ਆਓ ਧੀਆਂ ਦੀ ਵੀ ਲੋਹੜੀ ਮਨਾਈਏ !

ਜਨਵਰੀ ਦਾ ਮਹੀਨਾ ਚੜਦੇ ਹੀ ਪਿੰਡਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ, ਮਿੱਠੀ ਮਿੱਠੀ ਧੁੱਪ, ਛੁੱਟੀਆਂ ਦਾ ਮਾਹੌਲ, ਸਾਂਝਾਂ, ਮਹੁੱਬਤਾਂ ਤੇ ਏਕੇ ਦੀਆਂ ਧੂੰਣੀਆਂ ਦੇ ਨਿੱਘ ਨਾਲ ਦਿਨ ਲੰਘਣੇ। ਗੁੱਡੀਆਂ ਉਡਾਦਿਆਂ ਤੇ ਲੱਟਦਿਆਂ ਜੁਆਂਕਾਂ ਦੀ ਕਾਵਾਂ-ਰੌਲੀ ਤੇ ਨਾਲ ਨਾਲ ਸਾਮਾਂ ਪੈਦਿਆਂ ਹੀ ਪਿੰਡਾਂ ਦੀਆਂ ਗਲੀਆਂ-ਮੋੜਾਂ ਵਿੱਚ ਲੋਹੜੀ ਦੇ ਗੀਤਾਂ ਦੀ ਅਵਾਜ ਆਉੱਣੀ ਸੁਰੂ ਹੋ ਜਾਂਦੀ ਹੈ, ਕੀ ਨਿੱਕੇ ਕੀ ਵੱਡੇ ਬੱਚੇ ਵਹੀਰਾਂ ਘੱਤ ਲੋਹੜੀ ਮੰਗਣੀ ਸੁਰੂ ਕਰ ਦਿੰਦੇ ਹਨ ਤੇ ਲੋਹੜੀ ਦੇ ਗੀਤਾਂ ਦੀ ਅਵਾਜ ਗੂੰਜਣੀ ਸੁਰੂ ਹੋ ਜਾਂਦੀ ਹੈ:-

ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ,
ਦੇ ਮਾਈ ਗੁੜ, ਤੇਰਾ ਗੁੜ ਮਿੱਠਾ, ਦੇ ਰੁਪਈਆ ਚਿੱਟਾ ।

ਪੰਜਾਬ ਗੀਤਾਂ-ਮੇਲਿਆਂ, ਤੇ ਤਿੱਥਾਂ-ਤਿਓਹਾਰਾਂ ਦਾ ਦੇਸ਼ ਹੈ, ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਗੇੜਾ ਲਾਓਂਦੇ ਰਹਿੰਦੇ ਹਨ ਤੇ ਇੱਥੋਂ ਦੇ ਵਸਨੀਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸੀਆਂ, ਆਪਸੀ ਏਕਤਾ ਤੇ ਸਰਭ ਸਾਂਝੀਵਾਲਤਾ ਨਾਲ ਭਰਦੇ ਰਹਿੰਦੇ ਨੇ, ਗੀਤ ਕਿਸੇ ਲੋਕਾਈ, ਖਿੱਤੇ ਦੇ ਇਤਿਹਾਸਕ, ਸਮਾਜਕ ਰਹਿਤਲ ਤੇ ਭਾਈਚਾਰਕ ਸਾਂਝਾਂ ਦੀ ਸਾਫ ਸੁੱਥਰੀ, ਰੰਗਲੀ ਤੇ ਮੂੰਹੋਂ ਬੋਲਦੀ ਤਸਵੀਰ ਹੁੰਦੇ ਹਨ। ਲੋਹੜੀ ਦਾ ਤਿਓਹਾਰ ਹਰ ਸਾਲ ੧੩ ਜਨਵਰੀ ਨੂੰ ਮਨਾਇਆ ਜਾਂਦਾ ਹੈ।

ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ, ਦੁੱਲਾ ਭੱਠੀ ਵਾਲਾ,
ਦੁੱਲੇ ਧੀ ਵਿਆਹੀ, ਸੇਰ ਸੱਕਰ ਪਾਈ,
ਕੁੜੀ ਦਾ ਲਾਲ ਦੁਪੱਟਾ, ਕੁੜੀ ਦਾ ਸਾਲੂ ਪਾਟਾ,
ਸਾਲੂ ਕੋਣ ਸਮੇਟੇ, ਚਾਚਾ ਗਾਲਾਂ ਦੱਸੇ,
ਚਾਚੇ ਚੂਰੀ ਕੁੱਟੀ, ਜਿੰਮੀਦਾਰਾਂ ਲੁੱਟੀ,
ਜਿੰਮੀਦਾਰ ਸਧਾਏ, ਗਿਣ ਗਿਣ ਪੌਲੇ ਲਾਏ,
ਇੱਕ ਪੌਲਾ ਰਹਿ ਗਿਆ, ਸਿਪਾਈ ਫੜ੍ਹ ਕੇ ਲੈ ਗਿਆ।

ਹਰ ਗੀਤ ਇਕ ਇਤਿਹਾਸਕ, ਸਮਾਜਕ ਤੇ ਧਾਰਮਿਕ ਰੰਗ-ਤੱਥ ਤੇ ਕਹਾਣੀ ਨੂੰ ਸਮੋਈ ਬੈਠਾ ਹੈ। ਜਿਵੇਂ ਕਿ ਉਪਰੋਕਤ ਲੋਹੜੀ ਦੇ ਮਸ਼ਹੂਰ ਗੀਤ ਵਿਚ ਦੁੱਲਾ ਭੱਟੀ ਦੀ ਕਹਾਣੀ ਦਰਸਾਈ ਗਈ ਹੈ। ਜੋ ਸਮਕਾਲੀ ਮੁਗਲ ਸਾਮਰਾਜ ਦੇ ਸਾਸ਼ਨ ਨੂੰ ਟੱਕਰ ਦੇਣ ਕਾਰਨ ਡਾਕੂ ਗਰਦਾਨਿਆ ਗਿਆ ਹੁੰਦਾ ਹੈ ਪਰ ਆਪਣੇ ਸਮਾਜ ਦੇ ਗਰੀਬਾਂ ਦੀ ਮਸੀਹਾ ਬਣ ਮੱਦਦ ਕਰਦਾ ਹੈ। ਇਸ ਗੀਤ ਵਿਚ ਦੁੱਲੇ ਭੱਟੀ ਦੀ ਤਾਰੀਫ ਕੀਤੀ ਗਈ ਹੈ ਕਿ ਕਿਵੇਂ ਇਕ ਗਰੀਬ ਪਰਿਵਾਰ ਦੀ ਸੁੰਦਰੀ ਨਾਂ ਦੀ ਕੁੜੀ ਨੂੰ ਆਪਣੀ ਧੀ ਬਣਾ ਕੇ ਉਸਦਾ ਕਾਜ ਰਚਾਉਣ ਵਿਚ ਦੁੱਲਾ ਆਰਥਕ ਤੇ ਸੁੱਰਿਖਆਤਮਕ ਪੱਖੋਂ ਮੱਦਦ ਲਈ ਸਾਹਮਣੇ ਆਉਂਦਾ ਹੈ, ਇਹ ਗੀਤ ਦੁੱਲੇ ਨੂੰ ਇੱਕ ਵੀਰ ਨਾਇਕ ਤੇ ਬਹਾਦੁਰ ਯੋਧੇ ਦੇ ਰੂਪ ਵਿੱਚ ਦਰਸਾਉਂਦਾ ਹੈ।

