ਤਨਾਉ ਮੁਕਤ ਰਹੀਏ-ਪਰ ਕਿਵੇਂ?….

ਅੱਜਕਲ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ, ਮਾਨਸਿਕ ਤਨਾਉ (ਡਿਪਰੈਸ਼ਨ) ਬਹੁਤ ਵੱਧ ਗਿਆ ਹੈ, ਜਿਸ ਨੇ ਸਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ ਹੈ। ਡਾਕਟਰਾਂ ਪਾਸ ਵੀ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਬੱਸ ਕਹਿਣਗੇ- ਕਿ ਜ਼ਿਆਦਾ ਸੋਚੋ ਨਾ, ਜਾਂ ਫਿਰ ਦਿਮਾਗ ਨੂੰ ਅਰਾਮ ਕਰਨ ਵਾਲੀਆਂ ਜਾਂ ਨੀਂਦ ਦੀਆਂ ਦਵਾਈਆਂ ਦੇ ਦੇਣਗੇ। ਆਓ- ਆਪਾਂ ਆਪ ਹੀ, ਇਸ ਬੀਮਾਰੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੀਏ- ਤਾਂ ਕਿ ਮਨੁੱਖਾ ਜੀਵਨ ਦੀ ਇਸ ਅਮੋਲਕ ਦਾਤ ਨੂੰ ਚੱਜ ਨਾਲ ਹੰਢਾ ਸਕੀਏ। ਆਪ ਖੁਸ਼ ਰਹੀਏ ਅਤੇ ਆਪਣੇ ਚੌਗਿਰਦੇ ਵੀ ਮਹਿਕਾਂ ਖਿੰਡਾਈਏ। ਮੈਂ ਆਪਣੀ ਸਮਝ ਮੁਤਾਬਕ, ਤਨਾਉ ਤੋਂ ਮੁਕਤ ਹੋਣ ਦੇ ਕੁਝ ਕੁ ਨੁਕਤੇ ਲਿਖ ਰਹੀ ਹਾਂ, ਅਜ਼ਮਾ ਵੇਖੋ-
* ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਜੇਕਰ ਦੁੱਖ- ਮੁਸੀਬਤ ਆ ਵੀ ਗਈ ਹੈ ਤਾਂ ਵੀ ਢਹਿੰਦੀਆਂ ਕਲਾਂ ਵਿੱਚ ਨਾ ਜਾਓ ਉਸ ਦਾ ਡੱਟ ਕੇ ਮੁਕਾਬਲਾ ਕਰੋ, ਉਹ ਛੇਤੀ ਹੀ ਡਰ ਕੇ ਭੱਜ ਜਾਏਗੀ।
