ਫੇਸਬੁੱਕ

“ ਮੰਮੀ ਮੈਂ ਵੀ ਫੇਸਬੁੱਕ ਬਣਾਉਣੀ ਆ।” ਪ੍ਰੀਤੀ ਨੇ ਜਦੋਂ ਇਹ ਗੱਲ ਆਪਣੀ ਮੱਮੀ ਗੁਰਜੀਤ ਨੂੰ ਦੱਸੀ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ।ਇਸ ਲਈ ਉਸ ਨੇ ਇੱਕਦਮ ਕਹਿ ਦਿੱਤਾ, “ ਨੋ, ਤੂੰ ਨਹੀਂ ਬਣਾ ਸਕਦੀ।”

“ ਕਿਉਂ ਨਹੀਂ ਬਣਾ ਸਕਦੀ”? ਕਿਸ਼ੋਰ ਉਮਰ ਦੇ ਉਤਵਲੇਪਨ ਨਾਲ ਪ੍ਰੀਤੀ ਨੇ ਕਿਹਾ, “ ਮੇਰੀਆਂ ਕਈ ਸਹੇਲੀਆਂ ਨੇ ਬਣਾਈ ਹੈ।”

ਗੁਰਜੀਤ ਨੇ ਆਪਣੇ ਗੁੱਸੇ ਨੂੰ ਸੰਭਾਲਦਿਆਂ ਪਿਆਰ ਨਾਲ ਕਿਹਾ, “ ਬੇਟਾ, ਤੂੰ ਅਜੇ ਛੋਟੀ ਆ।”

“ ਮਾਮ, ਸੋਨੀ ਨੇ ਵੀ ਬਣਾਈ ਆ, ਉਹ ਤਾਂ ਮੇਰੇ ਕੋਲੋ ਵੀ ਚਾਰ ਮਹੀਨੇ ਛੋਟੀ ਆ।”

“ ਓ.ਕੇ।” ਗੁਰਜੀਤ ਨੇ ਸਾਹ ਲੈ ਕੇ ਕਿਹਾ, “ ਹਰ ਰੋਜ਼ ਤੇਰੀ ਪ੍ਰੋਫਾਈਲ ਮੈਂ ਚੈਕ ਕਰਿਆਂ ਕਰਾਂਗੀ।”

“ ਨੋ,ਨੋ ਤੁਸੀ ਮੇਰੇ ਅਕਾਊਟ ਵਿਚ ਨਹੀਂ ਜਾ ਸਕਦੇ।”

“ ਚੰਗਾ ਫਿਰ ਨੋ ਫੇਸਬੁੱਕ।”

“ ਤੁਸੀ ਮੇਰੀ ਪ੍ਰੋਫਾਲੀਲ ‘ਤੇ ਜਾਣਾ ਕਿਉਂ ਚਾਹੁੰਦੇ ਹੋ?”

“ ਇਸ ਕਰਕੇ ਕਿ ਤੇਰੇ ਫਰੈਂਡਜ ਕੌਣ ਆ? ਉਹ ਕੀ ਗੱਲ-ਬਾਤ ਕਰ ਰਹੇ ਨੇ।” ਗੁਰਜੀਤ ਨੇ ਸਾਫ ਹੀ ਕਿਹਾ, “ ਇਹ ਸੱਭ ਦੇਖਣ ਲਈ।”

“ ਫਿਰ ਮੇਰੀ ਪਰਾਈਵੇਸੀ ਕੀ ਰਹੀ।” ਪ੍ਰੀਤੀ ਨੇ ਮੂੰਹ ਅਜਿਹਾ ਬਣਾ ਕੇ ਕਿਹਾ, “ ਮੇਰੀਆਂ ਦੂਜੀਆਂ ਸਹੇਲੀਆਂ ਦੀਆਂ ਮੰਮੀਆਂ ਤਾਂ ਉਹਨਾਂ ਦੀ ਫੇਸਬੁੱਕ ਦੇਖਦੀਆਂ ਵੀ ਨਹੀ।”

“ ਮੇਰੀਆਂ ਗੱਲਾਂ ਧਿਆਨ ਨਾਲ ਸੁਣ।” ਗੁਰਜੀਤ ਨੇ ਦ੍ਰਿੜਤਾ ਨਾਲ ਕਿਹਾ, “ ਪਹਿਲਾਂ ਤਾਂ ਇਹ ਕਿ ਤੈਂਨੂੰ ਪਰਾਈਵੇਸੀ ਦੀ ਕੋਈ ਲੋੜ ਨਹੀ, ਤੂੰ ਅਜੇ ਛੋਟੀ ਆ, ਬਾਕੀ ਜੇ ਤੇਰੀਆਂ ਦੂਜੀਆਂ ਸਹੇਲੀਆਂ ਦੀਆਂ ਮੱਮੀਆਂ ਉਹਨਾਂ ਦੀ ਫੇਸਬੁੱਕ ਚੈਕ ਨਹੀ ਕਰਦੀਆਂ ਤਾਂ ਇਸ ਦਾ ਇਹ ਮਤਲਵ ਨਹੀ ਕਿ ਮੈਂ ਵੀ ਨਾ ਕਰਾਂ।”

“ ਮੰਮੀ, ਮੈਂਨੂੰ ਸਮਝ ਨਹੀ ਲੱਗ ਰਹੀ ਕਿ ਤੁਸੀ ਇਸ ਤਰਾਂ ਦੀਆਂ ਗੱਲਾਂ ਕਰਕੇ ਮੇਰੀ ਪਰੋਫਾਈਲ ਕਿਉਂ ਚੈਕ ਕਰਨ ਚਾਹੁੰਦੇ ਹੋ?” ਪ੍ਰੀਤੀ ਵਿੰਅਗ ਨਾਲ ਹੱਸਦੀ ਬੋਲੀ, “ ਜੋ ਅਜੇ ਬਣੀ ਵੀ ਨਹੀ।”

“ ਅਗਰ ਤੂੰ ਕੁਝ ਗੱਲਤ ਨਹੀਂ ਕਰਨਾ ਤਾਂ ਤੈਂਨੂੰ ਇਸ ਗੱਲ ਦਾ ਫਿਕਰ ਨਹੀਂ ਹੋਣਾ ਚਾਹੀਦਾ ਕਿ ਤੇਰੀ ਫੇਸਬੁੱਕ ਮੈਂ ਚੈਕ ਕਰਾਂ ਜਾਂ ਤੇਰੇ ਡੈਡੀ।”

ਮਾਂ ਧੀ ਦੀ ਇਸ ਵਿਸ਼ੇ ਤੇ ਕਾਫੀ ਚਿਰ ਬਹਿਸ ਚਲਦੀ ਰਹੀ।ਅਖੀਰ ਵਿਚ ਗੱਲ ਇੱਥੇ ਹੀ ਖਤਮ ਹੋਈ ਕਿ ਪ੍ਰੀਤੀ ਫੇਸਬੁੱਕ ਬਣਾ ਤਾਂ ਸਕਦੀ ਹੈ,ਪਰ ਗੁਰਜੀਤ ਜਦੋਂ ਚਾਹੇ ਉਸ ਦੀ ਪ੍ਰੋਫਾਈਲ ਚੈਕ ਕਰ ਸਕਦੀ ਹੈ।ਫੇਸਬੁੱਕ ਬਣਾਉਣ ਦੇ ਦੂਜੇ ਦਿਨ ਹੀ ਮਾਂ ਧੀ ਦੀ ਫਿਰ ਲੜਾਈ ਸ਼ੁਰੂ ਹੋ ਗਈ। ਸਕੂਲ ਤੋਂ ਆਉਂਦੀ ਹੀ ਪ੍ਰੀਤੀ ਫੇਸਬੁੱਕ ਉੱਪਰ ਬੈਠ ਗਈ। ਉਸ ਨੂੰ ਦੇਖ ਕੇ ਗੁਰਜੀਤ ਗੁੱਸੇ ਵਿਚ ਬੋਲੀ, “  ਕੁਝ ਖਾਧਾ ਨਾ ਪੀਤਾ ਆਉਂਦੀ ਹੀ ਕੰਪਊਟਿਰ ਤੇ ਬੈਠ ਗਈ।”

“ ਮੈਂ ਸਿਰਫ ਦੋ ਮਿੰਟ ਲਈ ਹੀ ਜਾਣਾ ਆ, ਹੁਣ ਹੀ ਉੱਠਦੀ ਹਾਂ।”

