰਤ ਹੋਵੇ।ਮੇਰੇ ਵੱਲ ਦੇਖਦਿਆਂ ਉਸ ਨੇ ਕਹਿਣਾ ਸ਼ੁਰੂ ਕੀਤਾ,“ ਮੈਂ ਆਪਣੇ ਘਰ ਵਿਚ ਸਭ ਤੋਂ ਛੋਟੀ ਹਾਂ, ਮੇਰੀ ਵੱਡੀ ਭੈਣ ਨੇ ਸਾਡੇ ਸਾਰੇ ਪ੍ਰੀਵਾਰ ਨੂੰ ਇਧਰ ਮੰਗਵਾਇਆ ਹੈ। ਮੇਰਾ ਇਕ ਭਰਾ ਅਤੇ ਭੈਣ ਵੱਡੀ ਉਮਰ ਦੇ ਹੋ ਜਾਣ ਕਰਕੇ ਇਧਰ ਲੰਘ ਨਹੀ ਸਕੇ।
ਸਾਡੇ ਮਾਪੇ ਹਰ ਹਾਲਤ ਵਿਚ ਉਹਨਾ ਨੂੰ ਇਧਰ ਹੀ ਲੰਘਾਉਣਾ ਚਾਹੁੰਦੇ ਹਨ।” ਉਸ ਨੇ ਇਹ ਕਹਿ ਕੇ ਕੌਫੀ ਦਾ ਘੁੱਟ ਭਰਿਆ ਤੇ ਨਾਲ ਹੀ ਫਿਰ ਕਹਿਣਾ ਸ਼ੁਰੂ ਕੀਤਾ, “ ਮੇਰੇ ਤੋਂ ਵੱਡੀ  ਜੋ ਸਾਡੇ ਨਾਲ ਹੀ ਕੈਨੇਡਾ ਲੰਘੀ , ਉਸ ਨੇ ਜੀਜਾ ਜੀ ਦੇ ਕਿਸੇ ਰਿਸ਼ਤੇਦਾਰ ਨਾਲ ਝੂਠਾ ਵਿਆਹ ਕਰਕੇ  ਉਸ ਨੂੰ ਇਧਰ ਲੰਘਾਇਆ। ਨਾਲ ਹੀ ਮੇਰਾ ਨਕਲੀ ਵਿਆਹ ਮੇਰੇ ਭੂਆ ਦੇ ਮੁੰਡੇ ਨਾਲ ਪੇਪਰਾਂ ਵਿਚ ਕਰ ਦਿੱਤਾ ਅਤੇ ਇਸ ਦੇ ਬਦਲੇ ਵਿਚ ਮੇਰੇ ਮਾਂ-ਪਿਉ ਨੇ ਫੁੱਫੜ ਜੀ ਹੁਣਾਂ ਕੋਲੋ ਜ਼ਮੀਨ ਦੇ ਕਿੱਲੇ  ਲੈ ਕੇ ਆਪਣੇ ਨਾਮ ਕਰਵਾ ਲਏ।”
“ ਪਰ ਤੂੰ ਤਾਂ ਆਪਣੇ ਪੰਜਾਬ ਵਿਚ ਰਹਿੰਦੇ ਭੈਣ ਭਰਾ ਦੀ ਗੱਲ ਕਰ ਰਹੀ ਸੀ।” ਮੈਂ ਵਿਚੋਂ ਹੀ ਟੋਕਿਆ।
“ ਉਹ ਹੀ ਤਾਂ ਮੈਂ ਤੁਹਾਨੂੰ ਦਸ ਰਹੀ ਹਾਂ, ਮੇਰੀ ਭੂਆ ਦੇ ਮੂੰਡੇ ਨੇ ਮੇਰੀ ਭੈਣ ਨੂੰ ਬੁਲਾਉਣਾ ਸੀ, ਪਰ ਉਸ ਟਾਈਮ ਪੰਜਾਬ ਵਿਚ ਰਹਿੰਦੀ ਮੇਰੀ ਭੈਣ ਨਾ ਮੰਨੀ, ਉਹ ਉਧਰ ਹੀ ਰਹਿਣਾ ਚਾਹੁੰਦੀ ਸੀ। ਪਿੱਛੇ ਜਿਹੇ ਜਦੋਂ ਅਸੀ ਪੰਜਾਬ ਗਏ ਤਾਂ ਮਾਪਿਆ ਨੇ ਉਸ ਨੂੰ ਜ਼ੋਰ ਪਾ ਕੇ ਮਨਾ ਲਿਆ ਕਿ ਕੈਨੇਡਾ ਨੂੰ ਚੱਲ।
“ ਉਹ ਕੈਨੇਡਾ ਕਿਉਂ ਨਹੀ ਸੀ ਆਉਣਾ ਚਾਹੁੰਦੀ?” ਮੈਂ ਪੁੱਛਿਆ, “ ਪੰਜਾਬ ਤੋਂ ਇਧਰ ਆਉਣ ਲਈ ਤਕਰੀਬਨ ਸਾਰੇ ਹੀ ਛਾਲਾਂ ਮਾਰਦੇ ਆ।”
