ਸੋਗ ਪਰਛਾਈ

“ ਗੁਰਮੇਲ ਪੁੱਤਰ ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਆਂ ਕਿ ਮੈਂ ਅਪਣੇ ਭਰਾ ਨੂੰ ਮਿਲਣ ਜਾਣਾਂ ਹੈ। ਤੁਸੀਂ ਸੁਣਦੇ ਕਿਉਂ ਨਹੀਂ। ਅਪਣੀਆਂ ਚਲਦੀਆਂ ਵਿੱਚ ਮੈਂ ਤਾਂ ਕਦੇ ਕਿਸੇ ਦੀ ਐਨੀ ਮਿੰਨਤ ਨਹੀਂ ਸੀ  ਕੀਤੀ। ਆਪੇ ਜਾ ਆਉਂਦੀ ਸਾਂ। ਹੁਣ ਮਜਬੂਰ ਹਾਂ, ਦੀਦੇ ਜੁਆਬ ਦੇ ਗਏ। ਧੁੰਦਲਾ ਦਿੱਸਦਾ ਹੈ, ਨਹੀਂ ਤਾਂ ਬੱਸ ਫੜ ਕੇ ਹੀ ਚਲੀ ਜਾਂਦੀ। ਮੈਨੂੰ ਤੁਹਾਡੀਆਂ ਕਾਰਾਂ, ਟ੍ਰੈਕਟਰਾਂ, ਟਰਾਲੀਆਂ ਦਾ ਕੀ ਲਾਭ ਹੈ?” ਜਗੀਰ ਕੁਰ ਨੇ ਪੁੱਤਰ ਨੂੰ ਹਲਕੀ ਜਿਹੀ ਝਾੜ ਪਾਈ।

“ ਬੇਬੇ, ਅਸੀਂ ਪਤਾ ਕੀਤਾ ਹੈ। ਮਾਮਾ ਜੀ ਹੁਣ ਅਪਣੇ ਪਿੰਡ ਤੋਂ ਅਪਣੀ ਬੇਟੀ ਕੋਲ਼ ਆ ਕੇ ਟਿਕੇ ਨੇ। ਅਸੀਂ ਜਲੰਧਰ ਜਾਣਾ ਹੈ, ਇੱਕ ਦੋ ਦਿਨਾਂ ਵਿੱਚ। ਪਿੰਡ ਰਸਤੇ ਵਿੱਚ ਹੀ ਪੈਂਦਾ ਹੈ। ਤੈਨੂੰ ਮਿਲਾ ਲਿਆਵਾਂਗੇ”

“ ਵਿਚਾਰਾ! ਤੇਰਾ ਇਹ ਮਾਮਾ, ਵਹੁਟੀ ਦੀ ਮੌਤ ਤੋਂ ਮਗਰੋਂ ਪਿੰਡ ਤਾਂ ਰਹਿ ਨਹੀਂ ਸੀ ਸਕਦਾ। ਅਪਣੇ ਧੀਆਂ ਪੁੱਤਰਾਂ ਬਿਨਾਂ ਕੌਣ ਕਿਸੇ ਨੂੰ ਸੰਘੀਲਦਾ ਹੈ, ਖਾਸ ਕਰ ਬੁੜ੍ਹਾਪੇ ਦੇ ਦਿਨਾਂ ਵਿੱਚ!” ਬੇਬੇ ਬੋਲੀ।

“ ਛੋਟੇ ਮਾਮਿਆਂ ਕੋਲ਼ ਕਿਉਂ ਨਹੀਂ ਰਹਿ ਜਾਂਦਾ।” ਗੁਰਮੇਲ ਆਖ ਕੇ ਚਲਾ ਗਿਆ।

“ ਛੋਟੇ ਵੀ ਕੋਈ ਜੁਆਨ ਥੋੜ੍ਹਾ ਨੇ। ਉਲੂ, ਨਿਰਮੋਹੀ ਪੁੱਤਰ ਮੇਰਾ, ਮਾਮਿਆਂ ਨਾਲ਼ ਰਤਾ ਵੀ ਮੋਹ ਨਹੀਂ ਕਰਦਾ। ਉਹ ਵੀ ਤਾਂ ਅਪਣੇ ਪੁੱਤਰਾਂ ਦੇ ਭਰੋਸੇ ਦਿਨ ਕੱਟ ਰਹੇ ਨੇ।” ਜਗੀਰ ਕੁਰ ਦੇ ਦਿਮਾਗ਼ ਵਿੱਚ ਭਰਾ ਘੁੰਮਣ ਲਗ ਪਏ।