ਗੁਰਜੀਤ ਚੁੱਪ-ਚਾਪ ਆਪਣਾ ਕੰਮ ਕਰਦੀ ਰਹੀ। ਅੱਧੇ ਘੰਟੇ ਬਾਅਦ ਵੀ ਜਦੋਂ ਪ੍ਰੀਤੀ ਨਾ ਉਠੀ ਤਾਂ ਗੁਰਜੀਤ ਨੇ ਜਾ ਕੇ ਕੰਪਊਟਿਰ ਦਾ ਸਵਿੱਚ ਔਫ ਕਰ ਦਿੱਤਾ।ਪ੍ਰੀਤੀ ਨੂੰ ਚੰਗਾ ਤਾਂ ਨਹੀਂ ਲੱਗਾ, ਪਰ ਬੋਲੀ ਕੁਝ ਨਾ। ਫਰਿਜ਼ ਖੋਲ ਕੇ ਖੜ੍ਹੀ ਹੋ ਗਈ ਅਤੇ ਫਿਰ ਛੇਤੀ ਹੀ ਗੁੱਸੇ ਵਾਲੀ ਅਵਾਜ਼ ਵਿਚ ਬੋਲੀ, “ ਖਾਵਾਂ ਕੀ?ਫਰਿਜ਼ ਵਿਚ ਕੁਛ ਖਾਣ ਨੂੰ ਦਿਸਦਾ ਤਾਂ ਹੈ ਨਹੀਂ, ਖਾਣ ਨੂੰ ਤਾਂ  ਲੈ ਕੇ ਨਹੀਂ ਆਉਂਦੇ।”

“ ਫਰਿਜ਼ ਭਾਂਵੇ ਭਰੀ ਹੋਵੇ ਤਹਾਨੂੰ ਖਾਣ ਨੂੰ ਫਿਰ ਵੀ ਨਹੀਂ ਲੱਭਦਾ।” ਗੁਰਜੀਤ ਸਿੰਕ ਵਿਚ ਭਾਂਡੇ ਧੋਂਦੀ ਬੋਲੀ, “ ਕੱਲ੍ਹ ਅਜੇ ਅਸੀ ਗਰੋਸਰੀ ਲੈ ਕੇ ਆਏ ਹਾਂ।”

“ ਪਰ ਖਾਣ ਲਈ ਤਾਂ ਕੁਛ ਲੈ ਕੇ ਨਹੀਂ ਆਏ।” ਪ੍ਰੀਤੀ ਉਸ ਹੀ ਅਵਾਜ਼ ਵਿਚ ਬੋਲੀ, “ ਹੁਣ ਮੈਨੂੰ ਹੰਗਰੀ ਰਹਿਣਾ ਪੈਣਾ ਆ।”

“ ਰੋਟੀ ਖਾ ਲੈ।” ਗੁਰਜੀਤ ਨੇ ਕਿਹਾ, “ ਬਹੁਤ ਹੀ ਸਵਾਦ ਗਾਜ਼ਰਾਂ ਦੀ ਸਬਜ਼ੀ ਬਣਾਈ ਆ।”

“ ਰੋਟੀ…ਈ।” ਪ੍ਰੀਤੀ ਨੇ ਲੰਮੀ ਅਜਿਹੀ ਅਵਾਜ਼ ਵਿਚ ਇਸ ਤਰਾਂ ਕਿਹਾ ਜਿਵੇਂ ਰੋਟੀ ਕੋਈ ਖਾਣ ਵਾਲੀ ਚੀਜ਼ ਹੀ ਨਾਂ ਹੋਵੇ।ਪਤਾ ਤਾਂ ਗੁਰਜੀਤ ਨੂੰ ਵੀ ਸੀ ਬੱਚੇ ਹਰ ਦਿਨ ਰੋਟੀ ਨਹੀਂ ਖਾਂਦੇ। ਰੋਜ਼ ਹੀ ਕੋਈ ਨਵੀਂ ਚੀਜ਼ ਲਭੱਣਗੇ।ਇਸ ਕਰ ਕੇ ਗੁਰਜੀਤ ਨੇ ਪ੍ਰੀਤੀ ਨੂੰ ਗਰਿਲ ਚੀਜ਼ ਸੈਂਡਬਿਚ ਬਣਾ ਦਿੱਤੀ ਤਾਂ ਪ੍ਰੀਤੀ ਖੁਸ਼ ਹੋ ਗਈ। ਪ੍ਰੀਤੀ ਨੂੰ ਖੁਸ਼ ਹੁੰਦਿਆਂ ਦੇਖ ਗੁਰਜੀਤ ਫਿਰ ਉਸ ਨੂੰ  ਪਿਆਰ ਨਾਲ ਸਮਝਾਉਣ ਲੱਗੀ, “ ਪ੍ਰੀਤੀ ਬੇਟੀ, ਮੰਮੀ ਡੈਡੀ ਬੱਚਿਆਂ ਦੀ ਭਲਾਈ ਖਾਤਰ ਕਈ ਗੱਲਾਂ ਤੋਂ ਰੋਕਦੇ ਹੁੰਦੇ ਨੇ, ਸੋ ਗੁੱਸਾ ਨਹੀ ਕਰੀਦਾ।” ਇਸ ਤਰਾਂ ਗੁਰਜੀਤ ਅਤੇ ਉਸ ਦੇ ਪਤੀ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਕਿ ਬੱਚਿਆਂ ਨੂੰ ਵਧੀਆ ਸੰਸਕਾਰ  ਦਿੱਤੇ ਜਾ ਸਕਣ। ਘਰ ਵਿਚ ਵੀ ਬੱਚਿਆਂ ਨਾਲ ਪੰਜਾਬੀ ਹੀ ਬੋਲਦੇ।ਬੱਚੇ ਵੀ ਉਹਨਾਂ ਨੂੰ ਸਮਝਣ ਦਾ ਪੂਰਾ ਯਤਨ ਕਰਦੇ ਘਰ ਵਿਚ ਪੰਜਾਬੀ ਬੋਲਣ ਨੂੰ ਹੀ ਪਹਿਲ ਦੇਂਦੇ। ਇਹ ਵੱਖਰੀ ਗੱਲ ਸੀ ਕਿ ਕੈਨੇਡਾ ਵਿਚ ਜੰਮੇ ਹੋਣ ਕਾਰਨ ਉਹਨਾਂ ਦੇ ਮੂੰਹ ਵਿਚੋਂ ਪੰਜਾਬੀ ਬੋਲਦਿਆਂ ਵੀ ਕਈ ਇੰਗਲਸ਼ ਸ਼ਬਦ ਨਿਕਲ ਜਾਂਦੇ।ਪਿਛੱਲੇ ਐਤਵਾਰ ਇਕ ਨਵੀਂ ਗੱਲ ਹੀ ਹੋ ਗਈ ਜਿਸ ਕਰਕੇ ਪਹਿਲੀ ਵਾਰ ਗੁਰਜੀਤ ਨੇ ਬੱਚਿਆਂ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਕੀਤੀ।ਗੁਰਜੀਤ ਦੀ ਭਾਣਜੀ ਜਿਸ ਦਾ ਵਿਆਹ ਕੇਨੈਡਾ ਵਿਚ ਹੋਇਆ ਸੀ। ਉਸ ਦੇ ਆਉਣ ਦੀ ਖੁਸ਼ੀ ਵਿਚ ਗੁਰਜੀਤ ਦੇ ਭਰਾ ਨੇ ਰਾਤ ਦੇ ਖਾਣੇ ਲਈ ਆਪਣੇ ਸਾਰੇ ਕਰੀਬੀ ਰਿਸ਼ਤੇਦਾਰਾਂ ਨੂੰ ਬੁਲਾਇਆ। ਜਦੋਂ ਗੁਰਜੀਤ ਦੀ ਭਾਣਜੀ ਨਨੀ ਆਪਣੇ ਸਹੁਰੇ ਪਰਿਵਾਰ ਨਾਲ ਪਹੁੰਚੀ ਤਾਂ ਸਭ ਨੂੰ ਖੁਸ਼ੀ ਹੋਈ।ਗੁਰਜੀਤ ਦੇ ਬੱਚੇ ਨਨੀ ਨਾਲ ਪੰਜਾਬੀ ਵਿਚ ਗੱਲਾਂ ਕਰਨ ਲੱਗੇ, ਪਰ ਨਨੀ ਹਰ ਗੱਲ ਦਾ ਜ਼ਵਾਬ ਇੰਗਲਸ਼ ਵਿਚ ਦੇਵੇ ਤਾਂ ਪ੍ਰੀਤੀ ਨੇ ਸਾਰਿਆਂ ਦੇ ਸਾਹਮਣੇ ਗੁਰਜੀਤ ਨੂੰ ਕਹਿ ਦਿੱਤਾ, “ ਮੰਮੀ, ਤੁਸੀ ਸਾਨੂੰ ਐੈਵਰੀਟਾਈਮ ਕਹਿੰਦੇ ਰਹਿੰਦੇ ਹੋ ਕਿ ਪੰਜਾਬੀ ਵਿਚ ਬੋਲੋ, ਤੁਹਾਡੀ ਸਿਸਟਰ ਦੀ ਡਾਟਰ ਜੋ ਪੰਜਾਬ ਤੋਂ ਹੀ ਆਈ ਸਾਡੇ ਨਾਲ ਇੰਗਲਸ਼ ਬੋਲਦੀ ਆ।” ਗੁਰਜੀਤ ਦੇ ਨਾਲ ਬਾਕੀਆਂ ਨੁੂੰ ਵੀ ਪਤਾ ਨਾਂ ਲੱਗੇ ਕਿ ਉਹ ਕੀ ਜ਼ਵਾਬ ਦੇਣ।ੳਦੋਂ ਹੀ ਪ੍ਰੀਤੀ ਦੀ ਸਹੇਲੀ ਸੋਨੀ ਜਿਸ ਨੂੰ ਉਸ ਦੇ ਡੈਡੀ ਹੁਣੇ ਹੀ ਉਤਾਰ ਕੇ ਗਏ ਸਨ, ਉਹ ਆ ਗਈ। ਉਸ ਨੇ ਸਾਰਿਆਂ ਦੇ ਨਾਲ ਨਨੀ ਨੂੰ ਸਤਿ ਸ੍ਰੀ ਅਕਾਲ ਕਿਹਾ ਤਾਂ ਉਸ ਨੇ ਹਾਏ ਕਹਿ ਕੇ ਸੋਨੀ ਦਾ ਸੁਆਗਤ ਕੀਤਾ।ਛੇਤੀ ਹੀ ਸਭ ਗੱਲਬਾਤ ਵਿਚ ਰੁੱਝ ਗਏ। ਸੋਨੀ ਪ੍ਰੀਤੀ ਅਤੇ ਨਨੀ ਵੀ  ਗੱਲੀ ਲੱਗ ਪਈਆਂ।ਤਿੰਨਾਂ ਦੀ ਉਮਰ ਦਾ ਵੀ ਬਹੁਤਾ ਫਰਕ ਨਹੀਂ ਸੀ।

