ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ

ਕੋਈ ਸਮਾਂ ਸੀ- ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ, ਉਹਨਾਂ ਨਾਲ ਘਰ ਭਰਿਆ-ਭਰਿਆ ਲਗਦਾ। ਵਿਹੜੇ ਜਾਂ ਡਿਉੜੀ ਵਿਚ ਬਜ਼ੁਰਗ ਨੇ ਮੰਜੇ ਤੇ ਬੈਠਾ ਹੋਣਾ, ਹਰ ਕਿਸੇ ਆਉਣ ਜਾਣ ਵਾਲੇ ਨੇ-ਉਹਨਾਂ ਨੂੰ ਬੁਲਾ ਕੇ, ਦੱਸ ਪੁੱਛ ਕੇ ਜਾਣਾ। ਬਜ਼ੁਰਗਾਂ ਦੇ ਹੁੰਦਿਆਂ, ਪੁੱਤਰ ਨਿਸ਼ਚਿੰਤ ਹੋ ਕੇ ਬਾਹਰ ਦੇ ਸਾਰੇ ਕੰਮ ਕਰਦਾ। ਉਸਨੂੰ ਘਰ ਦੀ ਕੋਈ ਚਿੰਤਾ ਨਾ ਹੁੰਦੀ, ਕਿਉਂਕਿ ਬਾਹਰੋਂ ਆਏ ਹਰ ਸ਼ਖਸ ਦੀ ਬਜ਼ੁਰਗ ਪਹਿਲਾਂ ਪੁੱਛ-ਪੜਤਾਲ ਕਰਦਾ ਤੇ ਫਿਰ ਅੱਗੇ ਜਾਣ ਦਿੰਦਾ। ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਵੀ ਕਿਹਾ ਜਾਂਦਾ, ਕਿਉਂਕਿ ਉਹਨਾਂ ਦੇ ਬੈਠਿਆਂ ਕਦੇ ਜਿੰਦਰੇ ਦੀ ਲੋੜ ਹੀ ਨਹੀ ਸੀ ਪੈਂਦੀ। ਬਹੁਤੇ ਕੰਮਾਂ ਵਿੱਚ ਬਜ਼ੁਰਗਾਂ ਦੀ ਸਲਾਹ ਜਰੂਰ ਪੁੱਛੀ ਜਾਂਦੀ, ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦੇ ਤਜਰਬੇ ਦਾ ਅਨਮੋਲ ਖਜ਼ਾਨਾ ਹੁੰਦਾ ਸੀ। ਬਜ਼ੁਰਗ ਆਪਣੇ ਪੋਤੇ- ਪੋਤੀਆਂ ਨਾਲ ਖੁਸ਼ ਰਹਿੰਦੇ ਅਤੇ ਪਰਿਵਾਰ ਦੇ ਬਾਕੀ ਮੈਂਬਰ  ਬੱਚਿਆਂ ਦੀ ਸੁਰੱਖਿਆ ਤੋਂ ਬੇ-ਫਿਕਰੇ ਹੋ ਕੇ ਕਮਾਈਆਂ ਕਰਦੇ।

ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਅੱਜ ਕੋਈ ਵਿਰਲਾ ਟਾਵਾਂ ਹੀ ਘਰ ਹੋਏਗਾ ਜਿਸ ਵਿਚ ਕੋਈ ਬਜ਼ੁਰਗ ਦਿਖਾਈ ਦਿੰਦਾ ਹੋਵੇ। ਅੱਜ ਘਰਾਂ ਦੇ ਵਿਹੜੇ ਬਜ਼ੁਰਗਾਂ ਬਿਨਾਂ ਸੁੰਨੇ ਜਾਪਦੇ ਹਨ। ਬਹੁਤੇ ਪਰਿਵਾਰ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀ ਰੱਖਦੇ। ਜੋ ਮਜਬੂਰੀ ਵੱਸ ਰੱਖਦੇ ਵੀ ਹਨ, ਉਹ ਬਣਦਾ ਸਤਿਕਾਰ ਨਹੀ ਦਿੰਦੇ। ਜਿਹਨਾਂ ਘਰਾਂ ਵਿਚ ਸਚਮੁੱਚ ਬਜ਼ੁਰਗਾਂ ਦਾ ਆਦਰ ਹੁੰਦਾ ਹੈ, ਉਹ ਘਰ ਸਵਰਗ ਹਨ। ਪਰ ਅਜੇਹੇ ਪਰਿਵਾਰਾਂ ਦੀ ਗਿਣਤੀ ਤਾਂ ਆਟੇ ਵਿਚ ਲੂਣ ਦੇ ਬਰਾਬਰ ਹੀ ਰਹਿ ਗਈ ਹੈ। ਅੱਜਕਲ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ, ਮਾਇਆ ਦੀ ਅੰਨ੍ਹੀ ਦੌੜ ਨੇ ਇਨਸਾਨ ਲਈ ਰਿਸ਼ਤਿਆਂ ਦੀ ਕੋਈ ਅਹਿਮੀਅਤ ਹੀ ਨਹੀ ਛੱਡੀ। ਖੂੁਨ ਦੇ ਰਿਸ਼ਤੇ ਹੁਣ ਸਫੈਦ ਹੋ ਗਏ ਹਨ, ਹਰ ਰਿਸ਼ਤਾ ਹੁਣ ਮਤਲਬ ਦਾ ਰਹਿ ਗਿਆ ਹੈ, ਚਾਹੇ ਉਹ ਸਕੇ ਮਾਂ- ਪਿਉ ਦਾ ਹੀ ਕਿਉਂ ਨਾ ਹੋਵੇ। ਜਿਹਨਾਂ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਕੇ, ਆਪਣੀਆਂ ਖੁਸ਼ੀਆਂ ਦਾਅ ਤੇ ਲਾ ਕੇ, ਆਪਣੇ ਪੁੱਤਰਾਂ ਨੂੰ ਬੜੇ ਚਾਵਾਂ ਨਾਲ ਪਾਲਿਆ-ਪੋਸਿਆ, ਪੜ੍ਹਾਇਆ-ਲਿਖਾਇਆ, ਵਿਆਹਿਆ ਅਤੇ ਆਪਣੇ ਪੈਰਾਂ ਤੇ ਖੜ੍ਹਨ ਜੋਗੇ ਕੀਤਾ ਹੁੰਦਾ ਹੈ, ਉਹੀ ਪੁੱਤਰ ਬੁੱਢੇ ਮਾਂ- ਪਿਉ ਨੂੰ ਵਾਧੂ ਜਿਹਾ ਬੋਝ ਸਮਝਣ ਲੱਗ ਜਾਂਦੇ ਹਨ। ਉਹ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਕੁੱਝ ਹੀ ਸਾਲਾਂ ਬਾਅਦ, ਉਹਨਾਂ ਨੂੰ ਵੀ ਇਹਨਾਂ ਹੀ ਹਾਲਾਤਾਂ ਵਿਚੋਂ ਗੁਜ਼ਰਨਾ ਪਏਗਾ, ਕਿਉਂਕਿ ਇਨਸਾਨ ਜੋ ਬੀਜਦਾ ਹੈ ਉਹੀ ਵੱਢਦਾ ਹੈ।

ਜਿਹਨਾਂ ਮਾਪਿਆਂ ਨੇ ਆਪਣੇ ਚਾਰ- ਚਾਰ ਬੱਚਿਆਂ ਦੀ ਦੇਖਭਾਲ ਬਹੁਤ ਘੱਟ ਕਮਾਈ ਨਾਲ, ਸਬਰ- ਸੰਤੋਖ ਅਤੇ ਸੰਜਮ ਦਾ ਜੀਵਨ ਬਤੀਤ ਕਰਕੇ, ਇਕੱਲੇ ਹੀ ਬੜੇ ਸੁਚੱਜੇ ਢੰਗ ਨਾਲ ਕੀਤੀ ਹੁੰਦੀ ਹੈ- ਉਹਨਾਂ ਦੇ ਬਜ਼ੁਰਗ ਹੋਣ ਤੇ, ਸਾਰੇ ਬੱਚੇ ਰਲ ਕੇ ਵੀ ਉਹਨਾਂ ਦੀ ਦੇਖ ਭਾਲ ਨਹੀਂ ਕਰ ਸਕਦੇ, ਜੋ ਬੜੀ ਹੈਰਾਨੀ ਦੀ ਗੱਲ ਹੈ। ਉਹਨਾਂ ਵਿਚਾਰਿਆਂ ਦਾ ਦੁੱਖ ਸੁਨਣ ਜੋਗੀਆਂ, ਕੇਵਲ ਧੀਆਂ ਹੀ ਰਹਿ ਜਾਂਦੀਆਂ ਹਨ। ਪਰ ਉਹ ਵੀ ਆਪਣੇ ਸਹੁਰਿਆਂ ਦੀਆਂ ਮਜਬੂਰੀਆਂ ਕਾਰਨ ਆਪਣੇ ਕੋਲ ਰੱਖ ਕੇ ਸੇਵਾ ਕਰਨ ਤੋਂ ਅਸਮਰੱਥ ਹੁੰਦੀਆਂ ਹਨ।

