ਰਾਵਣ ਅਜੇ ਜ਼ਿੰਦਾ ਹੈ

ਸੀਮਾ ਦੇ ਵਿਆਹ ਹੋਏ ਨੂੰ ਤਕਰੀਬਨ ਸੱਤ ਸਾਲ ਹੋ ਗਏ ਸਨ। ਉਸ ਦੇ ਪਤੀ, ਦਿੱਲੀ ਸ਼ਹਿਰ ਦੀ ਇੱਕ ਪ੍ਰਾਈਵੇਟ ਫਰਮ ਵਿੱਚ, ਮੈਨੇਜਰ ਦੀ ਜੌਬ ਕਰਦੇ ਸਨ। ਉਹਨਾਂ ਦੇ ਦੋ ਪਿਆਰੇ ਪਿਆਰੇ ਬੱਚੇ ਸਨ। ਬੇਟੀ ਕੁਸਮ ਪੰਜ ਕੁ ਸਾਲ ਦੀ ਅਤੇ ਬੇਟਾ ਮੋਹਿਤ ਦੋ ਕੁ ਸਾਲ ਦਾ। ਉਹ ਇੱਕ ਛੋਟੇ ਕਸਬੇ ਵਿੱਚ ਜੰਮੀ ਪਲੀ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ਦਾ, ਇਸ ਵੱਡੇ ਸ਼ਹਿਰ ਦੇ ਭੀੜ ਭੜੱਕੇ ਵਿੱਚ, ਕਈ ਵਾਰੀ ਦਮ ਘੁੱਟਣ ਲਗਦਾ। ਭਾਵੇਂ ਉਹ ਵੀ ਐਮ. ਏ., ਬੀ. ਐੱਡ. ਸੀ ਤੇ ਪੰਜਾਬ ਵਿੱਚ ਟੀਚਿੰਗ ਦੀ ਜੌਬ ਕਰਦੀ ਸੀ। ਪਰ ਬੱਚੇ ਛੋਟੇ ਹੋਣ ਕਾਰਨ ਇੱਥੇ ਅਜੇ ਉਸ ਨੇ ਨੌਕਰੀ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ।

ਇਸ ਸ਼ਹਿਰ ਵਿੱਚ ਆਂਢ ਗੁਆਂਢ ਵਿੱਚ ਰਹਿੰਦੇ ਲੋਕ ਵੀ ਅਜਨਬੀ ਸਨ। ਸੀਮਾ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ। ਜਿੱਥੇ ਉਸ ਦਾ ਬੱਚਪਨ ਬੀਤਿਆ ਸੀ, ਉਥੇ ਤਾਂ ਉਹ ਪੂਰੀ ਗਲੀ ਦੇ ਬੱਚਿਆਂ ਨਾਲ ਖੇਡ ਆਉਂਦੀ ਸੀ- ਪਰ ਇੱਥੇ ਤਾਂ ਨਾਲ ਦਾ ਗੁਆਂਢੀ ਹੀ, ਉਸ ਦੇ ਬੱਚਿਆਂ ਨੂੰ ਘੂਰ ਘੂਰ ਵੇਖਦਾ ਸੀ। ਉਸ ਦੇ ਪਤੀ ਨਿਖਿਲ ਨੇ ਕਿਹਾ ਕਿ ਬੱਚਿਆਂ ਨੂੰ ਬਾਹਰ ਨਾ ਖੇਡਣ ਦਿਆ ਕਰ- ਖਾਸ ਕਰ ਕੁਸਮ ਨੂੰ, ਕਿਉਂਕਿ ਇਹ ਦਿੱਲੀ ਹੈ। ਉਸ ਦੀ ਬੇਟੀ ਕੁਸਮ ਹੁਣ ਸਕੂਲ ਜਾਣ ਲੱਗ ਪਈ ਸੀ। ਤਿੱਖੇ ਨੈਣ ਨਕਸ਼, ਗੋਰਾ ਨਿਸ਼ੋਹ ਰੰਗ ਤੇ ਲਾਲ ਗੱਲ੍ਹਾਂ ਵਾਲੀ ਕੁਸਮ ਨੂੰ, ਸਕੂਲ ਡਰੈਸ ਵਾਹਵਾ ਫਬਦੀ ਸੀ। ਸੀਮਾ ਉਸ ਨੂੰ ਤਿਆਰ ਕਰ, ਕਈ ਕਈ ਵਾਰ ਮੱਥਾ ਚੁੰਮਦੀ।

