ਆਉ ! ਜੀ ਆਇਆਂ, ਸਾਲ ਮੁਬਾਰਕ ਹੈ।
ਮਹਿੰਗਾਈ ਸਿਰ ਚੜ੍ਹ ਬੋਲੀ , ਦਾਲ ਮੁਬਾਰਕ ਹੈ।
ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ -ਠਰੂੰ ਨੇ ਕਰਦੇ
ਜੋ ਠੰਡ ‘ਚ ਨੰਗੇ ਫਿਰਦੇ, ਬਾਲ ਮੁਬਾਰਕ ਹੈ।
ਦੇਸ਼ ਮੇਰੇ ਦੇ ਨੇਤਾ, ਹੁਣ ਕੌਡ – ਕਬੱਡੀ ਖੇਡਣ
ਸੰਸਦ ਵਿਚ ਹੂਰਾ- ਮੁੱਕੀ, ਗਾਲ ਬਰਾਬਰ ਹੈ।
ਅਮੀਰਾਂ ਦੀ ਤਾਨਾਸ਼ਾਹੀ, ਅੰਬਰੀਂ ਉਡਾਰੀ ਮਾਰੇ
ਗਰੀਬਾਂ ਨੂੰ ਫ਼ਹੁਣ ਵਾਲਾ , ਜਾਲ ਮੁਬਾਰਕ ਹੈ।
ਰਿਸ਼ਵਤ ‘ਤੇ ਠੱਗੀ-ਠੋਰੀ, ਦਿਨ- ਦਿਹਾੜੇ ਹੋਵੇ
ਸਰਕਾਰ ਮੇਰੀ ਦਾ ਵੇਖੋ, ਖਿਆਲ ਮੁਬਾਰਕ ਹੈ।
ਧਰਮ ਖਾਤਰ ਚਲਣੀ, ਜੇ ਦੇਸ਼ ਦੀ ਸਿਆਸਤ
ਵਾਹਿਗੁਰੂ ਤੇ ਅੱਲਾ, ਈਸਾ, ਗੁਪਾਲ ਮੁਬਾਰਕ ਹੈ।
ਨਸ਼ਿਆਂ ਦੇ ਸੁਦਾਗਰਾਂ ਵੀ , ਕਸਰ ਨਾ ਛਡੀ
ਡਗ- ਮਗਾਉਂਦੇ ਪੈਰ ਦੀ, ਚਾਲ ਮੁਬਾਰਕ ਹੈ।
ਅੱਜ ਨਾਰੀ ਦੀ ਆਬਰੂ , ਮਹਿਫ਼ੂਜ਼ ਨਹੀਂ ਜਿਥੇ
ਬੇ -ਗੈਰਤੀ ਦਾ ਆਇਆ, ਭੂਚਾਲ ਮੁਬਾਰਕ ਹੈ।
“ਸੁਹਲ” ਜੇ ਇਸ ਤਰਾਂ, ਖ਼ੁਸ਼ੀਆਂ ਦੇ ਵਾਜੇ ਵਜਣੇਂ
ਬਜ਼ਾਰੀਂ ਬਨਾਉਟੀ ਵਿਕਦਾ, ਮਾਲ ਮੁਬਾਰਕ ਹੈ।