ਕਿਰਤ ਤੇ ਕਨੇਡਾ

ਦੁਨੀਆਂ ਵਿੱਚ ਕੋਈ ਵੀ ਕੰਮ ਘਟੀਆ ਨਹੀਂ ਹੁੰਦਾ, ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਣ ਭਾਵਨਾ (ਇਨਫਰਓਰਟੀ ਕੰਪਲੈਕਸ) ਮਹਿਸੂਸ ਨਾ ਕਰੇ। ਕਿਸੇ ਕੰਮ ਨੂੰ ਕਰ ਕੇ ਮਾਣ ਮਹਿਸੂਸ ਕਰਨ ਵਾਲਾ ਸ਼ਖ਼ਸ ਹੀ ਅਸਲੀ ਕਿਰਤੀ ਹੁੰਦਾ ਹੈ। ਦਸਾਂ ਨਹੁੰਆਂ ਨਾਲ ਕਮਾਏ ਧਨ ਨਾਲ ਮਨ ਨੂੰ ਜੋ ਤਸੱਲੀ ਹੁੰਦੀ ਹੈ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਬਰਕਤ ਉਸ ਕਮਾਈ ਵਿੱਚ ਹੀ ਹੁੰਦੀ ਹੈ। ਗਲਤ ਤਰੀਕਿਆਂ ਨਾਲ ਕਮਾਇਆ ਧਨ ਸੁੱਖ ਘੱਟ ਤੇ ਦੁੱਖ ਵੱਧ ਦਿੰਦਾ ਹੈ। ਇਸ ਤਰ੍ਹਾਂ ਦੀ ਕਮਾਈ ਰਾਤਾਂ ਦੀ ਨੀਂਦ ਹਰਾਮ ਕਰਦੀ ਹੈ। ਬਹੁਤ ਵਾਰੀ ਇਹ ਕਮਾਈ ਕਿਸੇ ਜ਼ਹਿਮਤ ਜਾਂ ਮੁਕੱਦਮੇਂ ਤੇ ਹੀ ਲਗਦੀ ਹੈ। ਜਾਂ ਇਸ ਕਮਾਈ ਨੂੰ ਕਈ ਵਾਰੀ ਵਿਗੜੀ ਹੋਈ ਔਲਾਦ ਉਡਾ ਦਿੰਦੀ ਹੈ।
ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸ਼ੁਰੂ ਤੋਂ ਹੀ ਕਿਰਤ ਦਾ ਸਬਕ ਪੜ੍ਹਾਇਆ ਹੈ। ਪਰ ਅਸੀਂ ਲੋਕ ਇਸ ਤੇ ਅਮਲ ਘੱਟ ਵੱਧ ਹੀ ਕਰਦੇ ਹਾਂ। ਬਾਬੇ ਨਾਨਕ ਨੇ 70 ਸਾਲ ਦੀ ਉਮਰ ਵਿੱਚ ਆਪ ਹਲ਼ ਵਾਹ ਕੇ ਕਿਰਤ ਦੀ ਮਿਸਾਲ ਸਾਡੇ ਲਈ ਕਾਇਮ ਕੀਤੀ। ਦਸ਼ਮੇਸ਼ ਪਿਤਾ ਨੇ ਵੀ ਕਿਰਤ ਨਾ ਕਰਨ ਵਾਲੇ ਨੌਜਵਾਨ ਦੇ ਹੱਥੋਂ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅਸੀਂ ਆਪਣੇ ਅਮੀਰ ਵਿਰਸੇ ਤੋਂ ਕੁੱਝ ਨਹੀਂ ਸਿੱਖਿਆ। ਅੱਜ ਵੀ ਸਾਡੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਵਿਹਲੇ ਤਾਂ ਬੈਠੇ ਰਹਿਣਗੇ, ਪਰ ਘਰ ਦੇ ਕੰਮ ਵਿੱਚ ਮਾਂ- ਬਾਪ ਦਾ ਹੱਥ ਵਟਾਉਣਾ ਵੀ ਆਪਣੀ ਹੱਤਕ ਸਮਝਦੇ ਹਨ।
