ਹੱਕ ਲਈ ਲੜਿਆ ਸੱਚ – 1

ਦਾਈ ਦੇਬੋ ਨੇ ਨਵੀਂ ਜੰਮੀ ਬੱਚੀ ਨੂੰ ਛੇਤੀ ਨਾਲ ਪਰਨੇਂ ਵਿਚ ਲਪੇਟ ਲਿਆ ਅਤੇ ਕੋਲ੍ਹ ਬੈਠੀ ਦਾਦੀ ਨੂੰ ਧਰਵਾਸ ਦੇਂਦੀ ਬੋਲੀ, “ਬੀਬੀ, ਤੂੰ ਚਿੱਤ ਨਾਂ ਹੌਲ੍ਹਾ ਕਰ। ਕੁੜੀਆਂ ਆਪਣੇ ਭਾਗ ਲਿਖਾ ਕੇ ਹੀ ਆਉਦੀਆਂ ਨੇਂ।”

ਹਰਨਾਮ ਕੌਰ ਨੇ ਡੂੰਘਾ ਹਉਕਾ ਭਰਿਆ ਅਤੇ ਆਪਣੀ ਪੋਤੀ ਨੂੰ ਦਾਈ ਕੋਲੋਂ ਫੜ੍ਹ ਲਿਆ। ਭਾਵੇਂ ਤੀਜੀ ਪੋਤੀ ਦੇ ਜੰਮਣ ਨਾਲ ਉਹ ਉਦਾਸ ਤਾਂ ਸੀ। ਫਿਰ ਵੀ ਦਾਈ ਦੇ ਸਾਹਮਣੇ ਆਪਣੀ ਸੋਚ ਨੂੰ ਲੁਕਾਉਂਦੀ ਹੋਈ ਬੋਲੀ, “ਚੱਲ ਹੋਊ, ਮੇਰਾ ਪੁੱਤ ਰਾਜ਼ੀ ਰਹੇ, ਇਹ ਤਾਂ ਝੱਟ ਪਲ੍ਹ ਜਾਣੀਆਂ।”

“ਉਸ ਤਰ੍ਹਾਂ ਜ਼ਨਾਨੀ ਦੀ ਜੂਨ ਹੈ ਮਾੜੀ।” ਚਰਨੋ ਝਿਉਰੀ ਗਰਮ ਪਾਣੀ ਲਿਆਉਂਦੀ ਹੋਈ ਬੋਲੀ, “ਸਾਰੀ ਉਮਰ ਆਦਮੀ ਦੀ ਗ਼ੁਲਾਮੀ ਵਿਚ ਹੀ ਨਿਕਲ ਜਾਂਦੀ ਹੈ।”

“ਰੱਬ ਨੇ ਹੀ ਇਸ ਨਾਲ ਦਵੈਤ ਰੱਖੀ ਹੈ” ਹਰਨਾਮ ਕੌਰ ਨੇ ਚਰਨੋ ਦੀ ਹਾਂ ਵਿਚ ਹਾਂ ਮਿਲਾਈ, “ਜ਼ਨਾਨੀ ਦੀ ਆਦਮੀ ਅੱਗੇ ਚੱਲ ਹੀ ਨਹੀਂ ਸਕਦੀ।”