* ਕੋਈ ਭਰੋਸੇਮੰਦ ਦੋਸਤ ਜਾਂ ਸਹੇਲੀ ਜਰੂਰ ਬਣਾਓ, ਜਿਸ ਨਾਲ ਤੁਸੀਂ ਆਪਣੇ ਮਨ ਦੀ ਹਰ ਗੱਲ ਸਾਂਝੀ ਕਰਕੇ ਮਨ ਹੌਲਾ ਕਰ ਸਕੋ ਤੇ ਯੋਗ ਮਸ਼ਵਰਾ ਵੀ ਲੈ ਸਕੋ- ਇਸ ਤਰ੍ਹਾਂ ਤੁਸੀਂ ਬੇਲੋੜੇ ਤਨਾਉ ਤੋਂ ਬਚ ਸਕਦੇ ਹੋ। ਪਰ ਦੋਸਤ ਦੀ ਚੋਣ ਬਹੁਤ ਸੋਚ ਸਮਝ ਕੇ ਹੀ ਕਰੋ।
* ਕੁੱਝ ਸਮਾਂ ਆਪਣੇ ਸ਼ੌਕ ਲਈ ਵੀ ਜਰੂਰ ਕੱਢੋ- ਉਸ ਨਾਲ ਰੂਹ ਨੂੰ ਤਾਜ਼ਗੀ ਮਿਲੇਗੀ ਤੇ ਤਨਾਉ ਘਟੇਗਾ।
* ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਮਾਤਮਾਂ ਵਲੋਂ ਮਿਲੀਆਂ ਦਾਤਾਂ ਦੀ ਲਿਸਟ ਬਣਾ ਕੇ ਦੁਹਰਾਓ ਅਤੇ ਸ਼ੁਕਰਾਨਾ ਕਰੋ।
* ਦੂਜਿਆਂ ਦੀ ਖੁਸ਼ੀ ਵਿੱਚ ਵੀ ਖੁਸ਼ ਹੋਣਾ ਸਿੱਖੋ- ਈਰਖਾ, ਸਾੜਾ, ਹਉਮੈ ਵਰਗੇ ਰੋਗ ਸਹੇੜ ਕੇ ਜ਼ਿੰਦਗੀ ਦੇ ਕੀਮਤੀ ਪਲ ਬਰਬਾਦ ਨਾ ਕਰੋ।
* ਸਵੇਰੇ ਉਠਦੇ ਸਾਰ ਆਪਣੇ ਜੀਵਨ ਵਿੱਚ ਬਿਤਾਏ ਖੁਸ਼ੀ ਦੇ ਪਲਾਂ ਨੂੰ ਯਾਦ ਕਰੋ- ਸਾਰਾ ਦਿਨ ਵਧੀਆ ਲੰਘੇਗਾ।
* ਆਪਣੀ ਸੋਚ ਹਾਂ-ਪੱਖੀ ਬਣਾਓ, ਹਰ ਬੰਦੇ ਵਿੱਚੋਂ ਚੰਗਿਆਈ ਲੱਭਣ ਦੀ ਕੋਸ਼ਿਸ਼ ਕਰੋ- ਚਾਹੇ ਉਹ ਤੁਹਾਡਾ ਦੁਸ਼ਮਣ ਹੀ ਕਿਊਂ ਨਾ ਹੋਵੇ।
* ਹਰ ਇਕ ਨੂੰ ਖਿੜੇ ਮੱਥੇ ਮਿਲੋ। ਜੇਕਰ ਖੁੱਲ੍ਹ ਕੇ ਨਹੀਂ ਹੱਸ ਸਕਦੇ ਤਾਂ ਮੁਸਕਰਾਉਣ ਦੀ ਆਦਤ ਪਾਓ- ਦਿਮਾਗ ਹਲਕਾ ਮਹਿਸੂਸ ਕਰੇਗਾ।
* ਕੁਝ ਸਮਾਂ ਆਪਣੇ ਪਰਿਵਾਰ ਵਿੱਚ ਬੈਠ ਕੇ, ਆਪਣੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ, ਆਪਸ ਵਿੱਚ ਸਾਂਝੀਆਂ ਕਰੋ- ਦਿਨ ਭਰ ਦੀ ਥਕਾਵਟ ਉਤਰ ਜਾਏਗੀ।