“ ਉਹ ਕਿਸੇ ਮੁੰਡੇ ਨੂੰ ਜਾਣਦੀ ਸੀ ਅਤੇ ਉਸ ਨਾਲ ਹੀ ਵਿਆਹ ਕਰਵਾ ਕੇ ਰਹਿਣਾ ਚਾਹੁੰਦੀ ਸੀ।” ਜਸਬੀਰ ਨੇ ਸੱਚ ਬੋਲਦਿਆਂ ਕਿਹਾ, “ ਮੇਰੇ ਭਰਾ ਨੂੰ ਇਧਰ ਲੰਘਾਉਣ ਲਈ ਵੀ ਬਹੁਤ ਕੁੱਝ ਹੋਇਆ, ਅਜੇ ਵੀ ਉਸ ਦਾ ਕੰਮ ਕਿਸੇ ਸਿਰੇ ਨਹੀ ਸੀ ਚੜ੍ਹਿਆ   ਕਿ ਭੈਣ ਨੂੰ ਕੈਨੇਡਾ ਲੰਘਾਉਣ ਦੀ ਅੱਚੋਆਈ ਮਾਪਿਆਂ ਦੇ ਦਿਲ-ਦਿਮਾਗ ਉੱਪਰ ਛਾ ਗਈ।”
ਮੈਂ ਫਿਰ ਬੋਲ ਪਈ,“ ਚਲੋ  ਉਸ ਨੂੰ ਤਾਂ ਤੁਹਾਡੀ ਭੂਆ ਦਾ ਮੁੰਡਾ ਪੇਪਰਾਂ ਵਿਚ ਵਿਆਹ ਕਰਵਾ ਕੇ ਲੰਘਾ ਦੇਵੇਗਾ।”
“ ਦੀਦੀ, ਤੁਸੀ ਪੂਰੀ ਗੱਲ ਤਾਂ ਸੁਣ ਲਉ।” ਉਸ ਨੇ ਕਿਹਾ, “ ਇਸੇ ਗੱਲ ਤੋਂ ਤਾਂ ਪੰਗਾ ਪੈ ਗਿਆ, ਹੁਣ ਫੁੱਫੜ ਹੋਣੀ ਮੁਕਰ ਗਏ, ਕਹਿੰਦੇ ਜਦ ਸਾਥੋਂ ਜ਼ਮੀਨ ਲਿਖਾ ਲਈ ਤਾਂ ਹੁਣ ਕਿਹੜੇ ਸਾਬ ਵਿਚ ਇਹਨਾਂ ਦੀ ਕੁੜੀ ਲੰਘਾਈਏ।ਮੇਰੇ ਮਾਪੇ ਹੁਣ ਫਿਰ ਮਗਰ ਪੈ ਗਏ ਕਿ ਕਿਸੇ ਹੋਰ ਨੂੰ ਲੰਘਾ, ਫਿਰ ਉਸ ਨਾਲ ਭੈਣ ਨੂੰ ਲੰਘਾਵਾਗੇ।” ਇਹ ਕਹਿ ਕੇ ਉਹ ਮੁੜ ਉਦਾਸ ਹੋ ਗਈ।
“ ਜਦੋਂ ਤੂੰ ਪਹਿਲਾਂ ਅਜਿਹਾ ਕੰਮ ਇਕ ਵਾਰੀ ਕਰ ਚੁੱਕੀ ਹੈ ਤਾਂ ਹੁਣ ਕਿਉਂ ਘਬਰਾ ਰਹੀ ਏ।”
ਇਹ ਗੱਲ ਕਹਿਣ ਦੀ ਹੀ ਦੇਰ ਸੀ ਕਿ ਉਸ ਨੇ ਦੁਬਾਰਾ ਰੋਣਾ ਸੁਰੂ ਕਰ ਦਿੱਤਾ ਅਤੇ ਰੋਂਦੀ ਅਵਾਜ਼ ਵਿਚ ਬੋਲੀ, “ ਮੈਂ ਤਾਂ ਪਹਿਲਾਂ ਵੀ ਇਸ ਤਰਾਂ ਦਾ ਘਟੀਆ ਅਤੇ ਬੇਈਮਾਨੀ ਵਾਲਾ ਕੰਮ ਨਹੀਂ ਸੀ ਕਰਨਾ ਚਾਹੁੰਦੀ, ਕਿਉਂਕਿ ਮੈਂ ਆਪਣੇ ਅਧਿਆਪਕ ਤੋਂ ਸਿੱਖਿਆਂ ਸੀ ਕਿ ਉਹ ਕੰਮ ਕਦੇ ਵੀ ਨਾ ਕਰੋ, ਜਿਸ ਕਾਰਨ ਤੁਹਾਡੀ ਆਤਮਾ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੋਵੇ। ਪਰ ਉਸ ਸਮੇਂ ਵੀ ਮਾਪਿਆਂ ਦੇ ਜ਼ਮੀਨ ਵਾਲੇ ਲਾਲਚ ਅੱਗੇ ਮੇਰੀ ਇਕ ਨਾਂ ਚੱਲੀ। ਹੁਣ ਮੈਂ ਜਦੋਂ ਵੀ ਇਸ ਕੰਮ ਲਈ ਜ਼ਵਾਬ ਦੇਂਦੀ ਹਾਂ ਤਾਂ ਉਹ ਘਰ ਨੂੰ ਲੜਾਈ ਦਾ ਮੈਦਾਨ ਬਣਾ ਲੈਂਦੇ ਨੇ।”
“ ਜੇ ਤੁਹਾਡੀ ਸਿਸਟਰ ਉੱਥੇ ਕਿਸੇ ਲੜਕੇ ਨਾਲ ਸ਼ਾਦੀ ਕਰਨੀ ਚਾਹੁੰਦੀ ਤਾਂ ਉਸ ਨੂੰ ਕਰਨ ਦਿਉ।” ਮੈਂ ਪਰੋਬਲਮ ਹੱਲ ਕਰਨ ਦੇ ਹਿਸਾਬ ਨਾਲ ਸਲਾਹ ਦਿੱਤੀ, “ ਫਿਰ ਤਾਂ ਕੋਈ ਮੁਸ਼ਕਲ ਨਹੀ ਹੋਵੇਗੀ।”
“ ਹੁਣ ਤਾਂ ਉਹ ਵੀ ਕਹਿਣ ਲੱਗ ਪਈ ਕਿ ਮੇਰਾ ਉਸ ਮੁੰਡੇ ਨਾਲ ਸੱਚਾ ਪਿਆਰ ਨਹੀ ਸੀ।” ਜਸਬੀਰ ਨੇ ਦੱਸਿਆ, “ ਦੀਦੀ, ਮੇਰੀਆਂ ਆਪਣੀਆਂ ਵੀ ਕੁੱਝ ਖਾਹਿਸ਼ਾਂ ਅਤੇ ਇਛਾਵਾਂ ਹਨ। ਜਿਸ ਮੁੰਡੇ ਨੂੰ ਮੈਂ ਲਾਈਕ ਕਰਦੀ ਹਾਂ ਉਹ ਮੈਨੂੰ ਵਿਆਹ ਕਰਵਾਉਣ ਲਈ ਕਹਿੰਦਾ ਰਹਿੰਦਾ ਆ, ਪਰ ਮੇਰੇ ਘਰਦਿਆਂ ਨੂੰ ਜਿਵੇ ਕੋਈ ਪ੍ਰਵਾਹ ਹੀ ਨਾਂ ਹੋਵੇ।”
ਪਹਿਲਾਂ ਤਾਂ ਮੇਰਾ ਮਨ ਇਸ ਗੱਲ ਉੱਪਰ ਹੀ ਖਲੋ ਗਿਆ ‘ ਉਸ ਮੁੰਡੇ ਨਾਲ ਮੇਰਾ ਸੱਚਾ ਪਿਆਰ ਨਹੀ ਸੀ’। ਦਿਲ ਕਰੇ ਕਿ ਕਹਾਂ ਜੇ ਉਸ ਦਾ ਸੱਚਾ ਪਿਆਰ ਨਹੀ ਸੀ ਤਾਂ ਉਸ ਨੇ ਝੂਠਾ ਵੀ ਕਿਉਂ ਕੀਤਾ?ਪਰ ਮੈਂਨੂੰ ਪਹਿਲਾਂ ਵੀ ਕਈਆਂ ਤੋਂ ਪਤਾ ਲੱਗਾ ਸੀ ਕਿ ਇਸ ਤਰਾਂ ਦੀਆਂ ਗੱਲਾਂ ‘ ਸਾਂਈਆਂ ਕਿਤੇ ਵਧਾਈਆਂ ਕਿਤੇ’ ਅੱਜ-ਕੱਲ੍ਹ ਆਮ ਪੰਜਾਬ ਵਿਚ ਹੁੰਦੀਆਂ ਨੇ।
ਪਰ ਮੈਂ ਇੰਨਾ ਹੀ ਕਿਹਾ“ ਅੱਜ ਵੀ ਤੁਹਾਡੀ ਘਰਦਿਆਂ ਨਾਲ ਲੜਾਈ ਹੋਈ ਲੱਗਦੀ ਆ? ਜਿਸ ਕਾਰਨ ਰੋ ਰੋ ਤੁਹਾਡੀਆਂ ਅੱਖਾਂ ਸੁੱਜੀਆਂ ਪਈਆਂ ਨੇ।”
