ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

ਅੱਜ ਵੈਸੇ ਗੱਲ ਬਹੁਤੀ ਰਹੀ ਨਹੀ ਹੈ। ਪਰ ਫਿਰ ਵੀ ਕਰਨ ਜਾ ਰਿਹਾ ਹਾਂ— ਕਿਸੇ ਵੇਲੇ ਪੰਜਾਬ ਪਿਆਰੇ ਨੂੰ, ਮਾਫ ਕਰਨਾ, ਪਿਆਰੇ ਨਹੀ ਵਿਚਾਰੇ ਨੂੰ, ਭਾਰਤ ਦਾ ਅੰਨਦਾਤਾ, ਦੇਸ਼ ਦਾ ਰਾਖਾ, ਭਾਰਤਵਰਸ਼ ਦਾ ਮਹਾਨ ਪਹਿਰੇਦਾਰ ਕਿਹਾ ਜਾਂਦਾ ਸੀ, ਇਸ ਦੇ ਗੱਭਰੂਆਂ, ਖਿਡਾਰੀਆਂ, ਸੂਰਬੀਰਾਂ, ਯੋਧਿਆਂ ਦੀ ਪੂਰੇ ਦੇਸ਼ ਵਿੱਚ ਧਾਂਕ ਹੁੰਦੀ ਸੀ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ, ਸਾਮ ਸਿੰਘ ਅਟਾਰੀਵਾਲਾ, ਜੱਸਾ ਸਿੰਘ ਰਾਮਗੜੀਆਂ, ਜੱਸਾ ਸਿੰਘ ਆਹਲੂਵਾਲੀਆ, ਭਗਤ ਸਿੰਘ , ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਵੀਰ-ਸਪੂਤ ਇਤਿਹਾਸ ਦੇ ਪੰਨਿਆਂ ਤੇ ਸਦਾ ਅਮਰ ਰਹਿਣਗੇ । ਚਾਹੇ ਉਹ ਖੇਡਾਂ ਦਾ ਦੌਰ ਹੋਵੇ ਜਾਂ ਗਿੱਧੇ-ਭੰਗੜੇ ਦਾ ਪਿੜ ਜਾਂ ਫਿਰ ਜਾਨ ਦੀ ਬਾਜੀ ਲਾਉਣ ਵਾਲਾ ਸ਼ਹਾਦਤਾਂ ਦਾ ਵੇਲਾ ਹੋਵੇ ਹਰ ਥਾਂ ਪੰਜਾਬੀ ਗੱਭਰੂਆਂ-ਸਿੱਖ ਕੌਮ ਦਾ ਦਬਦਬਾ ਹਮੇਸਾ ਰਿਹਾ ਹੈ। ਦਾਰਾ ਸਿੰਘ, ਕਿੱਕਰ ਸਿੰਘ ਵਰਗੇ ਪਹਿਲਵਾਨਾਂ ਨੂੰ ਕੌਣ ਨਹੀ ਜਾਣਦਾ।ਪੰਜਾਬ ਖੇਤੀਬਾੜੀ ਤੇ ਮਿਹਨਤਕਸ਼ ਲੋਕਾਂ ਦਾ ਦੇਸ਼ ਸੀ ਤੇ ਸਭ ਰਾਜਾਂ ਦਾ ਰਾਜਾ ਸੀ। ਇਤਿਹਾਸ ਗਵਾਹ ਹੈ ਚਾਹੇ ਵਿਦੇਸੀ ਧਾੜਵੀਆਂ ਨੇ ਵੀ ਕਈ ਜੁਲਮੋ ਸਿਤਮ ਕੀਤੇ ਤੇ ਉਜੜਨ ਵਸਣ ਦੀ ਪ੍ਰਕਿਰਿਆ ਚੱਲਦੀ ਰਹੀ। ਪੰਜਾਬ ਦੇ ਜੰਮਿਆਂ ਨੂੰ ਨਿੱਤ ਪੈਂਦੀਆਂ ਮੁਹਿੰਮਾਂ ਦੇ ਕਾਰਨ ਇਕ ਬਹਾਦਰ ਤੇ ਆਤਮ ਨਿਰਭਰ ਕੌਮ ਬਣਾ ਕੇ ਰੱਖ ਦਿੱਤਾ। ਮਹਾਨ ਸਿੱਖ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤ ਬਣਨ ਦਾ ਮਾਣ ਮਿਲਿਆ।  ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਸੰਦੇਸ਼ ਦਸ ਨਹੁੰਆਂ ਦੀ ਕਿਰਤ ਕਰਨੀ, ਤੇ ਵੰਡ ਸ਼ਕਣ ਨੂੰ ਆਪਣੇ ਜੀਵਨ ਦਾ ਮਹਾਨ ਤੇ ਅਟੁਟ ਅੰਗ ਬਣਾ ਕੇ ਰੱਖਿਆ। ਧਾਰਮਿਕਤਾ ਤੇ ਸਾਹਿਤਕ ਖਿੱਤਿਆਂ ਦੇ ਪਸਾਰ-ਵਿਕਾਸ ਕਾਰਨ ਵੀ ਇਹ ਇਕ ਮਹਾਨ, ਸਾਂਤੀਪੂਰਨ, ਸਿੱਖਿਅਕ ਤੇ ਸ਼ਹਿਣਸੀਲ ਖੇਤਰ ਵਜੋਂ ਉਭਾਰ ਹਾਸਿਲ ਕਰਨ ਚ ਕਾਮਯਾਬ ਰਿਹਾ। ਗੱਲ ਕੀ ਹਰ ਦੌਰ-ਮੌਸਮ ਇਸ ਨੇ ਆਪਣੇ ਪਿੰਡੇ ਤੇ ਖੂਬ ਰੀਝ ਨਾਲ ਹੰਢਾਇਆ ਤੇ ਮਾਣਿਆਂ।

ਅੱਜ ਪੰਜਾਬ ਨੂੰ ਸਭ ਤੋਂ ਘਾਤਕ ਚਨੌਤੀ ਤੇ ਬੇਇਲਾਜ਼ ਬਿਮਾਰੀ ਚਿੱਟੇ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸ ਨੇ ਘੁੱਗ ਵੱਸਦੇ ਘਰਾਂ ਨੂੰ ਸ਼ਮਸਾਨ ਬਣਾ ਕੇ ਰੱਖ ਦਿੱਤਾ ਹੈ। ਇਕ ਲੇਖਕ ਨੇ ਪੰਜਾਬ ਦੀ ਦੁਰਦਸਾਂ ਬਾਰੇ ਖੂਬ ਲਿਖਿਆ ਹੈ:-

ਅੱਜ ਨੱਸ ਨੱਸ ਵਿੱਚ ਨਸਾ ਪੰਜਾਬ ਤੇਰੇ,
ਤੱਕ ਹੈਰਾਨ ਨੇ ਦਿਲ ਤੇ ਦਿਮਾਗ ਮੇਰੇ।
ਆਖੋ ਨਿਜਾਮ ਨੂੰ ਆ ਕੇ ਕੁਝ ਸਾਰ ਲੈ ਜਾਵੇ,
ਨਹੀ ਤਾਂ ਸਿਵੇ ਘਰ ਘਰ ਹੋਣੇ ਸ਼ਰੇਆਮ ਤੇਰੇ।
ਘੁੱਗ ਵਸਦੇ ਘਰਾਂ ਦੇ ਕਈ ਚਿਰਾਗ ਬੁੱਝ ਗਏ,