ਇਤਿਹਾਸ ਤੋਂ ਬਾਦ ਅੱਜ ਦੀ ਗੱਲ ਕਰਦੇ ਹਾਂ। ਲੋਹੜੀ ਦਾ ਤਿਓਹਾਰ ਕਾਫੀ ਪੁਰਾਣੇ ਸਮੇਂ ਤੋ ਮਨਾਇਆ ਜਾਂਦਾ ਹੈ ਤੇ ਪੰਜਾਬ ਦਾ ਇਕੱ ਖਾਸ ਸਭਿਆਚਾਰਕ ਰੰਗਣ ਵਾਲਾ ਉਰਸ ਹੈ। ਲੋਹੜੀ ਦਾ ਤਿਓਹਾਰ ਘਰ ਵਿੱਚ ਮੁੰਡਾ ਜੰਮਣ ਦੀ ਖੁਸੀ ਵਿੱਚ ਮਨਾਇਆ ਜਾਦਾ ਹੈ, ਜਿਸ ਘਰ ਲੜਕਾ ਹੋਇਆ ਹੁੰਦਾ ਹੈ ਉਸ ਘਰ ਵਲੋਂ ਵੇਹੜੇ, ਗੁਆਂਢੀਆਂ, ਸਕੇ ਸਬੰਧੀਆਂ ਵਿੱਚ, ਲੋਹੜੀ ਵੰਡੀ ਜਾਂਦੀ ਹੈ। ਘਰ ਵਿਚ ਰੌਣਕਾਂ ਖੁਸੀਆਂ ਦਾ ਮਹੌਲ ਸੁਰੂ ਹੋ ਜਾਂਦਾ ਹੈ। ਸਾਰਿਆਂ ਨੂੰ ਮੂੰਗਫਲੀ,ਗੁੜ, ਰਿਓੜੀਆਂ ਤੇ ਚਿੜਵੜੇ ਵੰਡੇ ਜਾਂਦੇ ਹਨ। ਰਾਤ ਨੂੰ ਸਾਰੇ ਇਕੱਠੇ ਹੋ ਕੇ ਪਾਥੀਆਂ ਤੇ ਲੱਕੜੀਆਂ ਦਾ ਭੁੱਗਾ ਬਾਲਦੇ ਹਨ। ਪੁਰਾਣੇ ਸਮੇਂ ਵਿੱਚ ਮੁੰਡੇ-ਕੁੜੀਆ ਲੋਹੜੀ ਦੇ ਗੀਤ ਬੋਲਦੇ, ਘਰ ਘਰ ਤੋਂ ਲੋਹੜੀ ਮੰਗਦੇ ਤੇ ਮਿਲਦੀਆਂ ਸੌਗਾਤਾਂ ਮੂੰਗਫਲੀ, ਫੁੱਲੇ, ਗੁੜ, ਰਿਓੜੀਆਂ, ਚਿਰਵੜੇ, ਇਕੱਠੀਆਂ ਕਰਦੇ ਹੋਏ, ਲੱਕੜੀਆਂ ਤੇ ਪਾਥੀਆਂ ਗਰਾਹ ਕੇ ਭੁੱਗਾ ਬਾਲਦੇ ਸਨ।  ਮੁੰਡਾ ਹੋਣ ਵਾਲੇ ਘਰ ਵਿਚ ਪ੍ਰਾਹੁਣਿਆਂ ਦਾ,ਗਲੀ ਗਵਾਂਢ ਦੇ ਸੱਜਣਾਂ-ਮਿੱਤਰਾਂ ਦਾ, ਭੰਡਾਂ ਦਾ, ਖੁਸਰਿਆਂ ਦਾ ਤਾਂਤਾਂ ਲੱਗਾ ਰਹਿੰਦਾ ਹੈ। ਗਿੱਧੇ-ਭੰਗੜੇ ਦੇ ਦੌਰ ਚੱਲਦੇ ਹਨ। ਗੱਲ ਕੀ ਘਰ ਵਿੱਚ ਚਾਰੇ ਪਾਸੇ ਖੁਸੀਆਂ ਦੇ ਰੰਗ ਬਿਖਰਦੇ ਹਨ।