“ ਕੱਲ ਸ਼ਾਮੀ ਜਦੋਂ ਕੰਮ ਤੋਂ ਘਰ ਗਈ। ਜਾਂਦੀ ਨੂੰ ਹੀ ਮੇਰੇ ਮਗਰ ਪੈ ਗਏ ਪੇਪਰ ਭਰ, ਪੇਪਰ ਭਰ। ਮੈਂ ਸੋਚਿਆ ਕਿ ਇਸ ਤਰਾਂ ਮੈ ਆਪਣੀ ਲਾਈਫ ਤਾਂ ਜੀ ਹੀ ਨਹੀ ਸਕਾਂਗੀ।ਪੇਪਰ ਭਰਾਂਗੀ, ਕਦੋ ਪੇਪਰ ਜਾਣਗੇ, ਫਿਰ ਡਾਈਬੋਰਸ ਹੋਵੇਗਾ, ਇਹ ਸਾਰਾ ਸਿਲਸਲਾ ਸਾਲਾਂ ਵਿਚ ਨਹੀ ਮੁੱਕਣਾ।ਇਹ ਸਾਰਾ ਕੁੱਝ ਉਹਨਾਂ ਨੂੰ ਵੀ ਸਮਝਾਇਆ, ਪਰ ਜਿੰਨਾਂ ਨੂੰ ਪੈਸੇ, ਜ਼ਮੀਨਾਂ ਦਾ ਲਾਲਚ ਪੈ ਜਾਵੇ ਤਾਂ ਉਹ ਕਦੋਂ ਸਮਝਨ।ਜਦੋਂ ਨਾ ਹੀ ਹਟੇ ਤਾਂ ਮੈ ਵੀ ਉਹਨਾ ਦੇ ਅੱਗੇ ਬੋਲਣ ਦੀ ਪ੍ਰਵਾਹ ਕੀਤੇ ਬਿਨਾਂ ਕਹਿ ਦਿੱਤਾ ਕਿ ਬਜ਼ਾਰ ਵਿਚ ਜਾ ਕੇ ਮੇਰੀ ਨਿਲਾਮੀ ਕਰ ਆਉ, ਮੇਰੇ ਉੱਪਰ ਸੇਲ ਦਾ ਫੱਟਾ ਲਾ ਦਿਉ।” ਇਹ ਕਹਿ ਕੇ ਜਸਬੀਰ ਫਿਰ ਰੋਣ ਲੱਗ ਪਈ।
“ ਤੁਸੀਂ ਤਾਂ ਸੋਹਣਾ ਜ਼ਬਾਵ ਦਿੱਤਾ।” ਮੈਂ ਕਿਹਾ, “ ਫਿਰ ਉਹਨਾਂ ਆਪਣਾ ਫੈਂਸਲਾ ਬਦਿਲਆ।”
“ ਹੋਰ ਵੀ ਕੁੱਝ ,ਫੈਂਸਲਾ ਬਦਲਨਾ ਤਾਂ ਇਕ ਪਾਸੇ, ਮੇਰੇ ਪਿਉ ਨੇ ਮੇਰੇ ਮੂੰਹ ਉੱਪਰ ਜ਼ੋਰ ਦੀ ਥੱਪੜ ਮਾਰਿਆ ਅਤੇ ਮੇਰੀ ਮਾਂ ਨੇ ਗੁੱਤ ਪੁੱਟੀ ਕਿ ਤੈਨੂੰ ਬੋਲਣ ਦਾ ਪਤਾ ਨਹੀ।ਪਰ ਮੈਂ ਕਿਹਾ ਕਿ ਤੁਹਾਨੂੰ ਕੈਨੇਡਾ ਦੇ ਸਮਾਜਿਕ ਢਾਚੇ ਵਿਚ ਫਿਟ ਨਹੀ ਹੋਣਾ ਆਉਂਦਾ। ਹੇਰਾ-ਫੇਰੀ  ਵਾਲੀ ਘਟੀਆ ਸੋਚ ਕੈਨੇਡਾ ਆ ਕੇ ਵੀ ਨਾ ਛੱਡੀ।ਇਹ ਸਭ ਕੁੱਝ ਸੁਣ ਕੇ ਉਹ ਅੱਗ-ਬੁਬਲਾ ਹੋ ਗਏ ਅਤੇ ਪਤਾ ਨਹੀ ਕਿੰਨੇ ਕੁ ਲੋਕਾਂ ਦੇ ਨਾਮ ਮੈਨੂੰ ਸੁਣਾ ਦਿੱਤੇ ਕਿ ਉਹਨਾਂ ਨੇ ਵੀ ਇਹ ਹੀ ਕੁੱਝ ਕੀਤਾ ਵਾ ਜਾਂ ਕਰ ਰਹੇ ਨੇ।”
“ ਫਿਰ ਤਾਂ ਸੱਚਮੁਚ ਹੀ ਇਹ ਫਲਿਊ ਵਾਂਗੂ ਆਪਣੇ ਸਮਾਜ ਵਿਚ ਫੈਲ ਰਿਹਾ ਆ।” ਮੈ ਬੁੜਬੁੜਾਈ, “ ਤੁੂੰ ਕੀ ਫੈਂਸਲਾ ਕੀਤਾ?”
