ਧੰਨ ਕੌਰ

ਧੰਨ ਕੌਰ ਦੀ ਸਾਰਾ ਪਿੰਡ ਹੀ ਬਹੁਤ ਇੱਜ਼ਤ ਕਰਦਾ। ਲੋਕੀ ਆਪਣੇ ਘਰੇਲੂ ਮਸਲੇ ਪੰਚਾਇਤ ਕੋਲ ਘੱਟ ਅਤੇ  ਧੰਨ ਕੌਰ ਕੋਲ ਜ਼ਿਆਦਾ ਲੈ ਕੇ ਜਾਂਦੇ। ਘਰਾਂ ਵਿਚ ਦਰਾਣੀ ਜਿਠਾਣੀ ਦੀ ਲੜਾਈ ਹੋਵੇ, ਭਰਾਵਾਂ ਦੀ ਜਾਂ ਪਿਉ ਪੁੱਤ ਦੀ ਧੰਨ ਕੌਰ ਦੀ ਦਲੀਲ ਹੀ ਰਾਜ਼ੀਨਾਵਾ ਕਰਾਉਂਦੀ। ਜਿਸ ਦਾ ਕਸੂਰ ਹੋਵੇ ਧੰਨ ਕੌਰ ਸੱਚ ਉਸ ਦੇ ਮੂੰਹ ਉੱਪਰ ਕਹਿ ਦੇਂਦੀ। ਧੰਨ ਕੌਰ ਦੇ  ਘਰ ਲੋਕਾਂ ਦੀ ਆਵਾਜਾਈ ਹਮੇਸ਼ਾ ਹੀ ਬਣੀ ਰਹਿੰਦੀ।
ਅੱਜ ਤਾਂ ਉਸ ਦੇ ਘਰ ਨਾਲ ਸਾਰਾ ਪਿੰਡ ਵੀ ਰੌਣਕੀ ਲੱਗ ਰਿਹਾ ਸੀ॥ ਪੁੱਤਰ ਦੀ ਕੁੜਮਾਈ ਦੇ ਚਾਅ ਵਿਚ, ਧੰਨ ਕੌਰ ਆਏ ਗਏ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਆਉ ਭਗਤ ਕਰਦੀ ਨਜ਼ਰੀ ਪਈ।ਮਾਲਾਂ ਝੀਰੀ ਸਾਰੇ ਪਿੰਡ ਸਦਾ ਦੇ ਆਈ।
“ ਮਾਲਾਂ, ਕਮੀਆਂ ਦੇ ਵਿਹੜੇ ਵੀ ਰੋਟੀ  ਦਾ ਸੱਦਾ ਦੇ ਦੇਣਾ ਸੀ।” ਧੰਨ ਕੌਰ ਨੇ ਮਾਲਾਂ ਨੂੰ ਆਖਿਆ।
“ ਬੀਬੀ, ਤੁਸਾਂ ਦੀ ਤਾਂ ਲੋਕ ਏਨੀ ਕਦਰ ਕਰਦੇ ਨੇ ਕਿ ਸੱਦੇ ਤੋਂ ਬੈਗ਼ਰ ਹੀ ਸਭ ਆਉਣ ਨੂੰ ਰਾਜ਼ੀ ਨੇ।”
“ ਬੀਬੀ, ਵੀ ਲੋਕਾਂ ਦੇ ਦੁੱਖ-ਸੁੱਖ ਵਿਚ ਹਮੇਸ਼ਾ ਜਾ ਪੁੱਜਦੀ ਆ, ਮੀਕੇ ਦੀ ਮੰਗਣੀ ਦਾ ਚਾਅ ਸਾਰੇ ਪਿੰਡ ਨੂੰ ਬੀਬੀ ਨਾਲੋ ਜ਼ਿਆਦਾ ਆ, ਭਾਈ।” ਫਜੋ ਮਝਬਣ ਮੱਝਾਂ ਹੇਠੋਂ ਗੋਹਾ ਕੂੜਾ ਇੱਕਠਾ ਕਰਦੀ ਕਹਿ ਰਹੀ ਸੀ, “ ਆਪਣੇ ਵਿਹੜੇ ਨੂੰ ਤਾਂ ਮੈ ਬਹੁਤ ਚਿਰ ਪਹਿਲਾਂ ਹੀ ਸੱਦਾ ਦੇ ਦਿੱਤਾ ਸੀ।”