* ਮਨੁੱਖੀ ਦਿਮਾਗ ਇਕ ਕੰਪਿਊਟਰ ਵਾਂਗ ਹੈ- ਇਸ ਦੀ ਮੈਮਰੀ ਵਿੱਚੋਂ ਫਾਲਤੂ ਵਿਚਾਰ ਡਲੀਟ ਕਰਕੇ, ਚੰਗੇ ਵਿਚਾਰ ਫੀਡ ਕਰ ਲਵੋ। ਦਿਮਾਗ ਹਲਕਾ ਹੋ ਕੇ ਵਧੀਆ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੇ ਤੁਸੀਂ ਤਨਾਉ ਮੁਕਤ ਰਹੋਗੇ।
* ਸਵੇਰੇ ਯੋਗਾ ਕਰਦੇ ਸਮੇਂ, ਨੱਕ ਰਾਹੀਂ ਲੰਬਾ ਸਾਹ ਭਰਕੇ, ਮੂੰਹ ਰਾਹੀਂ ਕੱਢੋ- ਤਨਾਉ ਦੂਰ ਕਰਨ ਦੀ ਇਹ ਵਧੀਆ ਕਸਰਤ ਹੈ।
* ਸਵੇਰੇ ਪੌਸ਼ਟਿਕ ਨਾਸ਼ਤਾ ਕਰਨ ਵਾਲੇ ਲੋਕ ਵੀ ਸਾਰਾ ਦਿਨ ਤਰੋ ਤਾਜ਼ਾ ਰਹਿੰਦੇ ਹਨ ਅਤੇ ਸਰੀਰਕ ਤੇ ਮਾਨਸਿਕ ਤਨਾਉ ਤੋਂ ਬਚੇ ਰਹਿੰਦੇ ਹਨ।
* ਜਦੋਂ ਵੀ ਕਦੇ ਤਨਾਉ ਮਹਿਸੂਸ ਕਰੋ, ਤਾਂ ਸ਼ਵ- ਆਸਣ ਵਿੱਚ ਪਿੱਠ ਸਿੱਧੀ ਕਰਕੇ ਲੇਟ ਜਾਓ ਅਤੇ ਚਾਰ ਪੰਜ ਵਾਰੀ ਲੰਬੇ ਸਾਹ ਲੈ ਕੇ, ਪੇਟ ਅੰਦਰ ਬਾਹਰ ਕਰੋ- ਤੁਸੀਂ ਛੇਤੀ ਹੀ ਤਨਾਉ ਮੁਕਤ ਹੋ ਜਾਓਗੇ।
* ਕੰਪਿਊਟਰ ਤੇ ਲਗਾਤਾਰ ਦੋ ਘੰਟੇ ਤੋਂ ਜਿਆਦਾ ਨਾ ਬੈਠੋ, ਵਿੱਚ ਵਿੱਚ ਬ੍ਰੇਕ ਲੈਂਦੇ ਰਹੋ। ਜੇ ਅੱਖਾਂ ਥੱਕ ਜਾਣ ਤਾਂ ਦੋ ਮਿੰਟ ਲਈ ਹਥੇਲੀਆਂ ਨਾਲ ਪਲਕਾਂ ਬੰਦ ਕਰੋ ਤੇ ਫੇਰ ਹੌਲੀ ਹੌਲੀ ਖੋਲ੍ਹੋ।
* ਹਾਸਾ- ਡਿਪਰੈਸ਼ਨ ਨੂੰ ਦੂਰ ਕਰਨ ਦਾ ਬਹੁਤ ਵਧੀਆ ਤਰੀਕਾ ਹੈ ਅਤੇ ਸਰੀਰ ਤੇ ਦਿਮਾਗ ਲਈ ਮੁਫਤ ਦੀ ਟੌਨਿਕ ਵੀ। ਸੋ ਕੋਸ਼ਿਸ਼ ਕਰੋ ਕਿ ਰਾਤ ਨੂੰ, ਸਾਰਾ ਪਰਿਵਾਰ ਬੈਠ ਕੇ, ਕੋਈ ਚੁੱਟਕਲਾ ਜਾਂ ਕੋਈ ਹਾਸੇ ਦੀ ਗੱਲ ਸੁਣਾ ਕੇ-ਖੁਲ੍ਹ ਕੇ ਹੱਸਿਆ ਜਾਵੇ।
* ਸੰਗੀਤ ਰੂਹ ਦੀ ਖੁਰਾਕ ਹੈ- ਸੋ ਤਨਾਉ ਸਮੇਂ ਆਪਣੀ ਪਸੰਦ ਦੇ ਗਾਣੇ ਸੁਣੋ, ਤੇ ਜੇ ਹੋ ਸਕੇ ਤਾਂ ਨਾਲ ਗਾਉਣ ਦੀ ਕੋਸ਼ਿਸ਼ ਕਰੋ- ਸਕਿੰਟਾਂ ਵਿੱਚ ਹੀ ਤਨਾਉ ਮੁਕਤ ਹੋ ਜਾਓਗੇ।
* ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ‘ਚੋਂ ਕਦੇ ਕਦੇ ਕੁਝ ਸਮਾਂ ਆਪਣੇ ਪਰਿਵਾਰ ਨਾਲ ਘੁੰਮਣ ਫਿਰਨ ਲਈ ਜਰੂਰ ਕੱਢੋ- ਜਿਸ ਨਾਲ ਤੁਹਾਡੀ ਹੀ ਨਹੀਂ ਸਗੋਂ ਪੂਰੇ ਪਰਿਵਾਰ ਦੀ, ਤਰੋ- ਤਾਜ਼ਾ ਹੋ ਕੇ ਕੰਮ ਕਰਨ ਦੀ ਸਮਰੱਥਾ ਦੁੱਗਣੀ ਹੋ ਜਾਏਗੀ।
* ਵਡੇਰੀ ਉਮਰ ਵਿੱਚ ਵੀ ਜ਼ਿੰਦਗੀ ਦੇ ਰੁਝੇਵੇਂ ਬਣਾਈ ਰੱਖੋ, ਤਾਂ ਕਿ ਬੁਢਾਪੇ ਬਾਰੇ ਸੋਚਣ ਦਾ ਵਕਤ ਹੀ ਨਾ ਬਚੇ- ਜਿਸ ਨਾਲ ਤੁਸੀਂ ਜ਼ਿੰਦਗੀ ਦੀ ਢਲੀ ਸ਼ਾਮ ਵੀ , ਖੁਸ਼ੀ ਨਾਲ ਬਤੀਤ ਕਰ ਸਕਦੇ ਹੋ।
* ਪੁਰਾਣੀਆਂ ਗੱਲਾਂ ਨੂੰ ਯਾਦ ਰੱਖ ਕੇ ਦਿਮਾਗ ਤੇ ਬੋਝ ਨਾ ਪਾਓ। ਜੇ ਹੋ ਸਕੇ ਤਾਂ ਡਾਇਰੀ ਵਿੱਚ ਲਿਖ ਲਵੋ ਤੇ ਦਿਮਾਗ ਨੂੰ ਹੌਲਾ ਕਰ ਲਵੋ।
* ਘਰ ਨੂੰ ਸਾਫ-ਸੁਥਰਾ ਅਤੇ ਆਕ੍ਰਸ਼ਿਕ ਬਣਾਈ ਰੱਖੋ, ਘਰ ਦੀ ਹਰ ਚੀਜ਼ ਟਿਕਾਣੇ ਸਿਰ ਰੱਖੋ, ਤਾਂ ਕਿ ਲੋੜ ਵੇਲੇ ਦਿਮਾਗ ਤੇ ਬੋਝ ਨਾ ਪਵੇ।
* ਕਿਸੇ ਕੰਮ ਦੀ ਚਿੰਤਾ ਲਾਉਣ ਦੀ ਬਜਾਏ, ਉਸ ਨੂੰ ਹੱਲ ਕਰਨ ਦੇ ਢੰਗ ਸੋਚੋ- ਮੰਜ਼ਿਲ ਆਪੇ ਦਿਸ ਪਏਗੀ।
* ਤਨਾਉ ਵੇਲੇ ਕਿਸੇ ਛੋਟੇ ਬੱਚੇ ਦਾ ਸਾਥ ਮਾਣੋ- ਬੱਚੇ ਦੀ ਮੁਸਕਰਾਹਟ, ਸਾਰਾ ਤਨਾਉ ਦੂਰ ਕਰ ਦੇਵੇਗੀ।