“ ਮੈਂ ਕਹਿ ਦਿੱਤਾ ਕਿ ਮੈਂ ਇਸ ਵਾਰੀ ਆਪਣੀਆਂ ਰੀਝਾਂ ਨਹੀ ਦਬਾਵਾਂਗੀ।” ਉਸ ਨੇ ਮੈਨੂੰ ਦੱਸਿਆ, “ ਚਾਹੇ ਕੁੱਝ ਵੀ ਹੋਵੇ। ਇਹ ਕਹਿ ਕੇ ਮੈਂ ਆਪਣੇ ਕਮਰੇ ਦਾ ਡੋਰ ਲਾ ਕੇ ਬੈਡ ‘ਤੇ ਜਾ ਡਿਗੀ। ਬਾਹਰ ਬੋਲਦੇ ਮੇਰੇ ਮਾਪੇ ਪਤਾ ਨਹੀ ਕਦੋਂ ਚੁੱਪ ਹੋਏ। ਸਾਰੀ ਰਾਤ ਰੋਂਦੀ ਨੂੰ ਪਤਾ ਹੀ ਨਹੀ ਕਿ ਘੰਟਾ ਜਾਂ ਅੱਧਾ ਘੰਟਾ ਮੇਰੀ ਅੱਖ ਲੱਗੀ ਕੇ ਨਹੀ।”
“ ਇਹ ਤਾਂ ਬਹੁਤ ਮਾੜੀ ਗੱਲ ਹੈ, ਜੋ ਤੁਹਾਡੇ ਘਰ ਕਲੇਸ਼ ਦਾ ਕਾਰਨ ਬਣੀ ਹੋਈ ਹੈ।”
ਉਹ ਮੈਨੂੰ ਟੋਕਦੀ ਇਕਦਮ ਬੋਲੀ, “ ਸਾਡੇ ਘਰ ਹੀ ਨਹੀਂ ਹੋਰ ਵੀ ਕਈ ਘਰਾਂ ਵਿਚ ਇਹਨਾਂ ਗੱਲਾਂ ਕਰਕੇ ਪੁਆੜਾ ਪਿਆ ਆ।”
“ ਅੱਛਾ।” ਆਪਣੇ ਲੋਕੀਂ ਬਹੁਤ ਇਸ ਤਰਾਂ ਦੇ ਕੰਮ ਕਰਦੇ ਨੇ ਇਹ ਜਾਣਦੇ ਹੋਏ ਵੀ ਮੈਂ ਕਿਹਾ, “  ਹੋਰ ਕੌਣ ਆ?”
“ ਮੇਰੀ ਇਕ ਸਹੇਲੀ ਆ।” ਉਸ ਨੇ ਕਿਹਾ, “ ਉਸ ਨੇ ਕਿਸੇ ਨੂੰ ਝੂਠਾ ਵਿਆਹ ਕਰ ਕੇ ਮੰਗਵਾਇਆ ਸੀ। ਫਿਰ ਉਸ ਨੇ ਸੱਚਾ ਵਿਆਹ ਕੀਤਾ ਤਾਂ ਉਸ ਦੇ ਹਸਬੈਂਡ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਜਦੋਂ ਲੜਾਈ ਹੁੰਦੀ ਆ ਉਹ ਝੱਟ ਮਹਿਣਾ ਮਾਰ ਦਿੰਦਾਂ ਕਿ ਹੁਣ ਕਿਸੇ ਹੋਰ ਨੂੰ ਸੱਦ ਲੈ, ਤੈਨੂੰ ਕੀ ਫਰਕ ਪੈਂਦਾ? ਤੂੰ ਤਾਂ ਇਸ ਕੰਮ ਵਿਚ ਨਿਪੁੰਨ ਆ, ਆਪਣੇ ਟੱਬਰ ਨੂੰ ਕਹਿ ਤੇਰੇ ਨਾਂ ਤੇ ਚਿੱਠੀ ਫਿਰ ਭਰ ਲੈਣ…। ਇਸ ਕਰਕੇ ਹੁਣ ਮੈਂ  ਮੁੜ ਨਹੀ ਪੈਣਾ ਇਸ ਤਰਾਂ ਦੇ ਪੁੱਠੇ ਕੰਮਾਂ ਵਿਚ।”