ਭੁੱਗਾ ਬਾਲਣ ਨਾਲ ਇੱਕ ਤਾਂ ਠੰਡਾ ਮੌਸਮ ਹੋਣ ਕਾਰਨ ਇਕੱਠ ਤੇ ਪਿਆਰ ਦੇ ਨਿੱਘ ਨਾਲ ਅੱਗ ਸੇਕ ਕੇ ਨਿੱਘ ਮਾਣਿਆ ਜਾਂਦਾ ਹੈ। ਤੇ ਮਨਾਂ ਦੀ ਈਰਖਾ, ਦਵੇਸ਼, ਰੋਸੇ ਗਿੱਲਿਆਂ ਨੂੰ ਇਸ ਭੁੱਗੇ ਦੀ ਅੱਗ ਵਿਚ ਸਾੜ ਕੇ ਭੁਲਾਇਆ ਜਾਂਦਾ ਹੈ। ਲੋਹੜੀ ਦੇ ਦਿਨ ਬੱਚੇ ਪਤੰਗਾਂ ਵੀ ਉਡਾਉਂਦੇ ਹਨ ਤੇ ਚਾਈਨਾ ਦੀ ਡੋਰ ਦੇ ਰੁਝਾਨ ਕਾਰਨ ਤੇ ਕੰਧਾਂ ਕੋਠੇ ਟੱਪ ਕੇ ਪਤੰਗਾਂ ਲੱਟਣ ਕਾਰਨ ਕਈ ਵੀ ਸੱਟੇ ਫੇਟ ਲੱਗ ਜਾਣ ਕਾਰਨ ਤੇ ਕਈ ਬੁਰੇ ਹਾਦਸੇ ਵੀ ਹੋ ਜਾਂਦੇ ਹਨ। ਸੋ ਅਜਿਹੇ ਕੰਮਾਂ ਤੋਂ ਬਚਣਾਂ ਚਾਹੀਦਾਂ ਜੋ ਮਾਪਿਆਂ ਲਈ ਦੁੱਖ ਤਕਲੀਫ ਦਾ ਕਾਰਨ ਬਣੇ।

ਪਰ ਅੱਜ ਵੀ ਬਹੁਤ ਸਾਰੇ ਅਜਿਹੇ ਘਰ ਹਨ, ਜਿੱਥੇ ਲੜਕੀ ਜੰਮਣ ਤੇ ਅਜਿਹੀ ਖੁਸੀ ਦੀ ਅਣਹੋਂਦ ਪਾਈ ਜਾਂਦੀ ਹੈ, ਅੱਜ ਵੀ ਲੜਕੀਆਂ ਨਾਲੋਂ ਲੜਕਿਆਂ ਦੀ ਪੜਾਈ-ਲਿਖਾਈ ਤੇ ਖਾਣ-ਪਹਿਨਣ ਦਾ ਜਿਆਂਦਾ ਧਿਆਨ ਰੱਖਿਆ ਜਾਂਦਾ ਹੈ। ਹਰ ਚਾਅ, ਸੌਕ ਪੂਰਾ ਕਰਨ ਲਈ ਲੜਕਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹਾ ਕਿਉਂ ? ਲੜਕੀ ਨੂੰ ਭਾਰ, ਬੇਗਾਨਾ ਧੰਨ, ਚਿੰਤਾ ਦਾ ਵਿਸਾਂ ਕਿਉਂ ਸਮਝਿਆ ਜਾਂਦਾ ਹੈ। ਕੀ ਸਾਡੇ ਸੰਸਕਾਰ, ਸਾਡੀ ਸੋਚ ਇੱਥੋਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ, ਕਿ ਲੜਕੀਆਂ ਨੂੰ ਭਾਰ ਸਮਝਿਆ ਜਾਵੇ। ਸਾਡਾ ਇਖਲਾਕ, ਈਮਾਨ, ਇੰਨੇ ਸੌੜੇ ਕਿਉਂ ਹੋ ਗਏ ਹਨ। ਇਹ ਸਭ ਰੂੜੀਵਾਦੀ-ਪਿਛਾਹ ਖਿੱਚੂ ਸੋਚ ਦਾ ਨਤੀਜਾ ਹੈ, ਹੋਰ ਕੁਝ ਨਹੀ, ਸਾਡੇ ਪਰਮ ਪਿਤਾ ,ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਔਰਤ ਨੂੰ ਬਹੁਤ ਮਹਾਨਤਾ ਸਹਿਤ ਵਡਿਆਇਆ ਹੈ:-