* ਤਨਾਉ ਘਟਾਉਣ ਲਈ ਭੁੱਲ ਕੇ ਵੀ ਨਸ਼ਿਆਂ ਦਾ ਸਹਾਰਾ ਨਾ ਲਵੋ ਅਤੇ ਨਾ ਹੀ ਬਾਰ ਬਾਰ ਚਾਹ ਕੌਫੀ ਹੀ ਪੀਓ- ਸਿਹਤ ਤੇ ਹੋਰ ਵੀ ਬੁਰਾ ਅਸਰ ਹੋਏਗਾ।
* ਦਿਖਾਵੇ ਤੋਂ ਬਚੋ, ਚਾਦਰ ਦੇਖ ਕੇ ਪੈਰ ਪਸਾਰੋ- ਤਨਾਉ ਮੁਕਤ ਰਹੋਗੇ।
* ਆਪਣੀ ਆਤਮਾਂ ਦੀ ਅਵਾਜ਼ ਸੁਣੋ- ਉਹ ਸਹੀ ਦਿਸ਼ਾ ਪ੍ਰਦਾਨ ਕਰੇਗੀ।
* ਗੁੱਸੇ ਦੀ ਭਾਵਨਾ ਤੋਂ ਬਚੋ- ਗੁੱਸਾ ਤਨਾਉ ਦੀ ਖੁਰਾਕ ਹੈ।
* ਦੂਜਿਆਂ ਦੇ ਗੁਣ ਤੇ ਆਪਣੇ ਔਗੁਣ ਲੱਭਣ ਵਾਲਾ ਇਨਸਾਨ ਵੀ- ਤਨਾਉ ਮੁਕਤ ਰਹਿੰਦਾ ਹੈ।
* ਦੂਹਰੀ ਜ਼ਿੰਦਗੀ ਜਿਊਣ ਤੋਂ ਬਚੋ, ਅੰਦਰੋਂ ਬਾਹਰੋਂ ਇੱਕ ਹੋ ਜਾਓ- ਦਿਮਾਗ ਹੌਲਾ ਫੁੱਲ ਹੋ ਜਾਏਗਾ।
* ਕੁਝ ਲੋਕ ਤੁਹਾਡੇ ਮੂੰਹ ਤੇ ਪ੍ਰਸ਼ੰਸਾ ਦੇ ਪੁਲ (ਚਾਪਲੂਸੀ) ਬੰਨ੍ਹ ਦਿੰਦੇ ਹਨ ਤੇ ਪਿੱਠ ਪਿੱਛੇ ਨਿੰਦਿਆ- ਉਹਨਾਂ ਨਾਲ ਨੇੜਤਾ ਵੀ ਤਨਾਉ ਦਾ ਕਾਰਨ ਬਣੇਗੀ।
* ਘਰ ਵਿੱਚ ਫੁੱਲ- ਪੌਦੇ ਲਾ ਕੇ ਰੱਖੋ, ਕੁਦਰਤ ਦਾ ਅਨੰਦ ਮਾਣੋ।
* ਕੰਮ ਨੂੰ ਕੱਲ੍ਹ ਤੇ ਟਾਲਣ ਦੀ ਬਜਾਏ ਉਸੇ ਸਮੇਂ ਨਿਪਟਾ ਲਵੋ- ਨਹੀਂ ਤਾਂ ਕੱਲ੍ਹ ਤੱਕ ਦਿਮਾਗ ਨੂੰ ਉਸ ਦੇ ਕਰਨ ਦਾ ਬੋਝ ਚੁੱਕਣਾ ਪਏਗਾ।
* ਤਨਾਉ ਤੋਂ ਬਚਣ ਲਈ, ਸਵੇਰੇ ਸ਼ਾਮ ਕਿਸੇ ਪਾਰਕ ਵਿੱਚ ਸੈਰ ਕਰਨ ਜਰੂਰ ਜਾਓ।
* ਜੇ ਹੋ ਸਕੇ ਤਾਂ ਸਮਾਜ ਲਈ ਕੁਝ ਵਲੰਟੀਅਰ ਸੇਵਾਵਾਂ ਜਰੂਰ ਕਰੋ- ਜਿਸ ਨਾਲ ਸਮਾਜ ਵਲੋਂ ਮਾਣ ਸਤਿਕਾਰ ਦੇ ਨਾਲ, ਸਦੀਵੀ ਖੁਸ਼ੀ ਦੀ ਵੀ ਪ੍ਰਾਪਤੀ ਹੁੰਦੀ ਹੈ।