ਅਗਲੇ ਹੀ ਦਿਨ ਸੋਨੀ ਨਨੀ ਅਤੇ ਪ੍ਰੀਤੀ ਫੇਸਬੁਕ ਉੱਪਰ ਵੀ ਫਰੈਂਡ ਬਣ ਗਈਆਂ।ਜਦੋਂ ਕਦੇ ਗੁਰਜੀਤ ਪ੍ਰੀਤੀ ਦੀ ਪ੍ਰੋਫਾਈਲ ਉੱਪਰ ਜਾਂਦੀ ਤਾਂ ਉਸ ਨੂੰ ਨਨੀ ਦੀਆਂ ਬਣ-ਸਵੰਨੀਆਂ ਫੋਟੋ ਵੀ ਦਿਸਦੀਆਂ।ਫੋਟੋ ਦੇ ਹੇਠਾਂ ਲੋਕਾਂ ਦੇ ਕੁਮੈਂਟਸ ਵੀ ਗੁਰਜੀਤ ਪੜ੍ਹਦੀ। ਕਦੀ ਕਦੀ ਓਪਰੇ ਮੁੰਡਿਆਂ ਵਲੋਂ ਨਨੀ ਦੀ ਸੁੰਦਰਤਾ ਦੀ ਤਾਰੀਫ ਗਾਣਿਆਂ ਦੇ ਘਟੀਆਂ ਟੋਟਕਿਆਂ ਵਿਚ ਕੀਤੀ ਜਾਂਦੀ ਤਾਂ ਗੁਰਜੀਤ ਨੂੰ ਚੰਗਾ ਨਾਂ ਲੱਗਦਾ। ਇਕ ਦਿਨ ਉਸ ਨੇ ਪ੍ਰੀਤੀ ਨੂੰ ਕਹਿ ਵੀ ਦਿੱਤਾ, “ ਮੈਂ ਤਾਂ ਨਨੀ ਨੂੰ ਕਹਿ ਦੇਣਾ ਕਿ ਉਹ ਆਪਣੀਆਂ ਪੋਜਾਂ ਵਿਚ ਖਿਚਾਈਆਂ ਫੋਟੋ ਫੇਸਬੁਕ ਉੱਪਰ ਨਾਂ ਪਾਇਆ ਕਰੇ।”

“ ਪਲੀਜ਼ ਮੰਮੀ, ਤੁਸੀਂ ਇਸ ਤਰਾਂ ਨਾਂ ਕਰਨਾ।” ਪ੍ਰੀਤੀ ਨੇ ਇਕਦਮ ਕਿਹਾ, “ ਮੈਂ ਤਾਂ ਕਿਸੇ ਨੂੰ ਦੱਸਿਆ ਵੀ ਨਹੀਂ ਤੁਸੀਂ ਮੇਰੀ ਪ੍ਰੋਫਾਈਲ ਉੱਪਰ ਜਾਂਦੇ ਹੋ।”

“ ਜਦੋਂ ਨਨੀ ਦੇ ਹਸਬੈਂਡ ਨੂੰ ਪਤਾ ਲਗਿਆ ਕਿ ਦੂਸਰੇ ਮੁੰਡੇ ਉਸ ਦੀ ਵਾਈਫ ਦੀ ਤਾਰੀਫ ਗਾਣਿਆ ਦੇ ਟੋਟਕਿਆਂ ਵਿਚ ਲਿਖਦੇ ਨੇ ਤਾਂ ਉਹਨਾਂ ਦੇ ਘਰ ਲੜਾਈ ਪੈ ਸਕਦੀ ਆ।”

“ ਮੰਮੀ, ਨਨੀ ਤਾਂ  ਜੰਗ ਆ।” ਪ੍ਰੀਤੀ ਹੱਸਦੀ ਹੋਈ ਬੋਲੀ, “ ਕਈ ਆਂਟੀਆਂ ਵੀ ਆਪਣੀ ਬਿਊਟੀ ਦੇ ਕੁਮੈਂਟਸ ਲੈਣ ਲਈ ਨਵੇਂ ਨਵੇਂ ਕੱਪੜੇ ਪਾ ਕੇ ਨਨੀ ਵਾਂਗ ਹੀ ਫੋਟੋ ਲਾਉਂਦੀਆਂ ਰਹਿੰਦੀਆਂ ਆ।”

“ ਸੱਚੀ।” ਗੁਰਜੀਤ ਨੇ ਹੈਰਾਨ ਹੁੰਦੇ ਕਿਹਾ, “ ਫਿਰ ਲੋਕੀ ਕੀ ਕੁਮੈਂਟਸ ਦਿੰਦੇ  ਆ।”

“ ਤਹਾਨੂੰ ਹੁਣੇ ਹੀ ਦਿਖਾਲ ਦੇਂਦੀ ਹਾਂ।” ਇਹ ਕਹਿੰਦੇ ਹੋਏ ਪ੍ਰੀਤੀ ਆਪਣਾ ਕੰਪਿਊਟਰ ਔਨ ਕਰ ਲਿਆ।ਗੁਰਜੀਤ ਨੇ ਦੇਖਿਆ ਇਕ ਕਾਫੀ ਉਮਰ ਦੀ ਜ਼ਨਾਨੀ ਵਾਲ ਖਿਲਾਰ ਕੇ ਖੜ੍ਹੀ ਸੀ।ਉਸ ਦੀ ਉਮਰ ਦੇ ਬੰਦਿਆਂ ਨੇ ਕੁਮੈਂਟਸ ਤਾਂ ਦੇਣੇ ਹੀ ਸਨ।ਛੋਟੀ ਉਮਰ ਦੇ ਮੁੰਡਿਆਂ ਵੀ ਦਿੱਤੇ ਹੋਏ ਸਨ, “ ਕਿਆ ਕਹਨੇ ਤੇਰੀ ਜੁਲਫੇ ਕੇ, ਹੁਸਨ ਇਤਨਾ ਕੇ ਮਾਧਰੀ ਦਿਕਸ਼ਤ ਵੀ ਸ਼ਰਮਾ ਜਾਵੇ, ਜੁਲਫੋਂ ਕੀ ਰਾਤ ਮੇ ਚਾਂਦ ਸਾ ਚਿਹਰਾ ਆਦਿ। ਜਦੋਂ ਕਿ ਉਸ ਜ਼ਨਾਨੀ ਦੇ ਮੂੰਹ ਦੀਆਂ ਝੁਰੜੀਆਂ ਗਰਦਨ ਦੀਆਂ ਝੁਰੜੀਆਂ ਨਾਲੋ ਜ਼ਿਆਦਾ ਦਿਸ ਰਹੀਆਂ ਸਨ।ਉਸ ਦੇ ਖਿਲਰੇ ਬੇਢੰਗੇ ਵਾਲ ਉਸ ਨੂੰ ਬਿਲਕੁਲ ਵੀ ਸਜ ਨਹੀਂ ਸੀ ਰਹੇ।ਗੁਰਜੀਤ ਨੂੰ ਇਹ ਸਭ ਦੇਖ ਕੇ ਹੈਰਾਨੀ ਹੋਈ ਤਾਂ ਉਸ ਨੇ ਕਿਹਾ, “ ਕੁਮੈਂਟਸ ਦੇਣ ਵਾਲੇ ਲੋਕ ਝੂਠ ਕਿਉਂ ਲਿਖ ਰਹੇ ਨੇ।”

