ਇਕ ਹੋਰ ਅਫ਼ਸਾਨਾ

ਛੁੱਟੀ ਦਾ ਦਿਨ ਹੋਣ ਕਾਰਨ ਮੈਂ ਆਪਣੇ ਘਰੇਲੂ ਕੰਮ ਨਿਪਟਾਉਣ ਵਿਚ ਰੁਝੀ ਹੋਈ ਸਾਂ ਕਿ ਫੋਨ ਖੜਕ ਪਿਆ।ਕੰਮ ਕਰਦੀ ਨੇ ਹੀ ਇਕ ਹੱਥ ਨਾਲ ਫੋਨ ਚੁਕ ਕੇ ਕੰਨ ਅਤੇ ਮੋਢੇ ਦੇ ਵਿਚਾਲੇ ਰੱਖਦੇ ਹੈਲੋ ਕਿਹਾ।
“ ਸਤਿ ਸ੍ਰੀ ਅਕਾਲ, ਬੀਬੀ।”
“ ਸਤਿ ਸ੍ਰੀ ਅਕਾਲ ਜੀ।” ਇਹ ਕਹਿ ਕੇ ਮੈ ਕੰਮ ਛੱਡ ਦਿੱਤਾ ਅਤੇ ਆਪਣਾ ਪ੍ਰੂਰਾ ਧਿਆਨ ਫੋਨ ਵੱਲ ਕਰ ਲਿਆ।
“ ਬੀਬੀ, ਤੂੰ ਅਫ਼ਸਾਨੇ ਲਿਖਦੀ ਏ?”
“ ਹਾਂ ਜੀ।”
“ ਤੇਰੇ ਅਫ਼ਸਾਨੇ ਕਾਹਦੇ ਬਾਰੇ ਹੁੰਦੇ ਨੇ।”
“ ਜੋ ਕੁੱਝ ਵੀ ਸਮਾਜ ਵਿਚ ਗੁਜ਼ਰਦਾ ਜਾਂ ਵਾਪਰਦਾ ਹੈ, ਉਸ ਬਾਰੇ ਹੀ ਹੁੰਦੇ ਨੇ।”
“ ਜੇ ਕੋਈ ਤੈਨੂੰ ਆਪਣਾ ਅਫ਼ਸਾਨਾ ਦਸੇ ਤਾਂ ਤੂੰ ਲਿਖ ਸਕਦੀ ਏ।”
“ ਹਾਂ ਜੀ, ਕੋਸ਼ਿਸ਼ ਕਰ ਕੇ ਦੇਖ ਸਕਦੀ ਹਾਂ।” ਮੈ ਆਪਣੇ  ਮੈਦੇ ਵਾਲੇ ਹੱਥ ਸਿੰਕ ਵਿਚ ਧੌਂਦੇ ਕਿਹਾ, “ ਪਰ ਮੈਨੂੰ ਇੰਨਾ ਤਾਂ ਦਸੋ ਤੁਸੀ ਹੈ ਕੌਣ?
“ ਬੀਬੀ, ਪਹਿਲਾਂ ਮੇਰੇ ਨਾਲ ਵਾਅਦਾ ਕਰ ਕਿ ਤੂੰ ਮੇਰਾ ਅਫ਼ਸਾਨਾ ਲਿਖੇਗੀ।” ਫੋਨ ਕਰਨ ਵਾਲੇ ਨੇ  ਕਿਹਾ, “ ਫਿਰ ਮੈ ਤੈਨੂੰ ਸਭ ਕੁਝ ਦਸ ਦੇਵਾਂਗਾ।”
ਮੈ ਉਸ ਦੀ ਅਵਾਜ਼ ਤੋਂ ਅੰਦਾਜ਼ਾ ਲਾ ਲਿਆ ਕਿ ਗੱਲ ਕਰਨ ਵਾਲਾ ਕੋਈ ਬਜ਼ੁਰਗ ਹੈ। ਇਹ ਸੋਚ ਕੇ ਮੈਂ ਕਹਿ ਦਿੱਤਾ,“ ਵੈਸੇ ਤਾਂ ਕਹਾਣੀ ਲਈ ਪਲਾਟ ਚਾਹੀਦਾ ਹੀ ਹੁੰਦਾ ਹੈ, ਜੇ ਕਰ ਤੁਹਾਡੇ ਕੋਲ ਢੁਕਵਾ ਵਿਸ਼ਾ ਹੋਇਆਂ ਤਾਂ ਜ਼ਰੂਰ ਲਿਖਾਂਗੀ।”
“ ਵਿਸ਼ੇ ਬਾਰੇ ਤਾਂ ਕੁਝ ਕਹਿ ਨਹੀ ਸਕਦਾ, ਪਰ ਜਿਸ ਨੂੰ ਵੀ ਮੈ ਆਪਣਾ ਅਫ਼ਸਾਨਾ ਸੁਣਾਉਂਦਾ , ਸਭ ਚੁੱਪ ਕਰ ਜਾਂਦੇ ਨੇ।”
“ ਤੁਸੀ ਕਿਸੇ ਹੋਰ ਲਿਖਣ ਵਾਲੇ ਕੋਲ ਵੀ ਗਏ ਸੀ?”
“ ਬੀਬਾ, ਬੁਹਤਿਆਂ ਅੱਗੇ ਫਰਿਆਦ ਕੀਤੀ, ਪਰ ਕਿਸੇ ਨੇ ਸੁਣੀ ਨਾ।”
ਮੈ ਉਸ ਦੀ ਇਹ ਗੱਲ ਸੁਣ ਕੇ ਡਰ ਅਜਿਹੀ ਵੀ ਗਈ ਕਿ ਪਤਾ ਨਹੀ ਬਾਬੇ ਕੋਲ ਕਿਹੜੀ ਬੋਰ ਕਹਾਣੀ ਹੈ, ਜੋ ਕੋਈ ਵੀ ਨਹੀ ਸੁਣਦਾ, ਪਰ ਫਿਰ ਵੀ ਮੈਂ ਕਹਿ ਦਿੱਤਾ, “ ਆਪਣੀ ਕਹਾਣੀ ਤਾਂ ਸਣਾਉ ।”
“ ਬੀਬਾ, ਇਸ ਤਰਾਂ ਕਿਵੇ ਤੈਨੂੰ ਕਹਾਣੀ ਸੁਣਾ ਦੇਵਾਂ।” ਫੋਨ ਕਰਨ ਵਾਲੇ ਨੇ ਕਿਹਾ, “ ਤੁਹਾਡੇ ਕੋਲ ਕਿਸ ਵੇਲੇ ਵਿਹਲ ਹੁੰਦਾ ਹੈ, ਮੈਨੂੰ ਆਪਣਾ ਪਤਾ ਦੇ ਦੇਵੋ, ਮੈਂ ਪਹੁੰਚ ਜਾਵਾਗਾਂ।”
“ ਤੁਸੀ ਕਿੱਥੇ ਰਹਿੰਦੇ ਹੋ?”