ਛਿੰਦੀ ਕਿੰਨਾ ਖਿ਼ਆਲ ਰੱਖਦਾ ਸੀ ਮੇਰਾ। ਮੈਥੋਂ ਤਿੰਨ ਸਾਲ ਛੋਟਾ ਐ। ਹਰ ਤਿਓਹਾਰ ਤੇ ਮਿਲਣ ਆ ਜਾਂਦਾ ਸੀ। ਵਹੁਟੀ ਦੇ ਵਿਛੋੜੇ ਨੇ ਕਿੱਦਾਂ ਦਾ ਸਦਮਾ ਲਗਾਇਆ, ਚਲਦਾ ਫਿਰਦਾ ਹੀ ਮੰਜਾ ਫੜ ਕੇ ਬਹਿ ਗਿਆ। ਬਾਹਲ਼ਾ ਮੋਹ ਕਰਦਾ ਸੀ ਜਨਾਨੀ ਨਾਲ਼। ਪੁਰਾਣੇ ਖਿ਼ਆਲਾਂ ਦਾ ਬੰਦਾ ਹੈ, ਬਿਲਕੁਲ ਬਾਪੂ ਜੀ ਵਾਂਗ। ਧੀ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਂਦਾ। ਮਿਲਣ ਜਾਂਦਾ ਸੀ ਪਰ ਧੀ ਦੇ ਤਰਲੇ ਕਰਨ ਤੇ ਵੀ ਕਦੇ ਉਸ ਦੇ ਘਰ ਨਹੀਂ ਸੀ ਰੁਕਿਆ। ਧੀ ਕਹਿੰਦੀ ਹੁੰਦੀ ਸੀ ਕਿ ਉਹ ਉਸ ਨੂੰ ਪੁੱਤਰਾਂ ਵਰਗੀ ਧੀ ਜਾਣੇ। ਕੀ ਹੋਇਆ ਜੇ ਵਾਹਿਗੁਰੂ ਨੇ ਪੁੱਤਰ ਨਹੀਂ ਬਖ਼ਸਿ਼ਆ, ਮੈਂ ਕਮੀ ਪੂਰੀ ਕਰਾਂਗੀ। ਵੀਰ ਦਾ ਧੀ ਲਈ ਇੱਕੋ ਜੁਆਬ ਹੁੰਦਾ ਸੀ —- ਨਾ ਧੀਏ, ਮੇਰੇ ਛੋਟੇ ਭਰਾ, ਪਿਆਰੇ ਭਤੀਜੇ ਮੇਰੀ ਸੇਵਾ ਕਰਨਗੇ। ਵਾਹਿਗੁਰੂ ਅਜੇਹਾ ਸਮਾਂ ਨਾ ਹੀ ਲਿਆਵੇ ਕਿ ਮੈਂ ਧੀ ਤੇ ਬੋਝ ਬਣ ਜਾਵਾਂ। ਮੈਨੂੰ ਤੇਰੀ ਮਾਂ ਦਾ ਸਹਾਰਾ ਵੀ ਤੇ ਰਹੇਗਾ ਹੀ। ਮੇਰੇ ਨਾਲੋਂ ਤਾਂ ਛੋਟੀ ਹੀ ਐ। ਪਹਿਲਾਂ ਮੇਰੀ ਹੀ ਵਾਰੀ ਆਵੇਗੀ, ਇਹ ਰੱਬ ਵੀ ਤੇ ਜਾਣਦਾ ਐ। ਅਪਣੀ ਮਾਂ ਦਾ ਪੂਰਾ ਖਿ਼ਆਲ ਰੱਖਣਾ, ਮੇਰੀ ਬੱਚੀਏ! —  ਉਹ ਕਿਹਾ ਅਭਾਗਾ ਦਿਨ ਸੀ। ਮੈਂ ਵੀਰਾਂ ਦੇ ਘਰੇ ਗਈ ਹੋਈ ਸੀ। ਨਿੱਤ ਵਾਂਗ ਸਵੇਲੇ ਜਾਗ ਕੇ ਭਾਬੀ ਨੇ ਚਾਹ ਬਣਾਈ। ਗੜਵੀ ਚਾਹ ਦੀ ਭਰ, ਗਲਾਸ ਅਤੇ ਗੜਵੀ ਵੀਰ ਨੂੰ ਫੜਾ ਆਈ। ਚਾਹ ਦਾ ਇੱਕ ਗਲਾਸ ਮੈਨੂੰ ਫੜਾ ਕੇ ਆਪ ਵੀ ਮੇਰੇ ਨਾਲ਼ ਹੀ ਮੰਜੇ ਤੇ ਬਹਿ ਕੇ ਪੀਣ ਲਗ ਪਈ। ਵੀਰ ਵੱਲ ਵੇਖ ਉਹ ਬੋਲੀ,— ਬੀਬੀ ਵੇਖ ਤੇਰਾ ਬਾਈ ਫੇਰ ਸੌਂ ਗਿਆ। ਚਾਹ ਦਾ ਘੁੱਟ ਵੀ ਨਹੀਂ ਭਰਿਆ। ਇਸ ਨੂੰ ਚਾਹ ਪਿਲਾਉਣੀ ਕਿੰਨੀ ਔਖੀ ਐ! ਬੀਬੀ ਤੂੰ ਕਹਿ ਕਿ ਉੱਠੇ ਤੇ ਚਾਹ ਪੀ ਲਵੇ। ਅਸੀਂ ਦੋਹਾਂ ਨੇ ਸ਼ਹਿਰ ਵੀ ਤੇ ਜਾਣਾਂ ਐ। ਤੂੰ ਇੱਕ ਦੋ ਦਿਨਾਂ ਵਿੱਚ ਸਹੁਰੇ ਜਾਣ ਦੀ ਕਾਹਲ਼ ਵੀ ਤੇ ਕਰ ਰਹੀ ਏਂ। ਤੇਰੀ ਪਸੰਦ ਦਾ ਸੂਟ ਖਰੀਦਾਂਗੀ, ਤਾਂ ਹੀ ਤੈਨੂੰ ਜਾਣ ਦਿਆਂਗੀ। ਧੀਆਂ ਨੂੰ ਖਾਲੀ ਹੱਥੀਂ  ਤਾਂ ਨਹੀਂ ਜਾਣ ਦਿੱਤਾ ਜਾਂਦਾ।