ਕਿਰਤ ਦੀ ਕਦਰ ਇਹਨਾਂ ਵਿਦੇਸ਼ੀ ਮੁਲਕਾਂ ਵਿੱਚ ਕਿੰਨੀ ਕੁ ਹੈ, ਇਸ ਦੀਆਂ ਕਈ ਮਿਸਾਲਾਂ ਮੈਂਨੂੰ ਕੈਨੇਡਾ ਆ ਕੇ ਮਿਲੀਆਂ। ਕੁੱਝ ਮਹੀਨੇ ਪਹਿਲਾਂ ਦੀ ਗੱਲ ਹੈ- ਕਿ ਇੱਕ ਸ਼ਾਮ ਨੂੰ ਮੇਰੀ ਬੇਟੀ ਦੇ ਘਰ ਬਾਰਾਂ ਕੁ ਸਾਲ ਦੇ ਅੰਗਰੇਜ਼ ਲੜਕੇ ਨੇ ਬੈੱਲ ਕੀਤੀ। ਮੇਰੇ ਜੁਆਈ ਨੇ ਦੇਖਿਆ ਤਾਂ ਉਹ ਅੰਗਰੇਜ਼ੀ ਵਿੱਚ ਕਹਿਣ ਲੱਗਾ- “ਮੈਂ ਤੁਹਾਡਾ ਡਰਾਈਵੇਅ ਸਾਫ ਕਰ ਦਿਆਂ, ਤੁਸੀਂ ਮੈਂਨੂੰ ਪੰਜ ਡਾਲਰ ਦੇ ਦੇਣਾ…?”
“ਡਰਾਈਵੇਅ ਤਾਂ ਸਾਫ਼ ਹੀ ਹੈ..” ਉਸ ਜਵਾਬ ਦਿੱਤਾ।
“ਨਹੀਂ- ਇਹ ਦੇਖੋ… ਕਈ ਪੱਤੇ ਦਿਖਾਈ ਦੇ ਰਹੇ ਹਨ” ਉਸ ਲੜਕੇ ਨੇ ਫਿਰ ਕਿਹਾ।
“ਚਲੋ ਠੀਕ ਹੈ- ਕਰ ਦੇਹ..ਫਿਰ” ਉਹਨਾਂ ਅੰਗਰੇਜ਼ੀ ਵਿੱਚ ਸਹਿਮਤੀ ਦੇ ਦਿੱਤੀ। ਉਹ ਖੁਸ਼ ਹੋ ਗਿਆ ਤੇ ਆਪਣੇ ਬਲੋਅਰ ਨਾਲ ਡਰਾਈਵੇਅ ਸਾਫ਼ ਕਰਨ ਲੱਗਾ।
ਅੰਦਰ ਆ ਕੇ ਬੇਟੇ ਨੇ ਸਾਰੀ ਗੱਲ ਦੱਸੀ ਤਾਂ ਬੇਟੀ ਕਹਿਣ ਲੱਗੀ- “ਇਸ ਨੇ ਆਪਣੇ ਬਾਪ ਤੋਂ ਕੋਈ ਗੇਮ ਖਰੀਦਣ ਲਈ ਪੈਸੇ ਮੰਗੇ ਹੋਣਗੇ ਤਾਂ ਉਸ ਨੇ ਕਿਹਾ ਹੋਣਾ ਕਿ-’ਕਮਾ ਕੇ ਲਿਆ ਤੇ ਲੈ ਲੈ’ -ਇਸ ਕਰਕੇ ਇਹ ਕਮਾਈ ਕਰ ਰਿਹਾ ਹੈ।”
“ਚਲੋ- ਮਿਹਨਤ ਤਾਂ ਕਰ ਰਿਹਾ ਹੈ ਨਾ! ਇਸ ਨੂੰ ਤਾਂ ਟਿੱਪ ਦੇਣੀ ਵੀ ਬਣਦੀ ਹੈ” ਸੋ ਉਸ ਨੇ ਪੰਜ ਦੀ ਬਜਾਏ ਛੇ ਡਾਲਰ ਉਸ ਨੂੰ ਦੇਣ ਲਈ ਟੇਬਲ ਤੇ ਰੱਖ ਲਏ।
ਪੰਜ ਸੱਤ ਮਿੰਟ ਬਾਅਦ ਹੀ ਉਸ ਨੇ ਸਫਾਈ ਕਰਕੇ ਦੁਬਾਰਾ ਬੈੱਲ ਕੀਤੀ ਅਤੇ 6 ਡਾਲਰ ਲੈ ਕੇ, ਨਾਲ ਦੇ ਘਰ ਇਹੋ ਕੰਮ ਕਰਨ ਚਲਾ ਗਿਆ।
ਮੈਂ ਇਹ ਸਭ ਦੇਖ ਕੇ ਹੈਰਾਨ ਹੋ ਰਹੀ ਸਾਂ। ਬੇਟੇ ਨੇ ਦੱਸਿਆ ਕਿ ਇਸੇ ਤਰ੍ਹਾਂ ਸਨੋਅ ਦੇ ਦਿਨਾਂ ਵਿੱਚ ਵੀ ਲੋੜਵੰਦ ਆਉਂਦੇ ਹਨ ਤੇ 5-10 ਡਾਲਰ ਲੈ ਕੇ, ਸਾਰੀ ਸਨੋਅ ਹਟਾ ਦਿੰਦੇ ਹਨ, ਤੇ ਆਪਣੀ ਕਮਾਈ ਵੀ ਕਰ ਲੈਂਦੇ ਹਨ।
ਮੈਂ ਮਨ ਵਿੱਚ ਇਹਨਾਂ ਲੋਕਾਂ ਦੀ ਸੋਚ ਨੂੰ ਸਲਾਮ ਕਰਨ ਲੱਗੀ। ਨਾਲ ਹੀ ਇਹ ਸੋਚਣ ਲਈ ਮਜਬੂਰ ਹੋ ਗਈ ਕਿ- ਐਵੇਂ ਨਹੀਂ ਇਹ ਮੁਲਕ ਹਰ ਤਰ੍ਹਾਂ ਸਾਡੇ ਤੋਂ ਅੱਗੇ?
ਪਿਛਲੇ ਸਾਲ ਜਦੋਂ ਮੈਂ ਇੰਡੀਆ ਗਈ ਹੋਈ ਸਾਂ। ਇੱਕ ਦਿਨ ਸਾਡੀ ਕੰਮ ਵਾਲੀ ਨੇ ਛੁੱਟੀ ਕਰ ਲਈ। ਸ਼ਾਇਦ ਉਹ ਅਚਾਨਕ ਬੀਮਾਰ ਹੋ ਗਈ ਸੀ। ਉਹ ਪੰਜ ਕੋਠੀਆਂ ਵਿੱਚ ਕੰਮ ਕਰਦੀ ਸੀ- ਬਰਤਨ ਸਫਾਈ ਦਾ। ਮੈਂ ਅੱਧਾ ਕੁ ਘੰਟਾ ਉਸ ਦੀ ਉਡੀਕ ਕੀਤੀ ਤੇ ਫਿਰ ਹੌਲੀ ਹੌਲੀ ਆਪਣਾ ਸਾਰਾ ਕੰਮ ਆਪ ਹੀ ਕਰ ਲਿਆ। ਕੁੱਝ ਦੇਰ ਬਾਅਦ, ਇੱਕ ਗੁਆਂਢਣ ਉਸ ਬਾਰੇ ਪੁੱਛਣ ਆ ਗਈ। ਫਿਰ ਦੂਸਰੇ ਘਰ ਵਾਲੀ …ਤੇ ਇਸੇ ਤਰ੍ਹਾਂ ਸਭ ਨੇ, ਸਾਰਾ ਦਿਨ ਕਈ ਘਰਾਂ ਵਿੱਚ ਉਸ ਨੂੰ ਲੱਭਣ ਲਈ ਚੱਕਰ ਲਾਏ। ਨਾਲ ਹੀ ਉਸ ਤੇ ਖਫ਼ਾ ਵੀ ਹੋਈਆਂ। ਸ਼ਾਮ ਨੂੰ ਪਾਰਕ ਵਿੱਚ ਮਿਲੀਆਂ ਤਾਂ ਫਿਰ ਓਹੀ ਰੋਣੇ ਰੋਣ ਲੱਗੀਆਂ- “ਲੈ ਅੱਜ ਸਾਰਾ ਕੰਮ ਪਿਆ, ਆਈ ਨਹੀਂ..ਕੀ ਕਰੀਏ ਇਹਨਾਂ ਲੋਕਾਂ ਦਾ..ਬਿਨਾ ਦੱਸੇ ਛੁੱਟੀ ਕਰ ਲੈਂਦੀਆਂ ਨੇ..।”