ਸ਼ਗਨ ਵਾਲੇ ਪਤਾ ਨਹੀ ਕੀ ਕੁੱਝ ਲੈ ਕੇ ਧੰਨ ਕੌਰ ਦੇ ਘਰ ਪਹੁੰਚੇ। ਪਰ ਧੰਨ ਕੌਰ ਨੇ ਸਿਰਫ ਸੌ ਰੁਪਿਆ ਹੀ ਰੱਖਿਆ। ਉਹਨਾਂ ਵਲੋਂ ਲਿਆਂਦੀ ਮਠਿਆਈ ਅਤੇ ਫਲ ਸਭ ਨੂੰ ਨਾਲ ਹੀ ਵੰਡ ਦਿੱਤੇ।
ਇਹ ਉਹਨਾਂ ਦਿਨਾਂ ਦੀ ਗੱਲ ਹੈ, ਜਦੋਂ ਪੰਜਾਬ ਵਿਚ ਕੇਸਰੀ ਰੰਗ ਦੇ ਦੁੱਪਟੇ ਅਤੇ ਪੱਗਾਂ ਦਾ ਰਿਵਾਜ਼ ਆਇਆ ਸੀ। ਮੀਕਾ ਵੀ ਕੇਸਰੀ ਰੰਗ ਦੀ ਪੱਗ ਬੱਨਣ ਲੱਗ ਪਿਆ। ਧੰਨ ਕੌਰ ਭਾਂਵੇ ਪੰਥ ਦਰਦੀ ਸੀ, ਪਰ ਫਿਰ ਵੀ ਉਹ ਮੀਕੇ ਨੂੰ ਆਖਦੀ, ਪੁੱਤਰਾ, ਇਸ ਰੰਗ ਦੀ ਪੱਗ ਨਾ ਬੰਨਿਆ ਕਰ।”
“ ਬੀਜ਼ੀ, ਰੰਗਾਂ ਵਿਚ ਕੀ ਪਿਆ ਹੈ, ਇਹ ਰੰਗ ਤਾਂ ਫੈਸ਼ਨ ਬਣ ਗਿਆ ਹੈ।”
“ ਪਰ ਪੁੱਤਰਾ, ਦੋਖੀਆਂ ਨੂੰ ਤਾਂ ਇਹ ਰੰਗ ਵੀ ਚੁੱਭਦਾ ਹੈ।”
“ ਬੀਜ਼ੀ ਜਦੋਂ ਦੇ ਭਾਪਾ ਜੀ ਪੂਰੇ ਹੋਏ, ਤੁਸੀ ਮੇਰਾ ਕੁਝ ਜ਼ਿਆਦਾ ਹੀ ਫ਼ਿਕਰ ਕਰਨ ਲੱਗ ਪਏ ਹੋ।”
“ ਮੇਰੇ ਕੋਲ ਸਿਰਫ ਤੂੰ ਹੀ ਤਾਂ ਹੈ ਜਿਸ ਦਾ ਫਿਕਰ ਕਰਨਾ ਹੈ।”
“ ਹੁਣ ਤਾ ਤੁਹਾਡੀ ਨੂੰਹ ਨੇ ਵੀ ਆ ਜਾਣਾ ਹੈ, ਫਿਰ ਤੁਹਾਡੀ ਚਿੰਤਾ ਹੋਰ ਵਧੇਗੀ।”
“ ਨੂੰਹ ਮੇਰੀ ਤਾਂ ਦੇਵੀ ਹੈ, ਦੇਖਿਆ ਨਹੀ ਸੀ ਉਸ ਦਿਨ ਜਦੋਂ ਆਪਾ ਚੁੰਨੀ ਚੜਾਉਣ ਗਏ ਸਾਂ, ਕਿਵੇ ਇੱਜ਼ਤ ਨਾਲ ਪੇਸ਼ ਆਈ ਸੀ।”
“ ਬੀਜ਼ੀ, ਇੱਜ਼ਤ ਨਾਲ ਤਾਂ ਉਹ ਹਮੇਸ਼ਾ ਹੀ ਪੇਸ਼ ਆਉਂਦੀ ਹੈ।”
“ ਹਮੇਸ਼ਾ ਤੋਂ ਕੀ ਮਤਲਬ, ਵੇ ਤੂੰ ਕਿਤੇ ਉਹਨੂੰ ਮਿਲ ਕੇ ਤਾਂ ਨਹੀ ਆਉਂਦਾ।”
“ਕਾਲਜ਼ ਜਾਂਦੀ ਇਕ ਦੋ ਵਾਰ ਦੇਖੀ ਹੈ।” ਮੀਕੇ ਨੇ ਬੀਜ਼ੀ ਨੂੰ ਟਾਲਣ ਲਈ ਇਹ ਗੱਲ ਕਹਿ ਦਿੱਤੀ ਸੀ। ਪਰ ਉਹ ਸੱਚ ਮੁੱਚ ਹੀ ਲੋਕਾਂ ਤੋਂ ਚੋਰੀ ਆਪਣੀ ਮੰਗਤੇਰ ਨੂੰ ਕਾਲਜ਼ ਜਾ ਕੇ ਮਿਲ ਆਉਂਦਾ ਸੀ।