ਹਰਨਾਮ ਕੌਰ ਦੀ ਨੂੰਹ ਸੁਰਜੀਤ ਅਜੇ ਵੀ ਮੰਜੇ ਉੱਪਰ ਪਈ ਦਰਦ ਨਾਲ ਕਰਾਹ ਰਹੀ ਸੀ। ਸੋਚਦੀ ਸੀ ਕਿ ਇਸ ਕੁੜੀ ਤੋ ਪਹਿਲਾਂ ਜਦੋਂ ਮੁੰਡਾ ਹੋਇਆ ਸੀ। ਉਸ ਵੇਲੇ ਉਸ ਨੂੰ ਪੀੜ ਮਹਿਸੂਸ ਹੀ ਨਹੀਂ ਹੋਈ ਸੀ ਕਿਉਂਕਿ ਮੁੰਡੇ ਹੋਣ ਦਾ ਹੌਂਸਲਾ ਸੀ। ਕੁੜੀ ਦਾ ਚੇਤਾ ਆਉਣ ਉੱਪਰ ਉਸ ਦੇ ਮੂੰਹ ਵਿਚੋਂ ‘ਹਾਏ’ ਨਿਕਲਿਆ ਅਤੇ ਦੇਬੋ ਤੋਂ ਪਾਣੀ ਮੰਗਿਆ। ਦੇਬੋ ਦਾਈ ਭਲੀ ਜ਼ਨਾਨੀ ਸੀ। ਉਹ ਮੁੰਡੇ ਕੁੜੀ ਦਾ ਬਹੁਤਾ ਫ਼ਰਕ ਨਹੀਂ ਸੀ ਰੱਖਦੀ, ਭਾਵੇਂ ਉਸ ਨੂੰ ਕੁੜੀ ਹੋਏ ਉੱਪਰ, ਘੱਟ ਆਮਦਨ ਹੁੰਦੀ ਸੀ। ਉਹ ਸੁਰਜੀਤ ਦੀ ਉਸੇ ਤਰ੍ਹਾਂ ਹੀ ਸੇਵਾ ਕਰ ਰਹੀ ਸੀ, ਜਿਸ ਤਰ੍ਹਾਂ ਉਸ ਨੇ ਮੁੰਡੇ ਵਾਰੀ ਕੀਤੀ ਸੀ। ਥੋੜ੍ਹੀ ਦੇਰ ਬਾਅਦ ਨਵੀਂ ਜੰਮੀ ਬੱਚੀ ਭੁੱਖ ਨਾਲ ਰੋਣ ਲੱਗ ਪਈ। ਹਰਨਾਮ ਕੌਰ ਨੇ ਰੂੰ ਦੀ ਬਰੀਕ ਜਹੀ ਪੂਣੀ ਵੱਟੀ ਅਤੇ ਉਸ ਨੂੰ ਕੱਚੇ ਦੁੱਧ ਵਿਚ ਭਿਉਂ ਕੇ ਬੱਚੀ ਦੇ ਮੂੰਹ ਨੂੰ ਲਾਉਣ ਲੱਗ ਪਈ। ੳਦੋਂ ਹੀ ਬੱਚੀ ਦੀ ਵੱਡੀ ਭੈਣ ਦੀਪੀ ਅੰਦਰ ਆ ਗਈ ਅਤੇ ਆਪਣੀ ਦਾਦੀ ਨੂੰ ਪੁੱਛਣ ਲੱਗੀ, “ਬੀਬੀ ਜੀ, ਇਹ ਹੁਣ ਰੂੰ ਨਾਲ ਦੁੱਧ ਕਿਉਂ ਪੀਂਦੀ ਹੈ?”

“ਕੱਲ ਨੂੰ ਇਹ ਤੇਰੀ ਮੰਮੀ ਦਾ ਦੁੱਧ ਪੀਵੇਗੀ, ਜਦੋਂ ਤੁੂੰ ਆਪਣੇ ਮਾਂ ਦੇ ਦੁੱਧ ਘਾਹ ਦੀਆਂ ਤਿੜ੍ਹਾਂ ਨਾਲ ਧੋ ਦੇਵੇਂਗੀ।”
“ਮੈ ਹੁਣੇ ਧੋ ਦੇਂਦੀ ਹਾਂ।”

“ਕੱਲ ਨੂੰ ਬੁੱਧਵਾਰ ਹੈ, ਇਸ ਲਈ ਸਾਰੇ ਕੰਮ ਕੱਲ ਨੂੰ ਹੀ ਹੋਣਗੇ”

ਦੀਪੀ ਬੁੱਧਵਾਰ ਅਤੇ ਮੰਗਲਵਾਰ ਵਿਚ ਕੋਈ ਫ਼ਰਕ ਨਾਂ ਸਮਝਦੀ ਹੋਈ ਵੀ ਚੁੱਪ ਹੋ ਗਈ ਅਤੇ ਆਪਣੀ ਛੋਟੀ ਭੈਣ ਨੂੰ ਪਿਆਰ ਨਾਲ ਦੇਖਦੀ ਰਹੀ।