“ ਵੈਨਕੂਵਰ ਵਿਚ, ਇਸ ਵੇਲੇ ਮੈ ਗੁਰਦੁਆਰੇ ਦੇ ਕੋਲ ਵਾਲੀ ਪਾਰਕ ਵਿਚ ਹਾਂ।”
“ਇਹ ਸ਼ਹਿਰ ਪੈਂਦਾ ਤਾਂ ਸਾਡੇ ਇਲਾਕੇ ਵਿਚ ਹੀ ਹੈ।” ਮੈ ਉਸ ਨੂੰ ਦੱਸਿਆ, “ਕੰਮ ਤੋਂ ਅੱਜ ਮੈਨੂੰ ਛੁੱਟੀ ਹੈ ਹੁਣੇ ਹੀ ਆ ਜਾਉ ਤਾਂ ਵਧੀਆ ਰਹੇਗਾ।”
“ ਇਕਦਮ ਤਾਂ ਮੈ ਇਸ ਤਰਾਂ ਨਹੀ ਆ ਸਕਦਾ।” ਉਸ ਨੇ ਦੱਸਿਆ, “ ਬੀਬਾ, ਬੇਸ਼ੱਕ ਤੁਸੀ ਸਾਡੇ ਇਲਾਕੇ ਵਿਚ ਹੀ ਰਹਿੰਦੇ ਹੋ, ਫਿਰ ਵੀ ਮੈਨੂੰ ਰਾਈਡ ਦਾ ਪ੍ਰਬੰਧ ਕਰਨਾ ਪੈਣਾ ਹੈ।”
“ ਕੋਈ ਗੱਲ ਨਹੀ, ਮੈ ਹੀ ਤੁਹਾਡੇ ਪਾਸ ਆਉਂਦੀ ਹਾਂ।” ਮੈ ਕਿਹਾ, “ ਅੱਜ ਮੇਰੇ ਕੋਲ ਟਾਈਮ ਹੈ, ਫਿਰ ਪਤਾ ਨਹੀ ਕਦੋਂ ਟਾਈਮ ਮਿਲੇ।” ਇਹ ਕਹਿ ਕੇ ਮੈ ਗੁੰਨਿਆ ਹੋਇਆ ਮੈਦਾ ਫਰਿਜ਼ ਵਿਚ ਰੱਖ ਦਿੱਤਾ। ਪਰਸ ਅਤੇ ਕਾਰ ਦੀਆਂ ਚਾਬੀਆਂ ਚੁੱਕ ਪਾਰਕ ਵੱਲ ਨੂੰ ਤੁਰ ਪਈ।
ਰਸਤੇ ਵਿਚ ਜਾਂਦੀ ਫੋਨ ਕਰਨ ਵਾਲੇ ਦਾ ਹੁਲੀਆ ਸੋਚ ਰਹੀ ਸਾਂ।ਕੋਈ ਸਿਆਣਾ ਕਮਜ਼ੋਰ ਜਿਹਾ ਬਾਬਾ ਹੋਵੇਗਾ, ਪਤਾ ਨਹੀ ਉਸ ਵਲੋਂ ਦੱਸੀ ਕਹਾਣੀ ਉੱਪਰ ਕਹਾਣੀ ਬਣੇਗੀ ਜਾਂ ਨਹੀ, ਚਲੋ ਜੇ ਨਾ ਵੀ ਬਣੀ ਤਾਂ ਵੀ ਇਕ ਇਨਸਾਨ ਆਪਣੇ ਦਿਲ ਦਾ ਗੁਭਾਰ ਬਾਹਰ ਕੱਢ ਕੇ ਚੰਗਾ ਜ਼ਰੂਰ ਮਹਿਸੂਸ ਕਰੇਗਾ।
ਗੁਰੂ ਘਰ ਦੀ ਪਾਰਕਿੰਗ-ਲਾਟ ਵਿਚ ਕਾਰ ਖੜ੍ਹੀ ਕਰਕੇ ਮੱਥਾ ਟੇਕਣ ਲਈ ਅੰਦਰ ਚਲੀ ਗਈ।ਪ੍ਰਸ਼ਾਦ ਲੈ ਪੈਦਲ ਹੀ ਪਾਰਕ ਵੱਲ ਨੂੰ ਹੋ ਤੁਰੀ ।
ਸਾਹਮਣੇ ਪੀਘਾਂ ਉਪਰ ਬੱਚੇ ਖੇਡ ਰਿਹੇ ਸਨ। ਉਹਨਾਂ  ਦੇ ਖੱਬੇ ਹੱਥ ਪਰੇ ਬੈਂਚ ‘ਤੇ ਦੋ ਸਿਆਣੇ ਬੰਦੇ ਬੈਠੇ ਦਿਸੇ।ਇਕ ਪਗ ਵਾਲਾ ਸਰਦਾਰ ਸੀ ਅਤੇ ਦੂਸਰਾ ਮੋਨਾ। ਮੈ ਸਿਧੀ ਉਧਰ ਨੂੰ ਹੀ ਹੋ ਤੁਰੀ। ਮੈ ਜਾਂਦਿਆਂ ਹੀ ਸਤਿ ਸ੍ਰੀ ਅਕਾਲ ਬੁਲਾਈ। ਦੋਵਾਂ ਨੇ ਉੱਠ ਕੇ ਸਤਿ ਸ੍ਰੀ ਅਕਾਲ ਦਾ ਜ਼ਵਾਬ ਦਿੱਤਾ।ਫੋਨ ਕਰਨ ਵਾਲਾ ਇਹਨਾਂ ਵਿਚੋਂ ਕੋਣ ਹੈ।ਮੈਂ ਇਹ ਅਜੇ ਸੋਚ ਹੀ ਰਹੀ ਸਾਂ ਕਿ ਬਰਾਊਨ ਜੈਕਟ ਵਾਲੇ ਸਰਦਾਰ ਨੇ ਕਿਹਾ, “ ਮੈਂ ਹੀ ਤੁਹਾਨੂੰ ਫੋਨ ਕੀਤਾ ਸੀ।”
“ ਤੁਸੀ ਇੱਥੇ ਬੈਠ ਜਾਉ।” ਨਾਲ ਵਾਲੇ ਨੇ ਬੈਂਚ ਵੱਲ ਇਸ਼ਾਰਾ ਕਰਦੇ ਕਿਹਾ, “ ਅਸੀ ਤੁਹਾਡੀ ਹੀ ਉਡੀਕ ਕਰਦੇ ਪਏ ਸਾਂ।ਮੇਰਾ ਨਾਮ ਸਲੀਮ ਮੁੰਹਮਦ ਹੈ ਅਤੇ ਇਹ ਮੇਰੇ ਦੋਸਤ ਜਾਗਰ ਸਿੰਘ।”
ਬਰਾਊਨ ਜੈਕਟ ਵਾਲਾ ਜਾਗਰ ਸਿੰਘ ਮੇਰੀ ਸੋਚ ਦੇ ਉਲਟ ਕੋਈ ਕਮਜ਼ੋਰ ਜਿਹਾ ਬਜ਼ੁਰਗ ਨਹੀ ਸੀ। ਸਗੋਂ ਦਾਨਾ-ਸਾਨਾ, ਪੜ੍ਹਿਆ-ਲਿਖਿਆ ਮਨੁੱਖ ਦਿਸਿਆ।ਮੈ ਆਪਣੀ ਕਾਪੀ ਪੈਨ ਕੱਢਦੇ ਕਿਹਾ, “ ਹਾਂਜੀ, ਤੁਸੀ ਕਹਾਣੀ ਦੱਸਣਾ ਚਾਹੁੰਦੇ ਸੀ।”
“ ਕਹਾਣੀ ਕਾਹਦੀ ਆ ਜੀ, ਜ਼ਿਦੰਗੀ ਦਾ ਤਜ਼ਰਬਾ ਏ।”
“ ਅੱਛਾ ਜੀ।” ਮੈ ਕਿਹਾ, “ ਚਲੋ ਜੋ ਵੀ ਹੈ ਤੁਸੀ ਸੁਣਾ ਦਿਉ।”
“ ਅਸੀ ਦਿੱਲੀ ਰਹਿੰਦੇ ਸਾਂ।” ਉਸ ਨੇ ਕਿਹਾ, “ ਚੰਗਾ ਘਰ-ਬਾਰ ਸੀ ਸਾਡਾ ਉੱਥੇ।”