ਇਹਨਾਂ ਗੱਲਾਂ ਤੋਂ ਥੋੜੇ ਦਿਨਾਂ ਬਾਅਦ ਹੀ ਮੀਕਾ ਆੜਤੀਆਂ ਕੋਲੋ ਪੈਸੇ ਲੈਣ ਗਿਆ ਮੁੜ ਕੇ ਨਾ ਆਇਆ। ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਸੱਭ ਖੂਹ ਖੱਤਾ ਫਰੋਲ  ਮਾਰਿਆ ਸੀ, ਪਰ ਮੀਕੇ ਦਾ ਕੁੱਝ ਪਤਾ ਨਹੀ ਲੱਗਾ। ਕੋਈ ਕਹਿ ਰਿਹਾ ਸੀ ਖਾੜਕੂਆ ਨਾਲ ਰਲ ਗਿਆ, ਕਿਸੇ ਦਾ ਅੰਦਾਜ਼ਾ ਸੀ ਪੈਸੇ ਲੈ ਕੇ ਆਉਂਦਾ ਸੀ, ਲੁਟੇਰਿਆਂ ਨੇ ਮਾਰ ਮੁਕਾਇਆ ਹੋਵੇਗਾ। ਕੋਈ ਕਹੇ ਹਮੇਸ਼ਾ ਕੇਸਰੀ ਰੰਗ ਦਾ ਸਾਫਾ ਜਾਂ ਪੱਗ ਬੰਨਦਾ ਸੀ ਪੁਲੀਸ ਨੇ ਮੁਕਾਬਲਾ ਬਣਾ ਦਿੱਤੇ ਹੋਵੇਗਾ। ਜਿੰਨੇ ਮੂੰਹ ਉਨੀਆਂ ਗੱਲਾਂ।
ਧੰਨ ਕੌਰ ਇਸ ਗ਼ਮ ਨਾਲ ਅੱਧੀ ਰਹਿ ਗਈ। ਮੀਕੇ ਦੀ ਮੰਗੇਤਰ ਦਾ ਵੱਖ ਬੁਰਾ ਹਾਲ ਸੀ।ਪਤਾ ਨਹੀ ਉਸ ਦਿਲ ਵਿਚ ਕੀ ਆਇਆ, ਇੱਕ ਦਿਨ ਉਹ ਧੰਨ ਕੌਰ ਦੇ ਬੂਹੇ ਤੇ ਆ ਗਈ। ਧੰਨ ਕੌਰ ਦਾ ਹਾਲ ਦੇਖ ਕੇ ਦੁੱਖ ਨਾਲ ਕੁਰਲਾ ਉੱਠੀ,
“ ਬੀਜ਼ੀ, ਤੁਹਾਡਾ ਪੁੱਤ ਇੱਕ ਦਿਨ ਜ਼ਰੂਰ ਮੁੜੇਗਾ, ਆਪਾ ਦੋਨੋ ਰਲ ਕੇ ਇਸੇ ਘਰ ਵਿਚ ਉਸ ਦੀ ਉਡੀਕ ਕਰਾਂਗੀਆਂ।
ਧੰਨ ਕੌਰ, ਲੋਕਾਂ ਅਤੇ ਉਸ ਦੇ ਮਾਪਿਆ ਨੇ ਰਲ ਕੇ ਉਸ ਨੂੰ ਬਥੇਰਾ ਸਮਝਾਇਆ,
“ ਅੱਜ ਕੱਲ  ਹਜ਼ਾਰਾਂ ਨੌਜਵਾਨ ਘਰਾਂ ਤੋਂ ਗਾਇਬ ਹੁੰਦੇ ਹਨ, ਪਰ ਵਾਪਸ ਕੋਈ ਵੀ ਨਹੀਂ ਆਇਆ। ਵਿਆਹ ਤੋਂ ਪਹਿਲਾ ਇਸ ਤਰਾਂ ਸਹੁਰੇ ਘਰ ਵਿਚ ਰਹਿਣਾ ਸ਼ੋਭਦਾ ਵੀ ਨਹੀ।”
ਪਰ ਉਸ ਪਿਉ ਦੀ ਧੀ ਨੇ ਕਿਸੇ ਦੀ ਇੱਕ ਨਾ ਸੁਣੀ। ਧੰਨ ਕੌਰ ਨੇ ਵੀ ਉਸ ਨੂੰ ਧੀ ਵਾਂਗ ਸਵੀਕਾਰ ਕਰ ਲਿਆ। ਦੋਨੋ ਸੱਸ ਨੂੰਹ ਮੀਕੇ  ਦੇ ਆਉਣ ਦੀ ਆਸ ਵਿਚ ਲੋਕਾਂ ਦੀ ਭਲਾਈ ਦੇ ਕੰਮ ਕਰੀ ਜਾਂਦੀਆ। ਨੂੰਹ ਕਮੀਆਂ ਦੀਆਂ ਕੁੜੀਆਂ ਨੂੰ ਪੜਾਉਣਾ ਅਤੇ ਸਿਲਾਈ ਸਿਖਾਈ ਜਾਂਦੀ। ਧੰਨ ਕੌਰ ਦੀ  ਹਿੰਮਤ  ਵੀ ਉਸ ਨੂੰ ਦੇਖ ਕੇ ਵੱਧ ਗਈ। ਉਸਦੀ ਸਿਹਤ ਅੱਗੇ ਨਾਲੋ ਥੋੜੀ ਜਿਹੀ ਚੰਗੀ ਹੋ ਗਈ।
ਦੋਨੋ ਸੱਸ ਨੂੰਹ ਜਿੱਥੇ ਵੀ ਜਾਂਦੀਆਂ ਇਕੱਠੀਆਂ ਹੀ ਜਾਂਦੀਆ। ਉਸ ਦਿਨ ਵੀ ਦੋਨੋ ਗੁਰਦੁਆਰੇ ਗਈਆ। ਗੁਰਪੁਰਬ ਹੋਣ ਕਾਰਨ ਗੁਰਦੁਅਾਰਾ ਸੰਗਤਾਂ ਨਾਲ ਭਰਿਆ ਪਿਆ ਸੀ। ਭੋਗ ਪੈਣ ਪਿਛੋ ਗ੍ਰੰਥੀ ਸਿੰਘ ਹੁਕਮਨਾਮੇ ਦੀ ਵਿਆਖਿਆ ਹੀ ਕਰ ਰਿਹਾ ਸੀ ਕਿ ਪੁਲ਼ੀਸ ਗੁਰਦੁਅਰੇ ਦੇ ਅੰਦਰ ਦਾਖਲ ਹੋ ਗਈ। ਦੋ ਜ਼ਨਾਨੀਆਂ ਜੋ ਲੇਡੀ ਪੁਲੀਸ ਦੀਆਂ ਸਨ, ਔਰਤਾਂ ਵਾਲੇ ਪਾਸੇ ਆ ਗਈਆਂ। ਆਉਂਦੀਆਂ ਹੀ ਧੰਨਂ ਕੌਰ ਦੀ ਨੂੰਹ ਨੂੰ ਬੋਲੀਆਂ,
“ ਤੂੰ ਹੀ ਮੀਕੇ  ਦੀ ਪਤਨੀ ਹੈ।”
“ ਹਾਂ।” ਕੁੜੀ ਨੇ ਨਿਧੜਕ ਹੋ ਕੇ ਕਿਹਾ।
“ ਚੱਲ, ਫਿਰ ਆ ਜਾ ਬਾਹਰ।”
ਕੁੜੀ ਨੇ ਵੀ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੋਈ ਬੇਅਦਬੀ ਵਾਲੀ ਗੱਲ ਨਾ ਹੋ ਜਾਵੇ, ਉੱਠ ਕੇ ਬਰਾਂਡੇ ਵਿਚ ਆ ਗਈ। ਬਾਕੀ ਦੀ ਸਭ ਸੰਗਤ ਵੀ ਉਸ ਦੇ ਨਾਲ ਹੀ ਬਾਹਰ ਆ ਗਈ। ਗੁਰਦੁਆਰੇ ਦੇ ਅਹਾਤੇ ਵਿਚ ਬਾਕੀ ਦੀ  ਮਰਦਾਨਾ ਪੁਲੀਸ ਖੜ੍ਹੀ ਸੀ। ਹੋਰ ਲੋਕੀ ਤਾਂ ਹੈਰਾਨ ਹੋਏ ਸੱਭ ਕੁੱਝ ਦੇਖ ਰਹੇ ਸਨ, ਪਰ ਲੰਬੜਦਾਰ ਨੇ ਹੌਂਸਲਾ ਕਰਕੇ ਪੁੱਛਿਆ,
“ ਠਾਣੇਦਾਰ ਸਾਹਿਬ, ਮਾਜਰਾ ਕੀ ਹੈ?”
“ ਤੁਹਾਡੇ ਪਿੰਡ ਦਾ ਮੀਕਾ ਬਹੁਤ ਹੀ ਖਤਰਨਾਕ ਅਤਿਵਾਦੀ ਸੀ।”
“ ਅੱਛਾ, ਮਾਲਕੋ, ਪਰ ਇਸ ਕੁੜੀ ਦਾ ਕੀ ਦੋਸ਼?”