“ ਆਹ ਅੰਕਲ ਥੋੜ੍ਹੀ ਝੂਠ ਲਿਖ ਰਿਹਾ ਹੋਵੇਗਾ।” ਪ੍ਰੀਤੀ ਨੇ ਉਸ ਜ਼ਨਾਨੀ ਦੇ ਉਮਰ ਦੇ ਬੰਦੇ ਦੀ ਫੋਟੋ ਦਿਖਾਂਦੇ ਹੋਏ ਹੱਸ ਕੇ ਕਿਹਾ, “ ਇਹਨੂੰ ਤਾਂ ਆਂਟੀ ਸੋਹਣੀ ਲੱਗਦੀ ਹੋਵੇਗੀ।”

“ ਚਲੋ, ਇਹਨੂੰ ਤਾਂ ਆਂਟੀ ਸਹੋਣੀ ਲੱਗਦੀ ਹੋਵੇਗੀ।” ਗੁਰਜੀਤ ਵੀ ਹੱਸਦੀ ਬੋਲੀ, “ ਪਰ ਆ ਜਿਹੜੇ ਨੋਜ਼ੁਆਨ ਮੁੰਡੇ ਲਿਖ ਰਹੇ ਨੇ, ਮੈਨੂੰ ਤਾਂ ਲੱਗਦਾ ਇਹ ਵਿਚਾਰੀ ਅੰਟੀ ਦਾ ਮਖੌਲ ਹੀ ਉਡਾ ਰਹੇ ਨੇ।”

“ ਹੋਰ ਕਿਤੇ ਇਹ ਅੰਟੀ ਨੂੰ ਲਾਈਕ ਕਰਦੇ ਨੇ।” ਪ੍ਰੀਤੀ ਨੇ ਕਿਹਾ, “ ਆਂਟੀ ਵਿਚਾਰੀ ਐਂਵੇ ਹੀ ਇਹਨਾਂ ਦਾ ਥੈਂਕਊ ਕਰੀ ਜਾਂਦੀ।”

“  ਜ਼ਬਾਨੀ ਵਿਚ ਹੀ ਅਦਾਵਾਂ  ਚੰਗੀਆਂ  ਲੱਗਦੀਆਂ ਨੇ।” ਗੁਰਜੀਤ ਨੇ ਕਿਹਾ, “ ਢਲਦੀ ਉਮਰ ਵਿਚ ਬੰਦਾ ਅਦਾਵਾਂ ਕਰਦਾ ਜੱਚਦਾ ਵੀ ਨਹੀਂ।”

“ ਅਦਾਵਾਂ ਕੀ ਹੁੰਦੀਆਂ ਨੇ?” ਪ੍ਰੀਤੀ ਨੇ ਪੁੱਛਿਆ, “ ਉਹ ਕਿਵੇ ਕਰੀਦੀਆਂ ਨੇ।”

“ ਆ ਜੋ ਪੋਜ਼ ਬਣਾ ਬਣਾ ਕੇ ਫੋਟੋ ਖਿਚਵਾਣੀਆਂ।”

“ ਉਹ ਅੱਛਾ।”

ਉਦੋਂ ਹੀ ਰਿੰਗ ਹੋਈ ਤਾਂ ਗੁਰਜੀਤ ਦਰਵਾਜ਼ਾ ਖੋਲ੍ਹਣ ਚਲੀ ਗਈ।ਗੁਆਂਢਣ ਬਲਵਿੰਦਰ ਕੌਰ ਆਈ ਸੀ।
ਗੁਰਜੀਤ ਉਸ ਨੂੰ ਲੈ ਕੇ ਲਿਵਿੰਗ ਰੂਮ ਵਿਚ ਬੈਠ ਗਈ ਅਤੇ ਪ੍ਰੀਤੀ ਨੂੰ ਅਵਾਜ਼ ਮਾਰੀ, “ ਪ੍ਰੀਤੀ ਚਾਹ ਰੱਖ ਦੇ ਬਲਵਿੰਦਰ ਅੰਟੀ ਆਏ ਆ।”

“ਪ੍ਰੀਤੀ ਚਾਹ ਬਣਾ ਲੈਂਦੀ ਏ।” ਬਲਵਿੰਦਰ ਨੇ ਪੁੱਛਿਆ, “ਰੋਟੀ-ਰਾਟੀ ਵੀ ਬਣਾ ਲੈਂਦੀ ਏ।”

“ ਰੋਟੀ ਤਾਂ ਅਜੇ ਨਹੀਂ ਬਣਾਉਂਦੀ।” ਗੁਰਜੀਤ ਨੇ ਦੱਸਿਆ, “ ਮਾੜੀ-ਮੋਟੀ ਚਾਹ ਬਣਾ ਲੈਂਦੀ ਆ।”

“ ਸਾਡੀ ਪਿੰਕੀ ਇਹਦੇ ਹਾਣ ਦੀ ਆ।” ਬਲਵਿੰਦਰ ਦੱਸਣ ਲੱਗੀ, “  ਉਹ ਤਾਂ ਸਾਰਾ ਕੰਮ ਕਰ ਲੈਂਦੀ ਆ।

“ ਪ੍ਰੀਤੀ ਤਾਂ ਪਿੰਕੀ ਨਾਲੋਂ ਤਿੰਨ ਸਾਲ ਛੋਟੀ ਆ।” ਗੁਰਜੀਤ ਨੇ ਕਿਹਾ, “ ਵੈਸੇ ਸੱਚੀ ਪਿੰਕੀ ਬਹੁਤ ਸਿਆਣੀ ਕੁੜੀ ਆ, ਜਿਵੇ ਤੁਸੀ ਅੱਗੇ ਵੀ ਦੱਸਦੇ ਸੀ।”

“ ਅੱਜਕਲ੍ਹ ਦੀਆਂ ਕੁੜੀਆਂ ਦਾ ਤਾਂ ਪਿੰਕੀ ਨੂੰ ਪਾ ਵੀ ਨਹੀਂ ਲੱਗਾ।” ਬਲਵਿੰਦਰ ਬੋਲੀ, “ ਸਾਡੇ ਨਾਲਦਾ ਘਰ, ਖੰਨੀਏ, ਉਹਨਾਂ ਦੀ ਕੁੜੀ ਨੇ ਘਰਦਿਆਂ ਤੋਂ ਬਾਰੇ ਹੋ ਕੇ ਵਿਆਹ ਕਰਾਇਆ।

“ ਭੈਣ ਜੀ, ਅੱਜਕਲ੍ਹ ਦੇ ਬੱਚੇ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾਉਂਦੇ ਨੇ।”

“ ਅਸੀ ਤਾਂ ਨਹੀਂ ਇਸ ਤਰਾਂ ਕਰਨਾ।” ਬਲਵਿੰਦਰ ਨੇ ਨੱਕ ਚੜਾ ਕੇ ਗੱਲ ਕੀਤੀ, “ ਪਿੰਕੀ  ਤਾਂ ਸਾਡੇ ਤੋਂ ਬਾਹਰ ਕਦੀ ਨਹੀਂ ਜਾਵੇਗੀ, ਅਸੀ ਤਾਂ ਉਸ ਦਾ ਵਿਆਹ ਆਪਣੀ ਮਰਜ਼ੀ ਵਿਚ ਹੀ ਕਰਾਂਗੇ।”

ਉਦੋਂ ਹੀ ਪ੍ਰੀਤੀ ਚਾਹ ਲੈ ਕੇ ਆ ਗਈ ਅਤੇ ਬਲਵਿੰਦਰ ਦੀ ਗੱਲ ਉੱਪਰ ਉਸ ਨੂੰ ਹਾਸਾ ਆ ਗਿਅ।ਬਲਵਿੰਦਰ ਨੇ ਹੈਰਾਨ ਹੋ ਕੇ ਪ੍ਰੀਤੀ ਵੱਲ ਦੇਖਿਆ ਅਤੇ ਹਰਜੀਤ ਨੇ ਤਾਂ ਪੁੱਛ ਵੀ ਲਿਆ, “ ਪ੍ਰੀਤੀ ਤੈਨੂੰ ਕਿਸ ਗੱਲ ਦਾ ਹਾਸਾ ਆਇਆ?”