ਦੂਸਰੇ ਦਿਨ ਦੀਪੀ ਉਸ ਤਰ੍ਹਾਂ ਹੀ ਕਰ ਰਹੀ ਸੀ ਜਿਵੇਂ ਉਸ ਦੀ ਦਾਦੀ ਉਸ ਨੂੰ ਦੱਸ ਰਹੀ ਸੀ। ਕੱਚੀ ਲੱਸੀ ਵਿਚ ਘਾਹ ਦੀਆਂ ਤਿੜ੍ਹਾਂ ਨੂੰ ਪਾ ਕੇ ਉਸ ਨੇ ਆਪਣੀ ਮੰਮੀ ਦੇ ਦੁ¤ਧ ਧੋਤੇ। ਫਿਰ ਨਵੀਂ ਬੱਚੀ ਦੇ ਮੂੰਹ ਨੂੰ ਦੁੱਧ ਲਾਇਆ।

“ਬੀਬੀ ਜੀ, ਅਸੀ ਹੁਣ ਇਸ ਨੂੰ ਗੁਰਦੁਆਰੇ ਲੈ ਕੇ ਜਾਵਾਂਗੇ, ਫਿਰ ਇਸ ਦਾ ਨਾਂ ਰੱਖਾਂਗੇ।” ਦੀਪੀ ਆਪਣੀ ਛੋਟੀ ਭੈਣ ਦੇ ਜੰਮਣ ਦੀ ਖੁਸ਼ੀ ਵਿਚ ਗੱਲਾਂ ਕਰੀ ਜਾ ਰਹੀ ਸੀ।

ਇਸ ਦਾ ਨਾਂ ਘਰ ਹੀ ਰੱਖ ਲੈਣਾ ਹੈ। ਗੁਰਦੁਆਰੇ ਨਹੀਂ ਜਾਣਾ ਪੈਣਾਂ। ਉਸ ਦੀ ਮਾਂ ਨੇ ਉਸ ਨੂੰ ਸਮਝਾਇਆ।

“ਪਰ ਵੀਰੇ ਵਾਰੀ ਤਾਂ ਆਪਾਂ ਸਾਰੇ ਗੁਰਦੁਆਰੇ ਗਏ ਸੀ”

“ਉਹ ਮੁੰਡਾ ਸੀ। ਇਸ ਲਈ ਉਸ ਦਾ ਨਾਂ ਗੁਰਦੁਆਰੇ ਜਾ ਕੇ ਕਢਵਾਇਆ ਸੀ”

ਦੀਪੀ ਇਹ ਸੋਚਦੀ ਹੋਈ ਚੁੱਪ ਕਰ ਗਈ ਕਿ ਸ਼ਾਇਦ ਕੁੜੀਆਂ ਦੇ ਨਾਮ ਗੁਰਦੁਆਰੇ ਵਾਲੇ ਕੱਢਦੇ ਨਾ ਹੋਣ। ਉਸ ਦਾ ਭੋਲਾ ਦਿਮਾਗ ਸਮਾਜ ਦੀਆਂ ਉਲੀਕੀਆਂ ਨੀਤੀਆਂ ਨੂੰ ਕੀ ਸਮਝੇ। ਉਹ ਫਿਰ ਬੋਲ ਪਈ, “ਇਸ ਦਾ ਨਾਮ ਕੀ ਹੋਵੇਗਾ?”

“ਇਸ ਦਾ ਨਾਂ ਸਤਵੀਰ ਰੱਖ ਲਈਏ” ਇਹ ਕਹਿ ਕੇ ਸੁਰਜੀਤ ਨੇ ਆਪਣੀ ਸੱਸ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ।

“ਨਹੀਂ, ਇਸ ਦਾ ਨਾਂ ਰੱਜਵੀਰ ਹੋਵੇਗਾ, ਜਿਸ ਦਾ ਮਤਲਬ ਹੈ ਕਿ ਅਸੀ ਕੁੜੀਆਂ ਨਾਲ ਰੱਜ ਗਏ ਹਾਂ, ਸਾਨੂੰ ਹੋਰ ਨਹੀ ਚਾਹੀਦੀਆਂ।”