ਮੈਂ ਕਿਹਾ ਸੀ — ਤੂੰ  ਬਹੁਤ ਖਰਚਾ ਕਰ ਦੇਂਦੀ ਐਂ। ਮੈਂ ਅੱਜ ਸ਼ਹਿਰ ਬਿਲਕੁਲ ਨਹੀਂ ਜਾਣਾਂ। ਮੈਂ ਬਾਲ ਬੱਚਿਆਂ, ਪੋਤਿਆਂ ਦੋਹਤਿਆਂ ਵਾਲੀ ਹੋ ਗਈ।  ਮੈਨੂੰ ਕੁੱਝ ਵੀ ਨਹੀਂ ਚਾਹੀਦਾ। —- ਠੀਕ ਐ ਬੀਬੀ। ਤੁਸੀਂ ਚਾਹ ਪੀਓ। ਮੈਂ ਗਊ ਦੂਹ  ਲਿਆਵਾਂ। ਵਿਚਾਰੀ ਉਡੀਕ ਉਡੀਕ ਰੰਭਣ ਲਗ ਪਈ ਐ। — ਭਾਬੀ ਬੋਲ, ਬਾਲਟੀ ਚੁੱਕ ਚਲੀ ਗਈ ਸੀ। ਮੈਂ ਤੇ ਵੀਰ ਬਚੀ ਖੁਚੀ ਚਾਹ ਨਬੇੜਨ ਲਗ ਪਏ। ਮੈਂ ਵੀਰ ਨੂੰ ਪਿਆਰ ਨਾਲ਼ ਪੁੱਛਿਆ ਸੀ,— ਜ਼ਮੀਨ ਦੇ ਠੇਕੇ ਵਟਾਈ ਵਿੱਚ ਗੁਜ਼ਾਰਾ ਤਾਂ ਠੀਕ ਹੋ ਰਿਹਾ ਹੈ? ਨਹੀਂ ਤਾਂ ਮੁੰਡਿਆਂ ਕੋਲ ਕੁੱਝ ਦਾਣੇ ਫੱਕੇ ਦੀ ਮਦਦ ਭੇਜ ਦਿਆ ਕਰਾਂ? ਵਾਹਿਗੁਰੂ  ਦੀ ਬਹੁਤ ਕਿਰਪਾ ਐ ਤੇਰੇ ਭਾਣਜਿਆਂ ਤੇ। ਤੇਰੇ ਘਰ ਵੀ ਇੱਕ ਮੁੰਡਾ ਜੰਮ ਜਾਂਦਾ ਤਾਂ ਕੋਈ ਫਿਕਰ ਨਹੀਂ ਸੀ ਹੋਣਾ। ਚਲੋ ਇੱਕ ਧੀ ਤਾਂ ਬਖਸ਼ੀ ਰੱਬ ਨੇ। ਅਸੀਂ ਦੋਵੇਂ ਥੋੜ੍ਹੀ ਦੇਰ ਚੁੱਪ ਬੈਠੇ ਰਹੇ ਸਾਂ। ਫੇਰ ਵੀਰ ਨੇ ਕਿਹਾ ਸੀ।— ਬੀਬੀ ਮੇਰੇ ਭਰਾ ਜੋ ਠੇਕਾ ਵਟਾਈ ਦੇ ਜਾਂਦੇ ਨੇ ਮਨਜੂਰ ਕਰ ਲੈਂਦਾ ਹਾਂ। ਇਹੋ ਹੀ ਤੇ ਬਣਨਗੇ ਸਾਡੇ ਬੁੜ੍ਹਾਪੇ ਦਾ ਸਹਾਰਾ। ਅੱਜ ਕੱਲ੍ਹ ਦੇ ਮੁੰਡਿਆਂ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ। ਕੰਮ ਤਾਂ ਭੱਈਆਂ ਦੇ ਹਵਾਲੇ ਕਰ ਦੇਂਦੇ ਨੇ। ਆਪ ਛੇਵੇਂ ਦਰਿਆ ਵਿੱਚ ਡੁਬਕੀਆਂ ਲਗਾਉਂਦੇ ਨੇ। — ਮੈਂ ਸਹਿਮਤ ਨਾਂ ਸੀ ਹੋਈ। ਨਹੀਂ ਵੀਰ ਐਦਾਂ ਹਰ ਘਰ ਵਿੱਚ ਤੇ ਨਹੀਂ ਹੁੰਦਾ। ਵੇਖ ਮੇਰੇ ਮੁੰਡੇ ਮੇਰਾ ਖਿ਼ਆਲ ਤਾਂ ਰੱਖਦੇ ਹੀ ਨੇ। ਅਚਾਨਕ ਮੇਰੇ ਸਿਰ ਵਿੱਚ ਅਜੀਬ ਹਲਚਲ ਮਚੀ ਸੀ। ਗੱਲਾਂ ਗੁਆਚ ਗੱਈਆਂ। ਫੇਰ ਭਾਬੀ ਆਈ ਅਤੇ ਦੁੱਧ ਦੀ ਭਰੀ ਬਾਲਟੀ ਕੀਲੇ ਤੇ ਲਟਕਾ ਕੇ ਬੋਲੀ ਸੀ,— “ ਬੀਬੀ ਚਲ ਹੁਣ ਜੰਗਲ ਪਾਣੀ ਹੋ ਆਈਏ। ਦਿਨ ਚੜ੍ਹਨ ਵਾਲ਼ਾ ਐ ਲੋਕਾਂ ਦੀ ਭੀੜ ਲਗ ਜਾਏਗੀ। ਪਿੰਡ ਵਿੱਚ ਕਿਹੜੇ ਸ਼ਹਿਰਾਂ ਵਾਲੀਆਂ ਸਹੂਲਤਾਂ ਨੇ। ” –  ਦੋਵੇਂ ਅਸੀਂ ਖੇਤਾਂ ਵੱਲ ਜਾ ਰਹੀਆਂ ਸਾਂ ਜਦੋਂ ਭਾਬੀ ਨੇ ਖਲੋ ਕੇ ਕਿਹਾ ਸੀ, “ ਬੀਬੀ ਚਲ ਘਰ ਮੁੜ ਚਲ। ਮੇਰੇ ਤਾਂ ਖੱਬੇ ਮੋਢੇ ਵਿੱਚ ਪੀੜਾਂ ਮਾਰ ਰਹੀਆਂ ਨੇ। ਦੇਖੀਂ ਮੇਰੀ ਖੱਬੀ ਬਾਂਹ ਨੂੰ ਕੀ ਹੋਇਆ।” ਅਸੀਂ ਫੁਰਤੀ ਨਾਲ਼ ਘਰ ਪਹੁੰਚ ਗੱਈਆਂ ਸਾਂ। ਭਾਬੀ ਝੱਟ ਜਾ ਵੀਰੇ ਦੇ ਗਲੇ ਨਾਲ ਲਿਪਟੀ ਅਤੇ ਬੋਲੀ,“ ਸਤਿ ਸ੍ਰੀ ਅਕਾਲ। ਅਪਣਾ ਖਿਆਲ ਰੱਖੀਂ। ਸਾਡਾ ਸਾਥ ਬੱਸ ਐਥੋਂ ਤੱਕ ਹੀ ਸੀ।” – ਭਾਬੀ ਮੁੜ ਨਹੀਂ ਬੋਲੀ। ਰੱਬ  ਨੇ ਹੱਥਾਂ ਚੋਂ ਹੀ ਖੋਹ ਲਈ।