“ 1984 ਵਿਚ ਇਹ ਉੱਥੇ ਹੀ ਸਨ।” ਸਲੀਮ ਮੁੰਹਮਦ ਬੋਲਿਆ, “ ਇਹ ਵੀ ਦੰਗਿਆਂ ਦੀ ਲਪੇਟ ਵਿਚ ਆਏ।”
“ ਆਪਾਂ ਉਹਨਾਂ ਨੂੰ ਦੰਗੇ ਤਾਂ ਨਹੀ ਕਹਿ ਸਕਦੇ।” ਮੈ ਸਾਫ ਕਿਹਾ, “ ਦੰਗੇ ਤਾਂ ਦੋਨੋ ਪਾਸਿਆਂ ਤੋਂ ਹੁੰਦੇ ਆ, ਉਦੋਂ ਤਾਂ ਇਕ ਧਿਰ ਵਲੋਂ ਹੀ ਮਿਥ ਕੇ ਬੇਦੋਸ਼ੇ ਇਨਸਾਨਾ ਦਾ ਖੁੂਨ ਵਹਾਇਆ ਗਿਆ।”
“ ਹਾਂ ਜੀ ਹੋਇਆ ਤਾਂ ਇਸ ਤਰਾਂ ਹੀ।” ਸਲੀਮ ਨੇ ਕਿਹਾ, “ ਅਸਾਂ ਤਾਂ ਜੀ, ਟੈਲੀਵਿਯਨ ਪਰ ਸਭ ਕੁਝ ਵੇਖਿਆ, ਚਲੋ ਬਾਈਜਾਨ, ਦਸੋ ਜੋ ਤੁਸਾਂ ਨਾਲ ਵਾਪਰਿਆ।”
“ ੳਦੋਂ ਤਾਂ ਦਿੱਲੀ ਦੀ ਗੁੰਡਾਗਰਦੀ ਭੀੜ ਦਾ ਇਕ ਹੀ ਮਕਸਦ ਸੀ ਕਿ ਕੋਈ ਵੀ ਸਰਦਾਰ ਦਿੱਲੀ ਵਿਚ ਬਚਣਾ ਨਹੀ ਚਾਹੀਦਾ।” ਮੈਂ ਵਿਚੋਂ ਹੀ ਬੋਲ ਪਈ, “ ਉਸ ਵੇਲੇ ਤਾਂ ਕਈ ਵੱਡੇ ਵੱਡੇ ਹੀਰੋ ਵੀ ਇਹਨਾਂ ਨਾਲ ਰਲ ਗਏ।”
“ ਮੈ ਤਾਂ ਜੀ ਉਸ ਵਕਤ ਸਰਦਾਰ ਵੀ ਨਹੀ ਸੀ।”ਜਾਗਰ ਸਿੰਘ ਨੇ ਦੱਸਿਆ, “ ਆ ਕੇਸ ਤਾਂ ਮੈ ਬਾਅਦ ਵਿਚ ਹੀ ਰੱਖੇ। ਮੈ ਤਾਂ ੳਦੋਂ ਕੌਮਨਿਸਟ ਹੁੰਦਾ ਸੀ ਜੀ।”
ਏਨੀ ਗੱਲ ਕਹਿ ਕੇ ਉਹ ਫਿਰ ਚੁੱਪ ਹੋ ਗਿਆ ਤਾਂ ਸਲੀਮ ਮੁੰਹਮਦ ਫਿਰ ਬੋਲਿਆ, “ ਅੱਛਾ ਹੈ, ਸੱਚ ਬੋਲੋ,  ਖਿਆਲਾਂ ਵਿਚ ਵੀ ਇਹ ਤੱਸਬਰ ਨਾ ਕਰੋ ਕਿ ਸੱਚ ਬੋਲਣ ਨਾਲ ਕੋਈ ਡਰ ਜਾਂ ਖਤਰਾ ਹੋਵੇਗਾ।”
“ਸੱਚ ਬੋਲਣ ਤੋਂ ਨਹੀ ਡਰਦਾ।” ਜਾਗਰ ਸਿੰਘ ਨੇ ਕਿਹਾ, “ ਕਹਿੰਦੇ ਨੇ ਨਾ ਕੂੜ ਨਾ ਪੂਜੇ ਸੱਚ ਨੂੰ ਸੌ ਘਾੜਤ ਘੜੀਐ, ਪਰ ਸ਼ਰਮ ਜ਼ਰੂਰ ਮਹਿਸੂਸ ਕਰਦਾ ਹਾਂ।”
“ ਤੁਸੀ ਜੋ ਕੁੱਝ ਵੀ ਕਹਿਣਾ ਚਾਹੁੰਦੇ ਹੋ ਬੇਝਿਜਕ ਕਹੋ।” ਮੈ ਕਿਹਾ, “ ਜੇ ਕਹੋ ਤਾਂ ਕਹਾਣੀ ਵਿਚ ਮੈ ਤੁਹਾਡਾ ਅਸਲੀ ਨਾਮ ਨਹੀ ਲਿਖਾਂਗੀ।”
“ ਤੁਸਾਂ ਦਾ ਇਹ ਮਸ਼ਬਰਾ ਵਧੀਆਂ ਵਾਂ।” ਸਲੀਮ ਮੁੰਹਮਦ ਬੋਲਿਆ, “ ਅਫ਼ਸਾਨੇ ਵਿਚ ਮੇਰੇ ਨਾਮ ਦਾ ਜ਼ਿਕਰ  ਜਿਵੇ ਵੀ ਤੁਹਾਨੂੰ ਚੰਗਾ ਲੱਗੇ ਉਸ ਤਰਾਂ ਹੀ ਕਰ ਛੱਡਣਾ।”
“ ਇਸ ਗਲ ਦਾ ਫਿਕਰ ਨਾ ਕਰੋ।” ਮੈ ਉਹਨਾਂ ਨੂੰ ਦੱਸਿਆ , “ ਸੱਚ ਅਤੇ ਕਲਪਨਾ ਨੂੰ ਕਹਾਣੀ ਵਿਚ ਇਸ ਤਰਾਂ ਜੋੜਾਂਗੀ ਕਿ ਕਿਸੇ ਨੂੰ ਕੋਈ ਸ਼ੱਕ ਨਹੀ ਹੋਵੇਗਾ।”
ਮੇਰੀ ਇਸ ਗੱਲ ਨਾਲ ਜਾਗਰ ਸਿੰਘ ਦੀ ਜਿਵੇ ਤਸੱਲੀ ਹੋ ਗਈ ਹੋਵੇ। ਉਹ ਇਕਦਮ ਬੋਲਿਆ, “ ਦਰਬਾਰ ਸਾਹਿਬ ਦੇ ਹਮਲੇ ਵੇਲੇ ਮੇਰੇ ਕੁਝ ਕੌਮਨਿਸਟ ਅਤੇ ਕਾਂਗਰਸੀ ਚੰਗੇ ਦੋਸਤ ਸਨ। ਸਾਡਾ ਨਾਮ ਇੰਦਰਾ ਗਾਂਧੀ ਦੇ ਚੇਹਤਿਆਂ ਵਿਚ ਆਉਂਦਾ ਸੀ।”
“ ਕਈ ਤਾਂ ਤੁਹਾਨੂੰ ਇੰਦਰਾ ਗਾਂਧੀ ਦੇ ਚਮਚੇ ਵੀ ਕਹਿੰਦੇ ਹੋਣਗੇ।” ਸਲੀਮ ਮੁੰਹਮਦ ਵਿਚੋਂ ਹੀ ਹੱਸਦਾ ਹੋਇਆ ਬੋਲਿਆ, “ ਪਾਕਿਸਤਾਨ ਅਤੇ ਹਿੰਦੋਂਸਤਾਨ ਵਿਚ ਲੀਡਰਾਂ ਦੇ ਚੇਹਤਿਆਂ ਨੂੰ ਚਮਚੇ ਹੀ ਆਂਹਦੇ ਵਾਂ।”