ਸਾਰੀ ਗੱਲ-ਬਾਤ ਸੁਨਣ ਤੋਂ ਬਾਅਦ ਮੈਂਨੂੰ ਕੁਝ ਨਾਂ ਪਤਾ ਲੱਗੇ ਕਿ ਮੈਂ ਜਸਬੀਰ ਨੂੰ ਕੀ ਕਹਾਂ। ਬਸ ਇੰਨਾ ਹੀ ਕਹਿ ਸਕੀ, “ ਤੂੰ ਇਸ ਗੱਲ ਦੀ ਚਿੰਤਾ ਨਾਂ ਕਰ।” ਇਸ ਗੱਲ ਤੋਂ ਬਾਅਦ ਉਹ ਚੁਪ-ਚਾਪ ਆਪਣੇ ਕੰਮ ਉੱਪਰ ਜਾ ਲੱਗੀ।
ਇਸ ਗੱਲ ਤੋਂ ਅਗਲੇ ਦਿਨ ਹੀ ਮੈਂ ਛੁੱਟੀਆਂ ਉੱਪਰ ਚਲੀ ਗਈ।ਜਿਸ ਦਿਨ ਮੈਂ ਵਾਪਸ ਆਈ ਤਾਂ ਸਾਰੀਆਂ ਕੁੜੀਆਂ ਮਿਲਣ ਲਈ ਔਫਿਸ ਵਿਚ ਆ ਗਈਆਂ। ਉਹਨਾਂ ਵਿਚ ਮੈਨੂੰ ਜਸਬੀਰ ਨਾ ਦਿਸੀ ਤਾਂ ਮੈਂ ਪੁੱਛਿਆ, “ ਅੱਜ ਜਸਬੀਰ ਨਹੀ ਆਈ।”
“ ਉਹ ਅੱਜ ਛੁੱਟੀ ‘ਤੇ ਆ।” ਸੋਨੀ ਦੱਸਣ ਲੱਗੀ, “ ਉਹ ਤਾਂ ਆਪਣੇ ਪੇਰੈਂਟਸ ਨਾਲੋਂ ਮੂਵ ਹੋ ਗਈ।”
“ ਪਤਾ ਨਹੀ ਕੀ ਗੱਲ ਹੋਈ?” ਜਿੰਦਰ ਬੋਲੀ, “ ਕਹਿੰਦੇ ਕੋਈ ਲੜਾਈ-ਲੜੂਈ ਹੋਈ।”
“ ਬਥੇਰੀ ਵਾਰੀ ਘਰਾਂ ਵਿਚ ਲੜਾਈ ਹੁੰਦੀ ਆ।” ਰਾਣੋ ਬੋਲੀ, “ ਇਸ ਤਰਾਂ ਕੁਆਰੀ ਕੁੜੀ ਨੂੰ ਇਕੱਲਿਆਂ ਥੋੜਾ ਰਹਿਣਾ ਚਾਹੀਦਾ ਆ।”
“ ਜਦੋਂ ਆਪ ਹੁਦਰੀਆਂ ਕਰਨੀਆਂ ਤਾਂ ਮਾਪਿਆਂ ਨੇ ਲੜਨਾ ਈ ਆ।” ਸੋਨੀ ਫਿਰ ਬੋਲੀ, “ ਇਥੇ ਤਾਂ ਮਾਪੇ ਫਸੇ ਪਏ ਆ, ਜਸਵੀਰ ਵਰਗੀਆਂ ਨੇ ਮਾਪਿਆਂ ਦੇ ਗੱਲ ਵਿਚ ਗੁਠੂ ਦਿੱਤਾ ਆ।”
“ ਚੱਲ ਹੁਣ ਇਕੱਲੀ ਜਿੰਨੀਆ ਮਰਜ਼ੀ ਮੌਜ-ਮਸਤੀਆਂ ਕਰੇ।” ਜਿੰਦਰ ਕਹਿਣ ਲੱਗੀ, “ ਮਾਪੇ ਤਾਂ ਪਛਤਾਉਂਦੇ ਹੋਣੇ ਆ ਕਿੱਥੇ ਕੇਨੈਡਾ ਵਰਗੇ ਮੁਲਕ ਵਿਚ ਆ ਫਸੇ। ਜੇ ਜੁਆਕਾਂ ਨੂੰ ਨਾ ਘੁੂੁਰਨ ਤਾਂ ਵੀ ਬੁਰੇ ਜੇ ਘੁੂਰਦੇ ਤਾਂ ਆਹ ਕੰਮ ਹੁੰਦੇ ਆ।”
“ ਇੱਥੇ ਤਾਂ ਵਿਚਾਰੇ ਮਾਪਿਆਂ ਦੇ ਮੂੰਹ ਵਿਚ ਕੋੜ-ਕਿਰਲੀ ਆ ਗਈ।”