ਜਗੀਰ ਕੌਰ ਦੇ ਨੇਤਰਾਂ ਵਿੱਚੋਂ ਆਪ ਮੁਹਾਰਾ ਪਾਣੀ ਵਗਣ ਲੱਗਾ। ਪੁਰਾਣੀਆਂ ਯਾਦਾਂ ਅਸਰ ਕਰ ਗਈਆਂ।

“ ਗੁਰਮੇਲ, ਪੁੱਤ, ਪਾਣੀ ਦਾ ਗਲਾਸ ਚਾਹੀਦਾ ਐ।”  ਜਗੀਰ ਕੁਰ ਨੇ ਪਾਣੀ ਮੰਗਿਆ।

“ ਬੇਬੇ ਠੀਕ ਤੇ ਹੈਂ! ਲੈ ਫੜ ਪਾਣੀ। ਹੰਝੂ ਕੇਹੇ?” ਪੁੱਤਰ ਘਬਰਾਇਆ।

“ ਪੁੱਤ ਬੁੜ੍ਹੇਪੇ ਵਿੱਚ ਅੱਖਾਂ ਵੀ ਤਾਂ ਸਾਥ ਨਹੀਂ ਦੇਂਦੀਆ।” ਪੁੱਤਰ ਤੋਂ ਮਾਂ ਨੇ ਅਪਣੀ ਪ੍ਰੇਸ਼ਾਨੀ ਛੁਪਾਈ।