“ ਮੀਕਾ, ਜੋ ਕਿ ਕਈ ਅਤਿਵਾਦੀਆਂ ਦੇ ਗੁੱਝੇ ਭੇਦ ਜਾਣਦਾ ਸੀ, ਮੁਕਾਬਲੇ ਵਿਚ ਮਾਰਿਅ ਗਿਆ। ਉਸ ਦੇ ਬਟੂਏ ਵਿਚੋਂ ਇਸੇ ਕੁੜੀ ਦੀ ਫੋਟੋ ਮਿਲੀ ਆ।”
“ ਮਿਲੀ ਹੋਵੇਗੀ, ਕਿਉਂਕਿ ਇਹ ਕੁੜੀ ਮੀਕੇ ਦੀ ਮੰਗੇਤਰ ਹੈ।”
“ ਮੰਗੇਤਰ ਕਾਹਦੀ, ਉਸ ਦੀ ਰੰਨ ਬਣ ਕੇ ਸਾਡੇ ਖਿਲਾਫ ਹੀ ਮੀਕੇ ਦੇ ਯਾਰਾਂ  ਨੂੰ ਭੜਕਾਉਂਦੀ ਹੈ।” ਠਾਣੇਦਾਰ ਨੇ ਕੁੜੀ ਵੱਲ ਗੰਦੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ, “ਜੋ ਭੇਦ ਮੀਕਾ ਨਹੀ ਦਸ ਸਕਿਆ, ਹੁਣ ਇਹ ਦਸੂਗੀ।”
ਇਹ ਗੱਲ ਸੁਣ ਕੇ ਲੋਕੀ ਹੈਰਾਨ ਹੋ ਗਏ ਕਿ ਸਾਰੀ ਦਿਹਾੜੀ ਮੀਕਾ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਪਿੰਡੋਂ ਬਾਹਰ ਵੀ ਘੱਟ ਹੀ ਜਾਂਦਾ, ਫਿਰ ਅੱਤਵਾਦੀਆਂ ਨਾਲ ਕਿਵੇ ਰਲ ਗਿਆ? ਪਰ ਜ਼ੁਰਤ ਕੌਣ ਕਰਦਾ ਪੁਲੀਸ ਨਾਲ ਨਿਪਟਣ ਦੀ। ਲੇਡੀ ਪੁਲੀਸ ਨੇ ਕੁੜੀ ਨੂੰ ਹੱਥਕੜੀਆਂ ਲਾਈਆਂ ਅਤੇ ਜੀਪ ਵੱਲ ਨੂੰ ਖਿਚਣ ਲੱਗ ਪਈ। ਕੁੜੀ ਨੇ ਬਥੇਰਾ ਚੀਕ- ਚਿਹਾੜਾ ਪਾਇਆ। ਪਰ ਸਭ ਚੁੱਪ ਹੋ ਕੇ ਦੇਖਦੇ ਰਿਹੇ। ਕੇਵਲ ਧੰਨ ਕੌਰ ਹੀ ਜੀਪ ਅੱਗੇ ਖਲੋ ਗਈ, ਬੁਲੰਦ ਅਵਾਜ਼ ਵਿਚ ਬੋਲੀ,
“ ਤੁਸੀ ਮੇਰੀ ਲਾਸ਼ ੳੱਪਰ ਦੀ ਤਾਂ ਜੀਪ ਲੰਘਾ ਸਕਦੇ ਹੋ, ਪਰ ਜੀਉਂਦੇ ਜੀ ਮੈ ਆਪਣੀ ਨਹੂੰ ਕਿਸੇ ਨੂੰ ਲਿਜਾਣ ਨਾ ਦਿੱਤੀ।”
ਇੰਨੇ ਵਿਚ ਇਕ ਸਿਪਾਹੀ ਨੇ ਜੀਪ ਵਿਚੋਂ ਛਾਲ ਮਾਰੀ ਅਤੇ ਧੰਨ ਕੌਰ ਨੂੰ ਇਕ ਪਾਸੇ ਧੱਕਾ ਦੇ ਦਿੱਤਾ। ਜਿੰਨੇ ਚਿਰ ਨੂੰ ਧਰਮ ਕੌਰ ਉੱਠਦੀ। ਪੁਲੀਸ ਦੀ ਜੀਪ ਉਹ ਦੀ ਉਹ ਗਈ।
