ਹੱਕ ਲਈ ਲੜਿਆ ਸੱਚ (ਭਾਗ-6)

ਗਰਮੀਆਂ ਦੀ ਸ਼ਾਮ ਦੇ ਚਾਰ ਵੱਜ ਗਏ ਸਨ, ਫਿਰ ਵੀ ਧੁੱਪ ਕਹਿਰ ਦੀ ਸੀ। ਧੁੱਪ ਤੋਂ ਡਰਦੇ ਲੋਕੀ ਬਰਾਂਡਿਆਂ ਅਤੇ ਡਿਊੜੀਆਂ ਵਿਚ ਲੁਕੇ ਬੈਠੇ ਸਨ। ਹਰਨਾਮ ਕੌਰ ਡੇਕ ਹੇਠਾਂ ਮੰਜੇ ਉੱਪਰ ਲੰਮੀ ਪਈ ਸੁਰਜੀਤ ਨੂੰ ਆਖਣ ਲੱਗੀ, “ਸੁਰਜੀਤੋ ਕੁੜੇ ਚਾਹ ਧਰ ਦੇ, ਭਾਪਾ ਤੇਰਾ ਰਾਹ ਵੱਲ ਦੇਖਦਾ ਹੋਣਾ ਏ, ਅੱਜ ਪੱਠੇ ਵੀ ਉਹ ਨੂੰ ਆਪੇ ਹੀ ਵੱਡਣੇ ਪੈਣੇ ਆ, ਨੌਕਰ ਤਾਂ ਕੱਲ ਦਾ ਵਾਂਡਿਉਂ ਨਹੀ ਮੁੜਿਆ।”

“ਆਪਣੇ ਪੁੱਤ ਨੂੰ ਕਹਿਣਾ ਸੀ, ਭਾਪਾ ਜੀ ਨਾਲ ਪੱਠੇ ਵਢਾ ਆਉਂਦਾ।”

“ਉਹ ਤਾਂ ਦੁਪਹਿਰ ਦਾ ਮੁੰਡਿਆਂ ਨਾਲ ਸੱਥ ਤੇ ਬੈਠਾ ਪਿੱਪਲ ਹੇਠਾਂ ਤਾਸ਼ ਖੇਡਣ ਡਿਹਾ ਏ, ਉਹਨੂੰ ਕੋਈ ਸ਼ਰਮ ਹਯਾ ਹੈ ਜੋ ਸੋਚੇ ਪਈ ਮੇਰਾ ਪਿਉ ਤੜਕੇ ਜਾ ਕੇ ਖੇਤਾਂ ਵਿਚ ਮਰਦਾ ਹੈ, ਮੈਂ ਡੱਕਾ ਦੂਹਰਾ ਕਰਕੇ ਦੇਖ ਲਵਾਂ।”

“ਦੀਪੀ, ਜਾ ਆਪਣੇ ਡੈਡੀ ਨੂੰ ਅਵਾਜ਼ ਮਾਰ ਪਈ ਖੇਤਾਂ ਨੂੰ ਚਾਹ ਲੈ ਕੇ ਜਾਣ।” ਸੁਰਜੀਤ ਨੇ ਆਪਣੀ ਵੱਡੀ ਕੁੜੀ ਨੂੰ ਕਿਹਾ, ਜੋ ਡੇਕ ਥੱਲੇ ਬੈਠੀ ਫੱਟੀ ਲਿਖਦੀ ਸੀ।

ਦੀਪੀ ਉਸੇ ਵੇਲੇ ਹੀ ਫੱਟੀ ਵਿਚ ਹੀ ਛੱਡ ਕੇ ਦੌੜ ਗਈ ਡੈਡੀ ਨੂੰ ਲੈਣ। ਦੌੜੀ ਜਾਂਦੀ ਦੇ ਪੈਰ ਨੂੰ ਠੋਕਰ ਵੀ ਵੱਜੀ, ਪਰ ਉਸ ਨੇ ਪਰਵਾਹ ਨਾ ਕੀਤੀ।

“ਡੈਡੀ ਘਰ ਨੂੰ ਆ ਜਾਉ, ਮੰਮੀ ਨੇ ਕਿਹਾ ਤੁਸੀ ਭਾਪਾ ਜੀ ਦੀ ਚਾਹ ਲੈ ਕੇ ਜਾਣਾ ਹੈ।”

“ਬੀਬੀ ਕਿੱਥੇ ਗਈ?”

