ਵੱਧ ਰਹੇ ਸੜਕ ਹਾਦਸੇ- ਚਿੰਤਾ ਦਾ ਵਿਸ਼ਾ

ਸਵੇਰੇ ਅਖਬਾਰ ਚੁੱਕੋ ਤਾਂ ਸੁਰਖੀਆਂ ਹਾਦਸਿਆਂ ਨਾਲ ਭਰੀਆਂ ਪਈਆਂ ਹੁੰਦੀਆਂ ਹਨ। ਕਿਤੇ ਕਾਰ ਟਰੱਕ ਨਾਲ ਜਾ ਟਕਰਾਈ.. ਕਿਤੇ ਉਲਟ ਕੇ ਖਾਈ ਵਿੱਚ ਜਾ ਡਿੱਗੀ.. ਕਿਤੇ ਦਰੱਖਤ ਵਿੱਚ ਵੱਜੀ- ਅਤੇ ਇੱਕ ਪਰਿਵਾਰ ਦੇ ਪੂਰੇ ਜੀਅ ਖਤਮ ਹੋ ਗਏ..ਕਿਤੇ ਸ਼ਰਧਾਲੂਆਂ ਦੀ ਭਰੀ ਬੱਸ ਜਾਂ ਗੱਡੀ ਖਾਈ ਵਿੱਚ ਜਾ ਡਿੱਗੀ ਤੇ ਕਿਤੇ ਸਕੂਲ ਜਾਂਦੇ ਮਸੂਮ ਬੱਚਿਆਂ ਦੀ ਬੱਸ ਜਾਂ ਆਟੋ ਨਾਲ ਹਾਦਸਾ ਵਾਪਰ ਗਿਆ ਤੇ ਕਈ ਪਰਿਵਾਰਾਂ ਦੇ ਚਿਰਾਗ ਬੁੱਝ ਗਏ। ਇਹ ਸਭ ਦੁੱਖਦਾਈ ਖਬਰਾਂ ਪੜ੍ਹ ਕੇ ਦਿੱਲ ਵਲੂੰਧਰੇ ਜਾਂਦੇ ਹਨ, ਕਈ ਕਈ ਦਿਨ ਇਹਨਾਂ ਹਾਦਸਿਆਂ ਦਾ ਮਨ ਤੇ ਅਸਰ ਰਹਿੰਦਾ ਹੈ। ਜ਼ਰਾ ਸੋਚੀਏ- ਕਿ ਜਿਹਨਾਂ ਪਰਿਵਾਰਾਂ ਦੇ ਜੀਅ ਇਹਨਾਂ ਦੀ ਭੇਟ ਚੜ੍ਹ ਜਾਂਦੇ ਹਨ, ਉਨ੍ਹਾਂ ਦਾ ਕੀ ਹਾਲ ਹੋਏਗਾ?

ਆਖਿਰ ਕਿਉਂ ਵਾਪਰਦੇ ਹਨ- ਇਹ ਹਾਦਸੇ? ਕਿਉਂ ਨਿਤਾ ਪ੍ਰਤੀ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ? ਇਸ ਬਾਰੇ ਸਾਨੂੰ ਵਿਚਾਰਨ ਦੀ ਲੋੜ ਹੈ। ਸਰਕਾਰ ਦੇ ਕਹਿਣ ਮੁਤਾਬਕ- “ਸੜਕਾਂ ਅੱਠ ਮਾਰਗੀ ਬਣ ਗਈਆਂ ਹਨ, ਥਾਂ ਥਾਂ ਫਲਾਈ ਓਵਰ ਬਣ ਗਏ ਹਨ, ਸੋ ਐਕਸੀਡੈਂਟ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ”- ਪਰ ਫੇਰ ਵੀ ਇਨ੍ਹਾਂ ਦੀ ਗਿਣਤੀ ਦੇਸ਼ ਵਿਦੇਸ਼ ਵਿੱਚ, ਘਟਣ ਦੀ ਬਜਾਏ ਵੱਧ ਕਿਉਂ ਰਹੀ ਹੈ? ਇਸ ਦੇ ਬਹੁਤ ਸਾਰੇ ਕਾਰਨ ਹਨ- ਪਰ ਆਓ ਇਸ ਦੇ ਮੁਖ ਕਾਰਨਾਂ ਤੇ ਵਿਚਾਰ ਕਰੀਏ।