ਅੱਜ ਚੌਥਾ ਦਿਨ ਇਸ ਗੱਲ ਨੂੰ ਹੋ ਗਿਆ ਸੀ, ਪਰ ਲੋਕਾਂ ਨੇ ਧੰਨ ਕੌਰ ਨੂੰ ਮੁੜ ਨਾ ਦੇਖਿਆ। ਉਸ ਨੇ ਆਪਣੇ ਘਰ ਅੰਦਰ ਵੜ ਕੇ ਦਰਵਾਜ਼ਾ ਬੰਦ ਕਰ ਰੱਖਿਆ ਸੀ। ਆਂਢੀ- ਗੁਆਂਢੀ ਅਵਾਜ਼ਾਂ ਮਾਰ ਹੱਟੇ, ਪਰ ਉਹ ਅੰਦਰੋਂ ਕੁਝ ਵੀ ਨਹੀਂ ਸੀ ਬੋਲਦੀ।ਹਾਰ ਕੇ ਗੁਆਂਢੀਆਂ ਨੇ ਸਾਰਾ ਪਿੰਡ ਇਕੱਠਾ ਕੀਤਾ, ਪੰਚਾਇਤ ਨੂੰ ਨਾਲ ਲਿਆ। ਫੈਂਸਲਾ ਕੀਤਾ ਜੇ ਅੱਜ ਵੀ ਧੰਨ ਕੌਰ ਨਾ ਬੋਲੀ ਤਾਂ ਉਸ ਦਾ ਦਰਵਾਜ਼ਾ ਪਟਿਆ ਜਾਵੇਗਾ। ਸੱਭ ਤੋਂ ਪਹਿਲਾਂ ਸਰਪੰਚ ਨੇ  ਬੂਹਾ ਖੜਕਾਇਆ  ਅਤੇ ਨਾਲ ਹੀ ਅਵਾਜ਼ ਲਗਾਈ,
“ ਬੀਬੀ ਧੰਨ ਕੌਰ ਜੀ, ਦਰ ਖੋਲ੍ਹੋ।”
ਜਦੋਂ ਅੰਦਰੋਂ ਕੋਈ ਹੂੰਗਾਰਾ ਨਾ ਆਇਆ ਤਾਂ ਪੰਚ ਆਤਮਾ ਸਿੰਘ ਨੇ ਆਪਣਾ ਸ਼ੱਕ ਜਾਹਿਰ ਕੀਤਾ, “ ਸ਼ਾਇਦ ਬੀਬੀ ਜੀ ਨੂੰ ਕੁੱਝ ਹੋ ਨਾ ਗਿਆ ਹੋਵੇ, ਜਾਂ ਆਪ ਹੀ ਕੁਛ ਕਰ ਨਾ ਲਿਆ ਹੋਵੇ।”
“ ਦੁੱਖੀ ਵੀ ਤਾਂ ਵਿਚਾਰੀ ਬਹੁਤ ਹੋ ਗਈ ਸੀ, ਇਸ ਕਰਕੇ ਆਪਣੀ ਜੀਵਨ ਲੀਲਾ ਹੀ ਨਾ ਖਤਮ ਕਰ ਲਈ ਹੋਵੇ।” ਇਕ ਹੋਰ ਨੇ ਕਿਹਾ, “ ਦੁੱਖ ਤਾਂ ਵੱਡਿਆਂ ਬਹਾਦਰਾਂ ਨੂੰ ਵੀ ਕਾਇਰ ਅਤੇ ਬੁਜ਼ਦਿਲ ਬਣਾ ਦਿੰਦਾ ਐ।”
ਪਤਾ ਨਹੀ ਧੰਨ ਕੌਰ ਨੂੰ ਇਹ ਸਾਰੀਆਂ ਗੱਲਾਂ ਕਿਵੇ ਸੁਣ ਗਈਆਂ, ਜਾਂ ਦਰਵਾਜ਼ੇ ਕੋਲ ਖੜ੍ਹੀ ਹੋਣ ਕਰਕੇ ਚੀਥ ਰਾਹੀ ਅਵਾਜ਼ਾਂ ਅੰਦਰ ਚਲੇ ਗਈਆਂ। ਉਸੇ ਸਮੇਂ ਹੀ ਉਸ ਨੇ ਫੜਾਕ ਕਰਕੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਗੂੰਜਦੀ ਹੋਈ ਅਵਾਜ਼ ਵਿਚ ਬੋਲੀ,
“ ਕਾਇਰ ਅਤੇ ਬੁਜ਼ਦਿਲ ਤਾਂ ਤੁਸੀਂ  ਲੋਕ ਹੋ ਜੋ  ਕੁਝ ਵੀ ਨਾ ਕਰ ਸਕੇ, ਮੇਰੀ ਸੋਨੇ ਵਰਗੀ ਧੀ ਦਰੰਦਿਆਂ ਨੇ ਧੂ ਕੇ ਜੀਪ ਵਿਚ ਸੁੱਟ ਲਈ ਅਤੇ ਤੁਸੀਂ ਤਮਾਸ਼ਾ ਦੇਖਦੇ ਰਹੇ।” ਲੰਬਰਦਾਰ ਵੱਲ ਦੇਖਦੀ ਹੋਈ ਕਹਿਣ ਲੱਗੀ, “ ਤੂੰ ਉਸ ਜ਼ਾਲਮ ਠਾਣੇਦਾਰ ਨੂੰ ਮਾਈ-ਬਾਪ, ਸਾਹਿਬ ਕਹਿ ਕੇ ਪੁਚਕਾਰਦਾ ਰਿਹਾ ਜਿਸ ਨੇ ਇਲਾਕੇ ਵਿਚ ਸਿੱਖ ਮੁੰਡੇ ਕੋਹ ਕੋਹ ਕੇ ਮਾਰੇ ਨੇ।”