ਦੀਪੀ ਨੇ ਕੋਈ ਜਵਾਬ ਨਹੀ ਦਿੱਤਾ ਅਤੇ ਵਾਪਸ ਘਰ ਨੂੰ ਆ ਗਈ। ਪਿੱਛੇ ਹੀ ਮੁਖਤਿਆਰ ਆ ਗਿਆ ਤੇ ਆਉਂਦਾ ਹੀ ਸੁਰਜੀਤ ਨੂੰ ਬੋਲਿਆ, “ਤੂੰ ਦੋ ਮਿੰਟ ਮੁੰਡਿਆ ਵਿਚ ਬੈਠਣ ਵੀ ਨਹੀਂ ਦੇਂਦੀ, ਬੀਬੀ ਕਾਹਤੇ ਨਹੀਂ ਚਾਹ ਲੈ ਕੇ ਜਾਂਦੀ?”

“ਭਾਪਾ ਜੀ ਨਾਲ ਪੱਠੇ ਵਡਾਉ ਜਾ ਕੇ, ਬੇਲੀ ਕੱਲ ਦਾ ਗਿਆ ਮੁੱੜਿਆ ਨਹੀਂ।”

“ਭਾਪੇ ਨੇ ਬੇਲੀ ਨੂੰ ਬਹੁਤਾ ਭੂਏ ਚੜ੍ਹਾਇਆ ਹੋਇਆ ਏ, ਜਦੋਂ ਵੀ ਕਿਤੇ ਜਾਂਦਾ ਪਿਛਲਾ ਉਸ ਨੂੰ ਚੇਤਾ ਹੀ ਭੁੱਲ ਜਾਂਦਾ ਹੈ।”

“ਤੂੰ ਬੇਲੀ ਨਾਲੋ ਘੱਟ ਤਾਂ ਨਹੀ ਭੂਏ ਚੜ੍ਹਿਆ।” ਹਰਨਾਮ ਕੌਰ ਨੇ ਕਿਹਾ।

“ਬੀਬੀ ਜੀ, ਮੈਂ ਭਾਪਾ ਜੀ ਨਾਲ ਕੰਮ ਕਲਾਉਂਗਾ।”  ਹਰਨਾਮ ਕੌਰ ਦਾ ਪੋਤਾ ਤੋਤਲੀ ਜ਼ਬਾਨ ਵਿਚ ਕਹਿਣ ਲੱਗਾ, “ਤੁਸੀਂ ਦੇਖਿਉ ਸਹੀ।”

“ਮਾਂ ਵਾਰੀ ਜਾਵੇ।” ਇਹ ਕਹਿੰਦੀ ਹੋਈ ਹਰਨਾਮ ਕੌਰ ਨੇ ਪੋਤੇ ਨੂੰ ਗੱਲ ਨਾਲ ਲਾ ਲਿਆ, “ਤੇਰੀ ਲੰਮੀ ਲੰਮੀ ਉਮਰ ਹੋਵੇ।”