“ਤੁਸੀਂ ਜਿੰਨਾ ਸਮਾਂ ਉਸ ਨੂੰ ਲੱਭਣ ਅਤੇ ਖਫਾ ਹੋਣ ਤੇ ਬਰਬਾਦ ਕੀਤਾ, ਉਸ ਤੋਂ ਘੱਟ ਸਮੇਂ ਵਿੱਚ ਤਾਂ ਤੁਸੀਂ ਆਪਣਾ ਕੰਮ ਆਪ ਕਰ ਸਕਦੇ ਸੀ” ਮੈਂ ਸਲਾਹ ਦਿੱਤੀ।
“ਲੈ ਜੇ ਆਪ ਤੋਂ ਹੁੰਦਾ ਹੋਵੇ ਤਾਂ ਇਹਨਾਂ ਲੋਕਾਂ ਦੀਆਂ ਮਿੰਨਤਾਂ ਕਿਉਂ ਕਰੀਏ?” ਇੱਕ ਜਣੀ ਕਹਿਣ ਲੱਗੀ, ਜਿਸ ਦੀ ਹਾਮੀ ਦੂਜੀ ਨੇ ਵੀ ਭਰ ਦਿੱਤੀ।
ਖੈਰ ਇਸਦਾ ਮਤਲਬ ਸਾਫ ਹੈ ਕਿ- ਅਸੀਂ ਲੋਕਾਂ ਨੇ ਕਿਰਤ ਦਾ ਪੱਲਾ ਛੱਡ ਕੇ, ਆਪਣੇ ਸਰੀਰ ਨੂੰ ਇੰਨਾ ਨਕਾਰਾ ਕਰ ਲਿਆ ਹੈ ਕਿ- ਲੋੜ ਪੈਣ ਤੇ ਵੀ ਇਹ ਕੰਮ ਨਹੀਂ ਕਰ ਸਕਦਾ। ਜਿਸ ਦਾ ਫਲਸਰੂਪ ਮੋਟਾਪੇ ਵੱਧ ਗਏ ਹਨ। ਤੇ ਇਸ ਮੋਟਾਪੇ ਨੇ ਕਈ ਬੀਮਾਰੀਆਂ ਜਿਵੇਂ ਬੀ. ਪੀ., ਹਰਟ ਪ੍ਰੌਬਲਮ, ਜੋੜਾਂ ਦੀਆਂ ਦਰਦਾਂ ਆਦਿ ਨੂੰ ਜਨਮ ਦੇ ਦਿੱਤਾ ਹੈ। ਡਾਕਟਰਾਂ ਦੇ ਘਰ ਭਰਦੇ ਹਾਂ, ਤੇ ਡਾਕਟਰੀ ਸਲਾਹ ਨਾਲ ਮੋਟਾਪਾ ਘਟਾਉਣ ਲਈ, ਕਦੇ ਜਿੰਮ ਜੁਆਇੰਨ ਕਰਦੇ ਹਾਂ ਤੇ ਕਦੇ ਕੋਈ ਹੋਰ ਕਸਰਤ ਵੱਲ ਭੱਜਦੇ ਹਾਂ। ਮੂੰਹ ਦਾ ਸੁਆਦ ਘਟਾ ਨਹੀਂ ਸਕਦੇ..ਫਾਸਟ ਫੂਡ ਖਾਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ..ਘਰ ਦਾ ਕੰਮ ਕਰਨ ਲਈ ਨੌਕਰ ਚਾਕਰ..। ਸੋ ਸਾਡੇ ਜੋੜ ਤਾਂ ਜਾਮ ਹੋਣੇ ਹੀ ਹੋਏ! ਇਹਨਾਂ ਕਿਰਤੀ ਲੋਕਾਂ ਦੇ ਸਰੀਰਾਂ ਵੱਲ ਕਦੇ ਝਾਤ ਮਾਰੋ ਤਾਂ ਪਤਾ ਲਗਦਾ ਹੈ ਕਿੰਨੀ ਫੁਰਤੀ ਨਾਲ ਇਹ ਲੋਕ ਸਾਰਾ ਦਿਨ ਕੰਮ ਕਰਦੇ ਹਨ। ਜਿਸ ਕੋਲ ਚੰਗੀ ਸਿਹਤ ਹੈ- ਉਹ ਹੀ ਅਸਲ ਅਮੀਰ ਹੈ।