“ ਅਸੀ ਵੀ ਸਿੱਖ ਹਾਂ, ਸਾਨੂੰ ਵੀ ਇਹਨਾ ਗੱਲਾਂ ਦਾ ਦੁੱਖ ਹੈ।” ਲੰਬਦਾਰ ਨੇ ਆਪਣੇ ਬਚਾਅ ਵਿਚ ਕਿਹਾ, “ ਵੇਲਾ ਹੀ ਇਹੋ ਜਿਹਾ ਸੀ ਕਿ ਸਾਨੂੰ ਕੁੱਝ ਸੁਝਿਆ ਹੀ ਨਹੀਂ।”
“ ਤੁਸੀ ਕਾਹਦੇ ਸਿੱਖ, ਸਿੱਖ ਤਾਂ ਪੁਰਾਣੇ ਸਮੇਂ ਸਨ, ਜੋ ਗੈਰਾਂ ਦੀਆਂ ਨੂੰਹਾਂ ਧੀਆਂ ਵੀ ਜਾਲਮਾਂ ਕੋਲੋ ਛੁਡਾ ਕੇ ਲਿਆਉਂਦੇ ਰਹੇ, ਤੁਹਾਡੇ ਕੋਲੋਂ ਹੀ  ਧੀ ਚੁੱਕ ਕੇ ਲੈ  ਗਏ ਤੁਸੀਂ ਕੁੱਝ ਨਾ ਕਰ ਸਕੇ।” ਧੰਨ ਕੌਰ ਨੇ ਮੁਗਲਾਂ ਦੇ ਸਮੇਂ ਵਿਚ ਹੋਏ ਸਿੱਖਾਂ ਦੀ ਮਿਸਾਲ ਦਿੱਤੀ।
“ ਮੈ ਇਕੱਲਾ ਕੀ ਕਰਦਾ ਬਾਕੀ ਦੀ ਸੰਗਤ ਵੀ ਗੁਰਦੁਆਰੇ ਵਿਚ ਹੀ ਬੈਠੀ ਰਹੀ।” ਲੰਬੜਦਾਰ ਨੇ ਹੌਲੀ ਜਿਹੀ ਆਖਿਆ।
“ ਤੁਸੀ ਸੰਗਤ ਕਹਾਉਣ ਦੇ ਹੱਕਦਾਰ ਨਹੀ, ਸੰਗਤ ਜ਼ੁਲਮ ਨੂੰ ਸੋਧਣ ਲਈ ਸਿਪਾਹੀ ਬਣ ਜਾਂਦੀ ਹੈ, ਤੁਹਾਡੀ ਸਾਰਿਆਂ ਦੀ ਗੈਰਤ ਮਰ ਚੁੱਕੀ ਹੈ, ਮੈਂ ਤੁਹਾਡੇ ਜਿਹੇ ਹਲਕੇ ਲੋਕਾਂ ਦੇ ਮੱਥੇ ਨਹੀ ਲੱਗਣਾ ਚਾਹੁੰਦੀ।”
“ ਦਰਅਸਲ ਬੀਬੀ ਜੀ, ਅਸੀਂ ਪੁਲੀਸ ਦੇਖ ਕੇ ਸਹਿਮ ਗਏ ਸਾਂ।” ਸਰਪੰਚ ਬੋਲਿਆ
“ ਚਾਰ ਪੁਲਸੀਏ ਤੁਹਾਡੇ ਇਕੱਠ ਦਾ ਕੀ ਵਿਗਾੜ ਲੈਂਦੇ,ਸ਼ਰਮ ਕਰੋ, ਜਿਨਾਂ ਦੀਆਂ ਧੀਆਂ ਤੁਹਾਡੇ ਵਡੇਰੇ ਛੁਡਾਉਂਦੇ  ਰਹੇ, ਉਹ ਹੀ ਅੱਜ ਤੁਹਾਡੀਆਂ …। ” ਧੰਨ ਕੌਰ ਭਾਂਵੇ ਸੱਭ ਗੱਲਾਂ ਬੜੇ ਗੁੱਸੇ ਵਿਚ ਕਹਿ ਰਹੀ ਸੀ, ਪਰ ਉਸ ਦੇ ਆਪ ਮੁਹਾਰੇ ਨਿਕਲਦੇ ਹੰਝੂ ਉਸ ਦਾ ਅੰਦਰਲਾ ਦੁੱਖ ਬਿਆਨ ਕਰੀ ਜਾਂਦੇ। ਸਾਰੇ ਲੋਕ ਨਿਮੋਝੂਣੇ ਹੋਏ ਇਕ ਦੂਸਰੇ ਨੂੰ ਤੱਕੀ ਜਾਣ। ਕਿਉੰਕਿ ਧੰਨ ਕੌਰ ਦੇ ਸਵਾਲਾਂ ਦਾ ਜਵਾਬ ਕਿਸੇ ਦੇ ਕੋਲ ਵੀ ਨਹੀਂ ਸੀ।ਹਾਰ ਕੇ ਗੁਰਦੁਆਰੇ ਦਾ ਗ੍ਰੰਥੀ ਸਾਧੂ ਸਿੰਘ ਕਹਿਣ ਲੱਗਾ,