“ਦੀਪੀ ਪੁੱਤ, ਜਾ ਤੂੰ ਭਾਪੇ ਨੁੰ ਚਾਹ ਦੇ ਕੇ ਆ।” ਮੁਖਤਿਆਰ ਬਦਨੀਤਾ ਹੋਇਆ ਕਹਿਣ ਲੱਗਾ।

“ਸੁਰਜੀਤ ਤੂੰ ਚਾਹ ਪਾ, ਮੈਂ ਹੀ ਜਾਂਦੀ ਹਾਂ, ਇਹਨਾ ਤਿਲਾਂ ਵਿਚ ਤੇਲ ਕਿੱਥੇ।” ਹਰਨਾਮ ਕੌਰ ਨੇ ਸਿਰ੍ਹਾਨੇ ਪਿਆ ਮੱਲ-ਮੱਲ ਦਾ ਦੁੱਪਟਾ ਆਪਣੇ ਸਿਰ ਉੱਪਰ ਲੈਂਦੇ ਹੋਏ ਕਿਹਾ।

“ਕੋਈ ਨਾ ਬੀਬੀ, ਪਈ ਰਹਿ, ਮੈਂ ਹੀ ਚਲਾ ਜਾਦਾਂ ਹਾਂ, ਹੁਣ ਆ ਤਾਂ ਗਿਆ ਈ ਆਂ।”

ਸ਼ਾਮ ਦਾ ਗਿਆ ਮੁਖਤਿਆਰ ਜਦੋਂ ਸੂਰਜ ਡੁੱਬਣ ਤੱਕ ਨਾ ਮੁੜਿਆ ਤਾਂ ਹਰਨਾਮ ਕੋਰ ਨੇ ਸੁਰਜੀਤ ਨਾਲ ਰਲ ਕੇ ਰੋਟੀ ਬਣਾ ਲਈ ਅਤੇ ਰੋਟੀ ਬੰਨ ਖੇਤਾਂ ਵੱਲ ਨੂੰ ਚੱਲ ਪਈ। ਉਹਨਾ ਦਾ ਪਾਲਤੂ ਕੁਤਾ ਸ਼ੇਰਾ ਵੀ ਉਸ ਦੇ ਮਗਰ ਹੀ ਤੁਰ ਪਿਆ, ਨਾਲ ਦੀ ਗਲੀ ਵਿਚ ਦੀ ਲੰਘਣ ਲੱਗੀ ਨੂੰ ਮੌੜ ਉੱਪਰ ਲੋਕ ਇਕ ਗੋਲਧਾਰੇ ਦੀ ਸ਼ਕਲ ਵਿਚ ਖੜੇ ਦਿਸੇ। ਉਹ ਵੀ ਉੱਧਰ ਨੂੰ ਚੱਲ ਪਈ। ਅੱਗੇ ਜਾ ਕੇ ਉਸ ਨੇ ਦੇਖਿਆ ਕਿ ਚੁਰਾਹੇ ਵਿਚ ਹੱਲਦੀ, ਲਾਲ ਧਾਗਾ, ਚੌਲ ਆਦਿ ਪਏ ਹਨ। ਉਹਨਾਂ ਨੂੰ ਦੇਖਦੇ ਹੀ ਖਿੱਝਦੀ ਹੋਈ ਬੋਲੀ,

“ਕੱਖ ਨਾ ਰਹੇ ਟੂਣੇ ਕਰਨ ਵਾਲੇ ਦਾ।” ਉਸ ਦੀ ਰੀਸ ਹੋਰ ਵੀ ਕਈ ਜ਼ਨਾਨੀਆਂ ਟੂਣੇ ਕਰਨ ਵਾਲੇ ਨੂੰ ਬੁਰਾ ਭਲਾ ਕਹਿਣ ਲੱਗੀਆਂ।

ਉਸ ਟੂਣੇ ਤੋਂ ਡਰਦੀਆਂ ਅੱਗੇ ਨਾ ਜਾਣ ਅਤੇ ਨਾ ਹੀ ਕਿਸੇ ਨੂੰ ਜਾਣ ਦੇਂਣ। ਇਤਨੀ ਦੇਰ ਨੂੰ ਗੁਰਦੁਆਰੇ ਰਹਿਰਾਸ ਦਾ ਪਾਠ ਕਰਕੇ ਭਾਈ ਜੀ ਆ ਗਏ। ਉਹਨਾਂ ਨੇ ਵਾਹਿਗੁਰੂ ਸਤਿਨਾਮ ਕਹਿ ਕੇ ਟੂਣਾ ਚੁੱਕ ਇਕ ਪਾਸੇ ਰੱਖ ਦਿੱਤਾ। ਤਾਂ ਜੋ ਲੋਕ ਬੇਫਿਕਰੇ ਹੋ ਕੇ ਗਲੀ ਵਿਚੋਂ ਲੰਘ ਸਕਣ।

“ਭਾਈ ਜੀ, ਤੁਸੀਂ ਇਸ ਨੂੰ ਹੱਥ ਨਾ ਸੀ ਲਾਉਣਾ।” ਇਕ ਜ਼ਨਾਨੀ ਬੋਲੀ।

“ਕੁੜੇ ਬੀਬਾ, ਤੂੰ ਨਾਂ ਡਰ ਪ੍ਰਮਾਤਮਾ ਦਾ ਨਾਮ ਸਭ ਜਾਦੂ ਟੂਣਿਆਂ ਤੋਂ ਉੱਪਰ ਹੈ, ਉਸੇ ਵਿਚ ਭਰੋਸਾ ਰੱਖਿਆ ਕਰੋ।” ਇਹ ਕਹਿ ਕੇ ਭਾਈ ਜੀ ਨੇ ਨਾਲ ਹੀ ਸੁਖਮਨੀ ਸਾਹਿਬ ਦੀ ਤੁੱਕ ਪੜੀ,

“ਸਾਸ ਸਾਸ ਸਿਮਰੋ ਗੋਬਿੰਦ,
ਮਨ ਅੰਤਰ ਕੀ ਉਤਰੇ ਚਿੰਦ।”

ਬਾਕੀ ਲੋਕ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਤੁਰ ਪਏ।

ਇੰਦਰ ਸਿੰਘ ਨੇ ਦੂਰੋਂ ਹੀ ਹਰਨਾਮ ਕੌਰ ਨੂੰ ਰੋਟੀ ਲਈ ਆਉਂਦੇ ਦੇਖਿਆ ਤਾਂ ਉਸ ਦੀ ਭੁੱਖ ਹੋਰ ਚਮਕ ਪਈ।

“ਚੱਲ ਚੰਗਾ ਹੋਇਆ ਵੇਲੇ ਸਿਰ ਰੋਟੀ ਲੈ ਕੇ ਆ ਗਈ, ਭੁੱਖ ਨਾਲ ਦਿਲ ਕੱਚਾ ਜਿਹਾ ਹੁੰਦਾ ਸੀ।”

“ਮੁਖਤਿਆਰ ਚਾਹ ਦੇ ਕੇ ਮੁੜਿਆ ਨਾ, ਮੈਂ ਕਿਹਾ ਚੱਲ ਮੈਂ ਹੀ ਰੋਟੀ ਲੈ ਕੇ ਚਲਦੀ ਹਾਂ, ਨਾਲੇ ਤੁਹਾਡੇ ਨਾਲ ਪੱਠੇ- ਦੱਥੇ ਨੂੰ ਹੱਥ ਪੁਵਾ ਦਿਉਂਗੀ, ਬੇਲੀ ਦਾਦਣਾ ਕੱਲ ਦਾ ਮੁੜਿਆ ਨਹੀਂ।”

“ਹਰਨਾਮ ਕੌਰੇ, ਅੱਜ ਕੱਲ ਇਹ ਲੋਕ ਵੀ ਕੰਮ ਕਰਕੇ ਰਾਜ਼ੀ ਨਹੀ, ਸਰਕਾਰ ਇਹਨਾ ਦੇ ਹੱਕ ਵਿਚ ਆ, ਇਹ ਹੁਣ ਨਹੀਂ ਕਿਸੇ ਦੀ ਪ੍ਰਵਾਹ ਕਰਦੇ।”