ਇਸ ਤਰਾਂ ਦੀਆਂ ਹੋਰ ਕਈ ਗੱਲਾਂ ਕਰਕੇ ਉਹ ਚਲੀਆਂ ਗਈਆਂ। ਉਹਨਾਂ ਦੇ ਮੁਤਬਿਕ ਜਸਵੀਰ ਨੇ ਗਲਤ ਸਟੈਪ ਲਿਆ ਸੀ।ਪਰ ਮੈਨੂੰ ਪਤਾ ਸੀ ਕਿ ਕਿਸ ਗੱਲ ਕਰਕੇ ਜਸਬੀਰ ਨੇ ਇਹ ਸਟੈਪ ਲਿਆ।
ਜਿਸ ਦਿਨ ਜਸਵੀਰ ਕੰਮ ‘ਤੇ ਆਈ ਤਾਂ ਮੈਂ ਪੁੱਛਿਆ, “ ਜਸਬੀਰ ਤੂੰ  ਆਪਣੇ ਮਾਪਿਆਂ ਤੋਂ ਵੱਖ ਰਹਿਣ ਲੱਗ ਪਈ।”
“ ਹੋਰ ਕੋਈ ਚਾਰਾ ਵੀ ਨਹੀ ਸੀ।” ਉਸ ਨੇ ਕਿਹਾ, “ ਦਿਨ-ਰਾਤ ਦੀ ਲੜਾਈ ਨਾਲੋ ਚੰਗਾ ਮੈਂ ਇਕ ਪਾਸੇ ਸ਼ਾਂਤੀ ਨਾਲ ਰਹਾਂ।”
ਸਾਨੂੰ ਗੱਲਾਂ ਕਰਦਿਆਂ ਜਦੋਂ ਜਿੰਦਰ ਨੇ ਦੇਖਿਆ ਤਾਂ ਉਹ ਸਿਧੀ ਸਾਡੇ ਵੱਲ ਆਉਂਦੀ ਬੋਲੀ, “ ਕੁੜੇ , ਤੂੰ ਸੱਚੀ ਇਕੱਲੀ ਰਹਿਣ ਲੱਗ ਪਈ।”
ਜਸਵੀਰ ਨੇ ਅਜੇ ਇਸ ਸਵਾਲ ਦਾ ਕੋਈ ਜ਼ਵਾਬ ਨਹੀ ਸੀ ਦਿੱਤਾ ਕਿ ਪਰੇ ਖੜ੍ਹੀ ਸੋਨੀ ਵੀ ਬੋਲ ਪਈ, “ ਸੁਣਿਆ ਤੂੰ ਮੂਵ ਵੀ ਹੋ ਗਈ।”
“ ਹਾਂ ਮੈਂ ਮੂਵ ਹੋ ਗਈ ਆਂ।” ਜਸਵੀਰ ਨੇ ਕਿਹਾ, “ ਤੁਸੀਂ ਕਿਉਂ ਇਸ ਗੱਲ ਦੀ ਅੱਤ ਚੁੱਕੀ ਆ?”
“ ਨਾਂ ਸਾਨੂੰ ਕੀ ਲੋੜ ਪਈ ਅੱਤ ਚੁਕਣ ਦੀ।” ਸੋਨੀ ਬੋਲੀ, “ ਪਰ ਇਹ ਚੰਗਾ ਨਹੀਂ ਵਿਆਹ ਤੋਂ ਪਹਿਲਾਂ ਹੀ ਮਾਪਿਆਂ ਨਾਲੋ ਵੱਖਰੇ ਹੋ ਜਾਣਾ।”
“ ਮੈਨੂੰ ਪਤਾ ਹੈ ਮੇਰੇ ਲਈ ਕੀ ਚੰਗਾ ਹੈ ਕੀ ਨਹੀਂ।” ਜਸਵੀਰ ਨੇ ਖੁਰਦਰੀ ਅਵਾਜ਼ ਵਿਚ ਕਿਹਾ, “ ਤੁਹਾਨੂੰ  ਕੋਈ ਲੋੜ ਨਹੀ ਪਈ ਮੇਰੀ ਜ਼ਿੰਦਗੀ ਵਿਚ ਦਖਲ-ਅੰਦਾਜ਼ੀ ਕਰਨ ਦੀ।”
“ ਸੋਨੀ, ਕਰਨ ਦੇ ਜੋ ਇਹ ਕਰਦੀ।” ਜਿੰਦਰ ਨੇ ਵੀ ਖਿਝ ਕੇ ਕਿਹਾ, “ ਇਹ ਤਾਂ ਉੁਹਨਾਂ ਦੀ ਸਕੀ ਨਾਂ ਨਿਕਲੀ ਜਿਹਨਾਂ ਇਹਨੂੰ ਪਾਲ-ਪੋਸ ਕੇ ਏਡੀ ਕੀਤਾ।”