“ ਭਰਾਵਾ, ਜੋ ਮਰਜ਼ੀ ਕਹਿ ਲੈ, ਮੈ ਤੈਨੂੰ ਕੁਝ ਨਹੀ ਕਹਿ ਸਕਦਾ।” ਜਾਗਰ ਸਿੰਘ ਨੇ ਕਿਹਾ, “ ਫਸੀ ਨੇ ਫਟਕਣਾ ਕੀ, ਹਾਂਜੀ, ਬਿਲਊ ਸਟਾਰ ਉਪਰੇਸ਼ਨ ਕੀਤਾ ਗਿਆ ਤਾਂ ਅਸੀ ਸਾਰੇ ਦੋਸਤਾਂ ਨੇ ਇੰਦਰਾਂ ਗਾਂਧੀ ਦੀ ਵਾਹ ਵਾਹ ਕੀਤੀ ਅਤੇ ਬਿਆਨ ਵੀ ਦਿੱਤੇ ਜੋ ਕੁਝ ਇੰਦਰਾ ਨੇ ਕੀਤਾ ਵਧੀਆ ਹੀ ਕੀਤਾ, ਇਸ ਗੱਲ ਦਾ ਸਾਡੇ ਘਰ ਵਿਚ ਵੀ ਕਲੇਸ਼ ਪਿਆ।”
“ ਘਰ ਵਿਚ ਹੀ ਨਹੀ ਪਿਆ ਹੋਣਾ, ਸਗੋਂ ਰਿਸ਼ਤੇਦਾਰਾਂ ਨੇ ਵੀ ਬੁਰਾ ਮਨਾਇਆ ਹੋਵੇਗਾ।” ਮੈ ਕਿਹਾ, “ ਉਸ ਟਾਈਮ ਤਾਂ ਆਮ ਲੋਕੀ ਇਸ ਘਿਣਾਉਣੀ ਹਰਕਤ ਦੀ ਨਿੰਦਿਆ ਕਰ ਰਹੇ ਸਨ।”
“ ਅਸਾਂ ਤਾਂ ਆਪ ਬੁਰਾ ਮਨਾਇਆ ਸਾ।” ਸਲੀਮ ਮੁੰਹਮਦ ਬੋਲਿਆ, “ ਕਿਸੇ ਭੀ ਮਜ਼ੱਬ ਦੇ ਧਾਰਮਿਕ ਸਥਾਨ ਉੱਪਰ ਹਮਲਾ ਕਰਨਾ ਸਰਾਸਰ ਗੱਲਤ ਵਾ।”
“ ਕਈ ਰਿਸ਼ਤੇਦਾਰ ਤਾਂ ਸਾਡੇ ਨਾਲ ਹੁਣ ਤੱਕ ਨਹੀ ਬੋਲਦੇ।” ਜਾਗਰ ਸਿੰਘ ਨੇ  ਅੱਗੇ ਦੱਸਿਆ, “ ਅਖੇ ਆਪ ਡੁਬੀ ਨਾਲ ਜਜਮਾਨ ਵੀ ਡੁਬਾ, ਉਹ ਗੱਲ ਮੇਰੇ ਨਾਲ ਹੋਈ। ਮੇਰੀ ਪਤਨੀ ਦੇ ਪੇਕੇ ਵੀ ਉਸ ਨਾਲ ਮਿਲਵਰਤਨ ਤੋਂ ਹੱਟ ਗਏ ਅਤੇ ਕਈ ਸਹੇਲੀਆਂ ਵੀ, ਪਰ ਮੈ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਾ ਕੀਤੀ।”
ਉਸ ਦੀ ਗੱਲ ਤੋਂ ਅੰਦਾਜ਼ਾ  ਲਾ ਕੇ ਮੈ ਕਿਹਾ, “ ਲੱਗਦਾ ਹੈ ਹੁਣ ਤਾਂ ਤੁਹਾਨੂੰ ਇਸ ਗੱਲ ਦੀ ਪਰਵਾਹ ਹੈ।”
“ ਹਾਂਜੀ, “ ਜਾਗਰ ਸਿੰਘ ਨੇ ਕਿਹਾ, “ ਜਦੋਂ 1984 ਨਵੰਬਰ ਵਿਚ ਇੰਦਰਾ ਦੇ ਮਰਨ ਤੋਂ ਬਾਅਦ ਸਿੱਖਾਂ ਦੇ ਘਰਾਂ ਉਤੇ ਹਮਲੇ ਹੋਏ ਤਾਂ ਪਰਵਾਹ ਆਪਣੇ- ਆਪ ਹੀ ਹੋਣ ਲੱਗੀ।ਜਦੋਂ ਸਾਡੇ ਗੁਵਾਂਢ ਵਿਚ ਹੀ ਕਿਸ਼ਨ ਸਿੰਘ ਦੇ ਘਰ ਉੱਪਰ ਗੁੰਡਿਆਂ ਨੇ ਹਮਲਾ ਕੀਤਾ,ਕਿਸ਼ਨ ਸਿੰਘ ਨੇ ਆਪਣੇ ਵੱਡੇ ਦੋ ਮੁੰਡਿਆ ਨੂੰ ਨਾਲ ਲੈ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁੰਡਿਆਂ ਨੇ ਉਹਨਾਂ ਦੇ ਟਾਈਰ ਪਾ ਕੇ ਅੱਗ ਲਗਾ ਦਿੱਤੀ ,ਛੋਟਾ ਮੁੰਡਾ ਆਪਣੀ ਮਾਂ ਦੇ ਪਿੱਛੇ ਜਾ ਲੁਕਿਆ, ਬਦਮਾਸ਼ਾ ਨੇ ਉਸ ਦੀ ਮਾਂ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਦੀ ਇੱਜ਼ਤ ਲੁਟਣ ਲੱਗੇ, ਮੁੰਡਾ ਰੋਣ ਲੱਗ ਪਿਆ ਅਤੇ ਤਰਲੇ ਕਰਦਾ ਕਹਿਣ ਲੱਗਾ, ਬੜੇ ਬਾਈ ਮੇਰੀ ਮਾਂ ਕੋ ਬਖਸ਼ ਦਿਉ, ਜੇ ਆਪ ਕੀ ਵੀ ਮਾਂ ਹੈ, ਪਰ ਉਹਨਾਂ ਮੁੰਡੇ ਉੱਪਰ ਤੇਲ ਪਾ ਕੇ ਅੱਗ ਲਗਾ ਦਿੱਤੀ, ਮੇਰੀ ਗੁਵਾਂਢਣ ਗੁਰਦੀਪ ਕੌਰ ਕੀਰਨੇ ਪਾਉਂਦੀ ਕਹਿ ਰਹੀ ਸੀ, ਮੇਰੇ ਤਨ ‘ਤੇ ਇਕ ਵੀ ਕੱਪੜਾ ਹੁੰਦਾ ਤਾਂ ਪੁੱਤ ਮੈ ਤੇਰੇ ਉੱਪਰ ਡਿੱਗ ਕੇ ਤੈਨੂੰ ਬਚਾ ਲੈਣਾ ਸੀ।”
ਇਸ ਤੋਂ ਬਾਅਦ ਜਾਗਰ ਸਿੰਘ ਕੋਲੋ ਬੋਲ ਨਹੀ ਹੋਇਆ ਅਤੇ ਦੋ ਵੱਡੇ ਹੰਝੂ ਉਸ ਦੀ ਵੱਗੀ ਦਾੜ੍ਹੀ ਵਿਚ ਜਾ ਲੁਕੇ।ਹੰਝੂ ਤਾਂ ਮੇਰੇ ਵੀ ਵਗ ਤੁਰੇ, ਪਰ ਮੈ ਪਰਸ ਵਿਚੋਂ ਕਲੀਨਐਕਸ ਕੱਢ ਕੇ  ਅੱਗੇ ਆਉਣ ਤੋ ਪਹਿਲਾਂ ਹੀ ਨੱਪ ਦਿੱਤੇ।ਸਲੀਮ ਵੀ ਆਪਣੀਆਂ ਅੱਖਾਂ ਉੱਪਰ ਹੱਥ ਫੇਰਦਾ ਦਿਸਿਆ।ਉਦਾਸੀ ਭਰੀ ਚੁੱਪ ਸਾਡੇ ਤਿੰਨਾ ਵਿਚ ਹੀ ਪਸਰ ਗਈ।