ਇਸ ਜਾਲਮ ਨੇ ਜਿੱਥੇ ਵੀ ਜਾ ਲਾਏ ਡੇਰੇ।
ਰੋਂਦੀਆਂ ਮਾਵਾਂ ਦੇ ਸੀਨੇ ਪਾੜ ਸੁੱਟੇ ਵੈਣਾਂ ਨੇ,
ਕਈ ਟੱਬਰ ਤੋਰੇ ਇਨੇ ਵੱਲ ਘੁਪ ਹਨੇਰੇ।
ਕਈ ਭੈਣਾਂ ਦੀ ਰੱਖੜੀ ਡਿੱਠੀ ਪਾਉਂਦੀ ਦੁਹਾਈ,
ਕਈ ਪਿਓਆਂ ਪੁੱਤਾਂ ਨੂੰ ਲਾਂਬੂੰ ਲਾਏ ਕਰ ਵੱਡੇ ਜੇਰੇ।
ਦੇਵੋ ਸੰਦੇਸ਼ ਕੋਈ ਬਾਬੇ ਨਾਨਕ ਤੇ ਗੁਰੂ ਗੋਬਿੰਦ ਨੂੰ,
ਫਿਰ ਫੂਕੇ ਨਾਮ, ਅੰਮ੍ਰਤ ਦੀ ਵਿੱਚ ਲਹਿਰ ਤੇਰੇ।

ਗਲ ਹੋ ਰਹੀ ਸੀ ਪੰਜਾਬ ਨੂੰ ਘੁਣ ਵਾਂਗ ਖਾਈ ਜਾ ਰਹੇ ਚਿੱਟੇ ਦੀ। ਇਸ ਦੇ ਕਈ ਰੂਪ ਨੇ ਹੈਰੋਇਨ, ਸਮੈਕ, ਚਿੱਟਾ ਪਾਉਡਰ ਆਦਿ। ਜਿਸ ਨੂੰ ਮਨਚਾਹੀ ਨੋਕਰੀ ਨਹੀ ਮਿਲਦੀ ਚੱਲ ਚਿੱਟੇ ਦੀ ਗੋਦ ਵਿੱਚ, ਜਿਸ ਨੂੰ ਮਾਸੂਕ ਛੱਡਗੀ, ਜਿਸ ਨੂੰ ਬੀਵੀ ਕੱਢਗੀ, ਜਿਸ ਨੂੰ ਮਾਂ ਬਾਪ ਨੈ ਲੜ ਪੈਸੇ ਨਾ ਦਿੱਤੇ, ਜਿਸ ਨੂੰ ਵਿਦੇਸ਼ ਜਾਣ ਲਈ ਮਾਂ ਬਾਪ ਦੀ ਜਾਮੀਨ ਵੇਚਣ ਜਾਂ ਗਹਿਣੇ ਨਾ ਰੱਖਣ ਦਿਤੀ, ਕੋਈ ਕਰਜ ਦਾ ਮਾਰਿਆ, ਕੋਈ ਗਰਜ ਦਾ ਸਾੜਿਆ,  ਕੋਈ ਟੈਸ਼ਨ ਦਾ ਝੰਭਿਆ, ਕੋਈ ਇਸਦਾ ਆਦਤਨ ਬਿਮਾਰ, ਕਿਸੇ ਅਮੀਰ ਦਾ ਇਸ ਨਾਲ ਵਪਾਰਕ ਪਿਆਰ, ਕਿਸੇ ਨੂੰ ਛੇਤੀ ਅਮੀਰ ਹੋਣ ਤੇ ਪੈਸੇ ਦਾ ਲਾਲਚ ਆਦਿ ਸਾਰੇ ਦੇ ਸਾਰੇ ਦੁਖੀ ਤੇ ਹਿੰਮਤੋਂ ਟੁੱਟੇ ਇਹ ਪੰਜਾਬ ਦੀ ਜਵਾਨ ਪੀੜੀ ਦੇ ਬਰਖੁਰਦਾਰ, ਯੋਧੇ ਚਿੱਟੇ ਦੇ ਲੁਭਾਵਣੇ ਰੂਪ ਵੱਲ ਆਕਰਸ਼ਤ ਹੋ ਕੇ ਆਪਣੀ ਤੇ ਮਾਂ ਪਿਓ ਦੀ ਜਿੰਦਗੀ ਨੂੰ ਸਾੜ-ਫੂਕ ਕੇ ਆਹੂਤੀ ਦੇ ਦਿੰਦੇ ਹਨ। ਅੱਜਕਲ ਕਰੈਕ ਨਾਂ ਦੇ ਨਸੇ ਨੇ ਵੀ ਸਾਡੇ ਪੰਜਾਬ ਵਿਚ ਜਗਾ ਬਣਾ ਲਈ ਹੈ। ਸੁਣਨ ਵਿਚ ਆਇਆ ਹੈ ਕਿ ਇਹ ਨੋਜੁਆਨਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਹ ਦਾ ਅਸਰ ਚਿੱਟੇ ਤੋਂ ਵੀ ਘਾਤਕ ਸਮਝਿਆ ਜ਼ਾਦਾ ਹੈ। ਇਸ ਦਾ ਸੇਵਨ ਤੇ ਚਿਟੇ ਤੋ ਤੇਜ ਤੇ ਜਲਦੀ ਅਸਰ ਹੁੰਦਾ ਹੈ। ਪਰ ਇਸ ਦਾ ਮੌਤ ਵੀ ਜਲਦੀ ਹੋ ਜਾਂਦੀ ਹੈ। ਨੌਜੁਆਨਾਂ ਨੂੰ ਤਾਂ ਬਸ ਨਸੇ ਨਾਲ ਹੈ ਆਦਤ ਹੱਥੋ ਮਜਬੂਰ ਉਹ ਮੌਤ ਦਾ ਖਿਆਲ ਵੀ ਭੁੱਲ ਕੇ ਨਸੇ ਦੀ ਗ੍ਰਿਫਤ ਵਿਚ ਫਸਦੇ ਜਾ ਰਹੇ ਨੇ ਤੇ ਮਾਂ ਬਾਪ ਲਈ ਉਮਰਾਂ ਦਾ ਇਕੱਲਾਪਨ, ਹੱਝੂਆਂ, ਹੌਕਿਆਂ ਦਾ ਸੈਲਾਬ ਤਿਆਰ ਕਰੀ ਜਾ ਰਹੇ ਨੇ। ਇਕ ਸਰਵੇ ਮੁਤਾਬਕ ਪੰਜਾਬ ਦੇ ਹਰ 10 ਵਿਚੋ ੬-੭ ਬੰਦੇ ਇਸ ਨਸੇ ਦੇ ਸਿਕਾਰ ਬਣ ਰਹੇ ਨੇ। ਸਰਕਾਰ ਬਥੇਰੇ ਹੰਭਲੇ ਮਾਰ ਰਹੀ ਹੈ ਪਰ ਗੱਲ ਬਣਦੀ ਨਜਰ ਨਹੀ ਆ ਰਹੀ ਹੈ। ਨਸਾ ਵੱਧ ਰਿਹਾ ਹੈ ਤਾਂ ਜੁਲਮ ਵੀ ਵੱਧ ਰਿਹਾ ਹੈ। ਬਈ ਨਸੇ ਦੀ ਪੂਰਤੀ ਕਿਥੋਂ ਹੋਣੀ ਹੈ। ਲੁੱਟ-ਠੱਗੀ ਵੱਜੂਗੀ ਤਾਂ ਹੀ ਤਾਂ ਮਨ ਤਨ ਤੇ ਦਿਮਾਗ ਚਿੱਟੇ ਚ ਨਹਾਉਣਗੇ। ਘਰ ਬੇਬੇ ਤਾਂ ਬੈਠੀ ਨਹੀ ਜਿਹੜੀ ਕਹੂ ਜਾ ਪੁੱਤ ਆ ਲੈ ਪੈਸੇ ਤੇ ਥੋੜਾ ਚਿੱਟਾ ਖਾ ਲੈ।

ਅਜੇ ਥੋੜੇ ਦਿਨਾਂ ਦੀ ਹੀ ਗੱਲ ਹੈ। ਤਰਨ ਤਾਰਨ ਜਿਲੇ ਦੇ ਬਾਰਡਰ ਤੋਂ ੨੦ ਕਰੋੜ ਦੀ ਹੈਰੀਇਨ ਬੀ.ਐਸ.ਐਫ ਵਲੋਂ ਫੜੀ ਗਈ ਸੀ। ਇਸੇ ਤਰਾਂ ਥੋੜੇ ਦਿਨ ਪਹਿਲਾਂ ਹੀ ਅੰਮਿਰਤਸਰ ਜਿਲੇ ਦੇ ਖਾਸੇ ਏਰੀਆ ਨਜਦੀਕ ਧਾਰੀਵਾਲ ਪਿੰਡ ਨੇੜੇ ਸਰਹੱਦੀ ਤਾਰਾਂ  ਪਾਰ ਤੋ ਆਈ ੩੦ ਕਰੋੜ ਦੀ ਹੈਰੋਇਨ ਬੀ.