ਸੋ ਕਿਉਂ ਮੰਦਾ ਆਖਿਐ,
ਜਿਤੁ ਜੰਮੈ ਰਾਜਾਨ।

ਦੱਸੋ ਭਲਾ, ਅੱਜ ਕੱਲ ਲੜਕੀਆਂ ਕਿਸ ਕਿਸ ਖੇਤਰ ਵਿੱਚ ਕਾਮਯਬੀ ਹਾਸਲ ਨਹੀ ਕਰ ਰਹੀਆਂ। ਕੀ ਖੇਡ ਦੇ ਮੈਦਾਨ, ਵਿਗਿਆਨ, ਗਿਆਨ, ਅਤੇ ਸਰਕਾਰ-ਦਰਬਾਰ, ਫਿਲਮ-ਸੰਸਾਰ, ਆਦਿ ਸਭ ਖੇਤਰਾਂ ਵਿੱਚ ਨਾਮ ਰੌਸ਼ਨ ਕਰ ਰਹੀਆਂ ਹਨ। ਇਤਿਹਾਸ ਵੀ ਤਾਂ ਇਸ ਦੀ ਸਾਹਦੀ ਸਦੀਆ ਤੋ ਭਰਦਾ ਆਇਆ ਹੈ।

ਛੋਟੀਆਂ ਬੱਚੀਆਂ ਜਦੋਂ ਛੋਟੇ-ਛੋਟੇ ਨੰਨੇ ਕਦਮਾਂ ਨਾਲ ਭੱਜੀਆਂ ਆਉੱਦੀਆਂ ਹਨ ਤੇ ਦਫਤਰ਼, ਜਾਂ ਕੰਮ ਕਾਜ ਤੋਂ ਥੱਕੇ ਮਾਪਿਆਂ ਦੀਆ ਲੱਤਾਂ ਨੂੰ ਚਿਬੜਦੀਆ ਹਨ ਤਾਂ ਸਾਰੀ ਦੀ ਸਾਰੀ ਦਿਨ ਭਰ ਦੀ ਥਕਾਨ ਦੂਰ ਹੋ ਜਾਦੀ ਹੈ। ਉਨਾਂ ਦੇ ਫੁੱਲਾਂ ਸਮਾਨ ਚੇਹਰਿਆਂ ਨੂੰ ਮੁਸਕਰਾਉੱਦੇ ਤੱਕ ਦੇਖ ਕੇ ਸਾਰੀਆਂ ਚਿੰਤਾਵਾਂ-ਫਿਕਰਾਂ ਉੱਡ-ਪੁੱਡ ਜਾਂਦੀਆਂ ਹਨ। ਅੰਤਾਂ ਦੀ ਖੁਸੀ ਮਿਲਦੀ ਹੈ ਜਦੋਂ ਉਨਾਂ ਦੀ ਘੁੱਟਵੀਂ ਗਲਵਕੜੀ ਨੂੰ ਮਾਨਣ ਦਾ ਮਜਾ ਮਿਲਦਾ ਹੈ, ਜਾਂ ਉਨਾਂ ਦੇ ਨੰਨੇ ਪੈਰਾਂ ਨੂੰ ਮੰਮੀ ਡੈਡੀ ਦੀ ਵੱਡੀ ਜੁੱਤੀ ਪਾ ਕੇ ਚੱਲਣ ਦੀ ਨਕਲ ਕਰਦੇ ਵੇਖੀਦਾ ਹੈ, ਮਨ ਚਾਅ ਨਾਲ ਭਰ ਜਾਂਦਾ ਹੈ, ਜਦੋਂ ਨੰਨੇ ਹੱਥ ਮਾਂ ਵਾਂਗ ਆਟਾ ਗੁੰਨਣ ਦੀ ਨਕਲ ਕਰਦੇ ਦੇਖੀਦੇ ਹਨ।