* ਵਿਹਲੇ ਸਮੇਂ ਵਿੱਚ, ਕਦੇ ਕਦੇ ਪੁਰਾਣੀਆਂ ਪਰਿਵਾਰਕ ਐਲਬਮਾਂ ਵੇਖ ਕੇ- ਜ਼ਿੰਦਗੀ ਦੇ ਖੂਬਸੂਰਤ ਪਲਾਂ ਦੀ ਯਾਦ ਤਾਜ਼ਾ ਕਰੋ।
* ਤਨਾਉ ਤੋਂ ਬਚਣ ਲਈ, ਛੇ-ਸੱਤ ਘੰਟੇ ਦੀ ਨੀਂਦ ਵੀ ਜ਼ਰੂਰੀ ਹੈ ਪਰ ਗੋਲੀਆਂ ਦਾ ਸਹਾਰਾ ਨਾ ਲਵੋ। ਜੇ ਹੋ ਸਕੇ ਤਾਂ ਕੋਈ ਵਧੀਆ ਪੁਸਤਕ ਪੜ੍ਹੋ ਜਾਂ ਪਾਠ ਕਰ ਲਵੋ, ਨੀਂਦ ਆਪੇ ਹੀ ਆ ਜਾਏਗੀ।
* ਛੋਟੀ ਛੋਟੀ ਗੱਲ ਨੂੰ ‘ਈਗੋ’ ਦਾ ਇਸ਼ੂ ਬਣਾ ਕੇ, ਤਨਾਉ ਕਦੇ ਨਾ ਵਧਾਓ।
* ਦੁਖੀ ਤੇ ਲਾਚਾਰ ਨਾਲ ਹਮਦਰਦੀ ਕਰੋ ਅਤੇ ਵਿਤ ਮੂਜਬ ਮਦਦ ਵੀ ਕਰੋ- ਆਪਣਾ ਦੁੱਖ ਭੁੱਲ ਜਾਏਗਾ ਤੇ ਤਨਾਉ ਮੁਕਤ ਹੋ ਜਾਉਗੇ।
* ਘਰ ਜਾਂ ਬਾਹਰ, ਬਜ਼ੁਰਗਾਂ ਦੀ ਸੇਵਾ ਬਦਲੇ ਮਿਲੀਆਂ ਅਸੀਸਾਂ, ਦੁੱਖ-ਮੁਸੀਬਤ ਵਿੱਚ ਸਹਾਰਾ ਬਣਦੀਆਂ ਹਨ ਅਤੇ ਅੰਦਰੂਨੀ ਖੁਸ਼ੀ ਪ੍ਰਦਾਨ ਕਰਕੇ, ਤਨਾਉ ਮੁਕਤ ਰੱਖਦੀਆਂ ਹਨ।
* ਕਈ ਵਾਰੀ ਕਿਸੇ ਸ਼ਾਂਤ ਵਾਤਾਵਰਣ- ਜਿਵੇਂ ਮੰਦਰ, ਗੁਰਦੁਆਰਾ, ਚਰਚ, ਲਾਇਬ੍ਰੇਰੀ ਜਾਂ ਮਿਊਜ਼ੀਅਮ ਆਦਿ ਵਿੱਚ ਕੁੱਝ ਸਮਾਂ ਬਿਤਾਣ ਤੇ ਵੀ, ਤਨਾਉ ਦੂਰ ਹੋ ਜਾਂਦਾ ਹੈ।
* ਜੇ ਹੋ ਸਕੇ ਤਾ 24 ਘੰਟਿਆਂ ਦਾ ਦਸਵੰਧ, ਢਾਈ ਕੁ ਘੰਟੇ ਪ੍ਰਭੂ ਦੀ ਯਾਦ ਵਿੱਚ ਜਰੂਰ ਬਿਤਾਓ- ਮਨ ਨੂੰ ਸ਼ਾਂਤੀ ਮਿਲੇਗੀ ਤੇ ਤਨਾਉ ਮੁਕਤ ਰਹੋਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>