ਇਹ ਸੁਣ ਕੇ ਦੇਬੋ ਦਾਈ ਨੂੰ ਹਾਸਾ ਆ ਗਿਆ, ਪਰ ਉਹ ਚੁੱਪ ਰਹਿੰਦੀ ਹੋਈ ਆਪਣੇ ਕੰਮ ਨੂੰ ਮੁਕਾਉਣ ਵਿਚ ਰੁੱਝੀ ਰਹੀ।

“ਬੀਬੀ ਹੋਰ ਪੋਤੀ ਆ ਗਈ, ਉਮੀਦ ਤਾਂ ਬਹੁਤ ਸੀ ਕਿ ਐਂਤਕੀ ਜੋੜੀ ਬਣ ਜਾਵੇਗੀ। ਪਰ ਰੱਬ ਦੀ ਮਰਜ਼ੀ।” ਇਹੋ ਜਿਹੀਆਂ ਗੱਲਾਂ ਕਰ ਰਹੀ ਸੀ ਦਾਰੋ, ਜੋ ਹਵੇਲੀ ਤੋਂ ਗੋਹਾ ਕੂੜਾ ਚੁੱਕ ਕੇ ਆਈ ਸੀ।

ਹਰਨਾਮ ਕੌਰ ਨੇ ਉਸਦੀ ਗਲ ਦਾ ਜ਼ਵਾਬ ਦਿੱਤੇ ਬਗੈਰ ਉਸ ਨੂੰ ਰੋਟੀ ਫੜਾ ਦਿੱਤੀ ਅਤੇ ਬਸ ਇਹ ਹੀ ਕਿਹਾ, “ਕੁੜੇ ਆਉਂਦੀ ਹੋਈ ਪਾਥੀਆਂ ਦਾ ਟੋਕਰਾ ਤਾਂ ਲਈ ਆਉਂਦੀ ਹਵੇਲੀ ਤੋਂ।”

“ਰੋਟੀ ਖਾ ਕੇ ਲਿਆ ਦੇਂਦੀ ਹਾਂ”

ਘਰ ਦੇ ਵਿਚ ਅਜੀਵ ਕਿਸਮ ਦੀ ਖਾਮੋਸ਼ੀ ਛਾਈ ਹੋਈ ਕਾਰਨ ਹਰ ਕੋਈ ਉਦਾਸ ਨਜ਼ਰ ਆ ਰਿਹਾ ਸੀ। ਇਸ ਗੱਲ ਦਾ ਅਸਰ ਦੀਪੀ ਦੇ ਮਨ ਉੱਪਰ ਬਹੁਤ ਹੋ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਘਰ ਵਿਚ ਸਾਰੇ ਉਦਾਸ ਕਿਉਂ ਹਨ? ਉਹ ਸੋਚਦੀ ਜਦੋਂ ਵੀਰਾ ਹੋਇਆ ਸੀ ਤਾਂ ਘਰ ਵਿਚ ਬਹੁਤ ਰੌਣਕ ਸੀ। ਲੱਡੂ ਵੰਡੇ ਜਾ ਰਹੇ ਸਨ। ਖੁਸਰੇ ਕਿਵੇਂ ਨਚਦੇ ਸਨ। ਜਦੋਂ ਇਹ ਗੱਲਾਂ ਚੇਤੇ ਆਉਂਦੀਆਂ, ਉਸ ਦਾ ਨੰਨਾ ਦਿਲ ਵੀ ਕਹਿ ਉੱਠਦਾ ਹੋਰ ਵੀਰਾ ਹੋ ਜਾਂਦਾ ਤਾਂ ਚੰਗਾ ਹੁੰਦਾ।