ਜਿਸ ਘਰ ਨੂੰ ਮਾਪਿਆਂ ਨੇ ਬੜੀਆਂ ਰੀਝਾਂ ਨਾਲ ਤੀਲਾ-ਤੀਲਾ ਜੋੜ ਕੇ ਬਣਾਇਆ ਹੁੰਦਾ ਹੈ, ਉਸ ਘਰ ਵਿੱਚ ਉਹਨਾਂ ਦੀ ਥਾਂ ਇਕ ਨੁੱਕਰੇ ਰਹਿ ਜਾਂਦੀ ਹੈ, ਕਿਉਂਕਿ ਅਜਕੱਲ ਹਰੇਕ ਬੱਚੇ ਨੂੰ ਵੱਖਰੇ ਬੈੱਡ ਰੂਮ ਚਾਹੀਦੇ ਹਨ। ਕਈ ਘਰਾਂ ਵਿੱਚ ਤਾਂ ਬਜ਼ੁਰਗ ਦਾ ਬੈੱਡ ਵਰਾਂਡੇ ਦੀ ਨੁੱਕਰੇ, ਕਿਸੇ ਸਟੋਰ, ਕਿਸੇ ਪੋਰਚ, ਗੈਰਜ ਜਾਂ ਬੇਸਮੈਂਟ ਵਿੱਚ ਹੀ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਰਿਵਾਰ ਵਾਲੇ ਹੁੰਦੇ ਹੋਏ ਵੀ ਉਹ ਇਕੱਲੇ ਕਰ ਦਿੱਤੇ ਜਾਂਦੇ ਹਨ ।

ਬਹੁਤੇ ਪਰਿਵਾਰਾਂ ਵਿੱਚ, ਘਰ ਦੀ ਨੂੰਹ ਆਉਂਦੇ ਸਾਰ ਹੀ ਘਰ ਦੀ ਮਾਲਕਣ ਬਣ ਬੈਠਦੀ ਹੈ ਅਤੇ ਸੱਸ-ਸਹੁਰੇ ਤੇ ਪਤੀ ਨੂੰ, ਉਸ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਦੀ ਹੈ। ਉਧਰ ਸੱਸ ਕੋਲੋਂ ਜਦੋਂ ਘਰ ਦੀ ਸਰਦਾਰੀ ਅਤੇ ਪੁੱਤਰ ਦਾ ਮੋਹ, ਦੋਵੇਂ ਖੁੱਸ ਜਾਂਦੇ ਹਨ, ਤਾਂ ਉਹ ਭੀ ਆਪਣੀ ਜਗ੍ਹਾ ਛਟਪਟਾਉਂਦੀ ਹੈ, ਜਿਸ ਵਿੱਚੋਂ ਨੂੰਹ ਸੱਸ ਦੇ ਕੁੜੱਤਣ ਭਰੇ ਰਿਸ਼ਤੇ ਜਨਮ ਲੈਂਦੇ ਹਨ। ਪੁੱਤਰ ਵੀ ਜਦੋਂ ਪਤਨੀ ਵੱਲ ਉਲਾਰ ਹੋ ਕੇ, ਮਾਪਿਆਂ ਨੂੰ ਬਣਦੀ ਜਗ੍ਹਾ ਨਹੀ ਦਿੰਦਾ। ਜਾਂ ਕਹਿ ਲਵੋ ਕਿ ਮਾਪੇ ਤੇ ਪਤਨੀ ਵਿੱਚ ਸੰਤੁਲਨ ਰੱਖਣ ਵਿੱਚ ਨਾ-ਕਾਮਯਾਬ ਹੁੰਦਾ ਹੈ, ਤਾਂ ਕਲੇਸ਼ ਮੁਕਾਉਣ ਲਈ ਮਾਪਿਆਂ ਤੋਂ ਵੱਖਰੇ ਹੋਣ ਦੀ ਮੰਗ ਰੱਖ ਦਿੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਕਈ ਕਈ ਸਾਲ ਭਰਾ- ਭਰਜਾਈਆਂ ਇਕੱਠੇ ਰਹਿੰਦੇ, ਜਿਸ ਨਾਲ ਪਿਆਰ ,ਹਮਦਰਦੀ, ਮਿਲਵਰਤਣ ਤੇ ਵੰਡਣ (ਸ਼ੇਅਰ ਕਰਨ) ਦੀ ਭਾਵਨਾ-  