“ ਇਕ ਗੱਲ ਚੇਤੇ ਆ ਗਈ ਸੀ।”ਇਹ ਕਹਿ ਕੇ ਪ੍ਰੀਤੀ ਹੱਸਦੀ ਹੋਈ ਚਲੀ ਗਈ।

ਹਰਜੀਤ ਨੂੰ ਪ੍ਰੀਤੀ ਦਾ ਇਸ ਤਰਾਂ ਕਰਨਾ ਚੰਗਾ ਤਾਂ ਨਹੀਂ ਲੱਗਾ, ਪਰ ਬਲਵਿੰਦਰ ਸਾਹਮਣੇ ਚੁੱਪ ਰਹੀ।

ਬਲਵਿੰਦਰ ਦੇ ਚਲੇ ਜਾਣ ਤੋਂ ਬਾਅਦ ਹੀ ਹਰਜੀਤ ਨੇ ਇਕਦਮ ਪ੍ਰੀਤੀ ਨੂੰ ਕਿਹਾ, “ਬਚੂ, ਆਂਟੀ ਦੇ ਸਾਹਮਣੇ ਜੋ ਤੂੰ ਕੀਤਾ ਉਹ ਰੌਂਗ ਸੀ, ਤੈਨੂੰ ਇਸ ਤਰਾਂ ਹੱਸਣਾ ਨਹੀਂ ਸੀ ਚਾਹੀਦਾ।”

“ ਮੈਂ ਕਿਉਂ ਹੱਸੀ ਤੁਹਾਨੂੰ ਦਸ ਤਾਂ ਦੇਂਦੀ ਹਾਂ।” ਪ੍ਰੀਤੀ ਨੇ ਕਿਹਾ, “ ਪਲੀਜ਼ ਮੰਮਾ, ਕਿਸੇ ਨੂੰ ਦੱਸਣਾ ਨਾਂ।”

“ ਤੈਨੂੰ ਪਤਾ ਹੈ, ਜਦੋਂ ਤੂੰ ਮੈਨੂੰ ਇਹ ਕਹਿ ਦੇਂਦੀ ਏਂ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਤਾਂ ਮੈਂ ਕਦੀ ਕਿਸੇ ਨੂੰ ਨਹੀਂ ਦੱਸੀ।”

“ ਪਿੰਕੀ ਨੇ ਤਾਂ ਵਿਆਹ ਕਰ ਵੀ ਲਿਆ ਆ।” ਪ੍ਰੀਤੀ ਨੇ ਸਾਫ ਕਿਹਾ, “ ਉਸ ਨੇ ਫੋਟੋ ਵੀ ਫੇਸਬੁੱਕ ਉੱਪਰ ਪਾਈਆਂ ਸੀ। ਜਦੋਂ ਉਸ ਮੁੰਡੇ ਨੂੰ ਮਿਲੀ ਸੀ ਫਿਰ ਵੀ ਉਸ ਨੇ ਲਿਖਿਆ ਸੀ ਕਿ ਉਹ ਰਿਲੇਸ਼ਨਸ਼ਿਪ ਵਿਚ ਆ।”

ਹਰਜੀਤ ਹੈਰਾਨ ਹੋਈ ਬੋਲੀ, “ ਬਲਜਿੰਦਰ  ਹਮੇਸ਼ਾ ਪਿੰਕੀ ਦੀਆਂ ਸਿਫਤਾਂ ਕਰਦੀ ਰਹਿੰਦੀ ਆ, ਜਾਂ ਫਿਰ ਉਸ ਨੂੰ ਇਹਨਾਂ ਗੱਲਾਂ ਦਾ ਪਤਾ ਨਹੀ ਹੋਵੇਗਾ।”

ਨਾਲ ਹੀ ਹਰਜੀਤ ਨੂੰ ਇਸ ਗੱਲ ਦਾ ਵੀ ਚੇਤਾ ਆ ਗਿਆ। ਜਦੋਂ ਉਸ ਦੀ ਭਾਣਜੀ ਰੋਜ਼ੀ ਦੀ ਕੁੜਮਾਈ ਲਈ ਗੱਲ-ਬਾਤ ਚੱਲ ਰਹੀ ਸੀ ਤਾਂ ਉਸ ਦੀ ਭੈਣ ਨੇ ਕਿਹਾ ਸੀ ਕਿ ਅਜੇ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ,ਪਰ ਰੋਜ਼ੀ ਨੇ ਮੁੰਡੇ ਦੀਆਂ ਫੋਟੋ ਉਸ ਸਮੇਂ ਫੇਸਬੁੱਕ ਉੱਪਰ ਲਾ ਵੀ ਦਿੱਤੀਆਂ ਸਨ।ਹਰਜੀਤ ਦੀ ਸਹੇਲੀ ਲਾਡੀ ਨੇ ਜਦੋਂ ਵਧਾਈਆਂ ਦਾ ਫੋਨ ਕੀਤਾ ਕਿ ਭਾਣਜੀ ਮੰਗ ਹੋ ਗਈ ਆ ਤਾਂ ਹਰਜੀਤ ਕਹੀ ਜਾਵੇ ਨਹੀਂ,ਪਰ ਬਾਅਦ ਵਿਚ ਜਦੋਂ ਫੇਸਬੁਕ ‘ਤੇ ਫੋਟੋ ਦੀ ਗੱਲ ਹੋਈ ਤਾਂ ਹਰਜੀਤ ਨੂੰ ਕਿੰਨੀ ਸ਼ਰਮਿੰਦਗੀ ਉਠਾਣੀ ਪਈ ਸੀ।ਇਹ ਗੱਲ ਸੋਚਦੀ ਹਰਜੀਤ ਨੇ ਪ੍ਰੀਤੀ ਨੂੰ ਕਿਹਾ, “ ਦਿਖਾ ਤਾਂ ਪਿੰਕੀ ਦੀਆਂ ਫੋਟੋ।”
ਪ੍ਰੀਤੀ ਨੇ ਝੱਟ ਕੰਪਿਊਟਰ ਉੱਪਰ ਤਸਵੀਰਾਂ ਕੱਢ ਕੇ ਦਿਖਾ ਦਿੱਤੀਆਂ।ਹਰਜੀਤ ਨੂੰ ਗੁੱਸਾ ਤਾਂ ਪਿੰਕੀ ਉੱਪਰ ਆਇਆ ਕਿ ਉਸ ਨੇ ਕਿੰਨਾ ਵੱਡਾ ਭੇਦ ਆਪਣੀ ਮਾਂ ਤੋਂ ਲੁਕਾਇਆ ਹੋਇਆ ਆ,ਪਰ ਉਹ ਪ੍ਰੀਤੀ ਉੱਪਰ ਗੁੱਸਾ ਕੱਢਦੀ ਬੋਲੀ, “ ਤੂੰ ਵੀ ਨਾਂ ਬਹੁਤਾ ਫੇਸਬੁਕ ਉੱਪਰ ਬੈਠੀ ਰਿਹਾ ਕਰ, ਜੇ ਐਤਕੀ ਤੇਰੇ ਨੰਬਰ ਘੱਟ ਆਏ ਤਾਂ ਮੈਂ ਤੇਰੀ ਫੇਸਬੁਕ ਬੰਦ  ਕਰਵਾ ਦੇਣੀ ਆ।” ਪ੍ਰੀਤੀ ਡਰਦੀ ਨੇ ਉਸ ਵੇਲੇ ਹੀ ਕੰਪਿਊਟਰ ਬੰਦ ਕਰ ਦਿੱਤਾ ਅਤੇ ਪੜ੍ਹਾਈ ਕਰਨ ਬੈਠ ਗਈ।