ਦੇਬੋ ਦਾਈ ਹਰ ਰੋਜ ਹਰਨਾਮ ਕੌਰ ਦੇ ਘਰ ਆੳਂਦੀ ਅਤੇ ਸੁਰਜੀਤ ਦੀ ਸੇਵਾ ਕਰਦੀ। ਅੱਜ ਜਦੋਂ ਉਹ ਸੁਰਜੀਤ ਦੀ ਮਾਲਿਸ਼ ਕਰ ਰਹੀ ਸੀ ਤਾਂ ਸੁਰਜੀਤ ਦਾ ਪਤੀ ਮੁਖਤਿਆਰ ਆ ਗਿਆ। ਦੇਬੋ ਦਾਈ ਨੇ ਉਸ ਨੂੰ ਕਿਹਾ, “ਸੁਰਜੀਤੋ ਦਾ ਖਿਆਲ ਰੱਖਿਆ ਕਰ, ਦਾਲ ਸਬਜ਼ੀ ਵਿਚ ਘਿਉ ਚੰਗਾ ਪਾ ਕੇ ਦਿਆ ਕਰੋ, ਅਜੇ ਵੀ ਇਸ ਦੀ ਸਿਹਤ ਕਮਜ਼ੋਰ ਹੈ।’’

“ਲੈ ਕਿੱਡਾ ਇਸ ਨੇ ਮੁੰਡਾ ਜੰਮਿਆ ਹੈ” ਇਹ ਕਹਿ ਕੇ ਉਹ ਸੁਰਜੀਤ ਵੱਲ ਦੇਖ ਕੇ ਹੱਸਿਆ। ਭਾਵੇਂ ਆਪਣੇ ਵਲੋਂ ਉਸ ਨੇ ਮਸ਼ਕਰੀ ਕੀਤੀ ਸੀ। ਪਰ ਸੁਰਜੀਤ ਦੇ ਕਾਲਜੇ ਨੂੰ ਧੂ ਜਿਹੀ ਪਈ ਅਤੇ ੳਹ ਕੰਧ ਵੱਲ ਨੂੰ ਮੂੰਹ ਕਰਕੇ ਰੋਣ ਲੱਗ ਪਈ। ਦੇਬੋ ਦੇ ਜਾਣ ਤੋਂ ਬਾਅਦ ਮੁਖਤਿਆਰ ਸੁਰਜੀਤ ਦੇ ਕੋਲ ਮੰਜੇ ਉੱਪਰ ਆ ਕੇ ਬੈਠ ਗਿਆ ਅਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਵਿਚ ਕਹਿਣ ਲੱਗਾ,

“ਲੈ ਮੈਂ ਤਾਂ ਤੇਰੇ ਨਾਲ ਮਜ਼ਾਕ ਕੀਤਾ ਸੀ, ਤੂੰ ਗੁੱਸਾ ਕਰ ਲਿਆ।”

“ਮੇਰੀ ਰੂਹ ਛਲਣੀ ਹੋ ਗਈ। ਤੁਹਾਡੇ ਭਾਣੇ ਦਾ ਮਜ਼ਾਕ ਹੈ।”

ਮੁਖਤਿਆਰ ਕੁਝ ਵੀ ਨਹੀ ਬੋਲਿਆ ਅਤੇ ਨਵੀਂ ਜੰਮੀ ਬੱਚੀ ਨਾਲ ਖੇਡਣ ਲੱਗ ਪਿਆ। ਹਰਨਾਮ ਕੌਰ ਆਈ ਅਤੇ ਮਸਰਾਂ ਦੀ ਦਾਲ ਨਾਲ ਸੁਰਜੀਤ ਨੂੰ ਰੋਟੀ ਦੇ ਗਈ ਅਤੇ ਮੁਖਤਿਆਰ ਨੂੰ ਬਾਹਰ ਆ ਕੇ ਰੋਟੀ ਖਾਣ ਲਈ ਕਹਿ ਗਈ। ਮੁਖਤਿਆਰ ਨੇ ਬਾਹਰ ਆ ਕੇ ਦੇਖਿਆ ਕੇ ਦਾਰੋ ਦੀ ਕੁੜੀ ਸਤਿਆ ਰੋਟੀ ਲੈਣ ਆਈ ਹੋਈ ਹੈ। ਸਤਿਆ ਦੇਖਣ ਨੂੰ ਬਾਲਮੀਕੀਆ ਦੀ ਕੁੜੀ ਨਹੀ ਸੀ ਲੱਗਦੀ। ਮੁਖਤਿਆਰ ਉਸ ਨੂੰ ਪੁਛਣ ਲੱਗ ਪਿਆ, “ਸਤਿਆ ਕਈ ਦਿਨ ਹੋ ਗਏ ਤੂੰ ਪੱਠੇ ਲੈਣ ਨਹੀਂ ਆਈ।”