ਬੱਚਿਆਂ ਤੇ ਵੱਡਿਆਂ ਵਿਚ ਆਪ ਮੁਹਾਰੇ ਹੀ ਆ ਜਾਂਦੀ। ਨਾਲ ਹੀ ਬਜ਼ੁਰਗਾਂ ਦੀ ਉਮਰ ਭੀ ਆਪਣੀ ਖਿੜੀ ਫੁਲਵਾੜੀ ਨੂੰ ਹੱਸਦਿਆਂ- ਖੇਡਦਿਆਂ ਦੇਖ ਕੇ ਹੋਰ ਵੱਧ ਜਾਂਦੀ। ਫਿਰ ਕਦੇ ਮਾਪਿਆਂ ਦੀ ਸਲਾਹ ਨਾਲ ਭਰਾ ਅੱਡ ਹੁੰਦੇ, ਤੇ ਮਾਪੇ ਆਪਣੀ ਮਰਜ਼ੀ ਨਾਲ ਕਿਸੇ ਇਕ ਨਾਲ ਰਹਿ ਲੈਦੇ। ਪਰ ਅੱਜਕਲ ਇਕੋ-ਇਕ ਨੂੰਹ ਪੁੱਤਰ ਵੀ ਆਪਣੇ ਮਾਪਿਆਂ ਨਾਲ ਰਹਿਣ ਨੂੰ ਸੰਯੁਕਤ ਪਰਿਵਾਰ (ਜੁਆਇੰਟ ਫੈਮਿਲੀ) ਕਹਿਣ ਲੱਗ ਪਏ ਹਨ। ਦੇਸ਼ ਹੋਵੇ ਭਾਵੇ ਵਿਦੇਸ਼, ਸਾਰੇ ਪਾਸੇ ਹਾਲ ਇਕੋ ਜਿਹਾ ਹੀ ਹੈ। ਤੁਸੀਂ ਆਪ ਹੀ ਸੋਚੋ ਕਿ- ਜਿਹਨਾਂ ਮਾਪਿਆਂ ਨੇ ਸੌ ਸੌ ਸੁੱਖਣਾਂ ਸੁੱਖ ਕੇ, ਇੱਕੋ ਇੱਕ ਪੁੱਤਰ ਰੱਬ ਕੋਲੋਂ ਲਿਆ ਹੋਵੇ, ਤੇ ਫਿਰ ਉਹ ਵੀ ਉਹਨਾਂ ਦੇ ਬੁਢਾਪੇ ਦਾ ਸਹਾਰਾ ਨਾ ਬਣੇ- ਤਾਂ ਫਿਰ ਉਹ ਮਾਪੇ ਜਾਣ ਤਾਂ ਜਾਣ ਕਿੱਥੇ?

ਭਾਵੇਂ ਬੱਚਿਆਂ ਦੀਆਂ ਵੀ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਹਨ- ਉਹ ਨੌਕਰੀਆਂ ਕਾਰਨ ਵੱਡੇ ਵੱਡੇ ਸ਼ਹਿਰਾਂ ਵਿਚ ਛੋਟੇ-ਛੋਟੇ ਫਲੈਟਾਂ ਵਿਚ ਰਹਿੰਦੇ ਹਨ। ਜਾਂ ਫਿਰ ਵਿਦੇਸ਼ਾਂ ਵਿਚ ਆਪਣੇ ਵਧੀਆ ਕੈਰੀਅਰ ਦੀ ਖਾਤਰ ਚਲੇ ਜਾਂਦੇ ਹਨ, ਤਾਂ ਉਹ ਮਾਪਿਆਂ ਨੂੰ ਰੱਖਣ ਕਿੱਥੇ? ਪਰ ਜੇ ਅਸੀਂ ਮਾਪਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਾਂਗੇ, ਸਾਡੇ ਦਿੱਲ ਵਿੱਚ ਉਹਨਾਂ ਦੀ ਜਗ੍ਹਾ ਹੋਏਗੀ, ਤਾਂ ਘਰ ਵਿੱਚ ਜਗ੍ਹਾ ਬਣਾਉਣੀ ਕੋਈ ਔਖੀ ਨਹੀ। ਬਚਿਆਂ ਦੇ ਬੈੱਡ-ਰੂਮ ਵਿਚ ਹੀ ਹੋਰ ਬੈੱਡ ਲਾਇਆ ਜਾ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਵੀ ਦਾਦੇ- ਦਾਦੀ ਦਾ ਪਿਆਰ ਮਿਲੇਗਾ ਤੇ ਬਜ਼ੁਰਗਾਂ ਲਈ ਤਾਂ ‘ਮੂਲ ਨਾਲੋਂ ਵਿਆਜ ਪਿਆਰਾ’ ਹੁੰਦਾ ਹੀ ਹੈ ।