ਇਸ ਚੁੱਪ ਨੂੰ ਤੌੜਨ ਲਈ ਮੈ ਇਕ ਤਰਾਂ ਰੋਂਦੀ ਹੋਈ ਅਵਾਜ਼ ਵਿਚ ਕਿਹਾ, “ ਉਸ ਵੇਲੇ ਨਾਲ ਸਬੰਧਤ ਇਸ ਤਰਾਂ ਦੇ ਵਾਕਿਆ ਬਹੁਤ ਹਨ, ਜਿਹਨਾਂ ਨੂੰ ਸੁੱਨਣ ਨਾਲ ਲੂੰ –ਕੰਡੇ ਖੜ੍ਹੇ ਹੋ ਜਾਂਦੇ ਨੇ।”
“ ਉਸ ਵਕਤ ਦੇ ਮਿਲੇ ਜ਼ਖਮ ਅਜੇ ਵੀ ਹਰੇ ਆ।” ਜਾਗਰ ਸਿੰਘ ਨੇ ਭਰੀ ਅਵਾਜ਼ ਵਿਚ ਕਿਹਾ, “ ਟੱਸ ਟੱਸ ਕਰਨੋ ਹੱਟਦੇ ਹੀ ਨਹੀ।”
“ ਕਿਸੇ ਨੇ ਇਹਨਾਂ ਉੱਪਰ ਮਲੱਮ-ਪੱਟੀ ਤਾਂ ਕੀਤੀ ਨਹੀ,ਟੱਸ ਟੱਸ ਕਰਨੋ ਕਿਵੇ ਹੱਟਣ।” ਭਾਰਤ ਦੀ ਗੰਦੀ ਸਿਆਸਤ ਵੱਲ ਇਸ਼ਾਰਾ ਕਰਦੇ ਮੈ ਕਿਹਾ, “ ਕਾਤਲਾਂ ਨੂੰ ਤਾਂ ਵਜ਼ੀਰੀਆਂ ਬਖਸ਼ ਕੇ ਇਨਾਮ ਦਿੱਤੇ ਗਏ।”
ਦਿਲ ਭਰੇ ਹੋਣ ਕਾਰਣ ਇਸ ਤੋਂ ਬਾਅਦ ਫਿਰ ਨਾ ਕੋਈ ਬੋਲਿਆ।
ਛੇਤੀ ਹੀ ਵਾਰਤਾਲਾਪ ਆਪ ਹੀ ਅਗਾਂਹ ਤੁਰ ਪਿਆ।
“ ਉਹਨਾਂ ਤਾ ਅਜੇ ਤੱਕ ਕਿਸੇ ਇਕ ਨੂੰ ਵੀ ਸਜਾ ਨਹੀ ਦਿੱਤੀ।” ਜਾਗਰ ਸਿੰਘ ਨੇ ਕਿਹਾ, “ ਅੱਜ ਵੀ ਦਰਿੰਦੇ ਆਕੜੇ ਫਿਰਦੇ ਨੇ।”
“ ਜੇ ਉਸ ਵੇਲੇ ਕਾਨੂੰਨ ਗੁੰਡੇ ਵਜ਼ੀਰ ਕਾਤਲਾ ਨੂੰ ਸਜਾ ਸੁਣਾ ਦਿੰਦਾਂ ਤਾਂ ਜੋ ਗੁਜ਼ਰਾਤ ਵਿਚ ਵਾਪਰਿਆ ਉਹ ਨਾ ਸੀ ਵਾਪਰਨਾ” ਸਲੀਮ ਬੋਲਿਆ, “ ਮੇਰੀ ਕੌਮ ਦਾ ਹਾਲ ਜੋ ਇਹਨਾਂ ਗੁਜ਼ਰਾਤ ਵਿਚ ਕੀਤਾ, ਉਹ ਨਾ ਸੀ ਹੋਣਾ।”
“ ਹਾਂ ਜੀ ਤੁਹਾਡੀ ਗੱਲ ਠੀਕ ਹੈ।” ਮੈਂ ਕਿਹਾ, “ਉਹਨਾ ਨੂੰ ਤਾਂ ਇਸ ਗੱਲ ਦਾ ਪਛਤਾਵਾ ਵੀ ਨਹੀਂ, ਸਜਾ ਉਹਨਾਂ ਸਵਾਹ ਕਿਸੇ ਨੂੰ ਦੇਣੀ।”
ਦੁੱਖ ਦੇ ਬਦਲ ਫਿਰ ਸਾਡੇ ਮੂੰਹਾ ਉੱਪਰ ਛਾ ਗਏ ਅਸੀ ਮੁੜ ਚੁੱਪ ਹੋ ਗਏ।
ਗੱਲ ਅੱਗੇ ਤੋਰਨ ਲਈ ਮੈਂ ਭਰੇ ਮਨ ਨਾਲ  ਜਾਗਰ ਸਿੰਘ ਨੂੰ ਕਿਹਾ, “ ਕੌਮਨਿਸਟ-ਕਾਂਗਰਸੀ ਹੋਣ ਕਾਰਨ ਤੁਹਾਨੂੰ ਤਾਂ ਇਹਨਾ ਹਾਲਾਤਾ ਦਾ ਸਾਹਮਣਾ ਨਹੀ ਕਰਨਾ ਪਿਆ ਹੋਵੇਗਾ।”
“ਸਾਡਾ ਘਰ ਵੀ ਹਮਲੇ ਦੀ  ਲਪੇਟ ਵਿਚ ਆਇਆ, ਉਸ ਸਮੇਂ ਜ਼ੁਲਮ ਕਰਨ ਵਾਲਿਆ ਨੇ ਇਹ ਨਹੀਂ ਦੇਖਿਆ ਕਿ ਕੌਣ ਕੌਮਨਿਸਟ ਹੈ ਅਤੇ ਕੌਣ ਕਾਂਗਰਸੀ, ਬਸ ਉਹਨਾਂ ਸਿੱਖ ਹੀ ਦੇਖੇ।”
“ ਪਰ ਤੁਸੀ ਤਾਂ ਕਹਿੰਦੇ ਹੋ, ਉਸ ਟਾਈਮ ਤੁਸੀ ਕੇਸ ਨਹੀਂ ਸਨ ਰੱਖੇ ਹੋਏ।” ਮੈ ਪੁੱਛਿਆ, “ ਫਿਰ ਕਿਵੇ ਉਹਨਾਂ ਨੇ ਤੁਹਾਡੇ ਘਰ ਉੱਪਰ ਅਟੈਕ ਕਰ ਦਿੱਤਾ।”
“ ਬੀਬੀ, ਉਹਨਾਂ ਕੋਲ ਤਾਂ ਪੁਸ਼ਤਾਂ ਦੀਆ ਲਿਸਟਾਂ ਸਨ ਕਿ ਪਿਛੌਂ ਕੌਣ ਕੌਣ ਸਿੱਖਾਂ ਨਾਲ ਸਬੰਧਤ ਨੇ।” ਜਾਗਰ ਸਿੰਘ ਨੇ ਕਿਹਾ, “ ੳਦੋਂ ਤਾਂ ਮੈਂ ਵੀ ਕਾਮਰੇਡ ਤੋਂ ਸਿੱਖ ਬਣ ਕੇ ਅਰਦਾਸ ਕਰਨ ਲੱਗਾ, ਜਦੋਂ ਉਹ ਮੇਰਾ ਘਰ ਲੁੱਟਣ ਲੱਗੇ ਸੀ।”