ਧੀਆਂ ਦਾ ਰੋਲ-ਮਹਾਨਤਾ, ਰਿਸਤੇਦਾਰੀਆਂ, ਇੱਜਤ-ਸਤਿਕਾਰ ਆਦਿ ਪੱਖੋਂ ਹਰ ਪਰਿਵਾਰ, ਸਮਾਜ, ਕੁੰਨਬੇ ਵਿੱਚ ਬੜੀ ਉੱਚੀ-ਸੁੱਚੀ ਜਗਾ ਰੱਖਦਾ ਹੈ। ਧੀਆਂ ਦਾ ਪ੍ਰਮਾਤਮਾਂ ਨੇ ਰੋਲ ਹੀ ਐਸਾ ਬਣਾਇਆ ਹੈ ਕਿ ਇੱਕ ਘਰ ਛੱਡ ਕੇ ਦੂਜੇ ਨੂੰ ਵਸਾਉਣ ਤੇ ਇਕ ਨਵੀਂ ਦੁਨੀਆਂ ਦੀ ਸੁਰੂਆਤ ਕਰਦੀਆਂ ਹਨ। ਜਿੱਥੇ ਦੇ ਲੇਖ ਲਿਖੇ ਹੋਣ ਮਾਲਕ ਨੇ ਉਸ ਬੇਗਾਨੇ ਘਰ,ਪਰਿਵਾਰ,ਵੇਹੜੇ ਨੂੰ ਆਪਣੀ ਸੋਭਾ, ਪਿਆਰ, ਏਕਤਾ ਬਖਸ਼ ਇੱਕ ਨਵੀ ਦੁਨੀਆ, ਇਕ ਨਵਾਂ ਸੰਸਾਰ ਸਿਰਜਦੀਆਂ ਹਨ।

ਧੀਆਂ ਹੀ ਹਨ ਜੋ ਹਰ ਹਾਲ ਸੁੱਖੀ ਹੋਣ ਜਾਂ ਦੁਖੀ ਹਮੇਸਾਂ ਮਾਂ ਤੇ ਪਿਓ ਦੀ ਸੁੱਖ ਹਰ ਸਾਹ ਮੰਗਦੀਆਂ ਹਨ। ਧੀਆਂ ਦੇ ਹੀ ਹਿੱਸੇ ਆਇਆ ਹੈ ਕਿ ਇਹਨਾਂ ਨੂੰ ਧਰੇਕਾਂ ਜਿਹੀਆਂ ਠੰਡੜੀ ਛਾਂ ਹੋਣ ਦਾ ਦਰਜਾ ਦੇ ਕੇ ਵਡਿਆਇਆ ਜਾਂਦਾ ਹੈ। ਧੀਆਂ ਹਰ ਘਰ ਦੀ ਵੇਹੜੇ ਦੀ ਛਾਂ, ਸਾਨ ਤੇ ਮਾਣ ਨੇ, ਏਹਨਾ ਦੇ ਪੈਰਾਂ ਪਿੱਛੇ ਹੀ ਰੱਬ ਹਰ ਘਰ ਸਾਰੀਆਂ ਬਰਕਤਾਂ ਦੀ ਮੇਹਰ ਕਰਦਾ ਹੈ, ਤਾਂ ਹੀ ਤਾਂ ਧੀਆਂ ਰੱਬ ਅੱਗੇ ਵੀ ਵੀਰੇ ਦੀ ਅਰਦਾਸ ਜੋਦੜੀਆਂ ਕਰਦੀਆਂ ਹਨ, ਕਿ