ਸਭ ਤੋਂ ਪਹਿਲਾ ਕਾਰਨ ਤਾਂ ਸ਼ਰਾਬ ਪੀ ਕੇ ਗੱਡੀ ਚਲਾਉਣਾ ਹੈ। ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਡਰਾਈਵਿੰਗ ਕਰਨੀ ਖਤਰੇ ਤੋਂ ਖਾਲੀ ਨਹੀਂ। ਬਹੁਤ ਸਾਰੇ ਹਾਦਸਿਆਂ ਵਿੱਚ ਜਾਂਚ ਕਰਨ ਤੇ ਪਤਾ ਲਗਿਆ ਕਿ ਡਰਾਈਵਰ ਦੀ ਡਰਿੰਕ ਕੀਤੀ ਹੋਈ ਸੀ। ਸ਼ਰਾਬ ਜਾਂ ਕੋਈ ਵੀ ਨਸ਼ਾ, ਦਿਮਾਗ ਨੂੰ ਇੱਕ ਵਾਰੀ ਤਾਂ ਲੋਰ ਦੇ ਦਿੰਦਾ ਹੈ ਪਰ ਫਿਰ ਉਹ ਦਿਮਾਗ ਦੇ ਸੈੱਲਾਂ ਨੂੰ ਸੋਚਣ ਸਮਝਣ ਤੋਂ ਨਕਾਰਾ ਕਰ ਦਿੰਦਾ ਹੈ ਤੇ ਉਸ ਵੇਲੇ ਦਿਮਾਗ ਸਹੀ ਫੈਸਲੇ ਲੈਣ ਤੋਂ ਅਸਮਰਥ ਹੋ ਜਾਂਦਾ ਹੈ। ਸੋ ਕੋਈ ਵੀ ਜਿੰਮੇਵਾਰੀ ਵਾਲਾ ਕੰਮ ਕਰਨ ਵੇਲੇ, ਨਸ਼ਿਆਂ ਤੋਂ ਪਰਹੇਜ਼ ਕਰਨਾ ਬੇਹੱਦ ਜਰੂਰੀ ਹੈ। ਵੈਸੇ ਤਾਂ ਨਸ਼ੇ ਸੇਹਤ ਲਈ ਵੀ ਬਹੁਤ ਨੁਕਸਾਨਦੇਹ ਹਨ, ਪਰ ਨਸ਼ੇ ਦਾ ਸੇਵਨ ਕਰਨ ਵਾਲੇ ਨੂੰ ਘੱਟੋ ਘੱਟ ਡਰਾਈਵਿੰਗ ਕਰਨ ਵੇਲੇ ਤਾਂ ਸ਼ਰਾਬ ਆਦਿ ਵਲੋਂ ਮਨ ਨੂੰ ਮੋੜ ਕੇ ਹੀ ਰੱਖਣਾ ਚਾਹੀਦਾ ਹੈ, ਕਿਉਂਕਿ ਉਸ ਸਮੇਂ ਕਈ ਜਾਨਾਂ ਦੀ ਸੁਰੱਖਿਆ ਵੀ, ਉਸ ਦੇ ਆਪਣੇ ਹੱਥ ਵਿੱਚ ਹੁੰਦੀ ਹੈ। ਵਿਦੇਸ਼ਾਂ ਵਿੱਚ ਵੀ ਆਪਣੇ ਲੋਕ ਹੀ, ਪੀ ਕੇ ਗੱਡੀਆਂ ਚਲਾਉਣ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ, ਹਾਦਸਿਆਂ ਦਾ ਕਾਰਨ ਬਨਣ ਲਈ ਬਦਨਾਮ ਹਨ। ਕਈ ਡਰਾਈਵਰਾਂ ਦਾ ਤਰਕ ਹੈ ਕਿ ਅਸੀਂ ਆਪਣੀ ਥਕਾਵਟ ਲਾਹੁਣ ਲਈ ਪੀਂਦੇ ਹਾਂ। ਪਰ ਮੈਂ ਤਾਂ ਆਪਣੇ ਉਹਨਾਂ ਵੀਰਾਂ ਨੂੰ ਇਹੀ ਕਹਾਂਗੀ ਕਿ- ਭਾਈ ਜੇ ਨਹੀਂ ਰਹਿ ਸਕਦੇ ਤਾਂ ਰਾਤ ਨੂੰ ਸੌਣ ਲੱਗੇ ਇੱਕ ਅੱਧ ਪੈੱਗ ਲਾ ਲਵੋ- ਹੋਰਨਾਂ ਦੀ ਮੌਤ ਦਾ ਕਾਰਨ ਤਾਂ ਨਾ ਬਣੋ।