ਜਾਗਰ ਸਿੰਘ ਆਪਣੇ ਨਾਲ ਬੀਤੀ ਦਸ ਹੀ ਰਿਹਾ ਸੀ ਕਿ ਇਕ ਹੋਰ ਬੰਦਾ ਉਥੇ ਆ ਗਿਆ ਜੋ ਦੇਖਣ ਤੋਂ ਪੰਜਾਬੀ ਹੀ ਲਗ ਰਿਹਾ ਸੀ ਅਤੇ ਉਸ ਦੇ ਹੱਥ ਵਿਚ ਪੰਜਾਬੀ ਦਾ ਅਖਬਾਰ ਸੀ।ਸਲੀਮ ਮੁੰਹਮਦ ਨੇ ਉਸ ਨੂੰ ਬਾਲਇਕਮ ਸਲਾਮ ਕਿਹਾ ਅਤੇ ਜਾਗਰ ਸਿੰਘ ਨੇ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਂਦਿਆਂ ਮੈਨੂੰ ਦੱਸਿਆ, “ ਇਹ ਗੋਪਾਲ ਜੀ ਹਨ।” ਮੈਂ ਹੱਥ ਜੋੜੇ ਤੇ ਉਸ ਨੇ ਵੀ ਸਿਰ ਝੁਕਾਂਦਿਆਂ ਸਤਿ ਸ੍ਰੀ ਅਕਾਲ ਕਿਹਾ ਅਤੇ ਸਾਡੇ ਵਾਲੇ ਬੈਂਚ ਉੱਪਰ ਹੀ ਦੂਜੀ ਸਾਈਡ ‘ਤੇ ਬੈਠ ਗਿਆ।
“ ਜਦੋਂ ਉਹਨਾਂ ਤੁਹਾਡੇ ਘਰ ਉੱਪਰ ਹਮਲਾ ਕੀਤਾ ਤਾਂ ਕਿਸੇ ਦਾ ਜਾਨੀ ਨੁਕਸਾਨ ਵੀ ਹੋਇਆ।” ਮੈਂ ਗੱਲ ਅੱਗੇ ਵਧਾਉਂਦਿਆ ਕਿਹਾ, “ ਫਿਰ ਕੀ ਹੋਇਆ।”
“ ਇਤਫਾਕ ਸਮਝੋ ਜਾਂ ਅਰਦਾਸ ਸੁਣੀ ਗਈ ਜੋ ਜਾਨੀ ਨੁਕਸਾਨ ਹੋਣੋ ਬਚ ਗਿਆ, “ਜਾਗਰ ਸਿੰਘ ਨੇ ਅੱਗੇ ਦੱਸਿਆ, “ ਘਰ ਵਿਚ ਮੈਂ ਹੀ ਸਾਂ, ਮੇਰੀ ਪਤਨੀ ਮੇਰੀ ਲੜਕੀ ਕੋਲ ਪੰਜਾਬ ਗਈ ਹੋਈ ਸੀ।ਉਹਨਾਂ ਮੇਰੇ ਲੋਹੇ ਦੀ ਰਾਡ ਮਾਰੀ ਤਾਂ ਮੈਂ ਬੇਹੋਸ਼ ਹੋ ਗਿਆ ਅਤੇ ਮੈਨੂੰ ਮਰਿਆ ਸਮਝ ਕੇ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਲੈ ਗਏ। ਉਹਨਾਂ ਦੇ ਜਾਣ ਤੋਂ ਬਾਅਦ ਸਾਡਾ ਦੂਜਾ ਗੁਵਾਢੀ ਅਰਜਨ ਪਾਲ ਜੋ ਗੁੰਡਿਆਂ ਦੇ ਸਾਹਮਣੇ ਆਉਣ ਤੋਂ ਡਰਦਾ ਲੁਕ ਗਿਆ ਸੀ, ਸਾਡੇ ਘਰ ਆਇਆ । ਮੇਰੇ ਮੂੰਹ ਵਿਚ ਪਾਣੀ ਪਾ ਕੇ ਹੋਸ਼ ਵਿਚ ਲਿਆਂਦਾ ਅਤੇ ਆਪਣੇ ਘਰ ਲੈ ਗਿਆ। ਉਸ ਨੇ ਕਈ ਦਿਨ ਮੇਰੀ ਦੇਖ-ਭਾਲ ਕੀਤੀ ਅਤੇ ਠੀਕ ਹੋਣ ਤੇ ਉਸ ਦੀ ਸਲਾਹ ਨਾਲ ਪੰਜਾਬ ਚਲਿਆ ਗਿਆ।”
“ ਤੁਸੀ ਕਿਸਮਤ ਵਾਲੇ ਨਿਕਲੇ ਜੋ ਬਚ ਗਏ।” ਗੋਪਾਲ ਜੀ ਨੇ ਕਿਹਾ ਜੋ ਜਾਗਰ ਸਿੰਘ ਦੀ ਹੱਡ ਬੀਤੀ ਬਾਰੇ ਜਾਣਦਾ ਲਗਦਾ ਸੀ।”
“ ਜਾਨ ਬਚੀ ਸੌ ਉਪਾਅ।” ਸਲੀਮ ਮੁੰਹਮਦ ਨੇ ਕਿਹਾ, “ਉਸ ਤਰਾਂ ਜਿਹਨਾਂ ਇਹ ਜ਼ੁਲਮ ਕੀਤਾ, ਉਹਨਾਂ ਦੀਆ ਜਾਨਾਂ ਦਾ ਭੀ ਕੀ ਵਸਾਹ ਵਾਂ, ਇਸ ਲਈ ਸੁਥਰਾ ਸ਼ਾਹ ਆਖਦਾ ਸੂ, “ਅੱਖ ਫਰਕਣੀ ਨਾ ਮਿਲੇ ਮੂੰਹ ਵਿਚ ਰਹੇ ਨਾ ਗਰਾਹ।”
“ ਮਾਲੀ ਨੁਕਸਾਨ ਜੋ ਹੋਇਆ ਸੋ ਹੋਇਆ।” ਮੈ ਬੋਲੀ, “ ਜਿਹਨਾ ਲੋਕਾਂ ਦੀਆਂ ਇੱਜ਼ਤਾ ਅਤੇ ਜਾਨਾਂ ਇਸ ਨਿੰਦਕਯੋਗ ਕਾਰੇ ਵਿਚ ਚਲੇ ਗਈਆਂ, ਉਹਨਾਂ ਨੂੰ ਭੁਲਾਣਾ ਬਹੁਤ ਔਖਾ ਹੈ।”
“ ਇਕੱਲੀ ਦਿੱਲੀ ਵਿਚ ਹੀ ਤੇਰਾਂ ਸੌ ਸਿੱਖ ਜਨਾਨੀਆਂ ਵਿਧਵਾ ਅਤੇ ਚਾਰ ਹਜ਼ਾਰ ਬੱਚੇ ਯਤੀਮ ਹੋਏ।” ਗੋਪਾਲ ਜੀ ਨੇ ਦੱਸਿਆ, “ ਇਹ ਅੰਕੜੇ  ‘ਇਨਵੈਸਟੀਗੇਸ਼ਨ ਕਮੇਟੀ ਬਾਈ ਸਿਟੀਜਨ ਫਾਰ ਡੈਮੋਕਰੇਸੀ ਕਮਿਸ਼ਨ’ ਦੇ ਸਨ।”
“ ਰਾਜ ਕੁਮਾਰੀ ਸਿਨਹਾ ਨੇ ਵੀ ਆਪਣੀ ਪੜਤਾਲ ਵਜੋਂ ਪਾਰਲੀਮਿੰਟ ਵਿਚ ਬਿਆਨ ਦਿੱਤਾ ਸੀ ਕਿ ਨੌ ਸੌ ਨੱਬੇ ਔਰਤਾਂ ਦਿੱਲੀ ਫਸਾਦਾਂ ਵਿਚ ਵਿਧਵਾ ਹੋਈਆਂ।” ਜਾਗਰ ਸਿੰਘ ਨੇ ਦੱਸਿਆ, “ ਭਾਂਵੇ ਬਿਲਊ ਸਟਾਰ ਹਮਲੇ ਸਮੇਂ ਵੀ 4712 ਸਿੱਖ ਫੜੇ ਸਨ।”