“ਮੈ ਲੰਬੜਾਂ ਦੇ ਦਿਹਾੜੀ ਉੱਪਰ ਆਲੂ ਪੱਟਣ ਜਾਂਦੀ ਹਾਂ ਤੇ ਆਉਂਦੀ ਹੋਈ ਉੱਥੋਂ ਹੀ ਪੱਠੇ ਲੈ ਆਉਂਦੀ ਹਾਂ।”

“ਤੈਨੂੰ ਹੁਣ ਲੰਬੜ ਬਹੁਤ ਚੰਗੇ ਲਗਣ ਲੱਗ ਪਏ, ਨਾ ਕੱਲ ਤੈਨੂੰ ਲੰਬੜਾ ਦਾ ਛੋਟਾ ਮੁੰਡਾ ਸਾਈਕਲ ਤੇ ਬਿਠਾਈ ਕਿੱਥੇ ਲਿਜਾ ਰਿਹਾ ਸੀ?

ਇਹ ਸਾਰੀਆਂ ਗੱਲਾਂ ਅੰਦਰ ਸੁਰਜੀਤ ਰੋਟੀ ਖਾਂਦੀ ਸਭ ਸੁਣੀ ਜਾ ਰਹੀ ਸੀ। ਉਸ ਦਾ ਦਿਲ ਜਲ੍ਹ ਰਿਹਾ ਸੀ। ਪਰ ਬੋਲੀ ਕੁਝ ਨਹੀ। ਸ਼ਾਇਦ ਮੁਖਤਿਆਰ ਦੀ ਪੁਰਾਣੀ ਆਦਤ ਨੂੰ ਉਹ ਜਾਣਦੀ ਸੀ। ਮੁਖਤਿਆਰ ਵੀ ਜਾਣ ਕੇ ਹੀ ਸਤਿਆ ਨੂੰ ਸ਼ਰਮਿੰਦਾ ਕਰ ਰਿਹਾ ਸੀ। ਲੰਬੜਾ ਦੇ ਮੁੰਡੇ ਦੇਬੀ ਦੀ ਤਾਂ ਆਦਤ ਬਣ ਗਈ ਸੀ ਸਤਿਆ ਵਰਗੀਆਂ ਕੁੜੀਆਂ ਨਾਲ ਘੁੰਮਣ-ਫਿਰਨ ਦੀ। ਇਕ ਵਾਰੀ ਮੁਖਤਿਆਰ ਨੇ ਉਸ ਨੂੰ ਰੰਗੇ ਹੱਥੀ ਫੜਿਆ ਵੀ ਸੀ। ਜਦੋਂ ਉਹ ਲੰਬੜਾ ਦੀ ਹਵੇਲੀ ਨੂੰ ਕੁਝ ਲੈਣ ਗਿਆ ਸੀ ਤਾਂ ਦੇਬੀ ਆਦਧਰਮੀਆਂ ਦੀ ਕੁੜੀ ਗੋਗੀ ਨੂੰ ਜੱਫੀ ਵਿਚ ਲਈ ਡੰਗਰਾਂ ਵਾਲੇ ਕੋਠੇ ਵਿਚ ਖੜ੍ਹਾ ਸੀ। ਉਸ ਦੇ ਪੁੱਛਣ ਉੱਪਰ ਬੋਲਿਆ, “ਮੈ ਤਾਂ ਗੋਗੀ ਨੂੰ ਗੋਹੇ ਦਾ ਟੋਕਰਾ ਚਕਾਉਣ ਆਇਆ ਸਾਂ।”