ਸ਼ੁਰੂ ਵਿੱਚ ਜਦੋਂ ਮੋਬਾਇਲ ਆਏ ਸਨ ਤਾਂ ਬੜੀ ਖੁਸ਼ੀ ਹੋਈ ਸੀ, ਕਿ ਬੰਦਾ ਚਾਹੇ ਕਿਤੇ ਰਸਤੇ ਵਿੱਚ ਵੀ ਹੋਵੇ ਉਸ ਨੂੰ ਐਮਰਜੈਂਸੀ ਵਿੱਚ ਸੁਨੇਹਾ ਪਹੁੰਚ ਸਕਦਾ ਹੈ। ਪਰ ਉਦੋਂ ਇਹ ਨਹੀਂ ਸੀ ਪਤਾ ਕਿ ਇਹ ਮੋਬਾਇਲ ਸਾਨੂੰ ਇਸ ਕਦਰ ਆਪਣੇ ਪਿਆਰ ਵਿੱਚ ਜਕੜ ਲਏਗਾ, ਕਿ ਅਸੀਂ ਅੱਠੇ ਪਹਿਰ ਹੀ ਇਸ ਦੇ ਗੁਲਾਮ ਬਣ ਜਾਵਾਂਗੇ। ਅਸੀਂ ਚਾਹੇ ਕਿਸੇ ਜਰੂਰੀ ਮੀਟਿੰਗ ਵਿੱਚ ਹੋਈਏ, ਧਾਰਮਿਕ ਸਮਾਗਮ ਵਿੱਚ ਹੋਈਏ, ਡਰਾਈਵਿੰਗ ਕਰ ਰਹੇ ਹੋਈਏ- ਅਸੀ ਇਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਦਾ ਜਦ ਵੀ ਜੀਅ ਕਰੇ ਇਹ ਸ਼ੋਰ ਮਚਾ ਦਿੰਦਾ ਹੈ। ਪਰ ਅਸੀਂ ਇਹ ਨਹੀਂ ਸੋਚਦੇ ਕਿ ਜੇਕਰ ਡਰਾਈਵਿੰਗ ਕਰਦੇ ਮੋਬਾਇਲ ਸੁਣਾਗੇ ਤਾਂ ਸਾਡਾ ਧਿਆਨ ਬੋਲਣ ਵਾਲੇ ਦੀ ਗੱਲ ਵੱਲ ਜਾਣਾ ਕੁਦਰਤੀ ਹੈ ਤੇ ਅਸੀ ਪੂਰਾ ਧਿਆਨ ਗੱਡੀ ਚਲਾਉਣ ਤੇ ਨਹੀਂ ਦੇ ਸਕਾਂਗੇ- ਜੋ ਕਿ ਹਾਦਸੇ ਦਾ ਕਾਰਨ ਬਣ ਸਕਦਾ ਹੈ। ਸਾਡੀ ਇਕ ਗਲਤੀ ਕਾਰਨ, ਕੇਵਲ ਸਾਡਾ ਆਪਣਾ ਹੀ ਨੁਕਸਾਨ ਨਹੀਂ ਹੁੰਦਾ ਸਗੋਂ ਹੋਰ ਕਈ ਜਾਨਾਂ ਵੀ ਅਜਾਈਂ ਚਲੀਆਂ ਜਾਂਦੀਆਂ ਹਨ। ਇਕ ਡਰਾਈਵਰ ਦੀ ਨੈਤਿਕ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਸਵਾਰੀਆਂ ਨੂੰ ਸਹੀ ਸਲਾਮਤ ਮੰਜ਼ਿਲ ਤੇ ਪਹੁੰਚਾਉਣਾ। ਸੋ ਗੱਡੀ ਚਾਲਕ ਦੀ ਜ਼ਰਾ ਜਿੰਨੀ ਲਾਪਰਵਾਹੀ, ਉਸ ਦੀ ਜ਼ਮੀਰ ਤੇ ਕਈ ਜਾਨਾਂ ਦੇ ਕਾਤਲ ਹੋਣ ਦਾ ਧੱਬਾ ਲਗਾ ਦਿੰਦੀ ਹੈ ਤੇ ਕਈ ਵਾਰੀ ਉਸ ਦੀ ਆਪਣੀ ਜਾਨ ਵੀ ਚਲੀ ਜਾਂਦੀ ਹੈ।

