ਗੁਰ ਅਰਜਨ ਵਿਟਹੁ ਕੁਰਬਾਣੀ

ਦੁਨੀਆਂ ਵਿਚ ਇਤਿਹਾਸ ਦੇ ਸਫ਼ੇ ‘ਤੇ ਸਿਦਕ, ਸਿਰਜਣਾ ਅਤੇ ਸ਼ਹਾਦਤ ਦੀ ਜੋ ਮਿਸਾਲ ਗੁਰਮਤਿ ਵਿਚ ਮਿਲਦੀ ਹੈ ਉਸਦੀ ਤੁਲਨਾ ਅਸੰਭਵ ਦੀ ਹੱਦ ਤੱਕ ਮੁਸ਼ਕਿਲ ਜਾਪਦੀ ਹੈ। ਗੁਰੂ ਨਾਨਕ ਤੋਂ ਆਰੰਭ ਹੋਇਆ ਗੁਰਮਤਿ ਦਰਸ਼ਨ ਸੰਸਥਾਗਤ ਰੂਪ ਵਿਚ ਪੰਜਵੇਂ ਗੱਦੀਦਾਰ ਗੁਰੂ ਅਰਜਨ ਦੇਵ ਜੀ ਨਾਲ ਫੈਲਣ ਲੱਗਦਾ ਹੈ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾ ਕੇ ਕਿਰਤ ਅਤੇ ਕਿਰਤੀ ਨੂੰ ਮਹੱਤਵ ਦੇਣ ਦੇ ਸਿਧਾਂਤ ਨੂੰ ਵਿਹਾਰਕ ਰੂਪ ਵਿਚ ਸ਼ਹਿਰੀਕਰਣ ਦਾ ਜਾਮਾ ਪਹਿਨਾਇਆ। ਗੁਰੂ ਅਰਜਨ ਦੇਵ ਜੀ ਨਾਲ ਇਹ ਪ੍ਰਕਿਰਿਆ ਸਿਖਰ ਵੱਲ ਵਧਦੀ ਹੈ। ਗੁਰੁੂ ਨਾਨਕ ਸਾਹਿਬ ਨਾਲ ਹੋਂਦ ਵਿਚ ਆਇਆ ਗੁਰਮਤਿ ਦਰਸ਼ਨ ਗੁਰੂ ਅਰਜਨ ਦੇਵ ਜੀ ਦੀ ਬਦੌਲਤ ਆਦਿ ਗ੍ਰੰਥ ਵਿਚ ਸੰਕਲਤ ਹੋ ਕੇ ‘ਪੋਥੀ ਪਰਮੇਸਰੁ ਕਾ ਥਾਨੁ’ ਦੇ ਵਾਕ ‘ਤੇ ਪੂਰਾ ਉੱਤਰਦਾ ਹੈ। ਇਸੇ ਤਰ੍ਹਾਂ ਸਿੱਖੀ ਦੇ ਸੰਸਥਾਪਕ ਨੇ ਫ਼ਕੀਰੀ ਦਾ ਜੋ ਸੰਕਲਪ ਉਦਾਸੀਆਂ ਦੇ ਮਾਧਿਅਮ ਰਾਹੀਂ ਸਾਹਮਣੇ ਲਿਆਂਦਾ ਸੀ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਸ ਨਾਲ ਕੁਰਬਾਨੀ ਦਾ ਸੰਕਲਪ ਜੋੜ ਕੇ ਗੁਰਮਤਿ ਨੂੰ ਲਾਸਾਨੀ ਜੀਵਨ ਵਿਹਾਰ ਵਿਚ ਬਦਲ ਦਿੰਦੀ ਹੈ।

ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖ ਕੇ ਇਸ ਸ਼ਹਿਰ ਨੂੰ ਬਹੁਤ ਸਾਰੇ ਮਾਮਲਿਆਂ ਵਿਚ ਵਿਲੱਖਣ ਬਣਾਉਣ ਦਾ ਸੁਪਨਾ ਲਿਆ। ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਸਿੱਖ ਮੱਤ ਦਾ ਪ੍ਰਚਾਰ ਕੇਂਦਰ ਸਥਾਪਿਤ ਕਰਨਾ ਇਸ ਸੁਪਨੇ ਦਾ ਮੂਲ ਸੀ।

ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ॥
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤਿ ਜਗਾਵੈ॥

ਇਹ ਸ਼ਹਿਰ ਅਧਿਆਤਮਕ ਕੇਂਦਰ ਹੋਣ ਦੇ ਨਾਲ-ਨਾਲ ਵਪਾਰ ਦਾ ਵੀ ਵੱਡਾ ਸਥਾਨ ਬਣਿਆ। ਵੱਖ-ਵੱਖ ਕਿੱਤਿਆਂ ਦੇ ਮਾਹਿਰ ਲੋਕ ਇਸ ਸ਼ਹਿਰ ਵਿਚ ਆ ਕੇ ਵਸੇ ਤੇ ਮੁਗ਼ਲ ਬਾਦਸ਼ਾਹਾਂ ਵੱਲੋਂ ਚਲਾਏ ਸ਼ਹਿਰੀਕਰਣ ਦੇ ਮੁਕਾਬਲੇ ਗੁਰਮਤਿ ਨਵੇਂ ਸਮਾਜ ਦੀ ਉਸਾਰੀ ਦੀ ਅਦੁੱਤੀ ਪੂਰਤੀ ਕਰਨ ਦਾ ਬਹਾਨਾ ਬਣਨ ਲੱਗਾ।ਗੁਰੂ ਅਰਜਨ ਦੇਵ ਜੀ ਨੇ 1581 ਈਸਵੀ ਵਿਚ ਗੁਰਿਆਈ ਹਾਸਲ ਕੀਤੀ। ਚੌਥੇ ਗੁਰੂ ਨੇ ਆਪਣੇ ਜੇਠੇ ਪੁੱਤਰ ਪ੍ਰਿਥੀਏ ਨੂੰ ਤਰਕ ਕਰਕੇ ਅਰਜਨ ਦੇਵ ਜੀ ਨੂੰ ਆਪਣਾ ਵਾਰਸ ਬਣਾਇਆ ਤਾਂ ਇਸਦਾ ਕਾਰਨ ਇਹੀ ਲੱਗਦਾ ਹੈ ਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਸਿੱਖੀ ਦੀ ਨਵੇਂ ਸਮਾਜ ਦੀ ਉਸਾਰੀ ਦੀ ਪ੍ਰੰਪਰਾ ਨੂੰ ਅਰਜਨ ਦੇਵ ਜੀ ਹੀ ਅੱਗੇ ਵਧਾ ਸਕਦੇ ਹਨ। ਇਸ ਸੋਚ ਅਨੁਸਾਰ ਹੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਨੂੰ ਗੁਰਮਤਿ ਗਿਆਨ ਦਰਸ਼ਨ ਅਤੇ ਪ੍ਰਚਾਰ ਦਾ ਪ੍ਰਮਾਣਿਕ ਕੇਂਦਰ ਬਣਾ ਦਿੱਤਾ। ਨਾਲ ਹੀ ਉਨ੍ਹਾਂ ਨੇ ਬਹੁਤ ਸਾਰੇ ਹੋਰ ਸ਼ਹਿਰਾਂ ਦੀ ਸਥਾਪਨਾ ਕੀਤੀ ਜਿਨ੍ਹਾਂ ਵਿਚ ਤਰਨਤਾਰਨ ਅਤੇ ਕਰਤਾਰਪੁਰ ਪ੍ਰਮੁੱਖ ਹਨ। ਉਨ੍ਹਾਂ ਆਪਣੀਆਂ ਯਾਤਰਾਵਾਂ ਦੌਰਾਨ ਸਮਾਜ ਦੇ ਵੱਡੇ ਤਬਕੇ ਨੂੰ ਸਿੱਖ ਮੱਤ ਨਾਲ ਜੋੜਿਆ।