“ ਬੀਬੀ ਜੀ, ਤੁਸੀ ਆਪਣਾ ਆਪ ਨਾ ਖਪਾਉ, ਕੱਲ ਨੂੰ ਆਪਾਂ ਗੁਰਦੁਆਰੇ ਵਿਚ ਇਕੱਠੇ ਹੋ ਕੇ ਇਸ ਦਾ ਕੋਈ ਹੱਲ ਲੱਭਾਗੇ।”
ਧੰਨ ਕੌਰ ਇਸ ਗੱਲ ਤੇ ਵਿਅੰਗ ਨਾਲ ਹੱਸੀ, ਆਪਣਾ ਮੂੰਹ ਚੁੰਨੀ ਨਾਲ ਪੂੰਝਦੀ ਬੋਲੀ, “ਹੁ, ਇਕੱਠ ਨਾਂ ਦੀ ਚੀਜ਼ ਤਾਂ ਸਿੱਖਾਂ ਦੇ ਲੀਡਰਾਂ ਵਿਚ ਵੀ ਨਹੀਂ,ਜਿਨਾਂ ਦੀਆਂ ਗੱਲਤੀਆਂ ਦਾ ਨਤੀਜਾ ਅੱਜ ਪੰਥ ਭੋਗਦਾ ਪਿਆ।ਭਾਈ ਜੀ, ਹੁਣ ਲੋਕ ਮਸਲੇ ਹੱਲ ਕਰਨ, ਜਾਂ ਗੁਰੂ ਦਾ ਉਪਦੇਸ਼ ਸੁਨਣ ਨਹੀ ਗੁਰਦੁਆਰੇ ਜਾਂਦੇ, ਬਹੁਤੇ ਤਾਂ ਮਨ ਪ੍ਰਚਾਵੇ ਲਈ ਹੀ ਜਾਂਦੇ।” ਡੂੰਘਾ ਸਾਹ ਲੈਂਦੇ ਹੋਈ ਫਿਰ ਬੋਲੀ, ਭਾਈ ਜੀ, ਇਹਨਾਂ ਨੂੰ ਕਹਿ ਦਿਉ ਕ੍ਰਿਪਾ ਕਰਕੇ ਇਹ ਇਥੋਂ ਜਾਣ, ਮੈਨੂੰ ਮੇਰੇ ਹਾਲਾਤ ਤੇ ਛੱਡ ਦੇਣ ਹੁਣ ਮੈ ਜਾਣਾ ਜਾਂ ਮੇਰਾ ਕੰਮ।” ਇਹ ਗੱਲ ਕਹਿੰਦੇ ਹੋਏ ਉਸ ਨੇ ਦਰਵਾਜ਼ਾ ਫਿਰ ਬੰਦ ਕਰ ਲਿਆ।
ਥੋੜੇ ਦਿਨਾਂ ਬਾਅਦ ਹੀ ਪਿੰਡ ਦੇ ਨਾਲ ਲੱਗਦੇ ਕਸਬੇ ਦੇ ਥਾਣੇ ‘ਤੇ  ਆਤਮਘਾਤੀ ਹਮਲਾ ਹੋਇਆ ਜਿਸ ਨਾਲ ਥਾਣਾ ਅੱਗ ਦੀ ਲਪੇਟ ਵਿਚ ਆ ਗਿਆ। ਦੋ ਸਿਪਾਹੀ ਅਤੇ ਥਾਣੇਦਾਰ ਵੀ ਅੱਗ ਦੀ ਭੇਟਾ ਚੜ੍ਹ ਗਏ। ਥਾਣੇ ਵਿਚੋਂ ਇਕ ਕੱਚੀ ਭੁੰਨੀ ਜ਼ਨਾਨਾ ਲਾਸ਼ ਵੀ ਮਿਲੀ। ਆਲੇ-ਦੁਆਲੇ ਪਿੰਡਾਂ ਦੇ ਲੋਕ ਲਾਸ਼ ਨੂੰ ਪਹਿਚਾਨਣ ਲਈ ਵੀ ਸੱਦੇ ਗਏ।ਬਹੁਤੇ ਲੋਕ ਪਹਿਚਾਣਦੇ ਹੋਏ ਵੀ ਨਾ ਹੀ ਕਹੀ ਗਏ। ਪਰ ਉਸ ਦਿਨ ਤੋਂ ਬਾਅਦ ਲੋਕਾਂ ਨੇ ਮੁੜ ਧੰਨ ਕੌਰ ਨੂੰ ਨਾ ਦੇਖਿਆ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>