ਜਿੰਦਰ ਅਤੇ ਸੋਨੀ ਦੇ ਜਾਣ ਤੋਂ ਬਾਅਦ ਮੈਂ ਕਿਹਾ, “ ਤੂੰ ਦੱਸ ਦੇ ਤਾਂ ਇਹਨਾਂ ਨੂੰ ਅਸਲ ਵਿਚ ਕੀ ਗੱਲ ਆ , ਨਹੀ ਤਾਂ ਇਹਨਾਂ ਤੈਨੂੰ ਨਿੰਦਣੋ ਨਹੀਂ ਹੱਟਣਾ।”
“ ਇਹ ਗੱਲ ਤਾਂ ਮੈਂ ਤੁਹਾਥੋਂ ਬਗੈਰ ਕਿਸੇ ਨੂੰ ਵੀ ਨਹੀਂ ਦੱਸੀ।” ਉਸ ਨੇ ਕਿਹਾ, “ ਇਕ ਤਾਂ ਮਾਪਿਆਂ ਦੀ ਵੀ ਨਾਲ ਹੀ ਮਿਟੀ ਪੁਟ ਹੋਣੀ ਕਿ ਇਹ ਕਿੰਨੇ ਲਾਲਚੀ ਆ, ਦੂਜਾ, ਜੇ ਕਿਸੇ ਨੂੰ ਵੀ ਦੱਸਣ ਦਾ ਜਤਨ ਕੀਤਾ ਵੀ, ਤਾਂ ਵੀ ਸਾਰਿਆਂ ਨੇ ਇਹੀ ਕਹਿਣਾ ਕਿ ਮਾਪੇ ਕੁਮਾਪੇ ਨਹੀਂ ਹੋ ਸਕਦੇ, ਇਹਦਾ ਹੀ ਕਸੂਰ ਹੋਣਾ।”
“ ਹਾਂ, ਇਹ ਵੀ ਤੇਰੀ ਗੱਲ ਠੀਕ ਆ।” ਮੈਂ ਉਸ ਨਾਲ ਸਹਿਮਤ ਹੁੰਦੇ ਕਿਹਾ, “ ਕਿਸ ਨੇ ਸਮਝਨਾ ਹੀ ਨਹੀ ਲਾਲਚ ਵਰਗੀਆਂ ਬੁਰਆਈਆਂ ਮਾਪਿਆਂ ਨੂੰ ਕੁਮਾਪੇ ਬਣਾਉਦਿਆਂ ਦੇਰ ਨਹੀ ਲਾਉਂਦੀਆਂ।ਪਰ ਜਾਣ-ਪਹਿਚਾਨ ਵਾਲਿਆਂ ਨੇ ਤੈਨੂੰ ਪੁਛਣਾ ਜ਼ਰੂਰ ਹੈ ਕਿ ਤੂੰ ਵੱਖ ਕਿੳੁਂ ਹੋਈ?”
“ ਪੁੱਛਣਾ ਹੀ ਨਹੀਂ।” ਉਸ ਨੇ ਹੱਸਦੇ ਕਿਹਾ, “ ਸਗੋਂ ਕਹਿਣਾ ਕਿ ਇਹ ਹੀ  ਮਾੜੀ ਆ  ਕੈਨੇਡਾ ਆ ਕੇ ਅਜ਼ਾਦ ਹੋ ਗਈ।”
“ਫਿਰ ਤੂੰ ਕੀ ਜ਼ਵਾਬ ਦੇਵੇਗੀ”?
“ ਇਹ ਹੀ ਕਿ ਮੇਰੀ ਮਰਜ਼ੀ ਮੈਂ ਮੂਵ ਹੋ ਗਈ।”
“ ਮੈਂ ਦੇਖਾਂ ਤੇਰੇ ਪੇਰੈਂਟਸ ਨਾਲ ਗੱਲ ਕਰਕੇ।”
“ ਤੁਸੀਂ ਰਹਿਣ ਹੀ ਦਿਉ।” ਜਸਵੀਰ ਨੇ ਕਿਹਾ, “ ਉਹਨਾਂ ਨੂੰ ਤਾਂ ਜ਼ਮੀਨਾਂ –ਪੈਸਿਆਂ ਦੀਆਂ ਗੱਲਾਂ ਹੀ ਚੰਗੀਆਂ ਲੱਗਦੀਆਂ ਏ। ਤੁਹਾਡੀ ਗੱਲ ਉਹਨਾਂ ਨਹੀਂ ਸੁਨਣੀ। ਸਗੋਂ ਤਹਾਨੂੰ ਕੋਈ ਮੇਰੇ ਬਾਰੇ ਪੁੱਛੇ ਵੀ ਤਾਂ ਕਹਿ ਦਿਉ, ਹਾਂ ਉਹ  ਮੂਵ ਹੋ ਗਈ।”

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>