“ਜਦ ਦਾ ਭਈਆ ਗਿਆ ਹੈ ਤੁਸੀਂ ਵੀ ਔਖੇ ਹੋ ਗਏ।”

“ਅੱਜ ਤੇਰੇ ਪੁੱਤ ਨੇ ਬਥੇਰਾ ਕੰਮ ਕੀਤਾ, ਜੇ ਇਹ ਇਦਾਂ ਕੰਮ ਕਰਨ ਲਗ ਜਾਵੇ ਤਾਂ, ਭਈਆਂ, ਬੇਲੀਆਂ ਦੀ ਲੋੜ ਹੀ ਨਹੀਂ।”

“ਮੁਖਤਿਆਰ ਇਥੇ ਹੀ ਹੈ, ਮੈਂ ਤਾਂ ਸੋਚਦੀ ਸਾਂ, ਕਿ ਜੀਤੇ ਨਾਲ ਸਕੂਟਰ ਤੇ ਬੈਠ ਸ਼ਹਿਰ ਤੁਰ ਗਿਆ ਹੋਵੇਗਾ।”

“ਨਹੀਂ, ਉਹ ਤਾਂ ਨਿਆਂਈ ਵਾਲੇ ਖੇਤ ਨੂੰ ਪਾਣੀ ਲਾਉਣ ਡਿਆ ਆ।”

“ਚੱਲੋ, ਤੁਸੀ ਵੀ ਉਸ ੳੱਪਰ ਖਿਝਿਆ ਨਾ ਕਰੋ, ਫਿਰ ਵੀ ਵੇਲੇ ਕੁਵਲੇ ਹੱਥ –ਧੱਪਾ ਕੰਮ ਨੂੰ ਪਵਾ ਹੀ ਦੇਂਦਾ ਆ।”

ਉਦੋਂ ਹੀ ਮੁਖਤਿਆਰ ਮੋਢੇ ਉੱਪਰ ਕਹੀ ਚੁੱਕੀ ਆ ਗਿਆ।

“ਬੀਬੀ, ਮੇਰੇ ਲਈ ਵੀ ਰੋਟੀ ਪਾ ਦੇ।” ਮੁਖਤਿਆਰ ਕਹੀ ਇਕ ਪਾਸੇ ਰੱਖਦਾ ਬੋਲਿਆ।

“ਪੁੱਤ, ਜੇ ਤੂੰ ਏਦਾਂ ਆਪਣੇ ਭਾਪਾ ਜੀ ਨਾਲ ਕੰਮ ਕਰੇਂ ਤਾਂ ਇਹ ਵੀ ਨਾ ਖਿੱਝੇ।”

“ਜੱਟ ਆਪ ਖੇਤਾਂ ਵਿਚ ਕੰਮ ਕਰਨ ਲੱਗ ਪੈਣ ਤਾਂ ਦੁੱਖ ਕੋਈ ਰਹਿ ਹੀ ਨਾ ਜਾਵੇ।” ਇੰਦਰ ਸਿੰਘ ਨੇ ਕਿਹਾ।

“ਪਿੱਛੇ ਤਾਂ ਸਭ ਜਿੰਮੀਦਾਰ ਸਭ ਕੰਮ ਆਪ ਹੀ ਕਰਦੇ ਸਨ, ਹੁਣ ਦੇ ਛੋਕਰਿਆਂ ਨੂੰ ਸਿਨਮਾ ਦੇਖਣ ਤੋਂ ਹੀ ਵਿਹਲ ਨਹੀ ਮਿਲਦਾ।” ਹਰਨਾਮ ਕੌਰ ਸ਼ੱਕਰ ਘਿਉ ਰੋਟੀ ਉੱਪਰ ਰੱਖਦੀ ਬੋਲੀ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>