ਘਰ ਆ ਕੇ ਜਦੋਂ ਉਸ ਨੇ ਸੁਰਜੀਤ ਨੂੰ ਇਹ ਗੱਲ ਦੱਸੀ ਤਾਂ ਸੁਰਜੀਤ ਨੂੰ ਦੇਬੀ ਤੇ ਬਹੁਤ ਹੀ ਗੁੱਸਾ ਆਇਆ। ਉਸ ਨੇ ਕਹਿ ਵੀ ਦਿੱਤਾ, “ਦੇਬੀ ਵਿਆਇਆ– ਵਰਿਆ ਹੈ, ਫਿਰ ਕਿਉਂ ਇਹ ਭੈੜੀਆਂ ਕਰਤੂੁਤਾਂ ਕਰਦਾ ਹੈ।” ਸੱਸ ਨੂੰ ਦੱਸਿਆ ਤਾਂ ਉਹ ਹੱਸਦੀ ਹੋਈ ਕਹਿਣ ਲੱਗੀ, “ਇਦਾਂ ਦੀਆਂ ਗੱਲਾਂ ਦਾ ਬਹੁਤਾ ਧਿਆਨ ਨਹੀ ਕਰੀ ਦਾ, ਜ਼ਿਮੀਦਾਰਾਂ ਦੇ ਮੁੰਡੇ ਉਸ ਤਰ੍ਹਾਂ ਹੀ ਕੰਮੀਆਂ ਦੀ ਕੁੜੀਆਂ ਨਾਲ ਹੱਸ ਖੇਡ ਲੈਂਦੇ ਨੇ।” ਇਹ ਗੱਲ ਸੁਣ ਕੇ ਸੁਰਜੀਤ ਦਾ ਦਿਲ ਕਹਿ ਤਾਂ ਰਿਹਾ ਸੀ ਕਿ ਜੇ ਜ਼ਿਮੀਦਾਰਾਂ ਦੀਆਂ ਨੂੰਹਾਂ ਵੀ ਇਸ ਤਰ੍ਹਾ ਕੰਮੀਆਂ ਦੇ ਬੰਦਿਆ ਨਾਲ ਹੱਸ ਖੇਡ ਲੈਣ ਤਾਂ ਕੀ ਫ਼ਰਕ ਪੈਂਦਾ ਹੈ? ਪਰ ਉਹ ਮਜ਼ਬੂਰੀ ਬਸ ਚੁੱਪ ਹੀ ਰਹੀ। ਸੁਰਜੀਤ ਨੂੰ ਕਈ ਵਾਰੀ ਕੰਮੀਆਂ ਦੀਆ ਕੁੜੀਆਂ ਨਾਲ ਨਫ਼ਰਤ ਹੋਣ ਲੱਗਦੀ। ਫਿਰ ਸੋਚਦੀ, “ਉਹਨਾਂ ਦੀ ਗਰੀਬੀ ਉਹਨਾਂ ਤੋਂ ਇਹ ਕੋਝੇ ਕੰਮ ਕਰਵਾਉਂਦੀ ਹੈ। ਵਿਚਾਰੀਆਂ ਪੱਠੇ-ਪੁਠੇ ਲੈਣ ਦੀ ਖਾਤਰ ਜੱਟਾਂ ਦੇ ਮੁੰਡਿਆ ਨਾਲ ਰਲ੍ਹ ਜਾਂਦੀਆਂ ਨੇ ਅਤੇ ਇਹ ਵਿਗੜੇ ਮੁੰਡੇ ਉਹਨਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ। ਮੁਖਤਿਆਰ ਨੇ ਵੀ ਸੁਰਜੀਤ ਨੂੰ ਇਹ ਹੀ ਜਵਾਬ ਦਿੱਤਾ ਸੀ ਕਿ ਦੇਬੀ ਪਿਆਰ ਤਾਂ ਆਪਣੀ ਪਤਨੀ ਨੂੰ ਹੀ ਕਰਦਾ ਹੈ। ਗੋਗੀ ਜਾਂ ਸਤਿਆ ਨਾਲ ਤਾਂ ਉਸ ਦਾ ਸ਼ੁਗਲ ਹੀ ਹੁੰਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸੋਚਦੀ ਸੁਰਜੀਤ ਦੀ ਅੱਖ ਲਗ ਗਈ।

ਚਲਦਾ

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>