ਕੁੱਝ ਪਲਾਂ ਵਿੱਚ ਚੰਚਲ ਮਨ ਮੁੜ ਖਿਆਲਾਂ ਵਿੱਚ ਗ੍ਰਹਸਤ ਹੋ ਗਿਆ। —- ਮੇਰੇ ਛੋਟੇ ਭਰਾ ਤਾਂ ਛਾਤੀ ਠੋਰ ਕੇ ਕਹਿੰਦੇ ਹੁੰਦੇ ਸੀ ਕਿ ਵੱਡੇ ਭਰਾ ਦੀ ਅਸੀਂ ਅਪਣੇ ਹੱਥੀਂ ਸੇਵਾ ਕਰਾਂਗੇ। ਕੀ ਭਾਣਾ ਵਾਪਰ ਗਿਆ? ਵਿਚਾਰੇ ਨੂੰ ਧੀ ਕੋਲ਼ ਹੀ ਜਾਣਾ ਪਿਆ। ਭਾਬੀਆਂ ਅਤੇ ਭਰਾ ਵੀ ਤਾਂ ਬੁੱਢੇ ਹੀ ਹੋ ਗਏ ਨੇ। ਆਖਰ ਔਲਾਦ ਹੀ ਕੰਮ ਆਉਂਦੀ ਹੈ।

ਕੁਝ ਹੋਰ ਦਿਨ ਬੀਤ ਗਏ। ਗੁਰਮੇਲ ਨੂੰ ਸਾਹਮਣੇ ਵੇਖ, ਜਗੀਰ ਕੁਰ ਰੋਹ ਵਿੱਚ ਆਈ ਤੇ ਬੋਲੀ।

“ ਗੁਰਮੇਲ ਤੁਹਾਡਾ ਜਲੰਧਰ ਦਾ ਗੇੜਾ ਲੱਗਣਾ ਵੀ ਹੈ ਕਿ ਨਹੀਂ? ਮਹੀਨੇ ਤੋਂ ਉੱਤੇ ਹੋ ਗਿਆ ਲਾਰੇ ਲਗਾਉਂਦਿਆਂ ਨੂੰ।”

“ ਹਾਂ ਬੇਬੇ ਅਗਲੇ ਐਤਵਾਰ ਜ਼ਰੂਰ ਜਾਵਾਂਗੇ। ਪੱਕੀ ਗੱਲ।” ਪੁੱਤਰ ਨੇ ਕਿਹਾ।

“ ਅੱਛਾ ਪੁੱਤ। ਮੇਰੇ ਤਾਂ ਦੀਦੇ ਤਰਸ ਰਹੇ ਨੇ ਵੀਰ ਨੂੰ ਵੇਖਣ ਲਈ। ਚਲੋ, ਜਦ ਤੱਕ ਸਾਸ ਨੇ ਆਸ ਤਾਂ ਬਣੀ ਹੀ ਰਹੇਗੀ।”

ਜਗੀਰ ਕੁਰ ਮੁੜ ਡੂੰਘੀਆਂ ਸੋਚਾਂ ਦਾ ਸਿ਼ਕਾਰ ਹੋ ਗਈ। — ਧੀ ਦੇ ਘਰ ਪਾਣੀ ਵੀ ਨਾ ਪੀਣ ਵਾਲਾ, ਧੀ ਦੇ ਘਰ ਹੀ ਬੈਠਾ ਹੈ! ਬਾਪੂ ਜੀ ਵਾਂਗ ਪੁਰਾਣੇ ਖਿ਼ਆਲਾਂ ਦਾ ਹੀ ਮਾਲਕ ਹੈ। ਕਿਵੇਂ ਰਹਿੰਦਾ ਹੋਵੇਗਾ ਜ਼ਮੀਰ ਮਾਰ ਕੇ? ਵਿਚਾਰਾ ਭਾਬੀ ਦੇ ਝੋਰੇ ਕਾਰਨ ਮੰਜੀ ਫੜੀਂ ਬੈਠਾ ਹੈ। ਗੁਰਮੇਲ ਦਾ ਪਿਉ ਵੀ ਅਚਾਨਕ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਜੀਜੇ ਸਾਲ਼ੇ ਦੀ ਰਗ ਮਿਲਦੀ ਸੀ। ਇਹ ਦਸੀਂ ਵੀਹੀਂ ਖਬਰ ਲੈ ਹੀ ਆਉਂਦੇ ਸਨ। ਮੇਰੇ ਨਿਰਮੋਹੀ ਪੁੱਤਰਾਂ ਨੂੰ ਕੀ ਲੈਣਾ ਮਾਮਿਆ ਤੋਂ!  ਬੁੜ੍ਹਾਪੇ ਦੀਆਂ ਤਕਲੀਫਾਂ ਜੁਆਨਾਂ ਦੇ ਦਿਮਾਗ਼ ਵਿੱਚ ਨਹੀਂ ਵੜਦੀਆਂ। ਅਪਣੇ ਤਨ ਤੇ ਹੀ ਹੰਢੋਣੀਆਂ ਪੈਂਦੀਆਂ ਨੇ।