ਆਪਣੇ ਦੇਸ਼ ਵਿੱਚ ਤਾਂ ਇਹ ਕਨੂੰਨ ਨਹੀਂ, ਪਰ ਵਿਦੇਸ਼ਾਂ ਵਿੱਚ ਚਲਦੀ ਗੱਡੀ ਵਿੱਚ ਮੋਬਾਇਲ ਸੁਣਨ ਦੀ ਮਨਾਹੀ ਹੈ। ਜੇ ਜਰੂਰੀ ਹੈ ਤਾਂ ਬਲਿਊ ਟੁੱਥ ਰਾਹੀਂ ਸੁਣੋ। ਪਰ ਆਪਣੇ ਲੋਕਾਂ ਨੂੰ ਤਾਂ ਇੰਡੀਆ ਦੀਆਂ ਆਦਤਾਂ ਪਈਆਂ ਹਨ -ਨਿਯਮਾਂ ਨੂੰ ਛਿੱਕੇ ਟੰਗਣ ਦੀਆਂ। ਸੋ ਇੱਧਰ ਵਸਦੇ ਆਪਣੇ ਲੋਕ ਹੀ ਹਨ, ਜੋ ਇਸ ਤਰ੍ਹਾਂ ਦੀਆਂ ਗਲਤੀਆਂ ਕਾਰਨ ਵਿਦੇਸ਼ਾਂ ਵਿੱਚ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਅਪਣਾ ਹੀ ਨਹੀਂ, ਸਗੋਂ ਦੂਜਿਆਂ ਦਾ ਨੁਕਸਾਨ ਵੀ ਕਰ ਦਿੰਦੇ ਹਨ। ਸਾਥੀਓ, ਮਨੁੱਖਾ ਜਨਮ ਪਤਾ ਨਹੀਂ ਕਿੰਨੀਆਂ ਜੂਨਾਂ ਤੋਂ ਬਾਅਦ ਪ੍ਰਾਪਤ ਹੋਇਆ ਹੈ- ਸੋ ਮੋਬਾਇਲ ਦੇ ਗੁਲਾਮ ਬਣ ਕੇ, ਇਸ ਨੂੰ ਐਵੇਂ ਨਾ ਗੁਆਈਏ।
ਇੱਕ ਹੋਰ ਮੁੱਖ ਕਾਰਨ ਹੈ, ਗੱਡੀ ਚਾਲਕ ਦਾ ਸਾਰੀ ਸਾਰੀ ਰਾਤ ਜਾਗਣਾ। ਮੈਡੀਕਲ ਸਾਇੰਸ ਮੁਤਾਬਕ, ਹਰ ਇਨਸਾਨ ਨੂੰ ਘੱਟੋ ਘੱਟ 6 ਘੰਟੇ ਰਾਤ ਨੂੰ ਜਰੂਰ ਸੌਣਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਸੰਤ ਮਹਾਂ ਪੁਰਸ਼, 4 ਜਾਂ 5 ਘੰਟੇ ਹੀ ਸਂੌਦੇ ਹਨ ਤੇ ਢਾਈ ਜਾਂ ਤਿੰਨ ਵਜੇ ਉੱਠ ਕੇ ਨਾਮ ਸਿਮਰਨ ਸ਼ੁਰੂ ਕਰ ਲੈਂਦੇ ਹਨ, ਪਰ ਉਹ ਦਿਨ ਵੇਲੇ ਘੰਟਾ ਕੁ ਜਰੂਰ ਅਰਾਮ ਕਰਦੇ ਹਨ। ਪਰ ਅੱਜਕਲ੍ਹ ਸਾਡੇ ਲੋਕਾਂ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਨਾ ਸਾਨੂੰ ਦਿਨ ਵੇਲੇ ਚੈਨ ਹੈ ਤੇ ਨਾ ਰਾਤ ਵੇਲੇ। ਸਾਰੇ ਫੰਕਸ਼ਨ ਰਾਤਾਂ ਨੂੰ ਹੋਣ ਲੱਗ ਪਏ ਹਨ, ਜਿੱਥੇ ਦੇਰ ਰਾਤ ਤੱਕ ਨਾਚ- ਗਾਣੇ ਤੇ ਪਾਰਟੀਆਂ ਚਲਦੀਆਂ ਹਨ। ਸਵੇਰੇ ਫੇਰ ਅਸੀਂ ਕਈ ਵਾਰੀ ਕੰਮਾਂ ਤੇ ਜਾਣ ਲਈ ਛੇਤੀ ਉੱਠ ਜਾਂਦੇ ਹਾਂ ਤੇ ਆਪਣਾ ਵਹੀਕਲ ਚਲਾਉਣ ਲੱਗ ਜਾਂਦੇ ਹਾਂ। ਸੋ ਜੇਕਰ ਦੋ ਤਿੰਨ ਘੰਟੇ ਹੀ ਸੁੱਤੇ ਤਾਂ ਰਸਤੇ ਵਿਚ ਨੀਂਦ ਆਉਣਾ- ਕੁਦਰਤੀ ਹੈ। ਇਸੇ ਕਾਰਨ ਹੀ, ਸਾਡੇ ਹਰਮਨ ਪਿਆਰੇ ਹਾਸਰਸ ਦੇ ਕਲਾਕਾਰ, ਜਸਪਾਲ ਭੱਟੀ ਸਾਥੋਂ ਸਦਾ ਲਈ ਵਿਛੜ ਗਏ। ਪਿੱਛੇ ਜਿਹੇ, ਫਿਲੌਰ ਕੋਲ ਵਾਪਰੇ ਹਾਦਸੇ ਵਿੱਚ, ਲੁਧਿਆਣਾ ਸੈਸ਼ਨ ਕੋਰਟ ਦੀ ਨੌਜਵਾਨ ਜੱਜ, ਆਪਣੇ ਮਾਸੂਮ ਬੇਟੇ ਸਮੇਤ ਜਾਨ ਗਵਾ ਬੈਠੀ ਜਦ ਕਿ ਉਸ ਦੇ ਪਤੀ ਜੋ ਗੱਡੀ ਚਲਾ ਰਹੇ ਸਨ- ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੇ ਖੁਦ ਦੱਸਿਆ ਕਿ ਦੇਰ ਰਾਤ ਤੱਕ ਉਹ ਕਿਸੇ ਸਮਾਗਮ ਵਿੱਚ ਰਹੇ ਤੇ ਸਵੇਰੇ ਜਲਦੀ ਉੱਠ ਕੇ ਅੰਮ੍ਰਿਤਸਰ ਤੋਂ ਲੁਧਿਆਣੇ ਲਈ ਚਲ ਪਏ- ਸੋ ਗੱਡੀ ਚਲਾਉਂਦਿਆਂ ਉਨ੍ਹਾਂ ਨੂੰ ਨੀਂਦ ਦਾ ਝੋਕਾ ਆ ਗਿਆ ਤੇ ਗੱਡੀ ਟਰੱਕ ਵਿੱਚ ਜਾ ਵੱਜੀ। ਇੱਕ ਦੋ ਨਹੀਂ, ਬਹੁਤ ਸਾਰੀਆਂ ਜਾਨਾਂ ਇਨ੍ਹਾਂ ਕਾਰਨਾਂ ਕਾਰਨ ਹਾਦਸਿਆਂ ਦੀ ਭੇਟ ਚੜ੍ਹ ਰਹੀਆਂ ਹਨ।