“ ਹਾਂ ਜੀ।” ਮੈ ਹੁੰਗਾਰਾ ਭਰਦਿਆਂ ਕਿਹਾ, “ਉਹਨਾਂ ਵਿਚ ਸੱਤ- ਅੱਠ ਸਾਲ ਦੇ ਬੱਚੇ ਵੀ ਸਨ ਜਿਹਨਾਂ ਦੀਆਂ ਬਾਹਾਂ ਉੱਪਰ ਪ੍ਰਿਜ਼ਨਰ ਔਫ ਵਾਰ ਦੇ ਟੈਗ ਬੰਨੇ ਹੋਏ ਸਨ।”
“ ਉਹ ਤਾਂ ਜੀ ਸਭ ਸ਼ਰਧਾਲੂ ਸਨ ਜੋ ਦਰਬਾਰ ਸਾਹਿਬ ਦੇ ਦਰਸ਼ਨਾ ਨੂੰ ਹੀ ਆਏ ਹੋਏ ਸਨ।” ਗੋਪਾਲ ਜੀ ਨੇ ਸੱਚ ਬੋਲਿਆ, “ ਸੱਠ ਮੁਲਾਜ਼ਮ ਤਾਂ ਸ਼ਰੌਮਣੀ ਕੇਮਟੀ ਦੇ ਹੀ ਸਨ ਜਿਹਨਾਂ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ।”
“ ਜ਼ੁਲਮ ਤਾਂ ਇੰਨਾ ਹੋਇਆ ਕਿ ਆਪਾ ਸਾਰਾ ਦਿਨ ਵੀ ਜ਼ਿਕਰ ਕਰੀਏ ਤਾਂ ਮੁੱਕ ਨਹੀ ਸਕਦਾ।” ਮੈ ਜਾਗਰ ਸਿੰਘ ਵੱਲ ਗੱਲ ਲਿਜਾਂਦਿਆਂ ਹੋਇਆ ਕਿਹਾ, “ ਤੁਸੀਂ ਹੋਰ ਵੀ ਕੁਝ ਦੱਸਣਾ ਚਾਹੁੰਦੇ ਹੋ? ਤੁਸੀਂ  ਕਹਿ ਰਹੇ ਸੀ ਜਿਹਨਾਂ ਲੇਖਕਾਂ ਨੂੰ ਤੁਸੀ ਕਹਾਣੀ ਲਿਖਣ ਲਈ ਕਿਹਾ, ਉਹਨਾਂ ਤੁਹਾਡੀ ਕਹਾਣੀ ਸੁਣੀ ਹੀ ਨਹੀ।”
“ ਇਕ-ਦੋ ਨੇ ਸੁਣੀ ਵੀ, ਪਰ ਉਹਨਾਂ ਕਹਿ ਦਿੱਤਾ ਕਿ ਇਹ ਵੀ ਕੋਈ ਕਹਾਣੀ ਆ।ਇਸ ਤਰਾਂ ਤਾਂ ਕਈਆਂ ਨਾਲ ਹੋਇਆ।” ਜਾਗਰ ਸਿੰਘ ਨੇ ਦੱਸਿਆ, “ ਮੈ ਤਾਂ  ਦੋ ਕੁ ਕਥਾਕਾਰਾਂ ਨਾਲ ਵੀ ਗੱਲ ਕੀਤੀ ਕਿ ਤੁਸੀ ਪੁਰਾਣਾ ਇਤਹਾਸ ਤਾਂ ਬਹੁਤ ਦੱਸਦੇ ਰਹਿੰਦੇ ਹੋ ਕਿ ਮੁਗਲਾਂ ਨੇ ਸਾਡੇ ਨਾਲ ਆਹ ਕੀਤਾ, ਗੋਰਿਆਂ ਨੇ ਕਿਵੇ ਸਿੱਖ ਰਾਜ ਨੂੰ ਢਾਅ ਲਾਈ, ਜੋ ਚੌਰਾਸੀ ਵਿਚ ਹੋਇਆ ਉਹਦੀ ਵੀ ਗੱਲ ਕਰਿਆ ਕਰੋ।”
“ ਕੀ ਜ਼ਵਾਬ ਦਿੱਤਾ ਉਹਨਾਂ?” ਮੈ ਵਿਚੋਂ ਹੀ ਬੋਲ ਪਈ, “ ਇਹ ਗੱਲ ਤਾਂ ਮੇਰੇ ਦਿਮਾਗ ਵਿਚ ਵੀ ਕਈ ਵਾਰੀ ਆਈ ਢਾਡੀ, ਕਥਾਕਾਰ ਚੌਰਾਸੀ ਦੀ ਗੱਲ ਘੱਟ ਹੀ ਕਰਦੇ ਨੇ।”
“ ਉਹਨਾਂ ਦਾ ਜ਼ਵਾਬ ਸੀ ਕਿ ਕਥਾ ਦੇ ਨਾਲ ਨਾਲ ਸਾਨੂੰ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਦਾ ਵੀ ਫਿਕਰ ਹੁੰਦਾ ਹੈ।” ਜਾਗਰ ਸਿੰਘ ਨੇ ਦੱਸਿਆ, “ ਭਾਰਤ ਵਿਚ ਰਹਿ ਕੇ ਇਸ ਤਰਾਂ ਦੀਆਂ ਗੱਲਾਂ ਕਿਵੇ ਕਰ ਸਕਦੇ ਹਾਂ।”
ਸਲੀਮ ਮੁੰਹਮਦ ਆਪਣੀ ਆਦਤ ਅਨੁਸਾਰ ਫਿਰ ਬੋਲਿਆ, “ ਦਾਦੂ ਦੁਨੀਆ ਬਾਂਵਰੀ ਚਲੇ ਚਾਮ ਦੇ ਦਾਮ, ਪੂਛ ਮਰੋੜੇ ਬਲਦ ਦੀ ਕਾਢੇ ਆਪਣਾ ਕਾਮ।”
“ ਜਿਸ ਤਰਾਂ ਸੱਚ ਬੋਲਣ ਤੋਂ ਲੋਕੀ ਡਰਦੇ ਰਹਿੰਦੇ ਨੇ।” ਮੈ ਕਿਹਾ, “ ਉਸ ਤਰਾਂ ਸੱਚ ਲਿਖਣ ਤੋਂ ਵੀ ਡਰ ਜਾਂਦੇ ਨੇ।”
“ ਬੀਬੀ, ਇਸ ਦਾ ਮਤਲਵ ਤੂੰ ਵੀ ਮੇਰਾ ਅਫ਼ਸਾਨਾ ਨਹੀ ਲਿਖੇਗੀ।” ਜਾਗਰ ਸਿੰਘ ਨੇ ਕਿਹਾ, “ ਮੈ ਮੰਨਦਾ ਹਾਂ ਮੇਰੀ ਕਹਾਣੀ  ਅਨੌਖੀ ਨਹੀ ਹੈ, ਪਰ ਮੈ ਚਾਹੁੰਦਾਂ ਹਾਂ ਕੋਈ ਇਸ ਗੱਲ ਦਾ ਜ਼ਿਕਰ ਜ਼ਰੂਰ ਕਰੇ ਕਿ ਮੈ ਕਾਮਰੇਡ ਤੋਂ ਸਿੱਖ ਕਿਵੇ ਬਣਿਆ।”
“ ਨਹੀ ਐਸੀ ਕੋਈ ਗੱਲ ਨਹੀ।” ਮੈ ਉਸ ਨੂੰ ਕਿਹਾ, “ ਜਿਵੇ ਕਿਵੇ ਵੀ ਹੋਇਆ ਮੈ ਲਿਖਣ ਦਾ ਜਤਨ ਕਰਾਂਗੀ, ਪਰ ਤੁਸੀ ਇਹ ਕਹਾਣੀ ਦੱਸਦੇ ਸ਼ਰਮ ਕਿਉਂ ਮਹਿਸੂਸ ਕਰ ਰਹੇ ਸੀ?