ਕਈ ਵਾਰੀ ਅਸੀਂ ਇਸ ਸਮੱਸਿਆ ਨੂੰ ਪੀੜ੍ਹੀ- ਫਾਸਲਾ ਕਹਿ ਕੇ ਟਾਲ ਦਿੰਦੇ ਹਾਂ, ਪਰ ਇਹ ਫਾਸਲਾ ਤਾਂ ਕਦੇ ਮਿਟ ਹੀ ਨਹੀਂ ਸਕਦਾ- ਅੱਜ ਅਸੀਂ ਨਵੀਂ ਪੀੜ੍ਹੀ ਹਾਂ ਤੇ ਸਾਡੇ ਮਾਪੇ ਪੁਰਾਣੀ ਪੀੜ੍ਹੀ, ਕੱਲ ਸਾਡੇ ਬੱਚੇ ਨਵੀਂ ਪੀੜ੍ਹੀ ਹੋਣਗੇ ਤੇ ਅਸੀਂ ਪੁਰਾਣੀ ਪੀੜ੍ਹੀ ਬਣ ਜਾਵਾਂਗੇ। ਪਰ ਹਾਂ, ਸੋਚਾਂ ਦੇ ਫਾਸਲੇ ਕੁਝ ਘਟਾਏ ਜਾ ਸਕਦੇ ਹਨ, ਪਰ ਮਿਟਾਏ ਨਹੀਂ ਜਾ ਸਕਦੇ। ਕੁਝ ਤਾਂ ਪੁਰਾਣੀ ਪੀੜ੍ਹੀ ਨੂੰ ਵੀ ਬਦਲਣਾ ਪਏਗਾ। ਉਹ ਵੀ ਬੱਚਿਆਂ ਦੇ ਘੁੰਮਣ-ਫਿਰਨ, ਆਉਣ-ਜਾਣ ਤੇ ਵਾਰ ਵਾਰ ਨਾ ਟੋਕਣ ਤੇ ਨਾ ਹੀ ਉਹਨਾਂ ਦੀ ਜ਼ਿੰਦਗੀ ਵਿਚ ਜਿਆਦਾ ਦਖਲ-ਅੰਦਾਜ਼ੀ ਕਰਨ ਅਤੇ ਨਾ ਹੀ ਆਪਣੀ ਸਿਆਣਪ ਬਦੋ-ਬਦੀ ਉਹਨਾਂ ਤੇ ਠੋਸਣ- ਕਿਉਂਕਿ ਅੱਜਕਲ ਦੇ ਬੱਚੇ ਵੱਡਿਆਂ ਤੋਂ ਸੇਧ ਲੈਣ ਦੀ ਬਜਾਏ, ਆਪਣੀਆਂ ਗਲਤੀਆਂ ਤੋਂ ਜਿਆਦਾ ਸਿੱਖਦੇ ਹਨ।
ਨਵੀਂ ਪੀੜ੍ਹੀ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਵਿਚ –ਸਬਰ, ਸੰਤੋਖ, ਸਹਿਣਸ਼ੀਲਤਾ ਅਤੇ ਸਤਿਕਾਰ ਦੀ ਭਾਵਨਾ ਉਹਨਾਂ ਪ੍ਰਤੀ ਬਣਾਈ ਰੱਖੇ। ਬਜ਼ੁਰਗਾਂ ਦੀਆਂ ਆਦਤਾਂ ਬੱਚਿਆਂ ਵਾਂਗ ਹੋ ਜਾਂਦੀਆਂ ਹਨ। ਇਕ ਗੱਲ ਨੂੰ ਵਾਰ-ਵਾਰ ਦੁਹਰਾਉਣਾ, ਕਾਹਲੇ ਪੈ ਜਾਣਾ, ਸਿਹਤ ਨਾ ਠੀਕ ਹੋਣ ਕਾਰਨ ਜਲਦੀ ਖਿਝ ਜਾਣਾ ਜਾਂ ਵਿਹਲੇ ਹੋਣ ਕਾਰਨ ਫਾਲਤੂ ਹੀ ਸੋਚੀ ਜਾਣਾ- ਆਦਿ। ਉਹਨਾਂ ਦੇ ਰੁਝੇਵਿਆਂ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ। ਉਹਨਾਂ ਦੀ ਰੁਚੀ ਅਨੁਸਾਰ ਅਖਬਾਰ, ਰਸਾਲੇ ਜਾਂ ਧਾਰਮਿਕ ਪੁਸਤਕਾਂ ਲਿਆ ਦਿੱਤੀਆਂ ਜਾਣ। ਉਹਨਾਂ ਦੀ ਪਸੰਦ ਦੇ ਟੀ.