ਜਗੀਰ ਕੁਰ ਦੀ ਭਰਾ ਨੂੰ ਮਿਲਣ ਦੀ ਤਾਂਘ ਹੋਰ ਤਿੱਖੀ ਹੁੰਦੀ ਗਈ।

“ ਗੁਰਮੇਲ ਪੁੱਤ, ਚੰਦਰਿਆ ਛੱਡ ਜਲੰਧਰ ਦਾ ਗੇੜਾ। ਮੈਨੂੰ ਸਿੱਧਾ ਮੇਰੇ ਭਰਾ ਨੂੰ ਹੀ ਮਿਲਾ ਲਿਆ। ਅੱਜ ਜਾਵਾਂਗੇ ਤੇ ਕੱਲ੍ਹ ਮੁੜ ਆਵਾਂਗੇ। ਤੈਨੂੰ ਪੈਸੇ ਦਾ ਮੋਹ ਅਪਣੇ ਮਾਮੇ ਨਾਲ਼ੋਂ ਵੀ ਪਿਆਰਾ ਐ। ਪੁੱਤਰ ਧਿਆਨ ਰਹੇ – ਧਨੁ ਤਨੁ ਸਾਥਿ ਨ ਹੋਇ।-ਗੁਰ ਕਥਨ ਹੈ।”

“ ਬੇਬੇ, ਮੁਰਗੀ ਖਾਨਾ, ਦੁੱਧ ਦੀ ਡਾਇਰੀ, ਖੇਤੀ ਵਾੜੀ ਦਾ ਕੰਮ ਅਤੇ ਹੋਰ ਕਈ ਝਮੇਲੇ, ਵਿਹਲ ਵੀ ਤਾਂ ਨਹੀਂ ਮਿਲਦੀ। ਅਗਲੇ ਹਫਤੇ ਚਲਾਂਗੇ।” ਪੁੱਤਰ ਬੋਲ ਕੇ ਚਲਾ ਗਿਆ।

ਜਗੀਰ ਕੁਰ ਫੇਰ ਗੁੰਝਲਾਂ ਵਿੱਚ ਪੈ ਗਈ। ਖਿਆਲ ਦਿਮਾਗ਼ ਨੂੰ ਪ੍ਰੇਸ਼ਾਨ ਕਰਨ ਲੱਗੇ। ਸੋਚ ਰਹੀ ਸੀ ਕਿ ਬੁੜ੍ਹਾਪੇ ਵਿੱਚ, ਜੁਆਨ ਅਵਸਥਾ ਵਾਂਗ ਚੰਗੇ ਵਿਚਾਰ ਮਨ ਵਿੱਚ ਘੱਟ ਹੀ ਕਿਉਂ ਆਉਂਦੇ ਨੇ। ਭਰਾ ਠੀਕ ਠਾਕ ਵੀ ਹੋਵੇਗਾ? ਮੇਰੀ ਹੋਰ ਕਿੰਨੇ ਕੁ ਦਿਨ ਦੀ ਸਾਂਝ ਬਾਕੀ ਹੈ ਕੀ ਪਤਾ। ਪੋਤੀ ਦਾ ਵਿਆਹ ਠੀਕ ਸਿਰੇ ਚੜ੍ਹ ਜਾਵੇ। ਨੂੰਹ ਵੀ ਮੇਰੇ ਨਾਲ਼ ਜਿ਼ਆਦਾ ਗੱਲ ਨਹੀਂ ਕਰਦੀ, ਸ਼ਾਇਦ ਤੰਗ ਹੀ ਆ ਗਈ ਮੈਥੋਂ।

“ ਬਹੂ, ਨਰੰਜਨ ਕੁਰੇ, ਮੇਰੀ ਮੰਜੀ ਥੋੜ੍ਹੀ ਟਾਟਕੇ ਵਿੱਚ ਕਰਦੇ। ਧੁੱਪ ਚੰਗੀ ਲਗਦੀ ਐ। ਤਬੀਅੱਤ ਕੁੱਝ ਠੀਕ ਨਹੀਂ ਲਗਦੀ।” ਸੱਸ ਨੇ ਨੂੰਹ ਨੂੰ ਯਾਦ ਕੀਤਾ।

“ ਮਾਂ ਜੀ ਦੂਜੀ ਮੰਜੀ ਪਈ ਐ ਧੁੱਪੇ। ਚਲੋ ਮੈਂ ਆਪ ਨੂੰ ਫੜ ਕੇ ਬੈਠਾ ਆਵਾਂ।” ਨੂੰਹ ਨੇ ਸੱਸ ਨੂੰ ਸਹਾਰਾ ਦੇ ਕੇ ਮੰਜੀ ਤੇ ਜਾ ਲਿਟਾਇਆ।

ਗੁਰਮੇਲ ਬਾਹਰੋਂ ਅਇਆ। ਦੂਰੋਂ ਹੀ ਆਵਾਜ਼ ਦਿੱਤੀ, “ ਬੇਬੇ ਉੱਠ। ਕੁੱਝ ਖਾ ਪੀ ਲੈ। ਜਲੰਧਰ ਜਾ ਰਹੇ ਆਂ। ਕੱਪੜੇ ਵੀ ਬਦਲ ਲਵੋ ਅਸੀਂ ਮਾਮੇ ਨੂੰ ਮਿਲ ਕੇ ਹੀ ਆਵਾਂਗੇ।”  ਗੁਰਮੇਲ ਨੇ ਬਾਂਹ ਦਾ ਸਹਾਰਾ ਦੇ ਕੇ ਮਾਂ ਨੂੰ ਬੈਠਾਇਆ।

“ ਪੁੱਤਰ, ਅਪਣੇ ਮਾਮੇ ਦਾ ਖਿਆਲ ਰੱਖੀਂ। ਜ਼ਰੂਰ ਮਿਲ ਕੇ ਆਉਣਾ। ਮੇਰੇ ਚ ਉੱਠਣ ਦੀ ਹਿੰਮਤ ਨਹੀਂ। ਮਾਇਆ ਦਾ ਪਿੱਛਾ ਕਰਦੇ ਕਰਦੇ ਕਿਤੇ ਰਿਸ਼ਤੇਦਾਰਾਂ ਨੂੰ ਭੁਲਾ ਨਾ ਦੇਣਾ। ਪਤਾ ਨਹੀਂ ਮੈਨੂੰ ਅੱਜ ਕੀ ਹੋ ਰਿਹਾ —-।” ਜਗੀਰ ਕੁਰ ਦੀ ਮੱਧਮ ਆਵਾਜ਼ ਅਚਾਨਕ ਬੰਦ ਹੋ ਗਈ। ਘਰ ਦੀ ਚਹਿਲ ਪਹਿਲ ਉੱਤੇ ਸੋਗ ਦੀ ਪਰਛਾਈ ਆ ਪਈ। ਪੁੱਤਰ ਦੀਆਂ ਬਾਹਾਂ ਵਿੱਚ ਹੀ ਸਰੀਰ ਛੱਡ ਗਈ, ਪਿਆਰੀ ਮਾਂ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>