“ ਸ਼ਰਮ ਤਾਂ ਮਹਿਸੂਸ ਕਰ ਰਿਹਾ ਸੀ ਕਿ ਬਿਲਊ ਸਟਾਰ ਅਪਰੇਸ਼ਨ ਨੂੰ ਸਹੀ ਕਿਹਾ ਸੀ ਜੋ ਸਰਾਸਰ ਗੱਲਤ ਸੀ।”
“ ਤੁਸੀ ਤਾਂ ਕਾਮਰੇਡ ਹੋਣ ਕਾਰਨ ਹੀ ਸਹੀ ਕਿਹਾ ਹੋਵੇਗਾ।” ਗੋਪਾਲ ਜੀ ਬੋਲੇ, “ ਮੈ ਤਾਂ ਕਈ ਸਿੱਖ ਦੇਖੇ ਜੋ ਅਜੇ ਵੀ ਕਹਿ ਰਹੇ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਹੀ ਪੈਣਾ ਸੀ।”
“ ਉਹਨਾਂ ਨੂੰ ਸਮਝ ਹੀ ਏਨੀ ਕੁ ਹੈ।” ਮੈ ਗੱਲ ਮਕਾਉਣ ਦੇ ਢੰਗ ਅਤੇ ਕਹਾਣੀ ਦੇ ਅੰਤ ਵੱਲ ਜਾਂਦਿਆ ਕਿਹਾ , “ ਤੁਸੀ ਪੰਜਾਬ ਤੋਂ ਕੈਨੇਡਾ ਕਿਵੇ ਆ ਗਏ?”
“ ਮੇਰੀ ਇਕ ਲੜਕੀ ਹੀ ਹੈ ਜੋ ਦਿੱਲੀ ਦੇ ਹਮਲਿਆ ਵੇਲੇ ਆਪਣੇ ਮਾਮਾ ਜੀ ਕੋਲ ਰਹਿ ਕੇ ਪੰਜਾਬ ਵਿਚ ਪੜ੍ਹ ਰਹੀ ਸੀ, ੳਦੋਂ ਮੇਰੀ ਪਤਨੀ ਉਹਨਾਂ ਕੋਲ ਹੀ ਗਈ ਸੀ।” ਜਾਗਰ ਸਿੰਘ ਨੇ ਦੱਸਿਆ, “ ਉਸ ਦਾ ਰਿਸ਼ਤਾ ਕੈਨੇਡਾ ਵਿਚ ਹੋ ਗਿਆ ਸੀ ਅਤੇ ਉਸ ਨੇ ਸਾਨੂੰ ਵੀ ਇੱਥੇ ਬੁਲਾ ਲਿਆ।”
“ਚੰਗਾ ਜੀ, ਮੈ ਹੁਣ ਚਲਦੀ ਹਾਂ।” ਮੈ ਬੈਂਚ ਤੋਂ ਉੱਠਦਿਆਂ ਕਿਹਾ, “ ਕੋਸ਼ਿਸ਼ ਕਰਾਂਗੀ, ਤੁਹਾਡੇ ਵਲੋਂ ਦੱਸੀਆਂ ਗੱਲਾਂ ਨੂੰ ਕਹਾਣੀ ਦਾ ਰੂਪ ਦੇਣ ਲਈ।”
“ ਬੀਬਾ, ਜਦੋਂ ਵੀ ਕਹਾਣੀ ਲਿਖੀ ਗਈ ਮੈਨੂੰ ਪੜ੍ਹਨ ਲਈ ਜ਼ਰੂਰ ਦੇਵੀ।” ਗੋਪਾਲ ਜੀ ਨੇ ਕਿਹਾ, “ ਮੈ ਅੱਗੇ ਵੀ ਤੁਹਾਡੀਆਂ ਲਿਖੀਆਂ ਕਹਾਣੀਆਂ ਪੇਪਰਾਂ ਵਿਚ ਪੜ੍ਹਦਾ ਰਹਿੰਦਾ ਹਾਂ।”
“ ਬੀਬੀ, ਮੈਨੂੰ ਵੀ ਦੱਸੀ।” ਜਾਗਰ ਸਿੰਘ ਨੇ ਕਿਹਾ, “ ਮੇਰੀ ਰੂਹ ਨੂੰ ਵੀ ਸ਼ਾਂਤੀ ਆ ਜਾਵੇਗੀ ਕਿ ਮੇਰੀ ਗੱਲ ਸੁਣੀ ਗਈ।”
“ ਜਾਗਰ ਸਿੰਘ ਜੀ,ਤੁਸਾਂ ਕਹਾਣੀ ਪੜ੍ਹ ਕੇ ਮੈਨੂੰ ਸਣਾਉਣਾ।” ਸਲੀਮ ਮੁੰਹਮਦ ਨੇ ਕਿਹਾ, “ ਮੈ ਸ਼ਾਹਮੁੱਖੀ ਤਾਂ ਪੜ੍ਹ ਲੈਂਦਾ ਹਾਂ ਗੁਰਮੱਖੀ ਨਹੀ ਜਾਣਦਾ।”
“ ਕਹਾਣੀ ਵਿਚ ਜੇ ਮੈ ਤੁਹਾਡੇ ਨਾਮ ਅਸਲੀ ਲਿਖ ਦੇਵਾਂ, ਤੁਹਾਨੂੰ ਕੋਈ ਮਾਈਂਡ ਤਾਂ ਨਹੀ ਹੋਵੇਗਾ।” ਮੈ ਪੁੱਛਿਆ, “ ਜੋ ਗੱਲਾਂ ਤੁਸੀ ਕੀਤੀਆਂ ਨੇ ਸਭ ਲਿਖਣੀਆਂ ਪੈਣੀਆਂ ਨੇ।”
“ ਬੀਬਾ, ਤੂੰ ਖੁਲ੍ਹ ਕੇ ਸਾਡੇ ਨਾਮਾ ਦਾ ਜ਼ਿਕਰ ਕਰੀ।” ਗੋਪਾਲ ਜੀ ਨੇ ਕਿਹਾ, “ਕੈਨੇਡਾ ਵਰਗੇ ਦੇਸ਼ਾ ਵਿਚ ਵੀ ਜੇ ਅਸੀ ਆਪਣੇ ਸੱਚੇ ਵਿਚਾਰ ਖੁਲ੍ਹ ਕੇ ਲੋਕਾਂ ਸਾਹਮਣੇ ਨਾ ਰੱਖੇ ਤਾਂ ਫਿਰ ਕਿੱਥੇ ਰੱਖਣੇ ਆ, ਸਾਨੂੰ ਕੋਈ ਡਰ ਨਹੀ।”
“ ਕੂੜ ਨਿਖੁਟੇ ਨਾਨਕਾ ਓੜਿਕ ਸਚਿ ਰਹੀ।” ਜਾਗਰ ਸਿੰਘ ਨੇ ਕਿਹਾ, “ ਸੱਚ ਨੇ ਸੱਚ ਹੀ ਰਹਿਣਾ,ਤੇਰਾ ਧੰਨਵਾਦ ਬੀਬੀ, ਜੋ ਤੂੰ ਸਮਾਂ ਕੱਢ ਕੇ ਮੇਰੀ ਕਹਾਣੀ ਸੁਣੀ ਅਤੇ ਲਿਖਣ ਲਈ ਹਾਮੀ ਭਰੀ।”
ਤਿੰਂਨਾ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੀ ਮੈ ਆਪਣੀ ਕਾਰ ਵੱਲ ਨੂੰ ਤੁਰ ਪਈ।

This entry was posted in ਕਹਾਣੀਆਂ.

One Response to ਇਕ ਹੋਰ ਅਫ਼ਸਾਨਾ

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>