ਅਗਲੇ ਦਿਨ ਪ੍ਰੀਤੀ ਸਕੂਲ ਪਹੁੰਚੀ ਤਾਂ ਸੋਨੀ ਉਸ ਨੂੰ ਪਾਰਕਇੰਗ -ਲੋਟ ਵਿਚ ਹੀ ਮਿਲ ਗਈ।ਕਿਸੇ ਉਤਸਕਤਾ ਵਿਚ ਬੋਲੀ, “ ਪ੍ਰੀਤੀ, ਤੈਨੂੰ ਇਕ ਗੱਲ ਦੱਸਣੀ ਆ।”

“ ਅੱਛਾ, ਗੱਲ ਕੀ ਹੈ।” ਪ੍ਰੀਤੀ ਨੇ ਗੱਲ ਜਾਨਣ ਦੀ ਕਾਹਲ ਵਿਚ ਕਿਹਾ, “ ਹੁਣੇ ਛੇਤੀ ਛੇਤੀ ਦੱਸ ਦੇ,ਫਿਰ ਟੀਚਰ ਨੇ ਆ ਜਾਣਾ ਹੈ ਅਤੇ ਕਲਾਸ ਸ਼ੁਰੂ ਹੋ ਜਾਣੀ ਆ।”

“ ਲੰਚ ਟਾਈਮ ਦੱਸਾਂਗੀ।” ਸੋਨੀ ਨੇ ਕਲਾਸ ਰੂਮ ਵਿਚ ਦਾਖਲ ਹੁੰਦੇ ਆਖਿਆ, “ ਤੈਨੂੰ ਪਰੋਮਸ ਵੀ ਕਰਨਾ ਪੈਣਾ ਹੈ ਕਿ ਇਹ ਗੱਲ ਕਿਸੇ ਨੂੰ ਦੱਸਣੀ ਨਹੀ।”

“ ਓ.ਕੇ।” ਪ੍ਰੀਤੀ ਨੇ ਓ. ਕੇ ਭਾਂਵੇ ਕਹਿ ਦਿਤਾ ਸੀ,ਪਰ ਉਸ ਦੇ ਮਨ ਵਿਚ ਇਹ ਜਾਨਣ ਦੀ ਤੀਬਰ ਲਾਲਸਾ ਕਿ ਉਹ ਕਿਹੜੀ ਗੱਲ ਹੈ ਜੋ ਸੋਨੀ ਨੇ ਉਸ ਨੂੰ ਦੱਸਣੀ ਹੈ।

ਲੰਚ ਟਾਈਮ ਦੋਨੋ ਸਹੇਲੀਆਂ ਦੌੜਦੀਆਂ ਹੋਈਆਂ ਗਰਾਂਉਡ ਵਿਚ ਪਹੁੰਚੀਆ।

“ ਟੈਲ ਮੀ ਨਾਉ।” ਪ੍ਰੀਤੀ ਨੇ ਬੈਂਚ ਉੱਪਰ ਬੈਠ ਦੇ ਕਿਹਾ, “ ਆਈ ਪਰੋਮਸ, ਆਈ ਨੈਵਰ ਟੈਲ ੲੈਨੀਵਨ।”

“ ਮੇਰੇ ਕੋਲ ਬੁਆਏ ਫਰੈਂਡ ਆ।”

“ ਤੈਨੂੰ ਕਿਥੋਂ ਮਿਲਿਆ?”

“ ਫੇਸ ਬੁੱਕ ਤੇ ਫਰੈਂਡ ਬਣਿਆ।”

“ ਤੇਰੇ ਡੈਡੀ ਨੂੰ ਪਤਾ ਆ।”

“ ਨੋ।”

“ ਤੇਰੇ ਡੈਡੀ, ਤੇਰੀ ਫੇਸਬੁਕ ਚੈਕ ਨਹੀਂ ਕਰਦੇ।”

“ ਉੇਹਨਾਂ ਨੂੰ ਤਾਂ ਪਤਾ ਵੀ ਨਹੀਂ ਮੇਰੇ ਕੋਲ ਫੇਸਬੁਕ ਆ।” ਸੋਨੀ ਹੱਸਦੀ ਬੋਲੀ, “ ਉਹਨਾਂ ਕੋਲ ਇੰਨਾ ਟਾਈਮ ਕਿੱਥੇ।”

“ ਮੇਰੇ ਖਿਆਲ ਤੈਨੂੰ ਉਸ ਨੂੰ ਫਰੈਂਡ ਨਹੀਂ ਬਣਾਉਣਾ ਚਾਹੀਦਾ।”ਪ੍ਰੀਤੀ ਨੇ ਕਿਹਾ, “ ਮੇਰੇ ਮੰਮੀ ਮੈਨੂੰ ਇਸ ਤਰਾਂ ਦੀਆਂ ਗੱਲਾਂ ਕਰਨੀਆਂ ਅਲਾਊਡ ਵੀ ਨਹੀਂ ਕਰਦੇ।”

“ ਕਿਉ?”

“ ਉਹ ਕਹਿੰਦੇ ਨੇ ਤੂੰ ਅਜੇ ਛੋਟੀ ਏ।”

“ ਜੂ ਨੋ ਮੇਰੇ ਕੋਲ ਮੰਮੀ ਨਹੀਂ ਹੈ।”

“ ਉਹ ਤਾਂ ਮੈਨੂੰ ਪਤਾ ਹੈ ਤੇਰੇ ਮੰਮੀ ਡੈਡੀ ਦਾ ਡਾਇਵੋਰਸ ਹੋ ਚੁੱਕਾ ਆ।”

“ ਮੰਮੀ ਨੇ ਤਾਂ ਕਿਸੇ ਹੋਰ ਨਾਲ ਵਿਆਹ ਵੀ ਕਰ ਲਿਆ।” ਸੋਨੀ ਨੇ ਉਦਾਸ ਹੁੰਦਿਆ ਕਿਹਾ, “ਉਹ ਤਾਂ ਫੋਨ ਤੇ ਵੀ ਮੇਰੇ ਨਾਲ ਗੱਲ ਘੱਟ ਹੀ ਕਰਦੀ ਆ।”

ਸੋਨੀ ਨੂੰ ਉਦਾਸ ਹੁੰਦਿਆ ਦੇਖ ਪ੍ਰੀਤੀ ਨੇ ਮਹਿਸੂਸ ਕੀਤਾ ਕਿ ਉਸ ਨੂੰ ਸੋਨੀ ਦੀ ਮੰਮੀ ਬਾਰੇ ਗੱਲ ਨਹੀਂ ਸੀ ਕਰਨੀ ਚਾਹੀਦੀ। ਉਸ ਨੂੰ ਸਮਝਾਉਣ ਅਤੇ ਗੱਲ ਹੋਰ ਪਾਸੇ ਪਾਉਣ ਲਈ ਪ੍ਰੀਤੀ ਨੇ ਕਿਹਾ, “ਵੈਸੇ ਤੂੰ ਉਸ ਨੂੰ ਜਾਣਦੀ ਵੀ ਆਂ ਕਿ ਉਹ ਮੁੰਡਾ ਕੌਣ ਆ।”

“ ਮੈਂ ਤਾਂ ਉਸ ਬਾਰੇ ਇੰਨਾ ਨਹੀਂ ਜਾਣਦੀ, ਪਰ ਉਹ ਮੇਰੇ ਬਾਰੇ ਸਭ ਕੁਝ ਜਾਣਦਾ ਆ।”

“ ਉਹ ਕਿਵੇ?”

“ ਆਈ ਡੋਂਟ ਨੋ।” ਸੋਨੀ ਹੱਸਦੀ ਹੋਈ ਬੋਲੀ, “ ਉਸ ਤਾਂ ਇੰਨਾ ਵੀ ਪਤਾ ਆ ਕਿ ਮੈਂ ਕਦੋਂ ਸਕੂਲ ਜਾਂਦੀ ਹਾਂ,ਕਿੱਥੇ ਰਹਿੰਦੀ ਹਾਂ, ਮੇਰਾ ਬਰਥਡੇ ਕਦੋਂ ਏ।”

ਪ੍ਰੀਤੀ ਹੈਰਾਨ ਹੁੰਦੀ ਬੋਲੀ, “ ਤੂੰ ਉਸ ਨੂੰ ਕਦੇ ਮਿਲੀ ਵੀ ਏ?”

