ਕੱਚੀ ਗੜ੍ਹੀ ਚਮਕੋਰ ਦੀ ਮੈਂ, ਉਦੋਂ ਬੋਲ ਨਾ ਸਕੀ।
ਗੋਬਿੰਦ ਸਿੰਘ ਮੈਂਨੂੰ ਕਰ ਗਿਆ, ਕੱਚੀ ਤੋਂ ਪੱਕੀ।
ਸਿੰਘ ਮਸਾਂ ਹੀ ਚਾਲੀ ਸਨ, ਤੇ ਫੌਜ ਸੀ ਲੱਖਾਂ।
ਢੇਰ ਲਾਸ਼ਾਂ ਦੇ ਲੱਗ ਗਏ, ਮੈਂ ਰੁਲ਼ ਕਈ ਕੱਖਾਂ।
ਯੁੱਧ ਅਸਾਵਾਂ ਦੇਖਦੀ, ਰਹੀ ਹੱਕੀ ਬੱਕੀ।
ਕੱਚੀ…..
ਮੇਰੀ ਛਾਤੀ ਉੱਤੇ ਸਿਰ ਧਰ, ਸਿੰਘ ਸੂਰਮੇ ਸੁੱਤੇ।
ਅਜੀਤ ਤੇ ਜੁਝਾਰ ਦੋ, ਸਨ ਜੋਬਨ ਰੁੱਤੇ।
ਸਾਂਭਦੀ ਮਰਜੀਵੜੇ, ਮੈਂ ਅਜੇ ਨਾ ਥੱਕੀ।
ਕੱਚੀ……
‘ਕੱਲੇ ‘ਕੱਲੇ ਸਿੰਘ ਨੇ, ਵੈਰੀ ਸੁਰਤ ਭੁਲਾਈ।
ਗੋਬਿੰਦ ਦੇ ਜੈਕਾਰਿਆਂ, ਮੇਰੀ ਧਰਤ ਗੂੰਜਾਈ।
ਰੂਹ ਮੇਰੀ ਧੰਨ ਧੰਨ ਕਰੇ, ਸਿੰਘਾਂ ਨੂੰ ਤੱਕੀ।
ਕੱਚੀ……
ਕਿਸੇ ਨਾ ਲੋਥਾਂ ਚੁੱਕੀਆਂ, ਮੈਂ ਦਬ ਕੇ ਰਹਿ ਗਈ।
ਧੰਨ ਹੈ ਬੀਬੀ ਸ਼ਰਨ ਕੌਰ, ਜੋ ਸੇਵਾ ਲੈ ਗਈ।
ਕਰ ਸਸਕਾਰ ਸ਼ਹੀਦਾਂ ਦਾ, ਚੁੱਕ ਚੁੱਕ ਨਾ ਥੱਕੀ।
ਕੱਚੀ……..
ਸੁਣੋ ਸ਼ਹੀਦਾਂ ਦੇ ਵਾਰਸੋ, ਸੰਦੇਸ਼ ਸੁਣਾਵਾਂ।
ਕਿਧਰੇ ਭੁੱਲ ਨਾ ਜਾਵਣਾ, ਮੇਰਾ ਸਿਰਨਾਵਾਂ।
‘ਦੀਸ਼’ ਬੈਠੀ ਇਤਿਹਾਸ, ਨੂੰ ਮੈਂ ਸੀਨੇ ਡੱਕੀ।
ਕੱਚੀ…..