ਪੈਸੇ ਦਾ ਲਾਲਚ ਵੀ, ਹਾਦਸਿਆਂ ਦਾ ਕਾਰਨ ਬਣਦਾ ਹੈ। ਟੈਕਸੀ ਡਰਾਈਵਰ ਵੀ ਦਿਨੇ ਰਾਤ ਗੱਡੀਆਂ ਚਲਾਉਂਦੇ ਹਨ, ਕਦੇ ਵੀ ਨੀਂਦ ਪੂਰੀ ਨਹੀਂ ਕਰਦੇ। ਅਸੀਂ ਲੋਕਾਂ ਨੇ ਕੁਦਰਤ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ, ਰਾਤਾਂ ਨੂੰ ਦਿਨਾਂ ਵਿੱਚ ਬਦਲ ਲਿਆ ਹੈ- ਤਾਂ ਹੀ ਤਾਂ ਦੁਖੀ  ਹੋ ਰਹੇ ਹਾਂ। ਮੈਂ ਜਦੋਂ ਕੈਨੇਡਾ ਤੋਂ ਇੰਡੀਆ ਵਾਪਿਸ ਜਾਂਦੀ ਹਾਂ- ਤਾਂ ਦਿੱਲੀ ਏਅਰਪੋਰਟ ਤੇ ਤਕਰੀਬਨ ਅੱਧੀ ਰਾਤ ਹੁੰਦੀ ਹੈ, ਏਅਰ ਪੋਰਟ ਤੋਂ ਲੈਣ ਗਏ ਬੇਟੇ ਨੂੰ ਵੀ ਨੀਂਦ ਆਉਣ ਲਗਦੀ ਹੈ- ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਡਰਾਈਵਰ ਨਾਲ ਵਿੱਚ ਵਿੱਚ ਗੱਲ ਕਰੀ ਜਾਵਾਂ ਤਾਂ ਕਿ ਉਸ ਨੂੰ ਨੀਂਦ ਨਾ ਆਵੇ ਤੇ ਨਾਲ ਹੀ ਉਸ ਨੂੰ ਦਿਨੇ ਸੌਂ ਕੇ ਨੀਂਦ ਪੂਰੀ ਕਰਨ ਦੀ ਹਿਦਾਇਤ ਵੀ ਕਰਦੀ ਰਹਿੰਦੀ ਹਾਂ। ਪਰ ਉਸ ਨੇ ਦੱਸਿਆ, “ਮੈਡਮ, ਜੇ ਦਿਨੇ ਸਵਾਰੀ ਮਿਲ ਜਾਵੇ ਤਾਂ ਦਿਨੇ ਵੀ ਨਹੀਂ ਸੌਂ ਹੁੰਦਾ- ਸੋਚ ਲਈਦਾ ਕਿ ਚਾਰ ਪੈਸੇ ਹੋਰ ਬਣ ਜਾਣਗੇ।”

ਹੁਣ ਸੋਚਣ ਦੀ ਲੋੜ ਹੈ- ਕਿ ਕੀ ਆਪਾਂ ਇਨ੍ਹਾਂ ਕਾਰਨਾਂ ਨੂੰ ਦੂਰ ਕਰਕੇ, ਇਸ ਆਪ ਸਹੇੜੀ ਹੋਈ ਮੌਤ ਤੋਂ ਬਚ ਨਹੀਂ ਸਕਦੇ? ਜ਼ਿੰਦਗੀ ਦੀ ਕੀਮਤ ਤੇ- ਸ਼ਰਾਬ ਪੀ ਕੇ ਗੱਡੀ ਚਲਾਉਣਾ, ਦੇਰ ਰਾਤ ਤੱਕ ਪਾਰਟੀਆਂ ਦੇ ਅਨੰਦ ਮਾਨਣੇ, ਡਰਾਈਵਿੰਗ ਵੇਲੇ ਮੋਬਾਈਲ ਕਰਨੇ ਤੇ ਸੁਣਨੇ ਜਾਂ ਪੈਸੇ ਦਾ ਲਾਲਚ- ਇਹ ਸਭ ਕਿਥੋਂ ਦੀ ਸਿਆਣਪ ਹੈ? ਫੈਸਲਾ ਸਾਡੇ ਆਪਣੇ ਹੱਥ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>