ਵੀ. ਪ੍ਰੋਗਰਾਮ ਦੇਖਣ ਦਾ ਯੋਗ ਪ੍ਰਬੰਧ ਕਰ ਦਿਤਾ ਜਾਵੇ। ਕੁਝ ਸਮਾਂ ਉਹਨਾਂ ਨੂੰ ਪਾਰਕ ਵਿੱਚ ਬੱਚਿਆਂ ਨਾਲ ਸੈਰ ਲਈ ਲਿਜਾਇਆ ਜਾਵੇ, ਜਿਥੇ ਉਹਨਾਂ ਨੂੰ ਗੱਲ-ਬਾਤ ਕਰਨ ਲਈ ਹਮ- ਉਮਰ ਦੇ ਸਾਥੀ ਵੀ ਮਿਲ ਜਾਣਗੇ। ਇਹਨਾਂ ਨਾਲ ਉਹ ਆਪਣੇ ਮਨ ਦਾ ਭਾਰ ਹੌਲਾ ਕਰ ਸਕਦੇ ਹਨ, ਤੇ ਨਾਲ ਹੀ ਬਾਹਰ ਦੀ ਖੁੱਲ੍ਹੀ ਤੇ ਤਾਜ਼ੀ ਹਵਾ ਵੀ ਉਹਨਾਂ ਦੀ ਸੇਹਤ ਲਈ ਬੇਹੱਦ ਜਰੂਰੀ ਹੁੰਦੀ ਹੈ। ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ- ਉਹ ਮਜਬੂਰੀ ਤੋਂ ਪਹਿਲਾਂ ਮੰਜੇ ਤੇ ਨਾ ਬੈਠਣ, ਜਿੰਨੀ ਵੀ ਹੋ ਸਕੇ ਸੈਰ ਜਰੂਰ ਕਰਦੇ ਰਹਿਣ।

ਕਹਿੰਦੇ ਹਨ ਕਿ ਪਰਮਾਤਮਾ ਹਰ ਥਾਂ ਆਪ ਨਹੀਂ ਜਾ ਸਕਦਾ, ਇਸ ਲਈ ਉਸ ਨੇ ਮਾਂ-ਬਾਪ ਸਿਰਜੇ। ਸੋ ਮਾਂ- ਬਾਪ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਵਾਲਿਆਂ ਨੂੰ, ਕਿਸੇ ਹੋਰ ਰੱਬ ਨੂੰ ਮਿਲਣ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਉਹਨਾਂ ਨੂੰ ਤਾਂ ਮਾਪਿਆਂ ਵਿੱਚੋਂ ਹੀ ਭਗਵਾਨ ਦੇ ਦਰਸ਼ਨ ਹੋ ਜਾਂਦੇ ਹਨ। ਦੁਨੀਆਂ ਦੀ ਹਰੇਕ ਵਸਤੂ ਪੈਸੇ ਨਾਲ ਖਰੀਦੀ ਜਾ ਸਕਦੀ ਹੈ, ਪਰ ਬਜ਼ੁਰਗਾਂ ਦੀਆਂ ਅਸੀਸਾਂ ਕਿਸੇ ਵੀ ਧਨ ਦੌਲਤ ਨਾਲ ਪ੍ਰਾਪਤ ਨਹੀਂ ਹੋ ਸਕਦੀਆਂ। ਕੇਵਲ ਮਾਪਿਆਂ ਦੀ ਸੇਵਾ ਨਾਲ ਹੀ ਸਾਡੀਆਂ ਸੱਖਣੀਆਂ ਝੋਲੀਆਂ, ਅਸੀਸਾਂ ਦੀ ਬੇਸ਼ਕੀਮਤੀ ਦੌਲਤ ਨਾਲ ਭਰਦੀਆਂ ਹਨ- ਜੋ ਸਾਡੇ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ‘ਚ ਦੁੱਖ ਸੁੱਖ ਸਮੇਂ ਸਹਾਈ ਹੁੰਦੀਆਂ ਹਨ। ਦੌੜ ਭੱਜ ਦੀ ਜ਼ਿੰਦਗੀ ‘ਚ ਬਹੁਤਾ ਸਮਾਂ ਨਾ ਸਹੀ, ਸਵੇਰੇ-ਸ਼ਾਮ ਜੇ ਸਾਰਾ ਪਰਿਵਾਰ ਆਉਂਦਾ- ਜਾਂਦਾ ਉਹਨਾਂ ਦਾ ਹਾਲ-ਚਾਲ ਪੁੱਛ ਲਵੇ, ਤਾਂ ਸ਼ਾਇਦ ਪੰਜ ਮਿੰਟ ਤੋਂ ਵੱਧ ਸਮਾਂ ਨਹੀਂ ਲੱਗਣ ਲੱਗਾ, ਪਰ ਇਸ ਨਾਲ ਉਹਨਾਂ ਦਾ ਸਾਰਾ ਦਿਨ ਖੁਸ਼ੀ ਨਾਲ ਬਤੀਤ ਹੋਏਗਾ। ਇਸ ਦੇ ਉਲਟ ਜੇ ਅਸੀਂ ਉਹਨਾਂ ਨੂੰ ਬਿਨਾਂ ਮਿਲੇ ਹੀ ਕੰਮਾਂ ਤੇ ਚਲੇ ਜਾਂਦੇ ਹਾਂ (ਦੇਸ਼ ਹੋਵੇ ਭਾਵੇਂ ਵਿਦੇਸ਼)- ਤਾਂ ਉਹਨਾਂ ਦੇ ਦਿੱਲ ਤੇ ਸਾਰਾ ਦਿਨ ਕੀ ਬੀਤੇਗੀ, ਇਸ ਦਾ ਅਹਿਸਾਸ ਸਾਨੂੰ ਉਸ ਮੋੜ ਤੇ ਖ਼ੁਦ ਪਹੁੰਚ ਕੇ ਹੀ ਹੋਏਗਾ।

ਇਹ ਵੀ ਠੀਕ ਹੈ ਕਿ ਬਜ਼ੁਰਗਾਂ ਲਈ ਸਰਕਾਰਾਂ ਨੇ ਜਾਂ ਕੁਝ ਟਰੱਸਟਾਂ ਨੇ ਬਿਰਧ ਆਸ਼ਰਮ ਜਾਂ ਸੀਨੀਅਰ ਸਿਟੀਜ਼ਨ ਹੋਮ ਵੀ ਤਾਂ ਖੋਲ੍ਹ ਰੱਖੇ ਹਨ, ਜਿੱਥੇ ਉਹ ਆਪਣਾ ਜੀਵਨ ਖੁਸ਼ੀ ਖੁਸ਼ੀ ਬਤੀਤ ਕਰ ਸਕਦੇ ਹਨ। ਹਾਂ- ਉਥੇ ਉਹਨਾਂ ਨੂੰ ਕੁੱਝ ਸੁੱਖ-ਸਹੂਲਤਾਂ, ਸੇਹਤ ਸਬੰਧੀ ਸੇਵਾਵਾਂ ਅਤੇ ਹਮ- ਉਮਰ ਸਾਥੀ ਤਾਂ ਮਿਲ ਹੀ ਜਾਂਦੇ ਹਨ ਤੇ ਬਹੁਤੇ ਉਥੇ ਮਜਬੂਰੀ ਵੱਸ ਰਹਿੰਦੇ ਵੀ ਹਨ। ਖੈਰ ਘਰ ਇਕੱਲੇ ਕੈਦ ਹੋਣ ਨਾਲੋਂ ਤਾਂ ਇਹ ਵਧੀਆ ਉਪਰਾਲੇ ਹਨ ਕਿਉਂਕਿ ਉਥੇ ਉਹਨਾਂ ਨੂੰ ਦੇਖਣ- ਸੁਣਨ ਵਾਲਾ ਕੋਈ ਤਾਂ ਹੈ। ਪਰ ਇਹ ਤਾਂ ਉਹ ਗੱਲ ਹੋਈ ਕਿ ਕਿਸੇ ਦਰੱਖਤ ਦੀ ਟਾਹਣੀ ਕੱਟ ਕੇ, ਉਪਜਾਊ ਜ਼ਮੀਨ ਵਿੱਚ ਬੀਜ ਦਿੱਤੀ ਜਾਵੇ, ਤੇ ਉਸ ਨੂੰ ਪਾਣੀ, ਖਾਦ ਸਮੇਂ ਸਿਰ ਦੇ ਕੇ ਵਾੜ ਵੀ ਕਰ ਦਿੱਤੀ ਜਾਵੇ- ਤਾਂ ਕੀ ਉਹ ਟਹਿਣੀ ਜੜ੍ਹ ਤੋਂ ਬਿਨਾਂ ਹਰੀ ਰਹਿ ਸਕੇਗੀ? ਸਾਥੀਓ, ਆਪਣੇ ਬਜ਼ੁਰਗਾਂ ਦੀਆਂ ਜੜ੍ਹਾਂ ਆਪਣੇ ਪਰਿਵਾਰਾਂ ਵਿਚ ਹੀ ਹਨ। ਪਿੱਛੇ ਜਿਹੇ ਅਖਬਾਰਾਂ ਵਿਚ ਖਬਰ ਛਪੀ ਸੀ- ਕਿ ਮਦਰਜ਼ ਡੇ ਤੇ, ਬ੍ਰਿਧ ਆਸ਼ਰਮ ਦੀਆਂ ਬਜ਼ੁਰਗ ਮਾਵਾਂ, ਸਾਰਾ ਦਿਨ ਗੇਟ ਲਾਗੇ ਬੈਠੀਆਂ ਰਹੀਆਂ ਕਿ- ਸ਼ਾਇਦ ਉਹਨਾਂ ਦੇ ਪੁੱਤਰ, ਇਸ ਦਿਨ ਹੀ ਉਹਨਾਂ ਨੂੰ ਮਿਲਣ ਆ ਜਾਣ- ਪਰ ਉਹ ਤਾਂ ਸ਼ਾਇਦ ਕਿਸੇ ਵੱਡੇ ਪੰਡਾਲ ਵਿਚ ਲੋਕਾਂ ਨਾਲ ਰਲ ਕੇ ਮਾਂ- ਦਿਵਸ ਮਨਾ ਰਹੇ ਹੋਣਗੇ ਤੇ ਵਿਚਾਰਿਆਂ ਕੋਲ ਫੁਰਸਤ ਹੀ ਕਿੱਥੇ ਸੀ- ਆਪਣੀ ਮਾਂ ਨੂੰ ਮਿਲਣ ਦੀ?