ਇੱਕ ਵੀਰ ਦੇਈਂ ਵੇ ਰੱਬਾ, ਚਿੱਤ ਰੱਖੜੀ ਬੰਨਣ ਨੂੰ ਕਰਦਾ।

ਧੀਆਂ ਹਰ ਪਲ, ਹਰ ਦਿਨ, ਹਰ ਸਾਹ ਪੇਕਿਆਂ ਦੀ ਸੁੱਖ ਮੰਗਦੀਆਂ ਏਹੋ ਕਾਮਨਾ ਕਰਦੀਆਂ ਹਨ ਕਿ ਉਨਾਂ ਨੂੰ ਜਦ ਵੀ ਮਿਲੇ ਪੇਕਿਆਂ ਘਰੋਂ ਸੁੱਖਾਂ ਤੇ ਖੁਸੀਆ ਦੀ ਹੀ ਖਬਰ ਮਿਲੇ। ਜੇ ਕਿਧਰੇ ਕੋਈ ਦੁੱਖ ਦੇ ਪਲ ਜਾਂ ਕੋਈ ਢਿੱਲ ਮੱਠ ਵੀ ਪਤਾ ਲੱਗ ਜਾਵੇ ਤਾਂ ਪਹਿਲੀਆਂ ਵਿੱਚ ਹੀ ਪਹੁੰਚਦੀਆਂ ਹਨ, ਤੇ ਦਿਨ ਤੋਂ ਰਾਤ ਵੀ ਨਹੀ ਹੋਣ ਦਿੰਦੀਆਂ। ਸਹੀ ਹੀ ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਧੀਆਂ ਹਮੇਸਾਂ ਮਾਪਿਆਂ ਦੀ ਖੁਸੀ ਹੀ ਲੋਚਦੀਆਂ ਹਨ। ਸਾਡੇ ਪੰਜਾਬੀ ਗੀਤਾਂ ਦੇ ਕਈ ਮਹਾਨ ਗਾਇਕਾਂ ਨੇ ਆਪਣਿਆਂ ਗੀਤਾਂ ਰਾਹੀਂ ਵੀ ਧੀਆਂ ਦੀ ਮਹਾਨਤਾ ਦਾ ਜਿਕਰ ਕੀਤਾ ਹੈ, ਹੰਸ ਰਾਜ ਹੰਸ ਜੀ ਦੇ ਗੀਤ ਦਾ ਹਵਾਲਾ ਦੇਣਾਂ ਬਣਦਾ ਹੈ, ਜਿਸ ਵਿੱਚ ਉਨਾਂ ਕਿਹਾ ਗਿਆ ਹੈ ਕਿ:-

ਪੁੱਤ ਵੰਡਾਉਣ ਜਮੀਨਾਂ, ਧੀਆਂ ਦੁੱਖ ਵੰਡਾਉਦੀਆਂ ਨੇ।

ਏਸੇ ਤਰਾਂ ਪੰਜਾਬੀ ਮਹਾਨ ਮਰਹੂਮ ਗਾਇਕ ਕੁਲਦੀਪ ਮਾਣਕ ਜੀ ਨੇ ਵੀ ਬੜਾ ਉਮਦਾ ਗਾਇਆ ਹੈ:-

ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ।

ਲੋਹੜੀ ਦੇ ਭੁੱਗੇ ਦੀ ਅੱਗੇ ਵਿੱਚ ਆਪਸੀ ਰਿਸ਼ਤਿਆਂ ਵਿੱਚ ਆਈ ਕੁੜੱਤਣ, ਰੋਸੇ-ਈਰਖਾ, ਗੁੱਸੇ-ਗਿਲੇ ਨੂੰ ਜਲਾ ਕੇ ਸਾੜ ਦੇਣਾ ਚਾਹੀਦਾ ਹੈ ਤੇ ਨਵੀਂ ਸੁਰੂਆਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਤੇ ਮੁਹੱਬਤਾਂ ਤੇ ਪਿਆਰਾਂ ਦੀ ਖੁਸ਼ਬੋ ਦੀ ਮਹਿਕ ਖਿਲਾਰਨੀ ਚਾਹੀਦੀ ਹੈ । ਸੋ ਆਓ ਅੱਜ ਨਾਲ ਹੀ ਤਹੱਈਆ ਕਰੀਏ, ਕਿ ਅਸੀਂ ਆਪਣੀਆਂ ਧੀਆਂ-ਰਾਜ ਕੁਮਾਰੀਆਂ ਨੂੰ, ਪੁੱਤਰਾਂ ਵਾਂਗ ਹੀ ਪਾਲੀਏ, ਪਿਆਰ ਕਰੀਏ, ਤੇ ਸਤਿਕਾਰ ਦੇਈਏ, ਉਨਾਂ ਦੀ ਵੀ ਲੋਹੜੀ ਮਨਾਈਏ, ਤੇ ਖੁਸੀਆਂ ਤੇ ਚਾਵਾਂ ਦੇ ਤੋਹਫੇ ਦੇਈਏ, ਤਾਂ ਕਿ ਉਹ ਪੂਰੀ ਖੁੱਲ ਨਾਲ ਜੀ ਸਕਣ, ਪੜ ਲਿਖ ਕੇ ਅੱਗੇ ਵਧ ਸਕਣ, ਸਾਡੇ ਤੇ ਮਾਣ ਕਰਨ ਤੇ ਸਾਡਾ, ਪਰਿਵਾਰ, ਦੇਸ਼-ਕੌਮ ਦਾ ਨਾਮ ਰੌਸ਼ਨ ਕਰਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>