ਇੱਥੇ ਕੈਨੇਡਾ ਵਿੱਚ ਆ ਕੇ ਇਸ ਗੱਲ ਦੀ ਤਸੱਲੀ ਹੋਈ, ਕਿ ਸਾਡੇ ਲੋਕ ਮੁੜ ਤੋਂ ਕਿਰਤ ਕਰਨੀ ਸਿੱਖ ਗਏ ਹਨ। ਇੱਧਰ ਸਭ ਲੋਕ- ਆਪਣੇ ਘਰਾਂ ਦੇ ਸਾਰੇ ਕੰਮ ਆਪ ਕਰਦੇ ਹਨ। ਬਾਹਰ ਵੀ ਕੋਈ ਕੰਮ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਕਿਸੇ ਨੂੰ। ਆਪਣੀਆਂ ਭੈਣਾਂ ਵੀ ਇਹ ਦੱਸ ਕੇ ਫਖ਼ਰ ਮਹਿਸੂਸ ਕਰਦੀਆਂ ਹਨ ਕਿ ਉਹ ਕੰਮ ਕਰ ਰਹੀਆਂ ਹਨ। ਭਾਵੇਂ ਉਹ ਕੰਮ ਕਿਸੇ ਦਫ਼ਤਰ ਜਾਂ ਬੈਂਕ ਵਿੱਚ ਕਲੀਨ ਅੱਪ ਦਾ , ਜਾਂ ਕਿਸੇ ਫਾਰਮ ਵਿੱਚ ਕੰਮ ਕਰਨ ਦਾ ਹੋਵੇ, ਜਾਂ ਕਿਸੇ ਦੀ ਉਸ ਦੇ ਘਰ ਜਾ ਕੇ ਘਰ ਦੇ ਕੰਮ ਵਿੱਚ ਹੈਲਪ ਦਾ, ਜਾਂ ਕਿਸੇ ਬੱਚੇ ਦੀ ਬੇਬੀ ਸਿਟਿੰਗ ਦਾ ਹੋਵੇ..। ਗੱਲ ਕੀ ਕਿਸੇ ਕੰਮ ਨੂੰ ਵੀ ਛੋਟਾ ਜਾਂ ਘਟੀਆ ਨਹੀਂ ਸਮਝਿਆ ਜਾਂਦਾ ਇਸ ਮੁਲਕ ਵਿੱਚ। ਆਪਣੇ ਡਾਕਟਰ, ਇੰਜਨੀਅਰ ਬੱਚੇ ਟੈਕਸੀ, ਟਰੱਕ, ਵੀ ਚਲਾਉਂਦੇ ਹਨ। ਢਾਬੇ, ਦੁਕਾਨਾਂ ਵੀ ਚਲਾਉਂਦੇ ਹਨ। ਪੜ੍ਹੀਆਂ ਲਿਖੀਆਂ ਕੁੜੀਆਂ ਬੱਸਾਂ, ਸਕੂਲ ਬੱਸਾਂ ਆਮ ਚਲਾਉਂਦੀਆਂ ਹਨ। ਰੈਸਟੋਰੈਂਟਾਂ, ਗਰੌਸਰੀ ਸਟੋਰਾਂ.. ਤੇ ਕੰਮ ਵੀ ਕਰਦੀਆਂ ਹਨ। ਗੱਲ ਕੀ ਕਿਰਤ ਦੀ ਕਦਰ ਹੈ ਇਹਨਾਂ ਮੁਲਕਾਂ ਵਿੱਚ।
ਵਿਦੇਸ਼ਾਂ ਵਿੱਚ ਲੇਬਰ ਸਭ ਤੋਂ ਮਹਿੰਗੀ ਹੈ। ਦਫਤਰਾਂ ਵਿੱਚ ਕੰਮ ਕਰਨ ਵਾਲਿਆਂ ਨਾਲੋਂ, ਹੱਥੀਂ ਕੰਮ ਕਰਨ ਵਾਲੇ ਵੱਧ ਕਮਾ ਸਕਦੇ ਹਨ। ਚਾਹੇ ਉਹ ਕੰਮ ਮਕੈਨਿਕ ਦਾ ਹੋਵੇ, ਕੋਈ ਘਰ ਬਨਾਉਣ ਦਾ ਹੋਵੇ ਜਾਂ ਰੈਨੋਵੇਸ਼ਨ ਦਾ ਹੋਵੇ। ਇਸੇ ਕਰਕੇ ਸਾਡੇ ਲੋਕਾਂ ਨੇ ਇਹ ਕੰਮ ਆਪ ਹੀ ਸਿੱਖ ਲਏ ਹਨ। ਆਪਣੇ ਸਾਰੇ ਕੰਮ ਜਿਵੇਂ- ਫਰਸ਼ਾਂ ਬਦਲਣੀਆਂ, ਘਰ ਪੇਂਟ ਕਰਨਾ, ਕੋਈ ਦਰਵਾਜ਼ਾ ਖਿੜਕੀ ਬਦਲਣਾ…ਆਦਿ ਸਭ ਆਪ ਕਰ ਲੈਂਦੇ ਹਨ। ਚੰਗੀ ਗੱਲ ਹੈ ਹਰ ਕੰਮ ਲਈ ਮਿਸਤਰੀ ਤਾਂ ਨਹੀਂ ਲੱਭਣਾ ਪੈਂਦਾ। ਇੰਡੀਆ ਵਿੱਚ ਤਾਂ ਕੋਈ ਟੂਟੀ ਬਦਲਣੀ ਹੁੰਦੀ ਜਾਂ ਲਾਈਟ ਦਾ ਸਵਿੱਚ ਬਦਲਣਾ ਹੁੰਦਾ ਤਾਂ, ਮਕੈਨਿਕ ਨੂੰ ਭਾਲਣਾ ਪੈਂਦਾ ਹੈ।
ਇੱਕ ਵਾਰੀ ਇੱਧਰ ਕਿਤੇ ਜਾਣ ਲਈ ਮੈਂਨੂੰ ‘ਕੈਬ’ ਲੈਣੀ ਪਈ। ਉਸ ਦਾ ਡਰਾਈਵਰ ਬੜਾ ਹੀ ਪਿਆਰਾ ਜਿਹਾ ਜਵਾਨ ਪੰਜਾਬੀ ਲੜਕਾ ਸੀ। ਮੈਂ ਰਸਤੇ ਵਿੱਚ ਉਸ ਨਾਲ ਗੱਲਾਂ ਕਰਨ ਲੱਗ ਪਈ। ਪੁੱਛਣ ਤੇ ਪਤਾ ਲੱਗਾ ਕਿ ਉਸ ਨੇ ਇੰਡੀਆ ਤੋਂ ਬੀ. ਟੈੱਕ. ਤੇ ਐਮ. ਬੀ. ਏ. ਕੀਤੀ ਹੋਈ ਸੀ।
“ਬੇਟੇ ਤੁਹਾਨੂੰ ਆਪਣੇ ਫੀਲਡ ਵਿੱਚ ਕੋਈ ਕੰਮ ਨਹੀਂ ਮਿਲਿਆ?” ਮੈਂ ਹੈਰਾਨ ਹੋ ਕੇ ਪੁੱਛਿਆ।
“ਮੈਂ ਖੁਸ਼ ਹਾਂ, ਅੰਟੀ ਜੀ…ਸੁਹਣੀ ਕਮਾਈ ਹੋ ਜਾਂਦੀ ਹੈ…ਕੰਮ ਵੀ ਆਪਣਾ ਹੈ..ਲੇਅ ਔਫ ਦਾ ਵੀ ਡਰ ਨਹੀਂ..ਨਾਲੇ ਮੈਂਨੂੰ ਡਰਾਈਵਿੰਗ ਦਾ ਸ਼ੌਕ ਹੈ..” ਉਹ ਇੱਕੋ ਸਾਹੇ ਸਭ ਕੁੱਝ ਦੱਸ ਗਿਆ।
“ਜੇ ਇਹੀ ਲੜਕਾ ਕਿਤੇ ਇੰਡੀਆ ਵਿੱਚ ਟੈਕਸੀ ਚਲਾਉਣ ਲੱਗ ਜਾਂਦਾ ਤਾਂ ਅੱਵਲ ਤਾਂ ਇਸ ਦੇ ਘਰਦਿਆਂ ਨੇ ਹੀ ਨਹੀਂ ਸੀ ਮੰਨਣਾ, ਨਹੀਂ ਤਾਂ ਲੋਕਾਂ ਨੇ ਮਿਹਣੇ ਮਾਰ ਮਾਰ ਤੰਗ ਕਰ ਦੇਣਾ ਸੀ” ਮੈਂ ਮਨ ਵਿੱਚ ਸੋਚ ਰਹੀ ਸਾਂ।
ਉਥੇ ਤਾਂ ਜੇ ਕੋਈ ਆਪਣੇ ਕਿਚਨ ਗਾਰਡਨ ਦੀ ਗੋਡੀ ਵੀ ਕਰੇ ਤਾਂ ਦੇਖਣ ਵਾਲੇ ਕਹਿਣਗੇ- “ਕੀ ਗੱਲ ਮਾਲੀ ਨਹੀਂ ਲਾਇਆ? ਆਪੇ ਹੀ ਲੱਗੇ ਹੋਏ ਹੋ?”
ਇਹਨਾਂ ਗੱਲਾਂ ਕਾਰਨ ਹੀ ਤਾਂ ਸਾਡਾ ਮੁਲਕ ਤਰੱਕੀ ਨਹੀਂ ਕਰ ਰਿਹਾ!
ਮੁੱਕਦੀ ਗੱਲ ਤਾਂ ਇਹ ਹੈ- ਕਿ ਸਰੀਰਕ ਮੁਸ਼ੱਕਤ ਕਰਨ ਨਾਲ ਸਰੀਰ ਦੀ ਕਸਰਤ ਵੀ ਹੁੰਦੀ ਹੈ ਅਤੇ ਇਸ ਨਾਲ ਕਮਾਏ ਹੋਏ ਧਨ ਨਾਲ ਜ਼ਿੰਦਗੀ ਵਿੱਚ ਸਬਰ ਸੰਤੋਖ ਹੁੰਦਾ ਹੈ। ਫਜੂਲ ਖਰਚੀ ਦੀ ਆਦਤ ਤੋਂ ਖਹਿੜਾ ਛੁੱਟ ਜਾਂਦਾ ਹੈ। ਸੇਹਤ ਵੀ ਠੀਕ ਰਹਿੰਦੀ ਹੈ। ਇੱਕ ਅਜ਼ਮਾਈ ਹੋਈ ਹੋਰ ਸਚਾਈ ਇਹ ਵੀ ਹੈ ਕਿ- ਦਸਾਂ ਨਹੁੰਆਂ ਨਾਲ ਕੀਤੀ ਕਮਾਈ ਨਾਲ ਪਾਲੇ ਹੋਏ ਬੱਚੇ, ਕਦੇ ਗਲਤ ਰਸਤੇ ਤੇ ਨਹੀਂ ਪੈਂਦੇ। ਗਲਤ ਤਰੀਕਿਆਂ ਨਾਲ ਕਮਾਇਆ ਧਨ ਸੁੱਖ ਘੱਟ ਤੇ ਦੁੱਖ ਵੱਧ ਦਿੰਦਾ ਹੈ। ਇਸ ਤਰ੍ਹਾਂ ਦੀ ਕਮਾਈ ਰਾਤਾਂ ਦੀ ਨੀਂਦ ਹਰਾਮ ਕਰਦੀ ਹੈ।
ਸੋ ਗੁਰਬਾਣੀ ਦੀ ਤੁਕ- “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥” ਤੇ ਅਮਲ ਕਰਦੇ ਹੋਏ, ਅੱਜ ਲੇਬਰ ਡੇ ਤੇ ਇਹ ਪ੍ਰਣ ਕਰੀਏ ਕਿ- ਆਪਾਂ ਦੇਸ਼ ਵਿਦੇਸ਼ ਕਿਤੇ ਵੀ ਹੋਈਏ, ਕਿਰਤ ਦਾ ਲੜ ਨਹੀਂ ਛੱਡਣਾ- ਕਿਉਂਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>