ਇਸਦੇ ਨਾਲ ਹੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਰਤੀਆਂ ਦੇ ਦਸਾਂ ਨਹੁੰਆਂ ਦੀ ਕਮਾਈ ਨੂੰ ਧਰਮ ਦੇ ਪ੍ਰਚਾਰ ਹਿਤ ਵਰਤਣ ਲਈ ਦਸਵੰਧ ਦੀ ਵਿਧੀ ਸਾਹਮਣੇ ਲਿਆਂਦੀ। ਸਭ ਤੋਂ ਮਹੱਤਵਪੂਰਨ ਕਾਰਜ ਇਕ ਸਰਬ ਸਾਂਝੇ ਦਾਰਸ਼ਨਿਕ ਗ੍ਰੰਥ ਦਾ ਸੰਪਾਦਨ ਹੈ ਜਿਹੜਾ ਕਿ ਰੰਗ, ਨਸਲ, ਜਾਤ, ਧਰਮ ਅਤੇ ਭਾਸ਼ਾ ਤੋਂ ਉਪਰ ਉੱਠ ਕੇ ਸਮੁੱਚੀ ਮਨੁੱਖਤਾ ਨੂੰ ਸਾਂਝੀ ਲੜੀ ਵਿਚ ਪਰੋਂਦਾ ਹੈ। ਇਤਿਹਾਸਕਾਰ ਇਸ ਗੱਲ ਦੀ ਸਾਖੀ ਭਰਦੇ ਹਨ ਕਿ ਇਨ੍ਹਾਂ ਯਤਨਾਂ ਨੂੰ ਗੁਰਮਤਿ ਦੇ ਦੋਖੀਆਂ ਨੇ ਮੁਗ਼ਲ ਸਲਤਨਤ ਦੇ ਸਮਾਂਤਰ ਹਕੂਮਤ ਦੀ ਸਥਾਪਤੀ ਕਹਿ ਕੇ ਬਾਦਸ਼ਾਹ ਤੱਕ ਪਹੁੰਚ ਕੀਤੀ। ਧਰਮ ਦੀ ਵਿਆਕਰਣ ਵਿਚ ਸਮਾਜ ਸੁਧਾਰ ਦੇ ਕਾਰਜਾਂ ਨੂੰ ਰਾਜਨੀਤਕ ਕਰਾਰ ਦੇ ਦਿੱਤਾ ਗਿਆ।ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਦੀ ਸਥਾਪਨਾ ਹਿਤ ਇਸ ਦੀ ਨੀਂਹ ਮੁਸਲਿਮ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਤੋਂ 1584 ਈਸਵੀ ਵਿਚ ਰਖਵਾਈ। ਸਾਈਂ ਮੀਆਂ ਮੀਰ ਜਿਸ ਸੂਫ਼ੀ ਫਿਰਕੇ ਨਾਲ ਸੰਬੰਧਿਤ ਸੀ ਉਹ ਕੱਟੜਤਾ ਅਤੇ ਤੁਅੱਸਬ ਦੀ ਥਾਂ ਸਦਭਾਵੀ ਵਿਚਾਰਾਂ ਵਾਲਾ ਸੀ। ਅਕਬਰ ਦੀ ਵੱਖ-ਵੱਖ ਧਾਰਮਿਕ ਫਿਰਕਿਆਂ ਸੰਬੰਧੀ ਸਹਿਣਸ਼ੀਲਤਾ ਵਾਲੀ ਨੀਤੀ ਦੇ ਕਾਰਨ ਵਿਭਿੰਨ ਧਰਮਾਂ ਦਾ ਪ੍ਰਚਾਰ ਅਤੇ ਪ੍ਰਸਾਰ ਭਰਪੂਰਤਾ ਨਾਲ ਹੋਇਆ ਪਰ ਜਹਾਂਗੀਰ ਨੂੰ ਗੱਦੀ ਦਿਵਾਉਣ ਸਮੇਂ ਨਕਸ਼ਬੰਦੀ ਸਿਲਸਿਲੇ ਦੇ ਸ਼ੇਖ ਅਹਿਮਦ ਬਿਨ ਸਰਹੰਦੀ ਉਰਫ਼ ਮੁਜੱਦਦ ਅਲਫ਼ ਸਾਨੀ ਨੇ ਅਕਬਰ ਦੀ ਇਸ ਨੀਤੀ ਨੂੰ ਰੱਦ ਕਰਕੇ ਤਲਵਾਰ ਦੇ ਜ਼ੋਰ ਨਾਲ ਇਸਲਾਮੀ ਮਾਨਤਾਵਾਂ ਦੀ ਸਥਾਪਤੀ ਦੀ ਸ਼ਰਤ ਰੱਖੀ ਸੀ। ਇਸ ਸ਼ਰਤ ਦੀ ਵਜ੍ਹਾ ਕਰਕੇ ਜਹਾਂਗੀਰ ਬਾਕੀ ਧਰਮਾਂ ਵਿਸ਼ੇਸ਼ ਕਰਕੇ ਸਿੱਖ ਮੱਤ ਪ੍ਰਤੀ ਵੈਰ ਭਾਵ ਰੱਖਣ ਲੱਗਾ।

ਪ੍ਰਿਥੀ ਚੰਦ ਦੀ ਵਿਰੋਧਤਾ ਗੁਰੂ ਅਰਜਨ ਦੇਵ ਜੀ ਦੇ ਵੱਕਾਰ ਦੇ ਨਾਲ-ਨਾਲ ਵਧ ਰਹੀ ਸੀ। ਉਸਦੀ ਨੇੜਤਾ ਸੁਲਹੀ ਖ਼ਾਂ ਅਤੇ ਬੀਰਬਲ ਦੋਹਾਂ ਨਾਲ ਸੀ, ਇਤਿਹਾਸ ਇਸ ਗੱਲ ਦਾ ਗਵਾਹ ਹੈ। ਇਕ ਪਾਸੇ ਗੁਰੂ ਅਰਜਨ ਦੇਵ ਜੀ ਖਿਲਾਫ ਸਾਜ਼ਿਸ਼ਾਂ ਦਾ ਦੌਰ ਜਾਰੀ ਸੀ ਦੂਸਰੇ ਪਾਸੇ ਅੰਮ੍ਰਿਤਸਰ ਅਗੰਮੀ ਆਨੰਦ ਅਤੇ ਗੁਰਮਤਿ ਪ੍ਰਚਾਰ ਦੇ ਕੇਂਦਰ ਵਜੋਂ ਪੂਰੇ ਤਰੀਕੇ ਨਾਲ ਵਿਕਸਿਤ ਹੋ ਰਿਹਾ ਸੀ। ਗੁਰੂ ਸਾਹਿਬ ਨੇ ਸਾਧਾਰਨ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅਨੇਕਾਂ ਯਤਨ ਕੀਤੇ ਜਿਨ੍ਹਾਂ ਵਿਚ ਖੂਹ ਅਤੇ ਬਾਉਲੀਆਂ ਦੀ ਖੁਦਵਾਈ ਅਤੇ ਧਰਮਸ਼ਾਲਾਵਾਂ ਦਾ ਨਿਰਮਾਣ ਪ੍ਰਮੁੱਖ ਹਨ। ਉਨ੍ਹਾਂ ਨੇ ਸਿੱਖਾਂ ਨੂੰ ਵਪਾਰਕ ਤੌਰ ‘ਤੇ ਸਮਰਿਧ ਫਿਰਕਾ ਬਣਾਉਣ ਲਈ ਘੋੜਿਆਂ ਦੇ ਵਪਾਰ ਨਾਲ ਜੋੜਿਆ। ਅੰਗਰੇਜ਼ੀ ਵਿਦਵਾਨ ਟਰੰਪ ਇਸ ਮੱਤ ਦੀ ਸ਼ਾਹਦੀ ਭਰਦਾ ਹੈ ਕਿ ਗੁਰੂ ਅਰਜਨ ਦੇਵ ਜੀ ਵੇਲੇ ਸਿੱਖਾਂ ਦਾ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਚੱਲਦਾ ਸੀ। ਇਨ੍ਹਾਂ ਯਤਨਾਂ ਕਰਕੇ ਹੀ 1598 ਵਿਚ ਬਾਦਸ਼ਾਹ ਅਕਬਰ ਗੁਰੂ ਅਰਜਨ ਸਾਹਿਬ ਨੂੰ ਮਿਲਣ ਲਈ ਆਇਆ। ਅਧਿਆਤਮਕ ਆਗੂ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਉੱਚ-ਕੋਟੀ ਦੇ ਕਵੀ ਅਤੇ ਕਲਪਨਾਸ਼ੀਲ ਵਿਅਕਤੀ ਸਨ। ਇਹੀ ਕਾਰਨ ਹੈ ਕਿ ਆਦਿ ਗ੍ਰੰਥ ਵਿਚ ਬਿਨਾਂ ਕਿਸੇ ਧਾਰਮਿਕ ਜਾਂ ਸੰਪ੍ਰਦਾਇਕ ਦਵੈਤ ਤੋਂ ਭਾਰਤੀ ਕਵੀਆਂ ਨੂੰ ਸ਼ਾਮਿਲ ਕੀਤਾ ਗਿਆ। ਕਿਤੇ ਨਾ ਕਿਤੇ ਇਹ ਸਾਰੇ ਤੱਥ ਮੁਗ਼ਲ ਸਲਤਨਤ ਲਈ ਖ਼ਤਰੇ ਦੀ ਘੰਟੀ ਬਣ ਰਹੇ ਸਨ। ਤੁਜ਼ਕੇ-ਜਹਾਂਗੀਰੀ ਵਿਚ ਬਾਦਸ਼ਾਹ ਜਹਾਂਗੀਰ ਇਸ ਖ਼ਤਰੇ ਨੂੰ ਮਹਿਸੂਸ ਕਰਦਾ ਸਮਾਜ ਨੂੰ ਇਕਮੁੱਠ ਕਰਨ ਵਾਲੀ ਗੁਰੂ ਸਾਹਿਬ ਦੀ ਕੋਸ਼ਿਸ਼ ਖਿਲਾਫ ਆਪਣੀ ਨਫ਼ਰਤ ਪ੍ਰਗਟ ਕਰਦਾ ਹੈ। ਇਸਦੇ ਨਾਲ ਸ਼ਹਿਜ਼ਾਦਾ ਖੁਸਰੋ ਵਾਲੀ ਘਟਨਾ ਅਜਿਹਾ ਤਤਕਾਲੀ ਪ੍ਰਭਾਵ ਸੀ ਜਿਸ ਕਾਰਨ ਗੁਰੂ ਅਰਜਨ ਦੇਵ ਜੀ ਪ੍ਰਤੀ ਦਰਬਾਰੀ ਨਫ਼ਰਤ ਆਪਣੇ ਸਿਖਰ ‘ਤੇ ਪਹੁੰਚ ਗਈ। ਸ਼ਹਿਜ਼ਾਦਾ ਖੁਸਰੋ ਮੁਗ਼ਲ ਦਰਬਾਰ ਖਿਲਾਫ ਬਗ਼ਾਵਤ ਕਰਕੇ ਉੱਤਰੀ ਭਾਰਤ ਦੇ ਦੌਰੇ ਦੌਰਾਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਆਇਆ। ਗੁਰੂ ਸਾਹਿਬ ਨੇ ਸਿੱਖੀ ਦੀ ਸਦਭਾਵੀ ਪ੍ਰੰਪਰਾ ਤਹਿਤ ਖੁਸਰੋ ਨੂੰ ਜਲ-ਪਾਣੀ ਛਕਾਇਆ। ਇਸ ਘਟਨਾ ਨੂੰ ਮੁਗ਼ਲ ਦਰਬਾਰ ਵਿਚ ਬਾਗ਼ੀ ਨੂੰ ਪਨਾਹ ਦੇਣ ਦੇ ਕਾਂਡ ਵਜੋਂ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਦੀ ਗ੍ਰਿਫਤਾਰੀ ਦੀ ਵੱਡੀ ਵਜ੍ਹਾ ਇਹੀ ਘਟਨਾ ਸੀ।

ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਗੁਰਮਤਿ ਦਾ ਦੋਖੀ ਚੰਦੂ ਸ਼ਾਹ ਉਨ੍ਹਾਂ ਦੀ ਸ਼ਹਾਦਤ ਦਾ ਵੱਡਾ ਕਰਨ ਬਣਿਆ। ਉਸਨੇ ਲਗਾਤਾਰ ਮੁਗ਼ਲ ਬਾਦਸ਼ਾਹ ਦੇ ਕੰਨ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਭਰੇ ਹੋਏ ਸਨ ਅਤੇ ਉਹ ਆਪਣੀ ਨਿੱਜੀ ਰੰਜਿਸ਼ ਤਹਿਤ ਗੁਰੂ ਅਰਜਨ ਦੇਵ ਜੀ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਲੰਮੇ ਸਮੇਂ ਤੋਂ ਇਛੁੱਕ ਸੀ। ਕੁੱਝ ਇਤਿਹਾਸਕਾਰ ਇਸ ਗੱਲ ਦੇ ਹਮਾਇਤੀ ਹਨ ਕਿ ਗੁਰੂ ਸਾਹਿਬ ਨੂੰ ਬੜੀ ਵੱਡੀ ਰਕਮ ਜ਼ੁਰਮਾਨੇ ਦੇ ਤੌਰ ‘ਤੇ ਅਦਾ ਕਰਨ ਦਾ ਸ਼ਾਹੀ ਹੁਕਮ ਹੋਇਆ ਪਰ ਗੁਰੂ ਅਰਜਨ ਦੇਵ ਜੀ ਨੇ ਇਹ ਜੁਰਮਾਨਾ ਅਦਾ ਕਰਨ ਤੋਂ ਸਾਫ ਨਾਂਹ ਕਰ ਦਿੱਤੀ। ਉਨ੍ਹਾਂ ਖੁਦ ਨੂੰ ਨਾਮ ਦੇ ਕਾਰਿੰਦੇ ਦੇ ਤੌਰ ‘ਤੇ ਪੇਸ਼ ਕੀਤਾ ਜਿਹੜਾ ਸੰਸਾਰਕ ਪਦਾਰਥਾਂ ਜਾਂ ਮਾਇਆ ਨੂੰ ਇਕੱਤਰ ਨਹੀਂ ਕਰਦਾ ਸੀ। ਚੰਦੂ ਨੇ ਦਸਵੰਧ ਦੀਆਂ ਵੱਡੀਆਂ ਸਲਾਨਾ ਰਕਮਾਂ ਦਾ ਹਵਾਲਾ ਬਾਦਸ਼ਾਹ ਨੂੰ ਦਿੱਤਾ ਜਿਸ ਨੂੰ ਗੁਰੂ ਸਾਹਿਬ ਨੇ ‘ਸੰਗਤ ਦੀ ਮਾਇਆ ਸੰਗਤ ਲਈ’ ਕਿਹਾ। ਨਤੀਜਨ ਅਸਹਿ ਅਤੇ ਅਕਹਿ ਤਸੀਹਿਆਂ ਦਾ ਦੌਰ ਆਰੰਭ ਹੋਇਆ। 42 ਸਾਲ ਦੀ ਉਮਰ ਵਿਚ 25 ਸਾਲ ਦੀ ਗੁਰਿਆਈ ਨਿਭਾ ਕੇ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ‘ਤੇਰਾ ਕੀਆ ਮੀਠਾ ਲਾਗੈ’ ਕਹਿੰਦੇ ਹੋਏ ਕੁਰਬਾਨੀ ਦੀ ਵਚਿੱਤਰ ਮਿਸਾਲ ਕਾਇਮ ਕਰਦੇ ਹੋਏ ਸਿੱਖੀ ਦਰਸ਼ਨ ਵਿਚ ਸੱਚ ਅਤੇ ਸ਼ਹਾਦਤ ਦਾ ਸੁਨਹਿਰਾ ਪੰਨਾ ਜੋੜ ਗਏ।