ਦਿੱਲੀ ਸ਼ਹਿਰ ਵਿੱਚ ਥਾਂ ਥਾਂ ਰਾਮ ਲੀਲ੍ਹਾ ਹੋ ਰਹੀ ਸੀ- ਕਿਉਂਕਿ ਕੁੱਝ ਹੀ ਦਿਨਾਂ ਬਾਅਦ ਦੁਸਹਿਰਾ ਸੀ। ਅੱਜ ਕੁਸਮ ਸਕੂਲੋਂ ਆਉਂਦੇ ਸਾਰ ਹੀ ਮੰਮੀ ਨੂੰ ਕਹਿਣ ਲੱਗੀ-

“ਮੰਮੀ ਮੈਂ ਵੀ ਰਾਮਲੀਲ੍ਹਾ ਦੇਖਣ ਜਾਣਾ”

“ਬੇਟੇ- ਉਥੇ ਬੜੀ ਭੀੜ ਹੁੰਦੀ ਹੈ- ਮੈਂ ਘਰ ਹੀ ਤੈਂਨੂੰ ਰਾਮਾਇਣ ਦੀ ਸਾਰੀ ਕਹਾਣੀ ਸੁਣਾ ਦਿਆਂਗੀ” ਸੀਮਾ ਉਸ ਨੂੰ ਸਮਝਾਉਣ ਲੱਗੀ।

“ਮੰਮੀ… ਮੇਰੀ ਕਲਾਸ ਦੇ ਸਾਰੇ ਬੱਚੇ ਰੋਜ਼ ਆਪਣੇ ਮੰਮੀ ਡੈਡੀ ਨਾਲ ਦੇਖਣ ਜਾਂਦੇ ਆ- ਤੇ ਫਿਰ ਆ ਕੇ ਗੱਲਾਂ ਸੁਣਾਉਂਦੇ ਆ..ਮੇਰਾ ਵੀ ਜੀਅ ਕਰਦਾ ਜਾਣ ਨੂੰ..” ਉਸ ਪਿਆਰ ਨਾਲ ਮੰਮੀ ਦੇ ਗਲ਼ ਬਾਹਵਾਂ ਪਾ ਲਈਆਂ।

“ਅੱਛਾ…ਤੇਰੇ ਡੈਡੀ ਆ ਜਾਣ..ਫੇਰ ਦੇਖਦੇ ਆਂ..” ਉਹ ਆਪਣੀ ਬੱਚੀ ਦੀ ਫਰਮਾਇਸ਼ ਨਾ ਟਾਲ ਸਕੀ।

ਜਦ ਉਸ ਨੇ ਸ਼ਾਮ ਨੂੰ ਅਖਿਲ ਨੂੰ ਕੁਸਮ ਦੀ ਫਰਮਾਇਸ਼ ਦੱਸੀ ਤਾਂ ਉਹ ਖੁਸ਼ ਹੋ ਕੇ ਕਹਿਣ ਲੱਗਾ-

“ਮੈਂ ਤਾਂ ਕਈ ਦਿਨਾਂ ਦਾ ਕਹਿੰਦਾ ਸੀ ਕਿ ਬੱਚਿਆਂ ਨੂੰ ਮੇਲਾ ਦਿਖਾਣ ਚੱਲੀਏ, ਪਰ ਤੂੰ ਹੀ ਪਤਾ ਨਹੀਂ ਕਿਉਂ ਬਾਹਰ ਨਿਕਲਣ ਤੋਂ ਘਬਰਾਉਂਦੀ ਰਹਿੰਦੀ ਏਂ” ਕਹਿ ਉਸ ਸਹਿਮਤੀ ਦੇ ਦਿੱਤੀ।

ਉਹ ਸਾਰੇ ਤਿਆਰ ਹੋ ਕੇ ਰਾਮਲੀਲ੍ਹਾ ਗਰਾਊਂਡ ਵਿੱਚ ਪਹੁੰਚ ਗਏ। ਸਟੇਜ ਤੇ ਰਾਮਲੀਲ੍ਹਾ ਦਿਖਾਈ ਜਾ ਰਹੀ ਸੀ ਤੇ ਪੰਡਾਲ ਵਿੱਚ ਦਰਸ਼ਕਾਂ ਦੀ ਅਥਾਹ ਭੀੜ। ਸੀਮਾ ਨੇ ਮੋਹਿਤ ਨੂੰ ਗੋਦੀ ਚੁੱਕਿਆ ਹੋਇਆ ਤੇ ਕੁਸਮ ਨੇ ਪਿਓ ਦੀ ਉਂਗਲ ਫੜੀ ਹੋਈ। ਉਸ ਨੂੰ ਵਿਸ਼ੇਸ਼ ਹਿਦਾਇਤ ਕੀਤੀ ਗਈ ਸੀ ਕਿ ਡੈਡੀ ਦੀ ਉਂਗਲ ਘੁੱਟ ਕੇ ਫੜ ਛੱਡੀਂ। ਪਰ ਜਿਉਂ ਹੀ ਕੁਸਮ ਦਾ ਧਿਆਨ ਇੱਕ ਪਾਸੇ ਚੱਲ ਰਹੇ ਝੂਲਿਆਂ ਤੇ ਬੈਠੀ ਆਪਣੀ ਇੱਕ ਸਹੇਲੀ ਵੱਲ ਗਿਆ ਤਾਂ ਉਸ ਤੋਂ ਉਂਗਲ ਛੁੱਟ ਗਈ। ਪਿੱਛੋਂ ਭੀੜ ਦਾ ਅਜਿਹਾ ਧੱਕਾ ਵੱਜਾ ਕਿ ਉਸ ਦੇ ਮੰਮੀ ਡੈਡੀ ਪਤਾ ਨਹੀਂ ਕਿੱਥੇ ਗੁਆਚ ਗਏ। ਉਹ ਰੋਣ ਲੱਗ ਪਈ।

ਉੱਧਰ ਸੀਮਾ ਤੇ ਨਿਖਿਲ ਵੀ ਉਸ ਨੂੰ ਭੀੜ ਵਿੱਚ ਲੱਭਦੇ ਲੱਭਦੇ ਪਾਗਲ ਹੋ ਗਏ। ਅਖੀਰ ਥੱਕ ਹਾਰ ਕੇ ਥਾਣੇ ਰਿਪੋਰਟ ਲਿਖਵਾ, ਘਰ ਆ ਗਏ, ਤੇ ਲੱਗੇ ਕਿਸਮਤ ਨੂੰ ਕੋਸਣ। ਸੀਮਾ ਦਾ ਬੁਰਾ ਹਾਲ ਸੀ- ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਿ- ਉਸ ਨੇ ਕੁਸਮ ਦੀ ਫਰਮਾਇਸ਼ ਕਿਉਂ ਮੰਨ ਲਈ? ਦੋ ਦਿਨ ਬਾਅਦ ਇੱਕ ਰਾਤ, ਕੁਸਮ ਦੀ ਲਾਸ਼ ਪੁਲਿਸ ਨੂੰ ਕਿਸੇ ਸੜਕ ਦੇ ਕਿਨਾਰੇ ਪਈ ਮਿਲੀ, ਜਿਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ। ਪੋਸਟ ਮਾਰਟਮ ਤੋਂ ਬਾਅਦ ਅੱਜ, ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ, ਕਿਸੇ ਨੇ ਉਸ ਦਾ ਸਰੀਰਕ ਸੋਸ਼ਣ ਕਰਕੇ ਹੱਤਿਆ ਕਰ ਦਿੱਤੀ ਸੀ।
ਅੱਜ ਦੁਸਹਿਰੇ ਵਾਲੇ ਦਿਨ ਉਸ ਦਾ ਸਸਕਾਰ ਸੀ। ਹੁਣ ਤੱਕ ਸੀਮਾ ਦੇ ਹੰਝੂ ਸੁੱਕ ਗਏ ਸਨ। ਉਹ ਪਾਗਲਾਂ ਵਾਂਗ, ਇੱਕੋ ਗੱਲ ਬਾਰ ਬਾਰ ਦੁਹਰਾ ਰਹੀ ਸੀ ਕਿ- “ਕਾਗਜ਼ ਦੇ ਰਾਵਣ ਸਾੜਨ ਵਾਲਿਓ..ਜੇ ਹਿੰਮਤ ਹੈ ਤਾਂ ਇਸ ਜ਼ਿੰਦਾ ਰਾਵਣ ਨੂੰ ਅੱਗ ਲਾਓ..ਪਤਾ ਨਹੀਂ ਇਹ ਕਿੰਨੀਆਂ ਸੀਤਾ ਸਵਿੱਤਰੀਆਂ ਦੇ ਸਤ ਭੰਗ ਕਰੇਗਾ…ਲੋਕੋ ਫੜ ਲਓ ਏਸ ਨੂੰ..ਔਹ ਦੇਖੋ ਭੱਜਾ ਜਾਂਦਾ…ਔਹ ਦੇਖੋ…” ਕਹਿੰਦਿਆਂ ਕਹਿੰਦਿਆਂ ਉਹ ਬੇਹੋਸ਼ ਹੋ ਗਈ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>