“ ਨੋ।” ਸੋਨੀ ਨੇ ਸੱਚ ਦੱਸਿਆ, “ ਉਸ ਨੂੰ ਮਿਲਣ ਲਈ ਮੈਂ ਕਿਹਾ ਸੀ।ਉਹ ਕਹਿੰਦਾ ਪਹਿਲਾਂ ਆਪਾਂ ਫੇਸਬੁਕ ਉੱਪਰ ਤਾਂ ਗੱਲਾਂ ਕਰ ਲਈਏ ਫਿਰ ਮਿਲ ਵੀ ਲਵਾਂਗੇ।”

ਪ੍ਰੀਤੀ ਨੂੰ ਇਸ ਗੱਲ ਨਾਲ ਜਿਵੇਂ ਤਸੱਲੀ ਅਹਿਜੀ ਹੋ ਗਈ ਹੋਵੇ ਉਹ ਬੋਲੀ, “ ਫਿਰ ਤਾਂ ਨਾਈਸ ਲੱਗਦਾ ਏ।”

“ ਇਸ ਕਰਕੇ ਤਾਂ ਮੈਂ ਉਸ ਨਾਲ ਫੇਸ ਬੁਕ ਉੱਪਰ ਗੱਲਾਂ ਕਰਦੀ ਰਹਿੰਦੀ ਏ।” ਸੋਨੀ ਨੇ ਦੱਸਿਆ, “ ਕਹਿ ਰਿਹਾ ਸੀ ਕਿ ਸੀ ਟੂ ਥ੍ਰਰੀ ਵੀਕਸ ਤੱਕ ਇਕ ਦੂਜੇ ਨੁੂੰ ਦੇਖ ਲਵਾਂਗੇ।”

“ ਕੀ ਨਾਮ ਆ ਉਸ ਦਾ ਅੱਜ ਹੀ ਤੇਰੀ ਪ੍ਰੋਫਾਈਲ ਉੱਪਰ ਜਾ ਕੇ ਦੇਖਾਂਗੀ।”

“ ਉਸ ਦਾ ਨਾਮ ਪਾਲ ਆ।” ਸੋਨੀ ਨੇ ਖੁਸ਼ ਹੁੰਦੇ ਦੱਸਿਆ, “ ਕਦੀ ਕਦੀ ਮੈਂਨੂੰ ਆਪਣੀ ਪਿਕਚਰ ਵੀ ਟੈਗ ਕਰਦਾ ਹੁੰਦਾ ਆ।”

ਦੋਨੋ ਸਹੇਲੀਆਂ ਗੱਲਾਂ ਮੁਕਾ ਕੇ ਦੁਬਾਰਾ ਕਲਾਸ ਵਿਚ ਚਲੀਆਂ ਗਈਆਂ।ਇਸ ਦਿਨ ਤੋਂ ਬਾਅਦ ਸੋਨੀ ਰੋਜ਼ ਹੀ ਆਪਣੇ ਬੁਆਏ ਫਰੈਂਡ ਬਾਰੇ ਗੱਲਾਂ ਕਰਦੀ ਰਹਿੰਦੀ। ਛੇਤੀ ਹੀ ਉਸ ਨੇ ਪ੍ਰੀਤੀ ਦੇ ਨਾਲ ਹੋਰ ਵੀ ਕਈਆਂ ਨੂੰ ਦੱਸ ਦਿੱਤਾ ਕਿ ਉਸ ਕੋਲ ਬੁਆਏ- ਫਰੈਂਡ ਹੈ।

ਛਿਮਾਹੀ ਇਮਤਿਹਾਨਾਂ ਵਿਚ ਪ੍ਰੀਤੀ ਦੇ ਨੰਬਰ ਘੱਟ ਆਏ ਤਾਂ ਹਰਜੀਤ ਨੇ ਉਸ ਦੀ ਫੇਸ-ਬੁੱਕ ਬੰਦ ਕਰਵਾ ਦਿੱਤੀ ਨਾਲ ਕਹਿ ਵੀ ਦਿੱਤਾ, “ ਜਿੰਨਾ ਚਿਰ ਤੇਰੇ ਨੰਬਰ ਉੱਪਰ ਨਹੀਂ ਜਾਂਦੇ, ਤੂੰ ਫੇਸ ਬੁਕ ਉੱਪਰ ਵੀ ਨਹੀਂ ਜਾ ਸਕਦੀ।”

ਪ੍ਰੀਤੀ ਨੇ ਕੁਝ ਸਮੇਂ ਲਈ ਫੇਸ-ਬੁਕ ਬੰਦ ਕਰ ਦਿੱਤੀ। ਫੇਸ-ਬੁਕ ਦੀਆਂ ਖਬਰਾਂ ਉਹ ਸੋਨੀ ਤੋਂ ਹੀ ਸੁਣ ਲੈਂਦੀ। ਇੱਕ ਦਿਨ ਸਕੂਲ ਤੋਂ ਬਾਅਦ ਸੋਨੀ ਨੇ ਪ੍ਰੀਤੀ ਨੂੰ ਫੋਨ ਕੀਤਾ ਤਾਂ ਉਹ ਬਹੁਤ ਹੀ ਉਦਾਸ ਅਵਾਜ਼ ਵਿਚ ਰੋਂਦੀ ਹੋਈ ਬੋਲੀ, “ ਪ੍ਰੀਤੀ, ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ।”

“ ਕਿਸ ਨੇ ਕੀਤਾ ਧੋਖਾ?” ਪ੍ਰੀਤੀ ਨੇ ਪੁੱਛਿਆ, “ ਤੇਰੇ ਬੁਆਏ-ਫਰੈਂਡ ਨੇ?”

“ ਜੂ ਨੋ ਲੀਸਾ।” ਸੋਨੀ ਨੇ ਹਟਕੋਰਾ ਭਰ ਕੇ ਕਿਹਾ, “ ਮੇਰੀ ਸਟਰੀਟ ‘ਤੇ ਹੀ ਰਹਿੰਦੀ ਆ।”

“ ਦੇਖ ਸੋਨੀ, ਤੂੰ ਰੋ ਨਾ।” ਪ੍ਰੀਤੀ ਨੇ ਕਿਹਾ, “ ਗੱਲ ਦੱਸ।”

“ ਲੀਸਾ ਅਤੇ ਉਸ ਦੀ ਮਾਮ ਮਿਲ ਕੇ ਮੈਂਨੁੂੰ ਸਿਟੂਪਡ ਬਣਾਉਂਦੀਆਂ ਰਹੀਆਂ।”

“ ਉਹ ਕਿਵੇ?”

“ ਉਹ ਹੀ ਬੁਆਏ ਫਰੈਂਡ ਬਣ ਕੇ ਮੇਰੇ ਨਾਲ ਗੱਲਾਂ ਕਰਦੀਆਂ ਰਹੀਆ।” ਸੋਨੀ ਹੋਰ ਵੀ ਉੱਚੀ ਰੋਂਦੀ ਹੋਈ ਬੋਲੀ, “ ਉਹ ਪਾਲ ਨਾਮ ਦੀ ਝੂਠੀ ਆਈ.ਡੀ ਬਣਾ ਕੇ ਮੇਰਾ ਫਨ ਬਣਾਉਂਦੀਆਂ ਰਹੀਆ, ਮੈ ਕਿੰਨੀ ਬੇਵਕੂਫ ਬਣੀ ਰਹੀ, ਉਸ ਆਈ.ਡੀ ਨੂੰ ਆਪਣੇ ਬੁਆਏ-ਫਰੈਂਡ ਦੀ ਪ੍ਰੋਫਾਈਲ ਸਮਝ ਗੱਲਾਂ ਕਰੀ ਗਈ॥”

“ ਤੂੰ ਇਸ ਤਰਾਂ ਉਦਾਸ ਨਾਂ ਹੋ।” ਪ੍ਰੀਤੀ ਨੇ ਕਿਹਾ, “ ਲੀਸਾ ਅਤੇ ਉਸ ਦੀ ਮਾਮ ਨੇ ਰਲ ਕੇ ਜੋ ਇਹ ਕੀਤਾ ਆਪਾਂ ਟੀਚਰ ਨਾਲ ਗੱਲ ਕਰਾਂਗੀਆਂ।”

“ ਪ੍ਰੀਤੀ, ਤੈਨੂੰ ਨਹੀਂ ਪਤਾ ਮੈ ਕਿੰਨੀ ਐਬਰਸਡ(ਸ਼ਰਮੰਦਗੀ) ਫੀਲ ਕਰ ਰਹੀ ਹਾਂ।” ਸੋਨੀ ਨੇ ਹੋਰ ਵੀ ਉਦਾਸ ਹੋ ਕੇ ਕਿਹਾ, “ਮੈਂ ਤਾਂ ਕਈ ਲੋਕਾਂ ਨੂੰ ਦਸ ਚੁੱਕੀ ਹਾਂ ਕਿ ਮੇਰੇ ਕੋਲ ਬੁਆਏ-ਫਰੈਂਡ ਆ,ਹੁਣ ਮੈਂ ਉਹਨਾ ਨੂੰ ਕਿਸ ਤਰਾਂ ਫੇਸ ਕਰਾਂਗੀ।ਲੀਸਾ ਅਤੇ ਉਸ ਦੀ ਮਾਮ ਨਾਲ ਜੋ ਮੈਂ ਗੱਲਾ ਕਰਦੀ ਰਹੀ, ਉਹ ਉਹਨਾਂ ਗੱਲਾਂ ਨੂੰ ਲੈ ਕੇ ਮੇਰਾ ਹੋਰ ਵੀ ਫਨ ਮੇਕ ਕਰ ਸਕਦੀਆਂ।”

ਪ੍ਰੀਤੀ ਨੇ ਆਪਣੇ ਵਲੋਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਹ ਉਦਾਸ ਨਾਂ ਹੋਵੇ,ਪਰ ਅਗਲੇ ਦਿਨ ਜਦੋਂ ਉੁਹ ਸਕੂਲ ਗਈ ਤਾਂ ਉਸ ਨੇ ਦੇਖਿਆ ਸੋਨੀ ਸਕੂਲ ਨਹੀਂ ਆਈ।ਉਸ ਨੇ ਆਪਣੇ ਮਨ ਨਾਲ ਫੈਂਸਲਾ ਕੀਤਾ ਕਿ ਸਕੂਲ ਤੋਂ ਬਾਅਦ ਸੋਨੀ ਦੇ ਘਰ ਜ਼ਰੂਰ  ਜਾਵੇਗੀ।

ਸਕੂਲ ਤੋਂ ਵਾਪਸ ਆਉਂਦੇ ਸਮੇਂ ਉਸ  ਨੇ ਦੇਖਿਆ ਕਿ ਸੋਨੀ ਦੇ ਘਰ ਅੱਗੇ ਪੁਲੀਸ ਦੀਆਂ ਬਹੁਤ ਸਾਰੀਆਂ ਕਾਰਾਂ ਸਨ।ਕਾਰ ਚਲਾਉਂਦੀ ਹਰਜੀਤ ਨੂੰ ਉਸ ਨੇ ਘਬਰਾ ਕੇ ਕਿਹਾ, “ ਪਲੀਜ਼ ਮੰਮੀ, ਕਾਰ ਰੋਕਨਾ।”

“ ਸੋਨੀ ਦੇ ਘਰ ਅੱਗੇ ਪੁਲੀਸ ਕਿਉਂ ਆ?” ਹਰਜੀਤ ਨੇ ਕਾਰ ਦੀ ਬਰੇਕ ਲਾਉਂਦੇ ਕਿਹਾ, “ ਕੀ ਗੱਲ  ਹੋਈ ਹੋਵੇਗੀ?”

ਕਾਰ ਵਿਚੋਂ ਨਿਕਲ ਕੇ ਦੋਨੋ ਛੇਤੀ ਛੇਤੀ ਉਧਰ ਗਈਆਂ ਤਾਂ ਕਿਸੇ ਨੇ ਦੱਸਿਆ ਕਿ ਸੋਨੀ ਨੇ ਸੋਸਾਇਡ ਕਰ ਲਿਆ ਹੈ ਅਤੇ ਸੋਸਾਈਡ ਦਾ ਕਾਰਨ ਵੀ ਉਸ ਨੇ ਲਿਖ ਕੇ ਦਸ ਦਿੱਤਾ ਆ।ਪ੍ਰੀਤੀ ਹਰਜੀਤ ਨਾਲ ਚੁੰਬੱੜ ਕੇ ਰੋਣ ਲੱਗ ਪਈ।ਹਰਜੀਤ ਕਾਰਨ ਪੁੱਛਣ ਦਾ ਜਤਨ ਕਰਨ ਲੱਗੀ ਤਾਂ ਪ੍ਰੀਤੀ ਉਸ ਨੂੰ ਕਾਰ ਵੱਲ ਖਿੱਚਣ ਲੱਗ ਪਈ।ਕਾਰ ਵਿਚ ਬੈਠ ਕੇ ਪ੍ਰੀਤੀ ਨੇ ਰੋ ਰੋ ਕੇ ਸਾਰੀ ਗੱਲ ਹਰਜੀਤ ਨੁੂੰ ਦੱਸੀ।

ਜਦੋਂ ਹਰਜੀਤ ਪ੍ਰੀਤੀ ਨੂੰ ਨਾਲ ਲੈ ਕੇ ਸੋਨੀ ਦੇ ਘਰ ਅਫਸੋਸ ਕਰਨ ਪੁਹੰਚੀ ਤਾਂ ਸਭ ਜ਼ਨਾਨੀਆ ਫੇਸ-ਬੁੱਕ ਨੂੰ ਹੀ ਕੋਸ ਰਹੀਆਂ ਸਨ, ਪਰ ਇਕ ਪੜ੍ਹੀ-ਲਖੀ ਜ਼ਨਾਨੀ ਨੇ ਠੀਕ ਗੱਲ ਕੀਤੀ, “ ਜੋ ਵੀ ਜ਼ਮਾਨੇ ਦੀ ਤਰੱਕੀ ਨਾਲ ਸਾਨੂੰ ਟੈਕਨੀਕਲ ਸਹੂਲਤ ਮਿਲਦੀ ਹੈ, ਇਸ ਵਿਚ ਉਸ ਸਹੂਲਤ ਦਾ ਕੋਈ ਦੋਸ਼ ਨਹੀਂ ਹੁੰਦਾ, ਦੋਸ਼ ਸਾਡਾ ਹੀ ਹੁੰਦਾ ਕਿ ਅਸੀਂ ਉਸ ਨੂੰ ਕਿਸ ਤਰਾਂ ਵਰਤਦੇ ਹਾਂ।ਫੇਸਬੁੱਕ ਨਾਲ ਕਈ ਮਸਲੇ ਹੱਲ ਵੀ ਹੋਏ ਆ,ਆਪਣੇ ਵਿਚਾਰ ਪ੍ਰਗਟਾਉਣ ਲਈ ਵਧੀਆ ਤਾਰੀਕਾ ਹੈ।”

“ ਵੈਸੇ ਤਾਂ ਕਿੰਨੀ ਚੰਗੀ ਜਾਣਕਾਰੀ ਸਾਨੂੰ ਫੇਸਬੁੱਕ ਤੋਂ ਮਿਲ ਜਾਂਦੀ ਏ।” ਇਕ ਹੋਰ ਜ਼ਨਾਨੀ ਬੋਲੀ, ਪਰ ਕਈਆਂ ਨੂੰ ਸੱਚੀ ਪਤਾ ਹੀ ਨਹੀਂ ਇਸ ਨੂੰ ਯੂਜ਼ ਕਿਵੇ ਕਰਨਾ ਆ,ਪਰ ਆ ਜੋ ਹਾਦਸਾ ਫੇਸ-ਬੁੱਕ ਕਰਕੇ ਹੋਇਆ, ਇਹ ਤਾਂ ਬਹੁਤ ਹੀ ਮਾੜਾ ਹੋਇਆ।”

ਹਰਜੀਤ ਵੀ ਕੁਝ ਬੋਲਣਾ ਚਾਹੁੰਦੀ ਸੀ,ਪਰ ੳਦੋਂ ਪ੍ਰੀਤੀ ਉਸ ਦੇ ਕੋਲ ਜਾ ਕੇ ਬੋਲੀ, “ ਮੰਮੀ ਮੈਂ ਘਰ ਜਾਣਾ ਚਾਹੁੰਦੀ ਆਂ। ਮੈਂ ਗੁਡ ਨਹੀਂ ਫੀਲ ਕਰ ਰਹੀ।”

ਪ੍ਰੀਤੀ ਦਾ ਰੋ ਰੋ ਕੇ ਸੱਚ-ਮੁਚ ਹੀ ਬੁਰਾ ਹਾਲ ਹੋ ਗਿਆ ਸੀ। ਹਰਜੀਤ ਨੇ ਉਸ ਨੂੰ ਕਲਾਵੇ ਵਿਚ ਲਿਆ ਅਤੇ ਘਰ ਵੱਲ ਨੂੰ ਤੁਰ ਪਈਆਂ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>