ਐਸ.ਐਫ ਵਲੋਂ ਪਕੜੀ ਗਈ ਹੈ। ਜੋ ਕਿ ਇਸ ਸਾਲ ਦੀ ਸਭ ਤੋਂ ਵੱਡੀ ਖੇਫ ਮੰਨੀ ਗਈ ਹੈ। ਜੋ ਕਿ ੧੫੦ ਕਿਲੋ ਤੋ ਵੀ ਪਾਰ ਮਿਣੀ ਹੈ। ੭੦ ਕਰੋੜ ਦੀ ਹੀਰੋਇਨ ਫੇਰ ਤਸਕਰੀ ਦੇ ਗੜ ਤੇ ਪਾਕਿ ਦੇ ਗੁਆਂਢੀ ਖੇਮਕਰਨ ਸੈਕਟਰ ਤੋਂ ਪਕੜੀ ਗਈ ਹੈ। ਉਹ ਤਾਂ ਸੁਕਰ ਹੈ। ਬੀਐਸਐਫ ਦੇ ਜੋ ਇੰਨੀ ਵੱਡੀ ਮਾਤਰਾ ਵਿਚ ਇਹ ਚਿੱਟਾ ਜਹਿਰ ਫੜੀ ਜਾ ਰਹੀ ਹੈ। ਨਹੀ ਤਾਂ ਚਿੱਟਾ ਤਾਂ ਹੱਟੀ ਭੱਠੀ ਤੇ ਕਰਿਆਨੇ ਵਾਂਗ ਵਿਕਿਆ ਕਰੇ। ਚਿੱਟੇ ਦੇ ਪੈਰ ਤਾਂ ਸਾਰੇ ਪੰਜਾਬ ਵਿਚ ਪਸਰੇ ਹੋਏ ਨੇ ਪਰ ਤਰਨ ਤਾਰਨ ਤੇ ਅੰਮ੍ਰਤਸਰ ਜਿਲੇ ਇਸ ਦੇ ਜਿਆਦਾ ਮਰੀਜ ਹੋਏ ਪਏ ਨੇ। ਦਿਨ ਬ ਦਿਨ ਇਸ ਚਿਟੇ ਦੀ ਧਰ ਪਕੜੀ ਵਧ ਰਹੀ ਹੈ। ਆਏ ਦਿਨ ਹੀ ਪੁਲਿਸ ਜਾਂ ਬੀਐਸਐਫ ਵਲੋਂ ਕੋਈ ਵੱਡੀ ਖਪ ਫੜੀ ਗਈ ਹੁੰਦੀ ਹੈ। ਪੰਜਾਬ ਸਰਕਾਰ ਵਲੋਂ ਵਿੱਡੇ ਹੰਭਲੇ ਕਾਰਨ ਪਿੱਛੇ ਜਿਹੇ ਇਸ ਦੇ ਕਾਫੀ ਧਰ ਪਕੜੀ ਤੇ ਕਾਮਯਾਬੀਆਂ ਦੇ ਸਿੱਟੇ ਮਿਲੇ ਹਨ। ਹੀਰੋਇਨ ਦੇ ਤਸਕਰਾਂ ਨੂੰ ਜੇਲਾਂ ਪਿਛੇ ਡੱਕਣਾਂ ਸਮੇਂ ਦੀ ਬਹੁਤ ਵੱਡੀ ਮੰਗ ਹੈ। ਨਹੀ ਤਾਂ ਪੰਜਾਬ ਲੂਲਾ-ਪਿੰਗਲਾ ਹੋ ਜਾਵੇਗਾ।

ਆਖਰ ਕੌਣ ਹੈ ਜੋ ਇਸ ਜਰਖੇਜ, ਖੁਸ਼ਹਾਲ ਭੂਮੀ ਪੰਜਾਬ ਦੀ ਨੂੰ ਸਿਵਿਆਂ ਦਾ ਰੂਪ ਦੇ ਬਰਬਾਦ ਕਰਨਾ ਚਾਹੁੰਦਾ ਹੈ। ਕੌਣ ਹੈ ਜੋ ਪੰਜਾਬ ਦੀ ਖੁਸ਼ਹਾਲੀ ਤੇ ਬਰਕਤ ਤੋਂ ਤੰਗ ਹੈ। ਕਿਵੇਂ ਇਹ ਚਿੱਟਾ ਹੱਦਾਂ ਸਰਹੱਦਾਂ ਟੱਪ ਸਾਡੇ ਪੰਜਾਬ ਵਿਚ ਆ ਵੜਦਾ ਹੈ। ਕਿਉਂ ਵੱਡੇ ਵਪਾਰੀ ਚਿੱਟੇ ਦੇ ਫੜੇ ਨਹੀ ਜਾਂਦੇ। ਛੋਟੇ ਪੁੜੀਆਂ ਵੇਚਣ ਵਾਲਿਆਂ ਤੋਂ ਪੁਲਿਸ ਨੂੰ ਨਸਾ ਤਾਂ ਬਰਾਮਦ ਹੋ ਜਾਂਦਾ ਹੈ ਪਰ ਵੱਡੇ ਵਪਾਰੀ ਤੇ ਸਿਕਾਰੀ ਦਾ ਪਤਾ ਬਰਾਮਦ ਨਹੀ ਹੁੰਦਾ। ੧੦੦ ਗ੍ਰਾਮ ੨੦੦ ਗ੍ਰਾਮ ੫੦ ਗ੍ਰਾਮ ਚਿੱਟਾ ਵੇਚਣ ਵਾਲਿਆਂ ਦੀ ਥਾਂ ਤੇ ਵੱਡੇ ਮਾਰਕੇ ਮਾਰਨ ਦੀ ਲੋੜ ਹੈ। ਬਹੁਤ ਸਵਾਲ ਨੇ। ਜਿਨਾਂ ਨੂੰ ਹੱਲ ਹੋਣ ਚ ਸਮਾਂ ਤਾਂ ਲੱਗੇਗਾ ਪਰ ਹੱਲ ਹੋਣੇ ਜਰੂਰੀ ਨੇ।

ਇਸ ਤੋਂ ਇਲਾਵਾ ਅੱਜ ਇਕ ਹੋਰ ਚਿੱਟੇ ਨੇ ਪੰਜਾਬ ਦੇ ਅੰਨਦਾਤਾ ਕਿਸਾਨਾਂ ਨੂੰ ਰੋਣ ਤੇ ਦੁਹਾਈਆਂ ਤੇ ਲਾ ਦਿੱਤਾ ਹੈ। ਉਹ ਹੈ ਨਰਮੇ ਨੂੰ ਖਾਂਦੇ ਚਿੱਟੇ ਮੱਛਰ ਦਾ ਚਿੱਟਾ। ਇਹ ਚਿੱਟਾ ਮੱਛਰ ਕਿਸਾਨਾਂ ਦੀ ਧੀਆਂ ਪੁੱਤਾ ਵਾਗਰ ਪਾਲੀ ਜਮੀਨ ਨੂੰ ਉਜਾੜ ਕੇ ਮੰਗਣ ਤੇ ਲਾਈ ਜਾ ਰਿਹਾ ਹੈ। ਕਿਸਾਨ ਕਰਨ ਤਾਂ ਕੀ ਕਰਨ। ਪਹਿਲਾਂ ਤਾਂ ਵਿਚਾਰੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਧਰ ਧਰ ਕੇ ਹਾੜ ਸਿਆਲ ਮੀਹਾਂ ਗੜਿਆਂ ਦੀ ਮਾਰ ਝੱਲ ਕੇ ਮਸਾਂ ਮਸਾਂ ਫਸਲ ਨੂੰ ਪਾਲਦੇ ਨੇ ਉਤੋਂ ਇਹ ਚਿੱਟੇ ਮੱਛਰ ਦਾ ਹਮਲਾ ਸਾਰੀ ਮਿਹਨਤ ਤੇ ਪਾਣੀ ਫੇਰ ਰਿਹਾ ਹੈ। ਕਈ ਤਾਂ ਵਿਚਾਰੇ ਪਹਿਲਾਂ ਇਕ ਦੋ ਕਨਾਲ ਹੀ ਵਾਹੁਦੇ ਨੇ ਤਾਂ ਜੋ ਇਹ ਖਤਮ ਹੋ ਜਾਏ ਪਰ ਬਾਦ ਵਿਚ ਪੂਰਾ ਦਾ ਪੂਰਾ ਖੇਤ ਹੀ ਵਾਹੁਣਾ ਪੈਦਾ ਹੈ। ਫਸਲਾਂ ਦੇ ਮੁੱਲ ਘੱਟ ਪੈਂਦੇ ਨੇ ਤਾਂ ਰੋਂਦੇ ਕਿਸਾਨ ਦੁਹਾਇਆਂ ਪਾਉਂਦੇ ਨੇ। ਫਿਰ ਸਰਕਾਰ ਘਰੋਂ ਕੁਝ ਸਬਸਿਡੀਆ ਮੰਗਣ ਜਾਂਦੇ ਨੇ ਤਾਂ ਡੰਡੇ ਪੈਂਦੇ ਹਨ। ਕਿਸਾਨ ਜਾਵੇ ਤਾਂ ਕਿਧਰ ਜਾਵੇ। ਕਰਜਿਆਂ ਨਾਲ ਧੀ ਦਾ ਵਿਆਹ, ਘਰ ਦਾ ਖਰਚਾ, ਫਸਲਾਂ ਦੀ ਰੱਖਿਆ, ਆਖਰ ਕਿਸ ਕਿਸ ਦੀ ਪੂਰਤੀ ਕਰੇ। ਫਿਰ ਤੰਗ ਤੇ ਦੁਖੀ ਕਿਸਾਨ ਕੋਲ ਫਾਹੇ ਲੱਗ ਜੀਵਲ ਲੀਲਾ ਖਤਮ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀ ਰਹਿੰਦਾ। ਕੋਈ ਫਾਹੇ ਲੱਗਦਾ ਹੈ ਕੋਈ ਨਹਿਰੀ ਡੁੱਬਦਾ ਹੈ ਤੇ ਕੋਈ ਸਲਫਾਸ ਨੂੰ ਨਿਗਲ ਲੈਂਦਾ ਹੈ।

ਪੰਜਾਬ ਦੀ ਨਰਮੇ ਦੀ ਮਸ਼ਹੂਰ ਪੱਟੀ ਸਮਝੀ ਜਾਂਦੇ ਫਿਰੋਜਪੁਰ, ਮਾਨਸਾ, ਮੋਗਾ, ਫਰੀਦਕੋਟ ਆਦਿ ਅੱਥਰੂ ਵਹਾ ਰਹੇ ਨੇ। ਇਸ ਚਿੱਟੇ ਮੱਛਰ ਨੇ ਕਿਸਾਨਾਂ ਦੀ ਨੀਂਦ ਚੈਨ ਸਭ ਖੋ ਲਿਆ ਹੈ। ਪੰਜਾਬ ਸਾਡਾ ਹਰੀ ਭਰੀ ਜਰਖੇਜ ਭੂਮੀ ਦੀ ਥਾਂ ਚਿੱਟੇ ਦੀ ਮਾਰ ਨਾਲ ਚਿੱਟੀ ਪੱਥਰੀਲੀ ਧਰਤੀ ਬਣ ਗਿਆ ਤਾਂ ਨਾਂ ਤਾਂ ਇਥੇ ਕੋਈ ਜੁਆਨ ਦਿਸੇਗਾ ਤੇ ਨਾ ਹੀ ਕਿਸਾਨ ਦਿਸੇਗਾ, ਕਿਉਂਕਿ ਅੱਧੀ ਪੰਜਾਬ ਦੀ ਨੌਜੁਆਨ ਪੀੜੀ ਭਾਜਵਾਦੀ ਤੇ ਭਾਗਵਾਦੀ ਰੂਚੀ ਤਹਿਤ ਤਾਂ ਪਹਿਲਾਂ ਹੀ ਵਿਦੇਸ਼ਾਂ ਨੂੰ ਕੂਚ ਕਰ ਚੁੱਕੀ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਪਹਿਲਾਂ ਵਿਦੇਸ਼ੀ ਧੜਵਾਈ ਤੇ ਹਮਲਾਵਾਰ ਪੰਜਾਬ ਦੀ ਖੁਸ਼ਹਾਲੀ ਦੇਖ ਹਮਲੇ ਕਰ ਲੁੱਟਣ ਆਉਂਦੇ ਸਨ ਹੁਣ ਸਾਡੇ ਖੁਦ ਨੌਜੁਆਨ ਘੱਟ ਪੈਸਿਆਂ ਤੇ ਕੰਮ ਕਰ ਕਰ ਕੇ ਵਿਦੇਸ਼ੀ ਵਪਾਰੀਆਂ ਦੇ ਹੱਥੋਂ ਸੋਸ਼ਣ ਕਰਵਾ ਕੇ ਲੁੱਟੇ ਜਾ ਰਹੇ ਨੇ। ਸਾਡੀਆਂ ਧੀਆਂ-ਭੈਣਾਂ ਬਾਰੇ ਵੀ ਵਿਦੇਸਾਂ ਤੋਂ ਬੁਰੀਆਂ ਖਬਰਾਂ ਆਉਦੀਆਂ ਰਹਿੰਦੀਆਂ ਨੇ।

ਚਿੱਟੇ ਤੋਂ ਬਚਾਉਣ ਦੀ ਖਾਤਰ ਤੇ ਬੇਰੁਜਗਾਰੀ ਦੇ ਪਲ ਰਹੇ ਦੈਂਤ ਤੋ ਭੈਅਭੀਤ ਅੱਜ ਚੰਗੇ ਭਲੇ ਘਰਾਂ ਦੇ ਲੋਕ ਆਪਣੇ ਬੱਚਿਆਂ ਨੂੰ ਹੱਥੀਂ ਬਾਹਰ ਵਿਦੇਸ਼ਾਂ ਦੇ ਰਾਹ ਤੋਰ ਰਹੇ ਨੇ। ਸਰਕਾਰ ਨੂੰ ਆਪਣੇ ਗੁਆਂਢ ਮੱਥੇ ਪ੍ਰਤੀ ਡਾਹਢੀ ਸਖਤ ਪਹਿਰੇਦਾਰੀ ਤੇ ਹੁਸਿਆਰੀ ਵਰਤਣੀ ਚਾਹੀਦੀ ਹੈ। ਸਰਕਾਰ ਨੂੰ ਨੋਜੁਆਨਾਂ ਲਈ ਵਧ ਤੋਂ ਵੱਧ ਨੌਕਰੀਆਂ ਦੇ ਵਸੀਲੇ ਤੇ ਨਸੇ ਛੁਡਾਊ ਕੇਂਦਰਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ।

ਅੱਜ ਜਰੂਰਤ ਹੈ ਨਿਜਾਮ-ਏ-ਸਰਕਾਰ ਨੂੰ ਕਿ ਕਿਸਾਨ ਦੀ ਬਾਂਹ ਦੇ ਨਸ਼ੇ ਦੀ ਥਾਂ ਨੂੰ ਲੱਭਣ ਤੇ ਪਕੜਨ ਦੀ ਕੋਸ਼ਿਸ਼ ਕਰਕੇ ਤਾਂ ਜੋ ਇਸ ਦੇਸ਼ ਦੀ ਜੁਆਨੀ, ਹਿੰਮਤ, ਭਵਿੱਖ ਤੇ ਅੰਨਦਾਤਾ ਨੂੰ ਬਚਾਇਆ ਜਾ ਸਕੇ। ਕਿਉਂਕਿ ਜਿਸ ਦੇਸ਼ ਦਾ ਜੁਆਨ ਤੰਦਰੁਸਤ, ਤੇ ਅੰਨਦਾਤਾ ਕਿਸਾਨ ਖੁਸ਼-ਖੁਸ਼ਹਾਲ ਹੈ, ਦੇਸ਼ ਉਹੋ ਹੀ ਤਰੱਕੀ-ਯਾਫਤਾ ਰਹਿੰਦਾ ਹੈ। ਰੱਬ ਸਾਡੇ ਮੁਲਕ-ਓ-ਮਿਲਤ ਤੇ ਇੱਜਤ-ਏ ਕੌਮ ਨੂੰ ਸਦਾ ਤਰੱਕੀਆਂ ਦੇ ਰਾਹ ਤੋਰੀ ਰੱਖੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>