ਅਮਰੀਕਾ ਵਿਚ ਇਕ ਸਰਵੇਖਣ ਹੋਇਆ ਹੈ- ਜਿਸ ਅਨੁਸਾਰ ਜੋ ਬੱਚੇ ਕਰੈਚਾਂ ਜਾਂ ਡੇ ਕੇਅਰ ਸੈਂਟਰਾਂ ਦੀ ਬਜਾਏ, ਘਰਾਂ ਵਿਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਪਾਸ ਪਲਦੇ ਹਨ, ਉਹ ਦੂਸਰੇ ਬੱਚਿਆਂ ਤੋਂ 50% ਵੱਧ ਬੁਧੀਮਾਨ ਹੂੰਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਬਜ਼ੁਰਗਾਂ ਦਾ ਖਰਚਾ, ਡੇ ਕੇਅਰ ਸੈਂਟਰ ਜਾਂ ਕਰੈੱਚ ਦੀ ਫੀਸ ਤੋਂ ਵੀ ਵੱਧ ਹੈ? ਕਿਉਂ ਅਸੀਂ ਆਪਣੇ ਬੱਚਿਆਂ ਨੂੰ, ਦਾਦੇ ਦਾਦੀ ਦੇ ਪਿਆਰ ਤੋਂ ਵਾਂਝੇ ਕਰ ਦਿੰਦੇ ਹਾਂ? ਬਾਅਦ ਵਿਚ ਭੋਗ ਪਾਉਣੇ, ਬਰਸੀਆਂ ਮਨਾਉਣੀਆਂ ਜਾਂ ਬਜ਼ੁਰਗਾਂ ਦੇ ਨਾਂ ਤੇ ਦਾਨ ਪੁੰਨ ਕਰਨੇ- ਕੋਈ ਮਾਇਨੇ ਨਹੀਂ ਰੱਖਦੇ, ਜੇ ਅਸੀਂ ਜਿਉਂਦੇ ਜੀਅ ਉਹਨਾਂ ਨੂੰ ਬਣਦਾ ਸਤਿਕਾਰ ਨਾ ਦੇਈਏ। ਅੰਤ ਵਿਚ ਮੈਨੂੰ ਇੰਦਰਜੀਤ ਹਸਨਪੁਰੀ ਦਾ ਸ਼ੇਅਰ ਯਾਦ ਆ ਗਿਆ ਜੋ ਉਹ ਅਕਸਰ ਹੀ ਪੰਜਾਬੀ ਭਵਨ, ਲੁਧਿਆਣਾ ਵਿਖੇ ਸੁਣਾਇਆ ਕਰਦੇ ਸਨ:

ਮਰਨ ਤੋਂ ਪਿਛੋਂ ਯਾਦ ਕਰੋਗੇ- ਮੈਂਨੂੰ ਕੀ।
ਮੂਰਤ ਅੱਗੇ ਫੁੱਲ ਧਰੋਗੇ- ਮੈਂਨੂੰ ਕੀ।
ਸਾਰੀ ਉਮਰੇ ਸੁੱਕੇ ਟੁੱਕਰ ਖਾਧੇ ਮੈਂ,
ਲਾਸ਼ ਦੇ ਮੂੰਹ ਵਿਚ ਘਿਉ ਧਰੋਗੇ- ਮੈਨੂੰ ਕੀ।
ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਗੇ,
ਓਸੇ ਮੌਤੇ ਆਪ ਮਰੋਗੇ- ਮੈਨੂੰ ਕੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>