ਸਮਕਾਲ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਈ ਪੱਖਾਂ ਤੋਂ ਸਿਰਫ ਸਿੱਖੀ ਲਈ ਹੀ ਨਹੀਂ ਸਗੋ ਸਮੁੱਚੀ ਮਾਨਵਤਾ ਲਈ ਪ੍ਰੇਰਨਾਦਾਇਕ ਪ੍ਰਸੰਗ ਹੈ। ਗੁਰੂ ਸਾਹਿਬ ਨੇ ਜ਼ੁਲਮ, ਜਬਰ ਅਤੇ ਸਾਜ਼ਿਸ਼ ਸਾਹਮਣੇ ਸਿਦਕ ਅਤੇ ਅਡੋਲਤਾ ਦੀ ਤਾਕਤ ਨੂੰ ਸਾਬਿਤ ਕੀਤਾ। ਉਨ੍ਹਾਂ ਦੀ ਸ਼ਹਾਦਤ ਤੋਂ ਪੈਦਾ ਹੋਏ ਬੀਜ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ-ਪੀਰੀ ਸੰਕਲਪ ਰਾਹੀਂ ਅਤੇ ਬਾਅਦ ਵਿਚ ਦਸਮ ਗੁਰੂ ਸਮੇਂ ਖ਼ਾਲਸੇ ਦੀ ਸਿਰਜਣਾ ਰਾਹੀਂ ਸ਼ਸ਼ਤਰ ਅਤੇ ਸ਼ਾਸਤਰ ਦਾ ਸੁਮੇਲ ਸਥਾਪਿਤ ਕਰਨ ਵਿਚ ਸਫਲ ਰਹੇ। ਸਿਰਫ ਸਿੱਖ ਇਤਿਹਾਸ ਵਿਚ ਹੀ ਨਹੀਂ ਸਗੋ ਦੁਨੀਆਂ ਦੇ ਇਤਹਾਸ ਵਿਚ ਅਜਿਹੀ ਸ਼ਹਾਦਤ ਦੀ ਮਿਸਾਲ ਦੁਰਲੱਭ ਹੈ।

ਗੁਰੂ ਅਰਜਨ ਦੇਵ ਜੀ ਦੀ ਅਜਰ ਅਤੇ ਅਸਹਿ ਸ਼ਹੀਦੀ ਬਾਰੇ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੀ ਅਡੋਲ, ਸ਼ਾˆਤ, ਬ੍ਰਹਮ ਗਿਆਨ, ਸਿਦਕ, ਭਰੋਸੇ ਅਤੇ ਪ੍ਰਭੂ-ਹੁਕਮ ਮੰਨਣ ਵਾਲੀ ਮਹਾਨ ਸ਼ਖਸੀਅਤ ਦਾ ਵਰਣਨ ਇਸ ਪ੍ਰਕਾਰ ਕੀਤਾ ਹੈ :

ਰਹਿੰਦੇ ਗੁਰ ਦਰੀਅਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ ॥
ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ॥
ਗੁਰ ਉਪਦੇਸ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ॥
ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਜ ਸਮਾਧਿ ਸਾਧ ਸੰਗਿ ਜਾਣੀ॥
ਗੁਰ ਅਰਜਨ ਵਿਟਹੁ ਕੁਰਬਾਣੀ॥
ਵਾਰ 24 (ਪਉੜੀ 23)

-ਉਪ ਕੁਲਪਤੀ,
ਗੁਰੂ ਕਾਸ਼ੀ ਯੂਨੀਵਰਸਿਟੀ,
ਤਲਵੰਡੀ ਸਾਬੋ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>